ਪਦਮ ਪੁਰਸਕਾਰਾਂ ਬਾਰੇ ਪੰਜਾਬ ਸਰਕਾਰ ਦੀ ਸਿਫ਼ਾਰਸ਼ ਕੇਂਦਰ ਵਲੋਂ ਰੱਦ

ਚੰਡੀਗੜ੍ਹ:ਭਾਰਤ ਸਰਕਾਰ ਨੇ ਐਤਕੀਂ ਪੰਜਾਬ ਸਰਕਾਰ ਵੱਲੋਂ ਪਦਮ ਸ੍ਰੀ ਐਵਾਰਡਾਂ ਲਈ ਭੇਜੀ ਸਿਫ਼ਾਰਸ਼ ਨੂੰ ਰੱਦ ਕਰ ਦਿੱਤਾ ਹੈ। ਗਣਤੰਤਰ ਦਿਹਾੜੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ।

ਜਿਨ੍ਹਾਂ ਸੂਬਿਆਂ ‘ਚ ਸਾਲ 2026 ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਸੂਬਾ ਸਰਕਾਰਾਂ ਦੀ ਸਿਫ਼ਾਰਸ਼ ਮੁਤਾਬਿਕ ਪਦਮ ਸ੍ਰੀ ਐਵਾਰਡ ਦੇਣ ਤੋਂ ਗੁਰੇਜ਼ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪੱਤਰ ਭੇਜ ਕੇ ਸੂਬਾ ਸਰਕਾਰਾਂ ਨੂੰ ਪਦਮ ਪੁਰਸਕਾਰਾਂ ਲਈ ਨਾਮ ਸਿਫ਼ਾਰਸ਼ ਕਰਨ ਲਈ ਕਿਹਾ ਸੀ। ਪੰਜਾਬ ਸਰਕਾਰ ਵੱਲੋਂ ਬਣਾਈ ਸਕਰੀਨਿੰਗ ਕਮੇਟੀ ਜਿਸ ਦੀ ਅਗਵਾਈ ਮੁੱਖ ਸਕੱਤਰ ਕਰਦੇ ਹਨ, ਨੇ 13 ਨਾਮ ਪਦਮ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੇ ਸਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਦਮ ਐਵਾਰਡ ਲਈ ਓਸਵਾਲ/ਨਾਹਰ ਗਰੁੱਪ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ ਨੂੰ ਪਦਮ ਸ੍ਰੀ ਐਵਾਰਡ ਲਈ ਸਿਫ਼ਾਰਸ਼ ਕੀਤਾ ਸੀ ਅਤੇ ਗਾਇਕ ਸੁਖਵਿੰਦਰ ਸਿੰਘ ਸੁੱਖੀ (ਮੁੰਬਈ) ਦਾ ਨਾਮ ਵੀ ਪਦਮ ਐਵਾਰਡ ਲਈ ਸੂਬਾ ਸਰਕਾਰ ਨੇ ਭੇਜਿਆ ਸੀ।
ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪਦਮ ਐਵਾਰਡ ਲਈ ਨਾਮੀ ਗੀਤਕਾਰ ਬਾਬੂ ਸਿੰਘ ਮਾਨ ਅਤੇ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਦਾ ਨਾਮ ਵੀ ਪਦਮ ਸ੍ਰੀ ਐਵਾਰਡ ਲਈ ਸਿਫ਼ਾਰਸ਼ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਕੇਂਦਰੀ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰਾਂ ਤੋਂ ਪਦਮ ਪੁਰਸਕਾਰਾਂ ਲਈ ਨਾਮ ਮੰਗੇ ਸਨ। ਪੰਜਾਬ ਸਰਕਾਰ ਨੇ ਕੁੱਝ ਨਾਮ ਖ਼ੁਦ ਪਹੁੰਚ ਕਰਕੇ ਵੀ ਹਸਤੀਆਂ ਤੋਂ ਮੰਗਵਾਏ ਸਨ। ਸੂਬੇ ਚੋਂ ਹਾਸਲ ਹੋਈਆਂ ਕੁੱਲ ਸਿਫ਼ਾਰਸ਼ਾਂ ਚੋਂ 13 ਨਾਮ ਸਕਰੀਨਿੰਗ ਕਮੇਟੀ ਨੇ ਕੇਂਦਰ ਨੂੰ ਸਿਫ਼ਾਰਸ਼ ਕੀਤੇ ਸਨ।
ਜਿਨ੍ਹਾਂ ਹੋਰ ਨਾਵਾਂ ਦੀ ਸਿਫ਼ਾਰਸ਼ ਪੰਜਾਬ ਸਰਕਾਰ ਵੱਲੋਂ ਭੇਜੀ ਗਈ, ਉਨ੍ਹਾਂ ‘ਚ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਭਾਈ ਗੁਰਇਕਬਾਲ ਸਿੰਘ, ਮੁਖੀ ਮਾਤਾ ਕੌਲਾਂ ਭਲਾਈ ਕੇਂਦਰ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ, ਪ੍ਰਸਿੱਧ ਦੌੜਾਕ ਫੌਜਾ ਸਿੰਘ, ਨਰਿੰਦਰ ਸਿੰਘ ਮੁਹਾਲੀ, ਅਰੁਣ ਕੁਮਾਰ ਰਾਗੋਮਾਜਰਾ ਪਟਿਆਲਾ, ਡਾ. ਹਰਮਿੰਦਰ ਸਿੰਘ ਸਿੱਧੂ (ਜਲਾਲਦੀਵਾਲ), ਬਰਿੰਦਰ ਸਿੰਘ ਮਸੀਤੀ ਜ਼ਿਲ੍ਹਾ ਹੁਸ਼ਿਆਰਪੁਰ, ਭਜਨ ਸਿੰਘ ਸ਼ੇਰਗਿੱਲ ਜ਼ਿਲ੍ਹਾ ਮੁਹਾਲੀ ਸ਼ਾਮਲ ਹਨ। ਸਿਫ਼ਾਰਸ਼ ਕੀਤੀਆਂ ਕਈ ਹਸਤੀਆਂ ਦਾ ਸਮਾਜ ਸੇਵਾ ‘ਚ ਵੱਡਾ ਨਾਮ ਵੀ ਹੈ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਇਸ ਵਾਰ ਪਦਮ ਸ੍ਰੀ ਪੁਰਸਕਾਰਾਂ ਲਈ ਪੋਰਟਲ ਲਾਂਚ ਕੀਤਾ ਸੀ ਅਤੇ ਕੋਈ ਵੀ ਵਿਅਕਤੀ ਸਿੱਧੇ ਤੌਰ ‘ਤੇ ਵੀ ਅਪਲਾਈ ਕਰ ਸਕਦਾ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਭੇਜੀ ਸਿਫ਼ਾਰਸ਼ ਨੂੰ ਪ੍ਰਵਾਨ ਨਹੀਂ ਕੀਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਖੇਡ ਖੇਤਰ ਚੋਂ ਹਰਮਨਪ੍ਰੀਤ ਕੌਰ ਭੁੱਲਰ ਅਤੇ ਬਲਦੇਵ ਸਿੰਘ ਤੋਂ ਇਲਾਵਾ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਐਵਾਰਡ ਦੇਣ ਦਾ ਐਲਾਨ ਕੀਤਾ। ਚੰਡੀਗੜ੍ਹ ਦੇ ਇੰਦਰਜੀਤ ਸਿੰਘ ਸਿੱਧੂ ਵੀ ਪਦਮ ਸ੍ਰੀ ਐਵਾਰਡ ਮਿਲੇਗਾ ਜੋ ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾਈ ਵਿਧਾਨ ਸਭਾ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ਲਈ 11 ਪਦਮ ਸ੍ਰੀ ਐਵਾਰਡ, ਤਾਮਿਲਨਾਡੂ ਲਈ 13 ਐਵਾਰਡ, ਕੇਰਲਾ ਲਈ ਅੱਠ ਐਵਾਰਡ ਅਤੇ ਪੰਜਾਬ ਲਈ ਤਿੰਨ ਐਵਾਰਡ ਐਲਾਨੇ ਹਨ।
ਐਵਾਰਡਾਂ ‘ਤੇ ਚੋਣਾਂ ਦਾ ਪਰਛਾਵਾਂ ਵੀ ਸਪਸ਼ਟ ਨਜ਼ਰ ਆ ਰਿਹਾ ਹੈ।