ਯੂਕਰੇਨ ਵਿਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ

ਲੇਖਕ: ਥੌਮਸ ਆਈ. ਪੇਲੀ
ਅਨੁਵਾਦ: ਸੁਖਵੰਤ ਹੁੰਦਲ
ਯੂਕਰੇਨ ਅਤੇ ਰੂਸ ਵਿਚਕਾਰ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲ ਸਟਰੈਟੇਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜ਼ੇਸ਼ਨ-ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ।

ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿਚ ਰੁਕਾਵਟ ਪਾਉਣ ਵਿਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ।
ਬਾਹਰੀ ਅਤੇ ਅੰਦਰੂਨੀ ਕਾਰਕ ਵੱਖ-ਵੱਖ ਸਮੇਂ ’ਤੇ ਕਾਰਜਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਪੂਰਾ ਅਸਰ ਵਿਖਾਉਣ ਲਈ ਸਮਾਂ ਲੱਗਦਾ ਹੈ, ਇਸ ਕਰਕੇ ਲੜਾਈ ਨੂੰ ਸਮਝਣ ਲਈ ਇਤਿਹਾਸ ਬਹੁਤ ਮਹੱਤਵਪੂਰਨ ਹੈ। ਦੋਵਾਂ ਕਾਰਕਾਂ ਦੇ ਸਮੂਹ ਤਿੰਨ ਮੁੱਖ ਘਟਨਾਵਾਂ ਵਾਲੇ ਸਮਾਂ-ਕ੍ਰਮ (ਟਾਈਮ ਲਾਈਨ) ਵਿਚ ਕੰਮ ਕਰਦੇ ਹਨ। ਪਹਿਲੀ ਘਟਨਾ ਹੈ ਯੂਕਰੇਨ ਦਾ ਅਗਸਤ 1991 ਵਿਚ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਦਾ ਐਲਾਨ। ਦੂਜੀ ਫਰਵਰੀ 2014 ਵਿਚ ਮੇਡਨ ਦਾ ਰਾਜਪਲਟਾ (ਮੇਡਨ ਕੂ) ਹੈ, ਜਿਸ ਨੇ ਜਮਹੂਰੀ ਤਰੀਕੇ ਨਾਲ ਚੁਣੇ ਗਏ ਅਤੇ ਯੂਕਰੇਨੀ ਖੁਦਮੁਖਤਾਰੀ ਅਤੇ ਗੁੱਟ ਨਿਰਲੇਪ ਰੱਖਿਆ ਨੀਤੀ ਦੇ ਹਮਾਇਤੀ ਯੂਕਰੇਨੀ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੂੰ ਗੱਦੀਓਂ ਲਾਹ ਦਿੱਤਾ। ਤੀਜੀ 24 ਫਰਵਰੀ 2022 ਨੂੰ ਰੂਸ ਦੀ ਯੂਕਰੇਨ ਵਿਚ ਫੌਜੀ ਦਖਲਅੰਦਾਜ਼ੀ ਹੈ। ਇਹ ਸਮਾਂ-ਕ੍ਰਮ ਬਹੁਤ ਕੁਝ ਉਜਾਗਰ ਕਰਨ ਵਾਲਾ ਹੈ। ਅਮਰੀਕਾ ਅਤੇ ਉਸ ਦੇ ਨੇਟੋ ਵਿਚਲੇ ਹਮਾਇਤੀਆਂ ਦੇ ਨਜ਼ਰੀਏ ਅਨੁਸਾਰ ਇਹ ਲੜਾਈ ਫਰਵਰੀ 2022 ਵਿਚ ਸ਼ੁਰੂ ਹੋਈ (ਭਾਵੇਂ ਕਿ ਕਈ ਵਾਰ ਉਹ ਕਹਿੰਦੇ ਹਨ ਕਿ ਇਹ 2014 ਦੇ ਰਾਜਪਲਟੇ ਤੋਂ ਬਾਅਦ ਰੂਸ ਵੱਲੋਂ ਕ੍ਰੀਮੀਆ ਨੂੰ ਜਿੱਤਣ ਨਾਲ ਸ਼ੁਰੂ ਹੋਈ)। ਜਿਸ ਨਾਲ ਉਹ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਰੂਸ ਦੇ ਸਿੱਧੇ ਨਜ਼ਰੀਏ ਅਨੁਸਾਰ ਇਹ ਲੜਾਈ ਫਰਵਰੀ 2014 ਦੇ ਰਾਜਪਲਟੇ ਨਾਲ ਸ਼ੁਰੂ ਹੋਈ। ਇਸ ਨਜ਼ਰੀਏ ਨਾਲ ਇਤਿਹਾਸ ਅਤੇ ਯੂਕਰੇਨ ਵਿਚ ਘਰੇਲੂ ਜੰਗ ਦੀ ਸ਼ੁਰੂਆਤ ਰੂਸ ਦੀ ਸਿਆਸੀ ਪੁਜ਼ੀਸ਼ਨ ਦਾ ਕੇਂਦਰੀ ਹਿੱਸਾ ਬਣ ਜਾਂਦੇ ਹਨ। ਸਮਝ ਵਿਚਲਾ ਇਹ ਬੁਨਿਆਦੀ ਫ਼ਰਕ ਗੱਲਬਾਤ ਨਾਲ ਰਾਜਨੀਤਕ ਸਮਝੌਤੇ ਦੀ ਸੰਭਾਵਨਾ ਵਿਚ ਅੜਿੱਕਾ ਬਣਦਾ ਹੈ। ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਇਸ ਫ਼ਰਕ ਨੂੰ ਕਿਵੇਂ ਮੇਟਿਆ ਜਾ ਸਕਦਾ ਹੈ, ਕਿਉਂਕਿ ਇਤਿਹਾਸ (ਰਾਜਪਲਟੇ ਅਤੇ ਉਸ ਤੋਂ ਬਾਅਦ ਦੀ ਘਰੇਲੂ ਜੰਗ) ਨੂੰ ਧਿਆਨ ਵਿਚ ਰੱਖਣ ਨਾਲ ਇੱਕ ਬਿਲਕੁਲ ਵੱਖਰੀ ਕਹਾਣੀ ਸਾਹਮਣੇ ਆਉਂਦੀ ਹੈ।
ਅਮਰੀਕਾ/ਨੇਟੋ ਵੱਲੋਂ ਇਤਿਹਾਸ ਨੂੰ ਨਕਾਰਨਾ ਅਤੇ ਲੜਾਈ ਨੂੰ ਸਿਰਫ਼ ਫਰਵਰੀ 2022 ਦੇ ਰੂਸੀ ‘ਹਮਲੇ’ ਦਾ ਨਤੀਜਾ ਸਮਝਣ ਦਾ ਰੁਝਾਨ ਪ੍ਰਾਪੇਗੰਢੇ ਦੀ ਜੰਗ ਵਿਚ ਇੱਕ ਵੱਡਾ ਫ਼ਾਇਦਾ ਪਹੁੰਚਾਉਂਦਾ ਹੈ। ਲੜਾਈ ਨੂੰ ਰੂਸ ਦੀ ਫ਼ੌਜੀ ਦਖਲਅੰਦਾਜ਼ੀ ਤੋਂ ਸ਼ੁਰੂ ਹੋਇਆ ਮੰਨਣਾ ਇੱਕ ਸਰਲ ਅਤੇ ਅਸਾਨੀ ਨਾਲ ਸਮਝ ਵਿਚ ਆਉਣ ਵਾਲੀ ਕਹਾਣੀ ਹੈ। ਪੱਛਮੀ ਲੋਕਾਂ ਨੂੰ ਇਤਿਹਾਸ ਬਾਰੇ ਬਹੁਤ ਘੱਟ ਗਿਆਨ ਜਾਂ ਦਿਲਚਸਪੀ ਹੈ; ਇਹ ਗੱਲ ਲੜਾਈ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਅਟਲਾਂਟਿਕ ਤੋਂ ਪਾਰ ਦੇ ਅਮਰੀਕਾ ਵਿਚ ਖ਼ਾਸ ਤੌਰ ’ਤੇ ਸੱਚ ਹੈ। ਪੱਛਮੀ ਮੀਡੀਏ ਨੂੰ ਵੀ ਇਤਿਹਾਸ ਵਿਚ ਦਿਲਚਸਪੀ ਨਹੀਂ ਹੈ, ਕਿਉਂਕਿ ਇਸ ਨੂੰ ਸਮਝਾਉਣਾ ਔਖਾ ਹੈ ਅਤੇ ਦਿਲਚਸਪੀ ਨਾ ਰੱਖਣ ਵਾਲੇ ਲੋਕਾਂ ਦੇ ਮੱਦੇਨਜ਼ਰ ਵਪਾਰਕ ਤੌਰ ’ਤੇ ਨੁਕਸਾਨਦੇਹ ਹੈ। ਇਹ ਬਣਤਰ ਪੱਛਮ ਵਿਚ ਅਮਰੀਕਾ/ਨੇਟੋ ਦੀ ਕਹਾਣੀ ਦੀ ਮਜ਼ਬੂਤੀ ਨੂੰ ਸਮਝਾਉਣ ਵਿਚ ਮਦਦ ਕਰਦੀ ਹੈ। ਬੇਸ਼ੱਕ ਇਤਿਹਾਸ ਨੂੰ ਨਕਾਰਨਾ ਪ੍ਰਾਪੇਗੰਢੇ ਲਈ ਲਾਹੇਵੰਦ ਹੈ, ਪਰ ਇਹ ਨਾ ਤਾਂ ਸੱਚ ਦੀ ਸੇਵਾ ਕਰਦਾ ਹੈ ਅਤੇ ਨਾ ਹੀ ਸ਼ਾਂਤੀ ਦੀ, ਕਿਉਂਕਿ ਇਹ ਲੜਾਈ ਦੇ ਉਨ੍ਹਾਂ ਕਾਰਨਾਂ ਨੂੰ ਨਕਾਰਦਾ ਹੈ, ਜਿਨ੍ਹਾਂ ਨੂੰ ਹੱਲ ਕਰਨਾ ਸ਼ਾਂਤੀ ਕਾਇਮ ਕਰਨ ਲਈ ਜ਼ਰੂਰੀ ਹੈ।
ਯੂਕਰੇਨ ਦੀ ਲੜਾਈ ਨੂੰ ਸਮਝਣਾ: ਅੰਦਰੂਨੀ ਅਤੇ ਬਾਹਰੀ ਕਾਰਨ
ਪੱਛਮ, ਅਮਰੀਕਾ/ਨੇਟੋ ਵੱਲੋਂ ਲੜਾਈ ਦੀ ਜੋ ਕਹਾਣੀ ਪੇਸ਼ ਕੀਤੀ ਜਾਂਦੀ ਹੈ, ਉਸ ਵਿਚ ਇਤਿਹਾਸ ਦੀ ਗੱਲ ਬਹੁਤ ਘੱਟ ਹੈ। ਜਿੰਨੀ ਥੋੜ੍ਹੀ ਜਿਹੀ ਗੱਲ ਇਤਿਹਾਸ ਦੀ ਆਉਂਦੀ ਹੈ, ਉਸ ਵਿਚ 1990 ਤੋਂ ਬਾਅਦ ਵਿਚ ਨੇਟੋ ਦੇ ਪੂਰਬ ਵੱਲ ਪਸਾਰ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਸਹੀ ਇਤਿਹਾਸਕ ਸਮਝ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਸ਼ੁਰੂ ਹੁੰਦੀ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਦੇ ਉਸ ਅਮਲ ਦਾ ਵੇਰਵਾ ਵਲਾਦੀਸਲਾਵ ਜ਼ੁਬੋਕ ਨੇ ਆਪਣੀ ਕਿਤਾਬ ‘ਕੋਲੈਪਸ: ਦ ਫਾਲ ਆਫ਼ ਦ ਸੋਵੀਅਤ ਯੂਨੀਅਨ’ ਵਿਚ ਦਿੱਤਾ ਹੈ। ਟੁੱਟਣ ਦਾ ਇਹ ਅਮਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਨੇ ਲੜਾਈ ਲਈ ਜ਼ਮੀਨ ਤਿਆਰ ਕੀਤੀ।
ਜਿਵੇਂ ਦੱਸਿਆ ਗਿਆ ਹੈ, ਲੜਾਈ ਨੂੰ ਕੈਂਚੀ ਦੇ ਰੂਪਕ ਨਾਲ ਸਮਝਿਆ ਜਾ ਸਕਦਾ ਹੈ। ਇਕ ਫਲ਼ (ਬਲੇਡ) ਅੰਦਰੂਨੀ ਹੈ: ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਇਆ ਲੜਾਈ ਨੂੰ ਉਤਸ਼ਾਹਿਤ ਕਰਨ ਵਾਲਾ ਵਾਤਾਵਰਨ (ਕਨਫਲਿਕਟ-ਪ੍ਰੋਨ ਇਨਵਾਇਰਮੈਂਟ)। ਦੂਜਾ ਫਲ਼ (ਬਲੇਡ) ਅਮਰੀਕਾ ਵਲੋਂ ਲਗਾਤਾਰ ਕੀਤੀ ਜਾਂਦੀ ਦਖਲਅੰਦਾਜ਼ੀ ਹੈ, ਜਿਸ ਵਿਚ ਨੇਟੋ ਦਾ ਪੂਰਬ ਵੱਲ ਬਾਹਰੀ ਪਸਾਰ ਵੀ ਸ਼ਾਮਲ ਹੈ। ਲੜਾਈ ਦੇ ਕਾਰਨਾਂ, ਇਸ ਦੇ ਹੌਲੀ-ਹੌਲੀ ਵਾਧੇ ਅਤੇ ਇਸ ਦੇ ਸਿਆਸੀ ਹੱਲ ਵਿਚ ਆਉਣ ਵਾਲੀ ਮੁਸ਼ਕਿਲ ਨੂੰ ਸਮਝਣ ਲਈ ਇਹ ਦੋਵੇਂ ਫਲ਼ (ਬਲੇਡ) ਜ਼ਰੂਰੀ ਹਨ।
ਅੰਦਰੂਨੀ ਫਲ਼: ਸੋਵੀਅਤ ਯੂਨੀਅਨ ਦਾ ਟੁੱਟਣਾ
ਸੋਵੀਅਤ ਯੂਨੀਅਨ ਦੇ ਟੁੱਟਣ ਦਾ ਜਮਹੂਰੀ ਕ੍ਰਾਂਤੀ ਨਾਲ ਕੋਈ ਸੰਬੰਧ ਨਹੀਂ ਸੀ। ਬਲਕਿ, ਜ਼ੁਬੋਕ ਮੁਤਾਬਕ, ਉਸ ਦੇ ਬੀਜ ਮਿਖਾਇਲ ਗੋਰਬਾਚੋਵ ਦੇ 1985 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਉੱਗਣ ਲੱਗ ਪਏ ਸਨ। ਕੇਂਦਰ ਕਮਜ਼ੋਰ ਹੋ ਰਿਹਾ ਸੀ ਅਤੇ ਉਸ ਕਮਜ਼ੋਰੀ ਨੂੰ ਮਹਿਸੂਸ ਕਰਦਿਆਂ, ਕਈ ਸੋਵੀਅਤ ਗਣਰਾਜਾਂ ਦੇ ਨੇਤਾਵਾਂ ਨੇ ਇੱਕ ਰੋਸਮਈ ਕੌਮਵਾਦੀ (ਨੈਸ਼ਨਲਿਸਟ) ਵਿਚਾਰ ਚਰਚਾ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਵਿਚ ਦਾਅਵਾ ਕੀਤਾ ਜਾਂਦਾ ਸੀ ਕਿ ਹਰੇਕ ਗਣਰਾਜ ਦਾ ਸਿਸਟਮ ਅਤੇ ਦੂਜੇ ਗਣਰਾਜਾਂ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਗਿਆ ਸੀ। ਵਿਚਾਰ ਚਰਚਾ ਨੇ ਸੋਵੀਅਤ ਗਣਰਾਜਾਂ ਦੇ ਨੇਤਾਵਾਂ ਨੂੰ ਵੈਧਤਾ ਦਿੱਤੀ ਅਤੇ ਵੱਖ ਹੋਣ ਦੇ ਬੀਜ ਬੀਜੇ, ਜਿਸ ਤੋਂ ਘਟਨਾਵਾਂ ਦੀ ਇਕ ਲੜੀ (ਡੋਮੀਨੋ-ਅਫੈਕਟ) ਵਾਂਗ ਟੁੱਟਣ ਦੇ ਅਮਲ ਬਾਰੇ ਪਤਾ ਲਗਦਾ ਹੈ। ਜਦੋਂ ਇੱਕ ਗਣਰਾਜ ਵੱਖ ਹੋ ਗਿਆ, ਤਾਂ ਬਾਕੀ ਸਾਰੇ ਵੀ ਜਲਦੀ ਹੀ ਵੱਖ ਹੋਣ ਲਈ ਤਿਆਰ ਹੋ ਗਏ। ਗਣਰਾਜਾਂ ਦੇ ਮੌਜੂਦਾ ਨੇਤਾਵਾਂ ਨੇ ਸੱਤਾ ਦੇ ਸਿਆਸੀ ਵਾਰਸ ਬਣ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਅਤੇ ਆਪਣੇ ਆਪ ਨੂੰ ਅਮੀਰ ਬਣਾਇਆ।
ਉਸ ਪੈਟਰਨ ਦਾ ਇੱਕ ਰੂਪ ਸਾਰੀਆਂ ਸਾਬਕਾ ਗਣਰਾਜਾਂ ਵਿਚ ਦਿਖਾਈ ਦਿੰਦਾ ਹੈ, ਪਰ ਇਸ ਨੇ ਤਿੰਨ ਮਹੱਤਵਪੂਰਨ ਦਰਾੜਾਂ ਪੈਦਾ ਕੀਤੀਆਂ: ਨਵੀਆਂ ਪੈਦਾ ਹੋਈਆਂ ਕੌਮੀ ਦੁਸ਼ਮਣੀਆਂ, ਵੱਖ ਵੱਖ ਗਣਰਾਜਾਂ ਵਿਚ ਪਿੱਛੇ ਰਹਿ ਗਏ ਰੂਸੀ ਲੋਕ, ਅਤੇ ਵਿਵਾਦਿਤ ਇਲਾਕੇ। ਇਹ ਤਿੰਨੋਂ ਯੂਕਰੇਨ ਵਿਚ ਖਾਸ ਤੌਰ `ਤੇ ਪ੍ਰਮੁੱਖ ਸਨ ਅਤੇ ਯੂਕਰੇਨ-ਰੂਸ ਲੜਾਈ ਦੇ ਮੁੱਖ ਕਾਰਨ ਸਨ। ਤਿੰਨਾਂ ਵਿਚੋਂ, ਸਭ ਤੋਂ ਮਹੱਤਵਪੂਰਨ ਨਵੀਆਂ ਪੈਦਾ ਹੋਈਆਂ ਕੌਮੀ ਦੁਸ਼ਮਣੀਆਂ ਹਨ ਜੋ ਕੈਂਚੀ ਦੇ ਫਲਕ੍ਰਮ (ਪਿਵਟ ਪਿਨ) ਵਜੋਂ ਕੰਮ ਕਰਦੀਆਂ ਹਨ, ਅਤੇ ਲੜਾਈ ਨਾਲ ਜੁੜੇ ਕੈਂਚੀ ਦੇ ਅੰਦਰੂਨੀ ਅਤੇ ਬਾਹਰੀ ਫਲ਼ਾਂ ਨੂੰ ਜੋੜਦੀਆਂ ਹਨ।
ਕੌਮੀ ਦੁਸ਼ਮਣੀਆਂ ਯੂਕਰੇਨ ਵਿਚ ਖਾਸ ਤੌਰ `ਤੇ ਪਰਚੰਡ ਸਾਬਤ ਹੋਈਆਂ ਹਨ, ਜਿਨ੍ਹਾਂ ਦਾ ਇਕ ਲੰਮਾ ਇਤਿਹਾਸਕ ਪਿਛੋਕੜ ਹੈ। ਯੂਕਰੇਨ ਅਤੇ ਡੌਨ ਦਾ ਖੇਤਰ ਰੂਸ ਦੇ 1918–1922 ਦੇ ਘਰੇਲੂ ਯੁੱਧ ਦੇ ਮੁੱਖ ਰਣਖੇਤਰ ਸਨ, ਜਿਵੇਂ ਕਿ ਮਿਖਾਇਲ ਸ਼ੋਲੋਖੋਵ ਦੇ ਮਹਾਂਕਾਵਿਕ ਨਾਵਲਾਂ ‘ਐਂਡ ਕੁਆਈਟ ਫਲੋਜ਼ ਦੀ ਡਾਨ’ (ਡਾਨ ਵਹਿੰਦਾ ਰਿਹਾ) ਅਤੇ ‘ਡਾਨ ਫਲੋਜ਼ ਹੋਮ ਟੂ ਦੀ ਸੀਅ’ ਵਿਚ ਦਰਸਾਇਆ ਗਿਆ ਹੈ। ਯੂਕਰੇਨ ਦੀ ਕੌਮੀ ਦੁਸ਼ਮਣੀ ਨੂੰ 1930 ਦੇ ਦਹਾਕੇ ਵਿਚ ਜੋਸਫ਼ ਸਟਾਲਿਨ ਵੱਲੋਂ ਯੂਕਰੇਨੀ ਖੇਤੀਬਾੜੀ ਦੇ ਸਮੂਹੀਕਰਨ ਨੇ ਹੋਰ ਵਧਾ ਦਿੱਤਾ ਸੀ, ਜੋ ਯੂਕਰੇਨ ਵਿਚ ਕਾਲ ਦਾ ਕਾਰਨ ਬਣਿਆ ਅਤੇ ਲੱਖਾਂ ਲੋਕ ਮਾਰੇ ਗਏ ਸਨ। ਯੂਕਰੇਨੀ ਕੌਮਵਾਦੀਆਂ (ਨੈਸ਼ਨਲਿਸਟਾਂ) ਨੇ ਉਸ ਕਾਲ ਨੂੰ ਸਿਆਸੀ ਤੌਰ ‘ਤੇ ਵਰਤ ਕੇ ਰੂਸ-ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਹੈ ਕਿ ਇਹ ਯੂਕਰੇਨ ਵਿਚ ‘ਭੁੱਖਮਰੀ’ ਨਾਲ ਪੈਦਾ ਹੋਈ ਨਸਲਕੁਸ਼ੀ ਸੀ। ਹਕੀਕਤ ਇਹ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਕਾਲ ਯੂਕਰੇਨ ਵਿਰੁੱਧ ਨਸਲੀ ਆਧਾਰ `ਤੇ ਚਲਾਈ ਮੁਹਿੰਮ ਦਾ ਨਤੀਜਾ ਸੀ। ਬਲਕਿ, ਇਹ ਮਾੜੀਆਂ ਫਸਲਾਂ ਅਤੇ ਸਟਾਲਿਨ ਦੇ ਸ਼ਾਸਨ ਵੱਲੋਂ ਸੋਵੀਅਤ ਯੂਨੀਅਨ ਦੇ ਸਾਰੇ ਕਿਸਾਨ ‘ਕੁਲਕ’ ਵਰਗ ਵਿਰੁੱਧ ਚਲਾਈ ਮੁਹਿੰਮ ਦੇ ਸੰਯੋਗ ਦਾ ਨਤੀਜਾ ਸੀ।
1930ਵਿਆਂ ਵਿਚ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ, ਯੂਕਰੇਨ ਵਿਚ ਸਟੈਪਨ ਬਾਂਡੇਰਾ ਦੀ ਅਗਵਾਈ ਹੇਠ ਇੱਕ ਜ਼ੋਰਦਾਰ ਭੂਮੀਗਤ ਫਾਸ਼ੀਵਾਦੀ ਕੌਮਵਾਦੀ (ਫਾਸ਼ਿਸਟ ਨੈਸ਼ਨਲਿਸਟ) ਲਹਿਰ ਸੀ। ਉਨ੍ਹਾਂ ਤਾਕਤਾਂ ਨੇ ਨਾਜ਼ੀ ਜਰਮਨੀ ਨਾਲ ਮਿਲ ਕੇ ਸੋਵੀਅਤ ਯੂਨੀਅਨ ਵਿਰੁੱਧ ਲੜਾਈ ਲੜੀ ਸੀ ਅਤੇ ਯੂਕਰੇਨ ਦੀ ਯਹੂਦੀ ਆਬਾਦੀ ਦੇ ਕਤਲਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਤੇ 1950ਵਿਆਂ ਦੇ ਸ਼ੁਰੂ ਵਿਚ, ਉਨ੍ਹਾਂ ਨੇ ਪੱਛਮੀ ਯੂਕਰੇਨ ਵਿਚ ਹੇਠਲੀ ਪੱਧਰ ਦਾ ਵਿਦਰੋਹ ਜਾਰੀ ਰੱਖਿਆ, ਜਿਸ ਦੀ ਬਰਤਾਨੀਆ ਦੀ ਸੀਕਰੇਟ ਸਰਵਿਸ ਐਮ 16 ਅਤੇ ਕੁੱਝ ਹੱਦ ਤੱਕ ਸੀ ਆਈ ਏ ਨੇ ਮਦਦ ਕੀਤੀ ਸੀ।
ਸੋਵੀਅਤ ਯੂਨੀਅਨ ਦੇ ਟੁੱਟਣ ਨਾਲ, ਉਨ੍ਹਾਂ ਫਾਸ਼ੀਵਾਦੀ ਕੌਮਵਾਦੀ ਤਾਕਤਾਂ ਨੂੰ ਮੁੜ ਸੁਰਜੀਤ ਅਤੇ ਉਤਸ਼ਾਹਿਤ ਕੀਤਾ ਗਿਆ। ਉਹ 2014 ਦੇ ਮੇਡਨ ਦੇ ਰਾਜ ਪਲਟੇ ਤੋਂ ਬਾਅਦ ਕਾਫ਼ੀ ਡੂੰਘੀਆਂ ਹੋ ਗਈਆਂ, ਅਤੇ 2022 ਦੀ ਰੂਸੀ ਫੌਜੀ ਦਖਲਅੰਦਾਜ਼ੀ ਤੋਂ ਬਾਅਦ ਹੋਰ ਮਜ਼ਬੂਤ ਹੋ ਗਈਆਂ ਹਨ। ਹੁਣ ਬਾਂਡੇਰਾ ਯੂਕਰੇਨ ਵਿਚ ਇਕ ਵਿਆਪਕ ਅਤੇ ਅਧਿਕਾਰਤ ਤੌਰ `ਤੇ ਮਸ਼ਹੂਰ ਹਸਤੀ ਹੈ, ਖਾਸ ਕਰਕੇ ਪੱਛਮੀ ਯੂਕਰੇਨ ਵਿਚ। ਉਸ ਦੇ ਨਾਂ `ਤੇ ਗਲੀਆਂ ਦੇ ਨਾਂ ਰੱਖੇ ਅਤੇ ਸਨਮਾਨ ਵਿਚ ਬੁੱਤ ਲਗਾਏ ਗਏ ਹਨ, ਉਸ ਦੀ ਤਸਵੀਰ ਡਾਕ ਟਿਕਟ `ਤੇ ਹੈ, ਅਤੇ ਉਸ ਨੂੰ ਕੌਮ ਦਾ ਹੀਰੋ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ, ਬਾਂਡੇਰਾ ਨੂੰ ਯੂਕਰੇਨ ਦੀ ਫੌਜ ਵੱਲੋਂ ਸਤਿਕਾਰਿਆ ਜਾਂਦਾ ਹੈ ਅਤੇ ਫੌਜ ਦੇ ਵਸ਼ਿਸ਼ਟ (ਇਲੀਟ) ਅਤੇ ਮਸ਼ਹੂਰ ਅੰਗ ‘ਅਜ਼ੋਵ ਬ੍ਰਿਗੇਡ’ ਵਿਚ ਉਸ ਦੀ ਖਾਸ ਥਾਂ ਹੈ। ਸੰਨ 2022 ਦੀ ਰੂਸੀ ਦਖਲਅੰਦਾਜ਼ੀ ਤੋਂ ਪਹਿਲਾਂ ਇਸ ਭੈੜੀ ਹਕੀਕਤ ਨੂੰ ਸਯੁੰਕਤ ਰਾਜ ਅਮਰੀਕਾ ਅਤੇ ਪੱਛਮ ਵਿਚ ਵਿਆਪਕ ਤੌਰ `ਤੇ ਸਵੀਕਾਰ ਕੀਤਾ ਜਾਂਦਾ ਸੀ, ਪਰ ਹੁਣ ਇਸ ਨੂੰ ਯੂਕਰੇਨ ਦੇ ਹੱਕ ਵਿਚ ਅਤੇ ਰੂਸ ਵਿਰੁੱਧ ਪ੍ਰਾਪੇਗੰਢੇ ਦੇ ਯਤਨਾਂ ਵਜੋਂ ਕਾਫ਼ੀ ਦਬਾ ਦਿੱਤਾ ਗਿਆ ਹੈ।
ਇਸ ਸੰਬੰਧ ਵਿਚ, ਇਜ਼ਰਾਈਲ ਦਾ ਯੂਕਰੇਨ ਵੱਲ ਰਵੱਈਆ ਸਿੱਖਿਆ ਦੇਣ ਵਾਲਾ ਹੈ। ਇਜ਼ਰਾਈਲ ਨੇ ਯੂਕਰੇਨ ਦੀ ਮਦਦ ਕਰਨ ਲਈ ਬਹੁਤ ਘੱਟ ਰੁਚੀ ਵਿਖਾਈ ਹੈ, ਭਾਵੇਂ ਕਿ ਦੋਵਾਂ ਦੇ ਅਮਰੀਕਾ ਨਾਲ ਨੇੜਲੇ ਸੰਬੰਧ ਹਨ ਅਤੇ ਅਮਰੀਕਾ ਦੋਵਾਂ ਦੀ ਹਮਾਇਤ ਕਰਦਾ ਹੈ। ਇਹ ਵਿਹਾਰ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਇਜ਼ਰਾਈਲ ਨੇ ਯੂਕਰੇਨ ਵਿਚ ਨਵ-ਨਾਜ਼ੀ ਗਤੀਵਿਧੀਆਂ ਦੀ ਵਿਆਪਕ ਮੌਜੂਦਗੀ ਅਤੇ ਸਰਕਾਰੀ ਸਮਰਥਨ ਬਾਰੇ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਹਨ। ਇਜ਼ਰਾਈਲ ਦਾ ਰੁਖ ਯੂਕਰੇਨ ਅੰਦਰ ਦੁਸ਼ਮਣੀਆਂ ਦੇ ਚਰਿੱਤਰ ਦੀ ਭੈੜੀ ਹਕੀਕਤ ਦਾ ਘਿਰਣਾਯੋਗ ਸਬੂਤ ਹੈ।
ਸੰਖੇਪ ਵਿਚ, ਮੁੜ ਸੁਰਜੀਤ ਕੀਤੀਆਂ ਕੌਮਵਾਦੀ ਦੁਸ਼ਮਣੀਆਂ ਯੂਕਰੇਨ ਵਿਚ ਖਾਸ ਤੌਰ `ਤੇ ਗੰਭੀਰ ਤੇ ਭੈੜੀਆਂ ਸਨ। ਜੰਗ ਨੂੰ ਸਮਝਣ ਦੇ ਮਕਸਦ ਲਈ, ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੁਸ਼ਮਣੀਆਂ ਨੇ ਅਜਿਹੇ ਡੂੰਘੇ ਜ਼ਖਮ ਪੈਦਾ ਕੀਤੇ ਜਿਨ੍ਹਾਂ ਵਿਚੋਂ ਅੰਦਰ ਅਤੇ ਬਾਹਰ ਨੂੰ ਖੂਨ ਵਗਦਾ ਸੀ।
ਦੂਜੀ ਦਰਾੜ ਸਾਬਕਾ ਸੋਵੀਅਤ ਗਣਰਾਜਾਂ ਵਿਚ ਪਿੱਛੇ ਰਹਿ ਗਏ ਰੂਸੀ ਲੋਕਾਂ ਦੀਆਂ ਅਬਾਦੀਆਂ ਨਾਲ ਸੰਬੰਧਿਤ ਸੀ। ਇੱਕ ਵਾਰ ਫਿਰ, ਇਹ ਸਮੱਸਿਆ ਯੂਕਰੇਨ ਵਿਚ ਖਾਸ ਤੌਰ `ਤੇ ਪਰਚੰਡ ਸੀ, ਜਿੱਥੇ ਸੋਵੀਅਤ ਯੂਨੀਅਨ ਦੌਰਾਨ ਬਣਾਈਆਂ ਸਰਹੱਦਾਂ ਅਧੀਨ ਜ਼ਮੀਨ ਦੇ ਅਜਿਹੇ ਵੱਡੇ ਇਲਾਕੇ ਯੂਕਰੇਨ ਵਿਚ ਸ਼ਾਮਲ ਕੀਤੇ ਗਏ, ਜੋ ਭਾਸ਼ਾਈ ਅਤੇ ਸਭਿਆਚਾਰਕ ਤੌਰ `ਤੇ ਰੂਸੀ ਸਨ। ਅਬਾਦੀ ਦੀ ਇਹ ਸਮੱਸਿਆ ਸਾਬਕਾ ਬਾਲਟਿਕ ਗਣਰਾਜਾਂ ਵਿਚ ਵੀ ਮਹੱਤਵਪੂਰਨ ਸੀ, ਖਾਸ ਕਰਕੇ ਲਾਤਵੀਆ, ਐਸਟੋਨੀਆ ਅਤੇ ਜਾਰਜੀਆ ਵਿਚ।
1989 ਵਿਚ, ਰੂਸੀ ਮੂਲ ਦੇ ਲੋਕ ਯੂਕਰੇਨ ਦੀ 51.5 ਮਿਲੀਅਨ ਆਬਾਦੀ ਦਾ 22.1 ਪ੍ਰਤੀਸ਼ਤ ਸਨ। ਰੂਸੀ ਭਾਸ਼ਾ ਬੋਲਣ ਵਾਲੇ ਦੇਸ਼ ਦੇ ਪੂਰਬ ਅਤੇ ਦੱਖਣ ਵਿਚ ਭਾਰੀ ਗਿਣਤੀ ਵਿਚ ਉਨ੍ਹਾਂ ਇਲਾਕਿਆਂ ਵਿਚ ਕੇਂਦਰਿਤ ਸਨ, ਜੋ ਇਤਿਹਾਸਕ ਤੌਰ ‘ਤੇ ਰੂਸ ਦਾ ਹਿੱਸਾ ਰਹੇ ਸਨ। ਰੂਸੀ ਭਾਸ਼ਾ ਬੋਲਣ ਵਾਲਿਆਂ ਦੀ ਇਸ ਕੇਂਦਰਿਤ ਗਿਣਤੀ ਦੇ ਪੈਟਰਨ ਦਾ ਮਤਲਬ ਸੀ ਕਿ ਯੂਕਰੇਨ ਸਿਆਸੀ ਤੌਰ `ਤੇ ਵੰਡਿਆ ਹੋਇਆ ਸੀ ਅਤੇ, ਬਦਤਰ ਨਜ਼ਰੀਏ ਅਨੁਸਾਰ, ਘਰੇਲੂ ਯੁੱਧ ਅਤੇ ਵੱਖਵਾਦ ਲਈ ਤਿਆਰ ਸੀ।
ਡੂੰਘੀ ਸਿਆਸੀ ਵੰਡ ਦਾ ਪਤਾ ਇਸ ਤੋਂ ਲਗਦਾ ਹੈ ਕਿ 2010 ਦੀ ਰਾਸ਼ਟਰਪਤੀ ਚੋਣ ਦੇ ਦੂਜੇ ਰਾਊਂਡ ਵਿਚ ਦੇਸ਼ ਦੇ ਪੂਰਬੀ ਅੱਧੇ ਹਿੱਸੇ ਨੇ ਪੂਰੀ ਤਰ੍ਹਾਂ ਯਾਨੂਕੋਵਿਚ ਨੂੰ ਵੋਟਾਂ ਪਾਈਆਂ ਸਨ ਅਤੇ ਪੱਛਮੀ ਅੱਧੇ ਹਿੱਸੇ ਨੇ ਪੂਰੀ ਤਰ੍ਹਾਂ ਨੈਸ਼ਨਲਿਸਟ ਯੂਲੀਆ ਤਿਮੋਸ਼ੈਂਕੋ ਨੂੰ ਵੋਟਾਂ ਪਾਈਆਂ ਸਨ।
ਪਿੱਛੇ ਰਹਿ ਗਏ ਰੂਸੀ ਮੂਲ ਦੇ ਲੋਕਾਂ ਦੀ ਸਮੱਸਿਆ ਫਿਰ ਕੌਮੀ ਦੁਸ਼ਮਣੀਆਂ ਦੀ ਸਮੱਸਿਆ ਨਾਲ ਜੁੜ ਗਈ ਜਦੋਂ ਨਵੇਂ ਅਜ਼ਾਦ ਗਣਰਾਜਾਂ ਨੇ ਕੌਮਵਾਦੀ ਸੱਭਿਆਚਾਰਕ ਸਫ਼ਾਏ (ਨੈਸ਼ਨਲਿਸਟ ਕਲਚਰਲ ਕਲੈਨਜ਼ਿੰਗ) ਦੀਆਂ ਨੀਤੀਆਂ ਅਪਣਾਈਆਂ, ਜੋ ਰੂਸੀ ਸੱਭਿਆਚਾਰ, ਭਾਸ਼ਾ ਦੇ ਇਤਿਹਾਸ ਅਤੇ ਮੌਜੂਦਗੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੀਆਂ ਸਨ। ਅਜਿਹਾ ਸੱਭਿਆਚਾਰਕ ਸਫ਼ਾਇਆ ਸਿਆਸੀ ਡਰਾਵੇ ਅਤੇ ਵਿਤਕਰੇ ਦਾ ਇੱਕ ਰੂਪ ਹੈ। ਇੱਕ ਵਾਰ ਫਿਰ, ਯੂਕਰੇਨ ਇਨ੍ਹਾਂ ਮਾਮਲਿਆਂ ਵਿਚ ਸਭ ਤੋਂ ਬੁਰਾ ਸੀ, ਉਸ ਤੋਂ ਬਾਅਦ ਬਾਲਟਿਕ ਗਣਰਾਜ ਆਉਂਦੇ ਹਨ। ਯੂਕਰੇਨ ਦਾ ਸੱਭਿਆਚਾਰਕ ਸਫਾਇਆ ਉਨ੍ਹਾਂ ਲੜੀਵਾਰ ਕਾਨੂੰਨਾਂ ਵਿਚ ਪ੍ਰਤੱਖ ਦਿਖਾਈ ਦਿੰਦਾ ਹੈ, ਜੋ ਸਿਰਫ ਯੂਕਰੇਨੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੰਦੇ ਹਨ ਅਤੇ ਰੂਸੀ `ਤੇ ਪਾਬੰਦੀ ਲਾਉਂਦੇ ਹਨ। ਇਹ ਰੂਸੀ ਇਤਿਹਾਸਕ, ਸੱਭਿਆਚਾਰਕ ਅਤੇ ਰਾਜਨੀਤਿਕ ਵਿਅਕਤੀਆਂ ਨੂੰ ਸਨਮਾਨਿਤ ਕਰਨ ਵਾਲੇ ਸਮਾਰਕਾਂ ਨੂੰ ਗੈਰਕਾਨੂੰਨੀ ਠਹਿਰਾਉਣ ਅਤੇ ਢਾਹੁਣ ਦੇ ਅਮਲ ਵਿਚ ਵੀ ਪ੍ਰਤੱਖ ਦਿਖਾਈ ਦਿੰਦਾ ਹੈ, ਜੋ ਰੂਸ ਦੇ ਦਖਲ ਤੋਂ ਬਾਅਦ ਤੇਜ਼ ਹੋ ਗਿਆ ਹੈ।
ਆਖਰ ਵਿਚ, ਪਿੱਛੇ ਰਹਿ ਗਏ ਰੂਸੀ ਮੂਲ ਦੇ ਲੋਕਾਂ ਦੀ ਕਿਸਮਤ ਅਤੇ ਉਨ੍ਹਾਂ ਨਾਲ ਹੁੰਦਾ ਸਲੂਕ ਜਾਤੀ (ਐਥਨਿਕ) ਪਛਾਣ ਕਰਕੇ ਰੂਸ ਲਈ ਸਿਆਸੀ ਚਿੰਤਾ ਦਾ ਵੀ ਵਿਸ਼ਾ ਸੀ। ਇਹ ਲੋਕ ਸੋਵੀਅਤ ਯੂਨੀਅਨ ਦੇ ਨਾਗਰਿਕ ਸਨ, ਅਤੇ ਯੂ ਐਸ.ਐਸ.ਆਰ. ਦੇ ਅਚਾਨਕ ਟੁੱਟਣ ਕਾਰਨ ਰੂਸ ਤੋਂ ਸਿਆਸੀ ਤੌਰ `ਤੇ ਵੱਖ ਹੋ ਗਏ। ਭਾਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਅਮਲ ਦੀਆਂ ਸ਼ਰਤਾਂ ਅਨੁਸਾਰ ਉਹ ਰੂਸੀ ਨਾਗਰਿਕ ਨਹੀਂ ਸਨ, ਪਰ ਭਾਸ਼ਾ, ਸੱਭਿਆਚਾਰ ਅਤੇ ਪਛਾਣ ਦੇ ਮਾਮਲੇ ਵਿਚ ਇਤਿਹਾਸਕ ਤੌਰ ‘ਤੇ ਰੂਸ ਨਾਲ ਜੁੜੇ ਹੋਏ ਸਨ ਅਤੇ ਆਪਣੇ ਆਪ ਨੂੰ ਰੂਸੀ ਸਮਝਦੇ ਸਨ। ਨਤੀਜੇ ਵਜੋਂ, ਪਿੱਛੇ ਰਹਿ ਗਏ ਰੂਸੀ ਲੋਕਾਂ ਦੀਆਂ ਅਬਾਦੀਆਂ ਨੇ ਰੂਸ ਨੂੰ ਸਾਬਕਾ ਗਣਰਾਜਾਂ ਅੰਦਰ ਨਰਮ ਸ਼ਕਤੀ (ਸਾਫਟ ਪਾਵਰ) ਸਥਾਪਤ ਕਰਨ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ, ਪੂਰਬ ਅਤੇ ਦੱਖਣ ਵਿਚ ਬਹੁਤ ਸਾਰੇ ਰੂਸੀ ਬੋਲਣ ਵਾਲੇ ਯੂਕਰੇਨੀਆਂ ਕੋਲ ਰੂਸੀ ਅਤੇ ਯੂਕਰੇਨੀ ਦੋਵੇਂ ਨਾਗਰਿਕਤਾਵਾਂ ਸਨ।
ਤੀਜੀ ਦਰਾੜ ਵਿਵਾਦਿਤ ਖੇਤਰਾਂ ਨਾਲ ਸੰਬੰਧਿਤ ਸੀ। ਸ਼ੁਰੂ ਵਿਚ ਇਹ ਸਭ ਤੋਂ ਘੱਟ ਮਹੱਤਵਪੂਰਨ ਸੀ, ਪਰ ਹੌਲੀ-ਹੌਲੀ ਇੱਕ ਨਿਰਣਾਇਕ ਮੁੱਦਾ ਬਣ ਗਈ ਹੈ। ਰੂਸ ਨੇ ਹਮੇਸ਼ਾਂ ਮਹਿਸੂਸ ਕੀਤਾ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਉਸ ਨੂੰ ਖੇਤਰੀ ਤੌਰ ‘ਤੇ ਘਾਟਾ ਪਿਆ ਹੈ। ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿਚ 1922 ਅਤੇ 1954 ਵਿਚ ਕ੍ਰਮਵਾਰ ਕੀਤੇ ਵਾਧੇ ਉਦੋਂ ਹੋਏ ਸਨ, ਜਦੋਂ ਯੂਕਰੇਨ ਅਤੇ ਰੂਸ ਸੋਵੀਅਤ ਯੂਨੀਅਨ ਅਧੀਨ ਇੱਕ-ਦੂਜੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਦਾ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ। ਇਸ ਦੇ ਬਾਵਜੂਦ, ਰੂਸ ਨੇ ਸ਼ੁਰੂ ਵਿਚ 1994 ਦੇ ਬੁਖਾਰੈਸਟ ਮੈਮੋਰੈਂਡਮ ਸਮਝੌਤੇ ਰਾਹੀਂ ਬੇਲਾਰੂਸ, ਕਜ਼ਾਖਸਤਾਨ ਅਤੇ ਯੂਕਰੇਨ ਦੀਆਂ ਨਵੀਆਂ ਸਰਹੱਦਾਂ ਨੂੰ ਮੰਨ ਲਿਆ ਸੀ। ਸਰਹੱਦਾਂ ਦੀ ਮਾਨਤਾ ਦੇ ਬਦਲੇ, ਤਿੰਨਾਂ ਹੀ ਸਾਬਕਾ ਗਣਰਾਜਾਂ ਨੇ ਸਾਰੇ ਪਰਮਾਣੂ ਹਥਿਆਰ ਵਾਪਸ ਕੀਤੇ ਸਨ ਅਤੇ ਨਿਊਕਲੀਅਰ ਨੌਨ- ਪਰੋਲੀਫਿਰੇਸ਼ਨ ਟ੍ਰੀਟੀ (ਪਰਮਾਣੂ ਪਸਾਰ ਨਾ ਕਰਨ ਦੀ ਸੰਧੀ) `ਤੇ ਦਸਤਖਤ ਕੀਤੇ ਸਨ। ਇਸ ਤੋਂ ਇਲਾਵਾ, ਸੇਵਾਸਟੋਪੋਲ ਵਿਚ ਰੂਸ ਦੇ ਕਾਲੇ ਸਾਗਰ ਵਿਚਲੇ ਨੌਸੈਨਾ ਅੱਡੇ (ਬਲੈਕ ਸੀ ਨੇਵਲ ਬੇਸ) ਦੀ ਸਮੱਸਿਆ ਨੂੰ 1997 ਵਿਚ ਲੰਮੇ ਸਮੇਂ ਲਈ ਲੀਜ਼ ਦੇ ਸਮਝੌਤੇ `ਤੇ ਦਸਤਖ਼ਤ ਕਰਕੇ ਹੱਲ ਕੀਤਾ ਗਿਆ ਸੀ, ਜਿਸ ਵਿਚ 2010 ਵਿਚ ਖਾਰਕੀਵ ਸਮਝੌਤੇ ਨਾਲ ਵਾਧਾ ਕੀਤਾ ਗਿਆ ਸੀ।
ਉਹ ਨਾਜ਼ੁਕ ਖੇਤਰੀ ਸੰਤੁਲਨ ਅਮਰੀਕਾ ਦੇ ਸਮਰਥਨ ਨਾਲ ਕੀਤੇ 2014 ਦੇ ਮੇਡਨ ਰਾਜਪਲਟੇ ਨਾਲ ਤਬਾਹ ਹੋ ਗਿਆ, ਜਿਸ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਗੱਦੀਓਂ ਲਾਹਿਆ ਸੀ ਅਤੇ ਰੂਸ ਵਿਰੋਧੀ ਕੌਮਵਾਦੀ (ਐਂਟੀ ਰਸ਼ੀਅਨ ਨੈਸ਼ਨਲਿਸਟ) ਨੂੰ ਸੱਤਾ `ਤੇ ਬਿਠਾਇਆ ਸੀ। ਇਸ ਦੇ ਜੁਆਬ ਵਿਚ ਰੂਸ ਨੇ ਇਕ ਜਨਮਤ (ਪਲੈਬੀਸਾਈਟ) ਤੋਂ ਬਾਅਦ ਕ੍ਰੀਮੀਆ ਦੀ ਜ਼ਿਆਦਾਤਰ ਰੂਸੀ ਬੋਲਣ ਵਾਲੀ ਆਬਾਦੀ ਦੇ ਮਜ਼ਬੂਤ ਸਮਰਥਨ ਨਾਲ ਕ੍ਰੀਮੀਆ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਯੂਕਰੇਨ ਅੰਦਰ ਘਰੇਲੂ ਜੰਗ ਵੀ ਭੜਕ ਉੱਠੀ, ਜਿਸ ਵਿਚ ਡੌਨਬਾਸ ਦੇ ਚਾਰ ਪੂਰਬੀ ਪ੍ਰਾਂਤਾਂ ਨੇ ਰਾਜਪਲਟੇ ਦੀ ਵੈਧਤਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਨੇ ਖੇਤਰੀ ਦਰਾੜ ਨੂੰ ਪਿੱਛੇ ਰਹਿ ਗਏ ਰੂਸੀ ਜਾਤੀ ਦੇ ਲੋਕਾਂ ਦੇ ਮੁੱਦੇ ਨਾਲ ਜੋੜ ਦਿੱਤਾ।
ਇਸ ਤੋਂ ਬਾਅਦ ਇੱਕ ਦੂਜਾ ਨਾਜ਼ੁਕ ਸੰਤੁਲਨ ਹੋਂਦ ਵਿਚ ਆਇਆ, ਜਿਸ ਵਿਚ ਰੂਸ ਨੇ ਨੇਟੋ ਨਾਲ ਮਿਲ ਕੇ 2014 ਵਿਚ ਸ਼ੁਰੂ ਕੀਤੀ ਗਈ ਮਿੰਸਕ ਸ਼ਾਂਤੀ ਪ੍ਰਕਿਰਿਆ ਰਾਹੀਂ ਘਰੇਲੂ ਜੰਗ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਪ੍ਰਕਿਰਿਆ ਦਾ ਮਕਸਦ ਡੌਨਬਾਸ ਵਿਚ ਲੜਾਈ ਨੂੰ ਖਤਮ ਕਰਨਾ ਅਤੇ ਇੱਕ ਅਜਿਹਾ ਸਿਆਸੀ ਹੱਲ ਲੱਭਣਾ ਸੀ ਜੋ ਸਭ ਧਿਰਾਂ ਨੂੰ ਸਵੀਕਾਰ ਹੋਣ ਵਾਲੀ ਖੁਦਮੁਖਤਾਰੀ ਪ੍ਰਦਾਨ ਕਰੇ। ਇਹ ਦੂਜਾ ਸੰਤੁਲਨ ਵਧੇਰੇ ਕਮਜ਼ੋਰ ਹੁੰਦਾ ਗਿਆ ਅਤੇ ਅੰਤ ਵਿਚ ਰੂਸ ਦੀ 2022 ਦੀ ਫੌਜੀ ਦਖਲਅੰਦਾਜ਼ੀ ਅਤੇ ਡੌਨਬਾਸ ਦੇ ਪ੍ਰਾਂਤਾਂ ਨੂੰ ਕਬਜ਼ੇ ਵਿਚ ਲੈਣ ਨਾਲ ਖਤਮ ਹੋ ਗਿਆ। ਇਸ ਕਬਜ਼ੇ ਨੇ ਵਿਵਾਦਿਤ ਖੇਤਰਾਂ ਦੀ ਦਰਾੜ ਨੂੰ ਯੂਕਰੇਨ ਦੇ ਨੇਟੋ ਨਾਲ ਸੰਬੰਧ ਨਾਲ ਮਿਲ ਕੇ ਇਕ ਜ਼ਰੂਰੀ ਮੁੱਦੇ ਵਿਚ ਬਦਲ ਦਿੱਤਾ।
ਬਾਹਰੀ ਫਲ਼: ਲੜਾਈ ਦੇ ਭੂ-ਰਾਜਨੀਤਕ ਕਾਰਨ
ਲੜਾਈ ਵਾਲੀ ਕੈਂਚੀ ਦਾ ਦੂਜਾ ਫਲ਼ (ਬਲੇਡ) ਲੜਾਈ ਦੇ ਬਾਹਰੀ ਚਾਰ ਕਾਰਨ ਹਨ। ਉਨ੍ਹਾਂ ਵਿਚ ਸ਼ਾਮਲ ਹਨ: ਅਮਰੀਕਾ ਦੀ ਅਗਵਾਈ ਵਿਚ ਨੇਟੋ ਦਾ ਪੂਰਬ ਵੱਲ ਪਸਾਰ, ਯੂਕਰੇਨ ਵਿਚ ਅਮਰੀਕਾ ਦੀ ਅੰਦਰੂਨੀ ਦਖਲਅੰਦਾਜ਼ੀ, ਅਮਰੀਕਾ ਦੀ ਨਿਊਕਨਜ਼ਰਵੇਟਿਵ ਭੂ-ਰਾਜਨੀਤਕ ਰਣਨੀਤੀ (ਜਿਸ ਨੂੰ ਅਮਰੀਕਾ ਦੇ ਮਿਲਟਰੀ ਇੰਡਸਟ੍ਰੀਅਲ ਕੰਪਲੈਕਸ ਦਾ ਸਮਰਥਨ ਪ੍ਰਾਪਤ ਹੈ), ਅਤੇ ਜਮਹੂਰੀਅਤ ਲਈ ਅਖੌਤੀ ਉਤਸ਼ਾਹ। ਅਮਰੀਕਾ ਇਨ੍ਹਾਂ ਚਾਰੇ ਬਾਹਰੀ ਕਾਰਨਾਂ ਦੇ ਪਿੱਛੇ ਕੰਮ ਕਰਦੀ ਸ਼ਕਤੀ ਹੈ, ਇਸ ਲਈ ਇਹ ਜਾਇਜ਼ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਵਾਸ਼ਿੰਗਟਨ ਨੇ ਲੜਾਈ ਨੂੰ ਉਕਸਾਇਆ ਹੈ ਅਤੇ ਚਲਦੀ ਰੱਖਿਆ ਹੈ।
ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਬਾਹਰੀ ਕਾਰਨ ਅਮਰੀਕਾ ਦੀ ਅਗਵਾਈ ਵਿਚ ਨੇਟੋ ਦਾ ਪੂਰਬ ਵੱਲ ਪਸਾਰ ਹੈ। ਪਸਾਰ ਦਾ ਇਹ ਏਜੰਡਾ ਵਾਸ਼ਿੰਗਟਨ ਤੋਂ ਉਗਮਿਆ ਅਤੇ ਇਸ ਨੂੰ ਬਿੱਲ ਕਲਿੰਟਨ ਦੇ ਪ੍ਰਸ਼ਾਸਨ ਨੇ 1994 ਵਿਚ ਅਧਿਕਾਰਤ ਤੌਰ ‘ਤੇ ਹਰੀ ਝੰਡੀ ਦਿੱਤੀ ਸੀ।
ਇੱਕ ਪ੍ਰਵਾਨਿਤ ਤੱਥ ਇਹ ਹੈ ਕਿ ਪੂਰਬੀ ਜਰਮਨੀ ਦੀ ਮੈਂਬਰਸ਼ਿਪ ਨੂੰ ਛੱਡ ਕੇ, ਰੂਸ ਨੇ ਇਸ ਪਸਾਰ ਦਾ ਲਗਾਤਾਰ ਵਿਰੋਧ ਕੀਤਾ ਹੈ। ਉਸ ਦੀ ਹਮੇਸ਼ਾਂ ਇਹ ਦਲੀਲ ਰਹੀ ਹੈ ਕਿ ਨੇਟੋ ਦਾ ਪੂਰਬ ਵੱਲ ਪਸਾਰ ਰੂਸ ਦੀ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਹੈ। ਰੂਸ ਇਹ ਵੀ ਦਾਅਵਾ ਕਰਦਾ ਹੈ ਕਿ ਇਹ ਠੰਢੀ ਜੰਗ ਨੂੰ ਖਤਮ ਕਰਨ ਅਤੇ ਵਾਰਸਾ ਪੈਕਟ ਨੂੰ ਭੰਗ ਕਰਨ ਦੇ ਹਿੱਸੇ ਵਜੋਂ ਗੋਰਬਾਚੋਵ ਨਾਲ ਕੀਤੇ ਸਮਝੌਤੇ ਅਤੇ ਉਸ ਨੂੰ ਦਿੱਤੇ ਭਰੋਸਿਆਂ ਦੀ ਉਲੰਘਣਾ ਹੈ। ਸੰਨ 1994 ਵਿਚ, ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਕਲਿੰਟਨ ਨਾਲ ਆਪਣੇ ਸਿਖਰ ਸੰਮੇਲਨ ਵਿਚ ਨੇਟੋ ਦੇ ਪਸਾਰ ਦਾ ਗੁੱਸੇ ਨਾਲ ਅਤੇ ਖੁੱਲ੍ਹੇਆਮ ਵਿਰੋਧ ਕੀਤਾ ਸੀ। ਇਹ ਘਟਨਾ ਪੱਛਮੀ ਮੀਡੀਏ ਵਲੋਂ ਇਕ ਹਊਏ (ਬੋਗੀਮੈਨ) ਵਜੋਂ ਚਿਤਰੇ ਜਾਂਦੇ ਵਲਾਦੀਮੀਰ ਪੁਤਿਨ ਦੇ ਉਭਾਰ ਤੋਂ ਬਹੁਤ ਪਹਿਲਾਂ ਦੀ ਹੈ, ਅਤੇ ਇਹ ਦਿਖਾਉਂਦੀ ਹੈ ਕਿ ਨੇਟੋ ਦੇ ਪਸਾਰ ਦੇ ਨਤੀਜਿਆਂ ਨੂੰ ਪੁਤਿਨ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ। ਯੈਲਤਸਿਨ ਸ਼ਾਂਤੀ ਲਈ ਭਾਈਵਾਲ ਸੀ, ਫਿਰ ਵੀ ਅਮਰੀਕਾ ਅਤੇ ਯੂਰਪ ਨੇ ਠੰਢੀ ਜੰਗ ਨੂੰ ਖਤਮ ਕਰਨ ਲਈ ਗੋਰਬਾਚੋਵ ਨਾਲ ਬਣਾਈ ਸਮਝ ਤੋਂ ਮੂੰਹ ਮੋੜ ਲਿਆ ਸੀ।
ਰਣਨੀਤਕ ਨਜ਼ਰੀਏ ਤੋਂ ਨੇਟੋ ਦਾ ਪੂਰਬ ਵੱਲ ਪਸਾਰ ਇਕ ਤਿੰਨ-ਪੜਾਵੀ ਅਮਲ ਵਜੋਂ ਦਿਖਾਈ ਦਿੰਦਾ ਹੈ। ਪਹਿਲੇ ਪੜਾਅ ਵਿਚ 1999 ਵਿਚ ਮੱਧ ਯੂਰਪ ਦੇ ਵਾਰਸਾ ਪੈਕਟ ਦੇ ਸਾਬਕਾ ਮੈਂਬਰ ਮੁੱਖ ਦੇਸ਼ਾਂ (ਚੈੱਕ ਗਣਰਾਜ, ਹੰਗਰੀ ਅਤੇ ਪੋਲੈਂਡ) ਨੂੰ ਸ਼ਾਮਲ ਕੀਤਾ ਗਿਆ। ਦੂਜੇ ਪੜਾਅ ਵਿਚ 2004 ਵਿਚ ਸਾਬਕਾ ਬਾਲਟਿਕ ਗਣਰਾਜਾਂ (ਐਸਟੋਨੀਆ, ਲਾਤਵੀਆ ਅਤੇ ਲਿਥੂਆਨੀਆ) ਨੂੰ ਸ਼ਾਮਲ ਕੀਤਾ ਗਿਆ, ਜਿਸ ਨੇ ਇਸ ਅਮਲ ਨੂੰ ਹੋਰ ਤਿੱਖਾ ਕਰ ਦਿੱਤਾ ਕਿਉਂਕਿ ਇਸ ਵਿਚ ਸਾਬਕਾ ਸੋਵੀਅਤ ਯੂਨੀਅਨ ਦੇ ਉਹ ਹਿੱਸੇ ਸ਼ਾਮਲ ਕੀਤੇ ਗਏ ਜਿਨ੍ਹਾਂ ਦੀਆਂ ਸਰਹੱਦਾਂ ਰੂਸ ਨਾਲ ਲਗਦੀਆਂ ਸਨ। ਤੀਜਾ ਪੜਾਅ, ਜੋ ਅਜੇ ਮੁਕੰਮਲ ਨਹੀਂ ਹੋਇਆ, ਯੂਕਰੇਨ ਅਤੇ ਜਾਰਜੀਆ ਨਾਲ ਤੀਬਰ ਗੱਲਬਾਤ ਨਾਲ ਸੰਬੰਧਿਤ ਹੈ, ਜਿਸ ਦਾ ਮਕਸਦ ਸਾਬਕਾ ਸੋਵੀਅਤ ਯੂਨੀਅਨ ਦੇ ਇਨ੍ਹਾਂ ਸਾਬਕਾ ਗਣਰਾਜਾਂ ਨੂੰ ਨੇਟੋ ਵਿਚ ਸ਼ਾਮਲ ਕਰਨਾ ਹੈ। ਇਸ ਨਾਲ ਨੇਟੋ ਦਾ ਸਾਬਕਾ ਸੋਵੀਅਤ ਯੂਨੀਅਨ ਵਿਚ ਪ੍ਰਵੇਸ਼ ਬਹੁਤ ਵਧ ਜਾਂਦਾ ਹੈ ਅਤੇ ਰੂਸ ਦੁਆਲੇ ਘੇਰੇ ਨੂੰ ਹੋਰ ਵਿਸ਼ਾਲ ਕਰ ਦਿੰਦਾ ਹੈ। (ਚੌਥੇ ਪੜਾਅ ਵਿਚ, ਯੂਕਰੇਨੀ-ਰੂਸੀ ਜੰਗ ਸ਼ੁਰੂ ਹੋਣ ਤੋਂ ਬਾਅਦ, ਫਿਨਲੈਂਡ ਅਤੇ ਸਵੀਡਨ ਨੂੰ ਕ੍ਰਮਵਾਰ 2023 ਅਤੇ 2024 ਵਿਚ ਨੇਟੋ ਵਿਚ ਸ਼ਾਮਲ ਕੀਤਾ ਗਿਆ।)
ਇਸ ਤੋਂ ਇਲਾਵਾ, ਯੂਕਰੇਨ ਰੂਸ ਦੇ ਦਿਲ ਵਿਚ ਇੱਕ ਬਰਛੇ ਵਾਂਗ ਖੁੱਬਿਆ ਹੋਇਆ ਹੈ। ਆਪਣੇ ਸਭ ਤੋਂ ਨੇੜੇ ਦੇ ਬਿੰਦੂ ਤੋਂ, ਇਸ ਦੀ ਸਰਹੱਦ ਮਾਸਕੋ ਤੋਂ ਸਿਰਫ਼ ਤਿੰਨ ਸੌ ਮੀਲ ਦੂਰ ਹੈ। ਨਤੀਜੇ ਵਜੋਂ, ਯੂਕਰੇਨ ਨੂੰ ਨੇਟੋ ਵਿਚ ਸ਼ਾਮਲ ਕਰਨ ਨਾਲ ਰੂਸ ਅਤੇ ਨੇਟੋ ਦੇ ਮੈਂਬਰ ਮੁਲਕਾਂ ਵਿਚਕਾਰ ਪੈਂਦੀ ਇਤਿਹਾਸਕ ਤੌਰ `ਤੇ ਮਹੱਤਵਪੂਰਨ ਨਿਰਪੱਖ ਜ਼ਮੀਨ (ਲੈਂਡ ਬਫਰ) ਖਤਮ ਹੋ ਜਾਵੇਗੀ ਅਤੇ ਨੇਟੋ ਦੀਆਂ ਛੋਟੀ ਅਤੇ ਮੱਧਮ ਦੂਰੀ ਦੀਆਂ ਮਿਜ਼ਾਈਲਾਂ ਰੂਸ ਦੇ ਕੇਂਦਰੀ ਇਲਾਕੇ ਨੂੰ ਖਤਰੇ ਵਿਚ ਪਾ ਸਕਣਗੀਆਂ। ਇਹ ਸਾਰੇ ਡਰ ਵਰਤਮਾਨ ਲੜਾਈ ਨਾਲ ਸੱਚ ਸਾਬਤ ਹੋ ਚੁੱਕੇ ਹਨ।
ਇਨ੍ਹਾਂ ਕਾਰਨਾਂ ਕਰਕੇ, ਪੜਾਅ 3 ਵੱਲੋਂ ਪੈਦਾ ਕੀਤਾ ਖਤਰਾ ਊਠ ਦੀ ਪਿੱਠ ਨੂੰ ਤੋੜਨ ਵਾਲਾ ਆਖਰੀ ਤਿਣਕਾ ਸਾਬਤ ਹੋਇਆ। ਇਸ ਲਈ, ਰੂਸ ਨੇ ਹੋਰ ਪਸਾਰ ਨੂੰ ਰੋਕਣ ਲਈ ਫੌਜੀ ਤਾਕਤ ਨਾਲ ਜਵਾਬ ਦਿੱਤਾ। ਸੰਨ 2008 ਵਿਚ, ਰੂਸ ਨੇ ਤਾਕਤ ਦੀ ਵਰਤੋਂ ਕਰਕੇ ਜਾਰਜੀਆ ਵੱਲੋਂ ਅਮਰੀਕਾ ਦੇ ਉਤਸ਼ਾਹ ਨਾਲ ਦੱਖਣੀ ਉਸੇਸ਼ੀਆ ਨੂੰ ਮੁੜ ਕਬਜ਼ੇ ਵਿਚ ਲੈਣ ਲਈ ਕੀਤੀ ਜਾ ਰਹੀ ਕੋਸ਼ਿਸ਼ ਨੂੰ ਰੋਕਿਆ ਸੀ ਅਤੇ ਸੰਨ 2014 ਵਿਚ ਇਸ ਨੇ ਯੂਕਰੇਨ ਵਿਚ ਦਖਲ ਦਿੱਤਾ। ਜਾਰਜੀਆ ਦੀ ਲੜਾਈ ਸ਼ਾਂਤ ਹੋ ਗਈ, ਪਰ ਯੂਕਰੇਨ ਵਿਚ ਇਹ ਬਹੁਤ ਬਦਤਰ ਅੰਦਰੂਨੀ ਦਰਾੜਾਂ ਅਤੇ ਅਮਰੀਕਾ ਦੀ ਅੰਦਰੂਨੀ ਦਖਲਅੰਦਾਜ਼ੀਆਂ ਕਾਰਨ ਹੋਰ ਡੂੰਘੀ ਹੋ ਗਈ।
ਨੇਟੋ ਦੇ ਪਸਾਰ ਨਾਲ ਕਈ ਸਵਾਲ ਉਠਦੇ ਹਨ, ਜਿਨ੍ਹਾਂ ਵਿਚੋਂ ਪਹਿਲਾ ਹੈ: ਕੀ ਪਸਾਰ ਨੇ ਗੋਰਬਾਚੋਵ ਨਾਲ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ ਹੈ? ਪੂਰਬੀ ਜਰਮਨੀ ਤੋਂ ਅੱਗੇ ਨੇਟੋ ਦਾ ਪਸਾਰ ਨਾ ਕਰਨ ਦੇ ਵਾਅਦੇ ਨੂੰ ਵਿਸਥਾਰ ਵਿਚ ਦਰਸਾਉਣ ਵਾਲੀ ਕਿਸੇ ਅਧਿਕਾਰਤ ਸੰਧੀ `ਤੇ ਕਦੇ ਦਸਖ਼ਤ ਨਹੀਂ ਕੀਤੇ ਗਏ। ਫਿਰ ਵੀ, ਇਹ ਸਬੂਤ ਹਨ ਕਿ ਗੋਰਬਾਚੋਵ ਨਾਲ ਵਾਅਦੇ ਕੀਤੇ ਗਏ ਸਨ ਕਿ ਅਗਾਂਹ ਪਸਾਰ ਨਹੀਂ ਹੋਵੇਗਾ। ਸਭ ਤੋਂ ਵਧੀਆ ਸਬੂਤ ਅਮਰੀਕੀ ਰਾਜਦੂਤ ਜੈਕ ਮੈਟਲਾਕ ਜੂਨੀਅਰ ਦਾ ਹੈ, ਜੋ ਸੋਵੀਅਤ ਯੂਨੀਅਨ ਵਿਚ ਆਖਰੀ ਅਮਰੀਕੀ ਰਾਜਦੂਤ ਸੀ। ਉਹ ਦਸਦਾ ਹੈ ਕਿ ਠੰਡੀ ਜੰਗ ਨੂੰ ਖਤਮ ਕਰਨ ਵਾਲੇ 1989 ਦੇ ਮਾਲਟਾ ਸਿਖਰ ਸੰਮੇਲਨ ਵਿਚ ਜਾਰਜ ਐੱਚ. ਡਬਲਿਊ. ਬੁਸ਼ ਨੇ ਸਪੱਸ਼ਟ ਵਾਅਦੇ ਕੀਤੇ ਸਨ ਕਿ ਨੇਟੋ ਦਾ ਪਸਾਰ ਨਹੀਂ ਹੋਵੇਗਾ। ਸਵਿਟਜ਼ਰਲੈਂਡ ਦੇ ਪੱਤਰਕਾਰ ਗਾਏ ਮੇਤਨ ਨੇ ਵੀ ਰਿਕਾਰਡ ਕੀਤਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਜੇਮਜ਼ ਬੇਕਰ, ਜਰਮਨ ਚਾਂਸਲਰ ਹੈਲਮੁਟ ਕੋਹਲ, ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਅਤੇ ਫਰਾਂਸੀਸੀ ਰਾਸ਼ਟਰਪਤੀ ਫ੍ਰਾਂਸੂਆ ਮਿਟੇਰਾਂ ਨੇ ਪਸਾਰ ਨਾ ਕਰਨ ਦੀਆਂ ਸੁਰੱਖਿਆ ਗਰੰਟੀਆਂ ਦਿੱਤੀਆਂ ਸਨ।
ਜੇ ਵਿਰੋਧੀ ਤੱਥ ਵਜੋਂ ਇਹ ਮੰਨ ਵੀ ਲਿਆ ਜਾਵੇ ਕਿ ਪਸਾਰ ਨਾ ਕਰਨ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ, ਫਿਰ ਵੀ ਮੁਢਲਾ ਸਵਾਲ ਖੜ੍ਹਾ ਰਹਿੰਦਾ ਹੈ ਕਿ ਨੇਟੋ ਦਾ ਪਸਾਰ ਕਿਉਂ ਕੀਤਾ ਗਿਆ। ਨੇਟੋ ਨੂੰ ਇੱਕ ‘ਰੱਖਿਆਤਮਕ’ ਗਠਜੋੜ ਵਜੋਂ ਸਥਾਪਿਤ ਕੀਤਾ ਗਿਆ ਸੀ, ਜੋ ਕਿ ਇਸ ਦਾ ਚਾਰਟਰ ਮਿਸ਼ਨ ਹੈ। ਇਹ ਸਮਝਣਾ ਆਸਾਨ ਹੈ ਕਿ ਪੋਲੈਂਡ, ਰੋਮਾਨੀਆ ਅਤੇ ਸਾਬਕਾ ਬਾਲਟਿਕ ਗਣਰਾਜ ਰੱਖਿਆਤਮਕ ਸੁਰੱਖਿਆ ਪ੍ਰਾਪਤ ਕਰਨ ਲਈ ਨੇਟੋ ਵਿਚ ਕਿਉਂ ਸ਼ਾਮਲ ਹੋਣਾ ਚਾਹੁੰਦੇ ਸਨ। ਪਰ ਸਹੀ ਸਵਾਲ, ਜਿਹੜਾ ਕਦੇ ਨਹੀਂ ਪੁੱਛਿਆ ਜਾਂਦਾ, ਇਹ ਹੈ: ਸੰਯੁਕਤ ਰਾਜ ਅਮਰੀਕਾ ਜਾਂ ਯੂਨਾਈਟਿਡ ਕਿੰਗਡਮ ਉਨ੍ਹਾਂ ਨੂੰ ਕਿਉਂ ਸ਼ਾਮਲ ਕਰਨਾ ਚਾਹੁੰਦੇ ਸਨ? ਨਵੇਂ ਮੈਂਬਰ ਦੇਸ਼ ਮਾਮੂਲੀ ਫੌਜੀ ਯੋਗਤਾਵਾਂ ਅਤੇ ਝਗੜਿਆਂ ਦੇ ਖਤਰਿਆਂ ਦੇ ਟੋਕਰੇ ਲੈ ਕੇ ਆਏ ਸਨ। ਦੂਜੇ ਸ਼ਬਦਾਂ ਵਿਚ, ਜੇਕਰ ਨੇਟੋ ਦੇ ਮੂਲ ਉਦੇਸ਼ ਰੱਖਿਆਤਮਕ ਗਠਜੋੜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਨਵੇਂ ਮੈਂਬਰ ਦੇਸ਼ ਮੌਜੂਦਾ ਨੇਟੋ ਮੈਂਬਰਾਂ ਲਈ ਸੁਰੱਖਿਆ ਦੇ ਮਾਮਲੇ ਵਿਚ ਨਿਰੋਲ ਨਕਾਰਾਤਮਕ ਵਾਧਾ ਸਨ।
ਇਸੇ ਤਰ੍ਹਾਂ, ਨੇਟੋ ਦੇ ਪਸਾਰ ਲਈ ‘ਸ਼ਕਤੀ ਦਾ ਸੰਤੁਲਨ’ ਬਣਾਈ ਰੱਖਣ ਦਾ ਕੋਈ ਤਰਕ ਨਹੀਂ ਸੀ, ਕਿਉਂਕਿ ਵਾਰਸਾ ਪੈਕਟ 25 ਫਰਵਰੀ 1991 ਨੂੰ ਰਸਮੀ ਤੌਰ ‘ਤੇ ਭੰਗ ਕਰ ਦਿੱਤਾ ਗਿਆ ਸੀ। ਸ਼ਕਤੀ ਸੰਤੁਲਨ ਦੇ ਵਿਚਾਰਾਂ ਨੇ ਇਤਿਹਾਸਕ ਤੌਰ `ਤੇ ਯੂਰਪੀ ਮਹਾਂਦੀਪ ਦੇ ਗਠਜੋੜਾਂ ਦੀ ਬਣਤਰ ਨੂੰ ਪ੍ਰੇਰਿਤ ਕੀਤਾ ਹੈ, ਅਤੇ ਸੰਤੁਲਨ ਨਿਸ਼ਚਿਤ ਰੂਪ ਵਿਚ ਅਤੇ ਪੂਰਨ ਤੌਰ `ਤੇ ਨੇਟੋ ਦੇ ਹੱਕ ਵਿਚ ਬਦਲ ਗਿਆ ਸੀ। ਉਸ ਕਸਵੱਟੀ ਅਨੁਸਾਰ, ਨੇਟੋ ਦਾ ਪਸਾਰ ਸਪੱਸ਼ਟ ਰੂਪ ਵਿਚ ਹਮਲਾਵਰੀ ਸੀ।
ਅੰਤ ਵਿਚ, ਇੱਕ ਸਧਾਰਨ ਸਵਾਲ ਹੈ: ਅਟਲਾਂਟਿਕ ਮਹਾਂਸਾਗਰ ਦੇ ਦੂਜੇ ਪਾਸੇ, ਪੂਰਬੀ ਸੰਯੁਕਤ ਰਾਜ ਤੋਂ ਛੇ ਹਜ਼ਾਰ ਮੀਲ ਦੂਰ, ਰੂਸ ਦੀ ਸਰਹੱਦ `ਤੇ ਅਮਰੀਕੀ ਫੌਜ ਦੀ ਤੈਨਾਤੀ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਕਿਵੇਂ ਵਧਦੀ ਹੈ? ਜਵਾਬ ਹੈ ਕਿ ਨਹੀਂ ਵਧਦੀ। ਇਹ ਦਿਖਾਉਂਦਾ ਹੈ ਕਿ ਨੇਟੋ ਦੇ ਪਸਾਰ ਦਾ ਉਦੇਸ਼ ਕਦੇ ਵੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਨਹੀਂ ਸੀ, ਸਗੋਂ ਇਹ ਅਮਰੀਕਾ ਦੀ ਵਿਸ਼ਵ ਵਿਆਪੀ ਸਰਦਾਰੀ ਨਾਲ ਸੰਬੰਧਿਤ ਸੀ। ਸਹੀ ਸਵਾਲ ਪੁੱਛਣ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਨੇਟੋ ਦਾ ਪਸਾਰ ਰੂਸ ਵਿਰੁੱਧ ਇੱਕ ਹਮਲਾਵਰੀ ਕਦਮ ਸੀ।
ਤੀਜਾ ਸਵਾਲ ਹੈ: ਕੀ ਨੇਟੋ ਦਾ ਪਸਾਰ ਇੱਕ ਤਰ੍ਹਾਂ ਦੇ ਭੰਬਲਭੂਸੇ ਵਿਚ ਹੋਈ ਗਲਤੀ ਸੀ ਜਿਸ ਦੇ ਅਣਕਿਆਸੇ ਨਤੀਜੇ ਨਿਕਲੇ? ਜਵਾਬ ਹੈ ਕਿ ਨਹੀਂ, ਅਤੇ ਇਹ ਜਵਾਬ ਵੀ ਪੂਰਨ ਸਪੱਸ਼ਟ ਹੈ। ਰੂਸ ਨੇ ਨੇਟੋ ਪਸਾਰ ਵਿਰੁੱਧ ਆਪਣੀ ਵਿਰੋਧਤਾ ਖੁੱਲ੍ਹ ਕੇ ਪ੍ਰਗਟ ਕੀਤੀ ਸੀ, ਜਿਸ ਦਾ ਪ੍ਰਤੱਖ ਸਬੂਤ 1994 ਵਿਚ ਬੁਡਾਪੈਸਟ ਵਿਚ ਕਲਿੰਟਨ ਅਤੇ ਯੇਲਤਸਿਨ ਵਿਚਕਾਰ ਹੋਈ ਝੜਪ ਸੀ, ਜਿਸ ਵਿਚ ਯੇਲਤਸਿਨ ਨੇ ਨੇਟੋ ਦੇ ਪਸਾਰ ਦੀਆਂ ਯੋਜਨਾਵਾਂ ਦਾ ਗੁੱਸੇ ਨਾਲ ਵਿਰੋਧ ਕੀਤਾ ਸੀ। ਇਸੇ ਹੀ ਤਰ੍ਹਾਂ, 2007 ਵਿਚ ਪੁਤਿਨ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਵਿਚ ਨੇਟੋ ਦੇ ਪਸਾਰ ਦਾ ਖੁੱਲ੍ਹ ਕੇ ਅਤੇ ਤੀਬਰਤਾ ਨਾਲ ਵਿਰੋਧ ਕੀਤਾ ਸੀ।
ਨੇਟੋ ਦੇ ਪਸਾਰ ਦੇ ਮੁੱਦੇ ‘ਤੇ ਅਮਰੀਕਾ ਵਿਚ ਵੀ ਬਹਿਸ ਹੋਈ ਸੀ, ਅਤੇ ਆਲੋਚਕਾਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਇਸ ਦਾ ਇੱਕ ਵੱਡਾ ਨਤੀਜਾ ਰੂਸ ਨਾਲ ਝਗੜਾ ਹੋਵੇਗਾ। ਇਨ੍ਹਾਂ ਆਲੋਚਕਾਂ ਵਿਚੋਂ ਸਭ ਤੋਂ ਮਸ਼ਹੂਰ ਜਾਰਜ ਕੈਨਨ ਸੀ, ਜਿਹੜਾ ਅਮਰੀਕਾ ਦੀ ਠੰਢੀ ਜੰਗ ਦੀ ਰਣਨੀਤੀ ਨੂੰ ਨਿਰਦੇਸ਼ਤ ਕਰਨ ਵਾਲੀ ‘ਕੰਟੇਨਮੈਂਟ ਡਾਕਟਰੀਨ’ ਦਾ ਬਾਨੀ ਸੀ। ਸੰਨ 1997 ਵਿਚ ਨਿਊਯਾਰਕ ਟਾਈਮਜ਼ ਵਿਚ ‘ਇਕ ਘਾਤਕ ਗਲਤੀ (ਫੇਟਫੁੱਲ ਐਰਰ)’ ਦੇ ਸਿਰਲੇਖ ਹੇਠ ਛਪੇ ਆਪਣੇ ਇਕ ਲੇਖ ਵਿਚ ਕੈਨਨ ਨੇ ਲਿਖਿਆ ਸੀ ਕਿ ਨੇਟੋ ਦਾ ਪਸਾਰ ਇੱਕ ਗਲਤੀ ਹੈ ਜੋ ਲੜਾਈ ਵੱਲ ਲੈ ਕੇ ਜਾਵੇਗੀ। ਇਨ੍ਹਾਂ ਨਤੀਜਿਆਂ ਬਾਰੇ ਜਾਣਕਾਰੀ ਦਾ ਹੋਣਾ ਨੇਟੋ ਦੇ ਪਸਾਰ ਦੇ ਵਿਰੋਧ ਦੇ ਦਰਜੇ ਅਤੇ ਪੱਧਰ ਤੋਂ ਸਪੱਸ਼ਟ ਹੈ। ਇਸ ਦਾ 1997 ਵਿਚ ਕਲਿੰਟਨ ਨੂੰ ਲਿਖੇ ਇੱਕ ਪੱਤਰ ਤੋਂ ਪਤਾ ਚਲਦਾ ਹੈ ਜਿਸ ਉੱਤੇ ਅਮਰੀਕਾ ਦੇ ਪੰਜਾਹ ਮੋਹਰੀ ਸੀਨੀਅਰ ਸਿਆਸਤਦਾਨਾਂ, ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਹਿਰਾਂ, ਅਤੇ ਉੱਚੀਆਂ ਪਦਵੀਆਂ `ਤੇ ਰਹਿ ਚੁੱਕੇ ਸਾਬਕਾ ਫੌਜੀ ਅਤੇ ਖੁਫੀਆ ਅਧਿਕਾਰੀਆਂ ਨੇ ਦਸਤਖਤ ਕੀਤੇ ਸਨ। ਦਸਤਖਤ ਕਰਨ ਵਾਲਿਆਂ ਵਿਚ ਸੈਨੇਟਰ ਬਿਲ ਬ੍ਰੈਡਲੀ, ਸਾਬਕਾ ਰੱਖਿਆ ਸਕੱਤਰ ਰਾਬਰਟ ਮੈਕਨਾਮਾਰਾ, ਰੱਖਿਆ ਮਾਹਿਰ ਅਤੇ ਸਟੇਟ ਡਿਪਾਰਮੈਂਟ ਦਾ ਸਾਬਕਾ ਅਧਿਕਾਰੀ ਪਾਲ ਨਿਟਜ਼ੇ, ਸੈਨੇਟਰ ਸੈਮ ਨੰਨ, ਅਤੇ ਸਾਬਕਾ ਸੀ ਆਈ ਏ ਡਾਇਰੈਕਟਰ ਸਟੈਨਸਫੀਲਡ ਟਰਨਰ ਸ਼ਾਮਲ ਸਨ। ਉਸ ਪੱਤਰ ਵਿਚ ਨੇਟੋ ਦੇ ਪਸਾਰ ਨੂੰ ‘ਇਤਿਹਾਸਕ ਪੱਧਰ ਦੀ ਨੀਤੀਗਤ ਗਲਤੀ’ ਕਿਹਾ ਗਿਆ ਸੀ, ਜੋ ਰੂਸ ਨੂੰ ‘ਠੰਢੀ ਜੰਗ ਤੋਂ ਬਾਅਦ ਦੇ ਪੂਰੇ ਸਮਝੌਤੇ ‘ਤੇ ਸਵਾਲ ਉਠਾਉਣ’ ਵੱਲ ਧੱਕੇਗੀ। ਫਿਰ ਵੀ ਪਸਾਰ ਜਾਰੀ ਰਿਹਾ, ਅਤੇ 1999 ਵਿਚ ਨਵੇਂ ਮੈਂਬਰਾਂ ਦਾ ਪਹਿਲਾ ਗਰੁੱਪ ਇਸ ਵਿਚ ਸ਼ਾਮਲ ਕੀਤਾ ਗਿਆ।
ਯੂਕਰੇਨ ਨੂੰ ਸ਼ਾਮਲ ਕਰਨ ਲਈ ਨੇਟੋ ਦੇ ਪ੍ਰਸਤਾਵਿਤ ਪਸਾਰ ਬਾਰੇ ਵੀ ਚਰਚਾ ਹੋਈ ਸੀ ਅਤੇ ਇਸ ਦੇ ਨਤੀਜੇ ਵੀ ਪਹਿਲਾਂ ਹੀ ਦੇਖੇ ਜਾ ਸਕਦੇ ਸਨ ਅਤੇ ਦੇਖੇ ਗਏ ਸਨ। ਉਨ੍ਹਾਂ ਨਤੀਜਿਆਂ ਦਾ ਸਭ ਤੋਂ ਸਪੱਸ਼ਟ ਬਿਆਨ ਫਰਵਰੀ 2008 ਦੇ ਇੱਕ ਗੁਪਤ ਪੱਤਰ ਵਿਚ ਹੈ (ਜੋ ਵਿਕੀਲੀਕਸ ਰਾਹੀਂ ਉਪਲਬਧ ਹੋਇਆ ਹੈ) ਜਿਸ ਵਿਚ ਰੂਸ ਵਿਚ ਅਮਰੀਕੀ ਰਾਜਦੂਤ ਵਿਲੀਅਮ ਬਰਨਜ਼ (ਜੋ ਬਾਅਦ ਵਿਚ ਸੀ.ਆਈ.ਏ. ਦਾ ਮੁਖੀ ਬਣਿਆ) ਨੇ ਚੇਤਾਵਨੀ ਦਿੱਤੀ ਸੀ ਕਿ ਇਹ ਰੂਸ ਦੀ ਰਾਸ਼ਟਰੀ ਸੁਰੱਖਿਆ ਦੀਆਂ ਲਾਲ ਲਕੀਰਾਂ ਨੂੰ ਸਪੱਸ਼ਟ ਰੂਪ ਵਿਚ ਪਾਰ ਕਰੇਗਾ।
ਲੜਾਈ ਦਾ ਦੂਜਾ ਬਾਹਰੀ ਕਾਰਨ ਅਮਰੀਕਾ ਦਾ ਯੂਕਰੇਨ ਵਿਚ ਅੰਦਰੂਨੀ ਦਖਲ ਹੈ। ਉਸ ਦਖਲ ਦੇ ਜ਼ਿਆਦਾਤਰ ਸਬੂਤ ਵਿਕਟੋਰੀਆ ਨੂਲੈਂਡ ਨਾਲ ਸਬੰਧਤ ਹਨ, ਜੋ 2014 ਵਿਚ ਯੂਰਪੀ ਅਤੇ ਯੂਰੇਸ਼ੀਅਨ ਮਾਮਲਿਆਂ ਲਈ ਅਮਰੀਕਾ ਦੀ ਸਹਾਇਕ ਵਿਦੇਸ਼ ਸਕੱਤਰ ਸੀ ਅਤੇ ਅਮਰੀਕੀ ਦੀ ਨਿਉ-ਕਨਜ਼ਰਵੇਟਿਵ ਲਹਿਰ ਨਾਲ ਡੂੰਘੇ ਤੌਰ `ਤੇ ਜੁੜੀ ਹੋਈ ਸੀ। ਇਸ ਤੋਂ ਇਲਾਵਾ, ਉਹ ਜਾਰਜ ਡਬਲਿਊ ਬੁਸ਼, ਬਰਾਕ ਓਬਾਮਾ ਅਤੇ ਜੋ ਬਾਇਡਨ ਦੇ ਪ੍ਰਸ਼ਾਸਨਾਂ ਵਿਚ ਲਗਾਤਾਰ ਮਹੱਤਵਪੂਰਨ ਅਹੁਦਿਆਂ `ਤੇ ਰਹੀ ਹੈ। ਇਹ ਗੱਲ ਯੂਕਰੇਨ ਬਾਰੇ ਅਮਰੀਕਾ ਦੀ ਨੀਤੀ ਦੇ ਦੋ-ਪਾਰਟੀ ਵਾਲੇ ਚਰਿੱਤਰ ਨੂੰ ਉਜਾਗਰ ਕਰਦੀ ਹੈ। ਬੁਸ਼ ਪ੍ਰਸ਼ਾਸਨ ਦੇ ਦੂਜੇ ਕਾਲ ਵਿਚ, ਉਹ 2005 ਤੋਂ 2008 ਤੱਕ ਨੇਟੋ ਵਿਚ ਅਮਰੀਕਾ ਦੀ ਰਾਜਦੂਤ ਸੀ। ਦਸੰਬਰ 2013 ਵਿਚ, ਨੂਲੈਂਡ ਨੇ ਖੁਲਾਸਾ ਕੀਤਾ ਕਿ ਅਮਰੀਕਾ ਨੇ ਯੂਕਰੇਨ ਦੀ ਸਹਾਇਤਾ ਲਈ 5 ਅਰਬ ਡਾਲਰ ਖਰਚੇ ਸਨ, ਜਿਨ੍ਹਾਂ ਨੂੰ ‘ਲੋਕਤੰਤਰ ਨਿਰਮਾਣ- ਡੈਮੋਕ੍ਰੇਸੀ ਬਿਲਡਿੰਗ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਸੰਨ 2014 ਦੇ ਮੇਡਨ ਰਾਜ ਪਲਟੇ ਵੇਲੇ, ਉਹ ਕੀਵ ਵਿਚ ਰਾਜਪਲਟਾ ਕਰਨ ਵਾਲਿਆਂ ਦਾ ਸਮਰਥਨ ਕਰਨ ਲਈ ਕਈ ਜਨਤਕ ਥਾਂਵਾਂ `ਤੇ ਦਿਖਾਈ ਦਿੱਤੀ ਸੀ, ਅਤੇ ਯੂਕਰੇਨ ਵਿਚ ਅਮਰੀਕਾ ਦੇ ਰਾਜਦੂਤ ਜੈਫਰੀ ਪਾਇਟ ਅਤੇ ਉਸ ਵਿਚਕਾਰ ਇੱਕ ਟੈਲੀਫੋਨ ਕਾਲ ਰਿਕਾਰਡ ਕੀਤੀ ਗਈ ਸੀ। ਉਸ ਕਾਲ ਵਿਚ ਸੰਕੇਤ ਮਿਲਿਆ ਸੀ ਕਿ ਅਮਰੀਕਾ ਯੂਕਰੇਨ ਦੀਆਂ ਸਿਆਸੀ ਸਥਿਤੀਆਂ ਵਿਚ ਸਰਗਰਮੀ ਨਾਲ ਦਖਲ ਦੇ ਰਿਹਾ ਸੀ, ਜਿਸ ਵਿਚ ਯੂਰਪੀ ਯੂਨੀਅਨ ਵਲੋਂ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਰਗਰਮੀ ਨਾਲ ਰੋਕਣ ਦੀ ਕੋਸ਼ਿਸ਼ ਕਰਨਾ ਵੀ ਸ਼ਾਮਲ ਸੀ, ਅਤੇ ਨੂਲੈਂਡ ਨੇ ਕਿਹਾ ਸੀ ਕਿ ‘ਫੱਕ ਦਿ ਈ ਯੂ।’
ਪੰਜ ਅਰਬ ਡਾਲਰ ਯੂਕਰੇਨ ਵਰਗੇ ਗਰੀਬ ਦੇਸ਼ ਵਿਚ ਇੱਕ ਅਸਧਾਰਨ ਵੱਡੀ ਰਕਮ ਸੀ (ਅਤੇ ਅੱਜ ਵੀ ਹੈ), ਜਿੱਥੇ ਵਿਦੇਸ਼ੀ ਮੁਦਰਾ (ਫੌਰਨ ਕਰੰਸੀ) ਦੀ ਵੀ ਕਮੀ ਸੀ। ਅਮਰੀਕਾ ਦਾ ‘ਲੋਕਤੰਤਰ-ਨਿਰਮਾਣ’ ਲਈ ਪੈਸਾ ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ ਐੱਸ ਏ ਆਈ ਡੀ) ਅਤੇ ਨੈਸ਼ਨਲ ਐਂਡਾਊਮੈਂਟ ਫਾਰ ਡੈਮੋਕਰੇਸੀ ਵਰਗੀਆਂ ਸਰਕਾਰੀ ਏਜੰਸੀਆਂ ਰਾਹੀਂ ਦਿੱਤਾ ਜਾਂਦਾ ਹੈ, ਜਿਨ੍ਹਾਂ ਦੋਹਾਂ ‘ਤੇ ਵਿਦੇਸ਼ਾਂ ਵਿਚ ਦਖਲਅੰਦਾਜ਼ੀ ਅਤੇ ਰਾਜਨੀਤਿਕ ਦਖਲਅੰਦਾਜ਼ੀ ਦੇ ਵਿਆਪਕ ਇਲਜ਼ਾਮ ਲੱਗੇ ਹੋਏ ਹਨ। ਯੂ ਐੱਸ ਏ ਆਈ ਡੀ ਨੂੰ ਕਾਨੂੰਨੀ ਤੌਰ ‘ਤੇ ਇਹ ਯਕੀਨੀ ਬਣਾਉਣ ਦਾ ਆਦੇਸ਼ ਹੈ ਕਿ ਇਸ ਦੀ ਆਰਥਿਕ ਸਹਾਇਤਾ ਅਮਰੀਕਾ ਦੇ ਭੂ-ਰਾਜਨੀਤਿਕ ਹਿੱਤਾਂ (ਜੀਓਪੁਲੀਟੀਕਲ ਇੰਟ੍ਰੈਸਟਸ) ਨਾਲ ਮੇਲ ਖਾਂਦੀ ਹੋਵੇ। ਇਸ ਦਾ ਸੀ ਆਈ ਏ ਨਾਲ ਕੰਮ ਕਰਨ ਦਾ ਲੰਬਾ ਇਤਿਹਾਸ ਹੈ ਅਤੇ ਇਹ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਨੇੜਤਾ ਨਾਲ ਕੰਮ ਕਰਦੀ ਹੈ, ਜਿਸ ਵਿਚ ਇਸ ਉੱਪਰ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸ਼ਾਮਲ ਹੈ। ਨਤੀਜੇ ਵਜੋਂ, ਅਜਿਹਾ ਪੈਸਾ ਅਕਸਰ ਉਨ੍ਹਾਂ ਕਾਰਕੁਨਾਂ ਨੂੰ ਦਿੱਤਾ ਜਾਂਦਾ ਹੈ ਜੋ ਅਮਰੀਕਾ ਦੇ ਭੂ-ਰਾਜਨੀਤਿਕ ਹਿੱਤਾਂ (ਜੀਓਪੁਲੀਟੀਕਲ ਇੰਟ੍ਰੈਸਟਸ) ਦੇ ਪੱਖ ਵਿਚ ਹੌਣ —ਯੂਕਰੇਨ ਦੇ ਮਾਮਲੇ ਵਿਚ ਜਿਸ ਦਾ ਅਰਥ ਰੂਸ ਨਾਲ ਹਮਦਰਦੀਆਂ ਅਤੇ ਸਬੰਧਾਂ ਨੂੰ ਕਮਜ਼ੋਰ ਕਰਨਾ ਸੀ ।
ਮੇਡਨ ਰਾਜਪਲਟੇ ਤੋਂ ਬਾਅਦ, ਸੰਯੁਕਤ ਰਾਜ ਅਮਰੀਕਾ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾ ਦਿੱਤੀ। ਵਾਸ਼ਿੰਗਟਨ ਅਧਾਰਿਤ ਸਟਿੰਮਸਨ ਸੈਂਟਰ ਦੀ ਰਿਪੋਰਟ ਅਨੁਸਾਰ ਸੰਨ 2014 ਤੋਂ 2021 ਵਿਚਕਾਰ ਯੂਕਰੇਨ ਨੂੰ 2.7 ਅਰਬ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਮਿਲੀ। ਸੰਨ 2016 ਤੋਂ 2020 ਵਿਚਕਾਰ, ਯੂਕਰੇਨ ਅਮਰੀਕੀ ਫੌਜੀ ਸਹਾਇਤਾ ਪ੍ਰਾਪਤ ਕਰਨ ਵਾਲਾ ਸੱਤਵਾਂ ਸਭ ਤੋਂ ਵੱਡਾ ਦੇਸ਼ ਸੀ, ਅਤੇ ਯੂਰਪ ਵਿਚ ਸਭ ਤੋਂ ਵੱਡਾ ਪ੍ਰਾਪਤਕਰਤਾ। ਇਸ ਸਹਾਇਤਾ ਨਾਲ ਅਮਰੀਕਾ ਯੂਕਰੇਨ ਦੀ ਘਰੇਲੂ ਜੰਗ ਵਿਚ ਮੇਡਨ ਰਾਜਪਲਟੇ ਤੋਂ ਬਾਅਦ ਹੋਂਦ ਵਿਚ ਆਈ ਕੌਮਵਾਦੀ (ਨੈਸ਼ਨਲਿਸਟ) ਸਰਕਾਰ ਦੇ ਹੱਕ ਵਿਚ ਜਾ ਖੜ੍ਹਾ ਹੋਇਆ। ਇਹ ਸਹਾਇਤਾ ਰੂਸ ਨੂੰ ਫਰਵਰੀ 2022 ਵਿਚ ਯੂਕਰੇਨ ਵਿਚ ਦਖਲ ਦੇਣ ਲਈ ਉਕਸਾਉਣ ਵਿਚ ਵੀ ਮਹੱਤਵਪੂਰਨ ਸੀ।
ਨੇਟੋ ਦਾ ਪੂਰਬ ਵੱਲ ਪਸਾਰ ਅਤੇ ਸਾਬਕਾ ਸੋਵੀਅਤ ਗਣਰਾਜਾਂ (ਖਾਸ ਕਰ ਕੇ ਯੂਕਰੇਨ) ਵਿਚ ਅੰਦਰੂਨੀ ਦਖਲ ਉਹ ‘ਸਾਧਨ’ ਹਨ ਜਿਨ੍ਹਾਂ ਰਾਹੀਂ ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿਚ ਪੈਦਾ ਹੋਈਆਂ ਦਰਾੜਾਂ ਦਾ ਫਾਇਦਾ ਉਠਾਇਆ ਅਤੇ ਲੜਾਈ ਨੂੰ ਉਕਸਾਇਆ। ਬੁਝਾਰਤ ਦਾ ਅਗਲਾ ਸਵਾਲ ਇਹ ਹੈ ਕਿ ਅਮਰੀਕਾ ਨੇ ਇਸ ਦਿਸ਼ਾ ਵਿਚ ਜਾਣ ਦਾ ਫੈਸਲਾ ਕਿਉਂ ਕੀਤਾ। ਇਸ ਦਾ ਜਵਾਬ ਅਮਰੀਕੀ ਰਾਜਨੀਤੀ, ਨਿਉਕੌਨ (ਨਿਉਕਨਜ਼ਰਵੇਟਿਵ) ਲਹਿਰ ਦੀ ਜਿੱਤ ਅਤੇ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ ) ਦੀ ਤਾਕਤ ਵਿਚ ਲੁੱਕਿਆ ਹੋਇਆ ਹੈ।
ਯੂਕਰੇਨ ਵਿਚ ਅਮਰੀਕਾ ਦੀ ਦਖਲਅੰਦਾਜ਼ੀ ਦਾ ਤੀਜਾ ਬਾਹਰੀ ਕਾਰਨ ਨਿਉਕਨਜ਼ਰਵੇਟਿਜ਼ਮ ਹੈ। ਅਮਰੀਕਾ ਦੇ ਇਸ ਰਾਜਨੀਤਿਕ ਸਿਧਾਂਤ ਦੀ ਚੜ੍ਹਤ 1990ਵਿਆਂ ਵਿਚ ਸਿਖਰ `ਤੇ ਪਹੁੰਚ ਗਈ। ਇਸ ਦੀ ਧਾਰਨਾ ਹੈ ਕਿ ਭਵਿੱਖ ਵਿਚ ਕਦੇ ਵੀ ਸਾਬਕਾ ਸੋਵੀਅਤ ਯੂਨੀਅਨ ਵਰਗੀ ਵਿਦੇਸ਼ੀ ਤਾਕਤ ਨਹੀਂ ਹੋਵੇਗੀ ਜੋ ਅਮਰੀਕਾ ਦੀ ਸਰਦਾਰੀ ਨੂੰ ਚੁਣੌਤੀ ਦੇ ਸਕੇ। ਇਹ ਸਿਧਾਂਤ ਅਮਰੀਕਾ ਨੂੰ ਦੁਨੀਆ ਵਿਚ ਕਿਤੇ ਵੀ ਆਪਣੀ ਮਰਜ਼ੀ ਥੋਪਣ ਦਾ ਅਧਿਕਾਰ ਦਿੰਦਾ ਹੈ, ਜਿਸ ਦੇ ਨਤੀਜੇ ਵਜੋਂ ਅਮਰੀਕਾ ਦੇ 80 ਤੋਂ ਵੱਧ ਦੇਸ਼ਾਂ ਵਿਚ 750 ਤੋਂ ਵੱਧ ਅੱਡੇ ਹਨ, ਜੋ ਰੂਸ ਅਤੇ ਚੀਨ ਦੋਹਾਂ ਨੂੰ ਘੇਰਦੇ ਹਨ।
ਨਿਉਕਨਜ਼ਰਵੇਟਿਜ਼ਮ ਦਾ ਉਦੇਸ਼ ਅਮਰੀਕਾ ਦੀ ਵਿਸ਼ਵ ਵਿਆਪੀ ਸਰਦਾਰੀ ਹੈ। ਇਸ ਉਦੇਸ਼ ਨੇ ਨੇਟੋ ਦੇ ਪੂਰਬ ਵੱਲ ਪਸਾਰ ਅਤੇ ਸਾਬਕਾ ਸੋਵੀਅਤ ਗਣਰਾਜਾਂ ਵਿਚ ਦਖਲਅੰਦਾਜ਼ੀ ਨੂੰ ਪ੍ਰੇਰਿਤ ਕੀਤਾ ਹੈ, ਜਿਸ ਦਾ ਮਕਸਦ ਰੂਸ ਵਿਰੋਧੀ ਭਾਵਨਾਵਾਂ ਨੂੰ ਵਧਾਉਣਾ ਅਤੇ ਰੂਸ ਨਾਲ ਲੜਾਈ ਨੂੰ ਉਕਸਾਉਣਾ ਹੈ। ਨਿਉਕਨਜ਼ਰਵੇਟਿਵ ਸਿਧਾਂਤ ਨੇ ਸਭ ਤੋਂ ਪਹਿਲਾਂ ਡਿਕ ਚੇਨੀ ਅਤੇ ਡੌਨਲਡ ਰਮਜ਼ਫੈਲਡ ਵਰਗੇ ਸਖ਼ਤ ਰਿਪਬਲਿਕਨਾਂ ਵਿਚ ਜੜ੍ਹਾਂ ਜਮਾਈਆਂ ਅਤੇ ਫਿਰ 1990ਵਿਆਂ ਵਿਚ ਕਲਿੰਟਨ ਦੀ ਅਗਵਾਈ ਹੇਠ ਡੈਮੋਕਰੈਟਾਂ ਨੇ ਇਸ ਨੂੰ ਅਪਣਾ ਲਿਆ। ਨਤੀਜੇ ਵਜੋਂ, ਇਸ ਨਾਲ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਦੀ ਸਹਿਮਤੀ ਬਣ ਗਈ। ਇਸ ਤੋਂ ਇਲਾਵਾ, ਡੈਮੋਕਰੈਟਾਂ ਨੇ ਇਹ ਦਾਅਵਾ ਕਰਕੇ ਕਿ ਅਮਰੀਕਾ ਦੀ ਪ੍ਰੇਰਣਾ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣਾ ਹੈ ਇਕ ਭਰਮਾਊ ਉਹਲਾ ਪ੍ਰਦਾਨ ਕੀਤਾ, ਜੋ ਵਿਸ਼ਵ ਵਿਚ ਅਮਰੀਕਾ ਦੀ ਸਰਦਾਰੀ ਨੂੰ ਲੁਕਾਉਣ ਲਈ ਇਕ ਬੋਦੀ ਚਾਦਰ ਦਾ ਕੰਮ ਕਰਦਾ ਹੈ।
ਰੂਸ ਦੇ ਸਬੰਧ ਵਿਚ, ਨਿਉਕਨਜ਼ਰਵੇਟਿਵ ਖੇਡ-ਯੋਜਨਾ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ਬਿਗਨਿਊ ਬਰਜ਼ੇਜ਼ਿੰਸਕੀ ਨੇ 1997 ਵਿਚ ਫਾਰਨ ਅਫੇਅਰਜ਼ ਮੈਗਜ਼ੀਨ ਵਿਚ ਇੱਕ ਲੇਖ ਅਤੇ ‘ਦਿ ਗ੍ਰੈਂਡ ਚੈੱਸਬੋਰਡ: ਅਮੈਰੀਕਨ ਪ੍ਰਾਈਮੇਸੀ ਐਂਡ ਇਟਸ ਜੀਓਸਟ੍ਰੈਟੈਜਿਕ ਇੰਪੈਰੇਟਿਵਜ਼’ ਨਾਂ ਦੀ ਕਿਤਾਬ ਵਿਚ ਸਪੱਸ਼ਟ ਰੂਪ ਵਿਚ ਬਿਆਨ ਕੀਤਾ ਸੀ। ਬਰਜ਼ੇਜ਼ਿੰਸਕੀ ਠੰਢੀ ਜੰਗ ਅਤੇ ਠੰਢੀ ਜੰਗ ਤੋਂ ਬਾਅਦ ਦੀ ਅਮਰੀਕੀ ਨੀਤੀ ਨੂੰ ਬਣਾਉਣ ਵਾਲਾ ਇਕ ਮੁੱਖ ਵਿਅਕਤੀ ਸੀ। ਉਸ ਦੇ ਵਿਚਾਰ ਉਸ ਦੇ ਅਮਰੀਕਾ ਦੇ ਨਿਉਕਨਜ਼ਰਵੇਟਿਵ ਸਿਧਾਂਤ ਵਿਚ ਵਿਸ਼ਵਾਸ ਅਤੇ ਰੂਸ ਵਿਰੁੱਧ ਉਸ ਦੀ ਡੂੰਘੀ ਵੈਰ-ਭਾਵਨਾ ਨੂੰ ਦਰਸਾਉਂਦੇ ਹਨ। ਇਸ ਖੇਡ-ਯੋਜਨਾ ਦਾ ਟੀਚਾ ਅਮਰੀਕਾ ਦੀ ਵਿਸ਼ਵ ਵਿਆਪੀ ਸਰਵੋਤਮਤਾ ਨੂੰ ਯਕੀਨੀ ਬਣਾਉਣਾ ਸੀ। ਸਿਫਾਰਸ਼ ਕੀਤੀ ਗਈ ਰਣਨੀਤੀ ਵਿਚ ਨੇਟੋ ਦੇ ਪਸਾਰ ਰਾਹੀਂ ਰੂਸ ਨੂੰ ਹੌਲੀ ਹੌਲੀ ਘੇਰਨਾ ਅਤੇ ਅਲੱਗ-ਥਲੱਗ ਕਰਨਾ ਸੀ ਅਤੇ ਨਾਲ ਹੀ ਯੂਕਰੇਨ ਨੂੰ ਰੂਸ ਤੋਂ ਜਾਣ-ਬੁੱਝ ਕੇ ਵੱਖ ਕਰਨਾ ਸੀ। ਬਰਜ਼ੇਜ਼ਿੰਸਕੀ ਦੇ ਨਜ਼ਰੀਏ ਮੁਤਾਬਕ ਯੂਕਰੇਨ ਰੂਸੀ ਤਾਕਤ ਲਈ ਜ਼ਰੂਰੀ ਸੀ। ਉਹ ਲਿਖਦਾ ਹੈ: ‘ਯੂਰੇਸ਼ੀਅਨ ਸ਼ਤਰੰਜ ਦੀ ਬਿਸਾਤ ਤੇ ਇੱਕ ਨਵਾਂ ਅਤੇ ਮਹੱਤਵਪੂਰਨ ਥਾਂ ਯੂਕਰੇਨ, ਇੱਕ ਭੂ-ਰਾਜਨੀਤਿਕ ਧੁਰਾ (ਜੀਓਪੁਲੀਟੀਕਲ ਪਿਵਟ) ਹੈ ਕਿਉਂਕਿ ਇਸ ਦਾ ਸੁਤੰਤਰ ਦੇਸ਼ ਵਜੋਂ ਮੌਜੂਦ ਹੋਣਾ ਹੀ ਰੂਸ ਨੂੰ ਬਦਲਣ ਵਿਚ ਮਦਦ ਕਰਦਾ ਹੈ। ਯੂਕਰੇਨ ਤੋਂ ਬਿਨਾਂ, ਰੂਸ ਦੀ ਯੂਰੇਸ਼ੀਅਨ ਸਾਮਰਾਜ ਵਜੋਂ ਹੋਂਦ ਖਤਮ ਹੋ ਜਾਂਦੀ ਹੈ।’
ਇਸ ਤੋਂ ਅਗਾਂਹ, ਬਰਜ਼ੇਜ਼ਿੰਸਕੀ ਨੇ ਸਰਸਰੀ ਜਿਹੇ ਢੰਗ ਨਾਲ ਰੂਸ ਨੂੰ ਟੁਕੜੇ ਟੁਕੜੇ ਕਰਨ ਦਾ ਸੁਝਾਅ ਦਿੱਤਾ, ਅਤੇ ਇਹ ਚਤੁਰਾਈ ਭਰਿਆ ਪ੍ਰਸਤਾਵ ਰੱਖਿਆ ਕਿ ਇਹ ਰੂਸ ਦੇ ਹਿੱਤ ਵਿਚ ਹੋਵੇਗਾ: ‘ਇਕ ਢਿੱਲੀ ਤਰ੍ਹਾਂ ਸੰਗਠਿਤ ਰੂਸ ਨੂੰ – ਜਿਸ ਵਿਚ ਇੱਕ ਯੂਰਪੀ ਰੂਸ, ਇੱਕ ਸਾਈਬੇਰੀਅਨ ਗਣਰਾਜ ਅਤੇ ਇੱਕ ਦੂਰ ਪੂਰਬ ਦਾ ਗਣਰਾਜ (ਫਾਰ ਈਸਟਰਨ ਰਿਪਬਲਿਕ) ਸ਼ਾਮਲ ਹੋਵੇ- ਯੂਰਪ, ਮੱਧ ਏਸ਼ੀਆ ਦੇ ਨਵੇਂ ਦੇਸ਼ਾਂ ਅਤੇ ਏਸ਼ੀਆ (ਓਰੀਐਂਟ) ਨਾਲ ਨੇੜਲੇ ਆਰਥਿਕ ਸਬੰਧ ਵਿਕਸਿਤ ਕਰਨਾ ਵੀ ਆਸਾਨ ਲੱਗੇਗਾ, ਜਿਸ ਨਾਲ ਰੂਸ ਦਾ ਆਪਣਾ ਵਿਕਾਸ ਤੇਜ਼ ਹੋਵੇਗਾ।’
ਬਰਜ਼ੇਜ਼ਿੰਸਕੀ ਦੀ ਲਿਖਤ ਰੂਸ ਵਿਰੁੱਧ ਅਮਰੀਕੀ ਆਕਰਮਣਸ਼ੀਲਤਾ ਦੇ ਪੱਧਰ ਨੂੰ ਬਿਆਨ ਕਰਦੀ ਹੈ ਅਤੇ ਬਾਅਦ ਵਿਚ ਵਾਪਰੀਆਂ ਘਟਨਾਵਾਂ ਨੂੰ ਅਸਧਾਰਣ ਵੇਰਵੇ ਨਾਲ ਬਿਆਨ ਕਰਦੀ ਹੈ, ਇਕ ਅਜਿਹੀ ਹੱਦ ਤੱਕ ਕਿ ਇਹ ਲਗਭਗ ਆਪਣੇ ਆਪ ਨੂੰ ਦੋਸ਼ੀ ਸਿੱਧ ਕਰਨ ਵਾਲੀ ਨਿਉਕਨਜ਼ਰਵੇਟਿਵਾਂ ਦੀ ਮਾਸਟਰ ਪਲੈਨ ਹੋ ਨਿਬੜਦੀ ਹੈ। ਸ਼ੌਰਟ ਟਰਮ (ਅਲਪਕਾਲ) ਦੀ ਪਲੈਨ ਸੀ ਨੇਟੋ ਦਾ ਪਸਾਰ; ਮਿੱਡ ਟਰਮ (ਮੱਧਕਾਲੀ) ਪਲੈਨ ਸੀ ਯੂਕਰੇਨ ਨੂੰ ਰੂਸ ਦੇ ਵਿਰੁੱਧ ਕਰਨਾ; ਅਤੇ ਲੌਂਗ ਟਰਮ (ਲੰਮੇ ਸਮੇਂ ਦੀ) ਪਲੈਨ ਵਿਚ ਰੂਸ ਦੇ ਟੁਕੜੇ ਟੁਕੜੇ ਕਰਨਾ ਸ਼ਾਮਲ ਸੀ। ਇਸ ਰੌਸ਼ਨੀ ਵਿਚ ਵੇਖਿਆ ਜਾਵੇ ਤਾਂ ਯੂਕਰੇਨ ਵਿਚ ਅਮਰੀਕਾ ਦੀ ਦਖਲਅੰਦਾਜ਼ੀ ਰੂਸ `ਤੇ ਹੋਰ ਹਮਲੇ ਕਰਨ ਵੱਲ ਪੁੱਟਿਆ ਪਹਿਲਾ ਕਦਮ ਸੀ।
ਨਿਉਕਨਜ਼ਰਵੇਟਿਵ ਡਾਕਟਰੀਨ (ਸਿਧਾਂਤ) ਅਮਰੀਕਾ ਦੀ ਭੂ-ਰਾਜਨੀਤਿਕ ਸੋਚ ਅਤੇ ਰਣਨੀਤੀ ਨੂੰ ਸੇਧ ਦਿੰਦੀ ਹੈ, ਅਤੇ ਇਸ ਨੂੰ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਦਾ ਸਮਰਥਨ ਹਾਸਲ ਹੈ। ਇਹ ਕੰਪਲੈਕਸ ਅਮਰੀਕੀ ਫੌਜ, ਡਿਫੈਂਸ ਡਿਪਾਰਟਮੈਂਟ ਅਤੇ ਸਬੰਧਤ ਨੌਕਰਸ਼ਾਹੀਆਂ, ਅਤੇ ਫੌਜ ਨੂੰ ਸਪਲਾਈ ਦੇਣ ਵਾਲੇ ਵਿਸ਼ਾਲ ਰੱਖਿਆ ਉਦਯੋਗ ਨੂੰ ਜੋੜਦਾ ਹੈ। ਇਸ ਨਾਲ ਇੱਕ ਬਹੁਤ ਵੱਡਾ ਤਾਕਤਵਰ ਰਾਜਨੀਤਿਕ-ਆਰਥਿਕ ਹਿੱਤ ਪੈਦਾ ਹੁੰਦਾ ਹੈ ਜੋ ਵੱਡੀ ਪੱਧਰ `ਤੇ ਵਿਦੇਸ਼ੀ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਨਿਰਧਾਰਤ ਕਰਦਾ ਹੈ। ਇਸ ਤੋਂ ਇਲਾਵਾ, ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਦਾ ਪ੍ਰਭਾਵ ਅਮਰੀਕੀ ਸਮਾਜ ਵਿਚ ਡੂੰਘਾ ਫੈਲਿਆ ਹੋਇਆ ਹੈ। ਇਹ ਰਾਜਨੀਤਕ ਚੋਣ ਮੁਹਿੰਮਾਂ ਲਈ ਚੰਦੇ (ਮਾਇਕ ਯੋਗਦਾਨ) ਦੇ ਕੇ ਅਤੇ ਸਿਆਸਤਦਾਨਾਂ ਨੂੰ ਨੌਕਰੀਆਂ ਅਤੇ ਸਲਾਹਕਾਰੀਆਂ (ਕਨਸਲਟੇਂਸੀਜ਼) ਦੇਣ ਦੇ ਵਾਅਦੇ ਕਰ ਕੇ ਕਾਂਗਰਸ ਤੇ ਪ੍ਰਭਾਵ ਪਾਉਂਦਾ ਹੈ। ਇਹ ਮਾਇਕ ਸਪਾਂਸਰਸ਼ਿਪਾਂ – ਜਿਨ੍ਹਾਂ ਵਿਚ ਮਾਸ ਮੀਡੀਆ, ਥਿੰਕ ਟੈਂਕ, ਯੂਨੀਵਰਸਿਟੀਆਂ ਅਤੇ ਫਿਲਮ ਅਤੇ ਵੀਡੀਓ ਗੇਮ ਉਦਯੋਗ ਸ਼ਾਮਲ ਹਨ- ਰਾਹੀਂ ਜਨਤਕ ਰਾਏ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਜਨਤਕ ਸਮਝ ਬਣਾਉਣ `ਤੇ ਵੀ ਵਿਸ਼ਾਲ ਪ੍ਰਭਾਵ ਪਾਉਂਦਾ ਹੈ।
ਮੁੱਖ ਗੱਲ ਇਹ ਹੈ ਕਿ ਠੰਢੀ ਜੰਗ ਦੇ ਅੰਤ ਨੇ ਫੌਜੀ ਖਰਚ ਵਿਚ ਵੱਡੀ ਕਮੀ ਕਰਨ ਦੀ ਸੰਭਾਵਨਾ ਬਣਾ ਦਿੱਤੀ ਸੀ, ਜੋ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਲਈ ਵੱਡਾ ਆਰਥਿਕ ਖਤਰਾ ਸੀ। ਨਿਉਕਨਜ਼ਰਵੇਟਿਵ ਪ੍ਰੋਜੈਕਟ ਨੇ ਉਸ ਖਤਰੇ ਨੂੰ ਬੇਅਸਰ ਕਰ ਦਿੱਤਾ। ਇਸ ਨੇ ਠੰਡੀ ਜੰਗ ਦੇ ਪੱਧਰ ਦਾ ਅਤੇ ਉਸ ਤੋਂ ਵੱਧ ਦਾ ਫੌਜੀ ਖਰਚਾ ਜਾਰੀ ਰੱਖਣ ਲਈ ਇੱਕ ਜਾਇਜ਼ ਕਾਰਨ ਪ੍ਰਦਾਨ ਕੀਤਾ। ਇਸ ਤੋਂ ਇਲਾਵਾ, ਉਹ ਖਰਚਾ ਹਮੇਸ਼ਾਂ ਜਾਰੀ ਰਹਿ ਸਕਦਾ ਹੈ, ਕਿਉਂਕਿ ਸਰਦਾਰੀ ਨੂੰ ਬਣਾਈ ਰੱਖਣਾ ਇੱਕ ਅੰਤ ਰਹਿਤ ਪ੍ਰੋਜੈਕਟ ਹੈ।
ਬੁਝਾਰਤ ਦਾ ਇੱਕ ਹੋਰ ਪੱਖ ਹੈ ਯੂਰਪ ਦੀ ਅਮਰੀਕਾ ਦੇ ਨਿਊਕਨਜ਼ਰਵੇਟਿਵ ਪ੍ਰੋਜੈਕਟ ਵਿਚ ਸਾਂਝੀਦਾਰੀ, ਜਿਸ ਦੀ ਮਿਸਾਲ ਯੂਰਪ ਵੱਲੋਂ ਨੇਟੋ ਦੇ ਪੂਰਬ ਵੱਲ ਪਸਾਰ ਦਾ ਖੁਸ਼ੀ-ਖੁਸ਼ੀ ਕੀਤਾ ਸਮਰਥਨ ਅਤੇ ਯੂਰਪ ਵਲੋਂ 2014 ਦੀ ਮਿੰਸਕ ਸ਼ਾਂਤੀ ਪ੍ਰਕਿਰਿਆ ਨੂੰ ਸਾਬੋਤਾਜ ਕਰਨਾ ਹੈ। ਪਹਿਲੀ ਨਜ਼ਰ ਨਾਲ ਦੇਖਿਆਂ, ਯੂਰਪ ਦਾ ਸਮਰਥਨ ਇਕ ਨਾ-ਸਮਝ ਆਉਣ ਵਾਲੀ ਗੱਲ ਲਗਦੀ ਹੈ ਕਿਉਂਕਿ ਰੂਸ ਨਾਲ ਸਬੰਧਾਂ ਦੇ ਟੁੱਟਣ ਕਾਰਨ ਯੂਰਪ ਨੂੰ ਆਰਥਿਕ ਨੁਕਸਾਨ ਹੋਇਆ ਹੈ ਅਤੇ ਲੜਾਈ ਕਾਰਨ ਸਮਾਜਿਕ-ਆਰਥਿਕ ਤੌਰ `ਤੇ ਨਾਂਹ-ਪੱਖੀ ਨਤੀਜੇ (ਉਦਾਹਰਨ ਲਈ, ਸ਼ਰਨਾਰਥੀਆਂ ਦੀ ਆਮਦ) ਝੱਲਣੇ ਪਏ ਹਨ।
ਹੋਰ ਵਿਚਾਰ ਕਰਨ `ਤੇ ਕਈ ਵਿਆਖਿਆਵਾਂ ਸਾਹਮਣੇ ਆਉਂਦੀਆਂ ਹਨ। ਸਭ ਤੋਂ ਵੱਧ ਠੋਸ ਵਿਆਖਿਆ ਇਹ ਹੈ ਕਿ ਯੂਰਪ ਦੇ ਫੌਜੀ ਅਤੇ ਵਿਦੇਸ਼ ਨੀਤੀ ਨਾਲ ਸੰਬੰਧਿਤ ਪ੍ਰਬੰਧ ਨੂੰ ਸੰਯੁਕਤ ਰਾਜ ਅਮਰੀਕਾ ਨੇ ਹੈਕ ਕਰ ਲਿਆ ਹੈ, ਅਤੇ ਹੁਣ ਇਹ ਯੂਰਪੀ ਹਿੱਤਾਂ ਦੀ ਬਜਾਏ ਅਮਰੀਕੀ ਹਿੱਤਾਂ ਦੀ ਸੇਵਾ ਕਰਦਾ ਹੈ। ਹੈਕਿੰਗ ਦੇ ਅਮਲ ਵਿਚ ਅਮਰੀਕੀ ਸਰਕਾਰ ਅਤੇ ਇਸ ਦੇ ਕਾਰਪੋਰੇਟ ਭਾਈਵਾਲ ਯੂਰਪੀ ਦੇਸ਼ਾਂ ਦੇ ਰਾਜਨੀਤਿਕ ਪਲੜੇ `ਤੇ ਭਾਰੀ ਦਬਾਅ ਪਾਉਂਦੇ ਹਨ। ਉਹ ਹਿਮਾਇਤੀ ਸਿਆਸਤਦਾਨਾਂ ਦੀ ਮਦਦ ਕਰਦੇ ਹਨ, ਸਮਰਥਕ ਪੱਤਰਕਾਰਾਂ ਅਤੇ ਵਿਦਵਾਨਾਂ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਦੋਸਤਾਨਾ ਰਾਜਨੀਤਿਕ ਹਿੱਤਾਂ ਨੂੰ ਵਿੱਤੀ ਅਤੇ ਮੀਡੀਆ ਸਮਰਥਨ ਪ੍ਰਦਾਨ ਕਰਦੇ ਹਨ। ਵਿਚਾਰਾਂ ਦੀ ਸ਼੍ਰੇਣੀ ਨਾਲ ਸੰਬੰਧਿਤ ਪੇਸ਼ਾਵਰਾਂ (ਪੱਤਰਕਾਰਾਂ ਅਤੇ ਵਿਦਵਾਨਾਂ) ਦੀ ਕੈਰੀਅਰ ਵਿਚ ਤਰੱਕੀ ਕਰਨ ਵਿਚ ਮਦਦ ਕੀਤੀ ਜਾਂਦੀ ਹੈ।
ਯੂਰਪ ਦਾ ਆਪਣਾ ਵੀ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਹੈ, ਜੋ ਨੇਟੋ ਰਾਹੀਂ ਅਮਰੀਕਾ ਨਾਲ ਬਹੁਤ ਨੇੜਿਓਂ ਬੱਝਿਆ ਹੋਇਆ ਹੈ। ਇਸ ਤੋਂ ਇਲਾਵਾ, ਯੂਰਪ ਦਾ ਰੱਖਿਆ ਉਦਯੋਗ (ਡਿਫੈਂਸ ਇੰਡਸਟਰੀ) ਦੁਨੀਆ ਵਿਚ ਸਾਜ਼ ਸਮਾਨ ਦੇ ਸਭ ਤੋਂ ਵੱਡੇ ਖ੍ਰੀਦਦਾਰ ਅਮਰੀਕਾ ਨੂੰ ਸਪਲਾਈ ਕਰਨਾ ਚਾਹੁੰਦਾ ਹੈ, ਅਤੇ ਇਸ ਲਈ ਅਮਰੀਕੀ ਨੀਤੀ ਦਾ ਸਮਰਥਨ ਕਰਨਾ ਜ਼ਰੂਰੀ ਹੈ। ਅੰਤ ਵਿਚ, ਇਤਿਹਾਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਯੂਰਪ ਦੇ ਕੁਲੀਨ ਵਰਗ ਵਿਚ ਰੂਸ ਨਾਲ ਵੈਰ ਦੀ ਇਕ ਲੰਬੀ ਭਾਵਨਾ ਹੈ, ਜੋ ਯੂਨਾਈਟਿਡ ਕਿੰਗਡਮ ਵਿਚ ਖਾਸ ਕਰਕੇ ਬਹੁਤ ਜ਼ੋਰਦਾਰ ਹੈ, ਅਤੇ ਜਰਮਨੀ ਵਿਚ ਥੋੜ੍ਹੀ ਜਿਹੀ ਘੱਟ।
ਲੜਾਈ ਦਾ ਚੌਥਾ ਬਾਹਰੀ ਕਾਰਨ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੀ ਮਿੱਥ ਹੈ, ਜਿਸ ਅਨੁਸਾਰ ਨੇਕ ਅਮਰੀਕਾ ਲੋਕਤੰਤਰ ਨੂੰ ਵਿਸ਼ਵ ਪੱਧਰ `ਤੇ ਉਤਸ਼ਾਹਿਤ ਅਤੇ ਸੁਰੱਖਿਅਤ ਕਰਨ ਲਈ ਸਮਰਪਿਤ ਹੈ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਇਸ ਕਹਾਣੀ ਨੂੰ ਉਦਾਰਵਾਦੀ ਡੈਮੋਕਰੈਟ ਨਿਉਕਨਜ਼ਰਵੇਟਿਵਾਂ ਨੇ ਖਾਸ ਤੌਰ `ਤੇ ਅਪਣਾਇਆ ਹੈ। ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੀ ਇਸ ਮਿੱਥ ਦਾ ਜਨਮ ਉੱਨੀਵੀਂ ਸਦੀ ਦੇ ਅਮਰੀਕਾ ਦੇ ਇਕ ਵਿਲੱਖਣ ਦੇਸ਼ ਹੋਣ ਦੀ ਧਾਰਨਾ ਤੋਂ ਹੁੰਦਾ ਹੈ, ਜਿਸ ਨੇ ਇਸ ਸੋਚ ਨੂੰ ਉਤਸ਼ਾਹਿਤ ਕੀਤਾ ਕਿ ਅਮਰੀਕਾ ਆਪਣੇ ਨੈਤਿਕ ਚਰਿੱਤਰ ਦੇ ਮਾਪਦੰਡ ਅਨੁਸਾਰ ਇੱਕ ਵਿਸ਼ੇਸ਼ ਕੌਮ ਹੈ ਅਤੇ ਇਸ ਦਾ ਇੱਕ ਖਾਸ ਮਿਸ਼ਨ ਹੈ। ਹੁਣ ਇਸ ਵਿਚਾਰ ਨਾਲ ਦੋਵੇਂ ਪਾਰਟੀਆਂ ਸਹਿਮਤ ਹਨ। ਰਿਪਬਲਿਕਨਾਂ ਵਿਚ, ਇਸ ਖਾਸ ਮਿਸ਼ਨ ਨੂੰ ਅਜ਼ਾਦੀ ਨੂੰ ਸੁਰੱਖਿਅਤ ਕਰਨ ਅਤੇ ਵਧਾਉਣ ਦੇ ਰੂਪ ਵਿਚ ਬਿਆਨਿਆ ਜਾਂਦਾ ਹੈ। ਡੈਮੋਕਰੈਟਾਂ ਵਿਚ, ਇਸ ਨੂੰ ਲੋਕਤੰਤਰ ਨੂੰ ਸੁਰੱਖਿਅਤ ਕਰਨ ਅਤੇ ਉਤਸ਼ਾਹਿਤ ਕਰਨ ਦੇ ਫਰਜ਼ ਦੇ ਰੂਪ ਵਿਚ ਬਿਆਨਿਆ ਜਾਂਦਾ ਹੈ।
ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਕਹਾਣੀ ਇੱਕ ਮਿੱਥ ਹੈ, ਅਤੇ ਇਸ ਦਾ ਖੰਡਨ ਕਰਨ ਲਈ ਅੰਤਰਰਾਸ਼ਟਰੀ ਸਬੰਧਾਂ ਦੇ ਇਕ ਲੰਬੇ ਇਤਿਹਾਸ ਨੂੰ ਘੋਖਣ ਦੀ ਲੋੜ ਹੈ ਜੋ ਇਸ ਲੇਖ ਦੇ ਦਾਇਰੇ ਤੋਂ ਬਹੁਤ ਬਾਹਰ ਦੀ ਗੱਲ ਹੈ। ਮੌਜੂਦਾ ਮਕਸਦਾਂ ਲਈ, ਮਹੱਤਵਪੂਰਨ ਗੱਲ ਇਹ ਦੇਖਣਾ ਹੈ ਕਿ ਇਸ ਕਹਾਣੀ ਨੇ ਯੂਕਰੇਨ ਵਿਚ ਲੜਾਈ ਨੂੰ ਅੱਗੇ ਵਧਾਉਣ ਵਿਚ ਕਿਵੇਂ ਮਦਦ ਕੀਤੀ ਹੈ। ਇੱਥੇ ਇਹ ਤਿੰਨ ਕਾਰਨਾਂ ਕਰਕੇ ਮਹੱਤਵਪੂਰਨ ਹੈ। ਪਹਿਲਾਂ, ਇਸ ਨੇ ਪੱਛਮੀ ਜਨਤਕ ਰਾਏ ਲਈ ਨੇਟੋ ਦੇ ਪੂਰਬ ਵੱਲ ਪਸਾਰ ਅਤੇ ਯੂਕਰੇਨ ਅਤੇ ਸਾਬਕਾ ਸੋਵੀਅਤ ਗਣਰਾਜਾਂ ਵਿਚ ਦਖਲਅੰਦਾਜ਼ੀ ਕਰਨ ਲਈ ਜਾਇਜ਼ ਕਾਰਨ ਪ੍ਰਦਾਨ ਕੀਤਾ ਹੈ। ਦੂਜਾ, ਇਸ ਨੇ ਅਮਰੀਕੀ ਅਤੇ ਪੱਛਮੀ ਜਨਤਕ ਰਾਏ ਨੂੰ ਰੂਸ ਵਿਰੁੱਧ ਲਾਮਬੰਦ ਕੀਤਾ ਹੈ, ਅਤੇ ਇਹ ਜਨਤਕ ਰਾਏ ਨੂੰ ਜੰਗ ਦੇ ਸਮਰਥਨ ਵਿਚ ਬਣਾਈ ਰੱਖਦੀ ਹੈ। ਤੀਜਾ, ਇਸ ਨੇ ਨੇਟੋ ਦੇ ਪੂਰਬ ਵੱਲ ਪਸਾਰ ਅਤੇ ਯੂਕਰੇਨ ਵਿਚ ਅੰਦਰੂਨੀ ਦਖਲਅੰਦਾਜ਼ੀ ਪਿਛਲੇ ਅਸਲ ਮਕਸਦਾਂ ਦੀ ਹਕੀਕਤ ਨੂੰ ਲੁਕਾ ਦਿੱਤਾ ਹੈ। ਰੂਪਕ ਵਜੋਂ ਕਹੀਏ ਤਾਂ, ਨੇਟੋ ਦੇ ਪੂਰਬ ਵੱਲ ਪਸਾਰ ਅਤੇ ਯੂਕਰੇਨ ਵਿਚ ਅਮਰੀਕਾ ਦੀ ਦਖਲਅੰਦਾਜ਼ੀ ਦੋਹਾਂ ਨੇ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਕਹਾਣੀ ਦੀ ਪਿੱਠ ਤੇ ਸਵਾਰੀ ਕੀਤੀ ਹੈ।
ਅਸਲ ਵਿਚ, ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਮਿੱਥ ਪੱਛਮੀ ਜਨਤਕ ਰਾਏ ਨੂੰ ਨਿਉਕਨਜ਼ਰਵੇਟਿਵ ਪ੍ਰੋਜੈਕਟ ਦੇ ਹੱਕ ਵਿਚ ਪੱਛਮੀ ਜਨਤਕ ਰਾਇ ਲਾਮਬੰਦ ਕਰਨ ਲਈ ਨਿਰਣਾਇਕ ਰਹੀ ਹੈ, ਅਤੇ ਇੱਥੇ ਇਹ ਦੂਹਰਾ ਕੰਮ ਕਰਦੀ ਹੈ। ਪਹਿਲਾਂ, ਇਹ ਲੋਕਾਂ ਨੂੰ ਅਮਰੀਕਾ ਦੀ ਹਮਲਾਵਰ ਦਖਲਅੰਦਾਜ਼ੀ ਅਤੇ ਫੌਜੀਵਾਦ (ਮਿਲਟ੍ਰੀਜ਼ਮ) ਨੂੰ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੇ ਨੇਕ ਨਜ਼ਰੀਏ ਨਾਲ ਦੇਖਣ ਲਈ ਭੁਚਲਾ ਕੇ ਅਮਰੀਕਾ ਦੇ ਵਿਸ਼ਵ ਵਿਆਪੀ ਸਰਦਾਰੀ ਦੇ ਪ੍ਰੋਜੈਕਟ ਲਈ ਜਨਤਕ ਸਮਰਥਨ ਪੈਦਾ ਕਰਦੀ ਹੈ
ਦੂਜਾ, ਇਹ ਇਕ ਤਰ੍ਹਾਂ ਦਾ ਬੌਧਿਕ ਤੰਗ ਨਜ਼ਰੀਆ ਪੈਦਾ ਕਰਕੇ ਅਜਿਹੀਆਂ ਨੀਤੀਆਂ ਵਿਰੁੱਧ ਅਮਰੀਕਾ ਦੇ ਅੰਦਰੂਨੀ ਵਿਰੋਧ ਨੂੰ ਦਬਾਉਂਦੀ ਹੈ। ਲੋਕਾਂ ਨੂੰ ਸਵਾਰਥੀ ਰਾਸ਼ਟਰੀ ਹਿਤਾਂ ਦੀ ਪੂਰਤੀ ਕਰਨ ਦੀ ਸਚਾਈ ਨੂੰ ਦੇਖਣ ਤੋਂ ਰੋਕਿਆ ਜਾਂਦਾ ਹੈ, ਭਾਵੇਂ ਕਿ ਅਜਿਹੀਆਂ ਕਾਰਵਾਈਆਂ ਦਾ ਇਕ ਲੰਮਾ ਇਤਿਹਾਸ ਹੈ, ਜਿਨ੍ਹਾਂ ਵਿਚੋਂ ਕੁੱਝ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਲੋਕਤੰਤਰਿਕ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਗੱਦੀਉਂ ਲਾਹੁਣ ਵਾਲੀਆਂ ਹਨ। ਇਸ ਤੋਂ ਇਲਾਵਾ, ਇਸ ਨਾਲ ਇਸ ਕਹਾਣੀ ਨੂੰ ਚੁਣੌਤੀ ਦੇਣ ਵਾਲਿਆਂ ਲਈ ਦੇਸ਼ ਅਤੇ ਲੋਕਤੰਤਰ ਵਿਰੋਧੀ ਕਹਿ ਕੇ ਬਦਨਾਮ ਕੀਤੇ ਜਾਣ ਦਾ ਖਤਰਾ ਬਣ ਜਾਂਦਾ ਹੈ।
ਕਿਉਂਕਿ ਇਹ ਮਿੱਥ ਨਿਊਕਨਜ਼ਰਵੇਟਿਵ ਪ੍ਰੋਜੈਕਟ ਨੂੰ ਸੌਖਾ ਬਣਾਉਂਦੀ ਹੈ ਇਸ ਲਈ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਕਹਾਣੀ ਨੂੰ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟਰੀਅਲ ਕੰਪਲੈਕਸ) ਵੱਲੋਂ ਅਪਣਾਇਆ ਜਾਂਦਾ ਹੈ, ਜੋ ਇਸ ਪ੍ਰੋਜੈਕਟ ਤੋਂ ਮੁਨਾਫਾ ਕਮਾਉਂਦਾ ਹੈ। ਅਸਲ ਵਿਚ, ਇਹ ਕਹਾਣੀ ਲੋਕਤੰਤਰ ਨੂੰ ਸੁਰੱਖਿਅਤ ਕਰਨ ਅਤੇ ਅੱਗੇ ਵਧਾਉਣ ਦੇ ਨਾਂ ਹੇਠ ਫੌਜੀ ਖਰਚਿਆਂ ਅਤੇ ਵਿਦੇਸ਼ੀ ਦਖਲਅੰਦਾਜ਼ੀਆਂ ਨੂੰ ਹਰੀ ਝੰਡੀ ਦਿੰਦੀ ਹੈ।
ਪਿਛਲੇ ਦਹਾਕੇ ਵਿਚ, ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਮਿੱਥ ਨਾਲ ‘ਆਟੋਕ੍ਰੇਸੀ ਇੰਕ.‘ ਨਾਂ ਦੀ ਇੱਕ ਨਵੀਂ ਮਿੱਥ ਜੁੜ ਗਈ ਹੈ, ਜਿਸ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੀ ਹੋਂਦ ਨੂੰ ਅਜਿਹੇ ਵਿਦੇਸ਼ੀ ਨਿਰੰਕੁਸ਼ ਸ਼ਾਸਕਾਂ (ਆਟੋਕਰੈਟਸ) ਤੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪੱਛਮੀ ਲੋਕਤੰਤਰਾਂ ਨੂੰ ਪਲਟਾ ਕੇ ਉੱਥੇ ਆਪਣੀ ਹਕੂਮਤ ਸਥਾਪਿਤ ਕਰਨਾ ਚਾਹੁੰਦੇ ਹਨ। ਆਟੋਕ੍ਰੇਸੀ ਇੰਕ. ਵਾਲੀ ਮਿੱਥ ਅਮਰੀਕਾ ਦੀ ਦਖਲਅੰਦਾਜ਼ੀ, ਫੌਜੀਵਾਦ (ਮਿਲਟ੍ਰੀਜ਼ਮ) ਅਤੇ ਫੌਜੀ ਖਰਚਿਆਂ ਦੇ ਪੱਖ ਵਿਚ ਇਕ ਮਜ਼ਬੂਤ ਦਲੀਲ ਪੇਸ਼ ਕਰਦੀ ਹੈ। ਹੁਣ, ਅਮਰੀਕਾ ਲੋਕਤੰਤਰ ਨੂੰ ਸਿਰਫ ਸੁਰੱਖਿਅਤ ਅਤੇ ਉਤਸ਼ਾਹਿਤ ਹੀ ਨਹੀਂ ਕਰ ਰਿਹਾ ਹੈ (‘ਅਮਰੀਕਾ ਵਲੋਂ ਵਿਲੱਖਣ ਦੇਸ਼’ ਹੋਣ ਵਾਲਾ ਪੁਰਾਣਾ ਵਿਚਾਰ), ਸਗੋਂ ਇਸ ਦੀ ਹੋਂਦ ਨੂੰ ਵਿਦੇਸ਼ੀ ਨਿਰੰਕੁਸ਼ ਸ਼ਾਸਕਾਂ (ਆਟੋਕਰੈਟਸ) ਤੋਂ ਖਤਰਾ ਵੀ ਹੈ। ਇਹ ਨਵੀਂ ਕਹਾਣੀ ਇਕ ਸਥਾਈ ਲੜਾਈ ਦਾ ਦ੍ਰਿਸ਼ ਪੇਸ਼ ਕਰਦੀ ਹੈ, ਜੋ ਸਮੇਂ ਦੀ ਕੋਈ ਹੱਦ ਮਿੱਥੇ ਬਿਨਾਂ ਹੋਰ ਵਧੇਰੇ ਫੌਜੀ ਖਰਚਿਆਂ ਨੂੰ ਜਾਇਜ਼ ਠਹਿਰਾਉਂਦੀ ਹੈ। ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਦੇ ਨਜ਼ਰੀਏ ਵਿਚ, ਇਹ ਠੰਢੀ ਜੰਗ ਤੋਂ ਵੀ ਬਿਹਤਰ ਹੈ, ਜਿਸ ਦੇ ਅੰਤ ਤੇ ਗੱਲਬਾਤ ਨਾਲ ਸਮਝੌਤਾ ਕੀਤਾ ਜਾ ਸਕਦਾ ਸੀ। ਆਟੋਕ੍ਰੇਸੀ ਇੰਕ. ਵਾਲੀ ਕਹਾਣੀ ਅਨੁਸਾਰ, ਅਜਿਹੀ ਕੋਈ ਗੱਲਬਾਤ ਸੰਭਵ ਨਹੀਂ ਹੈ।
ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵਾਲੀ ਕਹਾਣੀ ਅਤੇ ‘ਆਟੋਕ੍ਰੇਸੀ ਇੰਕ.‘ ਵਾਲੀ ਇਸ ਦੀ ਨਵੀਂ ਭੈਣ ਬਹੁਤ ਖ਼ਤਰਨਾਕ ਹਨ। ਪਹਿਲੀ ਆਪਣੇ ਆਪ ਨੂੰ ਸਹੀ ਸਮਝ ਕੇ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਨੂੰ ਉਤਸ਼ਾਹਿਤ ਕਰਦੀ ਹੈ, ਜਦੋਂ ਕਿ ਦੂਜੀ ਸੰਦੇਹੀ ਮਾਨਸਿਕਤਾ (ਪੈਰਾਨੋਇਆ) ਨੂੰ ਵਧਾਉਂਦੀ ਹੈ। ਇਹ ਇਕੱਲੀਆਂ-ਇਕੱਲੀਆਂ ਆਪਣੇ ਆਪ ਵਿਚ ਖ਼ਤਰਨਾਕ ਹਨ ਅਤੇ ਇਕੱਠੀਆਂ ਹੋ ਕੇ ਤਾਂ ਇਹ ਵਿਨਾਸ਼ਕਾਰੀ ਹੋ ਸਕਦੀਆਂ ਹਨ। ਦੋਵੇਂ ਵਿਦੇਸ਼ ਨੀਤੀ ਵਿਚ ਆਕਰਮਣਸ਼ੀਲਤਾ ਅਤੇ ਫੌਜੀ ਦਖਲਅੰਦਾਜ਼ੀ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਅਜਿਹੇ ਵਿਵਹਾਰਾਂ ਨੂੰ ‘ਨੇਕ ਸੁਆਰਥਹੀਣਤਾ (ਬਿਨੈਵਲੈਂਟ ਸੈਲਫਲੈੱਸਨੈੱਸ)’ ਅਤੇ ‘ਆਪਣੀ ਰੱਖਿਆ’ ਵਜੋਂ ਲੁਕਾਉਂਦੀਆਂ ਹਨ। ਹੁਣ ਦੋਹਾਂ ਨੂੰ ਯੂਕਰੇਨ ਦੀ ਲੜਾਈ ਨੂੰ ਜਾਰੀ ਰੱਖਣ ਦੇ ਹੱਕ ਵਿਚ ਜਨਤਕ ਸਮਰਥਨ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ।
ਇਨ੍ਹਾਂ ਮਿੱਥਾਂ ਦਾ ਜ਼ਹਿਰੀਲਾ ਪ੍ਰਭਾਵ ਪੱਛਮੀ ਜਨਤਕ ਰਾਏ ਨੂੰ ਕਾਬੂ ਕਰਕੇ ਕੰਮ ਕਰਦਾ ਹੈ। ਜਨਤਕ ਰਾਏ ਨੂੰ ਜੰਗ ਦੇ ਸਮਰਥਨ ਤੋਂ ਦੂਰ ਕਰਨਾ ਯੂਕਰੇਨ ਦੀ ਲੜਾਈ ਅਤੇ ਭਵਿੱਖ ਦੀਆਂ ਲੜਾਈਆਂ ਨੂੰ ਰੋਕਣ ਲਈ ਜ਼ਰੂਰੀ ਹੈ। ਜਨਤਕ ਰਾਏ ਵਿਚ ਤਬਦੀਲੀ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਅਤੇ ਅਮਰੀਕਾ ਦੀ ਸਿਆਸੀ ਸਥਾਪਤੀ (ਪੁਲੀਟੀਕਲ ਇਸਟੈਬਲਿਸ਼ਮੈਂਟ) ਉੱਪਰ ਨਿਊਕਨਜ਼ਰਵੇਟਿਵਾਂ ਦੇ ਗਲਬੇ ਨੂੰ ਰੋਕਣ ਲਈ ਵੀ ਲੋੜੀਂਦੀ ਹੈ। ਬਦਕਿਸਮਤੀ ਨਾਲ, ਜਨਤਕ ਰਾਏ ਨੂੰ ਆਪਣੇ ਆਪ ਨੂੰ ਸਹੀ ਸਮਝਦਿਆਂ ਲੋਕ ਤੰਤਰ ਨੂੰ ਉਤਸ਼ਾਹਿਤ ਕਰਨ ਲਈ ਧਰਮ ਯੁੱਧ ਵਾਂਗ ਲੜਨ ਦੀ ਕਹਾਣੀ ਅਤੇ ਆਟੋਕ੍ਰੇਸੀ ਇੰਕ ਦੀ ‘ਚੰਗੇ ਬਨਾਮ ਬੁਰੇ’ ਵਾਲੀ ਸੰਦੇਹੀ ਮਾਨਸਿਕਤਾ ਦੀ ਮੈਨੀਕੀਅਨ ਕਹਾਣੀ ਨੇ ਕਾਬੂ ਵਿਚ ਕਰ ਲਿਆ ਹੈ, ਜੋ ਨੀਤੀ ਨੂੰ ਉਲਟ ਦਿਸ਼ਾ ਵੱਲ ਧੱਕਦੀ ਹੈ। ਇਹ ਜੌੜੀਆਂ ਕਹਾਣੀਆਂ ਸਮਝੌਤੇ ਨੂੰ ਲਗਭਗ ਅਸੰਭਵ ਬਣਾਉਂਦੀਆਂ ਹਨ, ਲੜਾਈ ਨੂੰ ਤੇਜ਼ ਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ, ਅਤੇ ਨਿਊਕਨਜ਼ਰਵੇਟਿਵਾਂ ਅਤੇ ਫੌਜੀ-ਉਦਯੋਗਿਕ ਕੰਪਲੈਕਸ (ਮਿਲਟਰੀ ਇੰਡਸਟ੍ਰੀਅਲ ਕੰਪਲੈਕਸ) ਦੀ ਰਾਜਨੀਤਕ ਪਕੜ ਨੂੰ ਮਜ਼ਬੂਤ ਕਰਦੀਆਂ ਹਨ।
ਕੋਈ ਵੀ ਅਲਜਬਰਾ ਅਜਿਹੀ ਸੋਚ ਨੂੰ ਗ਼ਲਤ ਸਾਬਤ ਨਹੀਂ ਕਰ ਸਕਦਾ। ਸਿਰਫ਼ ਤਰਕਪੂਰਨ ਦਲੀਲ, ਸਬੂਤਾਂ ਅਤੇ ਇਤਿਹਾਸ ਨੂੰ ਦੇਖਣ ਲਈ ਅਪੀਲ ਕਰਨਾ ਹੀ ਸੰਭਵ ਹੈ। ਇੱਥੇ ਇਤਿਹਾਸ ਪ੍ਰਤੀ ਨਫ਼ਰਤ ਫਿਰ ਸਾਹਮਣੇ ਆ ਜਾਂਦੀ ਹੈ। ਇਤਿਹਾਸ ਵਿਚ ਦਿਲਚਸਪੀ ਦੀ ਘਾਟ ਕਾਰਨ ਜਨਤਕ ਸਮਝ ਨੂੰ ਬਦਲਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਤੋਂ ਇਲਾਵਾ, ਅਮਰੀਕਾ ਦੀ ਸਥਾਪਤੀ ਨੂੰ ਅਜਿਹਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਸਗੋਂ ਇਸ ਤੋਂ ਉਲਟਾ ਸੱਚ ਹੈ। ਸਥਾਪਤੀ ਮੌਜੂਦਾ ਗ਼ਲਤਫਹਿਮੀਆਂ ਨੂੰ ਜਾਰੀ ਰੱਖਣਾ ਅਤੇ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਇਸ ਤੋਂ ਵੀ ਬਦਤਰ ਗੱਲ ਇਹ ਹੈ ਕਿ ਅਮਰੀਕਾ (ਨੇਟੋ ਦੀ ਮਦਦ ਨਾਲ) ਜਿੰਨਾ ਵੱਧ ਵਿਸ਼ਵ ਵਿਆਪੀ ਸਰਦਾਰੀ ਨੂੰ ਠੋਸਣ ਦੀ ਕੋਸ਼ਿਸ਼ ਕਰਦਾ ਹੈ, ਉਨਾ ਹੀ ਵੱਧ ਉਹ ਹੋਰ ਦੇਸ਼ਾਂ ਨੂੰ ਇਸ ਵਿਰੁੱਧ ਕਦਮ ਚੁੱਕਣ ਅਤੇ ਆਪਣੀਆਂ ਫੌਜਾਂ ਨੂੰ ਵਧਾਉਣ ਲਈ ਉਕਸਾਉਂਦਾ ਹੈ। ਇਸ ਤੋਂ ਇਲਾਵਾ, ਪੱਛਮ ਵੱਲੋਂ ਲਾਈਆਂ ਆਰਥਿਕ ਪਾਬੰਦੀਆਂ ਦੇਸ਼ਾਂ ਨੂੰ ਹੋਰ ਆਰਥਿਕ ਭਾਈਵਾਲ ਲੱਭਣ ਲਈ ਮਜਬੂਰ ਕਰਦੀਆਂ ਹਨ। ਨਤੀਜੇ ਵਜੋਂ, ਅਮਰੀਕਾ ਇੱਕ ਆਪਣੇ ਆਪ ਪੂਰੀ ਹੋਣ ਵਾਲੀ ਭਵਿੱਖਬਾਣੀ ਨੂੰ ਜਨਮ ਦਿੰਦਾ ਹੈ ਕਿਉਂਕਿ ਅਮਰੀਕਾ ਤੋਂ ਖ਼ਤਰਾ ਮਹਿਸੂਸ ਕਰਨ ਵਾਲੇ ਦੇਸ਼ ਆਰਥਿਕ, ਕੂਟਨੀਤਿਕ ਅਤੇ ਫੌਜੀ ਤੌਰ ਤੇ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਤਰ੍ਹਾਂ ਇਕੱਠੇ ਹੋਣਾ ਰੱਖਿਆਤਮਕ ਹੈ, ਹਮਲਾਵਰੀ ਨਹੀਂ, ਜਿਵੇਂ ਕਿ ਆਟੋਕ੍ਰੇਸੀ ਇੰਕ. ਵਾਲੀ ਮਿਥ ਵਿਚ ਦਾਅਵਾ ਕੀਤਾ ਜਾਂਦਾ ਹੈ।
ਲੜਾਈ ਸ਼ੁਰੂ ਹੋਣਾ: ਰੂਸ ਦੀ ਫੌਜੀ ਦਖਲਅੰਦਾਜ਼ੀ ਦੀ ਵਿਆਖਿਆ
ਮੈਂ ਲੜਾਈ ਬਾਰੇ ਸਮਝਾਉਣ ਲਈ ਕੈਂਚੀ ਦੇ ਰੂਪਕ ਦੀ ਵਰਤੋਂ ਕੀਤੀ ਹੈ। ਉੱਤਰ-ਸੋਵੀਅਤ ਵਿਵਸਥਾ ਵਿਚ ਅੰਦਰੂਨੀ ਦਰਾੜਾਂ (ਫਰੈਕਚਰਜ਼) ਇੱਕ ਫਲ਼ (ਬਲੇਡ) ਬਣਦੀਆਂ ਹਨ। ਅਮਰੀਕਾ ਦੀ ਦਖਲਅੰਦਾਜ਼ੀ ਨਾਲ ਜੁੜੇ ਬਾਹਰੀ ਕਾਰਨ ਦੂਜਾ ਫਲ਼ (ਬਲੇਡ) ਬਣਦੇ ਹਨ। ਕੌਮੀ ਦੁਸ਼ਮਣੀਆਂ ਫਲਕ੍ਰਮ (ਪਿਵਟ ਪੁਆਇੰਟ) ਹਨ ਜੋ ਫਲ਼ਾਂ (ਬਲੇਡਾਂ) ਨੂੰ ਇਕ ਦੂਜੇ ਨਾਲ ਜੋੜਦਾ ਹੈ। ਉਨ੍ਹਾਂ ਦੁਸ਼ਮਣੀਆਂ ਨੇ ਸਾਬਕਾ ਗਣਰਾਜਾਂ ਵਿਚ ਅੰਦਰੂਨੀ ਵੰਡਾਂ ਪੈਦਾ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਲਈ ਨੇਟੋ ਨੂੰ ਬਾਲਟਿਕ ਗਣਰਾਜਾਂ ਵਿਚ ਘੁਸਾਉਣ ਦੇ ਨਾਲ ਨਾਲ ਦੂਸਰੇ ਸਾਬਕਾ ਸੋਵੀਅਤ ਗਣਰਾਜਾਂ ਵਿਚ ਅੰਦਰੂਨੀ ਦਖਲਅੰਦਾਜ਼ੀਆਂ ਲਈ ਰਸਤਾ ਵੀ ਪ੍ਰਦਾਨ ਕੀਤਾ। ਇਸ ਤਰ੍ਹਾਂ, ਇਹ ਦੁਸ਼ਮਣੀਆਂ ਦੋਵੇਂ ਫਲ਼ਾਂ (ਬਲੇਡਾਂ) ਲਈ ਕੰਮ ਕਰਦੀਆਂ ਹਨ।
ਰੂਸ ਦੀ 2022 ਦੀ ਦਖਲਅੰਦਾਜ਼ੀ ਨੂੰ ਉਸ ਲੜਾਈ ਦੇ ਵਾਧੇ ਵਜੋਂ ਸਮਝਣਾ ਚਾਹੀਦਾ ਹੈ ਜੋ 2014 ਦੇ ਮੇਡਨ ਰਾਜਪਲਟੇ ਨਾਲ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਸੰਨ 2014 ਤੋਂ ਪਹਿਲਾਂ, ਰੂਸ ਨੇ ਨੇਟੋ ਦੇ ਪਸਾਰ ਦਾ ਲਗਾਤਾਰ ਵਿਰੋਧ ਕੀਤਾ ਪਰ ਨਾ-ਚਾਹੁੰਦਿਆਂ ਹੋਇਆਂ ਵੀ ਇਸ ਨੂੰ ਸਵੀਕਾਰ ਕਰ ਲਿਆ। ਸੰਨ 2014 ਦਾ ਰਾਜਪਲਟਾ ਉਹ ਆਖਰੀ ਤਿਣਕਾ ਸੀ ਜਿਸ ਨੇ ਊਠ ਦੀ ਪਿੱਠ ਤੋੜ ਦਿੱਤੀ, ਅਤੇ ਡੌਨਬਾਸ ਦੇ ਸੂਬਿਆਂ ਵਲੋਂ ਵੱਖ ਹੋਣ ਅਤੇ ਰੂਸ ਵੱਲੋਂ ਕ੍ਰੀਮੀਆ ਉੱਤੇ ਕਬਜ਼ਾ ਕਰਨ ਦੇ ਅਮਲ ਨੂੰ ਅੰਜ਼ਾਮ ਦਿੱਤਾ।
ਇਸ ਤੋਂ ਬਾਅਦ, ਮਿੰਸਕ ਸ਼ਾਂਤੀ ਪ੍ਰਕਿਰਿਆ (2014–2021) ਨੇ ਪੂਰੇ ਯੁੱਧ ਨੂੰ ਟਾਲਦੇ ਹੋਏ ਇੱਕ ‘ਝੂਠੀ ਜੰਗ (ਫ਼ੋਨੀ ਵਾਰ)’ ਦੇ ਦੌਰ ਨੂੰ ਜਨਮ ਦਿੱਤਾ। ਲੱਗਦਾ ਹੈ ਕਿ ਰੂਸ ਇਸ ਪ੍ਰਕਿਰਿਆ ਵਿਚ ਚੰਗੀ ਨੀਅਤ ਨਾਲ ਸ਼ਾਮਲ ਹੋਇਆ ਸੀ, ਭਾਵੇਂ ਕਿ ਉਸ ਦੇ ਆਲੋਚਕ ਕਹਿੰਦੇ ਹਨ ਕਿ ਉਸ ਦੀਆਂ ਮੰਗਾਂ ਮੰਨਣਯੋਗ ਨਹੀਂ ਸਨ। ਪਰ ਲਗਦਾ ਹੈ ਕਿ ਅਮਰੀਕਾ/ਨੇਟੋ ਬਲਾਕ ਦੀ ਨੁਮਾਇੰਦਗੀ ਕਰ ਰਹੇ ਫਰਾਂਸ ਅਤੇ ਜਰਮਨੀ (ਨੌਰਮੰਡੀ ਗਰੁੱਪ) ਨੇ ਬੁਰੀ ਨੀਅਤ ਨਾਲ ਕੰਮ ਕੀਤਾ। 7 ਦਸੰਬਰ 2022 ਨੂੰ ਡਾਈ ਜ਼ੀਟ ਨੂੰ ਦਿੱਤੀ ਇਕ ਇੰਟਰਵਿਊ ਵਿਚ, ਸਾਬਕਾ ਜਰਮਨ ਚਾਂਸਲਰ ਆਂਗੇਲਾ ਮਰਕਲ ਨੇ ਮੰਨਿਆ ਸੀ ਕਿ ਮਿੰਸਕ ਸਮਝੌਤਾ ‘ਯੂਕਰੇਨ ਨੂੰ ਸਮਾਂ ਦੇਣ ਦੀ ਕੋਸ਼ਿਸ਼ ਸੀ’ ਤਾਂ ਕਿ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕੇ, ਜਦੋਂ ਕਿ ਅਮਰੀਕਾ ਨੇ ਵੱਡੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਸੀ।
ਲੱਗਦਾ ਹੈ ਕਿ ਰੂਸ ਦੀ ਯੂਕਰੇਨ ਵਿਚ ਫੌਜੀ ਦਖਲਅੰਦਾਜ਼ੀ ਕੂਟਨੀਤਕ ਅਤੇ ਫੌਜੀ ਸਥਿਤੀਆਂ ਦੇ ਦੋਹਰੇ ਘੋੜੇ (ਟਰਿੱਗਰ) ਨਾਲ ਪ੍ਰੇਰਿਤ ਹੋਈ ਸੀ। ਕੂਟਨੀਤਕ ਪੱਖੋਂ, 14 ਜੂਨ 2021 ਨੂੰ ਨੇਟੋ ਦੇ ਬ੍ਰਸੈਲਜ਼ ਸਿਖਰ ਸੰਮੇਲਨ ਦੀ ਘੋਸ਼ਣਾ ਵਿਚ ਕਲਾਜ਼ 69 ਨੂੰ ਲਿਆ ਜਾ ਸਕਦਾ ਹੈ, ਜਿਸ ਵਿਚ ਅਮਰੀਕਾ ਦੀ ਸਖਤ ਪੁਜੀਸ਼ਨ ਸ਼ਾਮਲ ਸੀ ਕਿ ਰੂਸ ਦੇ ਵਿਰੋਧ ਦੇ ਬਾਵਜੂਦ ਯੂਕਰੇਨ ਲਈ ਨੇਟੋ ਦੀ ਮੈਂਬਰਸ਼ਿਪ ਦਾ ਰਾਹ ਖੁੱਲ੍ਹਾ ਹੈ। ਇਹ ਪੁਜੀਸ਼ਨ ਨਵੰਬਰ 2021 ਵਿਚ ਅਮਰੀਕਾ ਅਤੇ ਯੂਕਰੇਨ ਵੱਲੋਂ ਦੁਵੱਲੀ ਰਣਨੀਤਕ ਭਾਈਵਾਲੀ ਲਈ ਕੀਤੇ ਸਮਝੌਤੇ ਵਿਚ ਹੋਰ ਵੀ ਜ਼ੋਰਦਾਰ ਭਾਸ਼ਾ ਵਿਚ ਦੁਹਰਾਈ ਗਈ ਸੀ।
ਫੌਜੀ ਪੱਖੋਂ, ਫਰਵਰੀ 2022 ਵਿਚ ਯੂਕਰੇਨ ਵਲੋਂ ਡੌਨਬਾਸ ਦੇ ਵੱਖਵਾਦੀਆਂ ਖ਼ਿਲਾਫ ਛੇਤੀ ਹੀ ਹਮਲਾ ਕੀਤੇ ਜਾਣ ਦੇ ਸਬੂਤ ਸਨ ਜਦੋਂ ਕਿ ਯੂਕਰੇਨੀ ਫੌਜਾਂ ਇਸ ਸਮੇਂ ਇੱਕ ਦਹਾਕੇ ਦੀ ਅਮਰੀਕੀ ਫੌਜੀ ਸਹਾਇਤਾ ਨਾਲ ਲੈਸ ਸਨ। ਅਜਿਹਾ ਹਮਲਾ ਵੱਖਵਾਦੀਆਂ ਨੂੰ ਹਰਾ ਸਕਦਾ ਸੀ, ਜਿਸ ਨਾਲ ਰੂਸ ਦੇ ਕ੍ਰੀਮੀਆ ਉੱਤੇ ਕਬਜ਼ੇ ਲਈ ਖ਼ਤਰਾ ਪੈਦਾ ਹੋ ਸਕਦਾ ਸੀ। ਰੂਸ ਦੀ ਫੌਜੀ ਦਖਲਅੰਦਾਜ਼ੀ ਨੇ ਉਸ ਹੋਣੀ ਨੂੰ ਵਾਪਰਨ ਤੋਂ ਪਹਿਲਾਂ ਰੋਕ ਦਿੱਤਾ।
ਜੰਗ ਦੇ ਲੇਖੇ ਜੋਖੇ ਅਨੁਸਾਰ ਯੂਕਰੇਨ ਅਤੇ ਯੂਰਪ ਸਪੱਸ਼ਟ ਤੌਰ `ਤੇ ਹਾਰੇ ਨਜ਼ਰ ਆਉਂਦੇ ਹਨ। ਰੂਸ ਦੀ ਸਥਿਤੀ ਗੁੰਝਲਦਾਰ ਹੈ ਪਰ ਨਿਰੋਲ ਤੌਰ `ਤੇ ਹਾਂ-ਮੁਖੀ (ਨੈੱਟ ਪੌਜ਼ੇਟਿਵ) ਹੈ। ਅਮਰੀਕਾ ਸਪੱਸ਼ਟ ਰੂਪ ਵਿਚ ਜੇਤੂ ਹੈ, ਘੱਟੋ-ਘੱਟ ਸ਼ੌਰਟ ਟਰਮ (ਅਲਪਕਾਲ) ਵਿਚ। ਯੂਕਰੇਨ ਸਭ ਤੋਂ ਵੱਡਾ ਹਾਰਨ ਵਾਲਾ ਹੈ। ਇਸ ਦੀ ਆਰਥਿਕਤਾ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ, ਜ਼ਮੀਨ ਦੇ ਵੱਡੇ ਹਿੱਸੇ ਵਿਚ ਮਾਈਨਾਂ (ਸੁਰੰਗਾਂ) ਵਿਛਾਈਆਂ ਗਈਆਂ ਹਨ ਜਾਂ ਜ਼ਮੀਨ ਦੇ ਵੱਡੇ ਹਿੱਸੇ `ਤੇ ਰੂਸ ਨੇ ਕਬਜ਼ਾ ਕਰ ਲਿਆ ਹੈ, ਲੱਖਾਂ ਲੋਕ ਸ਼ਰਨਾਰਥੀ ਬਣ ਕੇ ਦੇਸ਼ ਛੱਡ ਗਏ ਹਨ, ਹਜ਼ਾਰਾਂ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ, ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪ੍ਰੋਟੋ-ਫਾਸ਼ਿਸਟ (ਮੁਢਲੇ ਪੜਾਅ ਦੇ ਫਾਸ਼ੀਵਾਦੀ) ਅੱਤਵਾਦੀ ਰਾਜਨੀਤਿਕ ਤੌਰ ਉੱਤੇ ਸੱਤਾ ਵਿਚ ਹਨ, ਅਤੇ ਦੇਸ਼ ਵਿਚ ਇਕ ਅਸਫਲ ਰਾਜ (ਫੇਲਡ ਸਟੇਟ) ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਿਖਾਈ ਦਿੰਦੀਆਂ ਹਨ।
ਯੂਰਪ ਵੀ ਇੱਕ ਵੱਡਾ ਹਾਰਨ ਵਾਲਾ ਹੈ। ਇਸ ਨੂੰ ਵੱਡੀ ਗਿਣਤੀ ਵਿਚ ਆ ਰਹੇ ਯੂਕਰੇਨੀ ਸ਼ਰਨਾਰਥੀਆਂ ਦਾ ਭਾਰ ਝੱਲਣਾ ਪੈ ਰਿਹਾ ਹੈ ਅਤੇ ਉਨ੍ਹਾਂ ਨਾਲ ਪੈਦਾ ਹੋਣ ਵਾਲੇ ਸਮਾਜਿਕ-ਆਰਥਿਕ ਖਰਚੇ ਅਤੇ ਉਨ੍ਹਾਂ ਕਾਰਨ ਪੈਦਾ ਹੋਣ ਵਾਲੇ ਨੁਕਸਾਨਦੇਹ ਰਾਜਨੀਤਿਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰਥਿਕ ਖਰਚੇ ਖਾਸ ਤੌਰ ਉੱਤੇ ਬਹੁਤ ਵੱਡੇ ਹਨ। ਰੂਸ ਤੋਂ ਸਸਤੀ ਊਰਜਾ ਸਪਲਾਈ ਦੇ ਬੰਦ ਹੋਣ ਕਾਰਨ ਯੂਰਪੀ ਊਰਜਾ ਕੀਮਤਾਂ ਪੱਕੇ ਤੌਰ ਉੱਤੇ ਵਧੀਆਂ ਰਹਿਣਗੀਆਂ। ਊਰਜਾ ਕੀਮਤਾਂ ਵਿਚ ਵਾਧੇ ਨੇ ਅਸਥਾਈ ਮਹਿੰਗਾਈ ਪੈਦਾ ਕੀਤੀ ਹੈ ਜੋ ਅਸਲ ਆਮਦਨਾਂ ਨੂੰ ਪੱਕੇ ਤੌਰ ਉੱਤੇ ਘਟਾਏਗੀ ਅਤੇ ਅੰਤਰਰਾਸ਼ਟਰੀ ਉਦਯੋਗਿਕ ਖੇਤਰ ਵਿਚ ਮੁਕਾਬਲਾ ਕਰ ਸਕਣ ਦੀ ਸਮਰੱਥਾ ਨੂੰ ਨੁਕਸਾਨ ਕਰੇਗੀ, ਜਿਸ ਦਾ ਇਸ ਦੇ ਉਤਪਾਦਨ ਦੇ ਖੇਤਰ (ਮੈਨੂਫੈਕਚਰਿੰਗ ਸੈਕਟਰ) ਉੱਤੇ ਮਾੜਾ ਅਸਰ ਪਵੇਗਾ। ਪਾਬੰਦੀਆਂ ਕਾਰਨ ਯੂਰਪ ਨੇ ਰੂਸ ਨੂੰ ਕੈਪੀਟਲ ਗੁੱਡਜ਼ (ਮਸ਼ੀਨਰੀ, ਸੰਦ, ਸੌਫਟਵੇਅਰ ਅਤੇ ਹੋਰ ਉਤਪਾਦਤ ਵਸਤਾਂ) ਦਾ ਨਿਰਯਾਤ ਕਰਨ ਦੇ ਆਰਥਿਕ ਮੌਕੇ ਵੀ ਗੁਆ ਲਏੇ ਹਨ। ਚੀਨ ਨਾਲ ਇਸ ਦਾ ਲਾਭਦਾਇਕ ਵਪਾਰ ਅਤੇ ਨਿਵੇਸ਼ ਸੰਬੰਧ ਵੀ ਖਤਰੇ ਵਿਚ ਹਨ, ਕਿਉਂਕਿ ਅਮਰੀਕਾ ਨੇਟੋ ਦੇ ਸਾਥੀਆਂ ਉੱਤੇ ਜ਼ੋਰ ਪਾ ਰਿਹਾ ਹੈ ਕਿ ਉਹ ਰੂਸ ਦਾ ਸਮਰਥਨ ਕਰਨ ਵਾਲੇ ਅਤੇ ਅਮਰੀਕਾ ਦੀ ਵਿਸ਼ਵ ਸਰਦਾਰੀ ਨੂੰ ਰੱਦ ਕਰਨ ਵਾਲੇ ਚੀਨ ਦੇ ਮੁਕਾਬਲੇ ਯੁੱਧ ਦੀ ਤਿਆਰੀ ਕਰਨ।
ਰੂਸ ਦੀ ਸਥਿਤੀ ਰਲਵੀਂ ਮਿਲਵੀਂ ਹੈ ਪਰ ਨਿਰੋਲ ਤੌਰ `ਤੇ ਹਾਂ-ਪੱਖੀ (ਨੈੱਟ ਪੌਜ਼ੇਟਿਵ) ਹੈ। ਇੱਕ ਪਾਸੇ, ਇਸ ਦੇ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਬਹੁਤ ਸਾਰੇ ਫੌਜੀ ਸਾਜ਼ੋ-ਸਮਾਨ (ਹਾਰਡਵੇਅਰ) ਦੀ ਤਬਾਹੀ ਹੋਈ ਹੈ। ਪਾਬੰਦੀਆਂ ਕਾਰਨ ਅਤੇ ਯੂਰੋਪ ਨਾਲ ਵਪਾਰਕ ਮੌਕਿਆਂ ਦੇ ਕੱਟੇ ਜਾਣ ਕਾਰਨ ਇਸ ਨੂੰ ਆਰਥਿਕ ਮੌਕਿਆਂ ਦਾ ਨੁਕਸਾਨ ਵੀ ਝੱਲਣਾ ਪਿਆ ਹੈ, ਅਤੇ ਪੱਛਮ ਵੱਲੋਂ ਇਸ ਦੇ ਵਿਦੇਸ਼ੀ ਮੁਦਰਾ ਰਿਜ਼ਰਵਾਂ ਨੂੰ ਜ਼ਬਤ ਕਰਨ ਦਾ ਅਨਸੁਲਝਿਆ ਮੁੱਦਾ ਵੀ ਹੈ। ਦੂਜੇ ਪਾਸੇ, ਇਸ ਨੇ ਰੂਸ ਦੀ ਸੁਰੱਖਿਆ ਨੂੰ ਹੌਲੀ ਹੌਲੀ ਖਤਮ ਕਰਨ ਵਾਲੇ ਵੱਧ ਰਹੇ ਰਣਨੀਤਕ ਖਤਰੇ ਦੇ ਅਮਰੀਕਾ ਦੇ ਪ੍ਰੋਜੈਕਟ ਨੂੰ ਰੋਕਣ ਦਾ ਟੀਚਾ ਹਾਸਲ ਕੀਤਾ ਹੈ, ਅਤੇ ਇਸ ਨੇ ਯੂਕਰੇਨ ਵਲੋਂ ਨੇਟੋ ਵਿਚ ਸ਼ਾਮਲ ਹੋਣ ਨਾਲ ਪੈਦਾ ਹੋਣ ਵਾਲੇ ਸੁਰੱਖਿਆ ਖਤਰੇ ਨੂੰ ਖਤਮ ਕਰਨ ਦਾ ਟੀਚਾ ਵੀ ਕਾਫ਼ੀ ਹੱਦ ਤੱਕ ਹਾਸਲ ਕਰ ਲਿਆ ਹੈ। ਯੁੱਧ ਨੇ ਰੂਸੀ ਫੌਜ ਨੂੰ ਆਪਣੀ ਸਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੌਕਾ ਵੀ ਪ੍ਰਦਾਨ ਕੀਤਾ ਹੈ ਜੋ ਭਵਿੱਖ ਵਿਚ ਫੌਜੀ ਸੁਧਾਰਾਂ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ ।
ਇਸ ਤੋਂ ਇਲਾਵਾ, ਰੂਸ ਨੂੰ ਮਹੱਤਵਪੂਰਨ ਆਰਥਿਕ ਲਾਭ ਹੋ ਸਕਦੇ ਹਨ, ਕਿਉਂਕਿ ਯੁੱਧ ਨੇ ਪੁਤਿਨ ਨੂੰ ਭ੍ਰਿਸ਼ਟਾਚਾਰ ਉੱਤੇ ਸਖ਼ਤੀ ਕਰਨ ਅਤੇ ਓਲੀਗਾਰਕਾਂ (ਅਲਪਤੰਤਰ ਦਾ ਹਿੱਸਾ ਬਹੁਤ ਹੀ ਅਮੀਰ ਵਿਅਕਤੀਆਂ) ਦੀ ਤਾਕਤ ਘਟਾਉਣ ਲਈ ਸਿਆਸੀ ਸੱਤਾ ਦਿੱਤੀ ਹੈ। ਇਸ ਨੂੰ ਫੌਜੀ ਕੇਨਜ਼ੀਅਨਿਜ਼ਮ ਅਤੇ ਸਮਾਜਿਕ ਲੋਕਤੰਤਰੀ ਕੇਨਜ਼ੀਅਨਿਜ਼ਮ ਵਿਚਕਾਰ ਆਰਥਿਕ ਫਲਕ੍ਰਮ ਤੋਂ ਵੀ ਫਾਇਦਾ ਹੋ ਰਿਹਾ ਹੈ। ਜਿਵੇਂ ਕਿ ਜੇਮਜ਼ ਕੇ. ਗੈਲਬ੍ਰੈਥ ਨੇ ਦਲੀਲ ਦਿੱਤੀ ਹੈ, ਪਾਬੰਦੀਆਂ ਦਾ ਨਿਜ਼ਾਮ ਨੀਤੀ ਦੇ ਖੇਤਰ ਵਿਚ ਇੱਕ ਤਰ੍ਹਾਂ ਦਾ ਤੋਹਫ਼ਾ ਰਿਹਾ ਹੈ, ਜਿਸ ਨੇ ਰੂਸ ਨੂੰ ਵਿਕਾਸ-ਪੱਖੀ ਨੀਤੀ ਲਾਗੂ ਕਰਨ ਦੇ ਸਮਰੱਥ ਬਣਾਇਆ ਅਤੇ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਿਸ ਨੂੰ ਉਹ ਸ਼ਾਇਦ ਇਸ ਦੇ ਬਿਨਾਂ ਰਾਜਨੀਤਿਕ ਤੌਰ ਉੱਤੇ ਲਾਗੂ ਨਾ ਕਰ ਸਕਦਾ। ਇੱਕ ਖੁੱਲ੍ਹਾ ਮੁੱਦਾ ਇਹ ਹੈ ਕਿ ਕੀ ਚੀਨ ਅਤੇ ਹੋਰ ਦੇਸ਼ ਉੱਤਮ ਤਕਨਾਲੋਜੀ (ਐਡਵਾਂਸਡ ਟੈਕਨੌਲੌਜੀ) ਦੀਆਂ ਉਹ ਵਸਤਾਂ ਸਪਲਾਈ ਕਰ ਸਕਦੇ ਹਨ ਜਿਹਨਾਂ ਨੂੰ ਸਪਲਾਈ ਕਰਨ ਤੋਂ ਅਮਰੀਕਾ/ਨੇਟੋ ਬਲਾਕ ਨੇ ਇਨਕਾਰ ਕੀਤਾ ਹੈ।
ਸ਼ੌਰਟ ਟਰਮ (ਅਲਪਕਾਲ) ਵਿਚ ਅਮਰੀਕਾ ਲੜਾਈ ਦਾ ਮੁੱਖ ਜੇਤੂ ਹੈ, ਜਿਸ ਤੋਂ ਬਾਈਡਨ ਪ੍ਰਸ਼ਾਸਨ ਵਲੋਂ ਲੜਾਈ ਨੂੰ ਲਮਕਾਉਣ ਅਤੇ ਵਧਾਉਣ ਦੇ ਦ੍ਰਿੜ੍ਹ ਇਰਾਦੇ ਦੀ ਸਮਝ ਲਗਦੀ ਹੈ। ਇਸ ਨੂੰ ਲੜਾਈ ਤੋਂ ਯੁੱਧ ਖੇਤਰ ਨਾਲ ਸੰਬੰਧਿਤ ਕੋਈ ਸਿੱਧਾ ਨੁਕਸਾਨ ਨਹੀਂ ਹੋਇਆ, ਜਦੋਂ ਕਿ ਰੂਸ ਨੂੰ ਲਗਾਤਾਰ ਫੌਜੀ ਨੁਕਸਾਨ ਝੱਲਣੇ ਪੈ ਰਹੇ ਹਨ। ਅਮਰੀਕਾ ਦਾ ਆਰਥਿਕ ਨੁਕਸਾਨ ਸਿਰਫ਼ 2022 ਵਿਚ ਕੁਝ ਅਸਥਾਈ ਤੌਰ `ਤੇ ਵਧੀ ਮਹਿੰਗਾਈ ਤੱਕ ਸੀਮਤ ਰਿਹਾ ਹੈ, ਅਤੇ ਇਸ ਦਾ ਘਾਟਾ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਨਾਲ ਫੌਜੀ ਕੇਨਜ਼ੀਅਨ ਨੂੰ ਮਿਲੇ ਹੁਲਾਰੇ ਨਾਲ ਹੋਏ ਲਾਭਾਂ ਨਾਲ ਪੂਰਾ ਹੋ ਗਿਆ ਹੈ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਅਮਰੀਕਾ ਨੇ ਯੂਰਪ ਨੂੰ ਊਰਜਾ ਸਪਲਾਈ ਕਰਨ ਲਈ ਰੂਸ ਦੀ ਜਗ੍ਹਾ ਲੈ ਲਈ ਹੈ। ਇਸ ਨਾਲ ਅਮਰੀਕਾ ਦੇ ਊਰਜਾ ਨਿਰਯਾਤ ਵਧੇ ਹਨ ਅਤੇ ਇਸ ਦੇ ਖਾੜੀ ਤੱਟ ਦੇ ਸੂਬਿਆਂ (ਗਲਫ ਕੋਸਟ ਸਟੇਟਸ) ਦੀਆਂ ਆਰਥਿਕਤਾਵਾਂ ਨੂੰ ਲਾਭ ਪਹੁੰਚਿਆ ਹੈ। ਭੂ-ਰਾਜਨੀਤਿਕ (ਜੀਓਪੁਲੀਟੀਕਲ) ਤੌਰ ਉੱਤੇ, ਇਸ ਨੇ ਯੂਰਪ ਨੂੰ ਰੂਸ ਤੋਂ ਵੱਖ ਕਰਕੇ ਅਮਰੀਕੀ ਊਰਜਾ ਉੱਤੇ ਨਿਰਭਰ ਬਣਾ ਦਿੱਤਾ ਹੈ, ਜੋ ਅਮਰੀਕਾ ਦੇ ਵਿਸ਼ਵ ਸਰਦਾਰੀ ਦੇ ਪ੍ਰੋਜੈਕਟ ਦੇ ਫਿੱਟ ਬੈਠਦਾ ਹੈ। ਇਸ ਦੇ ਨਾਲ ਹੀ ਯੂਰਪ ਅਤੇ ਚੀਨ ਵਿਚਕਾਰ ਆਰਥਿਕ ਤਣਾਅ ਵਧਾਉਣਾ ਵੀ ਉਸ ਪ੍ਰੋਜੈਕਟ ਦੀ ਸੇਵਾ ਕਰਦਾ ਹੈ, ਜਿਸ ਕਾਰਨ ਯੂਰਪ ਨੂੰ ਵਪਾਰ ਅਤੇ ਨਿਵੇਸ਼ ਨੁਕਸਾਨਾਂ ਤੋਂ ਵੱਡੇ ਖਰਚੇ ਝੱਲਣੇ ਪੈਂਦੇ ਹਨ।
ਲੰਬੇ ਸਮੇਂ ਵਿਚ, ਭੂ-ਰਣਨੀਤਕ (ਜੀਓਸਟਰੈਟੀਜਕ) ਕਾਰਨਾਂ ਕਰਕੇ ਅਮਰੀਕਾ ਦਾ ਵਹੀ ਖਾਤਾ ਖਰਾਬ ਲੱਗਦਾ ਹੈ। ਪਹਿਲਾ, ਨੇਟੋ ਅਤੇ ਅਮਰੀਕਾ ਨਾਲ ਜੁੜੇ ਸ਼ਾਂਤ ਮਹਾਂਸਾਗਰ ਨਾਲ ਲਗਦੇ ਦੇਸ਼ਾਂ (ਪੈਸਿਫਿਕ ਕੰਟਰੀਜ਼) ਨੂੰ ਛੱਡ ਕੇ, ਦੁਨੀਆ ਦੇ ਜ਼ਿਆਦਾਤਰ ਹਿੱਸੇ ਨੂੰ ਰੂਸ ਦੇ ਸੁਰੱਖਿਆ ਦਾਅਵਿਆਂ ਵਿਚ ਕੁਝ ਦਮ ਲਗਦਾ ਹੈ। ਦੂਜਾ, ਅਤੇ ਸਭ ਤੋਂ ਮਹੱਤਵਪੂਰਨ, ਅਮਰੀਕਾ ਚੀਨ-ਰੂਸ ਵਿਚਕਾਰ ਇੱਕ ਵਿਸ਼ਾਲ ਰਣਨੀਤਕ ਗਠਜੋੜ ਨੂੰ ਮਜ਼ਬੂਤ ਕਰਨ ਵਿਚ ਕਾਮਯਾਬ ਹੋਇਆ ਹੈ ਜੋ ਇਸ ਦੀ ਤਾਕਤ ਨੂੰ ਪੱਕੇ ਤੌਰ ਉੱਤੇ ਘਟਾਉਣ ਅਤੇ ਅਮਰੀਕਾ ਦੀ ਵਿਸ਼ਵ ਸਰਦਾਰੀ ਦੇ ਪ੍ਰੋਜੈਕਟ ਨੂੰ ਕਮਜ਼ੋਰ ਕਰਨ ਵਾਲਾ ਹੈ। ਬਦਕਿਸਮਤੀ ਨਾਲ, ਲੰਬੇ ਸਮੇਂ ਦੇ ਇਨ੍ਹਾਂ ਮਾੜੇ ਪ੍ਰਭਾਵਾਂ ਦਾ ਲੜਾਈ ਉੱਤੇ ਬਹੁਤ ਘੱਟ ਅਸਰ ਹੈ ਕਿਉਂਕਿ ਉਹ ਜ਼ਿਆਦਾਤਰ ਤੌਰ `ਤੇ ਅਟੱਲ ਹਨ, ਜਦੋਂ ਕਿ ਸ਼ੌਰਟ ਟਰਮ (ਅਲਪਕਾਲ) ਦੇ ਲਾਭ ਲਗਾਤਾਰ ਹਾਸਲ ਹੋ ਰਹੇ ਹਨ। ਇਹ ਸਥਿਤੀ ਅਮਰੀਕਾ ਦੀ ਸਥਾਪਤੀ ਨੂੰ ਯੁੱਧ ਜਾਰੀ ਰੱਖਣ ਲਈ ਪ੍ਰੇਰਨਾ ਦਿੰਦੀ ਹੈ।
ਯੂਕਰੇਨ ਵਿਚ, ਲੋਕਤੰਤਰ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਯੁੱਧ ਦੇ ਅੰਦਰੂਨੀ ਵਿਰੋਧ ਨੂੰ ਦਬਾਇਆ ਜਾ ਰਿਹਾ ਹੈ। ਕੌਮਵਾਦੀ ਅੱਤਵਾਦੀ (ਨੈਸ਼ਨਲਿਸਟ ਐਕਸਟਰੀਮਿਸਟ) ਫੌਜ ਨੂੰ ਕੰਟਰੋਲ ਕਰਦੇ ਹਨ ਅਤੇ ਮੁੱਖ ਰਾਜਨੀਤਿਕ ਤਾਕਤ ਹਨ, ਜਦੋਂ ਕਿ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੈਂਸਕੀ ਸਿਰਫ਼ ਨਾਂ ਦਾ ਮੁਖੀ ਹੈ। ਇਸ ਦਾ ਮਤਲਬ ਹੈ ਕਿ ਯੂਕਰੇਨ ਵੀ ਲੜਾਈ ਵਿਚ ਫਸਿਆ ਹੋਇਆ ਹੈ, ਕਿਉਂਕਿ ਕੌਮਵਾਦੀ (ਨੈਸ਼ਨਲਿਸਟ) ਸਮਝੌਤੇ ਲਈ ਤਿਆਰ ਨਹੀਂ ਹਨ।
ਰੂਸ ਹੌਲੀ-ਹੌਲੀ ਹਥਿਆਰਾਂ ਦੀ ਜਿੱਤ ਵੱਲ ਵਧ ਰਿਹਾ ਹੈ, ਨਾਲ ਹੀ ਨਿਊਕਲੀਅਰ ਘਟਨਾ ਹੋਣ ਦਾ ਖਤਰਾ ਹਮੇਸ਼ਾਂ ਮੌਜੂਦ ਹੈ। ਇਹ ਯੂਕਰੇਨ ਦੀ ਨੇਟੋ ਮੈਂਬਰਸ਼ਿਪ ਨੂੰ ਆਪਣੀ ਹੋਂਦ ਦੀ ਸੁਰੱਖਿਆ ਲਈ ਧਮਕੀ ਮੰਨਦਾ ਹੈ, ਅਤੇ ਯੁੱਧ ਨੇ ਇਸ ਦੇ ਡਰਾਂ ਨੂੰ ਕਾਫ਼ੀ ਹੱਦ ਤੱਕ ਸਹੀ ਸਾਬਤ ਕਰ ਦਿੱਤਾ ਹੈ। ਇਸ ਨੇ ਆਪਣੇ ਯੁੱਧ ਦੇ ਲਾਭਾਂ ਲਈ ਬਹੁਤ ਖੂਨ ਵਹਾਇਆ ਹੈ ਅਤੇ ਖਜ਼ਾਨਾ ਖਰਚ ਕੀਤਾ ਹੈ, ਜਿਨ੍ਹਾਂ ਨੂੰ ਇਹ ਨਹੀਂ ਛੱਡੇਗਾ।
ਉੱਪਰ ਦੇ ਮੁਲਾਂਕਣ ਤੋਂ ਲੱਗਦਾ ਹੈ ਕਿ ਸ਼ਾਂਤੀ ਦੀ ਸੰਭਾਵਨਾ ਅਤੇ ਅਸਾਰ ਬਹੁਤ ਘੱਟ ਹਨ, ਅਤੇ ਲੜਾਈ ਸੰਭਵ ਤੌਰ ਉੱਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜਾਂ ਤਾਂ ਯੁੱਧ-ਖੇਤਰ ਦਾ ਨਤੀਜਾ ਪੱਕੇ ਤੌਰ ਉੱਤੇ ਤੈਅ ਨਹੀਂ ਹੋ ਜਾਂਦਾ ਜਾਂ ਪੱਛਮੀ ਜਨਤਕ ਰਾਏ ਨਹੀਂ ਬਦਲ ਜਾਂਦੀ। ਇਹ ਜੰਗ ਕਦੇ ਵੀ ਨਹੀਂ ਹੋਣੀ ਚਾਹੀਦੀ ਸੀ। ਅਮਰੀਕਾ ਨੇ ਯੂਕਰੇਨ ਨੂੰ ਉਨ੍ਹਾਂ ਸਥਿਤੀਆਂ ਨੂੰ ਅਪਣਾਉਣ ਲਈ ਹਰੀ ਝੰਡੀ ਦਿੱਤੀ ਜੋ ਲੜਾਈ ਵੱਲ ਲੈ ਕੇ ਜਾਣ ਵਾਲੀਆਂ ਸਨ, ਅਤੇ ਫਿਰ ਉਸ ਨੇ ਸ਼ੁਰੂ ਹੋ ਰਹੀ ਲੜਾਈ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ। ਅਮਰੀਕਾ ਹੁਣ ਵੀ ਯੂਕਰੇਨ ਨੂੰ ਤਬਾਹ ਹੋਏ ਹਥਿਆਰਾਂ ਦੀ ਮੁੜ ਸਪਲਾਈ ਕਰਕੇ, ਵਾਧੂ ਉੱਨਤ ਹਥਿਆਰ ਦੇ ਕੇ, ਤਕਨੀਕੀ ਸਹਾਇਤਾ ਅਤੇ ਫੌਜੀ ਖੁਫੀਆ ਜਾਣਕਾਰੀ ਪ੍ਰਦਾਨ ਕਰਕੇ ਲੜਨ ਲਈ ਸਮਰੱਥ ਬਣਾ ਰਿਹਾ ਹੈ।
ਸੰਨ 2014 ਦੇ ਫੈਸਲਾਕੁਨ ਮੇਡਨ ਰਾਜਪਲਟੇ ਨੇ ਲੜਾਈ ਦੇ ਅਮਲ ਨੂੰ ਸ਼ੁਰੂ ਕੀਤਾ। ਮਿੰਸਕ ਸ਼ਾਂਤੀ ਪ੍ਰਕਿਰਿਆ ਨੇ ਇੱਕ ਬਚਾਅ ਦਾ ਰਾਹ ਪੇਸ਼ ਕੀਤਾ ਸੀ, ਪਰ ਹੁਣ ਇਹ ਖੁਲਾਸਾ ਹੋ ਚੁੱਕਾ ਹੈ ਕਿ ਅਮਰੀਕਾ ਅਤੇ ਨੇਟੋ ਨੂੰ ਤਣਾਅ ਘਟਾਉਣ ਦੇ ਇਸ ਅਮਲ ਵਿਚ ਕੋਈ ਦਿਲਚਸਪੀ ਨਹੀਂ ਸੀ। ਇਸ ਦੀ ਥਾਂ ਫਰਾਂਸ ਅਤੇ ਜਰਮਨੀ ਨੇ ਪ੍ਰਕਿਰਿਆ ਵਿਚ ਰੁਕਾਵਟਾਂ ਪਾਈਆਂ ਤਾਂ ਜੋ ਅਮਰੀਕਾ ਨੂੰ ਯੂਕਰੇਨ ਨੂੰ ਹਥਿਆਰਬੰਦ ਕਰਨ ਲਈ ਸਮਾਂ ਮਿਲ ਜਾਵੇ, ਜਿਸ ਦਾ ਟੀਚਾ ਡੌਨਬਾਸ ਖੇਤਰ ਦੇ ਵੱਖਵਾਦੀਆਂ ਨੂੰ ਹਰਾਉਣਾ ਸੀ। ਨਵੰਬਰ 2021 ਵਿਚ ਰੂਸ ਵੱਲੋਂ ਫੌਜ ਅਤੇ ਨੇਟੋ-ਰਹਿਤ ਯੂਕਰੇਨ ਉੱਤੇ ਕੇਂਦਰਿਤ ਯੂਕਰੇਨ ਨਾਲ ਸੰਧੀ ਦੇ ਸਮਝੌਤੇ (ਯੂਕਰੇਨ ਟ੍ਰੀਟੀ ਸੈਟਲਮੈਂਟ) ਦਾ ਪ੍ਰਸਤਾਵ ਸ਼ਾਂਤੀਪੂਰਨ ਹੱਲ ਲਈ ਆਖਰੀ ਮੌਕਾ ਸੀ, ਪਰ ਉਸ ਪ੍ਰਸਤਾਵ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਨਿਰਾਦਰ ਨਾਲ ਰੱਦ ਕਰ ਦਿੱਤਾ ਗਿਆ। ਮਾਰਚ 2022 ਵਿਚ ਇਸਤੰਬੋਲ ਵਿਚ ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਗੱਲਬਾਤ ਦੌਰਾਨ ਯੁੱਧ ਨੂੰ ਤੁਰੰਤ ਖਤਮ ਕਰਨ ਦਾ ਮੌਕਾ ਪੈਦਾ ਹੋਇਆ ਸੀ, ਪਰ ਉਸ ਨੂੰ ਵੀ ਨੇਟੋ ਵੱਲੋਂ ਰੋਕ ਦਿੱਤਾ ਗਿਆ, ਜਿਸ ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਮਰੀਕਾ ਦੇ ਪ੍ਰਤੀਨਿਧ ਸਨ।
ਜੰਗ ਨੇ ਰਵੱਈਏ ਨਹੀਂ ਬਦਲੇ, ਪਰ ਗੱਲਬਾਤ ਦੀਆਂ ਸੰਭਾਵਨਾਵਾਂ ਘੱਟ ਅਤੇ ਵਿਗੜ ਗਈਆਂ ਹਨ। 2014 ਦੇ ਮੇਡਨ ਰਾਜਪਲਟੇ ਤੋਂ ਪਹਿਲਾਂ, ਇੱਕ ਮੋਡਸ ਵਿਵੈਂਡੀ (ਸਹਿ-ਹੋਂਦ) ਸੰਭਵ ਸੀ, ਜਿਸ ਵਿਚ ਯੂਕਰੇਨ ਆਪਣੀਆਂ 1922 ਵਾਲੀਆਂ ਸਰਹੱਦਾਂ ਬਰਕਰਾਰ ਰੱਖਦਾ ਅਤੇ 2010 ਦੀ ਖਾਰਕਿਵ ਦੀ ਸੰਧੀ ਅਨੁਸਾਰ ਰੂਸ ਕੋਲ ਸੇਵਾਸਤੋਪੋਲ ਨੇਵਲ ਬੇਸ ਦੀ ਲੀਜ਼ ਰਹਿੰਦੀ। 2014 ਦੇ ਰਾਜਪਲਟੇ ਨੇ ਉਸ ਨੂੰ ਪੱਕੇ ਤੌਰ ਉੱਤੇ ਟੇਬਲ ਤੋਂ ਲਾਂਭੇ ਕਰ ਦਿੱਤਾ। ਰੂਸ ਨੇ ਕ੍ਰੀਮੀਆ ਵਾਪਸ ਲੈ ਲਿਆ ਜੋ ਖਰੁਸ਼ਚੇਵ ਨੇ 1954 ਵਿਚ ਯੂਕਰੇਨ ਨੂੰ ਤੋਹਫ਼ੇ ਵਜੋਂ ਦਿੱਤਾ ਸੀ। 1922 ਵਿਚ ਯੂਕਰੇਨ ਵਿਚ ਸ਼ਾਮਲ ਕੀਤੇ ਗਏ ਡੌਨਬਾਸ ਦੇ ਪ੍ਰਾਂਤਾਂ ਨੂੰ ਰੂਸ ਵਲੋਂ ਜਿੱਤ ਲਏ ਜਾਣ ਨਾਲ 2022 ਦੀ ਜੰਗ ਨੇ ਸਥਿਤੀ ਨੂੰ ਹੋਰ ਬਦਲ ਦਿੱਤਾ ਹੈ।
2014 ਤੋਂ ਪਹਿਲਾਂ, ਯੂਕਰੇਨ ਅਸਾਨੀ ਨਾਲ ਰੂਸ ਨਾਲ ਇੱਕ ਸਮਝੌਤਾ ਕਰ ਸਕਦਾ ਸੀ। ਹੁਣ, ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਉਹ ਸੰਭਾਵਨਾ ਕਾਫ਼ੀ ਹੱਦ ਤੱਕ ਖਤਮ ਹੋ ਗਈ ਹੈ। ਅੰਦਰੂਨੀ ਤੌਰ ਉੱਤੇ, ਯੂਕਰੇਨ ਦੇ ਅੱਤਵਾਦੀ ਕੌਮਵਾਦੀਆਂ (ਨੈਸ਼ਨਲਿਸਟਾਂ) ਨੇ ਰਾਜਨੀਤਿਕ ਅਤੇ ਫੌਜੀ ਤੌਰ `ਤੇ ਪੂਰਨ ਕੰਟਰੋਲ ਹਾਸਲ ਕਰ ਲਿਆ ਹੈ, ਇਸ ਲਈ ਘਰੇਲੂ ਪੱਧਰ `ਤੇ ਯੁੱਧ ਦੇ ਖਿਲਾਫ ਰਾਜਨੀਤਿਕ ਵਿਰੋਧ ਅਸੰਭਵ ਹੋ ਗਿਆ ਹੈ। ਉਹ ਅੱਤਵਾਦੀ ਆਖਰੀ ਯੂਕਰੇਨੀ ਤੱਕ ਲੜਨ ਲਈ ਤਿਆਰ ਹਨ। ਬਾਹਰੀ ਤੌਰ ਉੱਤੇ, ਯੂਕਰੇਨ ਦੇ ਕੌਮਵਾਦੀ (ਨੈਸ਼ਨਲਿਸਟ) ਅਮਰੀਕਾ ਦੇ ਅਹਿਸਾਨਾਂ ਹੇਠ ਦੱਬੇ ਹੋਏ ਹਨ, ਕਿਉਂਕਿ ਉਨ੍ਹਾਂ ਦੀ ਫੌਜੀ ਅਤੇ ਰਾਜਨੀਤਿਕ ਸਥਿਤੀ ਅਮਰੀਕਾ ਵਲੋਂ ਮਿਲ ਰਹੇ ਲਗਾਤਾਰ ਸਮਰਥਨ ਦੇ ਬਿਨਾਂ ਢਹਿ ਢੇਰੀ ਹੋ ਜਾਵੇਗੀ। ਉਹ ਨਿਰਭਰਤਾ ਅਮਰੀਕਾ ਨੂੰ ਪ੍ਰਭਾਵ ਪਾਉਣ ਲਈ ਵੱਡੀ ਤਾਕਤ ਦਿੰਦੀ ਹੈ, ਅਤੇ ਅਮਰੀਕਾ ਚਾਹੁੰਦਾ ਹੈ ਕਿ ਜੰਗ ਜਾਰੀ ਰਹੇ, ਕਿਉਂਕਿ ਇਸ ਨੂੰ ਇਸ ਦਾ ਬਹੁਤ ਘੱਟ ਖਰਚਾ ਪੈਂਦਾ ਹੈ ਅਤੇ ਇਹ ਰੂਸ ਦੇ ਕੀਤੇ ਜਾ ਰਹੇ ਨੁਕਸਾਨ ਵਿਚ ਲਾਭ ਵੇਖਦਾ ਹੈ।
ਅਸਲ ਵਿਚ, ਯੂਕਰੇਨ ਦੇ ਕੌਮਵਾਦੀਆਂ (ਨੈਸ਼ਨਲਿਸਟਾਂ) ਨੇ ਯੂਕਰੇਨ ਨੂੰ ਅਮਰੀਕਾ ਦੇ ਵਿਸ਼ਵ ਸਰਦਾਰੀ ਦੇ ਪ੍ਰੋਜੈਕਟ ਵਿਚ ਇੱਕ ‘ਬਲੀ ਦਾ ਬੱਕਰਾ’ ਬਣਾ ਦਿੱਤਾ ਹੈ। ਇਹ ਭੂਮਿਕਾ ਹੁਣ ਸਾਧਾਰਨ ਯੂਕਰੇਨੀਆਂ ਨੂੰ ਰੂਸ ਵਿਰੁੱਧ ਉਸ ਨੂੰ ਹੰਭਾ ਦੇਣ ਦੀ ਜੰਗ (ਵਾਰ ਆਫ ਅਟ੍ਰੀਸ਼ਨ) ਲੜਨ ਲਈ ਮਜਬੂਰ ਕਰ ਰਹੀ ਹੈ, ਜਿਸ ਉੱਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ। ਜੰਗ ਉਦੋਂ ਹੀ ਖਤਮ ਹੋਵੇਗੀ ਜਦੋਂ ਰੂਸ ਯੁੱਧ ਖੇਤਰ ਵਿਚ ਜਿੱਤ ਜਾਵੇਗਾ, ਜਾਂ ਜੰਗ ਨਿਊਕਲੀਅਰ ਹੋ ਜਾਵੇਗੀ, ਜਾਂ ਅਮਰੀਕਾ ਦੇ ਨੀਤੀ ਘਾੜੇ ਜੰਗ ਦੇ ਲਾਭਾਂ ਬਾਰੇ ਮੁੜ ਵਿਚਾਰ ਕਰਨਗੇ। ਬਦਕਿਸਮਤੀ ਨਾਲ, ਨਿਊਕਨਜ਼ਰਵੇਟਿਵਾਂ ਨੂੰ ਵਿਚਾਰਧਾਰਕ ਤੌਰ ‘ਤੇ ਸਮਝੌਤਾ ਕਰਨ ਜਾਂ ਪਿੱਛੇ ਹਟਣ ਵਿਚ ਮੁਸ਼ਕਿਲ ਆਉਂਦੀ ਹੈ, ਕਿਉਂਕਿ ਇਹ ਅਮਰੀਕਾ ਦੀ ਸਰਦਾਰੀ ਦਾ ਅਸਿੱਧਾ ਸਮਰਪਣ ਮੰਨਿਆ ਜਾਵੇਗਾ। ਨਤੀਜੇ ਵਜੋਂ, ਜੇ ਨਿਊਕਨਜ਼ਰਵੇਟਿਵ ਪੁਜ਼ੀਸ਼ਨ ਕਾਇਮ ਰਹਿੰਦੀ ਹੈ, ਤਾਂ ਇਹ ਅਮਰੀਕਾ ਨੂੰ ਲੜਾਈ ਜਾਰੀ ਰੱਖਣ ਲਈ ਬੰਨ੍ਹ ਦੇਵੇਗੀ। ਇਸ ਦਾ ਮਤਲਬ ਹੈ ਕਿ ਜੰਗ ਨੂੰ ਖਤਮ ਕਰਨ ਲਈ ਪੱਛਮੀ ਜਨਤਕ ਰਾਏ ਨੂੰ ਬਦਲਣਾ ਜ਼ਰੂਰੀ ਹੈ ਤਾਂ ਜੋ ਅਮਰੀਕਾ ਨੂੰ ਰੂਸ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਸਿੱਟਾ
ਇਸ ਲੇਖ ਵਿਚ, ਮੈਂ ਯੂਕਰੇਨ ਦੀ ਜੰਗ ਦੇ ਡੂੰਘੇ ਕਾਰਨਾਂ ਨੂੰ ਘੋਖਿਆ ਹੈ ਅਤੇ ਦਲੀਲ ਦਿੱਤੀ ਹੈ ਕਿ ਜੰਗ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਕਾਰਨ ਹਨ। ਅੰਦਰੂਨੀ ਕਾਰਨਾਂ ਦੀਆਂ ਜੜ੍ਹਾਂ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਤਰੀਕੇ ਨਾਲ ਜੁੜੀਆਂ ਹੋਈਆਂ ਹਨ। ਬਾਹਰੀ ਕਾਰਨ ਇਸ ਗੱਲ ਨਾਲ ਸੰਬੰਧਿਤ ਹਨ ਕਿ ਸਯੁੰਕਤ ਰਾਜ ਅਮਰੀਕਾ ਨੇ ਵਿਸ਼ਵ ਪੱਧਰ ਉੱਤੇ ਆਪਣੀ ਸਰਦਾਰੀ ਕਾਇਮ ਕਰਨ ਦੇ ਨਿਉਕਨਜ਼ਰਵੇਟਿਵ ਅਜੰਡੇ ਨੂੰ ਅੱਗੇ ਵਧਾਉਣ ਲਈ ਉੱਤਰ ਸੋਵੀਅਤ ਵਿਵਸਥਾ ਵਿਚ ਪੈਦਾ ਹੋਈਆਂ ਦਰਾਂੜਾਂ ਦਾ ਕਿਸ ਤਰ੍ਹਾਂ ਫਾਇਦਾ ਉਠਾਇਆ।
ਇਸ ਜੰਗ ਨੇ ਯੂਕਰੇਨ ਨੂੰ ਤਬਾਹ ਕਰ ਕੇ ਯੂਕਰੇਨ ਦੀ ਆਰਥਿਕ ਬੁਨਿਆਦ ਨੂੰ ਢਾਹ ਲਾਈ ਹੈ, ਵੱਡੇ ਪੱਧਰ ‘ਤੇ ਆਬਾਦੀ ਦੇ ਪਲਾਇਣ ਨੂੰ ਸ਼ੁਰੂ ਕੀਤਾ ਹੈ, ਹਜ਼ਾਰਾਂ ਮੌਤਾਂ ਦਾ ਕਾਰਨ ਬਣੀ ਹੈ ਅਤੇ ਰਾਜਨੀਤਿਕ ਅਤੇ ਫੌਜੀ ਸੱਤਾ `ਤੇ ਫਾਸ਼ੀਵਾਦੀ ਕੌਮਵਾਦੀਆਂ (ਫਾਸ਼ਿਸਟ ਨੈਸ਼ਨਲਿਸਟਾਂ) ਦੀ ਪਕੜ ਨੂੰ ਮਜ਼ਬੂਤ ਕੀਤਾ ਹੈ। ਸੰਯੁਕਤ ਰਾਜ ਅਮਰੀਕਾ ਦੀ ਮਦਦ ਨਾਲ ਯੂਕਰੇਨੀ ਕੌਮਵਾਦੀਆਂ (ਨੈਸ਼ਨਲਿਸਟਾਂ) ਨੇ ਯੂਕਰੇਨ ਦੀ ਰਾਜਨੀਤੀ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉੱਤਰ-ਸੋਵੀਅਤ ਯੂਕਰੇਨ ਦੀ ਰਾਜਨੀਤਕ ਅਤੇ ਵਸੋਂ ਨਾਲ ਸਬੰਧਿਤ ਗੁੰਝਲਦਾਰ ਹਕੀਕਤ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ। ਇਸ ਤਰ੍ਹਾਂ ਕਰਦਿਆਂ, ਉਨ੍ਹਾਂ ਨੇ ਅਮਰੀਕਾ ਦੇ ਵਿਸ਼ਵ ਸਰਦਾਰੀ ਕਾਇਮ ਕਰਨ ਵਾਲੇ ਪ੍ਰੋਜੈਕਟ ਵਿਚ ਯੂਕਰੇਨ ਨੂੰ ਇੱਕ ਬਲੀ ਦਾ ਬੱਕਰਾ ਬਣਾ ਦਿੱਤਾ ਹੈ, ਜਿਸ ਦੇ ਵੱਡੇ ਤਬਾਹਕਾਰੀ ਨਤੀਜੇ ਨਿਕਲੇ ਹਨ ਜੋ ਹਾਲੇ ਹੋਰ ਬਦਤਰ ਹੋ ਸਕਦੇ ਹਨ। ਯੂਰਪ ਨੇ ਵੀ ਆਪਣੇ ਲਈ ਵੱਡੀ ਕੀਮਤ `ਤੇ ਇਸ ਮੂਰਖਤਾ ਨੂੰ ਸਮਰਥਨ ਦਿੱਤਾ ਹੈ। *******
ਇਸ ਲੇਖ ਵਿਚ ਵਰਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ ਅਨੁਵਾਦਕ ਨਾਲ sukhwanthundal123@gmail.com `ਤੇ ਸੰਪਰਕ ਕੀਤਾ ਜਾ ਸਕਦਾ ਹੈ।