ਕੁਤੁਬਮੀਨਾਰ ਦਿੱਲੀ ਬਨਾਮ ਬੁਰਜ ਖਲੀਫਾ ਦੁਬਈ

ਗੁਲਜ਼ਾਰ ਸਿੰਘ ਸੰਧੂ
1943 ਵਿਚ ਰਜਿਸਟਰ ਹੋਈ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਹਰ ਸਾਲ ਫਰਵਰੀ ਦੇ ਮਹੀਨੇ ਨਵਯੁਗ ਫਾਰਮ ਵਿਖੇ ਲਗਭਗ 37 ਵਰਿ੍ਹਆਂ ਤੋਂ ਧੁੱਪ ਦੀ ਮਹਿਫ਼ਲ ਮਨਾਉਂਦੀ ਆ ਰਹੀ ਹੈ| ਇਹ ਫਾਰਮ ਮਹਿਰੌਲੀ ਵਾਲੀ ਕੁਤਬ ਮੀਨਾਰ ਦੇ ਨੇੜੇ ਹੈ|

ਕੁਤਬ ਮੀਨਾਰ ਦਿੱਲੀ ਸਲਤਨਤ ਦੇ ਮੋਦੀ ਹਾਕਮ ਕੁਤਬ ਉਦ ਦੀਨ ਐਬਕ ਵਲੋਂ ਦਿੱਲੀ ਤੋਂ ਦਸ ਮੀਲ ਦੀ ਦੂਰੀ ਉਤੇ ਹਿੰਦੁਸਤਾਨ ਉੱਤੇ ਆਪਣੀ ਜਿੱਤ ਦੇ ਚਿੰਨ੍ਹ ਵਜੋਂ 1193 ਵਿਚ ਬਣਾਉਣੀ ਆਰੰਭ ਕੀਤੀ ਗਈ ਸੀ| ਇਸਨੂੰ ਸਿਰੇ ਚਾੜ੍ਹਨ ਦੀ ਜਿੰLਮੇਵਾਰੀ ਉਸਦੇ ਜੁਆਈ ਅਲਤਮਸ਼ ਦੇ ਮੋਢਿਆਂ ਉਤੇ ਆ ਪਈ| ਜਿਹੜਾ ਕੁਤਬ ਉਦ ਦੀਨ ਐਬਕ ਤੋਂ ਪਿੱਛੋਂ ਦਿੱਲੀ ਦੇ ਤਖ਼ਤ ਉੱਤੇ ਬੈਠਿਆ| ਇਸ ਦੀ ਉਸਾਰੀ ਲਈ ਸੁਲਤਾਨ ਨੇ ਚਮਕੀਲੇ ਲਾਲ ਪੱਥਰ ਤੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ| ਜਦੋਂ ਪੰਜ ਮੰਜ਼ਲੀ ਇਹ ਮੀਨਾਰ ਮੁਕੰਮਲ ਹੋ ਗਈ ਤਾਂ ਉਸ ਵੇਲੇ ਇਸਦਾ ਸ਼ੁਮਾਰ ਦੁਨੀਆਂ ਦੀ ਸਭ ਤੋਂ ਉੱਚੀ ਮੀਨਾਰ ਵਜੋਂ ਹੋਣ ਲੱਗਿਆ|
ਇਕ ਪੜਾਅ ਉੱਤੇ ਵਰਖਾ ਦੇਵਤਾ ਦੀ ਖੁਦਾਈ ਧੱਕੇ-ਸ਼ਾਹੀ ਨੇ ਇਸ ਦੀ ਸਿਖਰਲੀ ਮੰਜ਼ਲ ਨੂੰ ਏਨਾ ਤਬਾਹ ਕੀਤਾ ਕਿ ਫਿਰੋਜ਼ਦੀਨ ਤੁਗਲਕ ਨੂੰ ਇਸਦੀ ਸਿਖਰਲੀ ਮੰਜ਼ਿਲ ਦਾ ਮੁੜ ਨਿਰਮਾਣ ਕਰਵਾਉਣਾ ਪਿਆ| ਇਸ ਲਈ ਉਸਨੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਤਾਂ ਕਿ ਇਸਦਾ ਜ਼ਿਕਰ ਕਰਨ ਸਮੇਂ ਉਸ ਨਾਂ ਨੂੰ ਵਿਸ਼ੇਸ਼ ਥਾਂ ਮਿਲ ਸਕੇ| 1600 ਸਾਲ ਪੁਰਾਣੇ ਲੋਹੇ ਦੇ ਥਮਾਂ ਵਾਲੀ ਦੁਨੀਆਂ ਦੀ ਸਭ ਤੋਂ ਉਚੀ ਇਸ ਯਾਦਗਾਰ ਦਾ ਨਾਂ ਦੁਨੀਆਂ ਭਰ ਵਿਚ ਓਦੋਂ ਤੱਕ ਬੋਲਦਾ ਰਿਹਾ ਜਦੋਂ ਤੱਕ 2010 ਵਿਚ ਦੁਬਈ ਦੇ ਹਾਕਮਾਂ ਨੇ ਇਸ ਤੋਂ ਕਈ ਗੁਣਾ ਉੱਚੇ ਬੁਰਜ ਖਲੀਫਾ ਦੀ ਉਸਾਰੀ ਨਹੀਂ ਕਰ ਲਈ|
ਬੁਰਜ ਖਲੀਫਾ ਦੀ ਉੱਚਾਈ ਏਨੀ ਹੈ ਕਿ ਇਸ ਵਿਚ ਗਿਆਰਾਂ ਕੁਤਬਮੀਨਾਰਾਂ ਸਮਾ ਸਕਦੀਆਂ ਹਨ| 63 ਮੰਜ਼ਿਲਾਂ ਵਾਲਾ ‘ਬੁਰਜ ਖਲੀਫਾ’ ਅੱਜ ਦੇ ਦਿਨ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੈ, ਤੇ ਉਦੋਂ ਤੱਕ ਰਹੇਗੀ ਜਦੋਂ ਤੱਕ ਸਾਊਦੀ ਅਰਬ ਦਾ ਜੇਡਾਹ ਟਾਵਰ ਸਿਰੇ ਨਹੀਂ ਚੜ੍ਹ ਜਾਂਦਾ ਜਿਹੜਾ ਇਸ ਵੇਲੇ ਉਸਾਰੀ ਅਧੀਨ ਹੈ|
ਜੇ ਬੁਰਜ ਖਲੀਫਾ ਨੇ ਕੁਤਬਮੀਨਾਰ ਨੂੰ ਮਾਤ ਪਾਇਆ ਸੀ ਤਾਂ ਸਾਊਦੀ ਅਰਬ ਦੇ ਜੇਡਾਹ ਟਾਵਰ ਨੇ ਇਸਨੂੰ ਮਾਤ ਪਾ ਜਾਣਾ ਹੈ| ਖੂਬੀ ਇਹ ਕਿ ਇਨ੍ਹਾਂ ਉਚੀਆਂ ਯਾਦਗਾਰਾਂ ਦੀ ਉਸਾਰੀ ਦੁਨੀਆਂ ਦੇ ਮੁਸਲਿਮ ਹਾਕਮਾਂ ਨੇ ਹੀ ਕੀਤੀ ਹੈ, ਭਾਵੇਂ ਉਹ ਧਰਤੀ ਦੇ ਦੂਰ ਦੁਰਾਡੇ ਭਾਗਾਂ ਉੱਤੇ ਰਾਜ ਕਰਦੇ ਸਨ ਤੇ ਉਨ੍ਹਾਂ ਦੇ ਰਾਜ ਕਰਨ ਦਾ ਸਮਾਂ ਵੀ ਇੱਕ ਦੂਜੇ ਤੋਂ ਸਦੀਆਂ ਦੂਰ ਸੀ| ਇਹ ਸਾਰੇ ਕਰਿਸ਼ਮੇ ਯਾਤਰੀਆਂ ਦੇ ਮਨ ਨੂੰ ਭਾਉਂਦੇ ਹਨ ਤੇ ਤਤਕਾਲੀ ਹਾਕਮ ਇਨ੍ਹਾਂ ਉੱਤੇ ਵੱਡੀਆਂ ਟਿਕਟਾਂ ਲਾ ਕੇ ਆਪਣੇ ਖਜ਼ਾਨੇ ਭਰਦੇ ਹਨ|
ਮੈਂ 1953 ਤੋਂ 1984 ਤੱਕ ਦਿੱਲੀ ਦਾ ਵਸਨੀਕ ਰਿਹਾ ਹਾਂ| ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਤੋਂ ਬੀ.ਏ. ਤੱਕ ਦੀ ਪੜ੍ਹਾਈ ਪੂਰੀ ਕਰਕੇ ਆਪਣੀ ਉਮਰ ਦੇ 20ਵੇਂ ਸਾਲ ਵਿਚ ਦਿੱਲੀ ਚਲਾ ਗਿਆ ਸਾਂ| ਉਦੋਂ ਅਸੀਂ ਇੱਕ ਦੂਜੇ ਨਾਲ ਸ਼ਰਤਾਂ ਲਾ ਕੇ ਕੁਤਬ ਮੀਨਾਰ ਦੀਆਂ ਮੰਜ਼ਿਲਾਂ ਚੜ੍ਹ ਜਾਂਦੇ ਸਾਂ| ਦੁਬਈ ਵਾਲਾ ਬੁਰਜ ਖਲੀਫਾ ਵੇਖਣ ਦਾ ਸਬੱਬ ਮੇਰੇ ਜਾਣੂ ਸੁਰਿੰਦਰਪਾਲ ਸਿੰਘ ਓਬਰਾਇ ਸਦਕਾ ਬਣਿਆ ਜਿਹੜਾ ਉੱਥੇ ਸਮੁੰਦਰ ਵਿਚ ਇਮਾਰਤਾਂ ਬਣਾਉਣ ਦਾ ਠੇਕੇਦਾਰ ਹੈ| ਨਿਸ਼ਚੇ ਹੀ ਬੁਰਜ ਖਲੀਫਾ ਵੇਖਣ ਵਾਲਿਆਂ ਲਈ ਲਿਫਟਾਂ ਵੀ ਹਨ ਤੇ ਵੱਖ-ਵੱਖ ਮੰਜ਼ਿਲਾਂ ਉੱਤੇ ਖਾਣ-ਪੀਣ ਦਾ ਪ੍ਰਬੰਧ ਵੀ ਹੈ|
ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਕੁਤਬ ਮੀਨਾਰ ਦੀ ਕੁੱਲ ਉਚਾਈ 238 ਫੁੱਟ ਹੈ ਜਿਸਦੀ ਉਸਾਰੀ ਵਿਚ ਤਿੰਨ ਹਾਕਮਾਂ ਦਾ ਯੋਗਦਾਨ ਹੈ ਪਰ 2717 ਫੁੱਟ ਉੱਚੀ ਬੁਰਜ ਖਲੀਫਾ ਬਹੁਤ ਥੋੜ੍ਹੇ ਸਮੇਂ ਵਿਚ ਕੇਵਲ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਦੇਖ-ਰੇਖ ਹੇਠ ਉਸਾਰੀ ਗਈ ਸੀ| ਸਾਊਦੀ ਅਰਬ ਵਾਲਾ ਜੇਡਾਹ ਟਾਵਰ ਕਦੋਂ ਬਣਦਾ ਹੈ ਸਮੇਂ ਨੇ ਦੱਸਣਾ ਹੈ| ਉਂਝ ਇਹ ਵਾਲੇ ਸਾਰੇ ਕਰਤਵ ਮਨੁੱਖੀ ਅਕਲ ਤੇ ਮਾਨਵੀ ਚਮਤਕਾਰਾਂ ਨੂੰ ਉਜਾਗਰ ਕਰਦੇ ਹਨ|
ਏਸ ਵਾਰੀ ਦੀ ਮਹਿਫ਼ਲ ਵਿਚ ਮਹਿਫ਼ਲ ਨਾਲੋਂ ਮੇਰਾ ਧਿਆਨ ਕੁਤਬ ਮੀਨਾਰ ਵੱਲ ਜਾਣ ਦਾ ਕਾਰਨ ਇਹ ਹੈ ਕਿ 2025 ਦੇ ਅੱਧ ਵਿਚ ਦੁਬਈ ਵਾਲਾ ਬੁਰਜ ਖਲੀਫਾ ਵੇਖ ਕੇ ਆਇਆ ਹਾਂ ਜਿਹੜਾ ਕੁਤਬ ਮੀਨਾਰ ਨਾਲੋਂ ਗਿਆਰਾਂ ਗੁਣਾ ਉੱਚਾ ਹੈ| ਪੜ੍ਹੋ ਤੇ ਜਾਣੋ!
ਅੰਤਿਕਾ
ਲੋਕਬਾਣੀ॥
ਉੱਚੇ ਖੜ੍ਹ ਕੇ ਗੁਰਾਂ ਨੇ ਤੀਰ ਮਾਰਿਆ
ਧਰਤੀ ਨੂੰ ਭਾਗ ਲੱਗ ਗਏ|