ਜਦੋਂ ਮੈਕਾਲਿਫ ਮੇਰੇ ਪਿੰਡ ਰਿਹਾ

ਫ਼ਰਵਰੀ 1864 ‘ਚ ਅਧਿਕਾਰੀ ਵਜੋਂ ਪੰਜਾਬ ਪੁੱਜਣ ਤੋਂ ਛੇਤੀ ਮਗਰੋਂ ਉਹਨੂੰ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦਾ ਮੌਕਾ ਮਿਲਿਆ। ਉਥੋਂ ਦੇ ਸ਼ਾਂਤ ਮਾਹੌਲ ਨੇ ਅਤੇ ਸਮਝ ਵਿਚ ਨਾ ਆਈ ਹੋਣ ਦੇ ਬਾਵਜੂਦ ਸੰਗੀਤ ਨਾਲ ਗਾਈ ਜਾ ਰਹੀ ਬਾਣੀ ਨੇ ਉਹਨੂੰ ਪ੍ਰਭਾਵਿਤ ਕੀਤਾ। ਮਗਰੋਂ ਉਹਨੇ ਕਿਸੇ ਤੋਂ ਉਥੇ ਗਾਏ ਗਏ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿਚ ਸਮਝੇ ਤਾਂ ਉਹ ਰਚਨਾ ਦੀ ਦਾਰਸ਼ਨਿਕ ਬੁਲੰਦੀ ਤੇ ਅਧਿਆਤਮਕ ਗਹਿਰਾਈ ਮਹਿਸੂਸ ਕਰ ਕੇ ਧੰਨ ਹੀ ਹੋ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਧਾਰਮਿਕ ਰਵਾਇਤਾਂ ਵਿਚ ਉਹਦੀ ਤਿੱਖੀ ਦਿਲਚਸਪੀ ਜਗਾ ਦਿੱਤੀ। ਸਿੱਟੇ ਵਜੋਂ ਉਹਨੇ ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਸਬੰਧੀ ਲੇਖ ਲਿਖਣੇ ਸ਼ੁਰੂ ਕੀਤੇ ਜੋ 1875-81 ਦੇ ਸਮੇਂ ਵਿਚ ‘ਕੈਲਕਟਾ ਰੀਵਿਊ’ ਨਾਂ ਦੇ ਰਸਾਲੇ ਵਿਚ ਛਪਦੇ ਰਹੇ। ਇਸ ਦੌਰਾਨ ਉਹਨੇ ਪੰਜਾਬੀ ਅਤੇ ਕੁਛ ਹੋਰ ਭਾਰਤੀ ਭਾਸ਼ਾਵਾਂ ਦੀ ਕੰਮਕਾਜੀ ਜਾਣਕਾਰੀ ਵੀ ਪ੍ਰਾਪਤ ਕੀਤੀ। ਜਿਉਂ ਜਿਉਂ ਸਿੱਖ ਧਰਮ ਅਤੇ ਬਾਣੀ ਵਿਚ ਉਹਦੀ ਦਿਲਚਸਪੀ ਵਧਦੀ ਗਈ, ਉਹ ਇਸ ਸਿੱਟੇ ਉਤੇ ਪੁਜਦਾ ਗਿਆ ਕਿ ਉਹਦਾ ਅਸਲ ਟੀਚਾ ਅਤੇ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਅਨੁਵਾਦਣਾ ਹੈ।
ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਮੇਰੇ ਪਿੰਡ ਪਿੱਥੋ ਤੋਂ ਕੋਈ ਇਕ ਕੋਹ ਵਾਟ ਦੂਰ ਖੇਤਾਂ ਵਿਚ ਭਾਈ ਕਾਨ੍ਹ ਸਿੰਘ ਦੀ ਕੋਠੀ ਸੀ। ਉਹ ਆਪ ਤਾਂ ਉਦੋਂ ਗੁਜ਼ਰ ਗਏ ਸਨ ਜਦੋਂ ਮੈਂ ਅਜੇ ਸਿਰਫ਼ ਇਕ ਸਾਲ, ਅੱਠ ਮਹੀਨੇ ਤੇ ਪੰਜ ਦਿਨਾਂ ਦਾ ਸੀ ਪਰ ਮੇਰੀ ਚੜ੍ਹਦੀ ਉਮਰ ਵਿਚ ਉਨ੍ਹਾਂ ਦੀ ਕੋਠੀ ਤੇ ਬਾਗ਼ ਪੂਰੇ ਜਲੌਅ ਨਾਲ ਕਾਇਮ ਸਨ। ਉਥੇ ਜਾਣ ਦਾ ਮੌਕਾ ਮਿਲਦਾ ਤਾਂ ਮੇਰੇ ਬਾਪੂ ਜੀ ਇਹ ਗੱਲ ਜ਼ਰੂਰ ਯਾਦ ਕਰਦੇ ਕਿ ਜਦੋਂ ਉਹ ਸੋਲਾਂ-ਸਤਾਰਾਂ ਸਾਲ ਦੇ ਸਨ, ਮੈਕਾਲਿਫ਼ ਨਾਂ ਦਾ ਇਕ ਅੰਗਰੇਜ਼ ਵਿਦਵਾਨ ਸਿਆਲਾਂ ਵਿਚ ਕਈ ਮਹੀਨੇ ਇਸ ਕੋਠੀ ਵਿਚ ਰਹਿ ਕੇ ਗਿਆ ਸੀ। ਇਮਾਰਤ ਦੇ ਚੁਫੇਰੇ ਦੇ ਬਾਗ਼ ‘ਚ ਛਾਂਦਾਰ ਤੇ ਫਲਦਾਰ ਰੁੱਖਾਂ ਤੋਂ ਬਿਨਾ ਭਾਂਤ ਸੁਭਾਂਤੇ ਚਿਰਕਾਲੀ ਤੇ ਮੌਸਮੀ ਫੁੱਲ ਖਿੜੇ ਰਹਿੰਦੇ ਸਨ। ਸਾਡੇ ਇਲਾਕੇ ‘ਚ ਉਸ ਸਮੇਂ ਅਜਿਹੇ ਬਿਰਛ ਬੂਟੇ ਤੇ ਫੁੱਲ-ਫਲ ਕੋਈ ਆਮ ਗੱਲ ਨਹੀਂ ਸੀ। ਉਥੇ ਖਿੜਦੇ ਗੁਲਾਬ ਦੇ ਵੱਡੇ ਵੱਡੇ ਫੁੱਲ ਅੱਜ ਵੀ ਜਿਵੇਂ ਮੇਰੀਆਂ ਅੱਖਾਂ ਸਾਹਮਣੇ ਟਹਿਕ ਰਹੇ ਹਨ। ਪੇਸ਼ਾਵਰ ਗ਼ੈਰ-ਪੰਜਾਬੀ ਮਾਲੀ ਹਮੇਸ਼ਾ ਹੀ ਹੱਥਾਂ ਵਿਚ ਖੁਰਪੀਆਂ ਫੜੀ ਕੰਮ ਵਿਚ ਰੁੱਝੇ ਦਿਖਾਈ ਦਿੰਦੇ। ਕਈ ਦਿਨਾਂ ਮਗਰੋਂ ਵਾਰੀ-ਸਿਰ ਆਉਂਦੇ ਨਹਿਰੀ ਪਾਣੀ ਨਾਲ ਸਿੰਜਾਈ ਕਰਨ ਤੋਂ ਇਲਾਵਾ ਪੱਕੀ ਡੱਗੀ ਭਰ ਲਈ ਜਾਂਦੀ ਸੀ ਜੋ ਬਾਕੀ ਦਿਨਾਂ ਨੂੰ ਬੂਟੇ ਸਿੰਜਣ ਦੇ ਕੰਮ ਆਉਂਦੀ। ਪਰਿਵਾਰ ਦਾ ਇਕ ਪੱਕਾ ਘਰ ਪਿੰਡ ਵਿਚ ਵੀ ਸੀ। ਸਮੇਂ ਸਮੇਂ ਜਦੋਂ ਕੋਈ ਨਾਭੇ ਤੋਂ ਆਉਂਦਾ, ਦੋਵੇਂ ਥਾਂ ਰੌਣਕ ਹੋ ਜਾਂਦੀ। ਪੱਕਾ ਵਸਨੀਕ ਤਾਂ ਸਿਰਫ਼ ਹਰਸ਼ਾ ਸਿੰਘ ਸੀ ਜੋ ਸਾਰੇ ਕੰਮਕਾਜ ਦਾ ਮੁਖ਼ਤਿਆਰ ਸੀ।
ਮੈਨੂੰ ਇਹ ਕੋਠੀ ਤੇ ਬਾਗ਼ ਦੇਖਣ ਦਾ ਮੌਕਾ ਕਈ ਵਾਰ ਮਿਲਿਆ। ਇਹਦਾ ਇਕ ਵੱਖਰਾ ਹੀ ਕਾਰਨ ਸੀ। ਫ਼ੌਜ ਵਿਚੋਂ ਸੇਵਾਮੁਕਤ ਹੋ ਕੇ ਆਏ ਬਾਪੂ ਜੀ ਸ਼ੌਕੀਆ ਵੈਦਗੀ ਕਰਦੇ ਸਨ। ਆਂਢ-ਗੁਆਂਢ ਤੋਂ ਇਲਾਵਾ ਖਾਸ ਕਰਕੇ ਉਹ ਸਾਡੇ ਘਰ ਤੋਂ ਕੁਛ ਹੀ ਦੂਰ ਵਸੇ ਰਵਿਦਾਸੀਆਂ ਤੇ ਮਜ਼ਹਬੀਆਂ ਦੇ ਵਿਹੜਿਆਂ ਦੇ ਰੋਗੀਆਂ ਨੂੰ ਮੁਫ਼ਤ ਦਵਾਈ ਦਿੰਦੇ ਸਨ। ਬਹੁਤ ਸਾਰੀਆਂ ਦਵਾਈਆਂ ਉਹ ਪ੍ਰਸਿੱਧ ਸੰਸਥਾ, ਭਾਈ ਮੋਹਨ ਸਿੰਘ ਵੈਦ ਤੋਂ ਤਰਨਤਾਰਨੋਂ ਮੰਗਵਾਉਂਦੇ ਅਤੇ ਕੁਛ ਦਵਾਈਆਂ ਉਹ ਆਪ ਵੀ ਬਣਾਉਂਦੇ। ਉਨ੍ਹਾਂ ਨੇ ਭਾਈ ਮੋਹਨ ਸਿੰਘ ਵੈਦ ਦੀਆਂ ਇਲਾਜੀ ਪੁਸਤਕਾਂ ਤੋਂ ਇਲਾਵਾ ਮੇਘ ਮੁਨੀ ਲਿਖਿਤ, ਮਹੰਤ ਗਣੇਸ਼ਾ ਸਿੰਘ ਦੇ ਅਨੁਵਾਦਿਤ ਤੇ ਭਾਈ ਪ੍ਰਤਾਪ ਸਿੰਘ ਸੁੰਦਰ ਸਿੰਘ ਅੰਮ੍ਰਿਤਸਰ ਵੱਲੋਂ ਸੰਮਤ 1989 ਵਿਚ ਪ੍ਰਕਾਸ਼ਿਤ ਗ੍ਰੰਥ ‘ਮੇਘ ਬਿਨੋਦ’ ਸਮੇਤ ਹਿੰਦੀ-ਸੰਸਕ੍ਰਿਤ ਦੇ ਕਈ ਪੁਰਾਣੇ ਵੈਦਕ ਗ੍ਰੰਥਾਂ ਦੇ ਪੰਜਾਬੀ ਅਨੁਵਾਦ ਵੀ ਰੱਖੇ ਹੋਏ ਸਨ। ਉਹ ਪੇਟ ਦੇ ਕੇੜੇ ਤੇ ਸੂਲ ਦੀ ਇਕ ਬਹੁਤ ਹੀ ਕਾਰਗਰ ਦਵਾਈ ਬਣਾਇਆ ਕਰਦੇ ਸਨ ਜਿਸ ਦਾ ਆਧਾਰ ਬਿਲਕੁਲ ਨੇਂਬੂ ਦੀ ਸ਼ਕਲ ਦੀ ਪਰ ਦੋ ਸੰਤਰਿਆਂ ਜਿੱਡੀ ਵੱਡੀ ਸੂਈਖਾਰ ਗਲਗਲ ਦਾ ਰਸ ਹੁੰਦਾ ਸੀ। ਸਾਡੇ ਨੇੜੇ-ਤੇੜੇ ਉਹਦਾ ਇਕੋ-ਇਕ ਬੂਟਾ ਭਾਈ ਕਾਨ੍ਹ ਸਿੰਘ ਦੀ ਕੋਠੀ ਵਾਲੇ ਬਾਗ਼ ਵਿਚ ਹੀ ਸੀ। ਹਰਸ਼ਾ ਸਿੰਘ ਨਾਲ ਪਿਤਾ ਜੀ ਦੇ ਬੜੇ ਚੰਗੇ ਸਬੰਧ ਸਨ ਅਤੇ ਉਹ, ਸ਼ਾਇਦ ਮੁਫ਼ਤ ਦਿੱਤੀ ਜਾਣ ਵਾਲੀ ਦਵਾਈ ਬਣਦੀ ਹੋਣ ਕਾਰਨ, ਇਹ ਗਲਗਲਾਂ ਵੀ ਖ਼ੁਸ਼ੀ ਖ਼ੁਸ਼ੀ ਮੁਫ਼ਤ ਹੀ ਦੇ ਦਿੰਦਾ; ਸਗੋਂ ਉਹਦੀ ਖੁੱਲ੍ਹਦਿਲੀ ਦੇਖ ਕੇ ਇਉਂ ਲਗਦਾ ਜਿਵੇਂ ਉਹਨੇ ਸਾਨੂੰ ਦੇਣ ਲਈ ਹੀ ਉਹ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹੋਣ। ਬਾਪੂ ਜੀ ਦਸਦੇ, ਇਹ ਨਾਂ ਇਸ ਕਰਕੇ ਪਿਆ ਹੈ ਕਿ ਜੇ ਇਸ ਵਿਚ ਸੂਈ ਖੋਭ ਦਿੱਤੀ ਜਾਵੇ, ਉਹ ਇਹਦੇ ਅੰਦਰਲੇ ਰਸ ਵਿਚ ਪੂਰੀ ਤਰ੍ਹਾਂ ਖੁਰ ਜਾਂਦੀ ਹੈ।
ਬਾਪੂ ਜੀ ਇਹ ਵੀ ਦਸਦੇ ਕਿ ਅੰਗਰੇਜ਼ ਹੋਣ ਦੇ ਬਾਵਜੂਦ ਮੈਕਾਲਿਫ਼ ਪੂਰੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਅੰਗਰੇਜ਼ੀ ਵਿਚ ਕਰਨ ਲਗਿਆ ਹੋਇਆ ਸੀ। ਇਸੇ ਸਬੰਧ ਵਿਚ ਉਹ ਸਾਡੇ ਪਿੰਡ ਆਇਆ ਸੀ। ਉਹਦੇ ਨਾਲ ਦੋ ਸਿੱਖ ਵਿਦਵਾਨ ਸਨ ਜੋ ਉਹਨੇ ਤਨਖ਼ਾਹ ਦੇ ਕੇ ਰੱਖੇ ਹੋਏ ਸਨ। ਇਕ ਬਾਣੀ ਦਾ ਗੁਣੀ ਗਿਆਤਾ ਤੇ ਅਰਥਕਾਰ ਸੀ ਪਰ ਉਹਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਦੂਜਾ ਬਾਣੀ ਦੇ ਅਰਥਾਂ ਦੀ ਸਮਝ ਦੇ ਪੱਖੋਂ ਤਾਂ ਓਨਾ ਸੰਪੂਰਨ ਨਹੀਂ ਸੀ ਪਰ ਪਹਿਲੇ ਦੇ ਦੱਸੇ ਅਰਥਾਂ ਨੂੰ ਵਧੀਆ ਅੰਗਰੇਜ਼ੀ ਵਿਚ ਮੈਕਾਲਿਫ਼ ਨੂੰ ਸਮਝਾ ਸਕਣ ਦੇ ਸਮਰੱਥ ਸੀ। ਉਹ ਆਮ ਕਰਕੇ ਗਰਮੀਆਂ ਵਿਚ ਕਿਸੇ ਪਹਾੜੀ ਨਗਰ ਚਲਿਆ ਜਾਂਦਾ ਅਤੇ ਸਰਦੀਆਂ ਵਿਚ ਅੰਮ੍ਰਿਤਸਰ ਜਾਂ ਨਾਭੇ ਰਹਿੰਦਾ। ਉਹਦੇ ਘਰ ਸਿੱਖ ਵਿਦਵਾਨ ਅਕਸਰ ਹੀ ਵਿਚਾਰ-ਚਰਚਾ ਲਈ ਆਏ ਰਹਿੰਦੇ। ਇਕ ਵਾਰ ਉਹਨੇ ਇਕਾਂਤ ਤੇ ਸੁਖ-ਸ਼ਾਂਤੀ ਦੀ ਇੱਛਾ ਦੱਸੀ ਤਾਂ ਭਾਈ ਸਾਹਿਬ ਨੇ ਅਮਲੇ-ਫ਼ੈਲੇ ਸਮੇਤ ਉਹਦੇ ਰਹਿਣ ਦਾ ਪ੍ਰਬੰਧ ਆਪਣੀ ਪਿੱਥੋ ਦੀ ਖੇਤਾਂ ਵਾਲੀ ਕੋਠੀ ਵਿਚ ਕਰ ਦਿੱਤਾ। ਠੀਕ ਹੀ ਉਹ ਜਿਹੜਾ ਕੰਮ ਨੇਪਰੇ ਚਾੜ੍ਹਨ ਆਇਆ ਸੀ, ਉਹਦੇ ਲਈ ਇਸ ਤੋਂ ਵਧੀਆ ਥਾਂ ਕੋਈ ਨਹੀਂ ਸੀ ਹੋ ਸਕਦੀ।
ਬਾਪੂ ਜੀ ਦੀ ਉਮਰ ਦੇ ਲਿਹਾਜ਼ ਉਹ ਸਮਾਂ 20ਵੀਂ ਸਦੀ ਦੇ ਸ਼ੁਰੂ ਦਾ ਬਣਦਾ ਹੈ। ਪਹਿਲੇ ਦਹਾਕੇ  ਦੇ ਪਿਛਲੇ ਅੱਧ ਵਿਚ ਤਾਂ ਅੰਗਰੇਜ਼ੀ ਅਨੁਵਾਦ ਦੀ ਛਪਾਈ ਦਾ ਕੰਮ ਇੰਗਲੈਂਡ ਦੇ ਆਕਸਫ਼ੋਰਡ ਯੂਨੀਵਰਸਿਟੀ ਪ੍ਰੈਸ ਵਿਚ ਸ਼ੁਰੂ ਹੋ ਗਿਆ ਸੀ। ਇਹ ਕਹਿਣਾ ਤੱਥਾਂ ਤੋਂ ਦੂਰ ਦੀ ਗੱਲ ਬਿਲਕੁਲ ਨਹੀਂ ਹੋਵੇਗੀ ਕਿ ਉਸ ਸਮੇਂ ਮੈਕਾਲਿਫ਼ ਅਨੁਵਾਦ ਦਾ ਕੰਮ ਪੂਰਾ ਕਰ ਚੁਕਾ ਹੋਵੇਗਾ ਅਤੇ ਪੂਰੇ ਖਰੜੇ ‘ਤੇ ਆਖ਼ਰੀ ਨਜ਼ਰ ਮਾਰਨ ਲਈ ਮੁਕੰਮਲ ਇਕਾਂਤ ਤੇ ਸ਼ਾਂਤੀ ਲਭਦਾ ਸਾਡੇ ਪਿੰਡ ਆਇਆ ਹੋਵੇਗਾ। ਇਉਂ ਉਸ ਦੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਵਿਚ ਮੇਰੇ ਪਿੰਡ ਦਾ ਵੀ ਗਿਣਨਜੋਗ ਸੀਰ ਰਿਹਾ।
ਮੈਕਸ ਆਰਥਰ ਮੈਕਾਲਿਫ਼ ਦਾ ਜਨਮ 10 ਸਤੰਬਰ 1841 ਨੂੰ ਆਇਰਲੈਂਡ ਵਿਚ ਹੋਇਆ ਸੀ। ਭਾਸ਼ਾ ਅਤੇ ਸਾਹਿਤ ਨਾਲ ਉਹਨੂੰ ਸ਼ੁਰੂ ਤੋਂ ਹੀ ਲਗਾਉ ਸੀ। ਕਾਲਜ ਵਿਚ ਪੜ੍ਹਦਿਆਂ ਪਹਿਲੀ ਵਾਰ 1857-58 ਦੇ ਸਾਲ ਲਈ ਉਹਨੇ ਸਾਹਿਤਕ ਵਿਭਾਗ ਦਾ ਜੂਨੀਅਰ ਵਜ਼ੀਫ਼ਾ ਪ੍ਰਾਪਤ ਕੀਤਾ ਅਤੇ ਅਗਲੇ ਦੋ ਸਾਲਾਂ ਲਈ ਇਹ ਵਜ਼ੀਫ਼ਾ ਉਹਦੀ ਹੀ ਪ੍ਰਾਪਤੀ ਬਣਿਆ ਰਿਹਾ। 1860 ਵਿਚ ਬੀæਏæ ਦੀ ਡਿਗਰੀ ਉਹਨੇ ਆਧੁਨਿਕ ਭਾਸ਼ਾਵਾਂ ਉਤੇ ਫ਼ਸਟ ਕਲਾਸ ਆਨਰਜ਼ ਨਾਲ ਪ੍ਰਾਪਤ ਕੀਤੀ। ਉਸੇ ਸਾਲ ਉਹ ਪੁਰਾਤਨ ਕਲਾਸਿਕ ਸਾਹਿਤ ਸਬੰਧੀ ਸੀਨੀਅਰ ਵਜ਼ੀਫ਼ਾ ਪ੍ਰਾਪਤ ਕਰਨ ਵਿਚ ਸਫਲ ਰਿਹਾ ਅਤੇ ਕਾਲਜ ਦੀ ਸਾਹਿਤ ਅਤੇ ਸੰਵਾਦ ਸਭਾ ਦਾ ਵੀ ਸਕੱਤਰ ਚੁਣਿਆ ਗਿਆ। ਅਗਲੇ ਸਾਲ ਉਹਨੂੰ ਆਧੁਨਿਕ ਭਾਸ਼ਾਵਾਂ ਤੇ ਇਤਿਹਾਸ ਸਬੰਧੀ ਸੀਨੀਅਰ ਵਜ਼ੀਫ਼ਾ ਦਿੱਤਾ ਗਿਆ। ਉਹਨੇ ਯੂਨਾਨੀ ਤੇ ਲਾਤੀਨੀ ਕਲਾਸਿਕ ਮੂਲ ਭਾਸ਼ਾਵਾਂ ਵਿਚ ਪੜ੍ਹੇ ਹੋਏ ਸਨ ਅਤੇ ਉਹ ਫ਼ਰਾਂਸੀਸੀ ਤੇ ਇਤਾਲਵੀ ਭਾਸ਼ਾਵਾਂ ਵੀ ਪੜ੍ਹ ਲੈਂਦਾ ਸੀ। 1862 ਵਿਚ ਉਹ ਆਈæਸੀæਐਸ਼ ਬਣਿਆ।
ਫ਼ਰਵਰੀ 1864 ਵਿਚ ਅਧਿਕਾਰੀ ਵਜੋਂ ਪੰਜਾਬ ਪੁੱਜਣ ਤੋਂ ਛੇਤੀ ਹੀ ਮਗਰੋਂ ਉਹਨੂੰ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦਾ ਮੌਕਾ ਮਿਲਿਆ। ਉਥੋਂ ਦੇ ਸ਼ਾਂਤ ਮਾਹੌਲ ਨੇ ਅਤੇ ਸਮਝ ਵਿਚ ਨਾ ਆਈ ਹੋਣ ਦੇ ਬਾਵਜੂਦ ਸੰਗੀਤ ਨਾਲ ਗਾਈ ਜਾ ਰਹੀ ਬਾਣੀ ਨੇ ਉਹਨੂੰ ਬੇਹੱਦ ਪ੍ਰਭਾਵਿਤ ਕੀਤਾ। ਮਗਰੋਂ ਉਹਨੇ ਕਿਸੇ ਤੋਂ ਉਥੇ ਗਾਏ ਗਏ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿਚ ਸਮਝੇ ਤਾਂ ਉਹ ਰਚਨਾ ਦੀ ਦਾਰਸ਼ਨਿਕ ਬੁਲੰਦੀ ਤੇ ਅਧਿਆਤਮਕ ਗਹਿਰਾਈ ਮਹਿਸੂਸ ਕਰ ਕੇ ਧੰਨ ਹੀ ਹੋ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਧਾਰਮਿਕ ਰਵਾਇਤਾਂ ਵਿਚ ਉਹਦੀ ਤਿੱਖੀ ਦਿਲਚਸਪੀ ਜਗਾ ਦਿੱਤੀ। ਸਿੱਟੇ ਵਜੋਂ ਉਹਨੇ ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਸਬੰਧੀ ਲੇਖ ਲਿਖਣੇ ਸ਼ੁਰੂ ਕੀਤੇ ਜੋ 1875-81 ਦੇ ਸਮੇਂ ਵਿਚ ‘ਕੈਲਕਟਾ ਰੀਵਿਊ’ ਨਾਂ ਦੇ ਰਸਾਲੇ ਵਿਚ ਛਪਦੇ ਰਹੇ। ਇਸ ਦੌਰਾਨ ਉਹਨੇ ਪੰਜਾਬੀ ਅਤੇ ਕੁਛ ਹੋਰ ਭਾਰਤੀ ਭਾਸ਼ਾਵਾਂ ਦੀ ਕੰਮਕਾਜੀ ਜਾਣਕਾਰੀ ਵੀ ਪ੍ਰਾਪਤ ਕੀਤੀ। ਜਿਉਂ ਜਿਉਂ ਸਿੱਖ ਧਰਮ ਅਤੇ ਬਾਣੀ ਵਿਚ ਉਹਦੀ ਦਿਲਚਸਪੀ ਵਧਦੀ ਗਈ, ਉਹ ਇਸ ਸਿੱਟੇ ਉਤੇ ਪੁਜਦਾ ਗਿਆ ਕਿ ਉਹਦਾ ਅਸਲ ਟੀਚਾ ਅਤੇ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਅਨੁਵਾਦਣਾ ਹੈ।
ਸਿੱਖ ਵਿਦਵਾਨਾਂ ਨਾਲ ਇਸ ਸਬੰਧ ਵਿਚ ਕੀਤੇ ਗਏ ਸਲਾਹ-ਮਸ਼ਵਰਿਆਂ ਨੇ ਉਹਦਾ ਉਤਸਾਹ ਹੋਰ ਵੀ ਵਧਾ ਦਿੱਤਾ। ਇਸ ਦਾ ਇਕ ਵੱਡਾ ਕਾਰਨ ਡਾæ ਅਰਨੈਸਟ ਟਰੰਪ ਦੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨਾਲ ਸਿੱਖਾਂ ਨੂੰ ਲੱਗੀ ਠੇਸ ਸੀ। ਇਹ ਅਨੁਵਾਦ ਇੰਡੀਆ ਆਫ਼ਿਸ ਨੇ ਕਰਵਾਇਆ ਸੀ ਅਤੇ 1877 ਵਿਚ ਪ੍ਰਕਾਸ਼ਿਤ ਹੋਇਆ ਸੀ। ਸਿੱਖ ਵਿਦਵਾਨਾਂ ਨੇ ਇਹਨੂੰ ਗ਼ਲਤੀਆਂ ਤੇ ਤਰੁਟੀਆਂ ਨਾਲ ਭਰਿਆ ਆਖ ਕੇ ਰੱਦ ਕਰ ਦਿੱਤਾ ਸੀ। ਜਿਥੇ ਟਰੰਪ ਦੇ ਕੰਮ ਵਿਚੋਂ ਉਹਦੀ ਸਾਮਰਾਜੀ ਮਾਨਸਿਕਤਾ ਅਤੇ ਆਪਣੇ ਅਧੀਨ ਲੋਕਾਂ ਤੇ ਉਨ੍ਹਾਂ ਦੇ ਸਭਿਆਚਾਰਾਂ ਲਈ ਘਿਰਣਾ ਝਲਕਦੀ ਸੀ, ਮੈਕਾਲਿਫ਼ ਨੇ ਇਹ ਕਾਰਜ ਆਪਣੀ ਅੰਦਰਲੀ ਆਵਾਜ਼ ਸਦਕਾ ਤੇ ਨਿਰੋਲ ਸ਼ਰਧਾ ਭਾਵਨਾ ਨਾਲ ਹੱਥ ਲਿਆ ਸੀ। ਇਸੇ ਕਰਕੇ ਸਿੱਖ ਵਿਦਵਾਨ ਉਸ ਨਾਲ ਲਗਾਤਾਰ ਵਿਚਾਰ-ਚਰਚਾ ਕਰਦੇ ਰਹਿੰਦੇ ਸਨ ਤੇ ਅਨੁਵਾਦ ਦਾ ਕਾਰਜ ਨੇਪਰੇ ਚਾੜ੍ਹਨ ਲਈ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ।
ਸਿੱਖ ਵਿਦਵਾਨਾਂ ਨਾਲ ਨਿਰੰਤਰ ਵਾਹ ਸਦਕਾ ਉਹ ਭਾਈ ਕਾਨ੍ਹ ਸਿੰਘ ਦੇ ਨਾਂ ਤੋਂ ਤਾਂ ਜਾਣੂ ਸੀ ਪਰ ਅਜੇ ਉਨ੍ਹਾਂ ਦੇ ਮੇਲ ਦਾ ਕੋਈ ਸਬੱਬ ਨਹੀਂ ਸੀ ਬਣਿਆ। 1885 ਵਿਚ ਰਾਵਲਪਿੰਡੀ ਵਿਚ ਹਿੰਦੁਸਤਾਨ ਦੇ ਗਵਰਨਰ ਜਨਰਲ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਦੀ ਮੁਲਾਕਾਤ ਹੋਈ। ਮੈਕਾਲਿਫ਼ ਵੀ ਉਸ ਸਮੇਂ ਰਾਵਲਪਿੰਡੀ ‘ਚ ਹੀ ਅਫਸਰ ਲੱਗਾ ਹੋਇਆ ਸੀ। ਗਵਰਨਰ ਜਨਰਲ ਦੇ ਆਉਣ ਸਮੇਂ ਸੂਬੇ ਦੇ ਰਾਜਿਆਂ ਦਾ ਉਥੇ ਹਾਜ਼ਰੀ ਭਰਨਾ ਰੀਤ ਸੀ। ਇਸ ਕਾਰਨ ਮਹਾਰਾਜਾ ਹੀਰਾ ਸਿੰਘ ਨਾਭਾ ਉਥੇ ਪਹੁੰਚਿਆ ਹੋਇਆ ਸੀ ਤੇ ਉਸ ਦੇ ਅਮਲੇ-ਫੈਲੇ ਵਿਚ ਭਾਈ ਕਾਨ੍ਹ ਸਿੰਘ ਵੀ ਸ਼ਾਮਲ ਸੀ। ਮੈਕਾਲਿਫ਼ ਦੀ ਉਹਨੂੰ ਮਿਲਣ ਦੀ ਚਿਰ-ਪੁਰਾਣੀ ਚਾਹ ਪੂਰੀ ਹੋ ਗਈ। ਉਹ ਭਾਈ ਸਾਹਿਬ ਤੋਂ ਏਨਾ ਪ੍ਰਭਾਵਿਤ ਹੋਇਆ ਜਿੰਨਾ ਹੋਰ ਕਿਸੇ ਸਿੱਖ ਵਿਦਵਾਨ ਤੋਂ ਨਹੀਂ ਸੀ ਹੋਇਆ। ਭਾਈ ਸਾਹਿਬ ਇਕ ਪਾਸੇ ਸਿੱਖ ਸਿਧਾਂਤਾਂ ਤੇ ਗੁਰਬਾਣੀ ਦੇ ਗਿਆਤਾ ਸਨ, ਦੂਜੇ ਪਾਸੇ ਅੰਗਰੇਜ਼ੀ ਭਾਸ਼ਾ ਤੇ ਪੱਛਮੀ ਵਿਦਵਤਾ ਦੇ ਚੰਗੇ ਜਾਣੂ ਸਨ। ਸਿੱਖ ਵਿਦਵਾਨਾਂ ‘ਚੋਂ ਅਜਿਹਾ ਸੁਮੇਲ ਮੈਕਾਲਿਫ਼ ਨੂੰ ਹੋਰ ਕਿਸੇ ਵਿਚ ਨਜ਼ਰ ਨਹੀਂ ਸੀ ਆਇਆ। ਭਾਈ ਸਾਹਿਬ ਤੋਂ ਪੁੱਛ ਕੇ ਉਹਨੇ ਹੀਰਾ ਸਿੰਘ ਅੱਗੇ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਬੇਨਤੀ ਕੀਤੀ। ਉਹ ਮੈਕਾਲਿਫ਼ ਦੇ ਵਿੱਢੇ ਕੰਮ ਦੀ ਮਹੱਤਤਾ ਪਛਾਣਦਿਆਂ ਝੱਟ ਰਾਜ਼ੀ ਹੋ ਗਿਆ। ਭਾਈ ਸਾਹਿਬ ਚਾਰ ਮਹੀਨੇ ਰਾਵਲਪਿੰਡੀ ਰਹੇ ਅਤੇ ਉਹਨੂੰ ਬਾਣੀ ਦੀਆਂ ਬਰੀਕੀਆਂ ਤੋਂ ਇਲਾਵਾ ਸਿੱਖ ਧਰਮ, ਇਤਿਹਾਸ, ਸਿਧਾਂਤ, ਪਰੰਪਰਾਵਾਂ ਤੇ ਰੀਤਾਂ ਬਾਰੇ ਜਾਣਕਾਰੀ ਦਿੰਦੇ ਰਹੇ। ਉਸ ਪਿੱਛੋਂ ਰਾਜੇ ਦਾ ਬੁਲਾਵਾ ਆਉਣ ਕਾਰਨ ਉਹ ਭਾਵੇਂ ਨਾਭੇ ਚਲੇ ਗਏ ਪਰ ਉਨ੍ਹਾਂ ਦੋਵਾਂ ਦਾ ਸੰਪਰਕ ਨਿਰੰਤਰ ਬਣਿਆ ਰਿਹਾ।
ਮੈਕਾਲਿਫ਼ ਲਈ ਅੰਮ੍ਰਿਤਸਰ ਤੋਂ ਪਿੱਛੋਂ ਨਾਭਾ ਇਕ ਕਿਸਮ ਦਾ ਦੂਜਾ ਘਰ ਹੀ ਬਣ ਗਿਆ। ਪ੍ਰਿੰਸੀਪਲ ਤੇਜਾ ਸਿੰਘ ਦੇ ਸ਼ਬਦਾਂ ਵਿਚ ਭਾਈ ਕਾਨ੍ਹ ਸਿੰਘ ਉਹਦੇ ਲਈ ਰਾਹ-ਦਿਖਾਵੇ, ਦਾਰਸ਼ਨਿਕ ਅਤੇ ਮਿੱਤਰ ਸਨ। ਉਹਦਾ ਸਾਡੇ ਪਿੰਡ ਆ ਕੇ ਠਹਿਰਨਾ ਵੀ ਉਨ੍ਹਾਂ ਦੋਵਾਂ ਦੇ ਅਜਿਹੇ ਗੂੜ੍ਹੇ ਨਾਤੇ ਦਾ ਹੀ ਸਿੱਟਾ ਸੀ।
ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦਿਆਂ ਮੈਕਾਲਿਫ਼ ਨੂੰ ਕਿਹੜੇ ਕਿਹੜੇ ਰਾਹਾਂ ਉਤੇ ਤੁਰਨਾ ਪਿਆ, ਕਿਹੜੀਆਂ ਕਿਹੜੀਆਂ ਹਾਲਤਾਂ, ਮੁਸ਼ਕਿਲਾਂ ਤੇ ਪਰਖਾਂ ਵਿਚੋਂ ਲੰਘਣਾ ਪਿਆ ਅਤੇ ਕੀ ਕੀ ਕੁਰਬਾਨੀਆਂ ਦੇਣੀਆਂ ਪਈਆਂ, ਇਹ ਆਪਣੇ ਆਪ ਵਿਚ ਵੱਖਰੀ ਕਹਾਣੀ ਹੈ!

Be the first to comment

Leave a Reply

Your email address will not be published.