ਬਲਕਾਰ ਸਿੰਘ ਪ੍ਰੋਫੈਸਰ
ਪੰਜਾਬ ਦੀ ਵਰਤਮਾਨ ਸਥਿਤੀ ਵਿਚ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਮੇਤ ਸਾਰੀਆਂ ਸਿੱਖ-ਸੰਸਥਾਵਾਂ, ਹੋ ਰਹੀ ਸਿਆਸਤ ਦੇ ਪੈਰੋਂ ਸਵਾਲਾਂ ਦੇ ਘੇਰੇ ਵਿਚ ਆ ਗਈਆਂ ਹਨ। ਸਿਆਸਤ ਨਾਲ ਜੁੜੇ ਹੋਏ ਸਵਾਲਾਂ-ਜਵਾਬਾਂ ਦੇ ਚੱਕਰ ਵਿਚ ਸਿੱਖ-ਸਿਧਾਂਤਕੀ ਅਤੇ ਸਿੱਖ-ਪਰੰਪਰਾਵਾਂ ਅੱਖੋਂ ਓਝਲ ਹੋ ਰਹੀਆਂ ਹਨ ਅਤੇ ਸਿੱਖ-ਹੱਲ, ਰਾਜਨੀਤੀ ਮੁਤਾਬਿਕ ਨਿਕਲਦੇ ਨਿਕਲਦੇ ਇਕ ਦੂਜੇ ਨਾਲ ਉਲਝਦੇ ਜਾ ਰਹੇ ਹਨ। ਸਰਬੱਤ-ਖਾਲਸਾ ਦੇ ਹਵਾਲੇ ਨਾਲ ਇਹ ਉਲਝਣ,
ਅਜਿਹੀਆਂ ਵੰਗਾਰਾਂ ਨੂੰ ਜਨਮ ਦੇ ਰਹੀ ਹੈ, ਜਿਨ੍ਹਾਂ ਦੀ ਸੌਖਿਆਂ ਸਿਆਸਤ ਤਾਂ ਕੀਤੀ ਜਾ ਸਕਦੀ ਹੈ, ਪਰ ਸਿਧਾਂਤਕ ਪ੍ਰਸੰਗਕਤਾ ਵਿਚ ਕਿਸੇ ਤਰ੍ਹਾਂ ਦੀ ਸਹਿਜ-ਸਥਾਪਤੀ ਨਹੀਂ ਕੀਤੀ ਜਾ ਸਕਦੀ। ਇਸ ਸਿਆਸੀ ਘੜਮੱਸ ਨੇ ਆਮ ਸਿੱਖ ਨੂੰ ਬੌਂਦਲਾਇਆ ਪਿਆ ਹੈ। ਗੁਰਮਤਿ ਅਤੇ ਸਿੱਖ-ਸਿਆਸਤ, ਜਦੋਂ ਕਿਸੇ ਵੀ ਕਾਰਨ ਆਹਮੋ-ਸਾਹਮਣੇ ਹੋਈਆਂ ਹਨ, ਇਹੋ ਜਿਹੀ ਸਥਿਤੀ ਪੈਦਾ ਹੁੰਦੀ ਰਹੀ ਹੈ। ਸਿਆਸਤ ਦਾ ਸਿੱਖ-ਪ੍ਰਸੰਗ ਤਾਂ ਗੁਰੂ ਸਾਹਿਬਾਨ ਵੇਲੇ ਸਾਹਮਣੇ ਆਉਂਦਾ ਰਿਹਾ ਸੀ, ਪਰ ਸਿਆਸਤ ਦੇ ਪੰਥਕ-ਪ੍ਰਸੰਗ ਦੀ ਨੀਂਹ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਰੱਖੀ ਗਈ ਸੀ। ਇਸ ਦਾ ਬਿਰਦ ਪਾਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦ ਹੋ ਜਾਣ ਤੱਕ ਭਰਾ-ਮਾਰੂ ਸਿਆਸਤ ਨਹੀਂ ਕੀਤੀ ਸੀ। ਇਹੀ ਪੰਥਕ-ਪਰੰਪਰਾ ਮਿਸਲਦਾਰਾਂ ਨੇ ਕਾਇਮ ਰੱਖੀ ਸੀ ਅਤੇ ਮਿਸਲਾਂ ਵੇਲੇ ਅੰਦਰੋਂ ਤੇ ਬਾਹਰੋਂ ਦਰਪੇਸ਼ ਸਿਆਸੀ-ਸਮੱਸਿਆਵਾਂ ਨਾਲ ਪੰਥਕ-ਸੁਰ ਵਿਚ ਨਿਪਟਣ ਵਾਸਤੇ ਸਰਬੱਤ-ਖਾਲਸਾ, ਸਿੱਖ-ਵਿਧੀ ਵਜੋਂ ਸਾਹਮਣੇ ਆ ਗਿਆ ਸੀ।
ਸਰਬੱਤ-ਖਾਲਸਾ, ਗੁਰੂ-ਕਿਰਤ ਨਹੀਂ ਹੈ, ਕਿਉਂਕਿ ਇਹ ਪੰਥਕ-ਕਿਰਤ ਹੈ। ਪੰਥ ਅੰਦਰ ਜਿਸ ਮਾਤਰਾ ਵਿਚ ਗੁਰੂ ਸ਼ਾਮਲ ਰਹਿੰਦਾ ਹੈ, ਉਸੇ ਮਾਤਰਾ ਵਿਚ ਪੰਥਕ-ਕਿਰਤ ਨੂੰ ਮਾਨਤਾ ਮਿਲਦੀ ਰਹੀ ਹੈ ਇਸ ਦਾ ਅਰਥ ਇਹ ਹੋਇਆ ਕਿ ਜਿਹੜੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਦੇ ਹਵਾਲੇ ਨਾਲ ਨਿਕਲ ਸਕਦਾ ਰਿਹਾ ਹੈ, ਉਸ ਨਾਲ ਸਿੱਖ-ਸਹਿਮਤੀ ਵੱਲ ਸੌਖਿਆਂ ਵਧਿਆ ਜਾ ਸਕਦਾ ਹੈ। ਇਸ ਨਾਲ ਇਹ ਨੁਕਤਾ ਸਾਹਮਣੇ ਆ ਜਾਂਦਾ ਹੈ ਕਿ ਸਰਬੱਤ-ਖਾਲਸਾ, ਸਿਆਸੀ-ਲੋੜਾਂ ਵਾਸਤੇ ਗੁਰਬਾਣੀ ਦੀ ਰੌਸ਼ਨੀ ਵਿਚ ਸਿੱਖ-ਸਹਿਮਤੀ ਵਾਲੇ ਪੰਥਕ-ਹੱਲ ਵਜੋਂ ਸਾਹਮਣੇ ਆਇਆ ਸੀ। ਇਸ ਦੀ ਵਰਤੋਂ ਲੋੜ ਪੈਣ ‘ਤੇ ਹੀ ਹੁੰਦੀ ਰਹੀ ਹੈ ਅਤੇ ਦੀਵਾਲੀ ਅਤੇ ਵੈਸਾਖੀ ਦੇ ਹਵਾਲੇ ਨਾਲ ਮਿਲਦੇ ਵੇਰਵੇ, ਇਕੱਠੇ ਹੋਏ ਸਿੱਖਾਂ ਨੂੰ ਸਰਬੱਤ ਖਾਲਸਾ ਕਹੇ ਬਗੈਰ ਸਿਆਸੀ ਲਾਹਾ ਲਿਆ ਜਾਂਦਾ ਰਿਹਾ ਸੀ। ਪਰ ਇਨ੍ਹਾਂ ਸਿੱਖ-ਇਕੱਠਾਂ ਨੂੰ ਵਿਧੀਵਤ ਢੰਗ ਨਾਲ ਸੱਦਿਆ ਹੋਇਆ ਸਰਬੱਤ-ਖਾਲਸਾ ਕਹਿਣਾ ਠੀਕ ਨਹੀਂ ਹੋਵੇਗਾ? ਸਿੱਖ-ਇਕੱਠਾਂ ਦਾ ਇਹੋ ਜਿਹਾ ਸਿਆਸੀ-ਲਾਹਾ ਤਾਂ ਸਿੱਖ-ਸਿਆਸਤਦਾਨ ਅੱਜ ਵੀ ਲੈਂਦੇ ਆ ਰਹੇ ਹਨ। ਪਰ ਇਸ ਤੇ ਇਸ ਤਰ੍ਹਾਂ ਕਦੇ ਇਤਰਾਜ਼ ਨਹੀਂ ਹੋਏ ਜਿਵੇਂ 10 ਨਵੰਬਰ 2025 ਨੂੰ ਪ੍ਰਸਤਾਵਿਤ ਸਰਬੱਤ-ਖਾਲਸਾ ਬਾਰੇ ਹੋ ਰਹੇ ਹਨ। ਇਹ ਸਾਰੇ ਇਤਰਾਜ਼ ਸਰਬੱਤ-ਖਾਲਸੇ ਦੀ ਸਿਆਸਤ ਨੂੰ ਲੈ ਕੇ ਹੋ ਰਹੇ ਹਨ। ਇਸ ਨਾਲ ਪਵਿਤਰ-ਅਵਸਰਾਂ ਦੀ ਸਿਆਸੀ ਵਰਤੋਂ ਵਿਰੁਧ ਆਵਾਜ਼ ਵੀ ਉਠ ਰਹੀ ਹੈ ਅਤੇ ਇਹ ਸੱਚ ਵੀ ਸਾਹਮਣੇ ਆ ਰਿਹਾ ਹੈ ਕਿ ਸਿਆਸੀ-ਇਕੱਠਾਂ ਨੂੰ ਸਰਬੱਤ-ਖਾਲਸਾ ਉਵੇਂ ਹੀ ਨਹੀਂ ਕਿਹਾ ਜਾ ਸਕਦਾ ਜਿਵੇਂ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ ‘ਅਣਰੰਗੇ ਮਨਾਂ ਵਾਲੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ।’ ਸਿੱਖ-ਸਿਆਸਤਦਾਨਾਂ ਦੇ ਸਿਆਸੀ-ਭੇੜ ਨਾਲ ਹੋਣ ਵਾਲੇ ਪੰਥਕ-ਨੁਕਸਾਨ ਨੂੰ ਰੋਕਣ ਲਈ ਤਾਂ ਸਰਬੱਤ-ਖਾਲਸਾ ਸੱਦਿਆ ਜਾ ਸਕਦਾ ਹੈ, ਪਰ ਸਿੱਖ-ਸਿਆਸਤਦਾਨਾਂ ਵਿਚਕਾਰ ਸਿਆਸੀ-ਕਬਜੇ ਵੱਲ ਸੇਧਤ ਬਦਲਾਵ ਦੀ ਸੌੜੀ ਸਿਆਸਤ ਵਾਸਤੇ ਸਰਬੱਤ-ਖਾਲਸਾ ਨਾ ਹੀ ਸੱਦਿਆ ਜਾ ਸਕਦਾ ਹੈ ਅਤੇ ਨਾ ਹੀ ਵਰਤਿਆ ਜਾ ਸਕਦਾ ਹੈ। ਇਸ ਕਰਕੇ ਗੁਰਬਾਣੀ ਦੇ ਹਵਾਲੇ ਨਾਲ ਅਤੇ ਪਰੰਪਰਕ ਸਿੱਖ-ਸੁਰ ਵਿਚ ਸਰਬੱਤ-ਖਾਲਸਾ ਬਾਰੇ ਗੱਲਾਂ ਤਾਂ ਕੀਤੀਆਂ ਜਾ ਸਕਦੀਆਂ ਹਨ, ਪਰ ਸਰਬੱਤ-ਖਾਲਸਾ ਨੂੰ ਸਿਆਸੀ ਵਿਧੀ ਵਜੋਂ ਉਸ ਤਰ੍ਹਾਂ ਸਥਾਪਤ ਨਹੀਂ ਕੀਤਾ ਜਾ ਸਕਦਾ, ਜਿਵੇਂ ਇਸ ਵੇਲੇ ਸਿੱਖ-ਸਿਆਸਤਦਾਨਾਂ ਵੱਲੋਂ ਸਮਝਿਆ ਅਤੇ ਵਰਤਿਆ ਜਾ ਰਿਹਾ ਹੈ। ਸਿਆਸਤ ਦੀ ਸਿੱਖ ਮੰਡੀ ਵਿਚ ਡਾਂਗ ਤੇ ਡੇਰੇ ਦੀ ਸਿਆਸਤ ਮੈਨੂੰ ਦਿਆਨਤਦਾਰੀ ਨਾਲ ਕੀਤਾ ਗਿਆ ਉਲਾਰ ਲੱਗਦਾ ਹੈ। ਉਲਾਰ, ਗੰਧਲਾਊ ਸਰੋਕਾਰਾਂ ਨੂੰ ਜਨਮ ਦੇਂਦਾ ਹੈ ਅਤੇ ਜੋੜਣ ਦੇ ਨਾਮ ਤੇ ਤੋੜਣ ਦੀ ਰਾਜਨੀਤੀ ਹੋ ਜਾਂਦਾ ਹੈ।
ਸਿਆਸੀ-ਵੰਗਾਰਾਂ ਦੇ ਧਾਰਮਿਕ-ਹੱਲ ਲੱਭਣ ਵਾਸਤੇ ਹੋਂਦ ਵਿਚ ਆਈ ਇਸ ਸੰਸਥਾ (ਸਰਬੱਤ-ਖਾਲਸਾ) ਦਾ ਸਿੱਖ-ਸੁਰ ਵਿਚ ਪੰਥਕ ਪ੍ਰਸੰਗ ਉਸ ਤਰ੍ਹਾਂ ਸਥਾਪਤ ਹੀ ਨਹੀਂ ਹੋਇਆ, ਜਿਸ ਤਰ੍ਹਾਂ ਮੰਨਿਆ ਜਾ ਰਿਹਾ ਹੈ। ਸਰਬੱਤ-ਖਾਲਸਾ ਦੇ ਸਿੱਖ ਪ੍ਰਸੰਗ ਨੂੰ ਸਮਝਣ ਅਤੇ ਸਮਝਾਉਣ ਵਾਲੇ ਪਾਸੇ ਤੁਰਨ ਦੀ ਥਾਂ, ਇਸ ਸੰਸਥਾ ਨੂੰ ਸਿਆਸੀ-ਸੰਦ ਵਜੋਂ ਵਰਤਣ ਦੇ ਰਾਹ ਕਿਸੇ ਨੂੰ ਵੀ ਨਹੀਂ ਪੈਣ ਦੇਣਾ ਚਾਹੀਦਾ। ਇਸ ਸੰਸਥਾ ਬਾਰੇ ਪ੍ਰਾਪਤ ਵੇਰਵੇ, ਇਕਵਾਰਗੀ-ਸੁਰ ਵਿਚ ਹੋਣ ਦੇ ਬਾਵਜੂਦ ਸਿੱਖ-ਸਿਧਾਂਤਕੀ ਨਾਲੋਂ ਵਿਛੜੇ ਹੋਏ ਨਜ਼ਰ ਆ ਜਾਂਦੇ ਹਨ ਅਤੇ ਪੰਥਕ ਚੇਤਾਵਨੀ ਵਾਂਗ ਚੇਤੇ ਕਰਵਾ ਰਹੇ ਲੱਗਦੇ ਹਨ ਕਿ ਰੂਹਾਨੀ-ਗੁਣਾਂ ਨਾਲੋਂ ਟੁੱਟੀ ਹੋਈ ਰਾਜਨੀਤੀ ਨੂੰ ਸਰਬੱਤ-ਖਾਲਸਾ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ-ਸਿਧਾਂਤਕੀ ਦੀ ਨੀਂਹ ਤੇ ਉਸਰੀਆਂ ਸਿੱਖ-ਸੰਸਥਾਵਾਂ, ਇਸਲਾਮੀ-ਸਿਧਾਂਤਕੀ ਦੀ ਨੀਂਹ ਤੇ ਉਸਰੀਆਂ ਇਸਲਾਮੀ-ਸੰਸਥਾਵਾਂ ਦਾ ਬਦਲ ਵੀ ਉਸਾਰ ਰਹੀਆਂ ਸਨ ਅਤੇ ਸਿੱਖ-ਉਸਾਰ ਨੂੰ ਵਿਰਾਸਤੀ-ਧਰਾਤਲ ਤੇ ਖੜ੍ਹਾ ਵੀ ਕਰ ਰਹੀਆਂ ਸਨ। ਇਸ ਨਾਲ ਇਹ ਸਥਾਪਤ ਹੋ ਗਿਆ ਸੀ ਕਿ ਸੰਸਥਾਵਾਂ, ਸਿਧਾਂਤਕੀ ਅਤੇ ਸਿਧਾਂਤ ਦੇ ਜਗਿਆਸੂਆਂ ਜਾਂ ਪੈਰੋਕਾਰਾਂ ਵਿਚਕਾਰ ਪੁਲ ਦਾ ਕੰਮ ਦੇਂਦੀਆਂ ਹਨ ਅਤੇ ਆਮ ਮਾਨਸਿਕਤਾ ਨੂੰ ਨਾਲ ਲੈ ਕੇ ਤੁਰਨ ਵਾਸਤੇ ਮਾਰਗ-ਦਰਸ਼ਨ ਵੀ ਕਰਦੀਆਂ ਰਹਿੰਦੀਆਂ ਹਨ। ਅਕਾਲੀ-ਸਿਆਸਤਦਾਨਾਂ ਵਿਚਕਾਰ ਚੱਲ ਰਹੇ ਵਰਤਮਾਨ ਸਿਆਸੀ-ਭੇੜ ਨੇ ਸਿੱਖ-ਸਿਆਸਤਦਾਨਾਂ ਦਾ ਓਹੀ ਹਾਲ ਕਰ ਦਿੱਤਾ ਹੈ, ਜਿਹੋ ਜਿਹਾ ਧਰਮ ਅਤੇ ਸਿਆਸਤ ਵਿਚਕਾਰ ਵਿਗੜੇ ਹੋਏ ਸੰਤੁਲਨ ਕਰਕੇ ਗੁਰੂ ਸਾਹਿਬਾਨ ਦੇ ਸਮਕਾਲੀ ਹਾਕਮਾਂ ਦਾ ਹੋ ਗਿਆ ਸੀ। ਜਦੋਂ ਕਿਸੇ ਵੀ ਸਮਕਾਲ ਦੇ ਸਿਆਸਦਾਨਾਂ ਨੂੰ ਇਹੀ ਯਾਦ ਰਹਿ ਜਾਵੇ ਕਿ ਧਰਮ ਕਰਕੇ ਰਾਜ ਮਿਲਿਆ ਹੈ ਅਤੇ ਧਰਮ ਨੂੰ ਪਰਚਾਰਨ ਦੀ ਰਾਜਨੀਤੀ ਕਰਨ ਦਾ ਸਿਆਸਤਦਾਨ ਨੂੰ ਹੱਕ ਮਿਲ ਗਿਆ ਹੈ ਤਾਂ ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ’(145) ਵਾਲੀ ਸਥਿਤੀ ਪੈਦਾ ਹੋ ਜਾਂਦੀ ਰਹੀ ਹੈ। ਇਸ ਨਾਲ ਸਬੰਧਤ ਇਹੋ ਜਿਹੇ ਹਵਾਲੇ ਵੀ ਮਿਲ ਜਾਂਦੇ ਹਨ ਕਿ ਇਕਬਾਲ ਦੇ ਸ਼ਬਦਾਂ ਵਿਚ ‘ਦੀਨੀ-ਹਕੂਮਤ ਵਿਚ ਰੱਬੀ-ਹੁਕਮਾਂ ਨੂੰ ਹੀ ਪਹਿਲ ਪ੍ਰਾਪਤ ਰਹਿੰਦੀ ਹੈ ਅਤੇ ਧਾਰਮਿਕ ਆਗੂ ਅਣਦਿਸਦੇ ਰੱਬ ਦੇ ਪ੍ਰਤੀਨਿਧ ਬਣਦੇ ਰਹੇ ਹਨ।’ ਧਰਮ-ਪਰਿਵਰਤਨ ਨਾਲ ਹੀ ਇਹ ਮੀਰਾਂ ਤੇ ਪੀਰਾਂ ਰਾਹੀਂ ਸੰਭਵ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਨਾਲ ਧਰਮ ਦੀ ਥਾਂ ਤੇ ਧਰਮ ਦੀ ਸਿਆਸਤ ਪ੍ਰਧਾਨ ਹੁੰਦੀ ਰਹੀ ਹੈ। ਇਸ ਦੇ ਅਲੋਚਨਾਤਮਕ-ਵਿਸ਼ਲੇਸ਼ਣ ਦਾ ਹਵਾਲਾ ‘ਰਾਜੇ ਸ਼ੀਂਹ ਮੁਕਦਮ ਕੁੱਤੇ…’ ਆਦਿ ਰਾਹੀਂ ਗੁਰਬਾਣੀ ਵਿਚੋਂ ਮਿਲ ਜਾਂਦਾ ਹੈ। ਗੁਰਮਤਿ ਵਿਚ ਏਥੋਂ ਕੀਤੀ ਹੋਈ ਸ਼ੁਰੂਆਤ (1499), ਸਿੱਖ ਤੋਂ ਗੁਰਸੰਗਤ ਅਤੇ ਗੁਰਸੰਗਤ ਤੋਂ ਖਾਲਸਾ ਤੱਕ ਦਾ ਸਫਰ (1708) ਤਹਿ ਕਰਦੀ ਹੋਈ, ਗ੍ਰੰਥ ਅਤੇ ਪੰਥ ਦੀ ਅਗਵਾਈ ਵਿਚ ਊਰਜਿਤ-ਵਿਧੀਆਂ ਰਾਹੀਂ ਬਲਵਾਨ ਸੁਰਤਿ ਅਤੇ ਚੜ੍ਹਦੀ ਕਲਾ ਵਾਲੀ ਮਾਨਸਿਕਤਾ ਨੂੰ ਸਾਹਮਣੇ ਲਿਆਉਂਦੀ ਰਹੀ ਹੈ। ਇਸ ਭਾਈਚਾਰਕ-ਸ਼ਸ਼ਕਤੀਕਰਣ ਵਾਸਤੇ ਗੁਰੂ-ਸਿਰਜਤ ਵਿਧੀਆਂ ਦੇ ਨਾਲ ਨਾਲ ਪੰਥ-ਸਿਰਜਤ ਵਿਧੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਸਰਬੱਤ-ਖਾਲਸਾ, ਪੰਥ-ਸਿਰਜਤ ਵਿਧੀਆਂ ਵਿਚੋਂ ਇਕ ਹੈ ਅਤੇ ਇਸ ਦੀ ਵਰਤੋਂ ਸਿਆਸਤ ਵਾਸਤੇ ਵੀ ਸੰਗਤੀ ਸੁਰ ਵਿਚ ਰਹਿਣ ਕਰਕੇ ਧੜੇਬੰਦੀ ਦੀ ਸਿਆਸਤ ਤੋਂ ਮੁਕਤ ਰਹੀ ਹੈ। ਚੱਬੇ ਵਾਲੇ ਸਰਬੱਤ ਖਾਲਸਾ ਅਤੇ 26 ਜਨਵਰੀ 2026 ਵਾਲੇ ਸਰਬੱਤ ਖਾਲਸਾ ਨੂੰ ਧੜਿਆਂ ਦਾ ਇਕੱਠ ਹੋਣ ਕਰਕੇ ਕਿਸੇ ਤਰ੍ਹਾਂ ਵੀ ਸੰਗਤੀ ਇਕੱਠ ਨਹੀਂ ਕਿਹਾ ਜਾ ਸਕਦਾ।
ਸਰਬੱਤ-ਖਾਲਸਾ ਦੀ ਵਰਤੋਂ ਮਿਸਲਦਾਰੀਆਂ ਵੇਲੇ ਸ਼ੁਰੂ ਹੋਈ ਸੀ ਅਤੇ ਇਸ ਨਾਲ ਮਿਸਲ-ਮੁਖੀ, ਪੰਥਕ-ਸਰੋਕਾਰਾਂ ਨੂੰ ਨੁਕਸਾਨ ਪਹੁੰਚਾਣ ਵਾਲੀ ਮਿਸਲਦਾਰੀ-ਸਿਆਸਤ ਨਾਲ ਨਜਿੱਠਨ ਵਾਸਤੇ ਲੋੜੀਂਦੀ ਆਪਸੀ-ਸਹਿਮਤੀ ਵਾਲੀ ਸਾਂਝੀ-ਸਮਝ ਬਨਾਉਂਦੇ ਰਹੇ ਸਨ। ਮਿਸਲਦਾਰੀ-ਸਿਆਸਤ ਦੀ ਨਿਰੰਤਰਤਾ ਵਿਚ ਸਿੱਖ-ਸਿਆਸਤ ਨਾਲ ਹੋ ਰਹੇ ਪੰਥਕ-ਨੁਕਸਾਨ ਵਾਸਤੇ ਸਰਬੱਤ-ਖਾਲਸਾ ਸੱਦਿਆ ਜਾ ਸਕਦਾ ਹੈ ਅਤੇ ਸੱਦਿਆ ਵੀ ਜਾਣਾ ਚਾਹੀਦਾ ਹੈ। ਸੱਦਣ ਵੇਲੇ ਸੱਦਣ ਦੀ ਪਰੰਪਰਕ-ਵਿਧੀ ਧਿਆਨ ਵਿਚ ਰਹਿਣੀ ਚਾਹੀਦੀ ਹੈ ਅਤੇ ਇਸ ਨੂੰ ਇਸ ਤਰ੍ਹਾਂ ਨਹੀਂ ਸੱਦਿਆ ਜਾਣਾ ਚਾਹੀਦਾ ਜਿਵੇਂ ਸਿੱਖ-ਸਿਆਸਤਦਾਨਾਂ ਦੇ ਧੜਿਆਂ ਵੱਲੋਂ ਸੱਦਿਆ ਜਾ ਚੁੱਕਾ ਹੈ। ਸਾਡੇ ਕੋਲ ਸਰਬੱਤ-ਖਾਲਸੇ ਦੀ ਪਰੰਪਰਾ ਹੈ ਅਤੇ ਇਸ ਪਰੰਪਰਾ ਵਿਚ ਪੰਥਕ-ਸਹਿਮਤੀ ਨਾਲ ਪੰਥਕ ਸੁਰ ਵਿਚ ਵਾਧੇ-ਘਾਟੇ ਵੀ ਕੀਤੇ ਜਾ ਸਕਦੇ ਹਨ। ਪਰ ਕਿਸੇ ਇਕ ਸਿਆਸੀ ਧੜਿਆਂ ਨੂੰ ਪਰੰਪਰਾ ਦਾ ਅਪਹਰਣ ਕਰਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਹ ਸਮੱਸਿਆ ਇਸ ਲਈ ਪੈਦਾ ਹੋ ਗਈ ਹੈ, ਕਿਉਂਕਿ ਸਿੱਖ-ਸਿਆਸਤਦਾਨ, ਸਰਬੱਤ-ਖਾਲਸੇ ਦੀ ਸੰਸਥਾ ਨੂੰ ਆਪਣੇ-ਆਪਣੇ ਹੱਕ ਵਿਚ ਵਰਤਣ ਲਈ ਤਾਂ ਕਾਹਲੇ ਹਨ, ਪਰ ਸਰਬੱਤ-ਖਾਲਸਾ ਨੂੰ ਸਮਝਣ ਅਤੇ ਸਥਾਪਤ ਕਰਣ ਵਾਸਤੇ ਲੋੜੀਂਦੀ ਸੁਜੱਗਤਾ ਦੇ ਸਨਮੁਖ ਹੋਣ ਲਈ ਤਿਆਰ ਨਹੀਂ ਹਨ। ਸਰਬੱਤ-ਖਾਲਸਾ ਬਾਰੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਚੁੱਪ ਹਨ। ਇਸ ਨਾਲ ਇਹ ਨੁਕਤਾ ਸਾਹਮਣੇ ਲਿਆ ਰਿਹਾ ਹਾਂ ਕਿ ਸਰਬੱਤ-ਖਾਲਸਾ ਬਾਰੇ ਜੋ ਕੁਝ ਪ੍ਰਾਪਤ ਹੈ, ਉਹ ਏਨਾ ਥੋੜ੍ਹਾ ਹੈ ਕਿ ਸਾਂਝੀ-ਸਮਝ ਬਨਾਉਣ ਵਾਸਤੇ ਕੰਮ ਹੀ ਨਹੀਂ ਆਉਂਦਾ। ਬਦੇਸ਼ੀ ਲੇਖਕਾਂ ਨੇ ਸਰਬੱਤ-ਖਾਲਸੇ ਅਤੇ ਗੁਰਮਤੇ ਨੂੰ ਇਕੋ ਸਮਝ ਲਿਆ ਸੀ, ਕਿਉਂਕਿ ਇਹ ਦੋਵੇਂ ਇਕ-ਦੂਜੇ ਨਾਲ ਜੁੜੇ ਹੋਏ ਹਨ। ਮੈਲਕਮ ਨੇ ਤਾਂ ਇਹ ਸਮਝ ਲਿਆ ਕਿ ਕੁਨਕਾ (ਪ੍ਰਸ਼ਾਦ) ਖਾਣ ਤੋਂ ਬਾਅਦ ਸਿੱਖ ਲਏ ਹੋਏ ਫੈਸਲਿਆਂ ਨੂੰ ਮੰਨਣ ਦੇ ਪਾਬੰਦ ਹੋ ਜਾਂਦੇ ਹਨ। ਮੈਕਲੋਡ ਨੇ ਇਸ ਨੂੰ 18ਵੀਂ ਸਦੀ ਦੀ ਸਿੱਖ-ਸਿਆਸਤ ਅਤੇ ਸਿੱਖ-ਸੈਨਿਕਤਾ ਨਾਲ ਜੋੜ ਕੇ ਜੱਟ-ਸਿੱਖਾਂ ਦੇ ਉਧੜਧੁੰਮੀਏ ਜਥੇ ਕਹਿ ਦਿੱਤਾ ਹੈ ਅਤੇ ਇਨ੍ਹਾਂ ਜਥਿਆਂ ਵੱਲੋਂ ਆਪਸੀ ਝਗੜਿਆਂ ਨੂੰ ਨਿਪਟਾਉਣ ਵਾਸਤੇ ਕੀਤੇ ਗਏ ਇਕੱਠ ਨੂੰ ਸਰਬੱਤ-ਖਾਲਸਾ ਕਹਿ ਦਿੱਤਾ ਹੈ। ਇਹ ਟਿਪਣੀਨੁਮਾ ਧਾਰਨਾਵਾਂ ਬੇਸ਼ੱਕ ਠੀਕ ਨਹੀਂ ਹਨ। ਪਰ ਜਿਸ ਤਰ੍ਹਾਂ ਵਰਤਮਾਨ ਵਿਚ ਸਰਬੱਤ-ਖਾਲਸਾ ਕੀਤਾ ਗਿਆ ਹੈ, ਕੀ ਇਸ ਨਾਲ ਏਸੇ ਦੀ ਪੁਸ਼ਟੀ ਤਾਂ ਨਹੀਂ ਹੋ ਜਾਵੇਗੀ? ਮੈਕਲੋਡ ਦੀ ਧਾਰਨਾ ਨੂੰ ਜਗਤਾਰ ਸਿੰਘ ਗਰੇਵਾਲ ਨੇ ਠੀਕ ਕਰਣ ਦੀ ਕੋਸ਼ਿਸ਼ ਕਰਦਿਆਂ ਸਰਬੱਤ-ਖਾਲਸਾ ਨੂੰ ਪੰਥਕ-ਸੁਰ ਵਿਚ ਨੀਮ-ਪਾਰਲੀਮੈਂਟਰੀ ਸੈਸ਼ਨ ਕਿਹਾ ਹੋਇਆ ਹੈ। ਇਸ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿਆਸੀਆਂ ਨੂੰ ਖਾਸ ਕਰਕੇ ਅਤੇ ਗੁਰੂਕਿਆਂ ਨੂੰ ਆਮ ਕਰਕੇ ਓਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਨੁਕਸਾਨ ਵੱਧ ਹੁੰਦਾ ਹੋਵੇ ਅਤੇ ਭਲਾ ਘੱਟ? ਨਹੀਂ ਸੰਭਲਾਂਗੇ ਤਾਂ ਟਪਲਾ ਖਾਧੀ ਸਿਆਸਤ ਦਾ ਸ਼ਿਕਾਰ ਹੁੰਦੇ ਰਹਾਂਗੇ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰਬਤ-ਖਾਲਸੇ ਦੇ ਆਸਰੇ ਨਾਲ ਮਿਸਲਾਂ ਦੇ ਆਪਸੀ ਝਗੜੇ ਬਿਨਾਂ ਨੁਕਸਾਨ ਨਜਿੱਠੇ ਜਾਂਦੇ ਰਹੇ ਸਨ। ਪਰ ਕੀ ਵਰਤਮਾਨ ਸਰਬੱਤ-ਖਾਲਸੇ ਨਾਲ ਆਪਸੀ ਝਗੜਿਆਂ ਨੂੰ ਨਜਿੱਠਣਾ ਸੰਭਵ ਹੋ ਸਕੇਗਾ? ਪਰੰਪਰਕ ਸੁਰ ਵਿਚ ਸਰਬਤ-ਖਾਲਸਾ ਵਿਚ ਖਤਰੇ ਜਾਂ ਮੁਹਿੰਮ ਵੇਲੇ ਸਾਰੇ ਸਿਆਸੀ-ਮੁਖੀਏ ਧਾਰਮਿਕ ਭਾਵਨਾ ਵਿਚ ਇਕੱਠੇ ਹੋ ਜਾਂਦੇ ਸਨ ਅਤੇ ਸਾਰੇ ਵਿਅਕਤੀਗਤ ਮਸਲੇ ਇਕ ਪਾਸੇ ਰੱਖ ਕੇ ਕੌਮ ਅਤੇ ਭਾਈਚਾਰੇ ਦੇ ਹੱਕ ਵਿਚ ਭੁਗਤਣ ਵਾਲੇ ਫੈਸਲੇ ਲੈਂਦੇ ਸਨ। ਸਰਬੱਤ-ਖਾਲਸਾ ਦਾ ਊਰਜਿਤ-ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਰਹਿੰਦਾ ਸੀ ਅਤੇ ਇਸ ਤਰ੍ਹਾਂ ਲਏ ਹੋਏ ਫੈਸਲੇ ਦੇ ਵਿਰੋਧ ਨੂੰ ਪੰਥ ਵਿਰੋਧੀ ਵਰਤਾਰਾ ਸਮਝਿਆ ਜਾਂਦਾ ਸੀ। ਸਰਬੱਤ-ਖਾਲਸਾ, ਧਾਰਮਿਕ ਮਸਲਿਆਂ ਬਾਰੇ ਬਹੁਤ ਘਟ ਹੁੰਦਾ ਰਿਹਾ ਹੈ ਅਤੇ ਇਸ ਦਾ ਸਬੰਧ ਸਮੇਂ ਦੀ ਸਿੱਖ-ਸਿਆਸਤ ਨਾਲ ਹੀ ਰਿਹਾ ਹੈ। ਪਰ ਅਕਾਲ ਤਖਤ ਸਾਹਿਬ ਦੀ ਸਿੱਖ-ਮਾਨਤਾ ਨੇ ਇਸ ਨੂੰ ਸਥਾਨਗਤ ਵੀ ਕੀਤਾ ਹੋਇਆ ਸੀ ਅਤੇ ਧਾਰਮਿਕ-ਸੁਰ ਵਿਚ ਵੀ ਰੱਖਿਆ ਹੋਇਆ ਸੀ। ਇਸ ਨਾਲ ਕਿਸੇ ਧੜੇ ਨੂੰ ਆਪਣੇ ਹਿਤਾਂ ਵਲ ਸੇਧਤ ਸਿਆਸਤ ਕਰਨ ਦਾ ਮੌਕਾ ਨਹੀਂ ਸੀ ਮਿਲ ਸਕਦਾ, ਕਿਉਂਕਿ ਇਸ ਵਿਚ ਸਾਰੀਆਂ ਧਿਰਾਂ ਦਾ ਸ਼ਾਮਲ ਹੋਣਾ ਜ਼ਰੂਰੀ ਸੀ। ਗੁਰੂ-ਪੰਥ ਦਾ ਵਰਤਾਰਾ 1708 ਤੋ ਪਿੱਛੋਂ ਖਾਲਸੇ ਦੀ ਸਾਂਝੀ-ਸਮਝ ਵਜੋਂ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਂਦਾ ਰਿਹਾ ਹੈ ਅਤੇ ਇਸ ਦੀ ਮਾਨਤਾ ਅਤੇ ਸ਼ਕਤੀ, ਸਰਬੱਤ-ਖਾਲਸਾ ਦੇ ਗੁਰਮਤੇ ਨਾਲ ਹੀ ਕਾਇਮ ਰੱਖੀ ਜਾਂਦੀ ਰਹੀ ਹੈ। ਅਕਾਲੀ-ਸਿਆਸਤ (1920 ਵਾਲੀ) ਵਿਚ ਪੰਥਕ ਆਗੂਆਂ ਵਜੋਂ ਅੱਗੇ ਆ ਜਾਣ ਨਾਲ ਸਿਆਸਤਨੁਮਾ-ਧਰਮੀਆਂ ਵੱਲੋਂ ਸਾਰੇ ਫੈਸਲੇ ਧਾਰਮਿਕ ਦੀ ਥਾਂ ਸਿਆਸੀ-ਸੁਰ ਵਿਚ ਲਏ ਜਾਂਦੇ ਰਹੇ ਹਨ। ਸਾਰੀਆਂ ਸੰਸਥਾਵਾਂ ਹੌਲੀ ਹੌਲੀ ਅਕਾਲੀਆਂ ਦੀਆਂ ਮੁਸ਼ਕਲਾ ਦਾ ਹੱਲ ਲੱਭਣ ਵਾਸਤੇ ਹੀ ਵਰਤੀਆਂ ਜਾਣ ਲਗ ਪਈਆਂ ਹਨ। ਇਸ ਨਾਲ ਪੈਦਾ ਹੋਣ ਵਾਲੀਆਂ ਸਿਆਸੀ-ਦੁਸ਼ਵਾਰੀਆਂ ਦਾ ਹਿੱਸਾ ਹੋ ਗਿਆ ਹੈ, ਵਰਤਮਾਨ ਵਿਚ ਸੱਦਿਆ ਗਿਆ ਸਰਬੱਤ-ਖਾਲਸਾ। ਪ੍ਰਾਪਤ ਵੇਰਵੇ ਇਹ ਹਨ ਕਿ ਜਿਵੇਂ-ਜਿਵੇਂ ਬਾਹਰੋਂ ਹਮਲਿਆਂ ਦੇ ਖਤਰੇ ਘਟਦੇ ਗਏ, ਤਿਵੇਂ-ਤਿਵੇਂ ਸਰਬਤ-ਖਾਲਸਾ ਦੀ ਲੋੜ ਵੀ ਘਟਦੀ ਗਈ ਅਤੇ ਆਪਸੀ ਸਿਆਸੀ-ਵਿਰੋਧ ਵਧਦੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵੇਲੇ ਸਰਬੱਤ-ਖਾਲਸਾ ਦੀ ਲੋੜ ਹੀ ਨਹੀਂ ਸਮਝੀ ਗਈ ਅਤੇ ਅਜੇ ਤੱਕ ਉਵੇਂ ਹੀ ਚੱਲੀ ਜਾ ਰਿਹਾ ਹੈ ਕਿ ਸੱਤਾ ਵਿਚ ਰਹਿੰਦਿਆਂ ਸਰਬੱਤ-ਖਾਲਸਾ ਦੀ ਲੋੜ ਨਹੀਂ ਹੈ। ਸਰਬੱਤ-ਖਾਲਸਾ, ਸਿੱਖ-ਸਿਆਸਤਦਾਨਾਂ ਵਿਚਕਾਰ ਸੰਵਾਦ ਵਾਸਤੇ ਸਥਾਨ ਤੇ ਅਵਸਰ ਮੁਹੱਈਆ ਕਰਦਾ ਸੀ। ਰਾਏ ਦੇ ਵਿਰੋਧ ਨੂੰ ਦੁਸ਼ਮਨੀ ਸਮਝਣ ਵਾਲੀ ਵਰਤਮਾਨ ਸਿਆਸਤ ਨਾਲ ਇਹ ਰੁਝਾਣ ਪੈਦਾ ਹੋ ਗਿਆ ਹੈ ਕਿ ਭਾਈਚਾਰਕ-ਸੰਵਾਦ ਦੀ ਲੋੜ ਹੀ ਨਹੀਂ ਰਹੀ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਵੱਖ-ਵੱਖ ਰੰਗਾਂ ਦੇ ਸਿੱਖ-ਸਿਆਸਤਦਾਨਾਂ ਨੂੰ ਹੀ ਸਿੱਖ-ਮੁਖੀਏ ਸਮਝਿਆ ਜਾਣ ਲੱਗ ਪਿਆ ਹੈ। ਇਸ ਨਾਲ ਸਿਆਸਤ ਅਤੇ ਧਰਮ, ਪਹਿਲਾਂ ਸਮਾਨਾਂਤਰਤਾ ਵਿਚ ਆਉਂਦਾ ਗਿਆ ਅਤੇ ਹੌਲੀ-ਹੌਲੀ ਧਰਮਨੁਮਾ-ਸਿਆਸਤ ਅਤੇ ਸਿਆਸਤਨੁਮਾ-ਧਰਮ ਦੇ ਅਪਵਿਤਰ ਗੱਠਜੋੜ ਵਾਲੇ ਸਿਆਸੀ ਵਰਤਾਰੇ ਵਜੋਂ ਸਾਹਮਣੇ ਆਉਣ ਲੱਗ ਪਿਆ ਹੈ। ਹਵਾਲੇ ਵਿਚਲੀ ਇਸ ਵਰਤਮਾਨ ਸਥਿਤੀ ਵਿਚੋਂ ਸਰਬੱਤ-ਖਾਲਸਾ ਅਤੇ ਗੁਰਮਤੇ ਰਾਹੀਂ ਨਹੀਂ ਨਿਕਲਿਆ ਜਾ ਸਕਦਾ, ਕਿਉਂਕਿ ਇਹ ਸੰਸਥਾਵਾਂ ਜਿਹੋ ਜਿਹੇ ਹਾਲਾਤ ਵਿਚ ਨਤੀਜੇ ਕੱਢਦੀਆਂ ਰਹੀਆਂ ਹਨ, ਅੱਜ ਦੇ ਹਾਲਾਤ ਉਸ ਨਾਲੋਂ ਬਹੁਤ ਬਦਲ ਗਏ ਹਨ। ਏਸੇ ਕਰਕੇ ਸਿੱਖ-ਸਿਆਸਤਦਾਨਾਂ ਦੀ ਅਗਵਾਈ ਵਿਚ ਸਾਰੀਆਂ ਸਿੱਖ-ਸੰਸਥਾਵਾਂ, ਸਿਆਸੀ-ਅਪਹਰਣ ਦਾ ਸ਼ਿਕਾਰ ਹੋ ਗਈਆਂ ਹਨ। ਇਸ ਨਾਲ ਇਕ ਦੂਜੇ ਨੂੰ ਫੇਲ੍ਹ ਕਰਨ ਦੀ ਸਿਆਸਤ ਵਿਚ ਸਿੱਖ-ਭਾਈਚਾਰਾ ਲਗਾਤਾਰ ਉਲਝਦਾ ਜਾ ਰਿਹਾ ਹੈ। ਸਿੱਖ-ਸੰਸਥਾਵਾਂ ਪ੍ਰਤੀ ਸਤਿਕਾਰ ਸਿੱਖਾਂ ਦੇ ਲਹੂ ਵਿਚ ਰਮਿਆ ਹੋਣ ਕਰਕੇ ਸਿੱਖ-ਯਾਦਾਂ ਵਿਚ ਟਿਕਿਆ ਹੋਇਆ ਹੈ। ਇਸ ਨੂੰ ਸਿੱਖ-ਜਾਗ੍ਰਿਤੀ ਰਾਹੀਂ ਸਰਗਰਮ ਅਤੇ ਸਕਰਮਕ ਕਰੇ ਬਿਨਾਂ ਇੱਛਤ-ਅਪਹਰਣ ਦੀ ਸਿਆਸਤ ਤੋਂ ਨਹੀਂ ਬਚਿਆ ਜਾ ਸਕਦਾ। ਆਮ ਸਿੱਖ ਤੱਕ ਇਹ ਸੱਚ ਪਹੁੰਚਾਏ ਜਾਣ ਦੀ ਲੋੜ ਹੈ ਕਿ ਰੂਹਾਨੀਅਤ ਨਾਲੋਂ ਟੁੱਟੀ ਹੋਈ ਰਾਜਨੀਤੀ ਦਾ ਸਰਬੱਤ-ਖਾਲਸਾ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਸਰਬੱਤ-ਖਾਲਸਾ, ਗੁਰੂ-ਬਖਸ਼ੀ ਪੰਥਕਤਾ ਨੂੰ ਸਿੱਖ-ਵਰਤਾਰੇ ਵਿਚ ਲਿਆਉਣ ਵਾਸਤੇ ਨਿੱਜੀ ਹਿਤਾਂ ਦੀ ਕੁਰਬਾਨੀ ਹੈ ਅਤੇ ਇਹ ਭਾਵਨਾ ਸਿੱਖ-ਯਾਦ ਵਿਚ ‘ਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾ’ ਵਾਂਗ ਵੱਸੀ ਹੋਈ ਹੈ। ਸੇਵਾ-ਅਵਸਰਾਂ ਨੂੰ ਪ੍ਰਭੂਸੱਤਾ ਸਮਝ ਲੈਣ ਦੀ ਸਿਆਸਤ ਨੇ ਸਿੱਖੀ ਦਾ ਕੁਝ ਸਵਾਰਿਆ ਤਾਂ ਨਹੀਂ, ਪਰ ਸਿੱਖ-ਸੰਸਥਾਵਾਂ ਵਾਸਤੇ ਪੰਥਕ-ਪ੍ਰਤੀਨਿਧ ਹੋ ਸਕਣ ਦੀਆਂ ਸੰਭਾਵਨਾਵਾਂ ਦਾ ਰਾਹ ਜ਼ਰੂਰ ਰੋਕ ਦਿੱਤਾ ਹੈ। ਸਿੱਖ-ਸੰਸਥਾਵਾਂ, ਇਸ ਵੇਲੇ ਜਿਸ ਤਰ੍ਹਾਂ ਪੂਜੀਆਂ ਜਾ ਰਹੀਆਂ ਹਨ ਜਾਂ ਵਰਤੀਆਂ ਜਾ ਰਹੀਆਂ ਹਨ ਉਸ ਨਾਲ ਸੰਸਥਾਵਾਂ ਦਾ ਸਿਆਸੀਕਰਣ ਹੁੰਦਾ ਜਾ ਰਿਹਾ ਹੈ। ਇਸ ਨਾਲ ਸਿੱਖ-ਵਿਰਾਸਤ ਅਤੇ ਸਿੱਖ-ਵਾਰਸਾਂ ਵਿਚਕਾਰ ਸਿੱਖ-ਸਿਆਸਤ ਆ ਗਈ ਹੈ ਅਤੇ ਸਿਆਸੀ ਬਾਂਦਰ ਵੰਡ ਨੂੰ ਸਿਆਸਤ ਸਮਝਿਆ ਜਾਣ ਲੱਗ ਪਿਆ ਹੈ। ਅੰਦਰੋਂ ਲੱਗ ਰਹੇ ਇਸ ਖੋਰੇ ਨੇ ਸਿੱਖ-ਭਾਈਚਾਰੇ ਨੂੰ ਪਿੱਛਲ-ਪੈਰੀਂ ਤੋਰ ਦਿੱਤਾ ਹੈ ਅਤੇ ਸਿੱਟੇ ਵਜੋਂ ਗੁਰੂਕਿਆਂ ਨੂੰ ਵੋਟ-ਬੈਂਕ ਹੋ ਜਾਣ ਦੀ ਹੋਣੀ ਭੁਗਤਣੀ ਪੈ ਰਹੀ ਹੈ। ਇਸ ਵੇਲੇ ਦੀ ਲੋੜ, ਲਗਾਤਾਰ ਖੁਰਦੀ ਜਾ ਰਹੀ ਗੁਰਮਤਿ-ਊਰਜਾ ਨੂੰ ਸਿਆਸੀ-ਸ਼ਡਯੰਤਰਾਂ ਤੋਂ ਬਚਾਏ ਜਾਣ ਦੀ ਹੈ। ਇਸ ਦੀ ਸ਼ੁਰੂਆਤ ਸਿਆਸੀ-ਧੜੇਬਾਜ਼ੀਆਂ ਤੋਂ ਉਪਰ ਉਠ ਕੇ ਹੀ ਹੋ ਸਕਦੀ ਹੈ। ਜੇ ਸੱਦੇ ਹੋਏ ਸਰਬੱਤ-ਖਾਲਸਾ ਨਾਲ ਕਿਸੇ ਵੀ ਕਾਰਨ ਸਿੱਖ-ਭਾਈਚਾਰੇ ਵਿਚਕਾਰ ਤਨਾਓ ਪੈਦਾ ਹੂੰਦਾ ਹੈ, ਤਾਂ ਇਸ ਨੂੰ ਨਾ ਹੀ ਸਰਬੱਤ-ਖਾਲਸਾ ਕਹਿਣਾ ਚਾਹੀਦਾ ਹੈ ਅਤੇ ਨਾ ਹੀ ਇਸ ਨਾਲ ਸਰਬੱਤ-ਖਾਲਸਾ ਦੀਆਂ ਪਰੰਪਰਕ ਸੰਭਾਵਨਾਵਾਂ ਦਾ ਰਾਹ ਰੋਕਣਾ ਚਾਹੀਦਾ ਹੈ। ਮੈਨੂੰ ਆਮ ਸਿੱਖ ਦੇ ਭਲੇ ਵਿਚ ਭੁਗਤਣ ਵਾਲਾ ਸਰਬੱਤ-ਖਾਲਸਾ, ਪੜ੍ਹਦਿਆਂ ਲਿਖਦਿਆਂ ਏਸੇ ਤਰ੍ਹਾਂ ਸਮਝ ਆਇਆ ਹੈ। ਸਿਆਸਤ ਦੀ ਵਿਵਹਾਰਕਤਾ ਨੂੰ ਸਿਧਾਂਤ ਦੀ ਪ੍ਰਸੰਗਕਤਾ ਨਾਲੋਂ ਨਿਖੇੜ ਕੇ ਵੇਖੇ ਜਾਣ ਦੀ ਲੋੜ ਹੈ। ਸਿਆਸਤ ਦੇ ਭੇੜ ਵਿਚ ਗੁਰਮਤਿ ਦਾ ਦੀਵਾ ਜਗਦਾ ਰੱਖਣ ਦੇ ਸਿੱਖ ਮਾਡਲ ਨੂੰ ਸਿਆਸੀ ਸੌੜੇਪਨ ਤੋਂ ਬਚਾ ਕੇ ਰੱਖੇ ਜਾਣ ਨਾਲ ਜੋੜ ਕੇ ਸਰਬੱਤ ਖਾਲਸਾ ਦਾ ਸਿੱਖ ਪ੍ਰਸੰਗ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
