ਗੁਰਮੀਤ ਸਿੰਘ ਪਲਾਹੀ
ਦੇਸ਼ ਦੀ ਸੰਸਦ ਦੇ ਬਜਟ ਇਜਲਾਸ ਵਿਚ ਇਨ੍ਹੀਂ ਦਿਨੀਂ ਵੱਡੇ ਹੰਗਾਮੇ ਹੋਏ। ਸੱਤਾਧਾਰੀ ਅਤੇ ਵਿਰੋਧੀ ਪੱਖ ਵਿਚ ਵੱਡਾ ਦੰਗਲ ਵੇਖਣ ਨੂੰ ਮਿਲਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਉੱਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ। ਲੋਕ ਸਭਾ ਵਿਚ ਇੰਨਾ ਹੰਗਾਮਾ ਹੋਇਆ ਕਿ ਕਾਂਗਰਸ ਦੇ ਅੱਠ ਲੋਕ ਸਭਾ ਮੈਂਬਰ ਮੁਅੱਤਲ ਕਰ ਦਿੱਤੇ ਗਏ। ਸਪੀਕਰ ਬਿਰਲਾ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਕਰਦੇ ਮਤੇ `ਤੇ ਬਹਿਸ ਦਾ ਜਵਾਬ ਦੇਣ ਲਈ ਸਦਨ ਵਿਚ ਨਾ ਆਉਣ ਦੀ ਬੇਨਤੀ ਕੀਤੀ। ਲੋਕਤੰਤਰ ਦਾ ਇਹ ਵਿਸ਼ੇਸ਼ ਨਮੂਨਾ ਅੱਜ-ਕੱਲ੍ਹ ਦੇਸ਼ ਦੇ ਹਿੱਸੇ ਆ ਰਿਹਾ ਹੈ।
ਲੋਕ ਸਭਾ ਵਿਚ ਵਿਰੋਧੀ ਸੰਸਦ ਮੈਂਬਰਾਂ ਨੇ ਭਾਰਤ-ਅਮਰੀਕਾ ਵਪਾਰਕ ਢਾਂਚੇ ‘ਤੇ ਚਰਚਾ ਦੀ ਮੰਗ ਕੀਤੀ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੂੰ ਵੀ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। ਲੋਕ ਸਭਾ ਅਤੇ ਰਾਜ ਸਭਾ ਵਿਚ ਸੱਤਾ ਤੇ ਵਿਰੋਧੀ ਧਿਰ ਆਪਸ ਵਿਚ ਬੁਰੀ ਤਰ੍ਹਾਂ ਉਲਝੀ ਰਹੀ। ਲੋਕ ਸਭਾ ਵਿਚ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਸਪੀਕਰ ਬਿਰਲਾ `ਤੇ ਦੋਸ਼ ਲਗਾਇਆ ਕਿ ਉਹ ਪ੍ਰਧਾਨ ਮੰਤਰੀ ਦੇ ਸਦਨ ਵਿਚੋਂ ਗ਼ਾਇਬ ਰਹਿਣ ਨੂੰ ਦਰੁਸਤ ਠਹਿਰਾਅ ਰਹੇ ਹਨ, ਜੋ ਸੰਵਿਧਾਨਕ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਦਨ ਵਿਚੋਂ ਮੈਂਬਰਾਂ ਵੱਲੋਂ ਕਿਸੇ ਖ਼ਤਰੇ ਕਰਕੇ ਗ਼ੈਰਹਾਜ਼ਰ ਨਹੀਂ ਹੋਏ, ਸਗੋਂ ਡਰ ਕਰਕੇ ਗ਼ੈਰਹਾਜ਼ਰ ਹੋਏ ਹਨ। ਕੀ ਇਹ ਰਾਜਾਸ਼ਾਹੀ ਦਾ ਸੰਕੇਤ ਤਾਂ ਨਹੀਂ?
ਅਮਰੀਕੀ ਯੌਨ ਸ਼ੋਸ਼ਣ ਅਪਰਾਧੀ ਜੈਫ਼ਰੀ ਐਪਸਟੀਨ ਨਾਲ਼ ਜੁੜੀਆਂ ਫਾਈਲਾਂ ‘ਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦਾ ਨਾਮ ਸਾਹਮਣੇ ਆਉਣ ਕਾਰਨ ਵੱਡਾ ਹੰਗਾਮਾ ਅਤੇ ਨਾਅਰੇਬਾਜ਼ੀ ਵੇਖਣ ਨੂੰ ਮਿਲੀ। ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਛੇ ਬੰਦ ਅਤੇ ਉਸ ਦੇ ਆਦਰ ਲਈ ਤਿੰਨ ਮਿੰਟ ਕੁਝ ਸਕਿੰਟ ਖੜ੍ਹੇ ਰਹਿਣ, ਉਸਦੇ ਬਾਅਦ ਰਾਸ਼ਟਰ ਗਾਣ ਨੂੰ ਜ਼ਰੂਰੀ ਕਰਾਰ ਦਿੱਤੇ ਜਾਣ ਸੰਬੰਧੀ ਸਦਨ ਵਿਚ ਵੱਡੀ ਬਹਿਸ ਛਿੜੀ। ਇੱਕ ਪੱਖ ਦਾ ਕਹਿਣਾ ਸੀ ਕਿ ਅਸੀਂ ਤਾਂ ਅੱਲਾਹ ਨੂੰ ਮੰਨਦੇ ਹਾਂ, ਕਿਸੇ ਹੋਰ ਨੂੰ ਨਹੀਂ। ਇੱਕ ਨੇ ਕਿਹਾ ਕਿ ਮੁਸਲਿਮ ਲੀਗ ਨੇ ਇਸ ‘ਤੇ ਇਤਰਾਜ਼ ਕੀਤਾ ਸੀ ਤੇ ਇਤਰਾਜ਼ ਮੰਨਿਆ ਗਿਆ ਸੀ। ਇੱਕ ਹੋਰ ਨੇ ਕਿਹਾ ਕਿ ਇਹ ਸੰਪਰਦਾਇਕਤਾ ਫੈਲਾਉਣ ਦੀ ਕੋਸ਼ਿਸ਼ ਹੈ, ਜਦਕਿ ਦੂਜੇ ਨੇ ਕਿਹਾ ਕਿ ਇਹ ਦੇਸ਼ ਭਗਤੀ ਦਾ ਗੀਤ ਹੈ।
ਲੋਕਤੰਤਰ ਦੇ ਅਖਾੜੇ ਸੰਸਦ ‘ਚ ਬਜਟ ਉੱਤੇ ਬਹਿਸ ਦਰਕਾਰ ਸੀ। ਸੰਸਦ ਵਿਚ ਮਹਿੰਗਾਈ, ਬੇਰੁਜ਼ਗਾਰੀ, ਬਣਾਉਟੀ ਬੁੱਧੀਮਤਾ (ਏ.ਆਈ.) ਕਾਰਨ ਆ ਰਹੀਆਂ ਚੁਣੌਤੀਆਂ, ਅਮਰੀਕਾ-ਭਾਰਤ ਸਮਝੌਤੇ ਬਾਰੇ ਵਿਸ਼ੇਸ਼ ਚਰਚਾ ਲੋੜੀਂਦੀ ਸੀ। ਚਰਚਾ ਤਾਂ ਦਿੱਲੀ ਦੇ ਪ੍ਰਦਰਸ਼ਨ ਉੱਤੇ, ਮਨੀਪੁਰ ਦੇ ਬਲਾਤਕਾਰਾਂ ਅਤੇ ਕਈ ਥਾਵਾਂ ‘ਤੇ ਗੰਦੇ ਪਾਣੀ ਪੀਣ ਕਾਰਨ ਹੋਈਆਂ ਮੌਤਾਂ ਬਾਰੇ ਵੀ ਲੋੜੀਂਦੀ ਸੀ, ਪਰ ਇਨ੍ਹਾਂ ਚਰਚਾਵਾਂ ਲਈ ਸਦਨ ਦੇ ਮਾਣਯੋਗ ਮੈਂਬਰ ਸਮਾਂ ਹੀ ਨਹੀਂ ਕੱਢ ਸਕੇ। ਸਮਾਂ ਨਹੀਂ ਕੱਢ ਸਕੇ, ਦੇਸ਼ ਦੇ ਕਾਨੂੰਨਦਾਨ, ਇਸ ਗੱਲ ਲਈ ਚਰਚਾ ਕਰਨ ਵਾਸਤੇ ਕਿ ਪਿਛਲੇ 10 ਸਾਲਾਂ ਵਿਚ ਜੱਜਾਂ ਦੇ ਖ਼ਿਲਾਫ ਭ੍ਰਿਸ਼ਟਾਚਾਰ, ਯੌਨ ਦੁਰਾਚਾਰ ਅਤੇ ਹੋਰ ਗੰਭੀਰ 8639 ਸ਼ਿਕਾਇਤਾਂ ਕਿਉਂ ਆ ਗਈਆਂ? ਕੀ ਕਾਰਨ ਹਨ ਇਸਦੇ? ਖ਼ਾਸ ਤੌਰ ‘ਤੇ 2024 ਵਿਚ ਹੀ 1170 ਸ਼ਿਕਾਇਤਾਂ ਕਿਉਂ ਦਰਜ ਹੋਈਆਂ? ਕਿਵੇਂ ਨੌਜਵਾਨਾਂ ਵਿਚ ਬੇਰੁਜ਼ਗਾਰੀ ‘ਤੇ ਨਿਰਾਸ਼ਾ ਵਧ ਰਹੀ ਹੈ?
ਕਿਉਂ ਨਹੀਂ ਦੇਸ਼ ਦੀ ਸੰਸਦ ਇਸ ਗੱਲ ‘ਤੇ ਵਿਚਾਰ ਕਰ ਸਕੀ ਕਿ 28 ਰਾਜਾਂ ਦੇ ਕਿਸਾਨਾਂ ਉੱਤੇ ਔਸਤ ਕਰਜ਼ਾ ਰਕਮ ਵੱਧ ਰਹੀ ਹੈ? ਰਾਸ਼ਟਰੀ ਸੰਖਿਆ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਖੇਤੀ-ਪ੍ਰਧਾਨ ਸੂਬਿਆਂ ਆਂਧਰਾ ਪ੍ਰਦੇਸ਼, ਕੇਰਲ, ਪੰਜਾਬ, ਹਰਿਆਣਾ, ਤੇਲੰਗਾਨਾ ਦੇ ਕਿਸਾਨਾਂ ਉੱਤੇ ਪ੍ਰਤੀ ਸਾਲ ਪ੍ਰਤੀ ਕਿਸਾਨ ਕਰਜ਼ਾ ਵੱਧ ਰਿਹਾ ਹੈ। ਆਂਧਰਾ ਪ੍ਰਦੇਸ਼ ਵਿਚ ਪ੍ਰਤੀ ਕਿਸਾਨ ਪ੍ਰਤੀ ਪਰਿਵਾਰ ਔਸਤ ਕਰਜ਼ਾ 2,45,554 ਰੁਪਏ, ਕੇਰਲ ਵਿਚ 2,42,482 ਰੁਪਏ, ਪੰਜਾਬ ਵਿਚ 2,03,249 ਰੁਪਏ, ਜਦਕਿ ਹਰਿਆਣਾ ਵਿਚ ਇਹ ਕਰਜ਼ਾ 1,82,922 ਰੁਪਏ ਹੈ।
ਇਹ ਜਾਣਦਿਆਂ ਵੀ ਕਿ ਕਿਸਾਨ ਦੀ ਆਮਦਨ ਘੱਟ ਰਹੀ ਹੈ, ਉਸ ਨੂੰ ਆਧੁਨਿਕ ਮਸ਼ੀਨਰੀ ਅਤੇ ਟਰੈਕਟਰ ਆਦਿ ਖਰੀਦਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਉਸ ਲਈ ਸਰਕਾਰ ਵੱਲੋਂ ਉਸ ਅਹਿਮ ਖੇਤਰ ਲਈ ਸਬਸਿਡੀਆਂ ਮੁਹੱਈਆ ਕਰਨ ਦੀ ਲੋੜ ਹੈ, ਤਾਂ ਕਿ ਦੇਸ਼ ਦਾ ਅੰਨ ਭੰਡਾਰ ਸੁਰੱਖਿਅਤ ਰਹੇ। ਚਰਚਾ ਤਾਂ ਇਸ ਗੱਲ ‘ਤੇ ਵੀ ਕਰਨੀ ਬਣਦੀ ਸੀ ਕਿ ਦੇਸ਼ ਕਣਕ-ਚਾਵਲ ਦੀ ਸੀਮਿਤ ਫ਼ਸਲ ਪ੍ਰਣਾਲੀ ‘ਤੇ ਨਿਰਭਰ ਕਿਉਂ ਹੈ? ਦੇਸ਼ ਵਿਚ ਜ਼ਮੀਨ ਹੇਠਲਾ ਪਾਣੀ ਘੱਟ ਰਿਹਾ ਹੈ, ਤਾਂ ਕਿਉਂ ਘੱਟ ਰਿਹਾ ਹੈ? ਪਰ ਦੇਸ਼ ਦੇ ਨੇਤਾ ਤਾਂ ਸਿਰਫ਼ ਕੁਰਸੀ-ਯੁੱਧ ਵਿਚ ਗਲਤਾਨ ਰਹੇ। ਬਿਨਾਂ ਸ਼ੱਕ ਦੇਸ਼ ਦੀਆਂ ਸੀਮਾਵਾਂ ਨੂੰ ਸੁਰੱਖਿਆ ਚਾਹੀਦੀ ਹੈ। ਸੜਕਾਂ ਦੇ ਜਾਲ ਵਿਛਾਏ ਜਾਣੇ ਚਾਹੀਦੇ ਹਨ। ਦੇਸ਼ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਜ਼ਰੂਰੀ ਹੈ। ਡਿਜ਼ੀਟਲ ਇੰਡੀਆ ਵੀ ਲੋੜੀਂਦਾ ਹੈ। ਪਰ ਬਹਿਸ ਤਾਂ ਇਸ ਗੱਲ ‘ਤੇ ਹੋਣੀ ਚਾਹੀਦੀ ਹੈ ਕਿ ਸਰਕਾਰ ਨਿੱਜੀਕਰਨ ਦੇ ਰਾਹ ਪੈ ਕੇ ਦੇਸ਼ ਦਾ ਸਰਮਾਇਆ ਕੁਝ ਧੁਰੰਤਰਾਂ ਨੂੰ ਕਿਉਂ ਲੁਟਾ ਰਹੀ ਹੈ? ਦੇਸ਼ ਦੇ ਹਿੱਤ ਵੱਡੇ ਸਰਮਾਏਦਾਰਾਂ, ਕਾਰਪੋਰੇਟਾਂ ਦੇ ਹੱਥ ਕਿਉਂ ਫੜਾ ਰਹੀ ਹੈ?
ਕਿਉਂ ਚਰਚਾ ਨਹੀਂ ਹੋਈ ਕਿ ਸਰਕਾਰ ਕਿਉਂ ਦਬਾਅ ਵਿਚ ਆ ਕੇ ਅਮਰੀਕਾ ਵਰਗੇ ਦੇਸ਼ ਨਾਲ਼ ਟੈਰਿਫ਼ ਸਮਝੌਤਾ ਕਰ ਰਹੀ ਹੈ? ਅਮਰੀਕਾ 18 ਫ਼ੀਸਦੀ ਟੈਰਿਫ਼ ਲਏਗਾ ਅਤੇ ਭਾਰਤ 0 ਫ਼ੀਸਦੀ ਟੈਰਿਫ਼ ਲਵੇਗਾ-ਸਮਾਨਤਾ ਕਿੱਥੇ ਹੈ?
ਅਮਰੀਕੀ ਸਮਝੌਤੇ ਵਿਚ ਪਹੇਲੀ ਇਹ ਹੈ ਕਿ ਭਾਰਤ ਅਗਲੇ ਪੰਜ ਸਾਲਾਂ ਵਿਚ ਅਮਰੀਕਾ ਤੋਂ 500 ਅਰਬ ਡਾਲਰ ਦਾ ਕੀ ਖਰੀਦੇਗਾ? ਕੀ ਭਾਰਤ ਕੋਲ ਅਮਰੀਕਾ ਤੋਂ ਮਹਿੰਗੇ ਜਹਾਜ਼, ਸੈਨਿਕ ਸਮਾਨ ਅਤੇ ਉੱਚੀ ਕੀਮਤ ‘ਤੇ ਤੇਲ ਖਰੀਦਣ ਤੋਂ ਬਿਨਾਂ ਹੋਰ ਕੋਈ ਬਦਲ ਹੈ? ਅਮਰੀਕਾ ਕੋਲ ਇਹੋ-ਜਿਹੀਆਂ ਹੋਰ ਕੋਈ ਚੀਜ਼ਾਂ ਨਹੀਂ, ਜੋ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਣ।
ਦੇਸ਼ ਦੀ ਸੰਸਦ ਦੇ ਸਿਆਣੇ ਇਸ ਗੱਲ ‘ਤੇ ਚਰਚਾ ਤੋਂ ਕਿਉਂ ਕੰਨੀ ਕਤਰਾ ਰਹੇ ਹਨ ਕਿ ਵੋਟਾਂ ਤੋਂ ਪਹਿਲਾਂ ਨਕਦੀ ਟਰਾਂਸਫ਼ਰ ਕਰਕੇ ਸੂਬਿਆਂ ‘ਚ ਹਾਕਮ ਧਿਰਾਂ ਵੋਟਾਂ ਪੱਕੀਆਂ ਕਰ ਰਹੀਆਂ ਹਨ। ਮੱਧਪ੍ਰਦੇਸ਼ ਵਿਚ ਲਾਡਲੀ ਬਹਿਨਾ, ਮਹਾਰਾਸ਼ਟਰ ਵਿਚ ਲਾਡਲੀ ਬਹਿਨ, ਕਰਨਾਟਕ ਵਿਚ ਗ੍ਰਹਿ ਲਕਸ਼ਮੀ, ਤਮਿਲਨਾਡੂ ਵਿਚ ਉਮਰਈ ਥੋਗਈ, ਹਰਿਆਣਾ ਵਿਚ ਲਾਡੋ, ਓਡੀਸ਼ਾ ਵਿਚ ਸੁਭੱਦਰਾ, ਝਾਰਖੰਡ ਵਿਚ ਮਈਆ ਸਨਮਾਨ, ਛੱਤੀਸਗੜ੍ਹ ਵਿਚ ਮਹਤਾਰੀ ਬੰਦਨ, ਬੰਗਾਲ ਵਿਚ ਲਕਸ਼ਮੀ ਭੰਡਾਰ, ਤੇਲੰਗਾਨਾ ਵਿਚ ਮਹਾ ਲਕਸ਼ਮੀ, ਅਸਾਮ ਵਿਚ ਔਰਨੋਦੋਈ, ਹਿਮਾਚਲ ਵਿਚ ਇੰਦਰਾ ਸਨਮਾਨ ਯੋਜਨਾਵਾਂ ਵਿਚ 1500 ਤੋਂ 2500 ਰੁਪਏ ਤੱਕ ਮਹੀਨਾਵਾਰ ਰਕਮ ਔਰਤਾਂ ਲਈ ਦੇ ਕੇ ਖਜ਼ਾਨੇ ਉੱਤੇ ਗੰਭੀਰ ਬੋਝ ਕਿਉਂ ਪਾਇਆ ਜਾ ਰਿਹਾ ਹੈ? ਕਿਉਂ ਨਹੀਂ ਇਸ ਮੁੱਦੇ ਉੱਤੇ ਚਰਚਾ ਹੁੰਦੀ ਕਿ 12 ਰਾਜਾਂ ਦੀਆਂ 12.8 ਕਰੋੜ ਔਰਤਾਂ ਨੂੰ ਹਰ ਸਾਲ 1.9 ਲੱਖ ਕਰੋੜ ਰੁਪਏ ਚੋਣਾਂ ਤੋਂ ਪਹਿਲਾਂ ਹੀ ਕਿਉਂ ਦਿੱਤੇ ਜਾਂਦੇ ਹਨ? ਔਰਤਾਂ ਦੀਆਂ ਵੋਟਾਂ ਖਰੀਦਣ ਲਈ ਲਾਲਚ ਦੇਣ ਦਾ ਰੁਝਾਨ ਕਿਉਂ ਵੱਧ ਰਿਹਾ ਹੈ?
ਮਸਲੇ ਤਾਂ ਦੇਸ਼ ਨੂੰ ਦਰਪੇਸ਼ ਹੋਰ ਵੀ ਬਥੇਰੇ ਹਨ, ਪਰ ਦੇਸ਼ ਦੇ ਨੇਤਾ ਸੰਜੀਦਗੀ ਨਾਲ਼ ਵਿਚਾਰ ਕਰਨ ਦੇ ਰਾਹ ਨਹੀਂ ਪੈ ਰਹੇ। ਵੋਟਾਂ ਖਰੀਦੀਆਂ ਜਾਂਦੀਆਂ ਹਨ। ਆਗੂ ਕਾਨੂੰਨ-ਘੜਨੀ ਸਭਾ ਦੇ ਮੈਂਬਰ ਬਣਦੇ ਹਨ, ਉਹ ਲੋਕ ਵੀ ਇਨ੍ਹਾਂ ਸਦਨਾਂ ਦੇ ਮੈਂਬਰ ਬਣ ਜਾਂਦੇ ਹਨ, ਜਿਨ੍ਹਾਂ ਉੱਤੇ ਅਪਰਾਧਿਕ ਕੇਸ ਦਰਜ ਹਨ। ਫਿਰ ਸਦਨਾਂ ਵਿਚ ਜਾ ਕੇ ਦੇਸ਼-ਹਿੱਤ, ਲੋਕ-ਹਿੱਤ ਦੀ ਗੱਲ ਕਰਨੀ ਸ਼ਾਇਦ ਇਨ੍ਹਾਂ ਨੂੰ ਸੁਖਾਵੀਂ ਤੇ ਸਾਰਥਕ ਹੀ ਨਹੀਂ ਜਾਪਦੀ।
ਸੰਸਦ ਵਿਚ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਸਾਬਕਾ ਸੈਨਾ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਪੁਸਤਕ ਵਿਚ ਜ਼ਿਕਰ ਕੀਤੀਆਂ ਕੁਝ ਘਟਨਾਵਾਂ ਅਤੇ ਫ਼ੈਸਲਿਆਂ ਸੰਬੰਧੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੀ ਭੂਮਿਕਾ ‘ਤੇ ਸਪਸ਼ਟੀਕਰਨ ਹੋਣਾ ਚਾਹੀਦਾ ਹੈ ਤਾਂ ਸੰਸਦ ਵਿਚ ਇੱਕ ਯੁੱਧ ਛਿੜ ਗਿਆ। ਇਸ ਚਰਚਾ ਨੂੰ ਨਿਯਮਾਂ ਵਿਰੁੱਧ ਦੱਸਿਆ ਗਿਆ। ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ ਕਰਨ ਦੀਆਂ ਤਰਕੀਬਾਂ ਸੋਚੀਆਂ ਗਈਆਂ। ਸਪੀਕਰ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਹੋਇਆ। ਹਾਏ-ਹਾਏ ਦੇ ਨਾਅਰੇ ਲੱਗੇ।
ਪਰ ਸਦਨ ਦਾ ਇਹ ਸੈਸ਼ਨ ਸੁਸਤ ਬਜਟ ਬਾਰੇ ਚੁੱਪ ਰਿਹਾ। ਕੋਈ ਬਹਿਸ ਨਹੀਂ ਕਰ ਸਕਿਆ। ਵੈਸੇ ਇਸ ਸਦਨ ਵਿਚ ਬਹਿਸ ਦੀ ਗੁੰਜਾਇਸ਼ ਹੀ ਕਿੱਥੇ ਹੈ? ਵਿਰੋਧੀ ਬੋਲਣ ਲੱਗਦੇ ਹਨ ਤਾਂ ਸੱਤਾਧਾਰੀ ਰੌਲਾ ਪਾਉਂਦੇ ਹਨ। ਅਵਾਜ਼ ਦਬਾ ਦਿੱਤੀ ਜਾਂਦੀ ਹੈ। ਮਸਲੇ ਸਦਨ ਦੇ ਮੈਂਬਰਾਂ ਦੇ ਝੋਲਿਆਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤੇ ਜਾਂਦੇ।
ਹਾਂ, ਇੱਕ ਕੰਮ ਜ਼ਰੂਰ ਕਰ ਦਿੱਤਾ ਜਾਂਦਾ ਹੈ ਬਹੁਗਿਣਤੀ ਸਰਕਾਰ ਵੱਲੋਂ ਕਿ ਕਿਸਾਨਾਂ-ਮਜ਼ਦੂਰਾਂ ਵਿਰੋਧੀ ਕਾਨੂੰਨ ਇੱਕੋ ਝਟਕੇ ਵਿਚ ਪਾਸ ਕਰ ਦਿੱਤੇ ਜਾਂਦੇ ਹਨ। ਮਗਨਰੇਗਾ ਅਤੇ ਮਜ਼ਦੂਰਾਂ ਵਿਰੋਧੀ ਕਾਨੂੰਨਾਂ ਉੱਤੇ ਚਰਚਾ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ।
ਭਾਰਤ ਦੀ ਸੰਸਦ ਲੋਕਤੰਤਰ ਦਾ ਘਰ ਹੈ। ਇਹ ਸਦਨ ਲੋਕਾਂ ਦੀ ਅਵਾਜ਼ ਸੁਣਨ-ਬਣਨ ਲਈ ਬਣਾਏ ਗਏ ਸਨ, ਪਰ ਅੱਜ ਇਹ ਲੋਕਾਂ ਦੀ ਅਵਾਜ਼ ਬੰਦ ਕਰਨ ਲਈ ਵਰਤੇ ਜਾ ਰਹੇ ਹਨ। ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਸ ਸਦਨ ਵਿਚ ਲੋਕ-ਹਿੱਤਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਸੰਸਦ ਵਿਚ ਆਪੋ-ਆਪਣੇ ਮਸਲੇ ਪੇਸ਼ ਕਰਨ ਦੀ ਗੱਲ ਗ਼ੈਰਹਾਜ਼ਰ ਹੈ। ਕੇਂਦਰੀਕਰਨ ਦੀ ਰਾਜਨੀਤੀ ਹਾਵੀ ਹੋਣ ਕਾਰਨ ਲੋਕਾਂ ਦੀ ਅਵਾਜ਼ ਜਿਵੇਂ ਪਾਰਟੀ ਪੱਧਰ ‘ਤੇ ਦਬਾਈ ਜਾ ਰਹੀ ਹੈ, ਉਵੇਂ ਹੀ ਇਨ੍ਹਾਂ ਸਦਨਾਂ ‘ਚ ਦੱਬੀ ਜਾ ਰਹੀ ਹੈ। ਸਿੱਟਾ ਆਪਸੀ ਗੁੱਟਬਾਜ਼ੀ ਤੇ ਲੜਾਈ ਵਿਚ ਨਿਕਲ ਰਿਹਾ ਹੈ।
ਦੇਸ਼ ਭੁੱਖਮਰੀ ਦਾ ਸ਼ਿਕਾਰ ਹੈ-ਕੀ ਸਦਨ ਚਿੰਤਤ ਹੈ? ਦੇਸ਼ ਬੇਰੁਜ਼ਗਾਰੀ ਦਾ ਮਾਰਿਆ ਪਿਆ ਹੈ-ਕੀ ਸਦਨ ਮੈਂਬਰਾਂ ਨੂੰ ਫ਼ਿਕਰ ਹੈ? ਦੇਸ਼ ਵਿਚ ਕਾਲੇ ਕਾਨੂੰਨ ਬਣ ਰਹੇ ਹਨ, ਕਿਸਾਨ-ਮਜ਼ਦੂਰ ਵਿਰੋਧੀ-ਕੀ ਵਿਰੋਧੀ-ਸੱਤਾਧਾਰੀ ਮੈਂਬਰਾਂ ਨੂੰ ਇਸ ਸੰਬੰਧੀ ਜਾਣਕਾਰੀ ਹੈ? ਦੇਸ਼ ਅੱਜ ਧਰਮ ਦੇ ਨਾਮ ‘ਤੇ ਵੰਡਿਆ ਜਾ ਰਿਹਾ ਹੈ। ਫ਼ਿਰਕਾਪ੍ਰਸਤੀ ਵੱਧ ਰਹੀ ਹੈ। ਕੀ ਦੇਸ਼ ਦੀ ਸੰਸਦ ਵਿਚ ਇਸ ਸੰਬੰਧੀ ਕਿਸੇ ਚਰਚਾ ਕੀਤੀ ਹੈ? ਬੁਲਡੋਜ਼ਰ ਦੀ ਨੀਤੀ ਭਾਰੂ ਹੋ ਰਹੀ ਹੈ। ਨੇਤਾ-ਸ਼ਾਸਕ ਆਪੇ ਜੱਜ ਬਣ ਰਹੇ ਹਨ। ਕੀ ਸਦਨ ਦੇ ਮੈਂਬਰ ਇਸ ਸੰਬੰਧੀ ਸੁਚੇਤ ਹਨ? ਕੀ ਦੇਸ਼ ਦੇ ਕੁਦਰਤੀ ਸਾਧਨ ਕਾਰਪੋਰੇਟਾਂ ਹੱਥ ਗਿਰਵੀ ਕੀਤੇ ਜਾ ਰਹੇ ਹਨ-ਇਸ ਸੰਬੰਧੀ ਕਦੇ ਸੰਸਦ ਵਿਚ ਕੁਝ ਤੱਥ ‘ਤੇ ਵਿਚਾਰ ਕਿਸੇ ਮੈਂਬਰ ਨੇ ਰੱਖੇ ਹਨ?
ਲੋਕਤੰਤਰ ਦਾ ਦਰਵਾਜ਼ਾ ਭਾਰਤੀ ਸਦਨ ਰੂਹ ਦੇ ਪੱਖੋਂ ਖਾਮੋਸ਼ ਹੈ, ਇਹ ਬੜਬੋਲੀ ਤੇ ਹਮਲਾਵਰ ਹੋਈ ਜ਼ਰੂਰ ਦਿਖਦੀ ਹੈ। ‘ਵਿਸ਼ੇਸ਼ ਅਧਿਕਾਰ ਹਨਨ’ ਲਿਆਉਣ ਦੇ ਮਾਮਲੇ ‘ਤੇ ਦੇਸ਼ ਦਾ ਵਿਰੋਧੀ ਧਿਰ ਨੇਤਾ ਇਹ ਤਾਂ ਕਹਿੰਦਾ ਹੈ, ‘ਮੈਨੂੰ ਪਾਰਲੀਮੈਂਟ ਵਿਚੋਂ ਕੱਢ ਦਿਓ, ਮੈਂ ਡਰਨ ਵਾਲਾ ਨਹੀਂ ਹਾਂ। ਮੈਂ ਸੱਚ ਦੇ ਨਾਲ਼ ਖੜਾ ਹਾਂ। ਮੈਂ ਕਿਸਾਨ ਦੇ ਨਾਲ਼ ਖੜਾ ਹਾਂ। ਮੈਂ ਮਜ਼ਦੂਰ ਦੇ ਨਾਲ਼ ਖੜਾ ਹਾਂ।’ ਪਰ ਕੀ ਇਹ ਸ਼ਹੀਦ ਦਾ ਦਰਜਾ ਪ੍ਰਾਪਤ ਕਰਨ ਦਾ ਯਤਨ ਤਾਂ ਨਹੀਂ?
ਸੰਸਦ ਦੇ ਸਮਾਗਮਾਂ ‘ਤੇ ਕਰੋੜਾਂ ਰੁਪਏ ਪ੍ਰਤੀ ਦਿਨ ਦਾ ਖ਼ਰਚ ਹੈ। ਪਾਰਲੀਮੈਂਟ ਸਦਨ ਲੋਕਾਂ ਦੇ ਦਿੱਤੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਦਾ ਸਥਾਨ ਬਣ ਚੁੱਕੇ ਹਨ, ਜਿਹੜੇ ਆਮ ਲੋਕਾਂ ਨੂੰ ਕੋਈ ਰਾਹਤ ਜਾਂ ਚੈਨ ਨਹੀਂ ਦੇ ਰਹੇ। ਲੋਕਤੰਤਰ ਦਾ ਪਵਿੱਤਰ ਥਾਂ ਬਣਨ ਦੀ ਥਾਂ ਦੰਗਲ ਦਾ ਅਖਾੜਾ ਬਣ ਰਹੇ ਹਨ। ਇਹ ਸੱਚਮੁੱਚ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ।
