ਹਿੰਦੋਸਤਾਨ-ਪਾਕਿਸਤਾਨ ਦੀ ਵੰਡ ਅਤੇ ਉਸ ਪਿਛੋਂ ਬੰਗਲਾ ਦੇਸ਼ ਬਣਨ ਸਮੇਂ ਦੀ ਦਹਿਸ਼ਤ ਅਖੰਡ ਭਾਰਤ ਦੇ ਲੋਕ ਅੱਜ ਤੱਕ ਵੀ ਆਪਣੇ ਮਨਾਂ ਵਿਚੋਂ ਕੱਢ ਨਹੀਂ ਸਕੇ। ਇਸ ਦਹਿਸ਼ਤ ਨੇ ਬਥੇਰੇ ਲੋਕਾਂ ਦੀ ਜ਼ੁਬਾਨ ਠਾਕ ਦਿੱਤੀ ਅਤੇ ਬਥੇਰਿਆਂ ਦੇ ਕੰਨ ਸੀ ਦਿੱਤੇ। ਅਮਰੀਕਾ ਵਿਚ 9/11 ਦਾ ਵਰਤਾਰਾ ਵੀ ਕੁਝ ਅਜਿਹੀ ਹੀ ਦਹਿਸ਼ਤ ਲੈ ਕੇ ਲੋਕਾਂ ਉਤੇ ਨਾਜ਼ਲ ਹੋਇਆ। ਦਹਿਸ਼ਤ ਇਨਸਾਨ ਉਤੇ ਕੀ ਕਹਿਰ ਢਾਹੁੰਦੀ ਹੈ, ਇਹੋ ਜਾਹਰ ਕਰਦੀ ਹੈ ਮੁਮਤਾਜ਼ ਹੁਸੈਨ ਦੀ ਇਹ ਕਹਾਣੀ। -ਸੰਪਾਦਕ
ਨਿਊ ਯਾਰਕ ਵਿਚ ਵਸਦੇ ਮੁਮਤਾਜ਼ ਹੁਸੈਨ ਦਾ ਜਨਮ 1954 ਵਿਚ ਝੰਗ (ਪਾਕਿਸਤਾਨ) ਵਿਚ ਹੋਇਆ। ਉਸ ਦੇ ਉਰਦੂ ਅਫਸਾਨਿਆਂ ਦੇ ਦੋ ਸੰਗ੍ਰਹਿ ‘ਗੋਲ ਐਨਕ ਕੇ ਪੀਛੇ’, ‘ਲਫਜ਼ੋਂ ਮੇਂ ਤਸਵੀਰੇਂ’ (ਹਰੇਕ ਕਹਾਣੀ ਨਾਲ ਉਸ ਦੀ ਆਪਣੀ ਇਕ ਪੇਂਟਿੰਗ) ਪ੍ਰਕਾਸ਼ਿਤ ਹੋ ਚੁਕੇ ਹਨ। ਅੰਗਰੇਜ਼ੀ ਵਿਚ ‘ਪੋਰਟਰੇਟ ਆਫ ਵਰਡਜ਼’ (ਹਰੇਕ ਕਹਾਣੀ ਨਾਲ ਉਸ ਦੀ ਆਪਣੀ ਇਕ ਪੇਂਟਿੰਗ) ਕਹਾਣੀ ਸੰਗ੍ਰਹਿ ਛਪਿਆ। ਚਿੱਤਰਕਾਰ ਹੋਣ ਦੇ ਨਾਲ ਨਾਲ ਉਹ ਇਨਾਮ-ਯਾਫਤਾ ਫਿਲਮਸਾਜ਼ ਵੀ ਹੈ। ਉਸ ਨੇ ‘ਬਟਰਫਲਾਈ ਸਕਰੀਮਜ਼’ (ਲਘੂ ਫਿਲਮ), ਗ਼ੁਲਾਮ ਅੱਬਾਸ ਦੀ ਕਹਾਣੀ ‘ਓਵਰ ਕੋਟ’ ਉਪਰ ਟੈਲੀ ਫਿਲਮ ‘ਪੁਸ਼ ਬਟਨ ਫਾਰ’, ਜਲਾਲੂਦੀਨ ਰੂਮੀ ਦੀ ਫਿਲਾਸਫੀ ਨੂੰ ਪੇਸ਼ ਕਰਦੀ ਟੈਲੀ ਫਿਲਮ ‘ਇਨਸਾਈਡ ਯੂ’ ਅਤੇ ਸਿੰਧੂ ਘਾਟੀ ਦੀ ਸਭਿਅਤਾ ਬਾਰੇ ਦਸਤਾਵੇਜ਼ੀ ਫਿਲਮ ‘ਸੋਲ ਆਫ ਸਿਵਲਾਈਜ਼ੇਸ਼ਨ’ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਉਸ ਦੀ ਲਿਖੀ, ਨਿਰਦੇਸ਼ਿਤ ਅਤੇ ਨਿਰਮਿਤ ਇੰਗਲਿਸ਼ ਫੀਚਰ ਫਿਲਮ Aਰਟ=(æੋਵe)2 ਕਈ ਮੁਲਕਾਂ ਦੇ ਫਿਲਮ-ਮੇਲਿਆਂ ਵਿਚ ਅਨੇਕ ਇਨਾਮ ਹਾਸਿਲ ਕਰ ਚੁੱਕੀ ਹੈ। ਵੱਖ ਵੱਖ ਸਮਿਆਂ ਵਿਚ ਵਾਪਰੇ ਤਿੰਨ ਵੱਡੇ ਦੁਖਾਂਤਾਂ ਨੂੰ ਸਮੇਂ ਦੇ ਇਕੋ ਛਿਣ ਵਿਚ ਦੀ ਪੇਸ਼ ਕਰਦੀ ਉਸ ਦੀ ਕਹਾਣੀ ‘ਗਲੇ ‘ਚ ਗੰਢ੍ਹ ਕੰਨ ਵਿਚ ਤੇਲ’ ਫਿਲਮ ਵਾਂਗ ਹੀ ਪਰਦੇ ‘ਤੇ ਚਲਦੀ ਪਾਠਕ ਨੂੰ ਦਰਸ਼ਕ ਵਾਂਗ ਦਿਖਾਈ ਦਿੰਦੀ ਹੈ।
-ਮੁਮਤਾਜ਼ ਹੁਸੈਨ
ਆਖਦੇ ਨੇ, ਮੈਨਹਟਨ ਅਜਿਹਾ ਟਾਪੂ ਹੈ, ਜਿਸ ‘ਤੇ ਦੁਨੀਆਂ ਦੇ ਹਰ ਕੋਨੇ ਦਾ ਆਦਮੀ ਤੁਹਾਨੂੰ ਮਿਲ ਜਾਂਦਾ ਹੈ। ਇਸ ਛੋਟੇ ਜਿਹੇ ਟਾਪੂ ਨੂੰ ਪੁਲਾਂ ਅਤੇ ਸੁਰੰਗਾਂ ਨੇ ਸੂਬੇ ਦੇ ਬਾਕੀ ਸ਼ਹਿਰਾਂ ਨਾਲ ਜੋੜਿਆ ਹੋਇਆ ਹੈ।
ਸਵੇਰ ਵੇਲੇ ਤਾਂ ਬਸ ਇੰਜ ਹੁੰਦਾ ਹੈ ਕਿ ਟਾਪੂ ਦੀਆਂ ਸੜਕਾਂ ਉਤੇ ਪੀਲੀਆਂ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ, ਜਿਵੇਂ ਪੀਲੇ ਰੰਗ ਦੀਆਂ ਕੀੜੀਆਂ ਆਪਣੇ ਖਾਣ ਦੇ ਬੰਦੋਬਸਤ ਵਿਚ ਇਕ ਜਗ੍ਹਾ ਤੋਂ ਸਾਮਾਨ ਚੁੱਕ ਕੇ ਦੂਸਰੀ ਜਗ੍ਹਾ ਉਤਾਰ ਰਹੀਆਂ ਹੋਣ। ਸੜਕਾਂ ਦੇ ਕਿਨਾਰੇ ਛੋਟੇ ਚਾਹ-ਕੌਫੀ ਦੇ ਕਨੱਸਰੀ-ਨੁਮਾ ਝੌਂਪੜਿਆਂ ‘ਤੇ ਲੱਗੀਆਂ ਲੰਬੀਆਂ ਕਤਾਰਾਂ। ਲੋਕ ਆਪਣੇ ਨਾਸ਼ਤੇ ਦੇ ਖ਼ਾਕੀ ਲਿਫਾਫਿਆਂ ਨੂੰ ਝਪਟਣ ਵਿਚ ਇੰਜ ਤੇਜ਼ੀ ਦਿਖਾ ਰਹੇ ਹੁੰਦੇ ਨੇ ਜਿਵੇਂ ਉਨ੍ਹਾਂ ਦੀ ਗੱਡੀ ਛੁੱਟਣ ਵਾਲੀ ਹੈ ਜਾਂ ਰਾਤੀਂ ਵਿਚਾਰਿਆਂ ਨੇ ਖਾਣਾ ਨਹੀਂ ਖਾਧਾ।
ਹਰ ਜਗ੍ਹਾ ਕੋਈ ਨਾ ਕੋਈ ਕਤਾਰ ਲੱਗੀ ਨਜ਼ਰ ਆਵੇਗੀ। ਟਰੇਨ ਸਟੇਸ਼ਨਾਂ ‘ਤੇ ਟਿਕਟ ਖਰੀਦਣ ਵਾਲਿਆਂ ਦੀ, ਬੱਸਾਂ ਵਿਚ ਸਵਾਰ ਹੋਣ ਵਾਲਿਆਂ ਦੀ ਅਤੇ ਸਿਨਮਾਂ-ਘਰਾਂ ਤੇ ਥਿਏਟਰ ਕੰਪਨੀਆਂ ਦੇ ਬਾਹਰ ਫਿਲਮਾਂ ਤੇ ਨਾਟਕ ਦੇਖਣ ਵਾਲਿਆਂ ਦੀ।
ਇਸ ਤਰ੍ਹਾਂ ਟਾਪੂ ‘ਤੇ ਵਿਛੇ ਸੜਕਾਂ ਦੇ ਜਾਲ ਦੀਆਂ ਕਤਾਰਾਂ ਤੋਂ ਇੰਜ ਲਗਦਾ ਹੈ ਜਿਵੇਂ ਕੋਈ ਜੁਲਾਹਾ ਖੱਡੀ ‘ਤੇ ਬੈਠਾ ਇਨਸਾਨੀ ਧਾਗਿਆਂ ਦੀਆਂ ਤਾਰਾਂ ਦੀਆਂ ਕਤਾਰਾਂ ਨੂੰ ਦੂਸਰੀਆਂ ਕਤਾਰਾਂ ਵਿਚ ਜੋੜਦਾ ਜਾਂਦਾ ਹੈ। ਜਦ ਉਹ ਖੱਡੀ ‘ਤੇ ਲੱਗੇ ਹੈਂਡਲ ਨੂੰ ਥੱਲੇ ਨੂੰ ਖਿੱਚਦਾ ਹੈ ਤਾਂ ਤਾਰਾਂ ਦੀਆਂ ਕਤਾਰਾਂ ਵਿਚ ਹਰ ਇਨਸਾਨ ਕਿਸੇ ਸ਼ਟਲ ਵਾਂਗ ‘ਖਟ ਨਲੀ ਖਟ ਤਾਰ’ ਦੀ ਆਵਾਜ਼ ਨਾਲ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਦੌੜਦਾ, ਜ਼ਿੰਦਗੀ ਦੀ ਚਾਦਰ ਬੁਣਨ ਦੀ ਕੋਸ਼ਿਸ਼ ਵਿਚ ਜੁਟਿਆ ਹੈ।
ਬਸ ਇਕ ਜਗ੍ਹਾ ਅਜਿਹੀ ਹੈ, ਜਿੱਥੇ ਬਾ-ਕਤਾਰ ਰੇਂਗਦੀਆਂ ਕੀੜੀਆਂ ਵਾਲਾ ਇਹ ਕਾਨੂੰਨ ਪਾਗਲ ਮੱਖੀਆਂ ਦੇ ਝੁੰਡ ਵਿਚ ਬਦਲ ਜਾਂਦਾ ਹੈ, ਉਹ ਹੈ ਰੇਲ-ਗੱਡੀ ਦਾ ਦਰਵਾਜ਼ਾ। ਜਦ ਇਹ ਆਟੋਮੈਟਿਕ ਦਰਵਾਜ਼ਾ ‘ਟੁੰæææਨ ਥੜੰਕ’ ਦੀ ਆਵਾਜ਼ ਨਾਲ ਖੁੱਲ੍ਹਦਾ ਹੈ ਤਾਂ ਇਹ ਇਨਸਾਨੀ ਮੱਖੀਆਂ ਦਾ ਝੁੰਡ ਦਰਵਾਜ਼ੇ ‘ਤੇ ਇੰਜ ਝਪਟਦਾ ਹੈ, ਜਿਵੇਂ ਹਲਵਾਈ ਨੇ ਗੁਲਾਬ ਜਾਮਣ ਨੂੰ ਸ਼ੀਰੇ ਵਿਚ ਡੁਬੋ ਕੇ ਕੱਢਿਆ ਹੋਵੇ। ਟਰੇਨ ‘ਚੋਂ ਬਾਹਰ ਨਿਕਲਣ ਵਾਲੇ ਮੁਸਾਫਿਰਾਂ ਦੀ ਹਾਲਤ ਇੰਜ ਹੁੰਦੀ ਹੈ, ਜਿਵੇਂ ਲੋਕ ਸ਼ਾਦੀ ਵਿਚ ਮੁਰਗੇ ਦੀ ਲੱਤ ਨਾਲ ਲੱਗੇ ਮਾਸ ਨੂੰ ਚਰੂੰਡਣ ਮਗਰੋਂ ਹੱਡੀ ਵਗਾਹ ਕੇ ਪਰ੍ਹਾਂ ਮਾਰਦੇ ਹਨ। ਉਸ ਦਿਨ ਇਸੇ ਤਰ੍ਹਾਂ ਦੀ ਧੱਕੇ-ਮੁੱਕੀ ਵਿਚ ਦੋ ਦੇਸੀ ਇੰਜ ਟਰੇਨ ਦੇ ਦਰਵਾਜ਼ੇ ਵਿਚੋਂ ਬਾਹਰ ਡਿੱਗੇ, ਜਿਵੇਂ ਉਨ੍ਹਾਂ ਨੂੰ ਪਿੱਛਿਓਂ ਸਣੇ ਜੁੱਤੀ ਕਿਸੇ ਨੇ ਜ਼ੋਰ ਨਾਲ ਪੈਰ ਮਾਰਿਆ ਹੋਵੇ, ਜਿਵੇਂ ਮੋਟਾ ਸੇਠ ਕਿਸੇ ਗਰੀਬ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਮਾਰਦਾ ਹੈ।
ਇਨ੍ਹਾਂ ਵਿਚੋਂ ਇਕ ਵੱਡੀ ਉਮਰ ਦਾ ਬਜ਼ੁਰਗ ਸੀ, ਜਿਸ ਦੇ ਕੰਨਾਂ ਵਿਚ ਉਚਾ ਸੁਣਨ ਵਾਲੀ ਦਕੀਆਨੂਸ ਮਸ਼ੀਨ ਸੀ, ਜਿਸ ਦੀ ਤਾਰ ਉਸ ਦੀ ਜੈਕਟ ਅੰਦਰ ਕਮੀਜ਼ ਅਤੇ ਬੁਨੈਣ ਦੇ ਦਰਮਿਆਨ ਪਹਿਨੀ ਕੁੜਤੀ ਦੀ ਸੱਜੀ ਜੇਬ੍ਹ ਵਿਚ ਰੱਖੀ ਹੋਈ ਛੋਟੀ ਜਿਹੀ ਬੈਟਰੀ ਵਾਲੀ ਡੱਬੀ ਨਾਲ ਜੁੜੀ ਹੋਈ ਸੀ। ਉਹ ਬਜ਼ੁਰਗ ਡਿੱਗਿਆ। ਕੁਝ ਗ਼ਜ਼ਾਂ ਦੇ ਫਾਸਲੇ ‘ਤੇ ਉਸ ਦੀ ਦਕੀਆਨੂਸ ਮਸ਼ੀਨ ਜਾ ਡਿੱਗੀ। ਉਸ ਦੇ ਬਰਾਬਰ ਇਕ ਦੇਸੀ ਜਵਾਨ, ਪਿੱਠ ਦੇ ਭਾਰ ਏਦਾਂ ਡਿੱਗਿਆ, ਜਿੱਦਾਂ ਆਰਾਮ ਨਾਲ ਹੈਲੀਕਾਪਟਰ ‘ਲੈਂਡ’ ਕਰਦਾ ਹੈ।
ਬਜ਼ੁਰਗ ਨੇ ਮੁੰਡੇ ਵੱਲ ਗੁੱਸੇ ਨਾਲ ਘੂਰ ਕੇ ਉਚੀ ਆਵਾਜ਼ ਵਿਚ ਇੰਜ ਕਿਹਾ ਜਿਵੇਂ ਉਸ ਵਾਂਗ ਮੁੰਡੇ ਨੂੰ ਵੀ ਉਚਾ ਜਾਂ ਬਿਲਕੁਲ ਹੀ ਨਾ ਸੁਣਦਾ ਹੋਵੇ। ਦੋ ਉਂਗਲੀਆਂ ਦਾ ਨਿਸ਼ਾਨਾ ਆਪਣੀਆਂ ਅੱਖਾਂ ਨੂੰ ਬਣਾ ਕੇ ਉਹ ਚੀਕਿਆ, ‘ਦਿਖਾਈ ਨਈਂ ਦਿੰਦਾ?’
ਮੁੰਡੇ ਨੇ ਜਵਾਬ ਦੇਣ ਦੀ ਥਾਂ ‘ਨਾਂਹ’ ਵਿਚ ਸਿਰ ਹਿਲਾਇਆ।
ਬੁੱਢਾ ਹੋਰ ਨਾਰਾਜ਼ ਹੋ ਗਿਆ, ‘ਬੜਾ ਢੀਠ ਐਂ।’
ਬਜ਼ੁਰਗ ਨੇ ਮਸ਼ੀਨ ਸੰਭਾਲੀ, ਮੁੰਡੇ ਨੇ ਆਪਣਾ ਹੱਥ ਅੱਗੇ ਵਧਾਇਆ। ਬਜ਼ੁਰਗ ਨੇ ਸਮਝਿਆ ਮੁੰਡਾ ਉਸ ਨੂੰ ਉਠਾਲਣ ਲਈ ਮਦਦ ਕਰਨੀ ਚਾਹੁੰਦਾ ਹੈ ਜਾਂ ਹੱਥ ਮਿਲਾਉਣਾ ਚਾਹੁੰਦਾ ਹੈ। ਬਜ਼ਰੁਗ ਦੇ ਰੌਂਅ ਵਿਚਲੀ ਤਲਖ਼ੀ ਕੁਝ ਘਟ ਗਈ, ‘ਥੋੜੀ ਬਹੁਤ ਸ਼ਰਮ-ਹਯਾ ਤਾਂ ਹੈ ਇਹਦੇ ਵਿਚ। ਲਗਦੈ ਦੇਸੀ ਐ।’
ਉਸ ਨੇ ਵੀ ਮਿਲਾਉਣ ਲਈ ਹੱਥ ਅੱਗੇ ਵਧਾ ਦਿੱਤਾ। ਮੁੰਡੇ ਨੇ ਬਜਾਏ ਹੱਥ ਮਿਲਾਉਣ ਦੇ, ਉਸ ਦੀ ਬਾਂਹ ਫੜ੍ਹ ਲਈ। ਕਮੀਜ਼ ਦੇ ਕਫ ਨੂੰ ਲਪੇਟ ਕੇ ਬਾਂਹ ਨੰਗੀ ਕਰ ਦਿੱਤੀ ਅਤੇ ਆਪਣੀ ਉਂਗਲੀ ਨਾਲ ਬਾਂਹ ‘ਤੇ ਹੌਲੀ ਲਿਖਣ ਦਾ ਯਤਨ ਕੀਤਾ-ਡੂ ਯੂ ਨੋ ਇੰਗਲਿਸ਼?
ਬਜ਼ੁਰਗ ਨੇ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕਿਹਾ, ‘ਥੋੜ੍ਹੀ ਥੋੜ੍ਹੀ। ਪਰ ਉਰਦੂ-ਹਿੰਦੀ ਆਉਂਦੀ ਐ।’
ਮੁੰਡੇ ਨੇ ਫਿਰ ਬਾਂਹ ‘ਤੇ ਲਿਖਿਆ, ‘ਮੈਨੂੰ ਵੀ ਉਰਦੂ ਥੋੜ੍ਹੀ ਥੋੜ੍ਹੀ ਆਉਂਦੀ ਐ।’
ਬਜ਼ੁਰਗ ਖ਼ੁਸ਼ ਹੋ ਗਿਆ। ਬਾਂਹ ਛੁਡਾ ਕੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਕਿਹਾ, ‘ਮੈਂ ਇੰਡੀਆ ਤੋਂ ਆਂ। ਉਰਦੂ-ਹਿੰਦੀ ਲਿਖ ਵੀ ਲੈਨਾਂ ਤੇ ਬੋਲ ਵੀ ਲੈਨਾਂ।’
ਜਵਾਨ ਨੇ ਫਿਰ ਉਸ ਦੀ ਬਾਂਹ ‘ਤੇ ਲਿਖਿਆ, ‘ਮੈਂ ਬੰਗਲਾ ਦੇਸ਼ ਤੋਂ ਹਾਂ।’
ਬਜ਼ੁਰਗ ਨੇ ਆਪਣੀ ਬਾਂਹ ‘ਤੇ ਖਾਜ ਕੀਤੀ ਅਤੇ ਝੁਣਝੁਣੀ ਲਈ। ਉਸ ਨੂੰ ਕੁਤਕਤਾਰੀਆਂ ਨਿਕਲੀਆਂ ਸਨ। ਬੰਗਾਲੀ ਨੇ ਮੁਸਕਰਾ ਕੇ ਬਾਂਹ ‘ਤੇ ਲਿਖਿਆ, ‘ਮੈਂ ਬੋਲ ਨਹੀਂ ਸਕਦਾ।’
ਇਕਦਮ ਬਜ਼ੁਰਗ ਮੁੰਡੇ ਦੇ ਚਿਹਰੇ ਨੂੰ ਅੰਦਾਜ਼ਾ ਲਾਉਣ ਲਈ ਦੇਖਣ ਲੱਗ ਪਿਆ। ਬੰਗਾਲੀ ਨੇ ਆਪਣੇ ਬੁੱਲ੍ਹਾਂ ‘ਤੇ ਉਂਗਲਾਂ ਰੱਖੀਆਂ ਅਤੇ ਹੱਥ ਨੂੰ ਡੁੱਗ-ਡੁੱਗੀ ਬਣਾ ਕੇ ਘੁੰਮਾਇਆ। ਬਜ਼ਰੁਗ ਬੁੜਬੜਾਇਆ, ‘ਹਾਏ ਕਿੰਨਾ ਸੋਹਣਾ ਗੱਭਰੂ ਐ, ਵਿਚਾਰਾ ਗੂੰਗਾ ਐ।’
ਬੰਗਾਲੀ ਮੁੰਡਾ ਉਸੇ ਜਜ਼ਬੇ ਨਾਲ ਬਜ਼ੁਰਗ ਨੂੰ ਦੇਖਣ ਲੱਗ ਪਿਆ, ਬਜ਼ੁਰਗੀ ਨੇ ਉਸ ਤੋਂ ਸੁਣਨ ਦੀ ਤਾਕਤ ਖੋਹ ਲਈ ਹੈ।
ਦੋਹਾਂ ਦੇ ਦਿਲਾਂ ਵਿਚ ਇਕ ਦੂਸਰੇ ਲਈ ਹਮਦਰਦੀ ਪੈਦਾ ਹੋ ਗਈ। ਦੋਵੇਂ ਕੁਝ ਪਲ ਇਕ ਦੂਸਰੇ ਨੂੰ ਦੇਖਦੇ ਰਹੇ। ਬਜ਼ੁਰਗ ਨੂੰ ਖ਼ਿਆਲ ਹੀ ਨਾ ਰਿਹਾ ਕਿ ਉਸ ਨੇ ਕੰਨ ਵਿਚ ਮਸ਼ੀਨ ਲਾਉਣੀ ਹੈ। ਸਗੋਂ ਬੈਟਰੀ ਦਾ ਬਟਨ ਬੰਦ ਕਰਕੇ ਉਸ ਨੇ ਮਸ਼ੀਨ ਜੇਬ੍ਹ ਵਿਚ ਪਾ ਲਈ ਤੇ ਸੋਚਣ ਲੱਗਾ, ਇਹ ਕਿਹੋ ਜਿਹਾ ਮਿਲਾਪ ਹੈ? ਇਹ ਬੋਲ ਨਹੀਂ ਸਕਦਾ, ਮੈਂ ਸੁਣ ਨਹੀਂ ਸਕਦਾ।
ਦੋਹਾਂ ਨੇ ਹੀਣਤਾ ਦੇ ਅਹਿਸਾਸ ਦੇ ਦਰਵਾਜ਼ੇ ਬੰਦ ਕਰ ਲਏ। ਬੇਖ਼ੁਦੀ ਵਿਚ ਦੋਵੇਂ ਹੱਸਣ ਲੱਗ ਪਏ। ਹੱਸਦੇ ਹੋਏ ਮੁੰਡੇ ਨੇ ‘ਸਲੋ ਮੋਸ਼ਨ’ ਵਿਚ ਆਪਣੇ ਡਿੱਗਣ ਦੀ ਨਕਲ ਕਰਕੇ ਦਿਖਾਇਆ। ਦੋਵੇਂ ਟਰੇਨ ਸਟੇਸ਼ਨ ਤੋਂ ਨਿਕਲੇ। ਡਾਊਨ ਟਾਊਨ ਦੇ ‘ਫਾਈਨੈਂਸ਼ਲ ਡਿਸਟ੍ਰਿਕਟ’ ਦੇ ਇਕ ਬਗ਼ੀਚੇ ਵਿਚ ਬੈਠ ਕੇ ‘ਗੱਲੀਂ ਜੁੱਟ’ ਗਏ। ਜਿਵੇਂ ਦੋਵੇਂ ਇਕ ਦੂਜੇ ਦੀਆਂ ਜਜ਼ਬਾਤੀ, ਮਾਨਸਿਕ ਜ਼ਰੂਰਤਾਂ ਪੂਰੀਆਂ ਕਰ ਰਹੇ ਹੋਣ। ਦੋਹਾਂ ਨੇ ਆਪਣੀ ਜਾਣ-ਪਹਿਚਾਣ ਕਰਵਾਈ।
ਬਜ਼ਰੁਗ ਦਾ ਨਾਮ ਜਰਨੈਲ ਸਿੰਘ ਸੀ। ਉਹ ਹਿੰਦੋਸਤਾਨ ਦੇ ਲੁਧਿਆਣੇ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਦਾ ਕਿਸਾਨ ਸੀ। ਉਸ ਦੀ ਘਰਵਾਲੀ ਮਰ ਚੁੱਕੀ ਸੀ। ਉਹ ਆਪਣੇ ਪੁੱਤਰ ਤੇ ਨੂੰਹ ਨਾਲ ਇਕ ਬੈਡਰੂਮ ਦੇ ਅਪਾਰਟਮੈਂਟ ਵਿਚ ਬਰੁੱਕਲਿਨ ਰਹਿੰਦਾ ਸੀ।
ਨੂੰਹ-ਬੇਟਾ ਜੌਬ ਕਰਦੇ ਸਨ। ਜਰਨੈਲ ਸਿੰਘ ਸਾਰਾ ਦਿਨ ਇਕੱਲਾ ਗੁਜ਼ਾਰਦਾ ਸੀ। ਇਸੇ ਕਰਕੇ ਉਸ ਦਾ ਦਿਲ ਇਨਸਾਨਾਂ ਦੇ ਜੰਗਲ ਵਿਚ ਨਹੀਂ ਸੀ ਲਗਦਾ। ਉਹ ਆਪਣਾ ਪਿੰਡ ਯਾਦ ਕਰਦਾ। ਪਿੰਡ ਦੀਆਂ ਪੈਲੀਆਂ, ਲਹਿਲਹਾਉਂਦੇ ਖੇਤ-ਖਲਿਆਣ ਰੌਣਕੀਲੇ ਲੱਗਦੇ ਸਨ, ਬੰਦਿਆਂ ਨਾਲ ਭਰਿਆ ਇਹ ਸ਼ਹਿਰ ਵੀਰਾਨ ਜੰਗਲ। ਦਿਲ ਪਰਚਾਵੇ ਲਈ ਛੋਟੇ-ਮੋਟੇ ਕੰਮ ਦੀ ਤਲਾਸ਼ ਵਿਚ ਉਹ ਘਰੋਂ ਨਿਕਲਿਆ ਸੀ।
ਬੰਗਾਲੀ ਮੁੰਡੇ ਦਾ ਨਾਮ ਨਜ਼ਰੁਲ ਇਸਲਾਮ ਸੀ। ਉਹ ਸਿਲਟ ਦੇ ਪਿੰਡ ਤੋਂ ਸੀ। ਇਸ ਛੋਟੇ ਜਿਹੇ ਪਿੰਡ ਵਿਚ ਸਕੂਲ ਤਾਂ ਸੀ, ਪਰ ਕੋਈ ਅਜਿਹਾ ਅਦਾਰਾ ਨਹੀਂ ਸੀ, ਜਿਥੇ ਉਹ ਇਸ਼ਾਰਿਆਂ ਦੀ ਜ਼ੁਬਾਨ ਸਿੱਖ ਸਕੇ। ਸੁਣ ਤਾਂ ਲੈਂਦਾ ਸੀ, ਪਰ ਬੋਲ ਨਹੀਂ ਸੀ ਸਕਦਾ। ਲਿਖਣ-ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਉਹ ਵੀ ਕੰਮ ਲੱਭਣ ਲਈ ਹੀ ਘਰੋਂ ਨਿਕਲਿਆ ਸੀ।
ਪੀਲੀ ਟੈਕਸੀ ਚਲਾਉਣ ਦੀ ਨਜ਼ਰੁਲ ਇਸਲਾਮ ਦੀ ਬਹੁਤ ਤਮੰਨਾ ਸੀ ਕਿਉਂਕਿ ਉਸ ਦੇ ਸਾਰੇ ਵਾਕਿਫ ਟੈਕਸੀ ਚਲਾ ਕੇ ਚੰਗਾ ਗੁਜ਼ਾਰਾ ਕਰ ਰਹੇ ਸਨ। ਉਸ ਨੇ ਕਈ ਸਟੋਰਾਂ ‘ਤੇ ਕੰਮ ਕੀਤਾ ਪਰ ਗੂੰਗੇਪਨ ਕਾਰਨ ਛੇਤੀ ਹੀ ਨੌਕਰੀ ਤੋਂ ਵਿਹਲਾ ਹੋ ਜਾਂਦਾ। ਉਹਦਾ ਵਿਚਾਰ ਫਲਾਂ ਦੀ ਰੇੜ੍ਹੀ ਲਾਉਣ ਦਾ ਸੀ ਪਰ ਸਿਟੀ ਦੇ ਹੈਲਥ ਡਿਪਾਰਟਮੈਂਟ ਤੇ ਮੈਂਟਲ ਹਾਈਜੀਅਨ ਤੋਂ ਫਲਾਂ ਦੀ ਰੇੜ੍ਹੀ ਦਾ ਲਾਈਸੈਂਸ ਮਿਲਣ ਦੀਆਂ ਸ਼ਰਤਾਂ ਦੇ ਰਾਹ ਵਿਚ ਨਕਾਰਾ ਜ਼ੁਬਾਨ ਰੋੜਾ ਬਣ ਰਹੀ ਸੀ।
ਜਰਨੈਲ ਸਿੰਘ ਨੇ ਸਲਾਹ ਦਿੱਤੀ, ‘ਜੀਭ ‘ਤੇ ਜੋਕਾਂ ਲਵਾ ਲੈ। ਜੀਭ ਵਿਚ ਜੋ ਬੁਰਾ ਕਹਿਣ ਦਾ ਬੁਰਾ ਖ਼ੂਨ ਹੈ, ਉਹ ਜੋਕਾਂ ਚੂਸ ਲੈਣਗੀਆਂ ਤੇ ਤੂੰ ਠੀਕ ਹੋ ਜਾਏਂਗਾ।’
ਨਜ਼ਰੁਲ ਇਸਲਾਮ ਨੇ ਵੀ ਬਾਂਹ ‘ਤੇ ਲਿਖ ਕੇ ਮਸ਼ਵਰਾ ਦਿੱਤਾ, ‘ਕੰਨਾਂ ਕੋਲ ਸੋਨੇ ਦੇ ਢੋਲ ਵਜਵਾ। ਕੰਨਾਂ ਵਿਚ ਜਿਹੜਾ ਕੰਨ-ਖਜੂਰਾ ਵੜਿਆ ਹੋਇਐ, ਬਾਹਰ ਨਿਕਲ ਆਵੇਗਾ ਤੇ ਤੂੰ ਸੁਣਨ ਲੱਗ ਪਵੇਂਗਾ।’
ਦੋਵੇਂ ਪਾਗਲਾਂ ਵਾਂਗ ਹੱਸਦੇ ਹੱਸਦੇ ਬੇਹਾਲ ਹੋ ਗਏ।
ਨਜ਼ਰੁਲ ਇਸਲਾਮ ਨੇ ਸਲਾਹ ਦਿੱਤੀ, ‘ਨਾ ਤਾਂ ਏਥੇ ਜੋਕਾਂ ਲਾਉਣ ਵਾਲੇ ਵਸਦੇ ਐ, ਨਾ ਹੀ ਉਹ ਸੁਨਿਆਰੇ ਨੇ ਜਿਹੜੇ ਸੋਨੇ ਦਾ ਢੋਲ ਘੜਦੇ ਹੋਣ। ਇੰਜ ਕਰਦੇ ਆਂ ਦੋਵੇਂ ਮਿਲ ਕੇ ਕੋਹਲੂ ਖ਼ਰੀਦਦੇ ਆਂ।’
ਜਰਨੈਲ ਸਿੰਘ ਨੇ ਪੁੱਛਿਆ, ‘ਕੋਹਲੂ? ਤੇਲ ਕੱਢਣ ਵਾਲਾ?’ ਕੁਝ ਸੋਚ ਕੇ ਉਸ ਨੇ ਫਿਰ ਪੁੱਛਿਆ, ‘ਕੋਹਲੂ ਨਾਲ ਮੇਰੇ ਕੰਨਾਂ ਵਿਚ ਤੇਲ ਪਾਵੇਂਗਾ?’
ਨਜ਼ਰੁਲ ਇਸਲਾਮ ਨੇ ਫਿਰ ਲਿਖਿਆ, ‘ਨਹੀਂ ਨੌਂ ਮਣ ਤੇਲ ਇਕੱਠਾ ਕਰਾਂਗਾ।’
ਜਰਨੈਲ ਸਿੰਘ ਹੱਸ ਹੱਸ ਕੇ ਲੋਟ-ਪੋਟ ਹੋ ਗਿਆ, ‘ਤਾਂ ਆਪਾਂ ਰਾਧਾ ਦਾ ਨਾਚ ਦੇਖਾਂਗੇ।’
ਹੱਸਦਾ ਹੱਸਦਾ ਜਰਨੈਲ ਸਿੰਘ ਇਕਦਮ ਚੁੱਪ ਹੋ ਗਿਆ। ਫਿਰ ਬੋਲਿਆ, ‘ਰਾਧਾ ਦੇ ਨਾਚ ਲਈ ਨੌਂ ਮਣ ਤੇਲ ਅਤੇ ਤੇਲ ਲਈ ਕੋਹਲੂ।’ ਕੁਝ ਚਿਰ ਚੁੱਪ ਰਹਿ ਕੇ ਫਿਰ ਬੋਲਿਆ, ‘ਕੋਹਲੂ। ਗੱਲ ਤਾਂ ਪਤੇ ਦੀ ਐ। ਮੈਂ ਕੋਹਲੂ ਅੱਗੇ ਜੋਤਿਆ ਹੋਇਆ ਬਲਦ, ਤੂੰ ਮੇਰੇ ਪਿੱਛੇ ਬਲਦ ਹੱਕਣ ਵਾਲ਼ਾ।’
ਨਜ਼ਰੁਲ ਇਸਲਾਮ ਦੇ ਚਿਹਰੇ ‘ਤੇ ਹੈਰਾਨੀ ਦੇ ਭਾਵ ਉਭਰੇ। ਉਸ ਦਾ ਜਵਾਬ ਜਰਨੈਲ ਸਿੰਘ ਨੇ ਦੇ ਦਿੱਤਾ ਅਤੇ ਸਮਝਾਇਆ, ‘ਜਦੋਂ ਆਪਾਂ ਰੇੜ੍ਹੀ ਲਾਉਣ ਵਾਲੀ ਅਰਜ਼ੀ ਲਈ ਜਾਵਾਂਗੇ, ਤੂੰ ਮੇਰੇ ਪਿੱਛੇ ਖੜ੍ਹਾ ਹੋ ਜਾਵੀਂ। ਆਪਣੇ ਹੱਥ ਮੇਰੀ ਕਮੀਜ਼ ਅੰਦਰ। ਮੇਰੀ ਪਿੱਠ ਨੂੰ ਬਲਦ ਦੀ ਪਿੱਠ ਸਮਝ ਲੈਣਾ। ਆਪਣੀ ਉਂਗਲੀ ਨੂੰ ਪਰੈਣੀ ਬਣਾ ਕੇ ਜੋ ਕੁਝ ਸੁਣੇਂ ਲਿਖੀ ਜਾਈਂ। ਮੈਂ ਜਵਾਬ ਦੇਈ ਜਾਵਾਂਗਾ।’
ਨਜ਼ਰੁਲ ਸਲਾਮ ਨੇ ਐਤਕੀਂ ਬਾਂਹ ਦੀ ਥਾਂ ਜਰਨੈਲ ਸਿੰਘ ਦੇ ਲੱਕ ਕੋਲੋਂ ਕਮੀਜ਼ ਦੇ ਅੰਦਰ ਹੱਥ ਪਾ ਕੇ ਲਿਖਿਆ, ‘ਤੇਰੇ ਕੋਲ ਜਿਹੜੀ ਕੰਨ ਦੀ ਮਸ਼ੀਨ ਐ, ਉਸ ਨਾਲ ਤੂੰ ਥੋੜ੍ਹਾ ਬਹੁਤ ਸੁਣ ਤਾਂ ਸਕਦਾ ਏਂ।’
ਜਰਨੈਲ ਸਿੰਘ ਹੱਸਣ ਲੱਗ ਪਿਆ, ‘ਭਾਈ ਇਹ ਮਸ਼ੀਨ ਤਾਂ ਮੈਂ ਇਸ ਲਈ ਲਾਉਂਨਾ ਬਈ ਕੰਨਾਂ ‘ਤੇ ਪਏ ਢੱਕਣ ਅਤੇ ਇਹ ਲਟਕੀ ਹੋਈ ਤਾਰ ਦੇਖ ਕੇ ਲੋਕ ਇਹ ਸਮਝਣ ਜਾਂ ਤਾਂ ਬੁੱਢਾ ਗਾਣੇ ਸੁਣ ਰਿਹੈ ਜਾਂ ਇਹ ਸਮਝਣ ਕਿ ਇਹਨੂੰ ਸੁਣਦਾ ਨਈਂ। ਤਦੇ ਉਹ ਮੈਨੂੰ ਕੁਝ ਨਹੀਂ ਕਹਿੰਦੇ। ਭਾਈ ਮੈਨੂੰ ਬਿਲਕੁਲ ਸੁਣਾਈ ਨਹੀਂ ਦਿੰਦਾ।’
ਨਜ਼ਰੁਲ ਇਸਲਾਮ ਨੇ ਕੁਝ ਇਸ਼ਾਰਿਆਂ ਨਾਲ ਅਤੇ ਕੁਝ ਬਾਂਹ ‘ਤੇ ਲਿਖ ਕੇ ਕਿਹਾ, ‘ਚਲੋ ਪਹਿਲਾਂ ਲਾਈਸੈਂਸ ਲੈਂਦੇ ਆਂ।’
ਦੋਵਾਂ ਨੇ ਆਸ ਭਰੀਆਂ ਨਜ਼ਰਾਂ ਨਾਲ ਇਕ ਦੂਜੇ ਨੂੰ ਦੇਖਿਆ। ਨਾ ਜਰਨੈਲ ਸਿੰਘ ਦੇ ਬੁੱਲ੍ਹ ਹਿੱਲੇ ਨਾ ਹੀ ਨਜ਼ਰੁਲ ਇਸਲਾਮ ਦੀਆਂ ਉਂਗਲਾਂ ਨੇ ਹਰਕਤ ਕੀਤੀ। ਪਰ ਦੋਹਾਂ ਦੀਆਂ ਅੱਖਾਂ ਵਿਚ ਠਾਠਾਂ ਮਾਰਦੇ ਹੰਝੂ ਕਹਿ ਰਹੇ ਸਨ, ‘ਮੈਂ ਤੈਨੂੰ ਇਕ ਦਿਨ ਡਾਕਟਰ ਕੋਲ ਇਲਾਜ ਕਰਾਉਣ ਲਈ ਜ਼ਰੂਰ ਲੈ ਜਾਵਾਂਗਾ।’
ਦੋਹਾਂ ਦੀਆਂ ਜ਼ਰੂਰਤਾਂ ਨੇ ਉਹ ਮਾਂ ਲੱਭ ਹੀ ਲਈ, ਜਿਸ ਨੇ ਫਲਾਂ ਦੀ ਰੇੜ੍ਹੀ ਦਾ ਲਾਈਸੈਂਸ ਹਾਸਿਲ ਕਰਨ ਦੀ ਅਜੀਬੋ-ਗ਼ਰੀਬ ਤਰਕੀਬ ਦੀ ਖੋਜ ਕੀਤੀ। ਦੋਹਾਂ ਨੇ ਲਾਈਸੈਂਸ ਹਾਸਿਲ ਕਰ ਲਿਆ ਅਤੇ ਜ਼ਿੰਦਗੀ ਦੀ ਕਤਾਰ ਵਿਚ ਉਹ ਵੀ ਖੜ੍ਹੇ ਹੋ ਗਏ। ਜਰਨੈਲ ਸਿੰਘ ਦੀ ਚਾਲ ਵਿਚ ਵੱਕਾਰ ਆ ਗਿਆ। ਜਦੋਂ ਵੀ ਉਹ ਆਪਣੀ ਜਾਣ-ਪਹਿਚਾਣ ਕਰਵਾਉਂਦਾ, ਆਖਦਾ, ‘ਜਰਨੈਲ ਸਿੰਘ ਫਰੌਮ ਲੁਧਿਆਣਾ ਲਾਈਸੈਂਸ ਹੋਲਡਰ ਬਿਜਨਸਮੈਨ।’
ਉਸ ਨੇ ‘ਗੁੱਡ ਮੌਰਨਿੰਗ। ਹੌਅ ਆਰ ਜੂ। ਮੇਅ ਆਈ ਹੈਲਪ ਜੂ।’ ਵਰਗੇ ਫਿਕਰੇ ਸਿੱਖ ਲਏ। ਹਿੰਦੋਸਤਾਨ ਤੋਂ ਆਪਣੇ ਗਵਾਂਢੀ ਰਾਮੀ ਦਰਜ਼ੀ ਦੇ ਹੱਥਾਂ ਦਾ ਸੀਤਾ ਹੋਇਆ ਸੂਟ ਵੀ ਉਸ ਨੇ ਆਉਂਦੇ ਜਾਂਦੇ ਤੋਂ ਮੰਗਵਾ ਲਿਆ।
ਦੋਵੇਂ ਏਨੀ ਮਿਹਨਤ ਅਤੇ ਲਗਨ ਨਾਲ ਕੰਮ ਨਾਲ ਕੰਮ ਹੋ ਗਏ ਕਿ ਇਕ ਦਿਨ ਵੀ ਨਾਗ਼ਾ ਨਾ ਪਾਉਂਦੇ। ਰੇੜ੍ਹੀ ‘ਤੇ ਲੱਗੀਆਂ ਨਾਰੰਗੀਆਂ, ਸੇਬ, ਸੰਤਰਿਆਂ ਨੂੰ ਏਦਾਂ ਚਮਕਾਉਂਦੇ ਕਿ ਲੰਘ ਰਹੇ ਲੋਕਾਂ ਨੂੰ ਸ਼ੱਕ ਪੈਂਦੀ ਕਿ ਅਸਲੀ ਨੇ ਕਿ ਸੋਨੇ-ਚਾਂਦੀ ਦੇ ਗਹਿਣੇ ਰੇੜ੍ਹੀ ‘ਤੇ ਵਿਕ ਰਹੇ ਨੇ। ਜਰਨੈਲ ਸਿੰਘ ਸੂਟ-ਟਾਈ ਪਹਿਨੀ ਅੱਗੇ ਜੁਟਿਆ ਬੈਲ ਅਤੇ ਨਜ਼ਰੁਲ ਇਸਲਾਮ ਉਸ ਦੀ ਕਮਰ ਨਾਲ ਚਿਪਕਿਆ ਬੈਲ ਹਿੱਕਣ ਵਾਲਾ ਤੇਲੀ। ਜ਼ਿੰਦਗੀ ਦੇ ਕੋਹਲੂ ‘ਤੇ ਇਸ ਤਰ੍ਹਾਂ ਜੁੱਟ ਗਏ ਜਿਵੇਂ ਨੌ ਮਣ ਤੇਲ ਨਾਲ ਰਾਧਾ ਦਾ ਨਾਚ, ਜਿਵੇਂ ਦੋਹਾਂ ਦਾ ਕੰਨ ਅਤੇ ਗਲ ਦਾ ਇਲਾਜ ਹੋਵੇ।
ਦੋਵਾਂ ਦੀ ਰੇੜ੍ਹੀ ਫਾਈਨੈਂਸ਼ਲ ਡਿਸਟ੍ਰਿਕਟ ਵਿਚ ਏਨੀ ਹਰਮਨ-ਪਿਆਰੀ ਹੋ ਗਈ ਕਿ ਸਾਰੇ ਉਨ੍ਹਾਂ ਕੋਲੋਂ ਹੀ ਫਲ ਖ਼ਰੀਦਦੇ। ਪਰ ਜਰਨੈਲ ਸਿੰਘ ਦੇ ਅੰਗਰੇਜ਼ੀ ਸ਼ਬਦਕੋਸ਼ ਦਾ ਖ਼ਜ਼ਾਨਾ ਸਿਰਫ ਹੌਅ ਆਰ ਜੂ। ਮੇਅ ਆਈ ਹੈਲਪ ਜੂ। ਐਪਲ ਬਨ ਡਾਲਰ ਈਚ। ਔਰੇਂਜ ਨਾਈਨਟੀ ਨਾਈਨ ਸੈਂਟ ਦੇ ਟੂæææ ‘ਤੇ ਹੀ ਮੁੱਕ ਜਾਂਦਾ।
ਇਕ ਦਿਨ ਇਕ ਅੱਧ-ਖੜ੍ਹ ਉਮਰ ਦੀ ਔਰਤ ਰੇੜ੍ਹੀ ਕੋਲ ਦੀ ਲੰਘੀ। ਫਲਾਂ ‘ਤੇ ਨਿਗਾਹ ਪਈ ਤਾਂ ਰੁਕ ਗਈ। ਔਰਤ ਨੇ ਸੰਤਰਿਆਂ ਦੀ ਕੀਮਤ ਅੰਗਰੇਜ਼ੀ ਵਿਚ ਪੁੱਛੀ ਤਾਂ ਜਰਨੈਲ ਸਿੰਘ ਦੇ ਮੂੰਹ ‘ਚੋਂ ‘ਡਾਲਰ’ ਦੀ ਬਜਾਏ ‘ਇਕ ਰੁਪਏ ਦੇ ਦੋ’ ਨਿਕਲ ਗਿਆ। ਔਰਤ ਦਾ ਹਾਸਾ ਨਿਕਲ ਗਿਆ। ਉਸ ਨੇ ਉਰਦੂ ਵਿਚ ਜਰਨੈਲ ਸਿੰਘ ਨਾਲ ਗੱਲਬਾਤ ਸ਼ੁਰੂ ਕਰ ਲਈ। ਜਰਨੈਲ ਸਿੰਘ ਉਰਦੂ-ਪੰਜਾਬੀ ਦੇ ਮਿਲਗੋਭੇ ਨਾਲ ਗੱਲਬਾਤ ਵਿਚ ਫਲਾਂ ਦੇ ਰੰਗ ਅਤੇ ਮਿਠਾਸ ਦੇ ਰੰਗ ਘੋਲਣ ਲੱਗ ਪਿਆ।
ਅੱਧ-ਖੜ੍ਹ ਉਮਰ ਦੀ ਔਰਤ ਪਾਕਿਸਤਾਨ ਤੋਂ ਸੀ। ਉਸ ਦਾ ਨਾਮ ਜ਼ਾਹਿਦਾ ਸੀ। ਨੇੜੇ ਹੀ ਚਰਚ ਸਟਰੀਟ ‘ਤੇ ਨਹੁੰ ਸੰਵਾਰਨ ਦੀ ਦੁਕਾਨ ‘ਤੇ ਕੰਮ ਕਰਦੀ ਸੀ। ਉਸ ਇਕਲੌਤੇ ਪੁੱਤਰ ਦੀ ਮਾਂ, ਜਿਸ ਨੇ ਕੁਝ ਹੀ ਮਹੀਨੇ ਪਹਿਲਾਂ ਨਿਊ ਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ‘ਵਰਲਡ ਟਰੇਡ ਸੈਂਟਰ’ ਦੀ ਇਕ ਇਮਾਰਤ ਵਿਚ ਨੌਕਰੀ ਲੱਭ ਲਈ ਸੀ।
ਜ਼ਾਹਿਦਾ ਦਾ ਹਰ ਪਲ ਆਪਣੇ ਬੇਟੇ ਦੀ ਜ਼ਿੰਦਗੀ ਵਾਸਤੇ ਹੀ ਸੀ। ਹਰ ਇਕ ਨਾਲ ਗੱਲਬਾਤ ਵਿਚ ਉਸ ਦਾ ਬੇਟਾ ਜਹਾਂਗੀਰ ਹਾਜ਼ਿਰ ਹੁੰਦਾ, ‘ਮੇਰਾ ਹੈਂਡਸਮ ਜਹਾਂਗੀਰ।’ ਉਹ ਹਰ ਰੋਜ਼ ਜਰਨੈਲ ਸਿੰਘ ਨਾਲ ਆਪਣੇ ਪੁੱਤਰ ਬਾਰੇ ਗੱਲਾਂ ਕਰਦੀ।
ਆਪਣੇ ਲਈ ਇਕ ਕੇਲਾ, ਇਕ ਸੰਤਰਾ ਅਤੇ ਕੁਝ ਅੰਗੂਰ ਖ਼ਰੀਦਣਾ, ਬਸ ਰੋਜ਼ ਦੀ ਗੱਲਬਾਤ ਦਾ ਬਹਾਨਾ। ਜਰਨੈਲ ਸਿੰਘ, ਜੇ ਨਜ਼ਰੁਲ ਇਸਲਾਮ ਪਿੱਛੇ ਖੜ੍ਹਾ ਹੁੰਦਾ ਤਾਂ ਸਿੱਧੇ ਜਵਾਬ ਦਿੰਦਾ। ਜੇ ਕਦੇ ਨਜ਼ਰੁਲ ਇਸਲਾਮ ਏਧਰ ਓਧਰ ਗਿਆ ਹੁੰਦਾ ਤਾਂ ਉਲਟੇ-ਪੁਲਟੇ ਜਵਾਬਾਂ ਨਾਲ ਜ਼ਾਹਿਦਾ ਨੂੰ ਹਸਾਉਂਦਾ। ਫਲਾਂ ਦੀ ਇਹ ਰੇੜ੍ਹੀ ਟਵਿਨ ਟਾਵਰਾਂ ਤੋਂ ਦੂਰ ਤਾਂ ਸੀ, ਪਰ ਰੇੜ੍ਹੀ ਤੋਂ ਇਹ ਚੰਗੀ ਤਰ੍ਹਾਂ ਨਜ਼ਰ ਆਉਂਦੇ ਸਨ। ਜ਼ਾਹਿਦਾ ਜਦ ਵੀ ਆਪਣੇ ਬੇਟੇ ਦਾ ਜ਼ਿਕਰ ਕਰਦੀ, ਮੂੰਹ ਉਸ ਇਮਾਰਤ ਵੱਲ ਹੁੰਦਾ, ਜਿਸ ਵਿਚ ਉਸ ਦਾ ਪੁੱਤਰ ਜਹਾਂਗੀਰ ਕੰਮ ਕਰਦਾ ਸੀ।
ਨਜ਼ਰੁਲ ਇਸਲਾਮ ਅਤੇ ਜਰਨੈਲ ਸਿੰਘ ਵੀ ਕਾਰੋਬਾਰ ਤੋਂ ਵਾਹਵਾ ਸੁਖੀ ਹੁੰਦੇ ਜਾ ਰਹੇ ਸਨ। ਦੋਵੇਂ ਬੱਚਤ ਅੱਧੀ ਅੱਧੀ ਵੰਡ ਲੈਂਦੇ। ਦੋਵਾਂ ਨੇ ਫੈਸਲਾ ਕੀਤਾ, ਕਿਉਂ ਨਾ ਆਪਣਾ ਇਲਾਜ ਕਰਵਾ ਲਿਆ ਜਾਵੇ। ਦੋਹਾਂ ਦੇ ਇਲਾਜ ਦੀ ਜਗ੍ਹਾ ਇਕ ਹੀ ਸੀ। ਗਲ਼ ਅਤੇ ਕੰਨਾਂ ਦੀ ਕਲੀਨਿਕ। ਦੋਹਾਂ ਨੇ ਵਾਰੀ ਵਾਰੀ ਅੱਧੀ ਛੁੱਟੀ ਲੈ ਕੇ ਕਲੀਨਿਕ ਤੋਂ ਆਪਣੇ ਆਪਣੇ ਐਕਸਰੇ ਅਤੇ ਜਾਂਚ-ਪੜਤਾਲ ਦੇ ਕਾਗ਼ਜ਼-ਪੱਤਰ ਲੈ ਆਂਦੇ। ਦੋਹਾਂ ਨੂੰ ‘ਅਵੈਲਯੂਏਸ਼ਨ’ ਲਈ ਦਿਮਾਗ਼ੀ ਡਾਕਟਰਾਂ ਕੋਲ ਜਾਣ ਲਈ ਕਿਹਾ ਗਿਆ।
ਜਦ ਦੋਵੇਂ ਵਾਪਸ ਆਏ ਤਾਂ ਦੋਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਜਰਨੈਲ ਸਿੰਘ ਦੇ ਥਿਰਕਦੇ ਹੋਏ ਬੁੱਲ੍ਹ ਨਜ਼ਰੁਲ ਇਸਲਾਮ ਨੂੰ ਪੁੱਛ ਰਹੇ ਸਨ, ‘ਕੀ ਮੇਰੇ ਵਾਂਗੂੰ ਤੇਰੀ ਵੀ ਦਿਮਾਗ਼ੀ ਸਦਮਾ ਪਹੁੰਚਣ ਨਾਲ ਬੋਲਣ ਦੀ ਤਾਕਤ ਜਾਂਦੀ ਰਹੀ ਹੈ।’
ਨਜ਼ਰੁਲ ਇਸਲਾਮ ਨੇ ਜਦੋਂ ਰਿਪੋਰਟ ਪੜ੍ਹੀ ਤਾਂ ਸਮਝ ਗਿਆ ਕਿ ‘ਕੌਂਡਲਿਨ ਨਰਵ’ ਉਹ ਸਿਗਨਲ ਫੜ੍ਹਦੇ ਹਨ, ਜਿਹੜੇ ਦਿਮਾਗ਼ ਤੋਂ ਕੰਨ ਦੇ ਅੰਦਰੂਨੀ ਹਿੱਸੇ ਤੱਕ ਪਹੁੰਚਦੇ ਹਨ। ਤੰਤੂਆਂ ਨੂੰ ਅਚਾਨਕ ਲੱਗਣ ਵਾਲਾ ਝਟਕਾ, ਜਿਸ ਨੂੰ ਦਿਮਾਗ਼ ਬਰਦਾਸ਼ਤ ਨਾ ਕਰ ਸਕੇ, ਸਰੀਰ ਦੇ ਕਿਸੇ ਨਾ ਕਿਸੇ ਅੰਗ ਨੂੰ ਨਕਾਰਾ ਕਰ ਦਿੰਦਾ ਹੈ। ਇਹੀ ਵਜ੍ਹਾ ਨਜ਼ਰੁਲ ਇਸਲਾਮ ਦੇ ਗੂੰਗੇਪਨ ਦੀ ਸੀ। ਨਜ਼ਰੁਲ ਇਸਲਾਮ ਨੇ ਜਰਨੈਲ ਸਿੰਘ ਦੀ ਬਾਂਹ ਨੂੰ ਨੰਗਾ ਕਰਕੇ ਲਿਖ ਕੇ ਪੁੱਛਿਆ, ‘ਕੀ ਹੋਇਆ ਸੀ?’
ਜਰਨੈਲ ਸਿੰਘ ਨੂੰ ਜਿਵੇਂ ਹਿਚਕੀ ਲੱਗ ਗਈ, ‘ਮੈਂ ਨਿੱਕਾ ਜਿਹਾ ਸੀ। ਮੈਨੂੰ ਤਾਂ ਉਮਰ ਵੀ ਯਾਦ ਨਹੀਂ ਕਿ ਮੈਂ ਕਿੱਡਾ ਸੀ। ਉਦੋਂ ਹਿੰਦੋਸਤਾਨ ਦੀ ਵੰਡ ਹੋ ਰਹੀ ਸੀ। ਮੇਰਾ ਖ਼ਾਨਦਾਨ ਸਿਆਲਕੋਟ ਦੇ ਨੇੜੇ ਪਿੰਡ ਵਿਚ ਸਦੀਆਂ ਤੋਂ ਰਹਿ ਰਿਹਾ ਸੀ। ਅੰਗਰੇਜ਼ਾਂ ਨੇ ਹਿੰਦੋਸਤਾਨ ਤਾਂ ਛੱਡ ਦਿੱਤਾ। ਪਰ ਉਸ ਦੀ ਅਜਿਹੀ ਸਜ਼ਾ ਮਿਲੀ ਕਿ ਅੱਜ ਤੱਕ ਅਸੀਂ ਭੁਗਤ ਰਹੇ ਆਂ। ਮੇਰਾ ਪਿਉ ਪਿੰਡ ਨਹੀਂ ਸੀ ਛੱਡਣਾ ਚਾਹੁੰਦਾ।’
‘ਜਦ ਮੁਸਲਮਾਨਾਂ ਦੀਆਂ ਲਾਸ਼ਾਂ ਦੀ ਭਰੀ ਗੱਡੀ ਪਾਕਿਸਤਾਨ ਪਹੁੰਚੀ ਤਾਂ ਮੁਸਲਮਾਨਾਂ ਨੇ ਸਾਡੇ ਘਰ ਨੂੰ ਅੱਗ ਲਾ ਦਿੱਤੀ। ਬਾਹਰ ਵੱਡੇ ਦਰਵਾਜ਼ੇ ਨੂੰ ਜਿੰਦਾ ਲਾ ਦਿੱਤਾ। ਮੈਂ ਛੋਟਾ ਜਿਹਾ ਸੀ। ਮੇਰੇ ਪਿਉ ਨੇ ਮੈਨੂੰ ਖਿੜਕੀ ਥਾਣੀਂ ਬਾਹਰ ਸਿੱਟ ਦਿੱਤਾ। ਮੈਂ ਆਪਣੇ ਮਾਂ-ਪਿਓ ਨੂੰ ਮੋਮ ਵਾਂਗ ਪਿਘਲਦੇ ਦੇਖਿਆ। ਪਰ ਉਨ੍ਹਾਂ ਦੀਆਂ ਚੀਕਾਂ ਸੁਣ ਨਾ ਸਕਿਆ। ਉਹ ਦਿਨ ਤੇ ਅੱਜ ਦਾ ਦਿਨ, ਜਦੋਂ ਕਿਸੇ ਦੇ ਬੁੱਲ੍ਹ ਹਿਲਦੇ ਆ ਤਾਂ ਮੂੰਹ ਖੁੱਲ੍ਹਦਾ ਦੀਹਦਾ ਪਰ ਹਿਲਦੇ ਬੁੱਲ੍ਹਾਂ ‘ਚੋਂ ਆਵਾਜ਼ ਨਹੀਂ ਸੁਣਦੀ।’
ਨਜ਼ਰੁਲ ਇਸਲਾਮ ਵੀ ਆਪਣੀ ਰਿਪੋਰਟ ਨੂੰ ਦੇਖਣ ਲੱਗ ਪਿਆ। ਰਿਪੋਰਟ ‘ਤੇ ਨਜ਼ਰੁਲ ਇਸਲਾਮ ਦੇ ਦੋ ਹੰਝੂ ਡਿੱਗੇ। ਜਰਨੈਲ ਸਿੰਘ ਹੰਝੂਆਂ ਦੀ ਟਿੱਪ ਟਿੱਪ ਤਾਂ ਨਾ ਸੁਣ ਸਕਿਆ, ਪਰ ਹੰਝੂਆਂ ਹੇਠਾਂ ਲਿਖੀ ਇਬਾਰਤ ਪੜ੍ਹ ਗਿਆ। ਦੋ ਸਤਰਾਂ ਸਨ, ‘ਵੋਕਲ ਫੋਲਡ ਕੁਡ ਨਾਟ ਮੀਟ ਟੂ ਵਾਈਬਰੇਟ, ਸਾਊਂਡ ਵਿਲ ਨੌਟ ਬੀ ਪ੍ਰੋਡਿਊਸਡ, ਅਫੋਨੀਆ ਕੈਨ ਆਲਸੋ ਕਾਜ਼ਡ ਬਾਈ ਆਫਨ ਐਕੰਪਨੀਡ ਬਾਈ ਫੀਅਰ।’ (ਆਵਾਜ਼ ਪੈਦਾ ਕਰਨ ਵਾਲੇ ਅੰਗਾਂ ‘ਚ ਹਿਲਜੁਲ ਨਹੀਂ ਜਿਸ ਕਰਕੇ ਆਵਾਜ਼ ਨਹੀਂ ਨਿਕਲਦੀ, ਅਜਿਹਾ ਕਿਸੇ ਦਹਿਸ਼ਤ ਕਾਰਨ ਹੁੰਦਾ ਹੈ ਜਿਸ ਕਰਕੇ ਆਵਾਜ਼ ਨਹੀਂ ਨਿਕਲਦੀ)
ਜਰਨੈਲ ਸਿੰਘ ਦੀਆਂ ਅੱਖਾਂ ਨਜ਼ਰੁਲ ਇਸਲਾਮ ਨੂੰ ਪੁੱਛ ਰਹੀਆਂ ਸਨ। ਨਜ਼ਰੁਲ ਇਸਲਾਮ ਨੇ ਜਰਨੈਲ ਸਿੰਘ ਦੀ ਬਾਂਹ ‘ਤੇ ਆਪਣੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ।
‘ਸੰਨ 1971 ਵਿਚ, ਜਦ ਪੂਰਬੀ ਪਾਕਿਸਤਾਨ ਦੇ ਬੰਗਲਾ ਦੇਸ਼ ਬਣਨ ਦੀ ਲਹਿਰ ਸਿਖਰ ‘ਤੇ ਪਹੁੰਚੀ ਤਾਂ ਭਰਾ ਨੇ ਭਰਾ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਇਸ ਬਗ਼ਾਵਤ ਵਿਚ ਮੇਰਾ ਖ਼ਾਨਦਾਨ ਤਾਂ ਸ਼ਾਮਿਲ ਨਹੀਂ ਸੀ। ਪਰ ਮੇਰਾ ਮਾਮਾ ‘ਮੁਕਤੀ ਵਾਹਿਨੀ’ ਦਾ ਮੈਂਬਰ ਸੀ। ਪੱਛਮੀ ਪਾਕਿਸਤਾਨ ਦੀ ਫੌਜ ਨੂੰ ਕਿਸੇ ਇਕ ਬੰਦੇ ‘ਤੇ ਸ਼ੱਕ ਹੁੰਦਾ ਤਾਂ ਉਹ ਪੂਰੇ ਪਿੰਡ ਨੂੰ ਅੱਗ ਲਾ ਦਿੰਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੇਰੇ ਮਾਮੇ ਨੇ ਮੈਨੂੰ ਇਕ ਗੱਠੜੀ ਦਿੱਤੀ ਤੇ ਆਪ ਭੱਜ ਗਿਆ। ਮੁਖ਼ਬਰ ਨੇ ਪਾਕਿਸਤਾਨੀ ਫੌਜ ਨੂੰ ਮੇਰੇ ਬਾਰੇ ਦੱਸਿਆ। ਮੈਂ ਬਹੁਤ ਹੀ ਛੋਟਾ ਸੀ। ਪਾਕਿਸਤਾਨੀ ਫੌਜੀ ਮੇਰੇ ਮਾਂ-ਬਾਪ ਨੂੰ ਮੇਰੇ ਸਾਹਮਣੇ ਬੰਨ੍ਹ ਕੇ ਮੈਨੂੰ ਪੁੱਛਣ ਲੱਗੇ। ਸਭ ਤੋਂ ਪਹਿਲਾਂ ਮੇਰੇ ਬਾਪ ਵੱਲ ਬੰਦੂਕ ਤਾਣੀ। ਮੈਂ ਦੱਸਣਾ ਚਾਹੁੰਦਾ ਸਾਂ, ਪਰ ਮੇਰੇ ਗ਼ਲੇ ‘ਚੋਂ ਆਵਾਜ਼ ਨਹੀਂ ਨਿਕਲ ਰਹੀ ਸੀ। ਮੇਰੇ ਬਾਪ ਨੂੰ ਗੋਲੀ ਮਾਰਨ ਤੋਂ ਬਾਦ ਮੇਰੀ ਮਾਂ ਤੇ ਮੇਰੇ ਭਰਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਸ ਦਿਨ ਤੋਂ ਮੇਰੀ ਅਜਿਹੀ ਆਵਾਜ਼ ਬੰਦ ਹੋਈ, ਮੈਂ ਮੁੜ ਬੋਲ ਨਹੀਂ ਸਕਿਆ।’
ਦਿਨ ਗੁਜ਼ਰਦੇ ਗਏ। ਪਰ ਦੋਹਾਂ ਦੀ ਮੁਹੱਬਤ ਵਿਚ ਫਰਕ ਨਾ ਆਇਆ।
ਓਹੀ ਆਮ ਵਰਗੇ ਦਿਨ। ਓਹੀ ਜ਼ਾਹਿਦਾ ਬੇਗਮ ਅਤੇ ਉਸ ਦੇ ਜਹਾਂਗੀਰ ਦੀਆਂ ਗੱਲਾਂ।
ਦੋਵੇਂ ਸੱਤੇ ਦਿਨ ਕੰਮ ਕਰਦੇ। ਰੋਜ਼-ਮੱਰਾ ਦੇ ਰੁਝੇਵਿਆਂ ਨੇ ਉਨ੍ਹਾਂ ਦੀਆਂ ਸਾਰੀਆਂ ਤਲਖ਼ੀਆਂ ਭੁਲਾ ਦਿੱਤੀਆਂ ਸਨ। ਦੋਵੇਂ ਇਕ ਦੂਜੇ ਦੀ ਜ਼ਰੂਰਤ ਦਾ ਮਜ਼ਾ ਲੈਣ ਲੱਗੇ। ਸਗੋਂ ਸੁਣਨ ਅਤੇ ਬੋਲਣ ਦੀ ਕਮੀ, ਇਕ ਦੂਜੇ ਨੂੰ ਮਿਲਣ ਦੀ ਤਮੰਨਾ, ਚੰਗਿਆਈ ਬਣ ਕੇ ਮੋਹਣ ਲੱਗ ਪਈ। ਜ਼ਾਹਿਦਾ ਬੇਗਮ ਉਨ੍ਹਾਂ ਨਾਲ ਘੁਲ-ਮਿਲ ਗਈ।
ਨਜ਼ਰੁਲ ਇਸਲਾਮ ਅਤੇ ਜਰਨੈਲ ਸਿੰਘ ਨੇ ਤੈਅ ਕੀਤਾ, ਅੱਜ ਆਪਾਂ ਛੇਤੀ ਰੇੜ੍ਹੀ ਬੰਦ ਕਰਕੇ ਸਿੱਧੇ ਜ਼ਾਹਿਦਾ ਦੇ ਘਰ ਪਹੁੰਚਾਂਗੇ। ਰਾਤ ਦੀ ਰੋਟੀ ਉਥੇ ਹੀ ਖਾਵਾਂਗੇ। ਦੁਪਹਿਰ ਨੂੰ ਨਜ਼ਰੁਲ ਇਸਲਾਮ ਛੇਵੇਂ ਐਵਿਨਿਊ ਤੋਂ ਕੁਝ ਗਹਿਣੇ ਖ਼ਰੀਦ ਲਿਆਵੇਗਾ। ਜ਼ਾਹਿਦਾ ਬੇਗਮ ਦੇ ਪੁੱਤਰ ਜਹਾਂਗੀਰ ਦੀ ਸ਼ਾਦੀ ਪਾਕਿਸਤਾਨ ਵਿਚ ਉਸ ਦੀ ਮਾਸੀ ਦੀ ਬੇਟੀ ਨਾਲ ਪੱਕੀ ਹੋ ਗਈ ਸੀ। ਉਹ ਸੋਚ ਰਹੇ ਸਨ ਕਿ ਅੱਜ ਉਹ ਜਹਾਂਗੀਰ ਦੀ ਮੰਗਣੀ ਕਰ ਦੇਣਗੇ।
ਸਵੇਰੇ ਸਵੇਰੇ ਕੰਮ ਦਾ ਜ਼ੋਰ ਜ਼ਿਆਦਾ ਹੁੰਦਾ ਹੈ। ਲੋਕ ਕੰਮ ‘ਤੇ ਜਾਣ ਤੋਂ ਪਹਿਲਾਂ ਕੁਝ ਫਲ ਖ਼ਰੀਦ ਲੈਂਦੇ ਹਨ। ਜ਼ਾਹਿਦਾ ਦੀ ਦੁਕਾਨ ਕੁਝ ਦੇਰ ਨਾਲ ਖੁੱਲ੍ਹਦੀ ਸੀ। ਪਰ ਉਹ ਦੁਕਾਨ ‘ਤੇ ਨੌਂ ਵਜੇ ਪਹੁੰਚ ਜਾਂਦੀ ਸੀ।
ਅਜੇ ਸਵੇਰ ਦੇ ਨੌਂ ਵੱਜ ਕੇ ਦੋ ਮਿੰਟ ਹੀ ਹੋਏ ਸਨ ਕਿ ਫਾਈਨੈਂਸ਼ਲ ਡਿਸਟ੍ਰਿਕਟ ਵਿਚ ਭੱਜ-ਦੌੜ ਮਚ ਗਈ। ਜਰਨੈਲ ਸਿੰਘ ਨੇ ਦੇਖਿਆ ਕਿ ਵਲਰਡ ਟਰੇਡ ਸੈਂਟਰ ਦੀ ਇਕ ਇਮਾਰਤ ਦੇ ਉਪਰਲੇ ਹਿੱਸੇ ਵਿਚੋਂ ਅੱਗ ਵਰ੍ਹ ਰਹੀ ਸੀ। ਹਰ ਪਾਸੇ ਫਾਇਰ ਬ੍ਰਿਗੇਡ ਦੇ ਸਾਇਰਨ ਵੱਜ ਰਹੇ ਸਨ। ਦੋਹਾਂ ਨੇ ਜਲਦੀ ਨਾਲ ਰੇੜ੍ਹੀ ਤੱਪੜ ਨਾਲ ਢੱਕ ਕੇ ਬੰਨ੍ਹੀ। ਉਹ ਗਲੀ ਦੇ ਕੋਨੇ ਵਿਚ ਹੀ ਸਨ ਕਿ ਸੜਕ ‘ਤੇ ਜ਼ਾਹਿਦਾ ਮੋਬਾਇਲ ਫੋਨ ‘ਤੇ ਗੱਲ ਕਰਦੀ ਆ ਰਹੀ ਸੀ। ਉਹ ਭੱਜ ਕੇ ਜ਼ਾਹਿਦਾ ਕੋਲ ਪਹੁੰਚੇ। ਜ਼ਾਹਿਦਾ ਘਬਰਾਈ ਹੋਈ ਕਹਿ ਰਹੀ ਸੀ, ‘ਬੇਟਾ ਨਾਲ ਵਾਲੀ ਉਸ ਬਿਲਡਿੰਗ ਵਿਚ ਐ। ਰੱਬ ਦਾ ਸ਼ੁਕਰ ਹੈ, ਉਹ ਠੀਕ-ਠਾਕ ਹੈ।’
ਨਜ਼ਰੁਲ ਇਸਲਾਮ ਨੇ ਫੋਨ ਜ਼ਾਹਿਦਾ ਦੇ ਹੱਥੋਂ ਫੜ੍ਹ ਕੇ ਕੰਨ ਨੂੰ ਲਾਇਆ। ਜ਼ਾਹਿਦਾ ਵਰਲਡ ਟਰੇਡ ਸੈਂਟਰ ਦੀ ਉਸ ਇਮਾਰਤ ਨੂੰ ਦੇਖਣ ਲੱਗੀ ਜਿਸ ਵਿਚ ਜਹਾਂਗੀਰ ਕੰਮ ਕਰਦਾ ਸੀ। ਫੋਨ ਦੇ ਮਾਊਥ ਪੀਸ ਨੂੰ ਮੂੰਹ ਕੋਲ ਕਰਕੇ ਜਰਨੈਲ ਸਿੰਘ ਨੇ ਕਿਹਾ, ‘ਪੁੱਤਰਾ ਠੀਕ ‘ਤੇ ਹੈਂ ਨਾ।’
ਨਜ਼ਰੁਲ ਇਸਲਾਮ ਨੇ ਸੁਣਿਆ, ‘ਹਾਂ ਅੰਕਲ, ਬਿਲਡਿੰਗ ਖ਼ਾਲੀ ਕਰਨ ਨੂੰ ਕਹਿ ਰਹੇ ਨੇ। ਫਾਇਰਮੈਨ ਸਾਨੂੰ ਥੱਲੇ ਲਿਜਾ ਰਹੇ ਨੇ। ਮੈਂ ਬਿਲਕੁਲ ਠੀਕ ਆਂ। ਸ਼ਾਮ ਨੂੰ ਵੇਲੇ ਸਿਰ ਪਹੁੰਚ ਜਾਣਾ।’
ਉਸੇ ਪਲ-ਦੂਸਰਾ ਜਹਾਜ਼ ਜਹਾਂਗੀਰ ਵਾਲੀ ਬਿਲਡਿੰਗ ਵੱਲ ਵੱਧ ਰਿਹਾ ਸੀ। ਜਿਉਂ ਹੀ ਜਹਾਜ਼ ਜਹਾਂਗੀਰ ਵਾਲੀ ਬਿਲਡਿੰਗ ਨਾਲ ਟਕਰਾਇਆ, ਨਜ਼ਰੁਲ ਇਸਲਾਮ ਗੂੰਗੇ ਦੇ ਗਲੇ ਵਿਚੋਂ ਚੀਕ ਨਿਕਲ ਗਈ। ਜਰਨੈਲ ਸਿੰਘ ਬੋਲੇ ਨੇ ਦੋਹਾਂ ਹੱਥਾਂ ਨਾਲ ਆਪਣੇ ਕੰਨ ਢਕ ਲਏ æææ।
ਉਰਦੂ ਤੋਂ ਅਨੁਵਾਦ-ਸੁਰਿੰਦਰ ਸੋਹਲ
Leave a Reply