ਮਨ ਵਿਚਲੀ ਗੁਫ਼ਤਗੂ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਕੀ ਤੁਸੀਂ ਆਪਣੇ ਮਨ ਨੂੰ ਮਿਲੇ ਹੋ? ਇਸਦੀ ਗੁਫ਼ਤਗੂ ਸੁਣੀ ਏ? ਇਸਦੀ ਉਦਾਸੀ ਜਾਂ ਹੁਲਾਸ ਭਰੇ ਪਲਾਂ ਦੀ ਦਾਸਤਾਨ ਨੂੰ ਸੁਣਿਆ? ਕੀ ਮਨ ਦੀਆਂ ਤਹਿਆਂ ਵਿਚ ਖ਼ੁਦ ਨੂੰ ਉਲਥਾਇਆ? ਕੀ ਤੁਹਾਡਾ ਮਨ ਤੁਹਾਡੀ ਅੰਦਰਲੀ ਅਤੇ ਬਹਾਰਲੀ ਦਿੱਖ ਨੂੰ ਬਾਖ਼ੂਬੀ ਸਮਝਦਾ ਅਤੇ ਪਹਿਚਾਣਦਾ? ਕੀ ਤੁਸੀਂ ਆਪਣੇ ਅੰਤਰੀਵ ਦੀ ਅਜੇਹੀ ਗੁਫ਼ਤਗੂ ਨੂੰ ਸੁਣਿਆ ਜਿਸ ਤੋਂ ਤੁਸੀਂ ਅਕਸਰ ਹੀ ਟਾਲਾ ਵੱਟਣਾ ਚਾਹੁੰਦੇ?

ਅੱਜ-ਕੱਲ੍ਹ ਮੈਂ ਬਹੁਤ ਉਦਾਸ ਹਾਂ ਕਿਉਂਕਿ ਮਨ ਵਿਚਲੀ ਗੁਫ਼ਤਗੂ, ਇਸ ਵਿਚਲਾ ਹਤਾਸ਼ਪੁਣਾ ਅਤੇ ਨਿਰਾਸ਼ਾ ਮੈਨੂੰ ਬੇਚੈਨ ਕਰਦੀ ਅਤੇ ਮੈਂ ਇਸ ਗੁਫ਼ਤਗੂ ਨੂੰ ਸੁਣ ਕੇ ਬਹੁਤ ਸਾਰੀਆਂ ਪਰਤਾਂ ਦੇ ਰੂਬਰੂ ਹੋਣ ਤੋਂ ਤ੍ਰਿਹਿੰਦਾ? ਮੈਂ ਇਸ ਗੁਫ਼ਤਗੂ ਦੀਆਂ ਕੁਝ ਕੁ ਝਲਕਾਂ ਤੁਹਾਡੇ ਨਾਲ ਵੀ ਸਾਝੀਆਂ ਕਰਨਾ ਚਾਹੁੰਦਾ। ਸ਼ਾਇਦ ਤੁਸੀਂ ਵੀ ਆਪਣੇ ਮਨ ਵਿਚ ਅਜੇਹਾ ਕੁਝ ਮਹਿਸੂਸ ਕਰਦੇ ਹੋਵੋ।
ਮਨ ਬਹੁਤ ਚੰਚਲ। ਕਦੇ ਅੰਬਰ ਦੀ ਉਡਾਣ ਭਰਦਾ। ਕਦੇ ਪਤਾਲਾਂ ਦੀ ਨੀਵਾਣ। ਕਦੇ ਭਰਿਆ ਉਤਸ਼ਾਹ, ਕਦੇ ਸਾਹ ਵਿਚ ਸਾਹ। ਕਦੇ ਨਿੱਕੀ ਜਹੀ ਬਾਤ ਦਾ ਬਤੰਗੜ, ਕਦੇ ਪਹਾੜ ਹੇਠਾਂ ਆ ਕੇ ਵੀ ਸੀਅ ਨਹੀਂ ਕਰਦਾ। ਕਦੇ ਸੁਪਨਿਆਂ ਦੀ ਸਰਜ਼ਮੀਂ, ਕਦੇ ਅਸਫ਼ਲਤਾਵਾਂ ਦਾ ਜੰਮਘਟਾ। ਕਦੇ ਚਾਵਾਂ ਦੀ ਪਟਾਰੀ, ਕਦੇ ਹਾਵਾਂ ਦਾ ਲਾਲਾਰੀ। ਕਦੇ ਚੌਗਿਰਦੇ ਦਾ ਫੈਲਾਅ, ਕਦੇ ਆਪੇ ‘ਚ ਸੁੰਗੜਨ ਦਾ ਸ਼ੁਦਾਅ।
ਮਨ ਨੂੰ ਸਮਝਣਾ ਸਭ ਤੋਂ ਔਖਾ। ਅਸੀਮ ਪਰਤਾਂ, ਅਸੰਖ ਖ਼ਿਆਲ ਇਸ ‘ਚ ਸਮਾਏ। ਪਤਾ ਨਹੀਂ ਕਿਹੜੀਆਂ ਧਰਤੀਆਂ, ਪਲਾਂ ‘ਚ ਗਾਹੁੰਦਾ? ਕਿਹੜੀਆਂ ਹਸਤੀਆਂ ਨਾਲ ਗੁਫ਼ਤਗੂ ਰਚਾਉਂਦਾ? ਕਦੇ ਸ਼ਬਦਾਂ ਦਾ ਵਣਜ ਕਰਦਾ ਅਤੇ ਕਦੇ ਇਨ੍ਹਾਂ ਦੀ ਹਿੱਕ ਵਿਚ ਅਰਥਾਂ ਦੇ ਦੀਵੇ ਜਗਾਉਂਦਾ। ਕਦੇ ਕਬਰਾਂ ਦੀ ਖੁਦਾਈ, ਕਦੇ ਬੰਦਿਆਈ ਦੀ ਵਡਿਆਈ। ਕਦੇ ਖੇਤਾਂ ਵਿਚ ਲਹਿਰਾਉਂਦੀਆਂ ਫਸਲਾਂ ਨੂੰ ਬੁੱਕਲ ‘ਚ ਲੈਂਦਾ ਅਤੇ ਕਦੇ ਵੱਟਾਂ ‘ਤੇ ਬਲਦੇ ਸਿਵੇ ਸੇਕਦਾ। ਕਦੇ ਠਰੀਆਂ ਰਾਤਾਂ ਵਿਚ ਕੁੰਗੜਦਾ ਅਤੇ ਕਦੇ ਜੇਠ ਹਾੜ੍ਹ ਦੀਆਂ ਲੂੰਆਂ ਵਿਚ ਸੜਦਾ।
ਕਦੇ ਇਸਨੂੰ ਮੌਸਮਾਂ ਦੀ ਮਾਰ, ਕਦੇ ਵਕਤਾਂ ਨੇ ਸਾੜਿਆ। ਕਦੇ ਸਫ਼ਰਾਂ ‘ਚ ਰਹਿੰਦਾ, ਕਦੇ ਖੂੰਜੇ ਜਾ ਬਹਿੰਦਾ। ਕਦੇ ਚੁੱਪ ਦਾ ਇਹ ਆੜੀ, ਕਦੇ ਬੋਲਾਂ ਨਾਲ ਯਾਰੀ। ਕਦੇ ਦੁੱਖ ਵਿਚ ਪੀੜ ਦਾ ਪੰਗੂੜਾ, ਕਦੇ ਸੁੱਖ ਵਿਚ ਰੰਗ ਹੋ ਜਾਵੇ ਗੂੜ੍ਹਾ। ਕਦੇ ਮਾੜੇ ਵਕਤ ਦੀ ਤਬਾਹੀ, ਕਦੇ ਭਲੇ ਸਮਿਆਂ ਦੀ ਗਵਾਹੀ। ਕਦੇ ਘਰ ਹੀ ਵਿਦੇਸ਼, ਕਦੇ ਪ੍ਰਦੇਸ ‘ਚ ਘਰ ਜੇਹਾ ਵਰੇਸ। ਕਦੇ ਧਰਤੀ ਦਾ ਜਾਇਆ, ਕਦੇ ਅੰਬਰ ਦਾ ਹਮਸਾਇਆ। ਕਦੇ ਦਰਿਆ ਜੇਹੀ ਰਵਾਨੀ, ਕਦੇ ਹਵਾ ਦੀ ਨਾਦਾਨੀ। ਕਦੇ ਸਮੁੰਦਰ ਵਾਂਗ ਫੈਲੇ, ਕਦੇ ਹਟਕੋਰੇ ਜੇਹੇ ਦਰਿਆ ਦੇ ਝਮੇਲੇ।
ਸੰਵੇਦਨਸ਼ੀਲ ਮਨ ‘ਤੇ ਨਿਕੀ ਜਹੀ ਘਟਨਾ, ਕਿਰਿਆ, ਬੋਲ ਜਾਂ ਸ਼ਬਦ ਦਾ ਬਹੁਤ ਡੂੰਘਾ ਅਸਰ। ਚੁਪਕੇ-ਚੁਪਕੇ ਕਈ ਪਰਤਾਂ ਫਰੋਲਣ ਦਾ ਆਦੀ। ਕੁਝ ਚੰਗੀਆਂ ਅਤੇ ਜ਼ਿਆਦਾ ਮੰਦੀਆਂ। ਮਨ ਨੂੰ ਕਿਹੜੀ ਰੰਗਤ ਨੇ ਆਪਣੇ ਵਿਚ ਰੰਗਣਾ, ਬਹੁਤੀ ਵਾਰ ਇਸਦਾ ਪਤਾ ਹੀ ਨਹੀਂ ਲੱਗਦਾ। ਇਹੀ ਮਨੁੱਖੀ ਵਰਤਾਰਾ ਦਰਅਸਲ ਮਨੁੱਖ ਨੂੰ ਮਨੁੱਖ ਨਾਲੋਂ ਵੱਖਰਿਆਉਂਦਾ ਕਿ ਕੋਈ ਮਨੁੱਖ ਕਿੰਨਾ ਭਾਵੁਕ ਜਾਂ ਆਪਣੀ ਗੁੰਮਸੁਮਤਾ ਵਿਚ ਦੁਨੀਆਂਦਾਰੀ ਤੋਂ ਬੇਮੁੱਖ ਅਤੇ ਬੇਨਿਆਜ਼।
ਆਪਣੇ ਮਨ ਦੇ ਆਖੇ ਲੱਗਣ ਵਾਲੇ ਅੰਦਰੋਂ-ਬਾਹਰੋਂ ਇਕਸੁਰ, ਇਕਸੀਰਤ ਤੇ ਪਾਕੀਜ਼। ਜਦ ਕਿ ਮਨ ਦੀਆਂ ਪਰਤਾਂ ਨੂੰ ਮੁਖੌਟਿਆਂ ਰਾਹੀਂ ਪ੍ਰਗਟ ਕਰਨ ਵਾਲੇ ਆਪਣੇ ਸਨਮੁੱਖ ਹੋਣ ਤੋਂ ਘਬਰਾਉਂਦੇ। ਉਨ੍ਹਾਂ ਦੇ ਅੰਦਰਲੇ ਮਨ ਵਿਚ ਬੈਠਾ ਪਾਪ, ਉਨ੍ਹਾਂ ਨੂੰ ਕੁਕਰਮਾਂ ਦੀ ਸਜ਼ਾ ਦੇਣ ਲਈ ਤਿਆਰ ਪਰ ਉਹ ਇਸਦੀ ਭਿਣਕ ਵੀ ਨਹੀਂ ਪੈਣ ਦਿੰਦੇ।
ਮੈਂ ਅਕਸਰ ਬਹੁਤ ਉਦਾਸ ਤੇ ਹਤਾਸ਼ ਹੋ ਜਾਂਦਾ ਜਦ ਕੋਈ ਚੀਖ਼ ਸੁਣਾਈ ਦਿੰਦੀ, ਕੋਈ ਹੂੰਗਰ ਫ਼ਿਜ਼ਾ ਦੀ ਹਿੱਕ ਵਿਚ ਛੇਕ ਪਾਉਂਦੀ, ਜਦ ਰਾਤ ਦੀ ਸੁੰਨ ਵਿਚ ਟਟਹਿਰੀ ਕੁਰਲਾਉਂਦੀ। ਉਹ ਲੋਕ ਕੇਹੀ ਮਿੱਟੀ ਦੇ ਬਣੇ ਕਿ ਉਹ ਆਪਣੇ ਕਮਰੇ ਵਿਚ ਢੋਲੇ ਦੀਆਂ ਲਾਉਂਦੇ ਰਹੇ ਪਰ ਨਾਲ ਦੇ ਕਮਰੇ ਵਿਚ ਕੋਈ ਕਰਾਹੁੰਦਾ ਰਿਹਾ।
ਬਹੁਤ ਪੀੜਤ ਕਰਦਾ ਜਦ ਅਖਬਾਰ ਦੀ ਸੁਰਖੀ ਪੜ੍ਹਦਾ ਕਿ ਕਿਸੇ ਅਬਲਾ ਦੇ ਜਿਸਮ ਨੂੰ ਨੋਚਣ ਵਾਲੇ ਦਿਨ ਭਰ ਜਸ਼ਨ ਮਨਾਉਂਦੇ ਰਹੇ। ਕਿਸੇ ਦੇ ਮਨ ਵਿਚੋਂ ਨਿੱਕਲੀ ਦਰਦੀਲੀ ਹੂਕ ਦਾ ਮਖੌLਲ ਉਡਾਉਣ ਵਾਲੇ ਅਕਸਰ ਹੀ ਜ਼ਿੰਦਗੀ ਦਾ ਮਖੌਲ ਵੀ ਬਣ ਜਾਂਦੇ। ਦਰਅਸਲ ਕਿਸੇ ਦੀ ਪੀੜਾ ਨੂੰ ਹਾਸਾ ਅਤੇ ਆਪਣੀ ਪੀੜ ਨੂੰ ਦਰਦਵੰਤਾ ਕਹਿਣ ਵਾਲੇ ਬਹੁਰੂਪੀਆ ਹੁੰਦੇ ਅਤੇ ਇਹੀ ਬਹੁਰੂਪਤਾ ਹੀ ਸਾਡੇ ਸਮਾਜ ਦਾ ਕੁਹਜ ਬਣ ਕੇ ਇਸਨੂੰ ਕਲੰਕਤ ਕਰ ਰਹੀ ਆ।
ਕਿੰਨੇ ਪੱਥਰਦਿਲ ਹੋਣਗੇ ਉਹ ਲੋਕ ਜੋ ਕਿਸੇ ਦੀ ਪੀੜਾ ਵਿਚੋਂ ਲਾਹਾ ਲੈਣ ਦੀ ਤਾਕ ਵਿਚ ਰਹਿੰਦੇ ਤੇ ਕਿਸੇ ਦੇ ਦਰਦ ਨੂੰ ਤੁੱਛ ਸਮਝਦੇ। ਭਲਾ!
ਭਾਂਡੇ ਧੋਂਦੇ
ਤੇ ਝਿੜਕਾਂ ਵਿਚ ਹੰਝੂ ਵਹਾਉਂਦੇ
ਬਰੈੱਡ ਦੇ ਟੁਕੜੇ ਨੂੰ
ਜੂਠੀ ਚਾਹ ਵਿਚ ਭਿਆਉਂਦਾ ਬੱਚਾ
ਢਾਬੇ ‘ਤੇ ਨੌਕਰ ਨਹੀਂ ਹੁੰਦਾ
ਸਗੋਂ ਦੋ ਟੁੱਕ ਦੇ ਸੁੱਕੇ ਟੁੱਕਰਾਂ ਲਈ
ਸਾਹ ਵਰੋਲਦਾ ਬਚਪਨਾ ਹੁੰਦਾ
ਜਿਸਦੇ ਨੈਣਾਂ ਵਿਚ
ਮਰ ਗਏ ਸੁਪਨਿਆਂ ਦਾ ਰੁਦਨ
ਕਿਸੇ ਵਿਰਲੇ ਨੂੰ ਸੁਣਾਈ ਦਿੰਦਾ।

ਕੂੜੇ ਦੇ ਢੇਰ ਤੋਂ
ਸਵੇਰੇ ਸਵੇਰੇ ਲੀਰਾਂ ਚੁਗ ਰਿਹਾ ਬੱਚਾ
ਠੰਢੇ ਚੁੱਲ੍ਹੇ ‘ਚ ਅੱਗ ਬਾਲਣ ਲਈ
ਲਾਚਾਰ ਮਾਪਿਆਂ ਦੀ ਲੋੜ ਹੁੰਦਾ
ਜਿਸਦੇ ਨੈਣਾਂ ਵਿਚ ਬੁੱਝ ਰਹੀ ਅੱਖਰ-ਜੋਤ
ਹਟਕੋਰੇ ਭਰਨ ਲੱਗਦੀ
ਜਦ ਉਹ ਸਕੂਲ ਜਾ ਰਹੇ
ਆਪਣੇ ਹਾਣੀਆਂ ਨੂੰ ਤੱਕਦਾ ਹੈ।

ਭੱਠੇ ‘ਤੇ ਇੱਟਾਂ ਪੱਥ ਰਹੇ ਜੁਆਕ ਨੂੰ
ਕੌਣ ਦੱਸੇਗਾ ਕਿ
ਉਸਦੀ ਉਮਰ ਪੂਰਨੇ ਪਾਉਣ
ਅਤੇ ਮੁਹਰਾਨੀ ਰੱਟਣ ਦੀ ਹੈ
ਪਰ ਭੱਠੇ ਦੇ ਮਾਲਕ ਨੇ
ਗਰੀਬ ਪਰਿਵਾਰ ਨੂੰ ਨੂੜ ਰੱਖਿਆ ਹੈ
ਕਰਜ਼ੇ ਦੀ ਜ਼ੰਜੀਰ ਨਾਲ।

ਬਾਰਸ਼ ਨਾਲ ਡਿਗੀ ਕੰਧ ਦੀ
ਓਟ ਵਿਚ ਠਠੰਬਰਿਆ ਪਰਿਵਾਰ
ਉਪਰ ਵੱਲ ਨੂੰ ਹੱਥ ਕਰਕੇ
ਦੁਆ ਮੰਗਦਾ ਹੈ ਕਿ
ਐ ਖੁਦਾਇਆ!
ਇਸ ਨਰਕ ਨਾਲੋਂ ਤਾਂ ਮੌਤ ਭਲੀ
ਪਰ ਉਸਨੂੰ ਕੌਣ ਸਮਝਾਵੇ
ਕਿ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ
ਤੇ ਅਵੜਵਾਹੇ ਤੁਰ ਪੈਂਦਾ ਹੈ
ਕੋਠੀ ਵਾਲਿਆਂ ਦੀ ਤਾਬਿਆਦਾਰੀ ‘ਚ
ਭੁੱਖੇ ਪੇਟ ਨੂੰ ਝੁਲਸਣਾ ਜੁ ਹੋਇਆ।

ਵੱਟ ‘ਤੇ ਬਹਿ ਸਿਰ ਫੜ ਕੇ
ਗੜ੍ਹੇਮਾਰੀ ਨਾਲ ਧਰਤ ‘ਤੇ ਵਿਛੀ
ਫਸਲ ਨੂੰ ਦੇਖਦਾ ਕਿਸਾਨ
ਸੋਚਦਾ ਹੈ
ਇਹ ਕੇਹਾ ਭਾਣਾ ਕਿ
ਮੌਸਮ ਨੇ ਖੇਤਾਂ ਵਿਚ ਬੋਹਲ ਦੀ ਬਜਾਏ
ਖੁਦਕੁਸ਼ੀਆਂ ਕਿਉਂ ਵਿਛਾਈਆਂ
ਤੇ ਮਨ ਦੇ ਅੰਧਿਆਰੇ ਵਿਚ ਡੁੱਬਿਆ
ਟਾਹਲੀ ‘ਤੇ ਲਟਕਦੀ ਲਾਸ਼ ਬਣ ਜਾਂਦਾ।

ਖੇਤਾਂ ਵਿਚ ਲਹਿਰਾਂ-ਬਹਿਰਾਂ ਲਾਉਣ ਵਾਲਾ ਪਾਣੀ
ਦਰਿਆ ਦਾ ਮਾਰੂ ਰੂਪ ਬਣ
ਘਰਾਂ, ਗਰਾਂ ਅਤੇ ਫਸਲਾਂ ਨੂੰ ਮਲੀਆਮੇਟ ਕਰ
ਤਬਾਹੀ ਦਾ ਅਜੇਹਾ ਮੰਜਰ ਸਿਰਜਦਾ
ਕਿ ਹਰ ਅੱਖ ਵਿਚ ਉਗਦਾ
ਖਾਰਾ ਸਮੁੰਦਰ
ਤੇ ਇਸ ਵਿਚ ਡੁੱਬ ਜਾਂਦਾ ਹੈ
ਖਾਹਸ਼ਾਂ, ਖਾਬਾਂ ਅਤੇ ਖੁਸ਼ੀਆਂ ਦਾ ਜ਼ਜ਼ੀਰਾ।

ਬਾਂਦਰ ਦੀ ਨਜ਼ਰ
ਬਿਜੜੇ ਦੇ ਆਲ੍ਹਣੇ ‘ਤੇ ਪਈ
ਉਸਨੇ ਝਪਟਾ ਮਾਰਿਆ
ਤੇ ਉਸਨੂੰ ਤੀਲਾ ਤੀਲਾ ਕਰ ਦਿਤਾ
ਬਿਜੜੇ ਦੀ ਅੰਬਰ ਚੀਰਵੀਂ ਹੂਕ
ਸੁਣਨ ਦੀ ਕਿਸੇ ਕੋਲ ਵਿਹਲ ਹੀ ਨਹੀਂ।
ਸ਼ਾਇਦ
ਕਿਸੇ ਦੇ ਘਰ ਨੂੰ ਢਾਹ ਕੇ
ਖੁਸ਼ ਹੋਣ ਦੀ ਆਦਤ
ਬੰਦੇ ਨੇ ਆਪਣੇ ਪੁਰਖਿਆਂ ਤੋਂ ਲਈ ਏ।

ਬਾਪ
ਅਚਨਚੇਤ ਪੂਰਾ ਹੋ ਗਿਆ
ਔਲਾਦ ਨੇ
ਉਸਦੇ ਸਸਕਾਰ ਤੋਂ ਪਹਿਲਾਂ ਹੀ
ਲਾਸ਼ ਦੀਆਂ ਵੰਡੀਆਂ ਪਾ ਲਈਆਂ।
ਸੋਗ ਨੂੰ ਵਿਹੜੇ ‘ਚੋਂ ਛਿਛਕਾਰ ਦਿਤਾ
ਬਾਪ ਦੀ ਵਿਰਾਸਤ
ਜੱਗ-ਜ਼ਾਹਰ ਹੋ ਗਈ।

ਪੁੱਤ ਨੇ
ਮਾਂ ਨੂੰ ਕਾਰ ‘ਚ ਬਿਠਾਇਆ
ਬਜੁLਰਗ ਆਸ਼ਰਮ ਦੇ ਸਾਹਮਣੇ ਉਤਾਰ
ਅੱਖੋਂ ਓਝਲ ਹੋ ਗਿਆ
ਮਾਂ
ਜਿਊਂਦੇ ਪੁੱਤ ਦੇ
ਕੀਰਨੇ ਪਾਉਣ ਲੱਗੀ।

ਤਖਤ ਨੇ
ਕਲਮ ਨੂੰ ਸ਼ਾਲ ਤੇ ਸਰੋਪਾ ਦਿਤਾ
ਕਲਮ ਦੀ ਜ਼ਮੀਰ
ਅਰਥਾਂ ਦੇ ਗਲ ਲੱਗ
ਭੁੱਬੀਂ ਰੋਈ
ਪਰ
ਕਲਮ ਨੂੰ ਖਬਰ ਨਾ ਹੋਈ।

ਹਾਬੜੇ ਮਨੁੱਖ ਨੇ
ਦਰਿਆ ਜ਼ੀਰ ਲਿਆ
ਬਰੇਤੇ
ਦਰਿਆ ਨੂੰ ਭਾਲਦੇ ਭਾਲਦੇ
ਖੁਦ ਹੀ ਮਰ ਮੁੱਕ ਗਏ।

ਕੇਹਾ ਹੈ
ਅਜੋਕਾ ਮਨੁੱਖ
ਬਾਂਝ ਕੀਤੀ ਕੁੱਖ
ਰੁੰਡ-ਮਰੁੰਡ ਰੁੱਖ
ਸੰਤਾਪਿਆ ਸੁੱਖ
ਤੇ ਦਿਮਾਗੀ ਬੰਦਾ
ਮਨ ਤੋਂ ਬੇਮੁੱਖ।

ਅਸੀਂ ਅਕਸਰ ਹੀ ਵਰਕਿਆਂ ‘ਤੇ ਲਿਖਿਆ ਪੜ੍ਹਦੇ ਪਰ ਕੋਈ ਨਹੀਂ ਪੜ੍ਹਦਾ ਮਨ ਦੀ ਤਖਤੀ ‘ਤੇ ਲਿਖੀ ਇਬਾਰਤ। ਅਸੀਂ ਬੋਲ ਸੁਣਦੇ ਅਤੇ ਅਰਥ ਕੱਢਦੇ ਪਰ ਕੋਈ ਨਹੀਂ ਜਾਣਦਾ ਚੁੱਪ ਦੀ ਅਬੋਲ ਬਾਣੀ ਨੂੰ ਜਿਸਦੀ ਅਰਥਕਾਰੀ ਲਈ ਮਨ ਨੂੰ ਮਿਲਣਾ ਪੈਂਦਾ। ਅਸੀਂ ਕਿਸੇ ਦੀ ਕਲਮਕਾਰੀ ਨੂੰ ਤਾਂ ਪੜ੍ਹ ਲੈਂਦੇ ਪਰ ਅਜੇਹੀ ਕਲਮਕਾਰੀ ਕਰਨ ਸਮੇਂ ਉਸਦੇ ਮਨ ਵਿਚ ਕਿਹੜੀ ਉਥਲ-ਪੁਥਲ ਹੋ ਰਹੀ ਸੀ? ਉਹ ਕਿਹੜੀ ਮਾਨਸਿਕ ਸਥਿਤੀ ਦਾ ਸ਼ਿਕਾਰ ਸੀ? ਉਸਦੇ ਮਨ ਵਿਚ ਉਠਦੇ ਜਵਾਰਭਾਟਿਆਂ ਨੂੰ ਰਾਹਤ ਕਿਉਂ ਨਾ ਮਿਲੀ? ਉਸਦੇ ਮਨ ਦੀਆਂ ਤਰਜੀਹਾਂ ਨੂੰ ਤਦਬੀਰਾਂ ਕਿਉਂ ਨਾ ਪ੍ਰਾਪਤ ਹੋਈਆਂ? ਉਸਦੀ ਤਕਦੀਰ ਵਿਚ ਝਰੀਟੀਆਂ ਲੀਕਾਂ ਵਿਚੋਂ ਮਾਨਸਿਕ ਸੁਖ ਕਿਉਂ ਮਨਫ਼ੀ ਹੋ ਗਿਆ? ਉਸਦੀ ਕਿਹੜੀ ਮਾਨਸਿਕਤਾ ਨੇ ਅਜੇਹੀ ਲਿਖਤ ਨੂੰ ਉਜਾਗਰ ਕੀਤਾ ਜਾਂ ਉਹ ਆਪਣੀ ਕਲਮ ਰਾਹੀਂ ਕਿੰਝ ਆਪਣੇ ਪਾਠਕਾਂ ਤੀਕ ਪਹੁੰਚਣਾ ਚਾਹੁੰਦਾ? ਕਦੇ ਲਿਖਤ ਦੇ ਅਰਥਾਂ ਦੀ ਬਜਾਏ ਲਿਖਤ ਦੀਆਂ ਉਨ੍ਹਾਂ ਮਾਹੀਨ ਪਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੋ ਅਦਿੱਖ ਹੁੰਦੀਆਂ ਅਤੇ ਜਿਸਨੂੰ ਸਮਝਣਾ ਅਤੇ ਸਮਝਾਉਣਾ ਹਰੇਕ ਦੇ ਵੱਸ ਨਹੀਂ ਹੁੰਦਾ।
ਬਹੁਤ ਘੱਟ ਲੋਕ ਹੁੰਦੇ ਨੇ ਜੋ ਪਾਣੀ ਦੇ ਪਿੰਡੇ ‘ਤੇ ਹਰਫ਼ ਲਿਖਦੇ। ਪਰ ਪਤਾ ਕਰਨਾ ਕਿ ਕਿਉਂ ਉਹ ਵਰਕਿਆਂ ਦੀ ਬਜਾਏ ਪਾਣੀ ‘ਤੇ ਕਲਮਕਾਰੀ ਕਰਨ ਲੱਗੇ। ਕਦੇ ਪਾਣੀਆਂ ‘ਤੇ ਲਿਖੀ ਕਵਿਤਾ ਨੂੰ ਪੜ੍ਹਨਾ ਜੋ ਲਹਿਰਾਂ ਸੰਗ ਰਲ ਕੇ ਪਾਣੀ ਪਾਣੀ ਹੋ ਜਾਂਦੀ। ਕਿਸੇ ਦੇ ਮਨ ਦੀ ਜੂਹ ਵਿਚ ਬਹੁਤ ਕੁਝ ਅਜੇਹਾ ਧਰ ਜਾਂਦੀ ਜਿਹੜਾ ਕੰਢੇ ‘ਤੇ ਬੈਠੈ ਸ਼ਖ਼ਸ ਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਇਹ ਲਹਿਰਾਂ ਮੇਰੇ ਪੈਰਾਂ ਨੂੰ ਚੁੰਮ ਕੇ ਕਿਹੜੀ ਕਵਿਤਾ ਮੇਰੇ ਨਾਮ ਕਰਦੀਆਂ?
ਕਦੇ ਪੰਛੀਆਂ ਦੇ ਬੋਲਾਂ ਵਿਚੋਂ ਸੁਹਜ ਅਤੇ ਸਮਝ ਨੂੰ ਸਮਝਣ ਦੀ ਚੇਸ਼ਟਾ ਕਰਨਾ। ਤੁਹਾਨੂੰ ਪਤਾ ਲੱਗੇਗਾ ਕਿ ਪੰਛੀਆਂ ਦੇ ਮਾਸੂਮ ਮਨਾਂ ਵਿਚ ਅਜੇਹੇ ਜਜ਼ਬਾਤ ਅੰਗੜਾਈ ਭਰਦੇ ਜਿਨ੍ਹਾਂ ਤੋਂ ਅਜੋਕਾ ਮਨੁੱਖ ਬੇਮੁੱਖ ਹੋ ਗਿਆ ਹੈ।
ਕਦੇ ਬਿਰਖ਼ ਦੇ ਹੇਠਾਂ ਖੜ, ਇਸਦੀ ਛਾਂ ‘ਤੇ ਉਕਰੀ ਕਾਵਿਕਾਰੀ ਤੇ ਕਲਾਕਾਰੀ ਨੂੰ ਪੜ੍ਹਨਾ। ਇਸ ਵਿਚੋਂ ਉਭਰਦੇ ਦ੍ਰਿਸ਼ਾਂ ਵਿਚੋਂ ਅਜੇਹੇ ਆਕਾਰ ਤੁਹਾਡੀ ਮਾਨਸਿਕ ਉਤੇਜਨਾ ਨੂੰ ਨਵੀਂ ਪ੍ਰਵਾਜ਼ ਦੇਣਗੇ ਜਿਸਦੀ ਤੁਸੀਂ ਕਦੇ ਤਵੱਕੋਂ ਵੀ ਨਹੀਂ ਕੀਤੀ ਹੁੰਦੀ।
ਦਰਅਸਲ ਮਨੁੱਖ ਨੇ ਜਦ ਤੋਂ ਕੁਦਰਤ ਦੀ ਅਵੱਗਿਆ ਕਰਨੀ ਅਰੰਭੀ, ਉਹ ਆਪਣੇ ਆਪ ਤੋਂ ਬਹੁਤ ਦੂਰ ਚਲੇ ਗਿਆ। ਕਦੇ ਨਹੀਂ ਮਿਲਦਾ ਆਪਣੇ ਮਨ ਨੂੰ ਅਤੇ ਨਾ ਹੀ ਮਨ ਦੇ ਆਖੇ ਲੱਗਦਾ। ਅਸਲ ‘ਚ ਮਨ ਕਦੇ ਵੀ ਗਿਣਤੀਆਂ ਮਿਣਤੀਆਂ ‘ਚ ਨਹੀਂ ਉਲਝਦਾ। ਨਾ ਹੀ ਨਫ਼ੇ ਨੁਕਸਾਨ ਦਾ ਹਾਮੀ। ਇਹ ਤਾਂ ਰੂਹ ਦੀਆਂ ਬਾਤਾਂ ਮੰਨਦਾ, ਸੁਣਦਾ ਅਤੇ ਸੁਣਾਉਂਦਾ। ਇਹੀ ਉਸਦੇ ਸਕੂਨ ਦਾ ਸਭ ਤੋਂ ਵੱਡਾ ਸਬੱਬ।
ਕਦੇ ਘਰ ਵਿਚ ਪਸਰੀ ਚੁੱਪ ਨੂੰ ਅਲਹਾਮੀ ਰੂਪ ਦੇਣ ਲਈ ਇਸ ਚੁੱਪ ਵਿਚੋਂ ਉਠਦੀਆਂ ਉਨ੍ਹਾਂ ਸੰਵੇਦਨਾਵਾਂ ਦਾ ਹੁੰਗਾਰਾ ਜ਼ਰੂਰ ਭਰਨਾ ਜਿਸ ਨਾਲ ਘਰ, ਘਰ ਹੀ ਬਣਿਆ ਰਹੇਗਾ ਵਰਨਾ ਘਰ ਨੂੰ ਮਕਾਨ ਬਣਨ ਲਈ ਤੁਹਾਡੀ ਅਣਗਹਿਲੀ ਸਭ ਤੋਂ ਜ਼ਿਆਦਾ ਕਸੂਰਵਾਰ।
ਕਮਰੇ ਵਿਚ ਸੁਗਮ-ਸੰਗੀ ਦੀਆਂ ਸੁਰਾਂ ਪਨਪਦੀਆਂ ਰਹਿਣ ਤਾਂ ਮੋਹ-ਮੁਹੱਬਤ ਭਿੱਜੇ ਬੋਲਾਂ ਦੀ ਮਿਠਾਸ, ਇਨ੍ਹਾਂ ਦੀ ਭਾਵਨਾ ਅਤੇ ਖਲੂਸ ਤੁਹਾਡੇ ਸੁੰਦਰ ਜੀਵਨ ਦੀ ਅਧਾਰਸ਼ਿਲਾ ਬਣੇਗਾ। ਆਪਣੇ ਸੱਜਣ ਦੇ ਸਾਹਾਂ ਵਿਚਲੀ ਮਹਿਕ ਅਤੇ ਕੋਸੇ ਕੋਸੇ ਪਲਾਂ ਨੂੰ ਮਾਨਣ ਦਾ ਵਿਸਮਾਦ ਅਗਰ ਕਮਰੇ ਦਾ ਧੰਨਭਾਗ ਬਣ ਜਾਵੇ ਤਾਂ ਕਮਰਾ ਜਿਊਣ ਜੋਗਾ ਹੋ ਜਾਂਦਾ। ਦੇਖਣਾ! ਤੁਸੀਂ ਕਮਰੇ ਨੂੰ ਕਦੋਂ ਜਿਊਣ ਜੋਗਰਾ ਬਣਾਉਂਦੇ ਹੋ?
ਲੋੜ ਹੈ ਕਿ ਬੰਦਾ ਮਨ ਦੀ ਗੁਫ਼ਤਗੂ ਨੂੰ ਸੁਣੇ। ਇਸਦੀਆਂ ਰਮਜ਼ਾਂ ਸਮਝੇ। ਇਸ ਵਿਚ ਉਠਦੀਆਂ ਤਰੰਗਾਂ ਨੂੰ ਮਾਣੇ ਤਾਂ ਉਹ ਜ਼ਿੰਦਗੀ ਦੇ ਸੁਖਨਵਰ ਪਲਾਂ ਦਾ ਸ਼ਾਹ-ਅਸਵਾਰ ਬਣ ਕੇ, ਮਾਨਸਿਕਤਾ ਦਾ ਅਕਹਿ ਆਨੰਦ ਮਾਣ ਸਕਦਾ।