ਗੁਲਜ਼ਾਰ ਸਿੰਘ ਸੰਧੂ
ਤਾਮਿਲਨਾਡੂ ਦੀਆਂ ਰਾਜਨੀਤਕ ਪਾਰਟੀਆਂ ਦੇ ਸ੍ਰੀਲੰਕਾ ਵਿਰੋਧੀ ਏਕੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਹੋ ਰਹੀ ਚੋਗਮ ਬੈਠਕ ਵਿਚ ਆਪਣੀ ਥਾਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਭੇਜਣ ਲਈ ਪ੍ਰੇਰਿਆ ਹੈ। ਤਾਮਿਲਨਾਡੂ ਵਾਲੇ ਫੇਰ ਵੀ ਸੰਤੁਸ਼ਟ ਨਹੀਂ ਹੋਏ। ਉਹ ਸ੍ਰੀਲੰਕਾ ਦੇ ਸਥਾਨਕ ਸਿਨਹਾਲੀਆਂ ਵਲੋਂ ਉਥੇ ਰਹਿ ਰਹੇ ਤਾਮਿਲ ਵਾਸੀਆਂ ਨੂੰ ਥੱਲੇ ਲਾਉਣ ਦੀ ਨੀਤੀ ਤੋਂ ਖਫਾ ਹਨ। ਅਸਲ ਵਿਚ ਪਿਛਲੇ ਤੀਹ ਸਾਲਾਂ ਤੋਂ ਉਸ ਦੇਸ਼ ਵਿਚ ਰਹਿਣ ਵਾਲੀ ਸਥਾਨਕ ਸਿਨਹਾਲੀ ਬਹੁਗਿਣਤੀ ਦਾ ਘਟ-ਗਿਣਤੀ ਤਾਮਿਲਾਂ ਨਾਲ ਭਾਰੀ ਇੱਟ ਖੜਕਾ ਚੱਲ ਰਿਹਾ ਹੈ। 2009 ਵਿਚ ਸ੍ਰੀਲੰਕਨ ਸਰਕਾਰ ਨੇ ਅਮਾਨਵੀ ਕਾਰਵਾਈ ਕਰਕੇ ਤਾਮਿਲ ਬਾਗ਼ੀਆਂ ਨੂੰ ਉਨ੍ਹਾਂ ਦੇ ਮੁਖੀ ਪ੍ਰਭਾਕਰਨ ਸਮੇਤ ਭਾਰੀ ਹਾਰ ਦਿੱਤੀ ਸੀ। ਹੁਣ ਟੀ ਵੀ ਚੈਨਲਾਂ ਨੇ ਹਰਮਨ ਪਿਆਰੀ ਤਾਮਿਲ ਅਦਾਕਾਰਾ ਦੇ ਸਮੂਹਕ ਬਲਾਤਕਾਰ ਪਿੱਛੋਂ ਕੀਤੀ ਹੱਤਿਆ ਤੇ ਸ਼ਹੀਦ ਪ੍ਰਭਾਕਰਨ ਦੇ ਬਾਰਾਂ ਸਾਲਾ ਪੁੱਤਰ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਕਾਫੀ ਉਭਾਰਿਆ ਹੈ। ਸਿਨਹਾਲੀਆਂ ਦੀਆਂ ਇਨ੍ਹਾਂ ਵਹਿਸ਼ੀ ਤੇ ਅਮਾਨਵੀ ਹਰਕਤਾਂ ਨੇ ਉਨ੍ਹਾਂ ਦੇਸ਼ਾਂ ਦੇ ਤਾਮਿਲ ਵਸਨੀਕਾਂ ਦਾ ਮਨ ਵੀ ਗੁੱਸੇ ਨਾਲ ਭਰ ਦਿੱਤਾ ਹੈ ਜਿੱਥੇ ਜਾ ਕੇ ਸ੍ਰੀਲੰਕਨਾਂ ਵਲੋਂ ਸਤਾਏ ਤਾਮਿਲਾਂ ਨੂੰ ਪਨਾਹ ਲੈਣੀ ਪਈ ਹੈ। ਇਸ ਕਾਰਨ ਰਾਸ਼ਟਰਪਤੀ ਮਹਿੰਦ ਰਾਜ ਪਕਸ ਵੱਲੋਂ ਸੱਦੀ ਗਈ ਚੋਗਮ ਬੈਠਕ ਬਾਰੇ ਰੋਸ ਪ੍ਰਗਟ ਕਰਨ ਵਿਚ ਕੈਨੇਡਾ ਤੇ ਮੌਰਿਸ਼ੀਅਸ ਵੀ ਭਾਰਤ ਵਾਲੀ ਕਿਸ਼ਤੀ ਦੇ ਸਵਾਰ ਹਨ। ਕੈਨੇਡਾ ਤਾਂ ਇਸ ਬੈਠਕ ਵਿਚ ਹਿੱਸਾ ਹੀ ਨਹੀਂ ਲੈ ਰਿਹਾ ਤੇ ਮੌਰਿਸ਼ੀਅਸ ਵੀ ਪ੍ਰਧਾਨ ਮੰਤਰੀ ਦੀ ਪਦਵੀ ਦਾ ਪ੍ਰਤੀਨਿਧ ਨਹੀਂ ਭੇਜ ਰਿਹਾ। ਹੁਣ ਜੰਗਬੰਦੀ ਤੋਂ ਪਿੱਛੋਂ ਸਿਨਹਾਲੀ ਉਥੋਂ ਦੇ ਤਾਮਿਲਾਂ ਦੀ ਹੇਠੀ ਕਰਨ ਤੋਂ ਬਾਜ਼ ਨਹੀਂ ਆ ਰਹੇ।
ਵਰਤਮਾਨ ਸਥਿਤੀ ਨੇ ਮੈਨੂੰ ਆਪਣੀ 1983 ਵਾਲੀ ਸ੍ਰੀਲੰਕਾ ਫੇਰੀ ਚੇਤੇ ਕਰਵਾ ਦਿੱਤੀ ਹੈ। ਮੈਂ ਕੋਲੰਬੋ ਵਿਚ ਗ੍ਰਾਮ ਵਿਕਾਸ ਵਿਚ ਸਹਿਕਾਰੀ ਸੰਸਥਾਵਾਂ ਦੇ ਯੋਗਦਾਨ ਦਾ ਲੇਖਾ-ਜੋਖਾ ਕਰਨ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਿਰਕਤ ਕਰਨੀ ਸੀ। ਮੇਰੇ ਦੂਜੇ ਦੋ ਸਾਥੀ ਰਾਸ਼ਟਰੀ ਗ੍ਰਾਮ ਵਿਕਾਸ ਸੰਸਥਾ ਹੈਦਰਾਬਾਦ ਦਾ ਡਾਇਰੈਕਟਰ ਸ੍ਰੀ ਚਾਰਯੁਲੂ ਤੇ ਮਦਰਾਸ ਸਕੂਲ ਆਫ਼ ਸੋਸ਼ਲ ਵਰਕ ਮੁੰਬਈ ਦਾ ਪ੍ਰਿੰਸੀਪਲ ਡਾæ ਟੀæ ਐਮæ ਜਾਰਜ਼ ਸਨ। ਜਦੋਂ ਮੈਂ ਕੋਲੰਬੋ ਪਹੁੰਚਿਆ ਤਾਂ ਕਾਨਫਰੰਸ ਦੇ ਸੰਯੋਜਕ ਡਾæ ਅਸਲਮ ਨੇ ਦੱਸਿਆ ਕਿ ਉਹ ਦੋਵੇਂ ਨਹੀਂ ਸਨ ਪਹੁੰਚੇ ਤੇ ਨਾ ਹੀ ਉਨ੍ਹਾਂ ਨੇ ਆਉਣਾ ਸੀ। ਉਹ ਦਿਨ ਸ੍ਰੀਲੰਕਾ ਵਿਚ ਸਥਾਨਕ ਸਿਨਹਾਲੀਆਂ ਤੇ ਤਾਮਿਲਾਂ ਵਿਚਕਾਰ ਮੁਠ ਭੇੜ ਟਕਰਾਓ ਦੀ ਚਰਮ ਸੀਮਾ ਦੇ ਸਨ। ਸਿਨਹਾਲੀਆਂ ਵੱਲੋਂ ਤਾਮਿਲਾਂ ਦੀ ਤਬਾਹੀ ਬਹੁਤ ਕੋਝਾ ਰੂਪ ਧਾਰ ਚੁੱਕੀ ਸੀ ਜਿਸ ਦਾ ਉਨ੍ਹਾਂ ਦੇ ਮਨ ਵਿਚ ਰੋਸ ਸੀ। ਉਨ੍ਹਾਂ ਨੂੰ ਇਸ ਟਕਰਾਓ ਦਾ ਮੇਰੇ ਨਾਲੋਂ ਨੇੜਲਾ ਗਿਆਨ ਸੀ। ਇਸ ਦੀ ਸੋਝੀ ਮੈਨੂੰ ਅਸਲਮ ਨਾਲ ਕੋਲੰਬੋ ਦੇ ਬਜ਼ਾਰ ਵਿਚੋਂ ਲੰਘਦਿਆਂ ਹੋਈ ਜਦੋਂ ਮੈਂ ਤਾਮਿਲਾਂ ਦੀਆਂ ਲੱਖਾਂ ਕਰੋੜਾਂ ਦੀ ਕੀਮਤ ਵਾਲੀਆਂ ਗਹਿਣੇ, ਕਪੜੇ, ਫਰਨੀਚਰ ਤੇ ਬਿਜਲੀ ਦੀਆਂ ਦੁਕਾਨਾਂ ਨੂੰ ਸਾੜ ਕੇ ਸੁਆਹ ਕੀਤੀਆਂ ਤੱਕਿਆ। ਮੇਰੇ ਗੈਰ ਹਾਜ਼ਰ ਸਾਥੀਆਂ ਨੇ ਸੰਸਥਾਵਾਂ ਦੀ ਪ੍ਰਤੀਨਿਧਤਾ ਕਰਨੀ ਸੀ ਤੇ ਮੈਂ ਭਾਰਤ ਸਰਕਾਰ ਦੀ, ਜਿਸ ਨੇ ਮੈਨੂੰ ਪ੍ਰਵਾਨਗੀ ਦੇ ਕੇ ਘੱਲਿਆ ਸੀ। ਮੇਰੇ ਕੋਲ ਪ੍ਰਤੀਨਿਧ ਭਾਸ਼ਣ ਦੇ ਉਹ ਭਾਗ ਨਹੀਂ ਸਨ ਜਿਹੜੇ ਮੇਰੇ ਤਾਮਿਲ ਸਾਥੀਆਂ ਨੇ ਪੂਰਨੇ ਸਨ। ਮੇਰਾ ਭਾਸ਼ਣ ਸੰਪੂਰਨ ਕਰਨ ਲਈ ਸ੍ਰੀਲੰਕਨ ਵਿਦਵਾਨਾਂ ਤੇ ਸਟੈਨੋ ਟਾਈਪਿਸਟਾਂ ਨੇ ਭਰਪੂਰ ਸਹਾਇਤਾ ਦਿੱਤੀ। ਦੋ ਦਿਨ ਇਸ ਕੰਮ ਵਿਚ ਬੁਰੀ ਤਰ੍ਹਾਂ ਖੁੱਭਿਆਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿਵੇਂ ਉਹ ਭਾਸ਼ਣ ਤਿਆਰ ਕੀਤਾ, ਕਿਵੇਂ ਦਿੱਤਾ ਤੇ ਉਥੇ ਕੀ ਕਿਹਾ ਪਰ ਅਗਲੇ ਦਿਨ ਮੈਂ ਜਿਧਰ ਜਾਂਦਾ ਸਾਂ ਮੈਨੂੰ ਸਲਾਮਾਂ ਮਾਰਨ ਵਾਲਿਆਂ ਤੇ ਘੂਰਨ ਵਾਲਿਆਂ ਦਾ ਅੰਤ ਨਹੀਂ ਸੀ। ਸਲਾਮਾਂ ਵਾਲੇ ਉਥੋਂ ਦੇ ਸਿਨਹਾਲੀ ਸਨ ਤੇ ਘੂਰਨ ਵਾਲੇ ਤਾਮਿਲ। ਪਤਾ ਨਹੀਂ ਟੀæਵੀæ ਵਾਲਿਆਂ ਨੇ ਆਪਣਾ ਕੈਮਰਾ ਮੇਰੀ ਦਾਹੜੀ ਪਗੜੀ ਉਤੇ ਕਿੰਨਾ ਸਮਾਂ ਟਿਕਾਇਆ ਹੋਵੇਗਾ। ਉਥੋਂ ਦੀ ਸਰਕਾਰ ਦਸਣਾ ਚਾਹੁੰਦੀ ਸੀ ਕਿ ਉਸ ਕਾਨਫਰੰਸ ਵਿਚ ਭਾਰਤ ਸ਼ਾਮਲ ਸੀ।
ਮੈਨੂੰ ਆਪਣੇ ਕੀਤੇ ਦਾ ਪਛਤਾਵਾ ਤਾਂ ਤਾਮਿਲਾਂ ਦੀ ਘੂਰੀ ਨੇ ਹੀ ਕਰਵਾ ਛੱਡਿਆ ਸੀ ਪਰ ਟੀ ਵੀ ਵਾਲਿਆਂ ਨੇ ਤਾਂ ਮੈਨੂੰ ਸ਼ਰਮਿੰਦਗੀ ਦੇ ਡੁੰਘੇ ਸਮੁੰਦਰ ਵਿਚ ਸੁੱਟ ਦਿੱਤਾ। ਮੈਂ ਸ਼ਰਮਿੰਦਗੀ ਦਾ ਵਰਣਨ ਆਪਣੀ ਪੁਸਤਕ ’25 ਮੁਲਕ 75 ਗੱਲਾਂ’ ਦੇ ਸ੍ਰੀਲੰਕਾ ਨਾਲ ਸਬੰਧਤ ਕਾਂਡ ਵਿਚ ਕਰਕੇ ਉਹ ਧੋਣਾ ਧੋਣ ਦਾ ਯਤਨ ਵੀ ਕੀਤਾ ਹੈ।
ਮੈਨੂੰ ਪ੍ਰਧਾਨ ਮੰਤਰੀ ਦੀ ਮਜਬੂਰੀ ਸਮਝ ਆਉਂਦੀ ਹੈ। ਭਾਰਤ ਸਰਕਾਰ ਸ੍ਰੀਲੰਕਾ ਵਿਚ ਸਿਨਹਾਲੀਆਂ ਵੱਲੋਂ ਤੋੜੀਆਂ ਤਾਮਿਲ ਵਸੋਂ ਵਾਲੀਆਂ ਸੜਕਾਂ, ਦੁਕਾਨਾਂ ਤੇ ਘਰਾਂ ਉਤੇ ਲੱਖਾਂ ਕਰੋੜਾਂ ਰੁਪਏ ਖਰਚ ਰਹੀ ਹੈ ਤੇ ਸਥਾਨਕ ਸਿਨਹਾਲੇ ਬਾਜ਼ ਨਹੀਂ ਆ ਰਹੇ। ਤਾਮਿਲਨਾਡੂ ਦੀਆਂ ਰਾਜਨੀਤਕ ਪਾਰਟੀਆਂ ਦਾ ਗੁੱਸਾ ਜਾਇਜ਼ ਹੈ ਪਰ ਉਹ ਭਾਰਤ ਸਰਕਾਰ ਦੀ ਮਜਬੂਰੀ ਨਹੀਂ ਸਮਝ ਰਹਆਂ ਜਿਸ ਦੇ ਸਾਹਮਣੇ ਇਕ ਪਾਸੇ ਚੀਨ ਦਾ ਸ੍ਰੀਲੰਕਾ ਵਿਚ ਪੈਰ ਪਸਾਰਨਾ ਹੈ ਤੇ ਦੂਜੇ ਪਾਸੇ ਪਾਕਿਸਤਾਨ ਦਾ ਤਾਕ ਲਾ ਕੇ ਬੈਠੇ ਹੋਣਾ। 1983 ਦੀ ਗੱਲ ਹੋਰ ਸੀ। ਉਦੋਂ ਭਾਰਤ ਸਰਕਾਰ, ਜਿਸ ਨੇ ਮੈਨੂੰ ਸ੍ਰੀਲੰਕਾ ਭੇਜਿਆ ਸੀ, ਤਾਮਿਲਾਂ ਦੇ ਗੁੱਸੇ ਦੀ ਥਾਹ ਨਹੀਂ ਸੀ ਪਾ ਸਕੀ। ਜੇ ਤਾਮਿਲਨਾਡੂ ਦੇ ਸਿਆਸੀ ਲੀਡਰ ਰਾਜਨੀਤਕ ਲਾਹਾ ਵੀ ਲੈਣਾ ਚਾਹੁੰਦੇ ਸਨ ਤਾਂ ਵੀ ਪ੍ਰਧਾਨ ਮੰਤਰੀ ਲਈ ਇਹ ਘੜੀ ਵੱਡੀ ਚੁਣੌਤੀ ਵਾਲੀ ਸ੍ਰੀ ਜਿਸ ਨੂੰ ਸਾਂਭਣ ਲਈ ਦੂਰ ਅੰਦੇਸ਼ੀ ਹੀ ਕੰਮ ਆ ਸਕਦੀ ਸੀ।
ਅੰਤਿਕਾ: (ਗੁਰਦੀਪ ਦੇਹਰਾਦੂਨ ਵਾਲਾ)
ਇਸ ਦੇ ਪਾਣੀ ਵਿਚ ਕੋਈ ਤੜਪ ਹੈ
ਇਸ ਨਦੀ ਤੋਂ ਟਿੱਕ ਕੇ ਬਹਿ ਹੋਣਾ ਨਹੀਂ।
Leave a Reply