ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਆਪਣੇ ਰੰਗ ‘ਚ ਪਰਤ ਆਏ ਹਨ। ਉਨ੍ਹਾਂ ਨੇ ਧਮਕਾਉਣ ਵਾਲੇ ਅੰਦਾਜ਼ ‘ਚ ਤਿੰਨ ਦੇਸ਼ਾਂ- ਕਿਊਬਾ, ਕੈਨੇਡਾ ਤੇ ਬਰਤਾਨੀਆ ਨੂੰ ਆਪਣੇ ਲਪੇਟੇ ‘ਚ ਲਿਆ ਹੈ। ਇਸ ਨੂੰ ਟਰੰਪ ਦੀ ਧਿਆਨ ਭਟਕਾਉਣ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਇਨ੍ਹੀਂ ਦਿਨੀਂ ਉਹ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਆਪਣੇ ਹੀ ਦੇਸ਼ ‘ਚ ਨਿਸ਼ਾਨੇ ‘ਤੇ ਹਨ। ਨਾਲ ਹੀ ਡੈਮੋਕੇਟ ਪਾਰਟੀ ਦੀ ਨਾਰਾਜ਼ਗੀ ਕਾਰਨ ਉਨ੍ਹਾਂ ਦੀ ਸਰਕਾਰ ‘ਤੇ ਸ਼ਟਡਾਉਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਟਰੰਪ ਨੇ ਜਿੱਥੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਉਸ ਨੂੰ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ‘ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਉੱਥੇ ਕੈਨੇਡਾ ‘ਚ ਬਣਨ ਵਾਲੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ। ਇਸ ਤੋਂ ਇਲਾਵਾ ਬਰਤਾਨੀਆ ਦੀ ਚੀਨ ਨਾਲ ਵਧਦੀ ਨਜ਼ਦੀਕੀ ‘ਤੇ ਟਰੰਪ ਨੇ ਤੇਵਰ ਤਿੱਖੇ ਕੀਤੇ ਹਨ।
ਟਰੰਪ ਨੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ‘ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਕਦਮ ਕਿਊਬਾ ‘ਤੇ ਦਬਾਅ ਵਧਾਉਣ ਦੀ ਅਮਰੀਕੀ ਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਰਾਸ਼ਟਰੀ ਐਮਰਜੈਂਸੀ ਐਲਾਨਦੇ ਹੋਏ ਇਕ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਟੈਰਿਫ ਦੀ ਦਰ ਕੀ ਹੋਵੇਗੀ ਜਾਂ ਕਿਨ੍ਹਾਂ ਦੇਸ਼ਾਂ ਨੂੰ ਸਿੱਧੇ ਨਿਸ਼ਾਨਾ ਬਣਾਇਆ ਜਾਵੇਗਾ।
ਕਿਊਬਾ ਦੇ ਸਰਕਾਰੀ ਮੀਡੀਆ ਨੇ ਇਸ ਫ਼ੈਸਲੇ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਕਿਊਬਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੇਲ ਦੀ ਸਪਲਾਈ ਰੁਕਦੀ ਹੈ ਤਾਂ ਦੇਸ਼ ‘ਚ ਬਿਜਲੀ ਪੈਦਾਵਾਰ, ਖੇਤੀ ਕੰਮ, ਪਾਣੀ ਦੀ ਸਪਲਾਈ ਤੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਸਰਕਾਰੀ ਬਿਆਨ ‘ਚ ਇਸ ਨੂੰ ਕਿਊਬਾ ਦੇ ਆਮ ਲੋਕਾਂ ਦੇ ਖ਼ਿਲਾਫ਼ ਕਦਮ ਦੱਸਿਆ ਗਿਆ ਹੈ। ਟਰੰਪ ਨੇ ਹਾਲੀਆ ਦਿਨਾਂ ‘ਚ ਕਿਊਬਾ ਖ਼ਿਲਾਫ਼ ਸਖ਼ਤ, ਰੁਖ਼ ਅਪਣਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਊਬਾ ਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ। ਪਹਿਲਾਂ ਕਿਊਬਾ ਨੂੰ ਵੈਨੇਜ਼ੁਏਲਾ ਤੋਂ ਤੇਲ ਮਿਲਦਾ ਸੀ ਪਰ ਉੱਥੋਂ ਸਪਲਾਈ ਘੱਟ ਹੋ ਚੁੱਕੀ ਹੈ। ਇਸ ਦੌਰਾਨ ਮੈਕਸੀਕੋ ਨੇ ਕਿਊਬਾ ਨੂੰ ਤੇਲ ਦੀ ਸਪਲਾਈ ਆਰਜ਼ੀ ਤੌਰ ‘ਤੇ ਰੋਕ ਦਿੱਤੀ ਹੈ। ਕਿਊਬਾ ਨੂੰ ਤੇਲ ਸਪਲਾਈ ‘ਚ ਮੈਕਸੀਕੋ ਦੀ ਹਿੱਸੇਦਾਰੀ 44 ਫ਼ੀਸਦੀ, ਜਦਕਿ ਵੈਨੇਜ਼ੁਏਲਾ ਦੀ 33 ਫ਼ੀਸਦੀ ਸੀ। ਰੂਸ ਤੋਂ 10 ਫ਼ੀਸਦੀ ਤੇਲ ਕਿਊਬਾ ਨੂੰ ਭੇਜਿਆ ਜਾਂਦਾ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨੇ ਕਿਹਾ ਕਿ ਇਹ ਫ਼ੈਸਲਾ ਅਮਰੀਕਾ ਦੇ ਦਬਾਅ ‘ਚ ਨਹੀਂ, ਬਲਕਿ ਮੈਕਸੀਕੋ ਦਾ ਆਪਣਾ ਫ਼ੈਸਲਾ ਹੈ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਕਿਹਾ ਕਿ ਅਮਰੀਕਾ ਨੂੰ ਕਿਊਬਾ ‘ਤੇ ਕਿਸੇ ਤਰ੍ਹਾਂ ਦਾ ਸਮਝੌਤਾ ਥੋਪਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
