ਗੁਲਜ਼ਾਰ ਸਿੰਘ ਸੰਧੂ
2 ਫਰਵਰੀ 2026 ਤੋਂ 7 ਫਰਵਰੀ 2026 ਤੱਕ ਚੰਡੀਗੜ੍ਹ ਦੇ 16 ਸੈਕਟਰ ਵਾਲੇ ਕਲਾ ਭਵਨ ਵਿਚ ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ ਉਤਸਵ ਮਨਾਇਆ ਜਾ ਰਿਹਾ ਹੈ| ਉਦਘਾਟਨੀ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਐਮ ਐਸ ਗੋਸਲ ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਕਰਨਗੇ ਜਿਸ ਵਿਚ ਮੇਰੇ ਸਵਰਗਵਾਸੀ ਮਿੱਤਰ ਡਾ. ਹਰਿਭਜਨ ਸਿੰਘ ਦਾ ਕਲਾਪ੍ਰੇਮੀ ਸਪੁਤਰ ਮਦਨ ਗੋਪਾਲ ਸਿੰਘ ਮੁੱਖ ਭਾਸ਼ਣ ਦੇਵੇਗਾ|
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਸਭਿਆਚਾਰਕ ਮਾਮਲੇ, ਪੇਂਡੂ ਵਿਕਾਸ, ਤੇ ਪੰਚਾਇਤਾਂ ਹੋਣਗੇ ਤੇ ਸਮਾਪਤੀ ਵਾਸਤੇ ਨਿਵੇਦਿਤਾ ਸਿੰਘ ਦਾ ਵਿਰਾਸਤੀ ਸੰਗੀਤ ਵਿਉਂਤਿਆ ਗਿਆ ਹੈ| ਉਦਘਾਟਨੀ ਪ੍ਰੋਗਰਾਮ ਉਪਰੰਤ ਪੰਜਾਬ ਦੀਆਂ ਹਰੀ ਕ੍ਰਾਂਤੀ ਤੋਂ ਸਭਿਆਚਾਰਕ ਕ੍ਰਾਂਤੀ ਤੱਕ ਦੀਆਂ ਮੱਲਾਂ ਦੇ ਵਿਸ਼ੇ ਉਤੇ ਸੈਮੀਨਾਰ ਵਿਉਂਤਿਆ ਗਿਆ ਹੈ ਜਿਸ ਵਿਚ ਅਮਰਜੀਤ ਗਰੇਵਾਲ, ਆਰ.ਐਸ. ਘੁੰਮਣ ਤੇ ਗਗਨਦੀਪ ਸ਼ਰਮਾ ਵਿਚਾਰ ਪੇਸ਼ ਕਰਨਗੇ ਤੇ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਕਰਨਗੇ| ਏਸ ਪ੍ਰੋਗਰਾਮ ਦੇ ਮੰਚ ਸੰਚਾਲਕ ਪੰਜਾਬੀ ਭਾਸ਼ਾ ਵਿਭਾਗ, ਪਟਿਆਲਾ ਦੇ ਡਾਇਰੈਕਟਰ ਜਸਵੰਤ ਜ਼ਫਰ ਹੋਣਗੇ|
ਮਹਿੰਦਰ ਸਿੰਘ ਰੰਧਾਵਾ ਉਤਸਵ ਵਿਚ ਪੰਜਾਬ ਕਲਾ ਪ੍ਰੀਸ਼ਦ ਦੀ ਸਿਨੇਮਾ ਅਤੇ ਡਿਜੀਟਲ ਆਰਟ ਨੂੰ ਪਰਨਾਈ ਨਵੀਂ ਅਕਾਡਮੀ ਸਮੇਤ ਕਲਾ ਪ੍ਰੀਸ਼ਦ ਦੀਆਂ ਸਾਹਿਤ, ਲਲਿਤ ਕਲਾ ਤੇ ਸੰਗੀਤ ਨਾਟਕ ਨਾਲ ਸਬੰਧਤ ਤਿੰਨੋਂ ਅਕਾਡਮੀਆਂ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਨਗੀਆਂ ਜਿੱਥੇ ‘ਚੌਰਾਹੇ `ਤੇ ਖੜ੍ਹਾ ਰੰਗ ਮੰਚ: ਭਵਿੱਖ ਤੇ ਚਿੰਤਾਵਾਂ’ ਵਾਲੇ ਸੈਮੀਨਾਰ ਵਿਚ ਰਾਣੀ ਬਲਬੀਰ ਕੌਰ, ਨੀਲਮ ਮਾਨ ਸਿੰਘ, ਮਹਿੰਦਰ ਕੁਮਾਰ, ਸਾਹਿਬ ਸਿੰਘ ਤੇ ਕੇਵਲ ਧਾਲੀਵਾਲ ਬੁਲਾਰੇ ਹੋਣਗੇ ਤੇ ਇਹਦੇ ਵਰਗੇ ਹੀ ਇੱਕ ਹੋਰ ਸੈਮੀਨਾਰ ਵਿਚ ਹਰਿਭਜਨ ਸਿੰਘ ਭਾਟੀਆ ਤੇ ਈਸ਼ਵਰ ਦਿਆਲ ਗੌੜ ਮੁੱਖ ਬੁਲਾਰੇ ਹੋਣਗੇ। ਪਿਛੋਂ ਹੋਣ ਵਾਲੀ ਬਹਿਸ ਵਿਚ ਡਾ. ਯੋਗ ਰਾਜ, ਡਾ. ਪਰਵੀਨ, ਤੇ ਗੁਰਬੀਰ ਸਿੰਘ ਬਰਾੜ ਸ਼ਿਰਕਤ ਕਰਨਗੇ|
ਸਿਨੇਮਾ ਤੇ ਡਿਜੀਟਲ ਆਰਟ ਨੂੰ ਪਰਨਾਈ ਅਕਾਡਮੀ ਵਾਲਾ ਪ੍ਰੋਗਰਾਮ ਭਾਵੇਂ ਅੰਤਲੇ ਦੌਰ ਲਈ ਉਲੀਕਿਆ ਗਿਆ ਹੈ ਪਰ ਇਸ ਵਿਚ ਚਰਚਾ ਦਾ ਵਿਸ਼ਾ ਪੰਜਾਬੀ ਸਿਨੇਮਾ ਦੇ ਵੱਖ-ਵੱਖ ਰੂਪਾਂ ਨੂੰ ਆਧਾਰ ਬਣਾ ਕੇ ਗੁਰਵਿੰਦਰ ਸਿੰਘ ਦੀ ਕਲਾਤਮਕ ਪ੍ਰਾਪਤੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ| ਡਾਕਟਰ ਗੁਰਮੁਖ ਸਿੰਘ ਦੇ ਸ਼ਬਦਾਂ ਵਿਚ ਇਹ ‘ਖਾਮੋਸ਼ੀ ਦੀ ਜ਼ੁਬਾਨ’ ਹੈ ਜਿੱਥੇ ਸਥਾਨਕਤਾ ਤੋਂ ਆਲਮੀ ਮੰਚਾਂ ਤੱਕ ਦੇ ਵੱਡੇ ਵਿਸ਼ੇ ਨੂੰ ਵਿਚਾਰੇ ਜਾਣ ਦੀ ਵਿਉਂਤ ਹੈ| ਖੁਲ੍ਹੀ ਚਰਚਾ ਕਰਨ ਲਈ ਜਸਬੀਰ ਮੰਡ ਸਮੇਤ ਗੁਰਵਿੰਦਰ ਸਿੰਘ, ਸੈਮੂਅਲ ਜੌਨ, ਵਿਵੇਕ ਸਚਦੇਵਾ ਤੇ ਜਸਦੀਪ ਸਿੰਘ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ| ਏਸ ਚਰਚਾ ਦੇ ਮੁਖ ਮਹਿਮਾਨ ਸ੍ਰੀ ਸੰਜੀਵ ਅਰੋੜਾ, ਕੈਬਿਨੇਟ ਮੰਤਰੀ ਸਥਾਨਕ ਸਰਕਾਰਾਂ, ਉਦਯੋਗ, ਵਣਜ ਤੇ ਐਨ ਆਰ ਆਈ ਮਾਮਲੇ ਹੋਣਗੇ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਦੀਪ ਸਿੱਧੂ ਨੂੰ ਸੌਂਪੀ ਗਈ ਹੈ ਪਰ ਸਾਰੇ ਮਸਲੇ ਦਾ ਸਾਰ-ਅੰਸ਼ ਪ੍ਰੀਤਮ ਰੁਪਾਲ ਆਪਣੇ ਧੰਨਵਾਦੀ ਸ਼ਬਦਾਂ ਵਿਚ ਪੇਸ਼ ਕਰੇਗਾ|
ਪੰਜਾਬ ਕਲਾ ਪ੍ਰੀਸ਼ਦ ਦੀ ਲਲਿਤ ਕਲਾ ਅਕਾਦਮੀ ਸ਼ਾਖਾ ਦੇ ਮੁਖੀ ਗੁਰਦੀਪ ਧੀਮਾਨ ਨੇ ਵੀ ਸੁਮੀਤ ਦੂਆ ਤੇ ਸਤਵੰਤ ਸੁਮੇਲ ਨਾਲ ਮਿਲ ਕੇ ਖੁੱਲ੍ਹਾ ਕੈਲੀਗ੍ਰਾਫੀ ਮੁਕਾਬਲਾ 2026 ਤੋਂ ਬਿਨਾ ਫੋਟੋ ਪ੍ਰਦਰਸ਼ਨੀ ਵੀ ਵਿਉਂਤ ਰੱਖੀ ਹੈ ਜਿਸ ਬਾਰੇ ਚਰਚਾ ਲਈ ਯੋਗ ਰਾਜ, ਤੇ ਅਮਰਜੀਤ ਗਰੇਵਾਲ ਹਾਜ਼ਰ ਹੋਣਗੇ ਤੇ ਉਸ ਤੋਂ ਪਿੱਛੋਂ ਲਈ ਵਿਉਂਤੇ ਗਏ ਪੇਂਟਿੰਗ ਸਲਾਈਡ ਸ਼ੋਅ ਬਾਰੇ ਮਦਨ ਲਾਲ ਤੇ ਸੁਭਾਸ਼ ਪਰਿਹਾਰ ਚਾਨਣਾ ਪਾਉਣਗੇ|
ਇਸ ਉਤਸਵ ਵਿਚ ਇੱਕ ਬੈਠਕ ਕਵੀ ਦਰਬਾਰ ਵਿਉਂਤਿਆ ਗਿਆ ਹੈ ਜਿਸ ਵਿਚ ਸਵਰਨਜੀਤ ਸਵੀ, ਅਮਰਜੀਤ ਗਰੇਵਾਲ, ਗੁਰਤੇਜ ਕੁਹਾਰਵਾਲਾ, ਵਿਜੇ ਵਿਵੇਕ, ਗੁਰਭਜਨ ਗਿੱਲ, ਮਨਜੀਤ ਇੰਦਰਾ, ਪਾਲ ਕੌਰ, ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਨੀਤੂ, ਮਨਜਿੰਦਰ ਧਨੋਆ, ਹਰਮੀਤ ਵਿਦਿਆਰਥੀ, ਸੁਰਪ੍ਰੀਤ ਮਾਨਸਾ, ਅਮਰਜੀਤ ਕੌਂਕੇ, ਸੁਰਿੰਦਰ ਬੀਰ, ਅਰਤਿੰਦਰ ਸੰਧੂ, ਜਗਦੀਪ ਸਿਧੂ, ਬਲਵਿੰਦਰ ਸੰਧੂ, ਡਾਕਟਰ ਜਸਲੀਨ, ਵਾਹਿਦ, ਵਿਪਨ ਪ੍ਰੀਤ, ਗੁਰਜੰਟ ਰਾਜੋਆਣਾ, ਬਲਵਿੰਦਰ ਚਹਿਲ, ਸੰਦੀਪ ਜਸਵਾਲ, ਜਸਪ੍ਰੀਤ ਤੇ ਰਣਜੀਤ ਕੌਰ ਸਵੀ ਤੋਂ ਬਿਨਾ ਅਜਿਹੇ ਕਵੀ ਸਾਹਿਬਾਨ ਦੇ ਸ਼ਿਰਕਤ ਕਰਨ ਦੀ ਸੰਭਾਵਨਾ ਹੈ ਜਿਹੜੇ ਕਿਸੇ ਬਿੱਧ ਮੌਕੇ ਉੱਤੇ ਹਾਜ਼ਰ ਹੋਣਗੇ|
ਮਹਿੰਦਰ ਸਿੰਘ ਰੰਧਾਵਾ ਅਖੰਡ ਹਿੰਦੁਸਤਾਨ ਦਾ ਅਜਿਹਾ ਸਪੂਤ ਸੀ ਜਿਸਨੇ ਕੁੱਲੂ, ਕਾਂਗੜਾ ਤੇ ਹਰਿਆਣਾ ਸਮੇਤ ਸਮੁੱਚੇ ਪੰਜਾਬ ਦੇ ਸਾਹਿਤ ਤੇ ਸਭਿਆਚਾਰ ਨੂੰ ਆਪਣੇ ਦੇਸ਼ ਵਿਚ ਹੀ ਨਹੀਂ ਬਾਹਰਲੇ ਦੇਸ਼ਾਂ ਵਿਚ ਵੀ ਪਹੁੰਚਾਇਆ| ਅੱਜ ਦੇ ਦਿਨ ਉਸਦਾ ਗੁਣਗਾਇਨ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਹੀ ਨਹੀਂ ਯੂਟਿਊਬ ਦੇ ਪ੍ਰੋਗਰਾਮਾਂ ਵਿਚ ਵੀ ਹੋ ਰਿਹਾ ਹੈ| ਜੇ ਸਤਿੰਦਰ ਸਰਤਾਜ ਉਹਦੇ ਬਾਰੇ ਫਿਲਮ ਬਣਾ ਰਿਹਾ ਹੈ ਤਾਂ ਦਿੱਲੀ ਨਿਵਾਸੀ ਪਬਲਿਕ ਰਿਲੇਸ਼ਨਜ਼ ਨੂੰ ਪਰਨਾਇਆ ਤਰਲੋਚਨ ਸਿੰਘ ਉਹਦੇ ਵਲੋਂ 1947 ਵਿਚ ਦਿੱਲੀ ਦੀ ਸੰਭਾਲ ਤੇ ਉਸ ਤੋਂ ਪਿਛੋਂ ਪਾਕਿਸਤਾਨ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਦੀ ਬਾਤ ਪਾ ਰਿਹਾ ਹੈ| ਉਸਨੂੰ ਪੰਜਾਬੀ ਕਲਚਰ ਦਾ ਸ਼ਾਹਜ਼ਮਾਨੀ ਕਿਹਾ ਜਾਣਾ ਉਸਦੇ ਅਮਲਾਂ ਦੀ ਠੀਕ ਤਰਜਮਾਨੀ ਕਰਦਾ ਹੈ|
ਏਥੇ ਹੀ ਬੱਸ ਨਹੀਂ ਉਸਨੇ 1947 ਵਿਚ ਨਵੀਂ ਦਿੱਲੀ ਦਾ ਡੀ.ਸੀ. ਹੁੰਦਿਆਂ ਗੁਰਬਖਸ਼ ਸਿੰਘ ਪ੍ਰੀਤ ਲੜੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ ਤੇ ਅਜੀਤ ਕੌਰ ਨੂੰ ਦਿੱਲੀ ਵਿਚ ਵਸਾ ਕੇ ਨਾਮਣਾ ਖਟਿਆ ਤੇ ਫੇਰ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਬਣਦੇ ਸਾਰ ਛੋਟੇ-ਵੱਡੇ ਫ਼ੌਜੀ ਅਫਸਰਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਪਲਾਟ ਅਲਾਟ ਕਰਨ ਸਮੇਂ ਉਨ੍ਹਾਂ ਦੀ ਦੇਸ਼ ਲਈ ਮਰ ਮਿਟਣ ਵਾਲੀ ਰੁਚੀ ਨੂੰ ਤਾਂ ਸਲਾਹਿਆ ਪਰ ਸੇਵਾ ਮੁਕਤੀ ਉਪ੍ਰੰਤ ਚੰਡੀਗੜ੍ਹ ਵਰਗੇ ਸੁਹਣੇ ਸ਼ਹਿਰ ਵਿਚ ਵਸਣ ਲਈ ਪ੍ਰੇਰਦਿਆਂ ਬਹੁਤ ਸਸਤੇ ਪਲਾਟ ਅਲਾਟ ਕੀਤੇ|
ਉਹੀਓ ਸੀ ਜਿਸਨੇ 15 ਅਗਸਤ, 1947 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਮੌਕੇ ਉੱਤੇ ਹਾਜ਼ਰ ਹੋ ਕੇ ਨਿਰਵਿਘਨ ਨੇਪਰੇ ਚੜ੍ਹਾਇਆ|
ਉਸਦਾ ਸਾਨੀ ਹੋਣਾ ਸੌਖਾ ਨਹੀਂ| ਜ਼ਿੰਦਾਬਾਦ!
ਚੀਨੀ ਡੋਰ ਦੀਆਂ ਕਰਤੂਤਾਂ
ਚਾਈਨਾ ਡੋਰ ਵਜੋਂ ਜਾਣੀ ਜਾਂਦੀ ਪਤੰਗਾਂ ਦੀ ਡੋਰ ਕਿਵੇਂ ਅਚਾਨਕ ਹੀ ਆਪਣੀ ਲਪੇਟ ਵਿਚ ਲੈ ਕੇ ਵਿਅਕਤੀ ਦੀ ਜਾਨ ਲੈ ਜਾਂਦੀ ਹੈ| ਇਸਦਾ ਚਰਚਾ ਕਿਸੇ ਨੂੰ ਭੁੱਲਿਆ ਨਹੀਂ| ਜਦ ਤੱਕ ਕੇਂਦਰ ਤੇ ਰਾਜ ਸਰਕਾਰਾਂ ਇਸ ਬਾਰੇ ਸਾਰਥਕ ਅਮਲ ਨਹੀਂ ਲੈਂਦੀਆਂ ਮੇਰੇ ਇੱਕ ਮਿੱਤਰ ਨੇ ਸਾਈਕਲ ਤੇ ਸਕੂਟਰ ਚਲਾਉਣ ਵਾਲਿਆਂ ਲਈ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਜੇਬ ਵਿਚ ਹਰ ਵੇਲੇ ਨੇਲ ਕਟਰ (ਨਾਖ਼ੁਨ ਕਟਣ ਵਾਲਾ ਹਥਿਆਰ) ਜ਼ਰੂਰ ਰੱਖਣ ਜਿਹੜਾ ਚਾਈਨਾ ਡੋਰ ਨੂੰ ਕਟਣ ਵਿਚ ਫੋਰਾ ਨਹੀਂ ਲਾਉਂਦਾ|
ਅੰਤਿਕਾ
ਧਨੀ ਰਾਮ ਚਾਤ੍ਰਿਕ॥
ਕਿਸਮਤ ਕਿਸਮਤ ਆਖ ਕੇ ਢਿੱਲੜ ਚਿਲਾਂਦੇ
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ।
