ਭਗਵੰਤ ਮਾਨ ਬਨਾਮ ਡੇਰਾ ਬਿਆਸ ਮੁਖੀ ਮਾਮਲੇ `ਚ ਭਾਜਪਾ ਦਾ ਪ੍ਰਤੀਕਰਮ

ਚੰਡੀਗੜ੍ਹ:ਪੰਜਾਬ ਦੀ ਸਿਆਸਤ ਵਿੱਚ ਡੇਰਾ ਬਿਆਸ ਮੁਖੀ ਨੂੰ ਲੈ ਕੇ ਚੱਲ ਰਹੀ ਤਣਾਅਪੂਰਨ ਚਰਚਾ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਇੱਕ ਬਿਨਾਂ ਨਾਂਅ ਲਏ ਟਿੱਪਣੀ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ ਹੈ।

ਭਾਜਪਾ ਨੇ ਮੁੱਖ ਮੰਤਰੀ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਰੱਬੀ ਰੂਹਾਂ ਨੂੰ ਟਿੱਚਰਾਂ ਕਰਨ ਲੱਗ ਪਏ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹਨ ਅਤੇ ਉਨ੍ਹਾਂ ਪ੍ਰਤੀ ਇਸ ਤਰ੍ਹਾਂ ਦੇ ਇਸ਼ਾਰੇ ਜਾਂ ਟਿੱਪਣੀਆਂ ਪੰਜਾਬ ਦੀ ਜਨਤਾ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।
ਭਾਜਪਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਜਨਤਾ ਇਸ ਅਪਮਾਨ ਦਾ ਜਵਾਬ ਜ਼ਰੂਰ ਦੇਵੇਗੀ। ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ‘ਚ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਟਵੀਟ ਕਰਕੇ ਲਿਖਿਆ ਹੈ ਕਿ ਜ਼ਿਕਰਯੋਗ ਹੈ ਕਿ ਇਸ ਸਾਰੇ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਬਿਨਾਂ ਕਿਸੇ ਦਾ ਨਾਂਅ ਲਏ ਲਿਖਿਆ ਸੀ, ‘‘ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ। ਅਦਾਲਤਾਂ ਦਾ ਓਥੇ ਰੱਬ ਰਾਖਾ… ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।“ ਇਹ ਟਿੱਪਣੀ ਸਿੱਧੇ ਤੌਰ ‘ਤੇ ਉਸ ਮੁਲਾਕਾਤ ਨਾਲ ਜੋੜੀ ਗਈ, ਜੋ ਇੱਕ ਦਿਨ ਪਹਿਲਾਂ ਨਾਭਾ ਜੇਲ੍ਹ ਵਿੱਚ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਅਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਰਮਿਆਨ ਹੋਈ ਸੀ।
ਇਸ ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਮਜੀਠੀਆ ‘ਤੇ ਲੱਗੇ ਸਾਰੇ ਇਲਜ਼ਾਮ ਗਲਤ ਹਨ। ਉਨ੍ਹਾਂ ਨੇ ਇਹ ਵੀ ਆਖਿਆ ਸੀ ਕਿ ਮਜੀਠੀਆ ਉਨ੍ਹਾਂ ਦੇ ਦੋਸਤ ਹਨ ਅਤੇ ਉਹ ਅੱਗੇ ਵੀ ਉਨ੍ਹਾਂ ਨਾਲ ਮਿਲਦੇ ਰਹਿਣਗੇ। ਇਹ ਬਿਆਨ ਸਾਹਮਣੇ ਆਉਂਦੇ ਹੀ ਸਿਆਸੀ ਹਲਕਿਆਂ ਵਿੱਚ ਹਲਚਲ ਮਚ ਗਈ ਸੀ।
ਹੁਣ ਭਾਜਪਾ ਦੀ ਐਂਟਰੀ ਨਾਲ ਇਹ ਮਾਮਲਾ ਸਿਰਫ਼ ਦੋ ਵਿਅਕਤੀਆਂ ਦੇ ਬਿਆਨਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਧਾਰਮਿਕ ਆਸਥਾ, ਸਿਆਸਤ ਅਤੇ ਨਿਆਂ ਪ੍ਰਕਿਰਿਆ ਦੇ ਗਿਰਦ ਇੱਕ ਵੱਡੀ ਸਿਆਸੀ ਬਹਿਸ ਦਾ ਰੂਪ ਧਾਰਨ ਕਰ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਮੁੱਦੇ ‘ਤੇ ਸਿਆਸੀ ਤਾਪਮਾਨ ਹੋਰ ਕਿੰਨਾ ਚੜ੍ਹਦਾ ਹੈ।