ਗੁਲਜ਼ਾਰ ਸਿੰਘ ਸੰਧੂ
ਕਿਸੇ ਮਹਿਫਲ ਵਿਚ ਸੌ ਸਾਲ ਪਹਿਲਾਂ ਭਗਤ ਸਿੰਘ ਸ਼ਹੀਦ ਦੇ ਹਿੰਦੀ ਵਿਚ ਲਿਖੇ ‘ਹੋਲੀ ਕੇ ਦਿਨ ਖ਼ੂਨ ਕੇ ਛੀਂਟੇ’ ਨਾਮੀ ਲੇਖ ਦਾ ਜ਼ਿਕਰ ਆ ਗਿਆ ਤਾਂ ਮੈਂ ਪਟਿਆਲਾ ਨਿਵਾਸੀ ਸਰਬਜੀਤ ਸਿੰਘ ਵਿਰਕ ਦੀ ਸੱਜਰੀ ਪੁਸਤਕ ‘ਕੌਮੀ ਸ਼ਹੀਦਾਂ ਅਤੇ ਦੇਸ਼ ਭਗਤਾਂ ਉਤੇ ਸ਼ਹੀਦ ਭਗਤ ਸਿੰਘ ਦੇ ਲੇਖ’ ਦੇ ਵਰਕੇ ਫਰੋਲਣ ਲਗ ਪਿਆ|
ਇਸ ਪੁਸਤਕ ਵਿਚ ਭਗਤ ਸਿੰਘ ਦੀ ਦੇਸ਼ ਭਗਤਾਂ ਪ੍ਰਤੀ ਸ਼ਰਧਾ ਨੂੰ ਉਭਾਰਿਆ ਗਿਆ ਹੈ| 19 ਸਾਲ ਦੀ ਉਮਰ ਵਿਚ ਲਿਖਿਆ ਉਸਦਾ ਇਹ ਲੇਖ 27 ਫਰਵਰੀ 1926 ਦੀ ਉਸ ਹੋਲੀ ਬਾਰੇ ਹੈ ਜਿਸ ਦਿਨ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਬੱਬਰ ਅਕਾਲੀ ਧਾਰਨਾ ਨੂੰ ਪਰਨਾਏ ਛੇ ਯੋਧਿਆਂ ਕਿਸ਼ਨ ਸਿੰਘ ਗੜਗਜ, ਸੰਤਾ ਸਿੰਘ, ਦਲੀਪ ਸਿੰਘ, ਨੰਦ ਸਿੰਘ, ਕਰਮ ਸਿੰਘ ਤੇ ਧਰਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ| ਇਹ ਲੇਖ ਕਾਨਪੁਰ ਤੋਂ ਛਪਦੀ ‘ਪ੍ਰਤਾਪ’ ਅਖ਼ਬਾਰ ਦੇ 15 ਮਾਰਚ 1926 ਵਾਲੇ ਅੰਕ ਵਿਚ ‘ਏਕ ਪੰਜਾਬੀ ਯੁਵਕ’ ਦੇ ਨਾਂ ਥੱਲੇ ਛਪਿਆ ਸੀ|
ਇਸ ਤੱਥ ਨੂੰ ਕੋਈ ਭੁੱਲਿਆ ਨਹੀਂ ਕਿ ਭਗਤ ਸਿੰਘ 1924 ਤੋਂ ਇਸ ਅਖ਼ਬਾਰ ਵਿਚ ਨੌਕਰੀ ਕਰ ਰਿਹਾ ਸੀ| ਉਹਦੇ ਵਲੋਂ ਘਰ ਬਾਰ ਤਿਆਗ ਕੇ ਕਾਨਪੁਰ ਪਹੁੰਚਣ ਦਾ ਕਾਰਨ ਆਪਣੀ ਸ਼ਾਦੀ ਤੋਂ ਪਿੱਛਾ ਛੁਡਾਉਣਾ ਸੀ|
ਇਨਕਲਾਬੀਆਂ ਦੇ ਜੀਵਨ, ਕੰਮਾਂ ਅਤੇ ਦੇਸ਼-ਪ੍ਰਸਤੀ ਬਾਰੇ ਲਿਖਣਾ ਭਗਤ ਸਿੰਘ ਦਾ ਸ਼ੌਕ ਅਤੇ ਜ਼ਿੰਮੇਵਾਰੀ ਬਣ ਚੁੱਕੇ ਸਨ ਕਿਉਂਕਿ ਉਨ੍ਹਾਂ ਨੇ ਭਾਰਤ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਨਿਜਾਤ ਦੁਆ ਕੇ ਨਵਾਂ ਸਮਾਜ ਸਿਰਜਣ ਦਾ ਪ੍ਰਣ ਕੀਤਾ ਹੋਇਆ ਸੀ| ਭਗਤ ਸਿੰਘ ਨੇ ਜਾਣ ਲਿਆ ਸੀ ਕਿ ਬਿਨਾਂ ਕਿਸੇ ਲੋਭ ਲਾਲਚ ਦੇ ਆਪਣੀਆਂ ਜ਼ਿੰਦਗੀਆਂ ਦੇਸ਼ ਨੂੰ ਸਮਰਪਿਤ ਕਰਨ ਵਾਲੇ ਦੇਸ਼ ਭਗਤ ਉੱਠ ਰਹੀ ਆਜ਼ਾਦੀ ਲਹਿਰ ਲਈ ਵੱਡੇ ਪ੍ਰੇਰਣਾ ਸ੍ਰੋਤ ਸਨ| ਭਗਤ ਸਿੰਘ ਨੇ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਇਨਕਲਾਬੀ ਲਹਿਰ ਨਾਲ ਸੰਬੰਧਿਤ ਬਹੁਤ ਸਾਰੇ ਸ਼ਹੀਦਾਂ ਦੇ ਜੀਵਨ ਬਾਰੇ ਤੱਥ ਇਕੱਠੇ ਕਰਕੇ ਲਿਖੇ ਲੇਖਾਂ ਨੂੰ ਨਾ ਸਿਰਫ ਪੰਜਾਬੀ ਅਤੇ ਉਰਦੂ ਦੇ ‘ਕਿਰਤੀ’ ਰਸਾਲੇ ਵਿਚ ਸਗੋਂ ਹਿੰਦੀ ਦੇ ਅਖ਼ਬਾਰਾਂ-ਰਸਾਲਿਆਂ, ਕਾਨਪੁਰ ਤੋਂ ਨਿਕਲਦੇ ‘ਪ੍ਰਤਾਪ, ਦਿੱਲੀ ਤੋਂ ਨਿਕਲਦੇ ‘ਅਰਜੁਨ’, ‘ਪ੍ਰਭਾ’ ਤੇ ‘ਮਹਾਂਰਥੀ’ ਅਤੇ ਅਲਾਹਬਾਦਾ ਤੋਂ ਨਿਕਲਦੇ ਤ੍ਰੈ-ਮਾਸਿਕ ਰਸਾਲੇ ‘ਚਾਂਦ’ ਵਿਚ ਵੀ ਛਪਵਾਇਆ ਤਾਂ ਕਿ ਭਾਰਤੀ ਜਨਤਾ ਆਜ਼ਾਦੀ ਦੀ ਜੰਗ ਵਿਚ ਪੰਜਾਬ ਦੇ ਮਹਾਨ ਯੋਗਦਾਨ ਤੋਂ ਵਾਕਫ਼ ਹੋ ਸਕੇ ਅਤੇ ਸਾਰਾ ਦੇਸ਼ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਤ ਹੋ ਸਕੇ|
ਸਰਬਜੀਤ ਨੇ ਆਪਣੀ ਪੁਸਤਕ ਵਾਸਤੇ ਭਗਤ ਸਿੰਘ ਵਲੋਂ ਲਿਖੇ 40 ਤੋਂ ਵਧ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ, ਭਾਵਨਾ ਤੇ ਪ੍ਰਾਪਤੀਆਂ ਵਾਲੇ ਇਹ ਲੇਖ ਹਿੰਦੀ ਅਤੇ ਉਰਦੂ ਤੋਂ ਅਨੁਵਾਦ ਕੀਤੇ ਹਨ| ਇਨ੍ਹਾਂ ਵਿਚੋਂ ਅੱਧੇ ਤੋਂ ਵਧ ਸ਼ਹੀਦਾਂ ਨੂੰ ਦੇਸ਼ ਭਗਤੀ ਉਭਾਰਨ ਵਾਲੀਆਂ ਕਵਿਤਾਵਾਂ ਜਾਂ ਕਾਵਿ ਟੋਟਕੇ ਚੇਤੇ ਸਨ ਜਿਨ੍ਹਾਂ ਦਾ ਛਿੱਟਾ ਭਗਤ ਸਿੰਘ ਨੇ ਆਪਣੇ ਲੇਖਾਂ ਵਿਚ ਵੀ ਦਿੱਤਾ ਹੈ| ਸਰਬਜੀਤ ਦੇ ਮਨ ਵਿਚ ਵੀ ਇਨ੍ਹਾਂ ਯੋਧਿਆਂ ਤੇ ਸ਼ਹੀਦਾਂ ਦੀ ਦੇਣ ਏਨੀ ਵੱਸੀ ਹੋਈ ਹੈ ਕਿ ਉਹ ਕਚਹਿਰੀਆਂ ਵਿਚ ਵਕਾਲਤ ਕਰਨ ਦੇ ਨਾਲ-ਨਾਲ (1) ਭਗਤ ਸਿੰਘ ਨੂੰ ਫਾਂਸੀ, (2016), (2) ਲਿਖਤੁਮ ਭਗਤ ਸਿੰਘ ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ ਚਿੱਠੀਆਂ ਦੀ ਜ਼ੁਬਾਨੀ (2020), ਤੇ ਸਮੁਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ (2023) ਤੋਂ ਬਿਨਾ ਐਮਾਜ਼ੋਨ ਕਿੰਡਲ ਈ ਬੁਕ ਤੇ ਐਮਾਜ਼ੋਲ ਲਿੰਕ, ਵਿਧੀਆਂ ਦੁਆਰਾ ਵੀ ਆਪਣੇ ਪਾਠਕਾਂ ਅਤੇ ਸਰੋਤਿਆਂ ਤੱਕ ਪਹੁੰਚਾ ਚੁੱਕਾ ਹੈ| ਹਾਲ ਦੀ ਘੜੀ ਮੈਂ ਭਗਤ ਸਿੰਘ ਦੀਆਂ ਨਜ਼ਰਾਂ ਵਿਚ ਅਸ਼ਫਾਕਉਲਾ ਖਾਨ ਤੇ ਰਾਮ ਪ੍ਰਸਾਦ ਬਿਸਮਿਲ ਦਾ ਜ਼ਿਕਰ ਕਰਾਂਗਾ ਜਿਹੜੇ ਰਾਜਸੀ ਜੀਵਨ ਭੋਗਦਿਆਂ ਸ਼ਾਇਰੀ ਵੀ ਕਰਦੇ ਰਹੇ ਹਨ| ਇਹ ਦੱਸਣ ਲਈ ਕਿ ‘ਸਰਫਰੋਸ਼ੀ ਦੀ ਤਮੰਨਾ’ ਲਿਖਣ ਵਾਲਾ ਬਿਸਮਲ ਅਜ਼ੀਮਾਬਾਦੀ ਇਨ੍ਹਾਂ ਨੂੰ ਗਾ ਕੇ ਹਰਮਨ-ਪਿਆਰਾ ਕਰਨ ਵਾਲੇ ਰਾਮ ਪ੍ਰਸਾਦ ਬਿਸਮਿਲ ਨਾਲੋਂ ਵਖਰਾ ਵਿਅਕਤੀ ਸੀ| ਉਹਦੇ ਵਲੋਂ ਹੇਠ ਲਿਖੀ ਰਚਨਾ 1921 ਵਿਚ ਪਟਨਾ ਬਿਹਾਰ ਵਿਖੇ ਲਿਖੀ ਗਈ ਸੀ|
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ
ਪੇਸ਼ ਹੈ ਰਾਮ ਪ੍ਰਸਾਦ ਬਿਸਮਿਲ ਬਾਰੇ ਭਗਤ ਸਿੰਘ ਦੀ ਪੇਸ਼ਕਾਰੀ:
‘ਸ੍ਰੀ ਰਾਮ ਪ੍ਰਸਾਦ ‘ਬਿਸਮਿਲ’ ਬੜੇ ਹੋਣਹਾਰ ਨੌਜਵਾਨ ਸਨ| ਬਹੁਤ ਵਧੀਆ ਸ਼ਾਇਰ ਸਨ| ਦੇਖਣ ਨੂੰ ਭੀ ਡਾਢੇ ਸੋਹਣੇ ਸਨ| ਲਾਇਕ ਬਹੁਤ ਸਨ| ਜਾਣਨ ਵਾਲੇ ਕਹਿੰਦੇ ਹਨ ਕਿ ਉਹ ਜੇਕਰ ਕਿਸੇ ਹੋਰ ਥਾਂ, ਕਿਸੇ ਹੋਰ ਦੇਸ਼ ਯਾ ਕਿਸੇ ਹੋਰ ਵੇਲੇ ਪੈਦਾ ਹੋਏ ਹੁੰਦੇ ਤਾਂ ਫੌਜਾਂ ਦੇ ਜਰਨੈਲ ਬਣਦੇ| ਆਪ ਨੂੰ ਸਾਰੀ ਸਾਜ਼ਸ਼ ਦਾ ਨੇਤਾ ਮੰਨਿਆ ਗਿਆ ਹੈ| ਬਹੁਤ ਜ਼ਿਆਦਾ ਨਾ ਪੜ੍ਹੇ ਹੋਣ ਦੇ ਬਾਵਜੂਦ ਪੰਡਿਤ ਜਗਤ ਨਾਰਾਇਣ ਵਰਗੇ ਸਰਕਾਰੀ ਵਕੀਲ ਦੀ ਸੁੱਧ-ਬੁੱਧ ਭੁਲਾ ਦਿੰਦੇ ਸਨ| ਚੀਫ਼ ਕੋਰਟ ਵਿਚ ਆਪਣੀ ਅਪੀਲ ਆਪ ਹੀ ਲਿਖੀ ਸੀ, ਜਿਸ ਤੋਂ ਕਿ ਜੱਜਾਂ ਨੂੰ ਕਹਿਣਾ ਪਿਆ ਕਿ ਇਸ ਦੇ ਲਿਖਣ ਵਿਚ ਜ਼ਰੂਰ ਹੀ ਕਿਸੇ ਸਿਆਣੇ ਅਤੇ ਲਾਇਕ ਆਦਮੀ ਦਾ ਹੱਥ ਹੈ|
ਆਪ ਨੂੰ 19 ਤਾਰੀਖ (ਦਸੰਬਰ, 1927-ਸੰ.) ਨੇ ਫਾਂਸੀ ਲਟਕਾਇਆ ਜਾਣਾ ਸੀ| 12 (ਦਸੰਬਰ ਸੰ.) ਦੀ ਸ਼ਾਮ ਨੂੰ ਹੀ ਆਪ ਨੂੰ ਜਦੋਂ ਦੁੱਧ ਦਿੱਤਾ ਗਿਆ ਤਾਂ ਆਪ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਹੁਣ ਮੈਂ ਮਾਂ ਦਾ ਦੁੱਧ ਹੀ ਪੀਵਾਂਗਾ| 18 (ਦਸੰਬਰ-ਸੰ.) ਨੂੰ ਆਪਣੀ ਮਾਂ ਨਾਲ ਮਿਲਣ ਵੇਲੇ ਆਪ ਦੀਆਂ ਅੱਖੀਆਂ ਵਿਚੋਂ ਅਥਰੂ ਕਿਰ ਪਏ| ਮਾਂ ਇਕ ਬੜੇ ਹੌਂਸਲੇ ਵਾਲੀ ਦੇਵੀ ਸੀ| ਆਪ ਨੂੰ ਕਹਿਣ ਲੱਗੀ—‘ਹਰੀਸ਼ ਚੰਦਰ, ਦਧੀਚੀ ਆਦਿ ਬਜ਼ੁਰਗਾਂ ਵਾਂਗੂੰ ਬੀਰਤਾ ਨਾਲ ਧਰਮ ਅਤੇ ਦੇਸ਼ ਵਾਸਤੇ ਜਾਨ ਦੇਹ| ਚਿੰਤਾ ਕਰਨ ਅਤੇ ਪਛਤੌਣ ਦੀ ਲੋੜ ਨਹੀਂ|’
ਆਪ ਹੱਸ ਪਏ| ਕਿਹਾ ‘ਮਾਂ! ਮੈਨੂੰ ਚਿੰਤਾ ਕਾਹਦੀ ਅਤੇ ਪਛਤਾਵਾ ਕਾਹਦਾ| ਮੈਂ ਕੋਈ ਪਾਪ ਨਹੀਂ ਕੀਤਾ| ਮੈਂ ਮੌਤ ਤੋਂ ਨਹੀਂ ਡਰਦਾ| ਪਰ ਮਾਂ! ਅੱਗ ਕੋਲ ਰੱਖਿਆ ਘਿਓ ਪੰਘਰ ਹੀ ਪੈਂਦਾ ਹੈ| ਤੇਰਾ ਮੇਰਾ ਸੰਬੰਧ ਹੀ ਕੁਝ ਐਸਾ ਹੈ ਕਿ ਪਾਸ ਹੁੰਦਿਆਂ ਸਾਰ ਹੀ ਅੱਖਾਂ ਵਿਚੋਂ ਹੰਝੂ ਡਿਗ ਪਏ| ਮੈਂ ਤਾਂ ਬੜਾ ਖ਼ੁਸ਼ ਹਾਂ’
ਫਾਂਸੀ ਦੇ ਫੰਦੇ ਵਲ ਤੁਰਦੇ ਸਮੇਂ ਉਨ੍ਹਾਂ ਨੇ ਵੰਦੇ-ਮਾਤ੍ਰਮ ਤੇ ‘ਭਾਰਤ ਮਾਤਾ ਕੀ ਜੈ’ ਤੋਂ ਸਹਿਜ ਨਾਲ ਇਹ ਸ਼ਬਦ ਵੀ ਉਚਰੇ:
‘ਮਾਲਕ ਤੇਰੀ ਰਜ਼ਾ ਰਹੇ ਔਰ ਤੂ ਹੀ ਤੂ ਰਹੇ,
ਬਾਕੀ ਨ ਮੈਂ ਰਹੂੰ, ਨ ਮੇਰੀ ਆਰਜ਼ੂ ਰਹੇ|
ਜਬ ਤਕ ਕਿ ਤਨ ਮੇਂ ਜਾਨ, ਰਗੋਂ ਮੇਂ ਲਹੂ ਰਹੇ,
ਤੇਰਾ ਹੀ ਜ਼ਿਕ੍ਰ ਯਾਰ, ਤੇਰੀ ਜੁਸਤਜੂ ਰਹੇ|
‘ਅਬ ਨ ਅਹਲੇ ਵਲਵਲੇ ਹੈਂ,
ਔਰ ਨ ਅਰਮਾਨੋਂ ਕੀ ਭੀਤ!
ਏਕ ਮਿਟ ਜਾਨੇ ਕੀ ਹਸਰਤ,
ਅਬ ਦਿਲੇ-ਬਿਸਮਿਲ ਮੇਂ ਹੈ!’
ਫੇਰ ਈਸ਼ਵਰ ਅੱਗੇ ਪ੍ਰਾਰਥਨਾ ਕਰਨ ਉਪ੍ਰੰਤ ਇਕ ਮੰਤਰ ਪੜ੍ਹਨਾ ਸ਼ੁਰੂ ਕੀਤਾ ਤੇ ਰੱਸੀ ਖਿੱਚੀ ਗਈ| ਅੱਜ ਉਹ ਵੀਰ ਇਸ ਸੰਸਾਰ ਵਿਚ ਨਹੀਂ ਜਿਸਨੂੰ ਅੰਗਰੇਜ਼ੀ ਸਰਕਾਰ ਨੇ ਆਪਣਾ ਖੌਫ਼ਨਾਕ ਦੁਸ਼ਮਣ ਸਮਝਿਆ| ਉਹ ਏਸ ਗ਼ੁਲਾਮ ਦੇਸ਼ ਵਿਚ ਜੰਮ ਕੇ ਭੀ ਇਕ ਬੜਾ ਭਾਰੀ ਯੋਧਾ ਬਣ ਗਿਆ ਸੀ| ਆਪ ਨੂੰ ਮੈਨਪੁਰੀ ਸਾਜ਼ਸ਼ ਦੇ ਲੀਡਰ ਸ੍ਰੀ ਗੇਂਦਾ ਲਾਲ ਦੀਖਸ਼ਿਤ ਜਿਹੇ ਸੂਰਬੀਰ ਨੇ ਖ਼ਾਸ ਤੌਰ `ਤੇ ਸਿੱਖਿਆ ਦੇ ਕੇ ਤਯਾਰ ਕੀਤਾ ਹੋਇਆ ਸੀ| ਮੈਨਪੁਰੀ ਦੇ ਮੁਕੱਦਮੇ ਵੇਲੇ ਆਪ ਦੌੜ ਕੇ ਨੇਪਾਲ ਚਲੇ ਗਏ ਸਨ| ਹੁਣ ਉਹੋ ਵਿਦਿਯਾ ਹੀ ਆਪ ਦੀ ਮੌਤ ਦੀ ਇਕ ਬੜੀ ਵਜ੍ਹਾ ਹੋ ਗਈ|
ਸੱਤ ਵਜੇ ਆਪ ਦੀ ਲਾਸ਼ ਮਿਲੀ ਤੇ ਬੜਾ ਭਾਰੀ ਜਲੂਸ ਨਿਕਲਿਆ| ਸਵਦੇਸ਼ ਪ੍ਰੇਮ ਵਿਚ ਆਪ ਦੀ ਮਾਤਾ ਨੇ ਕਿਹਾ—
‘ਮੈਂ ਆਪਣੇ ਪੁੱਤ੍ਰ ਦੀ ਏਸ ਮੌਤ ਤੋਂ ਖ਼ੁਸ਼ ਹਾਂ, ਦੁਖੀ ਨਹੀਂ| ਮੈਂ ਸਰੀ ਰਾਮਚੰਦਰ ਜੀ ਵਰਗਾ ਹੀ ਪੁੱਤ੍ਰ ਚਾਹੁੰਦੀ ਸਾਂ| ਬੋਲੋ ਸ੍ਰੀ ਰਾਮ ਚੰਦਰ ਜੀ ਕੀ ਜੈ|’
ਜਦ ਇਤਰ ਫੁਲੇਲ ਅਤੇ ਫੁੱਲਾਂ ਦੀ ਵਰਖਾ ਵਿਚ ਉਨ੍ਹਾਂ ਦੀ ਲਾਸ਼ ਦਾ ਜਲੂਸ ਜਾ ਰਿਹਾ ਸੀ, ਦੁਕਾਨਦਾਰਾਂ ਨੇ ਪੈਸੇ ਸੁੱਟੇ ਅਤੇ ਗਿਆਰਾਂ ਬਜੇ ਆਪ ਦੀ ਲਾਸ਼ ਸ਼ਮਸ਼ਾਨ ਭੂਮੀ ਵਿਖੇ ਪੁੱਜੀ ਅਤੇ ਅੰਤਿਮ ਕ੍ਰਿਆ ਸਮਾਪਤ ਕੀਤੀ ਗਈ|
ਆਪ ਦੇ ਆਖਰੀ ਪੱਤ੍ਰ ਦਾ ਕੁਝ ਹਿੱਸਾ ਆਪ ਦੀ ਭੇਟਾ ਕੀਤਾ ਜਾਂਦਾ ਹੈ—
‘ਮੈਂ ਖ਼ੂਬ ਸੁਖੀ ਹਾਂ| 19 ਤਾਰੀਖ ਨੂੰ ਸਵੇਰੇ ਜੋ ਹੋਣਾ ਹੈ ਉਸ ਵਾਸਤੇ ਤਯਾਰ ਹਾਂ| ਪ੍ਰਮਾਤਮਾ ਕਾਫੀ ਸ਼ਕਤੀ ਬਖਸ਼ਣਗੇ| ਮੇਰਾ ਯਕੀਨ ਹੈ ਕਿ ਮੈਂ ਲੋਕਾਂ ਦੀ ਸੇਵਾ ਲਈ ਫੇਰ ਜਲਦੀ ਹੀ ਜਨਮ ਲਵਾਂਗਾ| ਸਭਨਾਂ ਨੂੰ ਮੇਰਾ ਨਮਸਤੇ ਕਹਿ ਦੇਣਾ| ਦਯਾ ਕਰਕੇ ਇਤਨਾ ਕੰਮ ਹੋਰ ਵੀ ਕਰਨਾ ਕਿ ਮੇਰਾ ਪੰਡਿਤ ਜਗਤ ਨਾਰਾਇਣ (ਸਰਕਾਰੀ ਵਕੀਲ ਜਿਸ ਇਹਨਾਂ ਨੂੰ ਫਾਂਸੀ ਦੁਆਣ ਲਈ ਬੜਾ ਜ਼ੋਰ ਲਾਇਆ ਸੀ) ਨੂੰ ਅੰਤਮ ਨਮਸਕਾਰ ਕਹਿ ਦੇਣਾ| ਉਹਨਾਂ ਨੂੰ ਸਾਡੇ ਲਹੂ ਭਰੇ ਰੁਪਏ ਨਾਲ ਚੈਨ ਦੀ ਨੀਂਦ ਆਵੇ| ਬੁਢਾਪੇ ਵਿਚ ਪਰਮਾਤਮਾ ਉਹਨਾਂ ਨੂੰ ਸੁਮਨੱਤ ਦੇਵੇ|’
ਭਗਤ ਸਿੰਘ ਦੇ ਸ਼ਬਦਾਂ ਵਿਚ ਅਸ਼ੂਫਾਕਉੱਲਾ ਖਾਨ ਮਸਤਾਨਾ ਯੋਗੀ ਸੀ| ਉਹ ਵੀ ਹੈਰਾਨ ਕਰਨ ਵਾਲੀ ਖ਼ੁਸ਼ੀ ਨਾਲ ਫਾਂਸੀ ਚੜਿਆ| ਬੜਾ ਸੋਹਣਾ ਅਤੇ ਲੰਬਾ ਚੌੜਾ ਜਵਾਨ ਸੀ| ਤਕਤਾ ਬੜਾ ਸੀ| ਜੇਹਲ ਵਿਚ ਕੁਝ ਮਾੜਾ ਹੋ ਗਿਆ ਸੀ| ਆਪ ਨੇ ਮੁਲਾਕਾਤ ਵੇਲੇ ਦੱਸਿਆ, ਕਿ ਮਾੜਾ ਹੋਣ ਦਾ ਕਾਰਨ ਗ਼ਮ ਫ਼ਿਕਰ ਨਹੀਂ ਬਲਕਿ ਰੱਬ ਦੀ ਯਾਦ ਵਿਚ ਮਸਤ ਰੈਹਣ ਖ਼ਾਤਰ ਰੋਟੀ ਬਹੁਤ ਥੋੜ੍ਹੀ ਖਾਂਦਾ ਰਿਹਾ ਹਾਂ|
ਫਾਂਸੀ ਤੋਂ ਇਕ ਦਿਨ ਪਹਿਲੋਂ ਆਪ ਦੀ ਮੁਲਾਕਾਤ ਹੋਈ| ਆਪ ਖ਼ੂਬ ਸਜੇ ਧਜੇ ਸਨ| ਬੜੇ ਬੜੇ ਵਾਲ ਵਾਹੇ ਹੋਏ ਖ਼ੂਬ ਸਜਦੇ ਸਨ| ਬੜੇ ਹੱਸ ਹੱਸ ਕੇ ਗੱਲਾਂ ਕਰਦੇ ਰਹੇ| ਆਪ ਨੇ ਕਿਹਾ, ਕੱਲ੍ਹ ਮੇਰੀ ਸ਼ਾਦੀ ਹੋਣ ਵਾਲੀ ਹੈ| ਦੂਜੇ ਦਿਨ ਸੁਵੇਰੇ ਛੇ ਬਜੇ ਆਪ ਨੂੰ ਫਾਂਸੀ ਦਿੱਤੀ ਜਾਣੀ ਸੀ| ਕੁਰਾਨ ਸ਼ਰੀਫ ਦਾ ਬਸਤਾ ਲਟਕਾ ਕੇ, ਹਾਜੀਆਂ ਦੀ ਤਰ੍ਹਾਂ ਵਜ਼ੀਫਾ ਪੜ੍ਹਦੇ ਹੋਏ ਬੜੇ ਹੌਂਸਲੇ ਨਾਲ ਤੁਰ ਪਏ| ਅੱਗੇ ਜਾ ਕੇ ਤਖ਼ਤੇ ਅਤੇ ਰੱਸੀ ਨੂੰ ਚੁੰਮ ਲਿਆ| ਆਪ ਨੇ ਓਥੇ ਕਿਹਾ—
‘‘ਮੈਂ ਕਦੇ ਕਿਸੇ ਆਦਮੀ ਦੇ ਖ਼ੂਨ ਨਾਲ ਆਪਣੇ ਹੱਥ ਨਹੀਂ ਰੰਗੇ ਅਤੇ ਮੇਰਾ ਇਨਸਾਫ਼ ਖ਼ੁਦਾ ਦੇ ਸਾਹਮਣੇ ਹੋਵੇਗਾ| ਮੇਰੇ ਉਤੇ ਲਾਏ ਗਏ ਸਭੇ ਇਲਜ਼ਾਮ ਗ਼ਲਤ ਹਨ|’’
ਖ਼ੁਦਾ ਦਾ ਨਾਮ ਲੈਂਦਿਆਂ ਰੱਸੀ ਖਿਚ ਗਈ| ਅਤੇ ਉਹ ਕੂਚ ਕਰ ਗਏ| ਉਹਨਾਂ ਦੇ ਰਿਸਤੇਦਾਰਾਂ ਨੇ ਬੜੀ ਮਿੰਨਤ ਤਰਲੇ ਕਰਕੇ ਉਹਨਾਂ ਦੀ ਲਾਸ਼ ਲਈ ਅਤੇ ਉਹਨੂੰ ਸਾਹ ਜਹਾਨ ਪੁਰ ਨੂੰ ਲਿਆਏ| ਲਖਨਊ ਸਟੇਸ਼ਨ ਤੇ ਮਾਲਗੱਡੀ ਦੇ ਇਕ ਡੱਬੇ ਵਿਚ ਉਹਨਾਂ ਦੀ ਲਾਸ਼ ਨੂੰ ਦੇਖਣ ਦਾ ਮੌਕਿਆ ਕੁਝ ਸਜਨਾਂ ਨੂੰ ਮਿਲਿਆ ਸੀ| ਫਾਂਸੀ ਦੇ ਦਸ ਘੰਟੇ ਬਾਦ ਭੀ ਚੇਹਰੇ ਤੇ ਓਸੇ ਤਰ੍ਹਾਂ ਰੌਣਕ ਸੀ| ਜਾਪਦਾ ਸੀ ਹੁਣੇ ਜਹੇ ਸੌਂ ਗਏ ਹਨ| ਪਰ ਅਸ਼ਫ਼ਾਕ ਹੋਰੀ ਤਾਂ ਐਸੀ ਨੀਂਦ ਸੌਂ ਚੁੱਕੇ ਸਨ, ਜਿਥੋਂ ਉਨ੍ਹਾਂ ਕਦੇ ਭੀ ਨਹੀਂ ਜਾਗਣਾਂ| ਅਸ਼ਫਾਕ ਸ਼ਾਇਰ ਸੀ, ਉਨ੍ਹਾਂ ਦਾ ਤਖ਼ਲੁਸ ‘ਹਸਰਤ’ ਸੀ| ਮਰਨ ਤੋਂ ਪਹਿਲੋਂ ਆਪ ਨੇ ਦੋ ਸ਼ਿਅਰ ਕਹੇ ਸਨ—
‘ਫ਼ਨ੍ਹਾ ਹੈ ਸਬਕੇ ਲੀਏ, ਹਮ ਪੈ ਕੁਛ ਨਹੀਂ ਮੌਕੂਫ!
ਬਕਾ ਹੈ ਏਕ ਫਕਤ ਜ਼ਾਤ-ਇ-ਕਿਬ੍ਰਿਆ ਕੇ ਲੀਏ«
ਤੰਗ ਆਕਰ ਹਮ ਭੀ ਉਨਕੇ ਜ਼ੁਲਮ ਸੇ,
ਬੇਦਾਦ ਸੇ,
ਚਲ ਦੀਏ ਸੂਏ ਅਦਮ ਜਿੰਦਾਨੇ ਫੈਜ਼ਾਬਾਦ ਸੇ|
ਮੁਕਦੀ ਗੱਲ ਇਹੋ ਕਿ ਭਗਤ ਸਿੰਘ ਸ਼ਹੀਦ ਵਿਤਕਰਿਆਂ ਦਾ ਮੱਦਾਹ ਨਹੀਂ ਸੀ| ਉਹ ਅਸ਼ਫਾਕਉਲਾ, ਮਦਨ ਲਾਲ ਢੀਂਗਰਾ, ਸੂਫੀ ਅੰਬਾ ਪ੍ਰਸਾਦ ਤੇ ਸਤਿਗੁਰੂ ਰਾਮ ਸਿੰਘ ਆਪੋ ਆਪਣੇ ਢੰਗ ਦੇ ਯੋਧੇ ਸਨ|
ਆਪ ਸ਼ਾਹਜਹਾਨ ਪੁਰ ਦੇ ਰਹਿਣ ਵਾਲੇ ਸਨ ਅਤੇ ਆਪ ਸ੍ਰੀ ਰਾਮ ਪ੍ਰਸਾਦ ਜੀ ਦੇ ਸੱਜੇ ਹੱਥ ਸਨ| ਮੁਸਲਮਾਨ ਹੋਣ ਦੇ ਬਾਵਜੂਦ ਆਪ ਦਾ ਕੱਟੜ ਆਰੀਯਾ ਸਮਾਜੀ ਧਰਮੀ ਨਾਲ ਹੱਦ ਦਰਜੇ ਦਾ ਪ੍ਰੇਮ ਸੀ| ਦੋਨੋਂ ਪ੍ਰੇਮੀ ਇਕੋ ਕੰਮ ਵਾਸਤੇ ਆਪਣੇ ਪ੍ਰਾਣ ਤਿਆਗ ਕੇ ਅਮਰ ਹੋ ਗਏ| ਜ਼ਿੰਦਾਬਾਦ!
ਅੰਤਿਕਾ
ਡਾ. ਭਗਵਾਨ ਸਿੰਘ ਗਿਆਨੀ ‘ਪ੍ਰੀਤਮ’॥
ਹਿੰਦੋਸਤਾਨੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ|
ਖਾਤਰ ਵਤਨ ਦੇ ਚੜ੍ਹੇ ਹਾਂ ਫ਼ਾਂਸੀਆਂ ’ਤੇ
ਦੇਖ ਅਸਾਂ ਨੂੰ ਨਹੀਂ ਘਬਰਾ ਜਾਣਾ|
ਮੌਤ ਅਸਾਂ ਦੀ ਜ਼ਿੰਦਗੀ ਕੌਮ ਦੀ ਹੈ,
ਫ਼ਰਜ਼ ਆਪਣਾ ਅਸੀਂ ਨਿਭਾ ਜਾਣਾ|
ਦਿੱਤਾ ਪਾੜ ਸਾਨੂੰ ਕੌਮੀ ਦੁਸ਼ਮਣਾਂ ਨੇ,
ਮੁਲਕ ਵਾਸਤੇ ਮਿਲ-ਮਿਲਾ ਜਾਣਾ|
ਹਿੰਦੋਸਤਾਨ ਸਾਡਾ ਅਸੀਂ ਹਿੰਦ ਵਾਸੀ,
ਸਬਕ ਬੱਚਿਆਂ ਨੂੰ ਇਹ ਸਿਖਾ ਜਾਣਾ|
