ਕੰਨਾਂ ਨੂੰ ਖਾ ਰਿਹਾ ਸੋਨਾ– ਤਕਨੌਲੋਜੀ

ਪ੍ਰਿੰਸੀਪਲ ਸਰਵਣ ਸਿੰਘ
‘ਕੰਨਾਂ ਨੂੰ ਖਾ ਰਿਹਾ ਸੋਨਾ– ਤਕਨੌਲੋਜੀ’ ਪੁਸਤਕ ਤਕਨੌਲੋਜੀ `ਤੇ ਤਿੱਖਾ ਵਿਅੰਗ ਹੈ ਅਤੇ ਤਕਨੌਲੋਜੀ ਦੇ ਗੁਣ-ਗਾਣ ਕਰਦੇ ਰਹਿਣ ਵਾਲਿਆਂ ਨੂੰ ਹੈਰਾਨ-ਪਰੇਸਾਨ ਕਰਨ ਵਾਲ਼ੀ। ਪੰਜਾਬੀ ਪਾਠਕਾਂ ਲਈ ਇੰਜ. ਈਸ਼ਰ ਸਿੰਘ ਨਵਾਂ ਲੇਖਕ ਹੈ, ਜਿਸ ਨੂੰ ਛੁਪਿਆ ਰੁਸਤਮ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਉਹ ਥਰੀ-ਇਨ-ਵਨ ਹੈ। ਬਾਬਾ ਫੌਜਾ ਸਿੰਘ ਵਾਂਗ ਵੈਟਰਨ ਦੌੜਾਕ ਵੀ ਹੈ ਤੇ 80 ਸਾਲਾਂ ਦੀ ਵਡੇਰੀ ਉਮਰੇ ਟਰਾਂਟੋ ਦੇ ਸੀ.ਐੱਨ ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਵਾਲਾ ਹਿੰਮਤੀ ਵੀ। ਉਹ ਗਿਆਨੀ ਵੀ ਹੈ ਤੇ ਧਿਆਨੀ ਵੀ। ਉਸ ਨੇ ਧਰਮ ਤੇ ਫ਼ਲਸਫ਼ੇ ਦੀਆਂ ਪੁਰਾਤਨ ਸਿਆਣਪਾਂ, ਸਾਇੰਸ, ਮਾਡਰਨ ਤਕਨਾਲੌਜੀ ਤੇ ਬਣਾਉਟੀ ਬੁੱਧੀ ਨੂੰ ਬਿਆਨ ਕਰਦੀ ਇਹ ਪੁਸਤਕ ਲਿਖ ਕੇ ਬੜੀ ਵੱਡੀ ਛਾਲ ਮਾਰੀ ਹੈ। ਇੰਝ ਪੰਜਾਬੀ ਦੇ ਗਿਆਨ ਸਾਹਿਤ ਵਿਚ ਵਿਸ਼ੇਸ਼ ਵਾਧਾ ਕੀਤਾ ਹੈ।

ਈਸ਼ਰ ਸਿੰਘ ਦਾ ਜਨਮ 1944 ਵਿਚ ਛੋਟੇ ਜਿਹੇ ਪਿੰਡ ਬਖੋਪੀਰ, ਜ਼ਿਲ੍ਹਾ ਸੰਗਰੂਰ ਵਿਚ ਹੋਇਆ ਸੀ। ਉਸ ਨੇ ਆਪਣੇ ਪਿੰਡ ਦੇ ਗੁਰਦਵਾਰੇ ਤੋਂ ਗੁਰਬਾਣੀ ਦੀ ਸਿੱਖਿਆ ਲੈ ਕੇ, ਨਾਭੇ ਤੋਂ ਮੈਟ੍ਰਿਕ ਤੇ ਮਹਿੰਦਰਾ ਕਾਲਜ ਪਟਿਆਲੇ ਤੋਂ ਪ੍ਰੀ-ਇੰਜਨੀਅਰਿੰਗ ਕਰ ਕੇ, ਥਾਪਰ ਇੰਸਟੀਚਿਊਟ ਤੋਂ ਇਲੈਕਟ੍ਰੀਕਲ ਇੰਜੀਅਰਿੰਗ ਦੀ ਡਿਗਰੀ ਹਾਸਲ ਕੀਤੀ। ਵਿਚੇ ਗਿਆਨੀ ਕਰ ਲਈ। ਫਿਰ ਪੰਜਾਬ ਬਿਜਲੀ ਬੋਰਡ ਵਿਚ ਐੱਸ.ਡੀ.ਓ ਲੱਗ ਗਿਆ ਤੇ 2002 ਵਿਚ ਚੀਫ ਇੰਜੀਨੀਅਰ ਵਜੋਂ ਰਿਟਾਇਰ ਹੋ ਕੇ ਬੱਚਿਆਂ ਪਾਸ ਕੈਨੇਡਾ ਪੁੱਜ ਗਿਆ। ਹੁਣ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਪਰਵਾਸੀ ਹੈ।
ਉਸ ਦੇ ਲਿਖਣ ਅਨੁਸਾਰ ਉਹ ਮੇਰੀਆਂ ਖੇਡ ਤੇ ਸਿਹਤ ਲਿਖਤਾਂ ਦਾ ਪਾਠਕ ਸੀ ਜਿਸ ਕਰਕੇ ਸਾਹਿਤ ਸਭਾਵਾਂ ਤੇ ਖੇਡ ਮੈਦਾਨਾਂ `ਚ ਸਾਡੀ ਸੰਗਤ ਹੋ ਗਈ। ਫਿਰ ਉਹ ਲੰਮੀਆਂ ਦੌੜਾਂ ਤੇ ਤੋਰਾਂ ਅਤੇ ਸੀ.ਐੱਨ ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਸ਼ਾਮਲ ਹੋਣ ਲੱਗ ਪਿਆ। ਨਾਲ ਹੀ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਲੇਖ ਲਿਖਣ ਲੱਗ ਪਿਆ, ਜਿਨ੍ਹਾਂ `ਚੋਂ ਕਈ ਇਸ ਪੁਸਤਕ ਵਿਚ ਵੀ ਸ਼ਾਮਲ ਹਨ। ਉਸ ਨੇ ਆਪਣੀ ਪਹਿਲੀ ਹਾਫ-ਮੈਰਾਥਨ ਦੀ ਵਾਕ ਤੋਂ ਸਿੱਖੇ ਸਬਕਾਂ ਬਾਰੇ ਲਿਖਿਆ ਹੈ:
‘2017 `ਚ 73 ਸਾਲ ਦੀ ਉਮਰ ਹੋਣ ਤੱਕ, ਮੈਂ ਸਧਾਰਨ ਸੈਰ ਕਰਨ ਤੋਂ ਵੱਧ ਕੋਈ ਕਸਰਤ ਨਹੀਂ ਸੀ ਕੀਤੀ। ਪਰ ਇਸ ਤੋਂ ਬਾਅਦ ਮੈਂ ਛੇ ਵਾਰ ਸੀ.ਐੱਨ ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ ਪੰਜ ਵਾਰ ਸਕੋਸ਼ੀਆ ਬੈਂਕ ਵੱਲੋਂ ਆਯੋਜਿਤ 21 ਕਿਲੋਮੀਟਰ ਦੀ ਹਾਫ-ਮੈਰਾਥਨ ‘ਵਾਕ’ ਅਤੇ 42.2 ਕਿਲੋ ਮੀਟਰ ਦੀ ਵਰਚੂਅਲ ਫੁੱਲ ਮੈਰਾਥਨ ਵਿਚ ਭਾਗ ਲੈ ਚੁੱਕਾ ਹਾਂ। ਮੈਂ ਮੌਸਮ ਅਨੁਸਾਰ ਹਫ਼ਤੇ ਵਿਚ ਪੰਜ ਵਾਰ ਕਰੀਬ ਦਸ ਹਜ਼ਾਰ ਕਦਮ ਤੁਰਨ ਦਾ ਅਭਿਆਸ ਕਰਦਾ ਹਾਂ। ਮੇਰਾ ਭਾਵ ਆਪਣੀ ਕਿਸੇ ਪ੍ਰਾਪਤੀ ਬਾਰੇ ਦੱਸਣਾ ਨਹੀਂ, ਬਲਕਿ ਨਿਮਰਤਾ ਸਹਿਤ ਇਹ ਕਹਿਣਾ ਹੈ ਕਿ ਜੇ ਮੈਂ ਇਹ ਕਾਰਵਾਈਆਂ ਕਰ ਸਕਦਾ ਹਾਂ, ਤਾਂ ਹਰ ਕੋਈ ਕਰ ਸਕਦਾ ਹੈ ਅਤੇ ਨਾਲ਼ ਹੀ ਆਪਣੀ ਇਹ ਖੋਜ ਸਾਂਝੀ ਕਰਨਾ ਹੈ ਕਿ ਇਹ ਕਾਰਵਾਈਆਂ ਸਰੀਰ ਤੋਂ ਕਿਤੇ ਵੱਧ ਫਾਇਦਾ ਸਾਡੇ ਦਿਮਾਗ, ਸੁਭਾਅ ਅਤੇ ਮਨ ਦਾ ਕਰਦੀਆਂ ਹਨ।
2014 ਵਿਚ ਆਪਣੀ ਪਤਨੀ ਦੇ ਸੁਰਗਵਾਸ ਹੋਣ ਤੋਂ ਬਾਅਦ ਮੈਂ ਆਪਣਾ ਬਹੁਤਾ ਵਕਤ ਘਰ ਬੈਠ ਕੇ ਕਿਤਾਬਾਂ ਪੜ੍ਹ ਕੇ, ਟੀ.ਵੀ ਦੇਖ ਕੇ ਅਤੇ ਸ਼ਬਦ-ਕੀਰਤਨ ਜਾਂ ਪੁਰਾਣੇ ਗਾਣੇ ਸੁਣ ਕੇ ਹੀ ਪੂਰਾ ਕਰਦਾ ਸੀ। ਸਿਹਤ ਅਤੇ ਸੁਭਾਅ ਦੋਵੇਂ ਵਿਗੜ ਰਹੇ ਸਨ, ਭਵਿੱਖ ਦੀ ਚਿੰਤਾ ਵਧ ਰਹੀ ਸੀ ਅਤੇ ਬੱਚੇ ਵੀ ਫਿਕਰਮੰਦ ਹੋ ਰਹੇ ਸਨ। ਜੀਵਨ ਵਿਚ ਕੀਤੀਆਂ ਗਲਤੀਆਂ, ਖੁੰਝਾਏ ਚੰਗੇ ਮੌਕੇ ਅਤੇ ਆਪਣੇ ਅਸੂਲਾਂ ਦੀਆਂ ਕੁਰਬਾਨੀਆਂ ਦੇ ਅਤੇ ਮਿੱਤਰਾਂ ਦੇ ਕੀਤੇ ਕੰਮ, ਯਾਦ ਕਰ-ਕਰ ਕੇ ਝੁਰਦੇ ਰਹੀਦਾ ਸੀ।
ਉਨ੍ਹਾਂ ਦਿਨਾਂ `ਚ ਹੀ ਇੰਜ. ਜਸਵੰਤ ਸਿੰਘ ‘ਜ਼ਫਰ’ ਦੀ ਇੱਕ ਦਿਲ-ਟੁੰਬਵੀ ਵੀਡੀਓ ਦੇਖਣ ਨੂੰ ਮਿਲੀ, ਜਿਸ ਵਿਚ 2015 `ਚ ਵੈਨਕੂਵਰ ਵਿਖੇ ਆਪਣੇ ਇਕਲੌਤੇ ਜੁਆਨ ਪੁੱਤਰ ਦੇ ਭੋਗ-ਸਮਾਗਮ `ਤੇ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਵੱਡੀ ਮੁਸੀਬਤ ਸਮੇਂ ਇਨਸਾਨ ਕੋਲ਼ ਦੋ ਹੀ ਵਿਕਲਪ ਹੁੰਦੇ ਹਨ: ਉਹ ਆਦਰਸ਼ ਬਣੇ ਜਾਂ ਲੋਕਾਂ ਦੇ ਤਰਸ ਦਾ ਪਾਤਰ। ਆਦਰਸ਼ ਬਣਨ ਵਾਸਤੇ ਕੁਛ ਕਰਨ ਦੀ ਲੋੜ ਪੈਂਦੀ ਹੈ, ਤਰਸ ਦਾ ਪਾਤਰ ਬਣਨ ਵਾਸਤੇ ਕੁਛ ਵੀ ਕਰਨ ਦੀ ਲੋੜ ਨਹੀਂ ਹੁੰਦੀ। ਲੇਖਕ ਜ਼ਫਰ ਦੀ ਮੁਸੀਬਤ ਸਾਹਮਣੇ ਮੇਰੀ ਮੁਸੀਬਤ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ ਸੀ। ਆਦਰਸ਼ ਬਨਣ ਦੀ ਸਮਰੱਥਾ ਨਹੀ ਸੀ, ਪਰ ਤਰਸ ਦੇ ਪਾਤਰ ਬਣਨਾ ਵੀ ਗਵਾਰਾ ਨਹੀ ਸੀ। ਸੋਚਿਆ ਕਿ ਕਿਸੇ ਹੋਰ ਵਾਸਤੇ ਕੁਛ ਕਰਨ ਤੋਂ ਪਹਿਲਾਂ ਘਟੋ-ਘੱਟ ਆਪਣੇ-ਆਪ ਨੂੰ ਸੰਭਾਲਣ ਜੋਗੇ ਤਾਂ ਬਣੀਏ।
ਇਸ ਖਿਆਲ ਨਾਲ਼ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਜੋ ਸੰਸਾਰ ਭਰ ਦੇ ਪੰਜਾਬੀ ਪਾਠਕਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਖੇਡਾਂ, ਖਿਡਾਰੀਆਂ ਤੇ ਚੰਗੀ ਸਿਹਤ ਬਾਰੇ ਜਾਗਰੂਕ ਕਰਦੇ ਆ ਰਹੇ ਹਨ, ਦੇ ਲੇਖ ਦੁਬਾਰਾ ਪੜ੍ਹਨੇ ਸ਼ੁਰੂ ਕੀਤੇ। ਫੈਸਲਾ ਕੀਤਾ ਕਿ ਤੁਰਨ ਦੇ ਅਭਿਆਸ ਨੂੰ ਵਧਾਉਣਾ ਹੀ ਮੇਰੇ ਵਾਸਤੇ ਸਭ ਤੋਂ ਚੰਗਾ ਰਹੇਗਾ। ਇਸ ਵਾਸਤੇ ਕਿਸੇ ਖੇਡ ਮੈਦਾਨ, ਖੇਡ ਸਮਾਨ, ਵਕਤ ਦੀ ਪਾਬੰਦੀ ਜਾਂ ਕਿਸੇ ਹੋਰ ਦੇ ਸਾਥ ਦੀ ਲੋੜ ਨਹੀਂ ਸੀ। ਇਸ ਫੈਸਲੇ ਨਾਲ਼ ਹੀ ਮਨ ਨੂੰ ਬਹੁਤ ਧਰਵਾਸ ਮਿਲਿਆ ਤੇ ਮਹਿਸੂਸ ਕੀਤਾ ਕਿ ਕੁਦਰਤ ਦੀ ਕਰਨੀ ਨੂੰ ਖਿੜੇ ਮੱਥੇ ਮੰਨਣਾ ਹੀ ਸਹੀ ਸੇਧ ਦੇ ਸਕਣ ਦੇ ਸਮਰੱਥ ਹੈ।
ਜੇ ਤੁਸੀਂ ਦੌੜ ਸਕਦੇ ਹੋ ਤਾਂ ਦੌੜੋ, ਤੁਰੋ ਨਾ। ਜੇ ਤੁਸੀਂ ਤੁਰ ਸਕਦੇ ਹੋ ਤਾਂ ਤੁਰੋ, ਖੜ੍ਹੋ ਨਾ।
ਜੇ ਤੁਸੀਂ ਖੜ੍ਹ ਸਕਦੇ ਹੋ ਤਾਂ ਖੜ੍ਹੋ, ਬੈਠੋ ਨਾ। ਜੇ ਤੁਸੀਂ ਬੈਠ ਸਕਦੇ ਹੋ ਤਾਂ ਬੈਠੋ, ਲੇਟੋ ਨਾ।’
ਈਸ਼ਰ ਸਿੰਘ ਹੁਣ ਉਹ 80ਵਿਆਂ `ਚ ਹੈ, ਤੇ ਉਸ ਪਾਸ ਪੜ੍ਹਨ-ਲਿਖਣ ਲਈ ਕਾਫੀ ਵਿਹਲ ਹੈ। ਉਹ ਅੰਗਰੇਜ਼ੀ ਦੇ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਪੜ੍ਹਦਾ ਰਹਿੰਦਾ ਹੈ। ਅੰਗਰੇਜ਼ੀ ਲਿਖਣ ਦਾ ਉਹ ਆਪ ਵੀ ਮਾਹਿਰ ਹੈ। ਇਹ ਪੁਸਤਕ ਉਸ ਦੇ ਸਾਇੰਸ ਤੇ ਤਕਨੌਲੋਜੀ ਦੇ ਵਧ ਰਹੇ ਗਿਆਨ ਤੇ ਤਜਰਬੇ `ਚੋਂ ਹੋਂਦ ਵਿਚ ਆਈ ਹੈ। ਉਹ ਖ਼ੁਦ ਪੰਜਾਬ ਰਾਜ ਬਿਜਲੀ ਬੋਰਡ ਦਾ ਚੀਫ ਇੰਜਨੀਅਰ ਰਿਹਾ ਹੈ ਤੇ ਮਾਡਰਨ ਤਕਨੌਲੋਜੀ ਦਾ ਗੂੜ੍ਹ ਗਿਆਤਾ ਹੈ। ਨਿਰਾ ਗੂੜ੍ਹ ਗਿਆਤਾ ਹੀ ਨਹੀਂ, ਉਹਦੇ ਹਾਨ/ਲਾਭਾਂ ਦਾ ਵੀ ਜਾਣੂੰ ਹੈ। ਲੋੜ ਪੈਣ `ਤੇ ਸਟੈਂਡ ਲੈਣ ਵਾਲਾ ਵੀ ਹੈ, ਜੋ ਉਸ ਨੇ ਆਪਣੀ ਸਰਕਾਰੀ ਸਰਵਿਸ ਦੌਰਾਨ ਸਿੱਧ ਕਰ ਵਿਖਾਇਆ। ਇਸੇ ਕਰਕੇ ਉਸ ਨੂੰ ‘ਨਰ ਬੰਦਾ’ ਕਿਹਾ ਜਾਂਦੈ।
ਉਹਦੀ ਇਕੋ ਮਿਸਾਲ ਕਾਫੀ ਹੋਵੇਗੀ। ਕਈ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਕਿਸੇ ਕੰਪਨੀ ਨਾਲ ਨਵਾਂ ਬਿਜਲੀ ਪਲਾਂਟ ਲਾਉਣ ਬਾਰੇ ਕੰਟ੍ਰੈਕਟ ਕਰਨਾ ਸੀ। ਵਿਚਲੀ ਗੱਲ ਸੀ ਕਿ ਸਿਆਸੀ ਨੇਤਾਵਾਂ ਨੂੰ ਖੁੱਲ੍ਹੇ ਗੱਫੇ ਦੁਆਉਣਾ ਸੀ, ਪਰ ਜਿਸ ਇੰਜਨੀਅਰ ਨੇ ਮਸੌਦੇ `ਤੇ ਸਹੀ ਪਾਉਣੀ ਸੀ ਉਹ ਈਸ਼ਰ ਸਿੰਘ ਸੀ। ਮਹਿਕਮਾਨਾ ਕਾਇਦੇ-ਕਾਨੂੰਨ ਦੀ ਜਾਣਕਾਰੀ ਹੋਣ ਕਰਕੇ ਉਸ ਨੂੰ ਇਸ ਸਮਝੌਤੇ ਲਈ ਚੁਣ ਕੇ ਡਾਇਰੈਕਟਰ ਲਾਇਆ ਗਿਆ ਸੀ, ਜੋ ਬਹੁਤ ਹੀ ਟੈਕਨੋ-ਲੀਗਲ ਅਤੇ ਆਪਣੀ ਕਿਸਮ ਦਾ ਪਹਿਲਾ ਕੰਮ ਸੀ। ਉਸ ਨੂੰ ਇਸ ਪੋਸਟ ‘ਤੇ ਤਾਇਨਾਤ ਕਰਨ ਵੇਲ਼ੇ ਇਸ਼ਾਰਾ ਕੀਤਾ ਗਿਆ ਸੀ ਕਿ ‘ਤੈਨੂੰ ਵਗਦੀ ਗੰਗਾ `ਚ ਵਾੜ’ਤਾ, ਨ੍ਹਾ ਲੈ ਜਿੰਨਾ ਮਰਜੀ।’
ਈਸ਼ਰ ਸਿੰਘ ਦਾ ਜਵਾਬ ਸੀ, ‘ਮੈਂ ਤਾਂ ਇਕੋ ਬਾਲਟੀ ਨਾਲ ਨਹਾਉਣ ਵਾਲਾ ਬੰਦਾਂ, ਵਗਦੀ ਗੰਗਾ ਕੀ ਕਰਨੀ ਐ, ਘਰ ਦੀ ਟੂਟੀ ਨਾਲ਼ ਈ ਸਰੀ ਜਾਂਦਾ ਐ।’
ਉਹ ਸਮਝਦਾ ਸੀ ਕਿ ਇਹ ਕੰਟ੍ਰੈਕਟ ਪੰਜਾਬ ਦੇ ਭਵਿੱਖ ਲਈ ਘਾਤਕ ਹੋਵੇਗਾ। ਲੋਭ-ਲਾਲਚ ਤੋਂ ਪਰ੍ਹੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਇੰਜੀਨੀਅਰ ਨੇ ਨਿਮਰਤਾ ਨਾਲ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਹੋਵੇਗੀ। ਪਰ ਰਾਜਸੀ ਨੇਤਾ ਗ਼ਦਾਰੀ-ਗ਼ਦੂਰੀ ਨੂੰ ਕੀ ਸਮਝਦੇ ਹਨ? ਈਸ਼ਰ ਸਿੰਘ `ਤੇ ਦਸਖ਼ਤ ਕਰਨ ਲਈ ਦਬਾਅ ਵਧਣ ਲੱਗਾ। ਪਰ ਉਸ ਨੇ ਫਾਈਲ ਹੀ ਐਸੇ ਢੰਗ ਨਾਲ਼ ਤਿਆਰ ਕੀਤੀ ਕਿ ਉਹਦੀ ਬਦਲੀ ਪਿੱਛੋਂ ਨਵਾਂ ਅਫਸਰ ਵੀ ਦਸਖਤ ਕਰ ਕੇ ਪੰਜਾਬ ਦੇ ਹਿਤਾਂ ਨਾਲ ਗਦਾਰੀ ਨਾ ਕਰ ਸਕੇ। ਉਹੀ ਗੱਲ ਹੋਈ, ਈਸ਼ਰ ਸਿੰਘ ਨੂੰ ਉਥੋਂ ਬਦਲ ਦਿੱਤਾ ਗਿਆ ਪਰ ਉਹ ਕੰਟ੍ਰੈਕਟ ਲਟਕ ਗਿਆ।
ਸਪਸ਼ਟ ਹੈ ਕਿ ਉਸ ਨੂੰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਭੁਗਤਣਾ ਪਿਆ। ਫਿਰ ਵੀ ਵਧੀਆ ਸਰਵਿਸ ਰਿਕਾਰਡ ਅਤੇ ਸੀਨੀਆਰਤਾ ਤੇ ਮੈਰਿਟ ਅਨੁਸਾਰ ਪਦ-ਉੱਨਤ ਹੋ ਕੇ ਮੁੱਖ ਇੰਜਨੀਅਰ (ਸੰਚਾਲਨ) ਦੀ ਵੰਗਾਰਮਈ ਅਤੇ ਮਾਣਮੱਤੀ ਪੋਸਟ ਤੋਂ 36 ਸਾਲ ਦੀ ਸਰਵਿਸ ਕਰ ਕੇ 2002 ਨੂੰ ਸੇਵਾ-ਮੁਕਤੀ ਪ੍ਰਾਪਤ ਕੀਤੀ।
ਇੰਜ. ਈਸ਼ਰ ਸਿੰਘ ਦੀ ਇਹ ਪੁਸਤਕ ਗਿਆਨ-ਧਿਆਨ ਦਾ ਖ਼ਜ਼ਾਨਾ ਹੈ। ਇਸ ਨੂੰ ਪੜ੍ਹਦਿਆਂ ਪਤਾ ਲਗਦੈ ਕਿ ਤਕਨੌਲੋਜੀ ਕਿਵੇਂ ਵਜੂਦ ਵਿਚ ਆਈ ਤੇ ਕਿਵੇਂ ਕਿਥੋਂ ਕਿਥੇ ਪਹੁੰਚੀ? ਮਸਲਨ ਪੱਥਰ ਦੇ ਟੁਕੜੇ ਨੂੰ ਪੱਥਰ ਨਾਲ ਭਿੜਾ ਕੇ ਬਾਲ਼ੀ ਅੱਗ ਕਿਵੇਂ ਹਨ੍ਹੇਰੇ `ਚ ਚਾਨਣ ਬਣੀ? ਕਿਵੇਂ ਠਾਰੀ ਦੂਰ ਕਰਨ ਵਾਲੀ ਧੂਣੀ ਬਣੀ ਤੇ ਕਿਵੇਂ ਖਾਣਾ ਪਕਾਉਣ ਤੋਂ ਲੈ ਕੇ ਰੇਲ ਗੱਡੀਆਂ ਖਿੱਚਣ ਵਾਲਾ ਭਾਫ਼ ਦਾ ਇੰਜਣ ਬਣੀ? ਕਿਵੇਂ ਪਹੀਏ ਦੀ ਕਾਢ ਨੇ ਕਿੰਨੀਆਂ ਵੱਡੀਆਂ ਕਮਾਲਾਂ ਕੀਤੀਆਂ, ਕਿਵੇਂ ਗੁਲੇਲ ਦਾ ਗੁਲੇਲਾ ਮਿਜ਼ਾਈਲ ਬਣਿਆ, ਕਿਵੇਂ ਮੋਬਾਈਲ ਫੋਨ ਹੋਂਦ ਵਿਚ ਆਇਆ ਤੇ ਕਿਵੇਂ ਅਸਲੀ ਅਕਲ ਦੀ ਥਾਂ ਬਣਾਉਟੀ ਅਕਲ ਕਾਰੋਬਾਰੀਆਂ ਦਾ ਡੰਗ ਸਾਰਨ ਲੱਗੀ। ਪਰ ਸੁਆਲ ਇਹ ਹੈ ਕਿ ਅਜੋਕੀ ਤਕਨੌਲੋਜੀ ਸਾਨੂੰ ਲਈ ਕਿਧਰ ਜਾ ਰਹੀ ਹੈ? ਇਸ ਦੇ ਸੁਖ ਮਾਣਦੇ-ਮਾਣਦੇ ਅਸੀਂ ਕੈਸੇ-ਕੈਸੇ ਦੁੱਖ ਸਹੇੜ ਬੈਠੇ ਹਾਂ? ਸਰੀਰਕ ਸਹੂਲਤਾਂ ਮਾਣਦੇ ਦਿਮਾਗੀ ਰੋਗਾਂ ਦੇ ਸ਼ਿਕਾਰ ਹੋ ਗਏ ਹਾਂ ਤੇ ਦਿਮਾਗੀ ਰੋਗਾਂ ਦਾ ਇਲਾਜ ਕਰਾਉਂਦੇ ਮਨ ਦਾ ਚੈਨ ਗੁਆ ਬੈਠੇ ਹਾਂ, ਜੀਹਦਾ ਕੋਈ ਇਲਾਜ ਹੀ ਨਹੀਂ। ਪੇਸ਼ ਹਨ ਪੁਸਤਕ ਦੇ ਕੁੱਝ ਅੰਸ਼:
‘ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ’ ਕਹਾਵਤ, ਅੱਜ ਦੀ ਸਮੁੱਚੀ ਤਕਨੌਲੋਜੀ ਅਤੇ ਇਸ ਦੀਆਂ ਬ੍ਰਾਂਚਾਂ ਕੰਪਿਊਟਰ ਸਾਇੰਸ ਅਤੇ ਅੱਗੇ ਉਸ ਦੀ ਉਪ-ਬ੍ਰਾਂਚ ਆਰਟੀਫੀਸ਼ੀਅਲ ਇੰਟੈਲੀਜੈਂਸ `ਤੇ ਪੂਰੀ ਢੁਕਦੀ ਹੈ। ਇਸ ਦੀਆਂ ਅੱਡ-ਅੱਡ ਬ੍ਰਾਂਚਾਂ ਦੇ ਸੁਮੇਲ ਰਾਹੀਂ ਮਨੁੱਖ, ਥੋੜੇ ਸਮੇਂ `ਚ ਹੀ ਬਹੁ-ਪੱਖੀ ਤਰੱਕੀ ਕਰ ਸਕਿਆ ਹੈ। ਪਰ 2024 ਦੇ ਨੋਬਲ ਪੁਰਸਕਾਰ ਨਾਲ਼ ਸਨਮਾਨਿਤ ਦੋ ਪ੍ਰਸਿੱਧ ਅਰਥ-ਸ਼ਾਸਤਰੀ, ਆਪਣੀ ਸਾਂਝੀ ਕਿਤਾਬ ‘ਪਾਵਰ ਐਂਡ ਪਰਾਗ੍ਰੈੱਸ’ ਵਿਚ ਲਿਖਦੇ ਹਨ, ‘ਮੌਜੂਦਾ ਹਾਲਾਤ ਅਤੇ ਤਕਨੌਲੋਜੀਆਂ ਦੇ ਇੱਕ ਹਜ਼ਾਰ ਸਾਲ ਦੇ ਇਤਿਹਾਸ ਤੋਂ ਸਪੱਸ਼ਟ ਹੈ ਕਿ ਇਹ ਆਪਣੇ-ਆਪ `ਚ ਵਿਆਪਕ ਅਤੇ ਸਰਬ-ਸਾਂਝੀ ਖੁਸ਼ਹਾਲੀ ਨਹੀਂ ਲਿਆ ਸਕਦੀਆਂ।’
ਇਸ ਤਰ੍ਹਾਂ ਤਕਨੌਲੋਜੀ ਦਾ ਇਹ ਸੋਨਾ ਸਾਡੇ ਕੰਨਾਂ ਨੂੰ ਖਾ ਰਿਹਾ ਹੈ। ਨਾ ਇਸ ਨੂੰ ਲਾਹੁਣ ਜੋਗੇ, ਨਾ ਪਹਿਨਣ ਜੋਗੇ। ਇਸ ਸਥਿਤੀ ਨੂੰ ਹੀ ਅੰਗਰੇਜ਼ੀ `ਚ ‘ਨਸੈਸਰੀ ਈਵਲ’ ਤੇ ‘ਡੇਂਜਰਸ ਕਨਵੀਨੀਐਂਸ’ ਆਦਿ ਕਿਹਾ ਜਾਂਦਾ ਹੈ। ਅੱਜ ਦਾ ਸੰਸਾਰ ਆਪਣੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਰੋਕਾਰਾਂ ਨੂੰ ਪਿਛਾਂਹ ਕਰ ਕੇ ਤਕਨੌਲੋਜੀ ਨੂੰ ਮੁੱਖ ਰੱਖ ਰਿਹਾ ਹੈ। ਤਕਨੌਲੋਜੀ, ਕੰਪਿਊਟਰ ਸਾਇੰਸ ਦੇ ਪ੍ਰਭਾਵ ਹੇਠ ਆਈ ਹੋਈ ਹੈ, ਜੋ ਅੱਗੇ ਏ.ਆਈ. ਦੇ ਪ੍ਰਭਾਵ ਹੇਠ ਜਾ ਚੁੱਕੀ ਹੈ। ਇਸ ਉਲਟੇ ਚੱਕਰ ਦੇ ਮੰਦੇ ਅਸਰ ਪ੍ਰਤੱਖ ਹੋ ਰਹੇ ਹਨ ਅਤੇ ਸਰਬ-ਸਾਂਝੀ ਭਲਾਈ ਅਤੇ ਮਨੁੱਖੀ ਬਰਾਬਰੀ ਦੇ ਹਾਮੀ, ਭਵਿੱਖ `ਚ ਇਨ੍ਹਾਂ ਦੇ ਹੋਰ ਵਿਆਪਕ ਅਤੇ ਗੰਭੀਰ ਹੋਣ ਦੇ ਖ਼ਦਸ਼ੇ ਪਰਗਟ ਕਰ ਰਹੇ ਹਨ। ਕਈਆਂ ਭਵਿੱਖ-ਵਕਤਾਵਾਂ ਨੇ ਤਾਂ ਏ.ਆਈ. ਨੂੰ ਮਨੁੱਖੀ ਹੋਂਦ ਲਈ ਘਾਤਕ ਹੋ ਜਾਣ ਤੱਕ ਦੀਆਂ ਭਵਿੱਖ ਬਾਣੀਆਂ ਕਰ ਦਿੱਤੀਆਂ ਹਨ।’
ਲੇਖਕ ਅਨੁਸਾਰ, ਤਕਨੌਲੋਜੀ ਅਤੇ ਸਾਡੇ ਜੀਵਨ ਦੀ ਸਫਲਤਾ ਅਤੇ ਪ੍ਰਸੰਨਤਾ ਦੀ ਵਿਆਖਿਆ ਕਰਦੇ ਚਾਰ ‘ਥੀਮ’ ਕਿਤਾਬ ਦੇ ਸ਼ੁਰੂ `ਚ ਦਿੱਤੇ ਗਏ ਹਨ। ਇਨ੍ਹਾਂ ਦਾ ਆਧਾਰ, ਪੱਥਰ ਚੱਟ ਕੇ ਮੁੜੀ ਮੱਛੀ ਵਾਂਗੂੰ, ਅੱਜ ਦੇ ਪੱਛਮੀ ਜਗਤ ਵਲੋਂ ਅਪਣਾਈ ਜਾ ਰਹੀ ਵਿਚਾਰਧਾਰਾ ‘ਾਂਨਿਦਨਿਗ ੰੋਦੲਰਨ ਠਰੁਟਹ ਨਿ ੳਨਚਇਨਟ ੱਸਿਦੋਮ’ ਹੈ। ਸਾਡੇ ਲਈ ਇਸ ਨੂੰ ਸਮਝਣਾ, ਇਸ ਤੇ ਭਰੋਸਾ ਕਰਨਾ ਅਤੇ ਇਸ ਨੂੰ ਅਪਣਾਉਣਾ ਹੋਰ ਵੀ ਸੌਖਾ ਹੈ ਕਿਉਂਕਿ ਇਹ ਸਾਡੇ ਆਪਣੇ ਮਹਾਂ-ਪੁਰਖਾ ਦੇ ਫਲਸਫੇ ਨੂੰ ਮੁੱਖ ਰਖਦੀ ਹੈ। ਸੰਖੇਪ `ਚ ਪੁਸਤਕ ਦਾ ਸੰਦੇਸ਼ ਹੈ:
ਮਨੁੱਖੀ ਗੁਣਾਂ ਨੂੰ ਅਪਣਾਈਏ। ਹਮਦਰਦੀ, ਰਚਨਾਤਮਿਕਤਾ, ਸਬਰ-ਸੰਤੋਖ ਅਤੇ ਨੈਤਿਕਤਾ ਵਰਗੇ ਗੁਣਾਂ ਨੂੰ ਆਪਣੀ ਸਫਲਤਾ ਦਾ ਅਧਾਰ ਬਣਾਈਏ।
ਤਕਨੌਲੋਜੀਆਂ ਨੂੰ ਆਪਣੇ-ਆਪ `ਤੇ ਹਾਵੀ ਨਾ ਹੋਣ ਦੇਈਏ, ਇਨ੍ਹਾਂ ਨੂੰ ਕਾਬੂ ਕਰਨਾ ਤੇ ਇਨ੍ਹਾਂ ਦੀ ਸਦ-ਵਰਤੋਂ ਕਰਨ ਦਾ ਹੁਨਰ ਸਿੱਖੀਏ। ਇਨ੍ਹਾਂ ਰਾਹੀਂ ਇਜ਼ਾਰੇਦਾਰਾਂ ਵਲੋਂ ਲੁੱਟ ਨਾ ਹੋਣ ਹੋਈਏ।
ਜੋ ਕੰਮ ਏ.ਆਈ. ਨਹੀਂ ਕਰ ਸਕਦੀ, ਜਿਵੇਂ ਸੰਵੇਦਨਸ਼ੀਲਤਾ, ਰਚਨਾਤਮਿਕਤਾ ਤੇ ਨੈਤਿਕ ਵਿਹਾਰ ਆਦਿ ਮਨੁੱਖੀ ਗੁਣਾਂ ਦਾ ਹੋਰ ਵਿਕਾਸ ਕਰੀਏ।
ਤਕਨੌਲੋਜੀ ਦੀ ਚਕਾਚੌਂਧ `ਚ ਮਨ ਦੀ ਥਿਰਤਾ ਹੀ ਪ੍ਰਸੰਨਤਾ ਦਾ ਅਸਲ ਸਰੋਤ ਹੈ। ਬਾਹਰੀ ਜਿੱਤਾਂ ਤੋਂ ਪਹਿਲਾਂ ਅੰਦਰਲੀਆਂ ਜਿੱਤਾਂ ਜ਼ਰੂਰੀ ਹਨ।
ਏ.ਆਈ ਸਾਡੀਆਂ ਆਦਤਾਂ ਜਾਣ ਸਕਦੀ ਹੈ, ਪਰ ਸਾਡੇ ਨਾਲ ਜ਼ਿੰਦਗੀ ਦੇ ਦੁੱਖ-ਸੁੱਖ ਸਾਂਝੇ ਨਹੀਂ ਕਰ ਸਕਦੀ। ਮਨੁੱਖੀ ਰਿਸ਼ਤਿਆਂ ਦੀ ਕਦਰ ਕਰੀਏ ਅਤੇ ਇਨ੍ਹਾਂ ਦੇ ਨੈੱਟ-ਵਰਕ ਨੂੰ ਵੱਡਾ ਤੇ ਤਕੜਾ ਕਰੀਏ।
ਬੱਚਿਆਂ ਲਈ ਤਕਨੌਲੋਜੀ ਵਿਕਾਸ ਦਾ ਸਾਧਨ ਬਣੇ, ਆਸਰਾ ਨਹੀਂ। ਨੋ-ਸਕ੍ਰੀਨ ਦਿਨ, ਕਹਾਣੀਆਂ ਅਤੇ ਸਰੀਰਕ ਕੰਮਾਂ ਨਾਲ ਉਨ੍ਹਾਂ ਦੇ ਵਿਕਾਸ ਨੂੰ ਤਕਨੌਲੋਜੀ ਨਾਲ ਜੋੜੀਏ ਅਤੇ ਸੰਤੁਲਿਤ ਰੱਖੀਏ।
ਪਵਿੱਤਰ ਜੀਵਨ, ਡੂੰਘੀ ਸੋਚ, ਵਿਵੇਕ ਤੇ ਨਿਰਮਲ ਮਨ, ਖੁਸ਼ਹਾਲੀ ਦਾ ਅਧਾਰ ਹਨ, ਇਨ੍ਹਾਂ ਨੂੰ ਅਪਣਾਈਏ।