ਸੀ. ਕਲਾਰਕ ਕਸਿੰਗਰ
ਅਨੁਵਾਦਕ: ਪਰਮਜੀਤ ਰੋਡੇ
ਫੋਨ: 737 274 2370
ਸੀ ਕਲਾਰਕ ਕਸਿੰਗਰ, 1960ਵਿਆਂ ਦੇ ਮੁੱਢ ਤੋਂ ਹੀ ਇਕ ਵਧੀਆ ਪ੍ਰਬੰਧਕ, ਕਾਰਕੁਨ, ਲੇਖਕ ਅਤੇ ਬੁਲਾਰੇ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸੱਠਵਿਆਂ ਦੇ ਮੁੱਢ ‘ਚ ਉਹ ‘ਸਟੂਡੈਂਟਸ ਫਾਰ ਡੈਮੋਕਰੇਸੀ’ (SDS) ਦਾ ਕੌਮੀ ਸਕੱਤਰ ਸੀ ਅਤੇ ਵੀਅਤਨਾਮ ਦੀ ਜੰਗ ਦੇ ਖ਼ਾਤਮੇ ਲਈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ‘ਚ ਉਸਨੇ ਪਹਿਲਾ ਮਾਰਚ ਜੱਥੇਬੰਦ ਕੀਤਾ ਸੀ। ਉਹ ਇਕ ਕਮਿਊਨਿਸਟ ਇਨਕਲਾਬੀ ਹੈ ਅਤੇ ਇਨਕਲਾਬੀ ਲੀਡਰ ਬਾਬ ਅਵੇਕੀਅਨ ਦੁਆਰਾ ਵਿਕਸਤ ‘ਨਿਊ ਕਮਿਊਨਿਜ਼ਮ’ ਦਾ ਸਮਰਥਕ ਹੈ। ਅੰਤਰਰਾਸ਼ਟਰੀ ਕਮਿਊਨਿਸਟ ਇਨਕਲਾਬੀ ਲਹਿਰ ਬਾਰੇ ਉਸ ਨੇ ਇੱਕ ਲੰਬਾ ਲੇਖ ਲਿਖਿਆ ਹੈ, ਜਿਸ ਦੇ ਤਿੰਨ ਭਾਗ ਹਨ। ਉਨ੍ਹਾਂ `ਚੋਂ ਬਾਬ ਅਵੇਕੀਅਨ ਦੇ ‘ਨਿਊ ਕਮਿਊਨਿਜ਼ਮ’ ਨਾਲ ਸੰਬੰਧਿਤ ਭਾਗ ਦਾ ਅਨੁਵਾਦ ਕਰਕੇ ਮੈਂ ਖੁਸ਼ੀ ਲੈ ਰਿਹਾ ਹਾਂ। —-ਪਰਮਜੀਤ ਰੋਡੇ
—–
ਬਹੁਤ ਹੀ ਮਹੱਤਵਪੂਰਨ ਚੀਜ਼ ਜੋ ਸੱਠਵਿਆਂ ਤੋਂ ਚੱਲੀ ਆ ਰਹੀ ਹੈ, ਉਹ ਹੈ ਬਾਬ ਅਵੇਕੀਅਨ ਦਾ ‘ਨਵਾਂ ਕਮਿਊਨਿਜ਼ਮ’ ਅਵੇਕੀਅਨ, ਮਨੁੱਖਤਾ ਦੀ ਮੁਕਤੀ ਲਈ ਫਰੇਮਵਰਕ ਦਾ ਘਾੜਾ ਹੈ ਅਤੇ ਬਿਨਾਂ ਸ਼ੱਕ ਸਾਡੇ ਸਮੇਂ ਦਾ ਕਾਰਲ ਮਾਰਕਸ ਹੈ। ਸੋਵੀਅਤ ਯੂਨੀਅਨ ਅਤੇ ਚੀਨ ‘ਚ ਸਮਾਜਵਾਦ ਦੀ ਹਾਰ ਨੇ ‘ਸੱਠਵਿਆਂ ਦੇ ਲੋਕਾਂ ਸਾਹਵੇਂ ਇੱਕ ਵੱਡਾ ਮੁੱਦਾ ਉਭਾਰਿਆ, ਪਰੰਤੂ ਬਾਬ ਅਵੇਕੀਅਨ ਨੇ ਸਰਮਾਏਦਾਰੀ ਦੇ ਪ੍ਰਚਾਰਕਾਂ ਦੇ ਜੇਤੂ ਦਾਅਵਿਆਂ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਰੂਸ ਅਤੇ ਚੀਨ ਦੇ ਇਨਕਲਾਬਾਂ ਦੀਆਂ ਬੇਪਨਾਹ ਪ੍ਰਾਪਤੀਆਂ ਨੂੰ ਤਸਲੀਮ ਕਰਦਿਆਂ, ਇਸਦੀ ਪੜਤਾਲ ‘ਤੇ ਪੰਜਾਹ ਸਾਲ ਲਾਏ ਕਿ ਅਸਲ ‘ਚ ਵਾਪਰਿਆ ਕੀ? ਪਰੰਤੂ ਇਹ ਕਰਦਿਆਂ ਉਸਨੇ ਨਾ ਸਿਰਫ ਇਹ ਫਰੋਲਿਆ ਕਿ ਠੀਕ ਕੀ ਸੀ? ਪਰੰਤੂ ਇਹ ਵੀ ਕਿ ਗਲਤੀਆਂ (ਜਿਨ੍ਹਾਂ `ਚੋਂ ਕੁਝ ਗੰਭੀਰ ਵੀ ਸਨ) ਕਿਉਂ ਹੋਈਆਂ? ਉਸਨੇ ਇਹ ਵੀ ਧਿਆਨ ‘ਚ ਲਿਆਂਦਾ ਕਿ ਇਨ੍ਹਾਂ ਇਨਕਲਾਬੀ ਸਮਾਜਾਂ ਦੇ ਲੀਡਰਾਂ ਨੇ, ਉਨ੍ਹਾਂ ਨੂੰ ਦਰਪੇਸ਼ ਆਜ਼ਾਦੀਆਂ ਤੇ ਜ਼ਰੂਰਤਾਂ ਦੇ ਮਸਲੇ ਦਾ ਕਿਹੜੇ ਢੰਗ ਅਤੇ ਪਹੁੰਚ ਨਾਲ ਸਾਹਮਣਾ ਕੀਤਾ ਅਤੇ ਇਹ ਵੀ ਕਿ ਅੱਜ ਅਸੀਂ ਇਸ ਤੋਂ ਵਧੀਆ ਤੇ ਵੱਖਰਾ ਕਿਵੇਂ ਕਰ ਸਕਦੇ ਹਾਂ?
ਮੈਂ ਕੋਸ਼ਿਸ਼ ਕਰਾਂਗਾ ਕਿ ਅਵੇਕੀਅਨ ਦੀ ਅੰਤਰ-ਦ੍ਰਿਸ਼ਟੀ ਅਤੇ ਉਸ ਵਲੋਂ ਕੱਢੇ ਕੁਝ ਮਹੱਤਵਪੂਰਨ ਸਿਟਿਆਂ ਨੂੰ ਠੀਕ-ਠੀਕ ਪੇਸ਼ ਕਰ ਸਕਾਂ, ਪਰ ਕਿਸੇ ਨੂੰ ਵੀ ਮੇਰੇ ਨਿਰੀਖਣ ਨੂੰ ‘ਅਧਿਕਾਰਤ’ ਹੋਣ ਵਜੋਂ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਨਿਰੀਖਣ ਅਵੇਕੀਅਨ ਦੀਆਂ ਲਿਖਤਾਂ ਨੂੰ ਖੁLਦ ਪੜ੍ਹਨ ਦੀ ਥਾਂ ਨਹੀਂ ਲੈ ਸਕਦਾ।
ਅਵੇਕੀਅਨ ਨੇ ਜੋ ਖਾਸ ਗੱਲ ਕਹੀ ਉਹ ਹੈ ਵਿਗਿਆਨਕ ਹੋਣ ‘ਚ ਰਹੀ ਘਾਟ ਤੇ ਅਸਫਲਤਾ! ਵਿਗਿਆਨਕ ਤੋਂ ਭਾਵ ਕਿਸੇ ਦੇ ਵਿਚਾਰਾਂ ਦਾ ਇੱਛਾਵਾਦੀ ਹੋਣ ਦੀ ਥਾਂ ਹਕੀਕਤਾਂ ਨਾਲ ਮੇਲ ਖਾਂਦਾ ਤੋਂ ਹੈ! ਉਸ ਮੁਤਾਬਕ ਵੀਹਵੀਂ ਸਦੀ ਦਾ ਕਮਿਊਨਿਜ਼ਮ (ਪੁਰਾਣਾ ਕਮਿਊਨਿਜ਼ਮ) ਅਕਸਰ ਹੀ ਧਾਰਮਿਕ ਪਹੁੰਚ ‘ਚ ਫਸਿਆ ਰਿਹਾ ਅਤੇ ਉਸਨੇ ਵਿਸ਼ਵਾਸਾਂ ਨੂੰ ਹੀ ਹਕੀਕਤ ਦਾ ਬਦਲ ਮੰਨ ਲਿਆ! ਇਸਦੀ ਇੱਕ ਮਾਰੂ ਉਦਾਹਰਣ; ਉਨ੍ਹਾਂ ਦਾ ਇਹ ਅੰਤਮ-ਉਦੇਸ਼ੀ ਦਾਅਵਾ ਸੀ ਕਿ ਕਮਿਊਨਿਜ਼ਮ ਅਟੱਲ ਹੈ! ਜਦੋਂ ਕਿ ਕਮਿਊਨਿਜ਼ਮ ਅਟੱਲ ਨਹੀਂ, ਸੰਭਵ ਹੈ, ਕਿਉਂਕਿ ਇਸ ਸੰਭਾਵਨਾ ਦਾ ਪਦਾਰਥਕ ਅਧਾਰ ਮੌਜੂਦ ਹੈ, ਪਰ ਇਹ ਅਟੱਲ ਨਹੀਂ।
ਅਵੇਕੀਅਨ ਦੀਆਂ ਲਿਖਤਾਂ ‘ਚ ਜੀਹਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਹੈ ਸੋਸ਼ਲਿਜ਼ਮ ਬਾਰੇ ਉਸਦਾ ਸੰਕਲਪ! ਅੱਜ-ਕਲ੍ਹ ਬਹੁਤੇ ਲੋਕ ਸੋਚਦੇ ਹਨ ਕਿ ਸਮਾਜਵਾਦੀ ਰਾਜ ਇਕ ਰਲੀ-ਮਿਲੀ ਆਰਥਿਕਤਾ ਹੁੰਦੀ ਹੈ, ਜੀਹਦੇ ‘ਚ ਸਰਮਾਏਦਾਰੀ ਨੂੰ, ਨੁਮਾਇੰਦਾ-ਜਮਹੂਰੀਅਤ ਦੀ ਤਾਕਤ ਰਾਹੀਂ ਕਾਬੂ ਕੀਤਾ ਜਾਂਦਾ ਹੈ ਅਤੇ ਜੀਹਦੇ ‘ਚ ਰਾਜ, ਰਹਿਣ-ਸਹਿਣ ਦੇ ਮੁਢਲੇ ਮਿਆਰਾਂ ਅਤੇ ਹਰ ਇਕ ਲਈ ਡਾਕਟਰੀ ਸਹਾਇਤਾ ਵਗੈਰਾ ਦੀ ਗਰੰਟੀ ਕਰਦਾ ਹੈ। ਪਰ ਇਸ ਸੋਚ ਦੇ ਉਲਟ ਮਾਰਕਸ ਦੀ ਇਸ ਧਾਰਨਾ ‘ਤੇ ਅਧਾਰਤ ਕਿ ਸੋਸ਼ਲਿਜ਼ਮ ਪਰਿਵਰਤਨ ਦਾ ਸਮਾਂ ਹੁੰਦਾ ਹੈ, ਜੀਹਦੇ ‘ਚ ਸਰਮਾਏਦਾਰ ਜਮਾਤ ਦੀ ਡਿਕਟੇਟਰਸ਼ਿਪ ਨੂੰ ਜਾਇਦਾਦ-ਹੀਣ ਕਿਰਤੀ ਲੋਕਾਂ ਅਤੇ ਉਨ੍ਹਾਂ ਦੇ ਸੰਗੀਆਂ ਦੀ ਡਿਕਟੇਟਰਸ਼ਿਪ ‘ਚ ਤਬਦੀਲ ਕੀਤਾ ਜਾਂਦਾ ਹੈ। ਅਵੇਕੀਅਨ ਇਹ ਸਮਝ ਲੈ ਕੇ ਆਉਂਦਾ ਹੈ ਕਿ ਇਸ ਪਰਿਵਰਤਨ ਦਾ ਚੇਤੰਨ-ਟੀਚਾ, ਆਰਥਕਤਾ ਨੂੰ ਵਸਤੂ-ਬਜ਼ਾਰ ਦੀ ਥਾਂ ਸਮਾਜਿਕ ਲੋੜਾਂ ਦੁਆਰਾ ਨਿਯੰਤਰਿਤ ਕੀਤਾ ਜਾਣਾ ਹੁੰਦਾ ਹੈ।
ਇਨ੍ਹਾਂ ਟੀਚਿਆਂ ਦਾ ਇੱਕ ਹੋਰ ਢੰਗ ਨਾਲ ਚਿੱਤਰਨ ਕਰਦਿਆਂ ਮਾਰਕਸ ਨੇ ਕਿਹਾ ਸੀ: ਸਾਰੇ ਜਮਾਤੀ ਵਖਰੇਵਿਆਂ ਨੂੰ ਖਤਮ ਕਰਨਾ, ਉਨ੍ਹਾਂ ਸਾਰੇ ਪੈਦਾਵਾਰੀ ਸੰਬੰਧਾਂ ਨੂੰ ਖਤਮ ਕਰਨਾ ਜਿਨ੍ਹਾਂ ‘ਤੇ ਇਹ ਜਮਾਤੀ ਵਖਰੇਵੇਂ ਟਿਕੇ ਹੋਏ ਹਨ, ਉਨ੍ਹਾਂ ਸਾਰੇ ਸਮਾਜਿਕ ਸੰਬੰਧਾਂ ਨੂੰ ਖਤਮ ਕਰਨਾ ਜਿਹੜੇ ਇਨ੍ਹਾਂ ਪੈਦਾਵਾਰੀ ਰਿਸ਼ਤਿਆਂ ਦੇ ਅਨੁਸਾਰੀ ਹੁੰਦੇ ਹਨ, ਅਤੇ ਉਨ੍ਹਾਂ ਸਾਰੇ ਵਿਚਾਰਾਂ ਦਾ ਇਨਕਲਾਬੀਕਰਨ ਕਰਨਾ, ਜਿਹੜੇ ਉਨ੍ਹਾਂ ਸਮਾਜਿਕ ਰਿਸ਼ਤਿਆਂ ਦੇ ਅਨੁਸਾਰੀ ਹੁੰਦੇ ਹਨ।
ਬਾਬ ਅਵੇਕੀਅਨ ਮੁਤਾਬਕ ਲੋਕਾਈ ਲਈ ਇਸ ਸਮਝ ਨੂੰ ਸਮਝਣ ‘ਚ ਵੱਡੀ ਰੁਕਾਵਟ, ਪੁਰਾਣੇ ਕਮਿਊਨਿਜ਼ਮ ਵਲੋਂ ਅਲੋਚਨਾਤਮਕ ਸੋਚ ਨੂੰ ਵਾਰ-ਵਾਰ ਦਬਾਉਣਾ ਸੀ। ਇਸ ਦੇ ਉਲਟ ਉਸ ਮੁਤਾਬਕ, ਸਮਾਜਵਾਦੀ ਸਮਾਜ ‘ਚ ਲੋਕਾਂ ਕੋਲ ਅਸਹਿਮਤੀ ਜਤਾਉਣ ਦਾ ਵਸੀਲਾ ਤੇ ਸੁਖਾਵਾਂ ਮਾਹੌਲ ਹੋਣਾ ਚਾਹੀਦਾ ਹੈ। ਸਰਮਾਏਦਾਰੀ ਦੀ ਬਹਾਲੀ ਲਈ ਹੋ ਰਹੀਆਂ ਹਿੰਸਕ ਕਾਰਵਾਈਆਂ ਦੇ ਵਿਰੁੱਧ ਸਮਾਜਵਾਦੀ ਰਾਜ ਦੀ ਤਾਕਤ ਬਣਾਈ ਰੱਖਣ ਲਈ, ਮਜ਼ਬੂਤ ਕੇਂਦਰ ਵਾਲਾ ਪਰ ਬਹੁਤ ਹੀ ਲਚਕੀਲੀ ਪਹੁੰਚ ਵਾਲਾ ਨਵਾਂ ਸਮਾਜਵਾਦੀ ਰਾਜ ਹੋਣਾ ਚਾਹੀਦਾ ਹੈ। ਕਮਿਊਨਿਸਟ ਸੱਚ ਤੋਂ ਕਦੇ ਵੀ ਨਹੀਂ ਡਰਦੇ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਸਹਿਮਤੀ ਨੂੰ ਉਤਸ਼ਾਹਿਤ ਕਰਨ ਕਿਉਂਕਿ ਸਾਰਾ ਸੱਚ ਇੱਥੋਂ ਹੀ ਮਿਲਦਾ ਹੈ।
ਅਵੇਕੀਅਨ ਧਿਆਨ ‘ਚ ਲਿਆਉਂਦਾ ਹੈ ਕਿ ਲੋਕਾਂ ਅਤੇ ਸਮਾਜਵਾਦੀ ਸਟੇਟ ‘ਚ ਵਿਰੋਧਤਾਈਆਂ ਪੈਦਾ ਹੋ ਸਕਦੀਆਂ ਹਨ। ਉਸ ਮੁਤਾਬਕ ਜਦੋਂ ਸਮਾਜਵਾਦੀ ਸਟੇਟ ਨੇ ਲੋਕਾਂ ਨੂੰ ਬਾਹਰਲੇ ਦੁਸ਼ਮਣਾਂ ਅਤੇ ਸਰਮਾਏਦਾਰੀ ਦੀ ਬਹਾਲੀ ਤੋਂ ਬਚਾਉਣਾ ਹੈ, ਤਾਂ ਉਸੇ ਸਮੇਂ ਉਸਨੇ ਲੋਕਾਂ ਦੇ ਅਧਿਕਾਰਾਂ ਨੂੰ ਖ਼ੁਦ ਸਟੇਟ ਤੋਂ ਵੀ ਸੁਰੱਖਿਅਤ ਰੱਖਣਾ ਹੁੰਦਾ ਹੈ। ਅਵੇਕੀਅਨ ਦੀ ਵਿਸ਼ੇਸ਼ ਮਹੱਤਤਾ ਉਸ ਦੇ ਇਸ ਗੱਲ ‘ਤੇ ਜ਼ੋਰ ਦੇਣ ‘ਚ ਹੈ ਕਿ ਕਮਿਊਨਿਸਟਾਂ ਨੂੰ ਸਟੇਟ ਦੀ ਅਗਵਾਈ ਮੁੱਖ ਤੌਰ ‘ਤੇ ਵਿਚਾਰਧਾਰਾ ਅਤੇ ਸਿਆਸੀ ਪ੍ਰਭਾਵ ਰਾਹੀਂ ਕਰਨੀ ਚਾਹੀਦੀ ਹੈ, ਨਾ ਕਿ ਜੱਥੇਬੰਦਕ ਕੰਟਰੋਲ ਰਾਹੀਂ! ਕਮਿਊਨਿਸਟ ਪਾਰਟੀ ਹਰ ਹਾਲ ‘ਚ ਕਾਨੂੰਨ ਅਤੇ ਸੋਸ਼ਲਿਸਟ ਸਟੇਟ ਦੇ ਸੰਵਿਧਾਨ ਦੇ ਅਧੀਨ ਹੈ, ਅਤੇ ਉਨ੍ਹਾਂ ਨੂੰ ਸਿਰਫ ਇਸ ਕਰਕੇ ਵਿਸ਼ੇਸ਼ ਅਧਿਕਾਰ ਨਹੀਂ ਮਿਲ ਜਾਂਦੇ ਕਿ ਉਹ ਤਾਂ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ।
ਵਿਸ਼ੇਸ਼ ਤੌਰ ‘ਤੇ, ਅਵੇਕੀਅਨ ਲੋਕਾਂ ਵੱਲੋਂ ਸਟੇਟ ਦੀ ਅਲੋਚਨਾ ਕਰਨ ਦੇ ਅਧਿਕਾਰ ਅਤੇ ਇੱਥੋਂ ਤਕ ਕਿ ਸਰਮਾਏਦਾਰੀ ਦੀ ਬਹਾਲੀ ਦੇ ਅਧਿਕਾਰ ਦੀ ਹੀ ਗੱਲ ਨਹੀਂ ਕਰਦਾ, ਉਹ ਤਾਂ ਇਸ ਤੋਂ ਵੀ ਅੱਗੇ ਸਟੇਟ ਵਲੋਂ ਉਨ੍ਹਾਂ ਲੋਕਾਂ ਨੂੰ, ਜੋ ਉਸਦੀ ਅਲੋਚਨਾ ਕਰਦੇ ਹਨ ਅਤੇ ਜਿਨ੍ਹਾਂ ‘ਤੇ ਸਟੇਟ ਵੱਲੋਂ ਮੁਕੱਦਮਾ ਚਲਾਇਆ ਜਾਂਦਾ ਹੈ, ਦੀ ਵੀ ਉਸ ਹੱਦ ਤਕ ਵਿੱਤੀ ਸਹਾਇਤਾ ਦੇਣ ਦੀ ਮੰਗ ਕਰਦਾ ਹੈ, ਜਿਸ ਹੱਦ ਤਕ ਸਟੇਟ ਵਲੋਂ ਮੁਕੱਦਮਾ ਚਲਾਉਣ ਵਾਲਿਆਂ ਦੀ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ। ਕਾਨੂੰਨੀ ਹੱਕਾਂ ਦੀ ਇਹ ਉਹ ਧਾਰਨਾ ਹੈ ਜੀਹਨੂੰ ਹੁਣ ਤੱਕ ਕਿਸੇ ਵੀ ਸਰਮਾਏਦਾਰ ਰਾਜ ਨੇ ਤਸਲੀਮ ਕਰਨ ਦੀ ਜੁਰਅਤ ਨਹੀਂ ਕੀਤੀ।
ਅਵੇਕੀਅਨ ਨੇ ਉਨ੍ਹਾਂ ਵਿਚਾਰਾਂ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ ਜੋ ਬਾਹਰਮੁਖੀ ਹੋਣ ਦੀ ਥਾਂ ਇਹ ਕਹਿੰਦੇ ਹਨ ਕਿ ਸੱਚ ਦਾ ਜਮਾਤੀ ਅਧਾਰ ਹੁੰਦਾ ਹੈ, ਅਤੇ ਕਿਰਤੀ ਤੇ ਦੱਬੇ-ਕੁਚਲੇ ਲੋਕ ਸਚਾਈ ‘ਤੇ ਸਿਰਫ ਇਸ ਕਰਕੇ ਵਿਸ਼ੇਸ਼ ਮਾਲਕੀ ਰੱਖਦੇ ਹਨ ਕਿਉਂਕਿ ਉਹ ਲੁੱਟੇ-ਪੁੱਟੇ ਤੇ ਦੱਬੇ-ਕੁਚਲੇ ਹਨ। ਉਸ ਅਨੁਸਾਰ ਇਹਦੇ ‘ਚੋਂ ਹੀ ਇਹ ਨੁਕਸਦਾਰ ਵਿਚਾਰ ਜਨਮ ਲੈਂਦਾ ਹੈ ਕਿ ਇਕ ਵਾਰ ਕਿਰਤੀ ਲੋਕਾਂ ਨੂੰ ਰਾਜਸੱਤਾ ਦੀ ਪੁਜ਼ੀਸ਼ਨ ਤੱਕ ਲੈ ਆਓ ਤਾਂ ਮਸਲੇ ਹੱਲ ਹੋ ਜਾਣਗੇ। ਹਾਲਾਂਕਿ ਗੈਰਜਮਾਤੀ ਸਮਾਜ ਤੱਕ ਪਹੁੰਚਣ ਵਾਸਤੇ, ਇਸ ਸਬੰਧੀ ਸਾਰੇ ਸਮਾਜ ਦੀ ਡੂੰਘੀ ਸਮਝ ਬਣਾਉਣ ਤੇ ਉਸਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਲੋੜ ਹੁੰਦੀ ਹੈ।
ਪੁਰਾਣੇ ਕਮਿਊਨਿਜ਼ਮ ਦੇ ਵਿਸ਼ਲੇਸ਼ਣ ਦੀ ਇੱਕ ਹੋਰ ਨੁਕਸਦਾਰ ਉਦਾਹਰਣ ਇਹ ਵਿਚਾਰ ਹੈ ਕਿ ਕਮਿਊਨਿਜ਼ਮ ਦਾ ਅਧਾਰ ‘ਪਦਾਰਥਕ ਬਹੁਲਤਾ’ ਹੁੰਦਾ ਹੈ। ਉਸ ਮੁਤਾਬਕ ਇਸ ਵਿਚਾਰ ‘ਚੋਂ ਹੀ ਇਹ ਗ਼ਲਤ ਵਿਚਾਰ ਸਾਹਮਣੇ ਆਉਂਦਾ ਹੈ ਕਿ ਸਮਾਜਵਾਦੀ ਰਾਜ ਸਿਰਫ ‘ਕਮਿਊਨਿਜ਼ਮ ਲਈ ਰਾਹ ਤਿਆਰ ਕਰਦਾ ਹੈ।’ ਇਹ ਠੀਕ ਹੈ ਕਿ ਕਮਿਊਨਿਸਟ ਆਰਥਿਕਤਾ ਲਈ ਇਕ ਪੱਧਰ ਤੱਕ ਬਹੁਲਤਾ ਦੀ ਲੋੜ ਹੈ ਪਰ ਮੁੱਖ ਲੋੜ ਲੋਕਾਂ ਦੀ ਸੋਚ ਅਤੇ ਸਮਾਜਿਕ ਸੰਬੰਧਾਂ ‘ਚ ਤਬਦੀਲੀ ਹੁੰਦੀ ਹੈ, ਨਾ ਕਿ ਇਹ, ਕਿ ਆਲੇ-ਦੁਆਲੇ ਕਿੰਨੀ ਪਦਾਰਥਿਕ ਦੌਲਤ ਮੌਜੂਦ ਹੈ।
ਕੌਮਾਂਤਰੀਵਾਦ ਦੇ ਮਾਮਲੇ ‘ਚ ਵੀ ਪੁਰਾਣਾ ਕਮਿਊਨਿਜ਼ਮ ਸਦਾ ਹੀ ਠੀਕ ਨਹੀਂ ਰਿਹਾ। ਕਮਿਊਨਿਸਟ ਇਨਕਲਾਬ ਦਾ ਨਿਸ਼ਾਨਾ ਸਿਰਫ਼ ਸਬੰਧਤ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਸੁਧਾਰਨਾ ਹੀ ਨਹੀਂ ਹੁੰਦਾ, ਪ੍ਰੰਤੂ ਸਰਮਾਏ ਦੀਆਂ ਬੇੜੀਆਂ ਤੋਂ ਮਨੁੱਖਤਾ ਦੀ ਵਿਸ਼ਪਵਿਆਪੀ ਮੁਕਤੀ ਵੀ ਹੁੰਦਾ ਹੈ। ਜਿਵੇਂ ਕਿ ਅਵੇਕੀਅਨ ਨੇ ਧਿਆਨ ‘ਚ ਲਿਆਂਦਾ ਹੈ ਕਿ ਕਮਿਊਨਿਸਟ ਦੇਸ਼ ਦਾ ਮੁੱਖ ਮਕਸਦ ਸੰਸਾਰ ਇਨਕਲਾਬ ਲਈ ਅਧਾਰ ਇਲਾਕੇ ਵਜੋਂ ਕੰਮ ਕਰਨਾ ਹੁੰਦਾ ਹੈ। ਪਰ ਬਹੁਤ ਵਾਰ ਹੋਇਆ ਇਹ ਕਿ ਕਮਿਊਨਿਸਟ ਲੀਡਰ ਰਾਸ਼ਟਰਵਾਦ ਮੂਹਰੇ ਝੁਕ ਗਏ ਅਤੇ ਉਨ੍ਹਾਂ ਨੇ ਆਪਣਾ ਧਿਆਨ ਆਪਣੇ ਦੇਸ਼ ਦੇ ਹਿਤਾਂ ‘ਤੇ ਹੀ ਕੇਂਦਰਿਤ ਕਰੀ ਰੱਖਿਆ।
ਹੋਰ ਤਾਂ ਹੋਰ, ਕਮਿਊਨਿਜ਼ਮ ਅਤੇ ਉੱਥੇ ਪਹੁੰਚਣ ਦੇ ਪੈਂਡੇ ਦੌਰਾਨ ਲੋੜੀਂਦੀ ਨੈਤਿਕ ਮਜ਼ਬੂਤੀ ਦੇ ਮਾਮਲੇ ‘ਚ ਵੀ ਅਸੀਂ ਅਸਫਲ ਹੋਏ ਹਾਂ। ਬਾਬ ਅਵੇਕੀਅਨ ਦਾ ਨਵਾਂ ਕਮਿਊਨਿਜ਼ਮ ਦ੍ਰਿੜ ਹੈ ਕਿ ਸਾਡੇ ਉਦੇਸ਼, ਇਹ ਤੈਅ ਨਹੀਂ ਕਰ ਸਕਦੇ ਕਿ ਇਸ ਦੀ ਪ੍ਰਾਪਤੀ ਲਈ ਜੋ ਮਰਜ਼ੀ ਢੰਗ-ਤਰੀਕਾ ਅਪਣਾਓ। ਇਸ ਅਧਾਰ ‘ਤੇ ਜੁਰਮ ਨਹੀਂ ਕੀਤੇ ਜਾ ਸਕਦੇ ਕਿ ਇਸ ਤਰ੍ਹਾਂ ਉਹ ਕਮਿਊਨਿਜ਼ਮ ਦੇ ਨੇੜ ਪਹੁੰਚ ਜਾਣਗੇ। ਸਗੋਂ, ਕਮਿਊਨਿਸਟਾਂ ਦੇ ਢੰਗ-ਤਰੀਕੇ ਸਦਾ ਹੀ ਕਮਿਊਨਿਜ਼ਮ ਦੇ ਉਦੇਸ਼ਾਂ ‘ਚੋਂ ਨਿਕਲਣੇ ਅਤੇ ਉਨ੍ਹਾਂ ਦੇ ਅਨੁਸਾਰੀ ਹੋਣੇ ਚਾਹੀਦੇ ਨੇ।
ਮਾਰਕਸ ਵਾਂਗ, ਅਵੇਕੀਅਨ ਵੀ ਤਾਜ਼ਾ ਘਟਨਾਵਾਂ ਬਾਰੇ ਚੋਟੀ ਦਾ ਟਿੱਪਣੀਕਾਰ ਅਤੇ ਅਨਮੋਲ ਰਾਹ ਦਰਸਾਵਾ ਹੈ। ਵਿਸ਼ੇਸ਼ ਕਰਕੇ, ਕ੍ਰਿਸਚੀਅਨ ਫਾਸ਼ੀਵਾਦ ਦੇ ਸਿਰ ਚੁੱਕਣ ਬਾਰੇ ਉਹ ਪਿਛਲੇ ਚਾਲੀ ਸਾਲ ਤੋਂ ਲਗਾਤਾਰ ਲਿਖਦਾ ਤੇ ਚੌਕਸ ਕਰਦਾ ਆ ਰਿਹਾ ਹੈ। (ਬਾਬ ਅਵੇਕੀਅਨ ਦੀਆਂ 1996 ਤੋਂ 2025 ਤੱਕ ਦੀਆਂ ਫਾਸ਼ਿਜ਼ਮ ਬਾਰੇ ਲਿਖਤਾਂ Revcom.us ਤੋਂ ਮਿਲ ਸਕਦੀਆਂ ਹਨ) ਸੋ, ਫਾਸ਼ਿਜ਼ਮ ਬਾਰੇ ਜਰਮਨ ਦੇ ਲੋਕ ਤਾਂ ਇਹ ਬਹਾਨਾ ਬਣਾ ਸਕਦੇ ਹੈ ਕਿ ‘ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਕੀ ਹੋਣ ਜਾ ਰਿਹਾ ਹੈ’ ਪਰ ਇਸ ਦੇਸ਼ (ਅਮਰੀਕਾ) ਦੇ ਲੋਕ ਇਹ ਬਹਾਨਾ ਨਹੀਂ ਬਣਾ ਸਕਦੇ।
ਇਸੀ ਸਮੇਂ, ਅਵੇਕੀਅਨ ਨੇ ਵਿਕਸਤ ਸਰਮਾਏਦਾਰ ਦੇਸ਼ਾਂ ਲਈ ਇਨਕਲਾਬ ਦੇ ਰਾਹ ਨੂੰ ਡੂੰਘੀ ਤਰ੍ਹਾਂ ਘੋਖਿਆ ਅਤੇ ਦੱਸਿਆ ਹੈ ਕਿ; ਲੋਕਾਂ ਦੇ ਵਧੀਆ ਇਰਾਦੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਜ਼ਰੂਰਤ ਦੀ ਤਾਕਤ ਦਾ ਵਧਾ ਕੇ ਅਤੇ ਇਸ ਜ਼ਰੂਰਤ ਨੂੰ ਬਦਲਣ ਲਈ ਮੌਜੂਦ ਅਜ਼ਾਦੀ ਦਾ ਅੰਦਾਜ਼ਾ ਘਟਾ ਕੇ ਲਾਉਣ ਵੱਲ ਮਾਰੂ ਝੁਕਾਅ, ਉਨ੍ਹਾਂ ਨੂੰ ਲਾਜ਼ਮੀ ਹੀ ਇਨਕਲਾਬ ਦੀਆਂ ਸੰਭਾਵਨਾਵਾਂ ਤੋਂ ਇਨਕਾਰੀ ਹੋਣ, ਜਾਂ ਫਿਰ ਦਰਸ਼ਕ ਬਣਨ ਤੇ ਇਨਕਲਾਬ ਦੀ ਉਡੀਕ ਕਰਨ ਵੱਲ ਲੈ ਜਾਵੇਗਾ। ਅਸਲ ‘ਚ ਲੋੜ ਇਹ ਹੈ ਕਿ ਮੌਜੂਦਾ ਸਮਾਜ ਦੀਆਂ ਦਰਾੜਾਂ ਦਾ ਠੀਕ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਠੋਸ ਟੀਚੇ ਨੂੰ ਮਨ ‘ਚ ਵਸਾਉਂਦਿਆਂ—ਇਸ ਦੀਆਂ ਸੰਭਾਵਨਾਵਾਂ ਅਤੇ ਇਸ ‘ਤੇ ਪੈਣ ਵਾਲੇ ਨਿਰੰਤਰ ਦਬਾਆਂ ਨੂੰ ਵੀ ਧਿਆਨ ‘ਚ ਰੱਖਦਿਆਂ —ਇਨਕਲਾਬੀ ਹਾਲਤ ਪੈਦਾ ਹੋਣ ਵੱਲ ਤੇਜ਼ੀ ਲਿਆਂਦੀ ਜਾਵੇ।
ਇਹ ਸਮਝਣਾ ਮਹੱਤਵਪੂਰਨ ਹੈ ਕਿ ਬਾਬ ਅਵੇਕੀਅਨ ਦੀਆਂ ਸਮੂਹ ਰਚਨਾਵਾਂ; ਮਾਰਕਸਵਾਦ ‘ਚ ਸਿਰਫ ਵਾਧਾ, ਸੁਧਾਰ ਜਾਂ ਉਸ ਨੂੰ ਲਾਗੂ ਕਰਨ ‘ਚ ਵਿਸ਼ੇਸ਼ਤਾ ਹੀ ਨਹੀਂ, ਸਗੋਂ ਜੇ ਇਸ ਦੀ ਮਾਰਕਸ ਵਲੋਂ ਮਾਰੀ ਉੱਚੀ ਛਾਲ ਨਾਲ ਤੁਲਨਾ ਕਰੀਏ ਤਾਂ ਇਹ ਇਕ ਵਿਗਿਆਨਕ ਸਿਫਤੀ ਛਾਲ ਹੈ। ਮਾਰਕਸ ਦੇ ਸਮੇਂ ਸਰਮਾਏਦਾਰੀ ਨੇ ਅਮਰੀਕਾ ਅਤੇ ਯੂਰਪ ਦੇ ਮੁੱਖ ਦੇਸ਼ਾਂ ‘ਚ ਆਪਣੀ ਤਾਕਤ ਪੱਕੇ-ਪੈਰੀਂ ਕਰ ਲਈ ਸੀ ਅਤੇ ਮੈਟਾਸਟੈਟਿਕ ਕੈਂਸਰ ਵਾਂਗ ਸੰਸਾਰ ਭਰ ‘ਚ ਫੈਲ ਰਿਹਾ ਸੀ। ਉਸ ਸਮੇਂ ਮਨੁੱਖਤਾ ਕੋਲ ਸੁਰੱਖਿਅਤ ਬੁਰਜੂਆ ਡੈਮੋਕਰੇਸੀ, ਸਿੰਡੀਕਲਿਜ਼ਮ, ਜਾਂ ਖਿਆਲੀ ਸੋਸ਼ਲਿਜ਼ਮ ਦੀਆਂ ਧਾਰਨਾਵਾਂ, ਜਿਸ ਦੀਆਂ ਜੜ੍ਹਾਂ ਅਕਸਰ ਹੀ ਧਰਮਾਂ ‘ਚ ਹੁੰਦੀਆਂ ਸਨ ਨਾਲ ਟੱਕਰ ਲੈਣ ਲਈ ਕੁਝ ਵੀ ਨਹੀਂ ਸੀ। ਮਾਰਕਸ ਨੇ ਸਰਮਾਏਦਾਰੀ ਪ੍ਰਬੰਧ ਅਤੇ ਇਸ ਨੂੰ ਖਤਮ ਕਰਨ ਲਈ ਲੋੜੀਂਦੀ ਵਿਗਿਆਨਕ ਵਿਆਖਿਆ ਰਾਹੀਂ ਇਸ ਸਭ ਨੂੰ ਕੁਝ ਨੂੰ ਬਦਲ ਕੇ ਰੱਖ ਦਿੱਤਾ।
ਅੱਜ ਜਦੋਂ ਵੀਹਵੀਂ ਸਦੀ ਦੇ ਮਹਾਨ ਇਨਕਲਾਬ ਫੇਲ੍ਹ ਹੋ ਚੁੱਕੇ ਹਨ, ਸਰਮਾਏਦਾਰੀ ਪੈਦਾਵਾਰ ਦਾ ਸੰਸਾਰੀਕਰਨ ਹੋ ਚੁੱਕਾ ਹੈ, ਸਾਡੇ ਗ੍ਰਹਿ (ਪਲਅਨੲਟ) `ਤੇ ਵਾਤਾਵਰਣੀ ਖ਼ਤਰਾ ਮੰਡਰਾ ਰਿਹਾ ਹੈ ਅਤੇ ਫਾਸ਼ੀਵਾਦੀ ਲਹਿਰਾਂ ਦਾ ਦੁਨੀਆ ਪੱਧਰ ‘ਤੇ ਪਸਾਰਾ ਹੋਇਆ ਪਿਆ ਹੈ ਤਾਂ ਇਸ ਸਮੇਂ, ਸਰਮਾਏਦਾਰੀ ਉਦਾਰਵਾਦ, ਸੋਸ਼ਲ- ਡੈਮੋਕਰੇਟਿਕ ਮਜ਼ਦੂਰ ਲਹਿਰ ਅਤੇ ਇੱਥੋਂ ਤਕ ਕਿ ਬੀਤੇ ਦੀ ਵਧੀਆ ਕਮਿਊਨਿਸਟ ਵਿਚਾਰਧਾਰਾ ਦੇ ਪੁਰਾਣੇ ਹਥਿਆਰ ਵੀ; ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਪੂਰੀ ਤਰ੍ਹਾਂ ਕਾਫੀ ਨਹੀਂ। ਇਸ ਨੁਕਤੇ ‘ਤੇ ਆ ਕੇ ਬਾਬ ਅਵੇਕੀਅਨ ਇਹ ਦੱਸਣ ਲਈ ਮੂਹਰੇ ਆਉਂਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ! ਅਵੇਕੀਅਨ ਨੇ ਮਨੁੱਖਤਾ ਨੂੰ ਅਗਲੀ ਵੱਡੀ ਛਲਾਂਗ ਮਾਰਨ ਲਈ, ਸਬੂਤਾਂ ‘ਤੇ ਅਧਾਰਤ ਅਤੇ ਸਿਫਤੀ ਤੌਰ ‘ਤੇ ਵੱਧ ਵਿਗਿਆਨਕ ਢੰਗ-ਤਰੀਕੇ ਤੇ ਪਹੁੰਚ ਵਾਲੇ ਹੁਨਰ ਦੱਸੇ ਹਨ।
ਆਪਣੇ ਸਮਿਆਂ ‘ਚ ਮਾਰਕਸ ਇਕ ਵਿਵਾਦਪੂਰਨ ਸ਼ਖ਼ਸੀਅਤ ਸੀ, ਅੱਜ ਬਾਬ ਅਵੇਕੀਅਨ ਵੀ ਉਸ ਤਰ੍ਹਾਂ ਹੀ ਹੈ। ਮਾਰਕਸ ਦੇ ਸਮੇਂ ਦੇ ਸੁਧਾਰਵਾਦੀਆਂ ਵਲੋਂ ਉਸਨੂੰ ਕੱਟੜਪੰਥੀ ਅਤੇ ਸੰਪਰਦਾਇਕ ਸਮਝਿਆ ਜਾਂਦਾ ਸੀ। ਇਸ ਨੂੰ ਮਹਿਸੂਸ ਕਰਨ ਲਈ ਸਾਨੂੰ ‘ਰਾਉਲ ਪੈਕ’ ਦੀ ਫਿਲਮ ‘ਯੰਗ ਕਾਰਲ ਮਾਰਕਸ’ (ਠਹੲ ੈੋੁਨਗ ਖਅਰਲ ੰਅਰਣ) ਦੇਖਣੀ ਚਾਹੀਦੀ ਹੈ। ਮਾਰਕਸ ਤੋਂ ਪਹਿਲਾਂ ਅਤੇ ਬਾਅਦ ‘ਚ ਪੈਦਾ ਹੋਣ ਵਾਲੇ ਮਹਾਨ ਵਿਗਿਆਨੀਆਂ ਵਾਂਗ, ਮਾਰਕਸ ਦੀ ਸੂਝ-ਬੂਝ ਬੁਨਿਆਦੀ ਤੌਰ ‘ਤੇ ਸੱਚ ਸਾਬਤ ਹੋਈ ਅਤੇ ਉਸਨੇ ਦੁਨੀਆ ਬਾਰੇ ਸਾਡੀ ਸਮਝ ਦਾ ਰੂਪ ਬਦਲਣ ਤੋਂ ਇਲਾਵਾ ਇਤਿਹਾਸ ਨੂੰ ਵੀ ਨਵਾਂ ਮੋੜ ਦੇ ਦਿੱਤਾ!
ਪਿਛਲੇ ਕਾਫ਼ੀ ਸਾਲਾਂ ਦੀਆਂ ਘਟਨਾਵਾਂ ਦੇ ਗਵਾਹ ਵਜੋਂ ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਤੁਸੀਂ ਮਨੁੱਖਤਾ ਦੀ ਨਿਜਾਤ ਲਈ ਗੰਭੀਰ ਹੋ, ਤਾਂ ਤੁਹਾਨੂੰ ਬਾਬ ਅਵੇਕੀਅਨ ਦੇ ਵਿਦਿਆਰਥੀ ਹੋਣਾ ਚਾਹੀਦਾ ਹੈ। ਅਵੇਕੀਅਨ ਦੇ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਸਵੀਕਾਰ ਕਰਨ ‘ਚ ਕੋਈ ਦਿੱਕਤ ਨਹੀਂ ਕਿ ਮੈਂ ਕਲਾਸ ‘ਚ ਅਕਸਰ ਹੀ ਲੇਟ ਪਹੁੰਚਦਾ ਅਤੇ ਹਮੇਸ਼ਾ ਵਧੀਆ ਨੰਬਰ ਨਹੀਂ ਸੀ ਲੈਂਦਾ, ਪਰ ਮੈਂ ਸਕੂਲ ਜਾਣਾ ਬੰਦ ਨਹੀਂ ਕੀਤਾ। ਅੱਜ ਦੇ ਇਨਕਲਾਬੀਆਂ ਕੋਲ ਜ਼ਿੰਦਗੀ ਭਰ ਲਈ ਦੁਨੀਆ ਦੀ ਬਹੁਤ ਉੱਤਮ ਤੇ ਵਿਕਸਤ ਵਿਚਾਰਧਾਰਾ ਹੈ। ਮੇਰੀ ਉਮਰ 85 ਸਾਲ ਹੈ ਤੇ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਜ਼ਿੰਦਗੀ ਦੇ 15 ਸਾਲ ਹੋਰ ਹਨ! ਆਓ ਰਲ-ਮਿਲ ਕੇ ਅੱਗੇ ਵਧੀਏ!
