ਨਿੰਮਾ ਡੱਲੇਵਾਲਾ
ਜਿਵੇਂ ਮੁਸਲਮਾਨ ਭਰਾਵਾਂ ਲਈ ਈਦ ਤੇ ਈਸਾਈਆਂ ਲਈ ਕ੍ਰਿਸਮਸ ਹੈ, ਬਿਲਕੁਲ ਇਵੇਂ ਹੀ ਹਿੰਦੂ ਅਤੇ ਸਿੱਖ ਭਾਈਚਾਰੇ ਦਾ ਸਾਂਝਾ ਤਿਉਹਾਰ ਦੀਵਾਲੀ ਹੈ। ਇਹ ਤਿਉਹਾਰ ਪਹਿਲਾਂ ਹਿੰਦੂ ਧਰਮ ਵਿਚ ਉਦੋਂ ਪ੍ਰਚਲਿਤ ਹੋਇਆ ਜਦੋਂ ਸ੍ਰੀ ਰਾਮ ਚੰਦਰ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਉਥੋਂ ਦੇ ਵਸਨੀਕਾਂ ਨੇ ਘਿਉ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਸੀ। ਸਮਾਂ ਪਾ ਕੇ ਇਹ ਪਰੰਪਰਾ ਹਿੰਦੂ ਧਰਮ ਵਿਚ ਵੱਡੇ ਤਿਉਹਾਰ ਦਾ ਰੂਪ ਧਾਰਨ ਕਰ ਗਈ। ਇਸ ਤਿਉਹਾਰ ਨਾਲ ਸਿੱਖ ਭਾਈਚਾਰੇ ਦੀ ਸਾਂਝ ਉਦੋਂ ਬਣੀ ਜਦੋਂ ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਰਾਏ ਗਵਾਲੀਅਰ ਦੇ ਕਿਲੇ ਦੀ ਕੈਦ ਵਿਚੋਂ ਬਾਈ ਧਾਰ ਦੇ ਰਾਜਿਆਂ ਸਮੇਤ ਬਾਹਰ ਆ ਕੇ ਹਰਮਿੰਦਰ ਸਾਹਿਬ, ਅੰਮ੍ਰਿਤਸਰ ਪਹੁੰਚੇ ਸਨ। ਇਸ ਬੰਦੀਛੋੜ ਦਿਵਸ ‘ਤੇ ਸਿੱਖਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਹਰਮਿੰਦਰ ਸਾਹਿਬ ਵਿਖੇ ਦੀਵੇ ਜਗਾ ਕੇ ਕੀਤਾ। ਉਸੇ ਦਿਨ ਤੋਂ ਹੀ ਇਹ ਤਿਉਹਾਰ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਬਣ ਗਿਆ।
ਨਰਾਤੇ ਸ਼ੁਰੂ ਹੋਣ ‘ਤੇ ਹਰ ਸ਼ਹਿਰ-ਮੁਹੱਲੇ ਵਿਚ ਰਾਮਲੀਲ੍ਹਾ ਅਰੰਭ ਹੋ ਜਾਂਦੀ ਹੈ ਤੇ ਫਿਰ ਦਸਹਿਰਾ। ਦਸਹਿਰੇ ਤੋਂ ਵੀਹ ਦਿਨ ਮਗਰੋਂ ਆਉਣ ਵਾਲੀ ਦੀਵਾਲੀ ਦੇ ਚਾਅ ਵਿਚ ਘਰਾਂ ਦੀਆਂ ਸਫ਼ਾਈਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਰੰਗ-ਰੋਗਨ, ਕਲੀ ਕਰ ਕੇ ਘਰ ਸਜਾਏ ਜਾਂਦੇ ਹਨ। ਕੱਚੇ ਘਰ ਅਤੇ ਵਿਹੜੇ ਗੋਹੇ ਵਿਚ ਗਾਰੇ ਰਲਾ ਕੇ ਲਿੱਪੇ ਜਾਂਦੇ ਹਨ। ਲੜੀਆਂ ਬਨੇਰਿਆਂ ‘ਤੇ ਨਜ਼ਰ ਆਉਣ ਲਗਦੀਆਂ ਹਨ। ਘਰਾਂ ਵਿਚ ਖੋਏ ਦੀਆਂ ਪਿੰਨੀਆਂ, ਲੱਡੂ, ਗੁਲਗਲੇ, ਕਚੌਰੀਆਂ ਬਣਦੇ ਹਨ। ਬਾਜ਼ਾਰਾਂ ਵਿਚ ਮਿਠਾਈਆਂ, ਪਟਾਕੇ ਤੇ ਫੁਲਝੜੀਆਂ ਆਦਿ ਨਾਲ ਦੁਕਾਨਾਂ ਸਜੀਆਂ ਹੁੰਦੀਆਂ ਹਨ। ਦੀਵਾਲੀ ਵਾਲੀ ਰਾਤ ਬਨੇਰਿਆਂ ‘ਤੇ ਜਗਦੇ ਦੀਵੇ ਅਤੇ ਮੋਮਬੱਤੀਆਂ ਭੁਲੇਖਾ ਪਾਉਂਦੇ ਹਨ ਜਿਵੇਂ ਤਾਰਿਆਂ ਨਾਲ ਖਿੜਿਆ ਆਸਮਾਨ ਧਰਤੀ ਉਤੇ ਉਤਰ ਆਇਆ ਹੋਵੇ। ਰਾਤ ਸਮੇਂ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ,
ਲੈ ਖੁਸ਼ੀਆਂ ਆਉਂਦਾ ਏ,
ਇਹ ਦਿਨ ਦੀਵਾਲੀ ਦਾ।
ਸਭ ਨੂੰ ਹੀ ਇੰਤਜ਼ਾਰ ਹੁੰਦਾ,
ਇਸ ਕਰਮਾਂ ਵਾਲੀ ਦਾ।
ਦੀਪਮਾਲਾ ਦਿਨ ਬਣਾ ਦਿੰਦੀ,
ਇਸ ਰਾਤ ਕਾਲੀ ਦਾ।
ਹਰ ਦਿਸ਼ਾ ਪਸਾਰਾ ਲੱਗਦਾ ਏ,
ਸੂਰਜ ਦੀ ਲਾਲੀ ਦਾ।
ਬੂਟਾ ਘਰ-ਘਰ ਵਿਚ ਉਗਾਈਏ,
ਖ਼ੁਸ਼ੀਆਂ ਦੀ ਟਾਹਲੀ ਦਾ।
ਫੁੱਲ ‘ਨਿੰਮਿਆ’ ਖਿਲੇ ਹਰ ਸਾਲ,
ਹਰ ਇਕ ਦੀ ਡਾਲੀ ਦਾ।
ਹੋਵੇ ਸਭਨਾਂ ਲਈ ਮੁਬਾਰਕਵਾਦ,
ਇਹ ਦਿਨ ਦੀਵਾਲੀ ਦਾ।
ਪਰਦੇਸਾਂ ਦੀ ਧਰਤੀ ‘ਤੇ ਵਿਛੋੜੇ ਦੀ ਘੁਲਾੜੀ ਪਿੜ ਰਹੇ ਪਰਦੇਸੀਆਂ ਲਈ ਦੀਵਾਲੀ ਹੋਰ ਤਰ੍ਹਾਂ ਆਉਂਦੀ ਹੈ। ਉਨ੍ਹਾਂ ਦੀਆਂ ਹੂਰਾਂ ਵੀ ਉਨ੍ਹਾਂ ਤੋਂ ਦੂਰ ਉਸੇ ਵਿਛੋੜੇ ਦੀ ਪਿੰਜਣੀ ਵਿਚ ਪਿੰਜ ਹੋ ਰਹੀਆਂ ਹੁੰਦੀਆਂ ਹਨ। ਇੰਜ ਲੱਗਦਾ ਹੈ ਕਿ ਦੀਵਾਲੀ ਉਨ੍ਹਾਂ ਦੇ ਦਿਲਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਲਈ ਆਉਂਦੀ ਹੈ। ਅਸਲ ਵਿਚ ਉਨ੍ਹਾਂ ਦੇ ਸੁੱਤੇ ਪਏ ਦਰਦ ਵੀ ਇਸ ਦਿਨ ਜਾਗ ਪੈਂਦੇ ਹਨ। ਲੰਘੀ ਦੀਵਾਲੀ ਉਤੇ ਆਉਣ ਵਾਲੀ ਦੀਵਾਲੀ ‘ਤੇ ਪਿੰਡ ਪਰਤਣ ਦਾ ਕੀਤਾ ਵਾਅਦਾ ਜ਼ਖ਼ਮ ਤਾਜ਼ੇ ਕਰ ਦਿੰਦਾ ਹੈ। ਉਡਾਰੀ ਨਾ ਭਰ ਸਕਣ ਦਾ ਦਰਦ ਸਿਰਫ਼ ਉਹੀ ਪੰਛੀ ਮਹਿਸੂਸ ਕਰ ਸਕਦੇ ਹਨ ਜਿਨ੍ਹਾਂ ਪੰਛੀਆਂ ਦੇ ਖੰਭ ਝੜ ਗਏ ਹੋਣ। ਅਜਿਹੇ ਪਰਿੰਦਿਆਂ ਜਿਹੀ ਹੀ ਹੈ ਦਾਸਤਾਨ ਉਨ੍ਹਾਂ ਪਰਦੇਸੀ ਵੀਰਾਂ ਦੀ ਜੋ ਗਰੀਨ ਕਾਰਡਾਂ ਲਈ ਰਾਹਾਂ ਵਿਚ ਨਜ਼ਰਾਂ ਵਿਛਾਈ ਬੈਠੇ ਨਜ਼ਰਾਂ ਵੀ ਧੁੰਦਲੀਆਂ ਕਰ ਬੈਠੇ ਹਨ। ਸਭ ਮਜਬੂਰੀ ਵੱਸ ਅੰਦਰ ਵੜ-ਵੜ ਰੋਂਦੇ ਹਨ। ਦੀਵਾਲੀ ਵਾਲੇ ਦਿਨ ਟਰੱਕਾਂ ਵਾਲੇ ਅਮਰੀਕਾ ਦੇ ਇਕ ਖੂੰਜੇ ਤੋਂ ਦੂਜੇ ਖੂੰਜੇ ਨੂੰ ਤੁਰੇ ਹੁੰਦੇ ਹਨ ਅਤੇ ਟੈਕਸੀ ਵਾਲੇ ਆਪਣੀਆਂ ਸਿਫ਼ਟਾਂ ‘ਤੇ ਚੜ੍ਹੇ ਹੁੰਦੇ ਹਨ। ਇਸੇ ਤਰ੍ਹਾਂ ਪੰਪਾਂ, ਸਟੋਰਾਂ ਵਾਲੇ ਨਿੱਤ ਵਾਂਗ ਬਾਰਾਂ ਘੰਟੇ ਖੜ੍ਹੀ ਲੱਤ ਹੁੰਦੇ ਹਨ। ਸ਼ਾਮ ਨੂੰ ਘਰੇ ਚਾਰ ਦੀਵੇ ਜਗ੍ਹਾ ਕੇ ਜਾਂ ਬਾਹਰ ਖੁੱਲ੍ਹੀ ਥਾਂ ਜਾ ਕੇ ਚਾਰ ਪਟਾਕੇ ਚਲਾ ਕੇ ਰਸਮ ਜ਼ਰੂਰ ਪੂਰੀ ਕਰ ਲੈਂਦੇ ਹਨ। ਵਿਛੋੜੇ ਵਾਲਾ ਦਰਦ ਹੰਢਾਉਣ ਵਾਲਿਆਂ ਦੇ ਦਿਲ ਵਿਚੋਂ ਇਹੋ ਹੂਕ ਨਿਕਲਦੀ ਹੈ,
ਬਣ ਜੋਕਾਂ ਚਿਮੜੇ ਨੇ,
ਇਥੇ ਫਿਕਰ ਕਮਾਈਆਂ ਦੇ।
ਉਤੋਂ ਘੁਣ ਬਣ ਖਾਂਦੇ ਨੇ,
ਸਾਨੂੰ ਦਰਦ ਜੁਦਾਈਆਂ ਦੇ।
‘ਆ ਜਾ ਪੁੱਤ’ ਸੁਨੇਹੇ ਮਾਂ ਘੱਲੇ,
ਹੱਥ ਸੱਜਣੋਂ ਰਾਈਆਂ ਦੇ।
ਢੁੱਕ ਚੱਲੇ ਚਾਲੀਆਂ ਨੂੰ,
ਇਥੇ ਆਏ ਸਾਂ ਬਾਈਆਂ ਦੇ।
ਦੱਸੋ ਕੌਣ ਭਰੂ ਹਰਜਾਨੇ,
ਇਥੇ ਉਮਰਾਂ ਗਵਾਈਆਂ ਦੇ।
ਚਿਹਰੇ ਭੁੱਲਦੇ ਜਾਂਦੇ ਨੇ,
ਪਿਉ, ਭੈਣਾਂ ਭਾਈਆਂ ਦੇ।
ਪਰ ਚੇਤੇ ਨਾ ਭੁੱਲਦੇ,
ਮਾਂ ਤੇ ਚਾਚੀਆਂ ਤਾਈਆਂ ਦੇ।
ਖਿਆਲ ਪਲ ਨਾ ਵੱਖ ਹੋਵਣ,
ਵਿਆਹ ਕੇ ਛੱਡ ਕੇ ਆਈਆਂ ਦੇ।
ਸਹਿਣੇ ਸੌਖੇ ਨਾ ਵਿਛੋੜੇ,
‘ਨਿੰਮਿਆ’ ਲੜ ਲਾਈਆਂ ਦੇ।
ਹੁਣ ਇਕ ਨਜ਼ਰ ਉਨ੍ਹਾਂ ਵੱਲ ਵੀ ਮਾਰੀਏ ਜਿਹੜੀਆਂ ਵਿਛੋੜੇ ਦੀ ਅੱਗ ਵਿਚ ਗਿੱਲੀ ਲੱਕੜ ਵਾਂਗ ਧੁਖ ਰਹੀਆਂ ਹਨ। ਜਿਨ੍ਹਾਂ ਦੇ ਸਿਰਾਂ ਦੇ ਸਾਈਂ ਸੱਤ ਸਮੁੰਦਰੋਂ ਪਾਰ ਜਾ ਬੈਠੇ ਅਤੇ ਫਿਰ ਪਰਤਣਾ ਹੀ ਭੁੱਲ ਗਏ। ਉਨ੍ਹਾਂ ਵਿਚਾਰੀਆਂ ਦਾ ਸਬਰ ਵਾਲਾ ਪਾਣੀ ਵੀ ਸਿਰੋਂ ਲੰਘ ਚੁੱਕਿਆ। ਉਹ ਆਪਣੇ ਦਿਲ ਦੀਆਂ ਗਹਿਰਾਈਆਂ ਵਿਚਲਾ ਦਰਦ ਕਿਸ ਦੇ ਅੱਗੇ ਕੱਢ ਕੇ ਰੱਖਣ ਜੋ ਘਰ ਬੈਠੀਆਂ ਵੀ ਬਨਵਾਸ ਕੱਟ ਰਹੀਆਂ ਹਨ। ਉਹ ਆਈ ਦੀਵਾਲੀ ਦੀਵੇ ਤਾਂ ਬਾਲਦੀਆਂ ਹਨ ਪਰ ਬੁਝੇ ਹੋਏ ਮਨ ਨਾਲ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੁਦ ਨੂੰ ਬਾਲ ਕੇ ਹੋਰ ਕਿੰਨੀਆਂ ਦੀਵਾਲੀਆਂ ਮਨਾਉਣੀਆਂ ਪੈਣਗੀਆਂ। ਕਈਆਂ ਨੂੰ ਵੀਹ-ਵੀਹ ਸਾਲ ਹੋ ਗਏ ਜੁਦਾਈਆਂ ਵਾਲਾ ਜ਼ਹਿਰ ਪੀਂਦੀਆਂ ਨੂੰ। ਉਹ ਉਡੀਕਾਂ ਕਰ-ਕਰ ਥੱਕੀਆਂ, ਹਾੜੇ ਕੱਢ-ਕੱਢ ਅੱਕੀਆਂ ਜਿਵੇਂ ਕਹਿ ਰਹੀਆਂ ਹੋਣ,
ਦੀਵਾਲੀ ਵਾਲੇ ਦੀਵਿਆਂ ਦੇ ਨਾਲ,
ਹੁਣ ਜਾਵੇ ਨਾ ਬਲਿਆ।
ਵਿਛੋੜੇ ਵਾਲੀਆਂ ਲੱਕੜਾਂ ਵਿਚ,
ਮੈਥੋਂ ਹੋਰ ਜਾਏ ਨਾ ਜਲਿਆ।
ਸੂਰਜ ਚੜ੍ਹੀ ਜਵਾਨੀ ਵਾਲਾ,
ਪਲ ਪਲ ਜਾਵੇ ਢਲਿਆ।
ਹਰ ਇਕ ਚਾਅ ਤੇ ਸੁਪਨਾ ਮੈਂ,
ਹੰਝੂਆਂ ਦੇ ਤੇਲ ਵਿਚ ਤਲਿਆ।
ਤੇਰੀ ਮੁੰਦਰੀ ਹਉਕੇ ਭਰਦੀ ਏ,
ਮੇਰੇ ਸੋਨੇ ਦਿਆ ਛੱਲਿਆ।
ਹੁਣ ਪਛਤਾਉਂਦੀ ਹਾਂ ‘ਨਿੰਮਿਆ’,
ਤੈਨੂੰ ਕਿਉਂਕਿ ਪਰਦੇਸੀਂ ਘੱਲਿਆ।
ਮੇਰਾ ਇਕ ਸੁਨੇਹਾ ਉਨ੍ਹਾਂ ਪਰਦੇਸੀ ਵੀਰਾਂ ਲਈ ਹੈ ਜੋ ਰਾਮ ਦੇ ਬਨਵਾਸ ਵਾਲੀ ਲਸ਼ਮਣ ਰੇਖਾ ਵੀ ਪਾਰ ਕਰ ਗਏ। ਜੋ ਘਰੋਂ ਤਾਂ ਚੱਲੇ ਸਨ ਖ਼ੁਸ਼ੀਆਂ ਖਰੀਦਣ ਲਈ, ਪਰ ਇੱਥੇ ਆਣ ਐਸੇ ਮੱਕੜ-ਜਾਲ ਵਿਚ ਫਸੇ ਕਿ ਪਰਿਵਾਰ ਦਿਆਂ ਅਰਮਾਨਾਂ ਨੂੰ ਪੂਰੇ ਕਰਦੇ, ਆਪਣੇ ਮਨ ਦੀਆਂ ਸਭ ਖੁਸ਼ੀਆਂ ਦੀ ਬਲੀ ਦੇ ਬੈਠੇ। ਸੋਚੋ, ਅਗਰ ਗੁੱਡੀਆਂ-ਪਟੋਲਿਆਂ ਨਾਲ ਖੇਡਦੀ ਛੱਡ ਕੇ ਆਏ ਧੀ ਦੇ ਹੱਥ ਪੀਲੇ ਕਰਨ ਵੇਲੇ ਵੀ ਨਾ ਗਏ ਤਾਂ ਫਿਰ ਕਦੋਂ ਜਾਵੋਗੇ? ਘੱਲੇ ਪੈਸਿਆਂ ਦੀ ਖੁੱਲ੍ਹ ਅਤੇ ਸਿਰ ‘ਤੇ ਪਿਉ ਦਾ ਹੱਥ ਨਾ ਹੋਣ ਕਾਰਨ ਜਵਾਨ ਪੁੱਤ ਨੂੰ ਨਸ਼ਿਆਂ ਦੇ ਰਾਹ ਤੁਰੇ ਨੂੰ ਰੋਕਣ ਵੇਲੇ ਵੀ ਨਹੀਂ ਜਾਉਗੇ ਤਾਂ ਫਿਰ ਕਦੋਂ ਪਰਤੋਗੇ? ਜ਼ਰਾ ਝਾਤ ਮਾਰ ਕੇ ਵੇਖਿਉ, ਜਿਹੜੇ ਬੰਦ 15-20 ਸਾਲਾਂ ਵਿਚ ਨਹੀਂ ਬਣੇ, ਉਹ ਕਦੇ ਵੀ ਨਹੀਂ ਬਣਨੇ!æææਸਬਰ ਸੰਤੋਖ ਦਾ ਪਾਠ ਪੜ੍ਹੋ ਤਾਂ ਇੰਨੇ ਵਰ੍ਹਿਆਂ ਦੀ ਕੀਤੀ ਕਮਾਈ, ਰਹਿੰਦੀ ਜ਼ਿੰਦਗੀ ਗੁਜ਼ਾਰਨ ਵਾਸਤੇ ਬਹੁਤ ਹੈæææਪੈਸੇ ਨਾਲ ਨਾ ਕੋਈ ਰੱਜਿਆ ਤੇ ਨਾ ਕਿਸੇ ਰੱਜਣਾ ਹੈ। ਆਪਣੀਆਂ ਹੂਰਾਂ ਦੇ ਦਿਲਾਂ ਵਿਚੋਂ ਨਿਕਲੀਆਂ ਇਹ ਦਰਦ ਭਰੀਆਂ ਸਤਰਾਂ ਪੜ੍ਹ ਕੇ ਮਨ ਵਿਚ ਪਰਤਣ ਦਾ ਖਿਆਲ ਰੱਖ ਕੇ ਇਕ ਵਾਰ ਜ਼ਰੂਰ ਸੋਚਿਉ,
ਮੁੜ ਆ ਗਈ ਏ ਦੀਵਾਲੀ,
ਪਰ ਆਇਆ ਨਾ ਤੂੰ ਵੇ।
ਕਾਹਤੋਂ ਤੇਰੇ ਕੰਨ ਉਤੇ,
ਕਦੇ ਸਰਕੇ ਨਾ ਜੂੰ ਵੇ।
ਹਿਜਰਾਂ ‘ਚ ਕਾਲਾ ਹੋਇਆ,
ਮੁੱਖ ਚਿੱਟਾ ਰੂੰ ਵੇ।
ਆ ਜਾ ਹਾੜੇ ਕੱਢਦੀ ਏ,
ਤੇਰੀ ਮਾਂ ਦੀ ਨੂੰਹ ਵੇ।
ਕਿਤੇ ਇਹ ਨਾ ਹੋਵੇ ‘ਨਿੰਮਿਆ’,
ਮਰੀ ਦਾ ਵੇਖੇ ਮੂੰਹ ਵੇ।
Leave a Reply