ਕਿਲਾ ਰਾਇਪੁਰ ਦੀਆਂ ਖੇਲ੍ਹਾਂ

ਮਨ ਵਿਚ ਵਸਿਆ ਕਿਲਾ ਰਾਇਪੁਰ ਦਾ ਖੇਡ ਮੇਲਾ
ਪ੍ਰਿੰ. ਸਰਵਣ ਸਿੰਘ
ਜਦੋਂ ਕਿਲਾ ਰਾਇਪੁਰ ਦਾ ਖੇਡ ਮੇਲਾ ਆਉਂਦਾ ਹੈ ਤਾਂ ਮੇਰੇ ਮਨ `ਚ ਪੁਰਾਣੀਆਂ ਯਾਦਾਂ ਜਾਗ ਉਠਦੀਆਂ ਹਨ। ਨਿੱਕਾ ਹੁੰਦਾ ਮੈਂ ਉਹ ਖੇਡ ਮੇਲਾ ਵੇਖਦਾ ਵੱਡਾ ਹੋਇਆ ਹਾਂ। ਮੈਂ ਸਮਝਦਾਂ ਮੈਨੂੰ ਖੇਡ ਲੇਖਕ ਬਣਾਉਣ `ਚ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦਾ ਵੀ ਯੋਗਦਾਨ ਹੈ। ਉਥੇ ਖੇਡ ਮੇਲੇ ਦੀ ਕੁਮੈਂਟਰੀ ਕਰਦੇ ਪੀਟੀ ਜੋਗਿੰਦਰ ਸਿੰਘ ਤੋਂ ਮੈਨੂੰ ਖੇਡਾਂ ਖਿਡਾਰੀਆਂ ਬਾਰੇ ਲਿਖਣ ਤੇ ਕਬੱਡੀ ਦੀ ਕੁਮੈਂਟਰੀ ਕਰਨ ਦੀ ਚੇਟਕ ਲੱਗੀ ਸੀ। ਜੋਗਿੰਦਰ ਸਿੰਘ ਧੂੜਾਂ ਉਡਾਉਂਦੀਆਂ ਬੈਲ ਗੱਡੀਆਂ, ਕਬੱਡੀਆਂ ਪਾਉਂਦੇ ਜੁਆਨਾਂ, ਰੱਸਾ ਖਿੱਚਦੇ ਬਾਬਿਆਂ, ਟ੍ਰੈਕ `ਚ ਦੌੜਦੇ ਦੌੜਾਕਾਂ, ਘੁਕਾਟ ਪਾਉਂਦੇ ਸਾਈਕਲ ਸਵਾਰਾਂ ਤੇ ਬਾਜ਼ੀਗਰਾਂ ਦੇ ਕਰਤਬਾਂ ਨੂੰ ਕਮਾਲ ਦੀ ਸ਼ਬਦਾਵਲੀ `ਚ ਪੇਸ਼ ਕਰਦਾ ਸੀ। ਹੁਣ ਬੁੱਢੇ-ਬਾਰੇ ਉਸ ਖੇਡ ਮੇਲੇ ਦੀਆਂ ਕੁਝ ਗੱਲਾਂ ਮੁੜ ਕਰਨ ਨੂੰ ਦਿਲ ਕਰ ਆਇਆ ਹੈ।

ਇਸ ਖੇਡ ਮੇਲੇ ਨੂੰ ਪੇਂਡੂ ਓਲੰਪਿਕਸ ਕਿਹਾ ਜਾਂਦਾ ਹੈ। ਇਹਦੀ ਮਸ਼ਹੂਰੀ ਦਾ ਇਹ ਹਾਲ ਸੀ ਕਿ 1970 ਵਿਚ ਇਹਦੀਆਂ ਫਿਲਮਾਂ ਜਰਮਨੀ ਤੇ ਇੰਗਲੈਂਡ ਜਾ ਪੁੱਜੀਆਂ ਸਨ। ਉਦੋਂ ਬੀਬੀਸੀ ਨੇ ਆਪਣੇ ਪ੍ਰੋਗਰਾਮ `ਚ ਇਹਦਾ ਉਚੇਚਾ ਜ਼ਿਕਰ ਕੀਤਾ ਸੀ ਤੇ ਪੰਜ ਮਿੰਟ ਦੀ ਫਿਲਮ ਵਿਖਾਈ ਸੀ। ਅਜੀਤ ਅਖ਼ਬਾਰ ਦੇ ਬਾਨੀ ਸਾਧੂ ਸਿੰਘ ਹਮਦਰਦ, ਅਕਾਲੀ ਪੱਤ੍ਰਿਕਾ ਦੇ ਅਮਰ ਸਿੰਘ ਦੁਸਾਂਝ ਤੇ ਅੰਗਰੇਜ਼ੀ ਟ੍ਰਿਬਿਊਨ ਦੇ ਐੱਮ.ਐੱਲ. ਕਪੂਰ ਵਰਗੇ ਮੰਨੇ-ਦੰਨੇ ਪੱਤਰਕਾਰ ਖੇਡ ਮੈਦਾਨ `ਚ ਟੇਢੇ ਪੈ ਕੇ ਖੇਡਾਂ ਵੇਖਿਆ ਕਰਦੇ ਸਨ ਤੇ ਆਪੋ ਆਪਣੇ ਅਖ਼ਬਾਰਾਂ ਵਿਚ ਖੇਲ੍ਹਾਂ ਦੀਆਂ ਗੱਲਾਂ ਮਸਾਲੇ ਲਾ ਕੇ ਪ੍ਰਕਾਸ਼ਿਤ ਕਰਿਆ ਕਰਦੇ ਸਨ। ਇਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਰਗੇ ਲੇਖਕ, ਜਸਵੰਤ ਸਿੰਘ ਕੰਵਲ ਵਰਗੇ ਨਾਵਲਕਾਰ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਆਉਂਦੇ ਰਹੇ। ਗੁਰਬਖ਼ਸ਼ ਸਿੰਘ ਨੇ ਤਾਂ ਇਨ੍ਹਾਂ ਖੇਡਾਂ ਬਾਰੇ ਇਕ ਪ੍ਰਸੰLਸਾਮਈ ਲੇਖ ਵੀ ਪ੍ਰੀਤਲੜੀ ਵਿਚ ਛਾਪਿਆ ਸੀ। ਉਦੋਂ ਮੈਂ ਵੀ ‘ਆਰਸੀ’ ਵਿਚ ਲੇਖ ਲਿਖਿਆ ਸੀ:
ਕਿਲਾ ਰਾਇਪੁਰ ਦਾ ਪੇਂਡੂ ਖੇਡ ਮੇਲਾ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ ਹੈ ਜਿਥੇ ਖੇਡਦੇ ਮੱਲ੍ਹਦੇ, ਨੱਚਦੇ ਟੱਪਦੇ ਤੇ ਹੱਸਦੇ ਗਾਉਂਦੇ ਪੰਜਾਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ ਹਨ। ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗਤਕੇ ਤੇ ਤਲੇ ਜਾਂਦੇ ਸਲੂਣੇ ਪਕੌੜਿਆਂ ਦੀ ਕਰਾਰੀ ਮਹਿਕ ਤਕ ਸਭ ਕੁਝ ਹੁੰਦਾ ਹੈ। ਉਥੇ ਧੂੜਾਂ ਉਡਦੀਆਂ ਹਨ, ਝੰਡੇ ਝੂਲਦੇ ਤੇ ਮੇਲੀ ਗੇਲੀ ਚਾਅ `ਚ ਮੇਹਲਦੇ ਮਿਲਦੇ ਗਿਲਦੇ ਹਨ। ਮੁੜ੍ਹਕੋ-ਮੁੜ੍ਹਕੀ ਹੋਏ ਖਿਡਾਰੀਆਂ ਦੇ ਲਿਸ਼ਕਦੇ ਜੁੱਸੇ, ਗਿੱਧਾ ਪਾਉਂਦੀਆਂ ਮੁਟਿਆਰਾਂ ਦੇ ਹਾਰ ਸ਼ਿੰਗਾਰ, ਭੰਗੜੇ ਪਾਉਂਦੇ ਨੌਜੁਆਨਾਂ ਦੇ ਕੰਠੇ ਤੇ ਚਾਦਰੇ ਅਤੇ ਦਰਸ਼ਕ ਬਣੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ ਤੇ ਮਾਈਆਂ ਬੀਬੀਆਂ ਦੀਆਂ ਚੁੰਨੀਆਂ ਲਹਿਰਾਉਂਦੀਆਂ ਦਿਸਦੀਆਂ ਹਨ। ਉਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਛਾਇਆ ਨਜ਼ਰੀਂ ਪੈਂਦਾ ਹੈ।
ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਉਹ ਕਿਲਾ ਰਾਇਪੁਰ ਦਾ ਖੇਡ ਮੇਲਾ ਵੇਖ ਲਵੇ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜੇLਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤਬ ਤੇ ਕੁੜੀਆਂ ਮੁੰਡਿਆਂ ਦੀ ਹਾਕੀ। ਵਿਚੇ ਭੰਗੜੇ ਪਈ ਜਾਂਦੇ ਹਨ, ਵਿਚੇ ਧਮਾਲਾਂ ਤੇ ਵਿਚੇ ਊਠਾਂ ਘੋੜਿਆਂ ਦੀ ਦੌੜ ਹੋਈ ਜਾਂਦੀ ਹੈ। ਕਿਧਰੇ ਸਾਨ੍ਹ ਤੇ ਬੰਦੇ ਦਾ ਭੇੜ ਹੁੰਦਾ ਹੈ ਤੇ ਸਿਖਾਏ ਸਿਧਾਏ ਵਹਿੜੇ ਮੰਜੀਆਂ ਟੱਪਦੇ ਹਨ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਹੀ ਫੇਰੀ ਜਾਂਦਾ ਹੈ। ਉਥੇ ਤੇਜ਼-ਤਰਾਰ ਤੇ ਲੰਮੀਆਂ ਦੌੜਾਂ ਲਾਉਣ ਵਾਲੇ ਅਥਲੀਟ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਖੱਚਰ ਰੇਹੜੇ ਦੌੜਦੇ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ `ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ `ਤੇ ਟਿਕਾਈ ਜਾਂਦਾ ਦਿਸਦਾ ਹੈ ਤੇ ਕਿਧਰੇ ਕੋਈ ਨਿਹੰਗ ਸਿੰਘ ਦੋ ਘੋੜਿਆਂ ਉਤੇ ਚੜ੍ਹਿਆ ਘੋੜਿਆਂ ਦੀ ਜੋੜੀ ਨੂੰ ਬਰਾਬਰ ਉਡਾਈ ਜਾਂਦਾ ਜੈਕਾਰੇ ਛੱਡੀ ਜਾਂਦਾ ਹੈ। ਕੋਈ ਗੋਲ ਕੁੰਡਲ ਦੀਆਂ ਬਲਦੀਆਂ ਲਾਟਾਂ ਵਿਚ ਦੀ ਲੰਘਦਾ ਹੈ ਤੇ ਕਿਧਰੇ ਛੱਤਰਿਆਂ ਦਾ ਭੇੜ ਹੁੰਦਾ ਹੈ। ਕਿਸੇ ਪਾਸੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦਿਆਂ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਕੁਮੈਂਟਰੀ ਗੂੰਜਦੀ ਰਹਿੰਦੀ ਹੈ:
-ਲੈ ਬਈ ਮੁੰਡਿਆ ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦੈ?
-ਹੁਣ ਗਾਉਣ ਵਾਲੇ ਵੀ ਸਟਾਰਟਿੰਗ ਲਾਈਨ `ਤੇ ਆ ਜਾਣ।
-ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨੀ ਹਿੱਲਦਾ ਹੁਣ।
-ਔਹ ਡਿੱਗ-ਪੀ ਝੰਡੀ। ਆਉਂਦੇ ਆ ਵਹਿੜੇ `ਵਾ ਨੂੰ ਗੰਢਾਂ ਦਿੰਦੇ। ਪਰ੍ਹੇ-ਪਰੇ੍ਹ ਹੋ-ਜੋ ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ-ਜੇ। ਗੱਡੀਆਂ ਵਾਲਿਆਂ ਦੇ ਬਰੇਕ ਨੀ ਹੁੰਦੇ।
-ਆਹ ਜੀਹਦਾ ਨਿਆਣਾ ਗੁਆਚਿਆ, ਆ ਕੇ ਸਟੇਜ `ਤੋਂ ਲੈ ਜੇ।
-ਲੰਗਰ ਵੀ ਚੱਲ ਰਿਹੈ, ਜੀਹਨੇ ਪਰਸ਼ਾਦਾ ਛਕਣਾ ਛਕ ਲੇ।
-ਗਤਕੇ ਦੇ ਜੌਹਰ ਵਿਖਾਉਣ ਵਾਲੇ ਵੀ ਮੈਦਾਨ `ਚ ਆ ਜਾਣ।
ਉਥੇ ਝੰਡੇ ਝੂਲਦੇ, ਬੈਂਡ ਵੱਜਦੇ ਤੇ ਗਾਇਕ ਪਾਰਟੀਆਂ ਦਾ ਗੀਤ ਸੰਗੀਤ ਹੁੰਦਾ ਹੈ। ਜਿਮਨਾਸਟ ਆਪਣੀਆਂ ਕਲਾਬਾਜ਼ੀਆਂ ਵਿਖਾਉਂਦੇ ਤੇ ਪੈਰਾ ਸ਼ੂਟਰ ਅਸਮਾਨ `ਚ ਤੈਰਦੇ ਹਨ। ਨਿਸ਼ਾਨਚੀ ਅੱਖਾਂ ਬੰਨ੍ਹਾਅ ਕੇ ਤੀਰ ਚਲਾਉਂਦੇ ਤੇ ਨਿਸ਼ਾਨੇ ਲਾਉਂਦੇ ਹਨ। ਦੂਰ-ਦੂਰ ਤਕ ਹਰਿਆਵਲੀਆਂ ਕਣਕਾਂ ਵਿਚਾਲੇ ਖੁੱਲ੍ਹੇ ਸਟੇਡੀਅਮ `ਚ ਅਸਚਰਜ ਤਮਾਸ਼ੇ ਤੇ ਖੇਡ ਮੁਕਾਬਲੇ ਹੁੰਦੇ ਹਨ। ਮੇਲੀਆਂ ਦੀਆਂ ਰੰਗ ਬਰੰਗੀਆਂ ਪੱਗਾਂ ਨਾਲ ਗੁਲਜ਼ਾਰ ਖਿੜ ਉਠਦੀ ਹੈ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾ ਰਚੀ ਜਾਂਦੀ ਹੈ ਜੀਹਦਾ ਨਜ਼ਾਰਾ ਫੇਰ ਸਾਲ ਭਰ ਨਹੀਂ ਭੁੱਲਦਾ।
ਇਸ ਖੇਡ ਮੇਲੇ ਦੀ ਸ਼ੁਰੂਆਤ 1934 `ਚ ਹੋਈ ਸੀ। ਪੜ੍ਹੇ-ਲਿਖੇ ਗਰੇਵਾਲਾਂ ਨੇ ਦੂਰ ਦੀ ਸੋਚ ਕੇ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਇਹ ਖੇਡ ਮੇਲਾ ਸ਼ੁਰੂ ਕੀਤਾ ਸੀ। ਪਹਿਲੇ ਸਾਲ ਹਾਕੀ ਦਾ ਹੀ ਟੂਰਨਾਮੈਂਟ ਹੋਇਆ ਸੀ ਜਿਸ ਲਈ ਛੋਟਾ ਜਿਹਾ ਜਿਸਤੀ ਕੱਪ ਇਨਾਮ ਰੱਖਿਆ ਗਿਆ ਸੀ। ਉਹ ਕੱਪ ਹੁਣ ਘਸਮੈਲਾ ਜਿਹਾ ਹੋਇਆ ਪਿਐ ਪਰ ਉਸ ਨੂੰ ਅਮੁੱਲ ਵਸਤੂ ਸਮਝ ਕੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਅੱਜ ਤਕ ਸੰਭਾਲਿਆ ਹੋਇਐ। ਉਸ ਵਿਚ ਇਕ ਨਿੱਕਾ ਜਿਹਾ ਮੇਰੂ ਪੈ ਗਿਆ ਸੀ ਜਿਸ ਨੂੰ ਟਾਂਕਾ ਲੁਆ ਕੇ ਬੈਂਕ ਲਾਕਰ ਵਿਚ ਰੱਖਿਆ ਹੋਇਐ। ਸਾਲਾਨਾ ਖੇਲ੍ਹਾਂ ਸਮੇਂ ਉਸ ਕੱਪ ਦੇ ਦਰਸ਼ਨ ਕਰਵਾਏ ਜਾਂਦੇ ਹਨ।
ਨਾਰੰਗਵਾਲ ਦੇ ਸ. ਪ੍ਰਹਿਲਾਦ ਸਿੰਘ ਗਰੇਵਾਲ ਦਾ ਪੁੱਤਰ ਅਫਰੀਕਾ ਵਿਚ ਡੁੱਬ ਕੇ ਗੁਜ਼ਰ ਗਿਆ ਸੀ। ਉਸ ਨੇ ਪੁੱਤਰ ਦੀ ਯਾਦ ਵਿਚ 100 ਤੋਲੇ ਸ਼ੁਧ ਸੋਨੇ ਦਾ ਭਗਵੰਤ ਮੈਮੋਰੀਅਲ ਕੱਪ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਭੇਟ ਕੀਤਾ ਸੀ। ਉਹ ਕੱਪ ਹਾਕੀ ਦੀ ਸਰਦਾਰੀ ਦਾ ਚਿੰਨ੍ਹ ਹੈ ਜਿਸ ਨੂੰ ਜਿੱਤਣ ਲਈ ਹਾਕੀ ਦੀਆਂ ਬਿਹਤਰੀਨ ਟੀਮਾਂ ਜੂਝਦੀਆਂ ਹਨ। ਹਾਕੀ ਦੀ ਖੇਡ ਲਈ ਏਡਾ ਵੱਡਾ ਖਾਲਸ ਸੋਨੇ ਦਾ ਕੱਪ ਭਾਰਤ ਵਿਚ ਸ਼ਾਇਦ ਹੀ ਕੋਈ ਹੋਰ ਹੋਵੇ।
ਜਿਵੇਂ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬੇਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ `ਚੋਂ ਸਾਈਕਲ ਦੌੜ `ਚ ਸੋਨੇ ਦਾ ਤਗ਼ਮਾ ਜਿੱਤਿਆ। ਅਲੈਕਸੀ ਦੀ ਮਾਂ ਜਰਮਨ ਮੂਲ ਦੀ ਸੀ ਤੇ ਪਿਤਾ ਪੰਜਾਬ ਦਾ ਸਿੰਘ ਸਰਦਾਰ। ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਅਲੈਕਸੀ ਸਿੰਘ ਗਰੇਵਾਲ ਨੂੰ ਆਪਣੇ ਖੇਡ ਮੇਲੇ ਉਤੇ ਪਧਾਰਨ ਲਈ ਸੱਦਾ ਪੱਤਰ ਭੇਜਿਆ ਤਾਂ ਸਿਖਲਾਈ ਦੌਰਾਨ ਉਹ ਆ ਨਾ ਸਕਿਆ। ਆਖ਼ਰ ਅਲੈਕਸੀ ਸਿੰਘ ਗਰੇਵਾਲ ਨੇ 4 ਫਰਵਰੀ 2018 ਨੂੰ ਕਿਲਾ ਰਾਇਪੁਰ ਦੇ 82ਵੇਂ ਖੇਡ ਮੇਲੇ `ਚ ਸ਼ਮੂਲੀਅਤ ਕਰ ਹੀ ਲਈ ਜਿਥੇ ਮੈਨੂੰ ਵੀ ਉਹਦੇ ਦਰਸ਼ਨ ਨਸੀਬ ਹੋਏ।
1935 ਤੋਂ ਮੇਲੇ `ਚ ਬੈਲ ਗੱਡੀਆਂ ਦੀ ਦੌੜ ਵੀ ਸ਼ਾਮਲ ਕੀਤੀ ਗਈ ਜਿਸ ਨੇ ਪੇਂਡੂ ਲੋਕਾਂ ਦੀ ਕਲਪਣਾ ਨੂੰ ਅਜਿਹਾ ਟੁੰਬਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵੱਲ ਖਿੱਚੇ ਜਾਣ ਲੱਗੇ। ਇਲਾਕੇ ਦੇ ਲੋਕ ਖੇਡਾਂ ਨੂੰ ਖੇਲ੍ਹਾਂ ਕਹਿੰਦੇ ਸਨ ਇਸ ਲਈ ਖੇਡਾਂ ਦੀ ਥਾਂ ਖੇਲ੍ਹਾਂ ਨਾਂਅ ਮਸ਼ਹੂਰ ਹੋ ਗਿਆ। ਬੈਲ ਗੱਡੀਆਂ ਦੀ ਦੌੜ ਇਨ੍ਹਾਂ ਖੇਲ੍ਹਾਂ ਦੀ ਵਿਸ਼ੇਸ਼ ਖਿੱਚ ਬਣ ਗਈ। ਬੈਲ ਗੱਡੀਆਂ ਦੀ ਦੌੜ ਦਾ ਮੋਹਰੀ ਬਖਸ਼ੀਸ਼ ਸਿੰਘ ਸੀ ਜੀਹਦੇ ਬਾਰੇ ਇਹ ਟੱਪਾ ਪ੍ਰਚਲਤ ਹੋਇਆ:
-ਬਖਸ਼ੀ ਚਾਲਕ ਨੀ ਕਿਸੇ ਬਣ ਜਾਣਾ ਘਰ-ਘਰ ਪੁੱਤ ਜੰਮਦੇ।
ਉਹ ਪਤਲੇ ਜੁੱਸੇ ਦਾ ਮਾਲਕ ਇੰਜ ਲੱਗਦਾ ਜਿਵੇਂ ਗੱਡੀ ਉਤੇ ਭਾਰ ਪਾਏ ਬਿਨਾਂ ਹੀ ਹਵਾ ਨਾਲ ਗੱਲਾਂ ਕਰਦਾ ਜਾਂਦਾ ਹੋਵੇ। ਬੰਦੇ ਤਾਂ ਕੀ, ਇਲਾਕੇ ਦੇ ਰੁੱਖ-ਝਾੜ ਵੀ ਉਹਦੇ ਵਧੀਆ ਗੱਡੀ ਚਾਲਕ ਹੋਣ ਦੀਆਂ ਗਵਾਹੀਆਂ ਦਿੰਦੇ ਸਨ। ਫਿਰ ਖੇੜੀ ਦਾ ਪ੍ਰੀਤਮ ਸਿੰਘ ਸ਼ਾਹਸਵਾਰ ਬਣਿਆ। ਉਸ ਮਾਈ ਦੇ ਲਾਲ ਨੇ ਕਦੇ ਬੈਲਾਂ ਨੂੰ ਆਰ ਨਾ ਲਾਈ ਤੇ ਉਹਦੀਆਂ ਅੱਜ ਤਕ ਗੱਲਾਂ ਹੁੰਦੀਆਂ ਹਨ। ਸੁਹਾਗਾ ਦੌੜ ਦਾ ਮੋਹਰੀ ਨਿਰਮਲ ਸਿੰਘ ਸੀ। ਸੁਹਾਗੇ ਤੇ ਬੈਲ ਗੱਡੀਆਂ ਦੀ ਦੌੜ ਨੇ ਮੇਲੀਆਂ ਦਾ ਮਨੋਰੰਜਨ ਕਰਨ ਨਾਲ ਉਨ੍ਹਾਂ ਵਿਚ ਚੰਗੇ ਵਹਿੜਕੇ ਪਾਲਣ ਦੀ ਚੇਟਕ ਵੀ ਲਾਈ ਜਿਨ੍ਹਾਂ ਨੇ ਬਾਅਦ ਵਿਚ ਵਧੀਆ ਬਲਦ ਬਣ ਕੇ ਹਰੇ ਇਨਕਲਾਬ ਨੂੰ ਹੁੰਘਾਰਾ ਦਿੱਤਾ। 1935 ਵਿਚ ਚੋਟੀ ਦਾ ਵਹਿੜਕਾ ਤਿੰਨ ਸੌ ਨੂੰ ਵਿਕਿਆ ਸੀ। ਬੈਲ ਗੱਡੀਆਂ ਦੇ ਸੌLਕ ਦੀ ਚੜ੍ਹਤ ਵੇਖੋ ਕਿ ਬਾਅਦ ਵਿਚ ਤੇਜ਼ ਦੌੜਨ ਵਾਲਾ ਬੈਲ ਲੱਖਾਂ ਰੁਪਈਆਂ `ਚ ਵਿਕਦਾ ਰਿਹਾ।
1943 ਵਿਚ ਕਿਲਾ ਰਾਇਪੁਰ ਦਾ ਇਕ ਰਿਟਾਇਰ ਫੌਜੀ ਦਲੀਪ ਸਿੰਘ ਮੇਲੇ `ਚ ਆਇਆ। ਉਹਦਾ ਕਲਕੱਤੇ ਟਰਾਂਸਪੋਰਟ ਦਾ ਤਕੜਾ ਕਾਰੋਬਾਰ ਸੀ। ਉਹ ਖਿਡਾਰੀਆਂ ਉਤੋਂ ਦੀ ਰੁਪਈਆਂ ਦਾ ਮੀਂਹ ਵਰ੍ਹਾਉਣ ਲੱਗਾ। ਉਨ੍ਹੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ ਉਹ ਕਬੱਡੀ ਦੇ ਇਕ ਪੁਆਇੰਟ ਉਤੇ ਸੌ ਦਾ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਜਾਫੀ ਬਿੱਲੂ ਰਾਜੇਆਣੀਏਂ ਨੂੰ ਮਿਲਿਆ ਜਦੋਂ ਉਸ ਨੇ ਧਾਵੀ ਨੂੰ ਗੁੱਟੋਂ ਫੜ ਕੇ ਹੀ ਡੱਕ ਲਿਆ। ਉਦੋਂ ਜੋਗਿੰਦਰ ਸਿੰਘ ਪੀਟੀ ਖੇਡ ਮੁਕਾਬਲਿਆਂ ਦੀ ਕੁਮੈਂਟਰੀ ਕਰਦਾ ਹੁੰਦਾ ਸੀ। ਉਹਦੀਆਂ ਟਿੱਪਣੀਆਂ ਤੇ ਹਾਸਰਸੀ ਟੋਟਕੇ ਰੰਗ ਬੰਨ੍ਹੀ ਰੱਖਦੇ ਸਨ। ਜਦੋਂ ਬਿੱਲੂ ਨੇ ਗੁੱਟ ਫੜਨਾ ਤਾਂ ਪੀਟੀ ਨੇ ਕਹਿਣਾ, “ਲੈ ਆ-ਗੀ ਘੁਲਾੜੀ `ਚ ਬਾਂਹ। ਲੱਗਗੇ ਜਿੰਦੇ। ਭਲਾ ਘੁਲਾੜੀ `ਚੋਂ ਬਾਂਹ ਵੀ ਕਦੇ ਨਿਕਲੀ ਐ?”
ਮੰਦੇ ਦੇ ਉਨ੍ਹੀਂ ਦਿਨੀਂ ਕਈ ਖਿਡਾਰੀਆਂ ਨੇ ਉਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਕਬੱਡੀ ਦੀ ਕੁਮੈਂਟਰੀ ਕਿਲਾ ਰਾਇਪੁਰ ਦੀਆਂ ਖੇਲ੍ਹਾਂ `ਚੋਂ ਜਨਮੀ ਹੈ। ਪੀਟੀ ਜੋਗਿੰਦਰ ਸਿੰਘ ਇਸ ਦਾ ਜਨਮਦਾਤਾ ਹੈ। ਉਹ ਕੁਮੈਂਟਰੀ ਕਰਦਿਆਂ ਲੋਕ ਗੀਤ, ਲਤੀਫੇ ਤੇ ਨਿੱਕੇ-ਨਿੱਕੇ ਪਰਸੰਗ ਸੁਣਾਉਂਦਾ ਲੋਕਾਂ ਦਾ ਮਨੋਰੰਜਨ ਕਰੀ ਜਾਂਦਾ ਸੀ ਤੇ ਵਿਚੇ ਗਰੇਵਾਲਾਂ ਨੂੰ ਵਡਿਆਈ ਜਾਂਦਾ ਸੀ। ਮੇਲੀ ਗੇਲੀ ਉਹਦੀਆਂ ਗੱਲਾਂ ਵੱਲ ਕੰਨ ਰੱਖਦੇ ਸਨ। ਉਹਦੇ ਅਨੇਕਾਂ ਲੋਕ ਗੀਤ ਕੰਠ ਸਨ ਜਿਨ੍ਹਾਂ ਦੀ ਉਹ ਕੁਮੈਂਟਰੀ `ਚ ਵਰਤੋਂ ਕਰਦਾ ਰਹਿੰਦਾ। 70ਵਿਆਂ `ਚ ਜਦੋਂ ਕੁਝ ਸਾਲਾਂ ਲਈ ਖੇਲ੍ਹਾਂ ਦੀ ਕਮੇਟੀ ਵਿਚ ਪਾਟਕ ਪਿਆ ਤੇ ਦੋ ਮੇਲੇ ਲੱਗਣ ਲੱਗੇ ਤਾਂ ਖੇਲ੍ਹਾਂ ਨੂੰ ਅਸਲੀ ਤੇ ਨਕਲੀ ਦੇ ਨਾਂਅ ਦਿੱਤੇ ਜਾਣ ਲੱਗੇ। ਆਮ ਲੋਕ ਕਹਿੰਦੇ, “ਜੇ ਤਾਂ ਬਈ ਉਹ ਪੀਟੀ ਓਥੇ ਓਵੇਂ ਈ ਟੋਟਕੇ ਸੁਣਾਉਂਦੈ ਤਾਂ ਖੇਲ੍ਹਾਂ ਅਸਲੀ ਆ, ਨਹੀਂ ਤਾਂ ਨਕਲੀ।”
ਪੀਟੀ ਬੈਲ ਗੱਡੀਆਂ ਦੀ ਦੌੜ ਸਮੇਂ ਲੋਕ ਗੀਤਾਂ ਦੇ ਟੱਪੇ ਸੁਣਾ ਕੇ ਮੇਲੇ ਨੂੰ ਨਿਹਾਲ ਕਰਦਾ ਰਹਿੰਦਾ ਸੀ:
-ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ।
-ਤੈਨੁੰ ਕੀ ਮੁਕਲਾਵਾ ਤਾਰੂ ਰੋਂਦੇ ਯਾਰ ਛੱਡ ਗਈ।
-ਗੱਡੀ ਵਾਲਿਆ ਵੇ ਅੜਬ ਤਖਾਣਾਂ ਕੁੜੀਆਂ ਨੂੰ ਮਿਲ ਲੈਣ ਦੇ।
-ਗੱਡੀ ਵਿਚ ਮੈਂ ਰੋਵਾਂ ਮੇਰੀ ਕੱਤਣੀ `ਚ ਰੋਣ ਗਲੋਟੇ।
ਇਕੇਰਾਂ ਬੈਲ ਗੱਡੀਆਂ ਦੀ ਦੌੜ `ਚ ਗੱਡੀਆਂ ਭਿੜ ਗਈਆਂ ਤੇ ਇਕ ਬਲਦ ਦੀ ਮੌਤ ਹੋ ਗਈ। ਕਿਲਕਾਰੀਆਂ ਮਾਰਦਾ ਮੇਲਾ ਅਫਸੋਸ `ਚ ਡੁੱਬ ਗਿਆ। ਪੀਟੀ ਨੇ ਜਜ਼ਬਾਤੀ ਰੌਂਅ `ਚ ਕਿਹਾ, “ਲੋਕੋ ਇਹ ਬਲਦ ਨੀ ਮਰਿਆ, ਮੈਦਾਨੇ-ਜੰਗ `ਚ ਲੜਦਾ ਸਿਪਾਹੀ ਸ਼ਹੀਦ ਹੋਇਐ। ਵੇਖਿਓ ਗੱਡੀਆਂ ਵਾਲਿਓ ਕਿਤੇ ਦਿਲ ਨਾ ਛੱਡ ਜਿਓ। ਇਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫ਼ਾਨ `ਚ ਮਰ ਗਿਆ। ਮਗਰੋਂ ਉਹਦਾ ਪੁੱਤ ਕਪਤਾਨ ਬਣਿਆ ਤੇ ਉਹਦੀ ਮੌਤ ਵੀ ਸਮੁੰਦਰੀ ਤੂਫ਼ਾਨ `ਚ ਹੋਈ। ਪਿੱਛੋਂ ਜਦੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ `ਚ ਮਰੇ ਨੇ। ਪੋਤਾ ਪੁੱਛਣ ਲੱਗਾ, ਤੇਰਾ ਪਿਓ ਕਿਥੇ ਮਰਿਆ ਸੀ? ਜਵਾਬ ਮਿਲਿਆ, ਮੰਜੇ ਉਤੇ। ਤੇ ਦਾਦਾ? ਜਵਾਬ ਫੇਰ ਉਹੀ ਸੀ ਅਖੇ ਮੰਜੇ ਉਤੇ। ਜਹਾਜ਼ੀ ਕਪਤਾਨ ਕਹਿਣ ਲੱਗਾ, ਫਿਰ ਤੁਸੀਂ ਮੰਜੇ ਕਿਉਂ ਨਹੀਂ ਛੱਡ ਦਿੰਦੇ? ਬਲਦ ਖੁਰਲੀ `ਤੇ ਖੜ੍ਹਾ ਵੀ ਮਰ ਸਕਦਾ ਸੀ ਪਰ ਉਹਦੀਆਂ ਗੱਲਾਂ ਕਿਸੇ ਨਹੀਂ ਸੀ ਕਰਨੀਆਂ ਤੇ ਨਾ ਉਹਦੇ ਮਾਲਕ ਦਾ ਨਾਂਅ ਲੈਣਾ ਸੀ। ਆਓ ਆਪਾਂ ਇਸ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।”
ਉਸੇ ਵੇਲੇ ਮੇਲੇ `ਚੋਂ ਏਨੇ ਪੈਸੇ `ਕੱਠੇ ਹੋ ਗਏ ਜਿਸ ਨਾਲ ਇਕ ਦੀ ਥਾਂ ਬਲਦਾਂ ਦੀ ਜੋੜੀ ਖਰੀਦੀ ਜਾ ਸਕਦੀ ਸੀ। ਉਸ ਪਿਛੋਂ ਬੈਲ ਗੱਡੀਆਂ ਵਾਲੇ ਹੋਰ ਵੀ ਸ਼ਿੱਦਤ ਨਾਲ ਮੇਲੇ `ਚ ਢੁੱਕਣ ਲੱਗੇ। ਇਕ ਵਾਰ ਕਬੱਡੀ ਦੇ ਮੈਚ ਵਿਚ ਇਕ ਖਿਡਾਰੀ ਦੀ ਲੱਤ ਟੁੱਟ ਗਈ। ਸਬੱਬੀਂ ਹੱਡੀਆਂ ਦਾ ਪ੍ਰਸਿੱਧ ਡਾਕਟਰ ਕਰਮ ਸਿੰਘ ਗਰੇਵਾਲ ਮੇਲਾ ਵੇਖ ਰਿਹਾ ਸੀ। ਡਾ. ਗਰੇਵਾਲ ਖਿਡਾਰੀ ਦੀ ਮਦਦ ਲਈ ਮੈਦਾਨ ਵੱਲ ਵਧਿਆ ਤਾਂ ਸਟੇਜ ਤੋਂ ਆਵਾਜ਼ ਆਈ, “ਬਾਕੀ ਸਾਰੇ ਪਾਸੇ ਹੋ-ਜੋ, ਸਾਡੇ ਕੋਲ ਹੱਡੀਆਂ ਦਾ ਇਲਾਜ ਕਰਨ ਵਾਲਾ ਰੱਬ ਆਪ ਆ ਗਿਆ।” ਤੇ ਉਸ ਜੁਆਨ ਦਾ ਪੂਰਾ ਇਲਾਜ ਕਰਵਾ ਕੇ ਉਹਨੂੰ ਹੱਸਦਾ ਖੇਡਦਾ ਘਰ ਭੇਜਿਆ ਗਿਆ।
ਇਹ ਖੇਡ ਮੇਲਾ ਆਪਣੀਆਂ ਸਿਲਵਰ, ਗੋਲਡਨ ਤੇ ਡਾਇਮੰਡ ਜੁਬਲੀਆਂ ਮਨਾ ਚੁੱਕਾ ਹੈ। ਇਹਦੇ ਵਿਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਂਦੇ ਰਹੇ ਹਨ। ਓਲੰਪੀਅਨ ਕਰਨਲ ਗੁਰਚਰਨ ਸਿੰਘ ਤਾਂ ਸੀ ਹੀ ਕਿਲਾ ਰਾਇਪੁਰ ਦਾ। ਉਹਦੇ ਭਰਾ ਮਿਹਰ ਸਿੰਘ ਗਰੇਵਾਲ ਨੇ ਵੀ ਚੰਗੀ ਹਾਕੀ ਖੇਡੀ ਤੇ ਮੇਲੇ ਦੀ ਸ਼ਾਨ ਚਮਕਾਈ। ਦੇਸ ਭਰ `ਚੋਂ ਚੋਟੀ ਦੇ ਅਥਲੀਟ ਇਹਦੇ ਟਰੈਕ ਵਿਚ ਦੌੜਦੇ ਰਹੇ ਨੇ। ਏਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਵੀ ਆਇਆ, ਡਿਸਕਸ ਵਾਲਾ ਬਲਕਾਰ ਸਿੰਘ ਵੀ ਤੇ ਹੈਮਰ ਵਾਲਾ ਪਰਵੀਨ ਕੁਮਾਰ ਵੀ। ਇਥੇ ਦਾਰਾ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਤਕ ਪਹਿਲਵਾਨ ਦਰਸ਼ਨ ਦਿੰਦੇ ਰਹੇ ਨੇ।
1953 `ਚ ਪਾਕਿਸਤਾਨ ਤੋਂ ਪੰਜਾਬ ਦੀ ਕਬੱਡੀ ਟੀਮ ਇਥੇ ਆਈ ਸੀ। ਉਦੋਂ ਬਿੱਲੂ, ਕਿਰਪਾਲ ਸਾਧ, ਮਾਲੜੀ ਤੇ ਤੋਖੀ ਹੋਰਾਂ ਦੀਆਂ ਚੜ੍ਹ ਮੱਚੀਆਂ ਸਨ। ਤੋਖੀ ਮੋਟਰ ਸਾਈਕਲ ਵਾਂਗ ਦੌੜਦਾ ਸੀ। 70ਵਿਆਂ `ਚ ਇੰਗਲੈਂਡ ਦੀ ਕਬੱਡੀ ਟੀਮ ਵੀ ਇਥੇ ਢੁੱਕੀ। ਉਦੋਂ ਡੇਹਲੋਂ ਤੋਂ ਨਾਰੰਗਵਾਲ ਗੁੱਜਰਵਾਲ ਤਕ ਚਾਰ-ਚੁਫੇਰੇ ਰਾਹ ਅੱਟੇ ਗਏ ਸਨ। ਕਿਲਾ ਰਾਇਪੁਰ ਦੇ ਖੇਡ ਮੇਲੇ ਨੇ ਪੰਜਾਬ ਦੇ ਪਿੰਡਾਂ `ਚ ਖੇਡ ਮੇਲਿਆਂ ਦੀ ਅਜਿਹੀ ਜਾਗ ਲਾਈ ਹੈ ਕਿ ਹੁਣ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਕਿਸੇ ਪਿੰਡ ਖੇਡਾਂ ਨਾ ਹੋ ਰਹੀਆਂ ਹੋਣ। ਖੇਡਾਂ ਦੇ ਨਾਲ ਇਸ ਨੇ ਪੰਜਾਬ ਦੇ ਪ੍ਰਸਿੱਧ ਨਾਚ ਭੰਗੜੇ ਨੂੰ ਵੀ ਤਕੜਾ ਹੁਲ੍ਹਾਰਾ ਦਿੱਤਾ। ਮਾਡਰਨ ਭੰਗੜੇ ਦਾ ਬਾਨੀ ਮਨੋਹਰ ਦੀਪਕ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿਚ ਭੰਗੜਾ ਪਾਉਂਦਾ ਸਿਨਮੇ ਵਾਲਿਆਂ ਦੀਆਂ ਨਜ਼ਰਾਂ `ਚ ਚੜ੍ਹਿਆ ਸੀ।
ਇਥੇ ਗੁੱਜਰਵਾਲੀਆਂ ਤੇਜਾ ਸਿੰਘ ਆਪਣੇ ਊਠ ਉਤੇ ਖੜ੍ਹ ਜਾਂਦਾ। ਕਦੇ ਉਹ ਸਿਰ `ਤੇ ਘੜਾ ਰੱਖ ਲੈਂਦਾ ਤੇ ਕਦੇ ਹਥੇਲੀ ਉਤੇ ਪਾਣੀ ਦਾ ਛੰਨਾ। ਭੱਜੇ ਜਾਂਦੇ ਊਠ ਉਤੋਂ ਮਜਾਲ ਕੀ ਪਾਣੀ ਦੀ ਬੂੰਦ ਵੀ ਛਲਕ ਜਾਵੇ। ਮਗਰੋਂ ਕਿਲਾ ਰਾਇਪੁਰ ਦੇ ਸਿਕੰਦਰ ਸਿੰਘ ਤੇ ਪ੍ਰੀਤਮ ਸਿੰਘ ਵੀ ਤੇਜਾ ਸਿੰਘ ਦੀਆਂ ਰੀਸਾਂ ਕਰਦੇ ਰਹੇ।
2018 `ਚ ਬੀਬੀਸੀ ਪੰਜਾਬੀ ਚੈਨਲ ਦਾ ਬੁਲਾਰਾ ਦਲਜੀਤ ਅਮੀ ਮਿਲਿਆ ਜੋ ਜ਼ੋਰ ਦੇਣ ਲੱਗਾ ਕਿ 4 ਫਰਵਰੀ ਨੂੰ ਕਿਲਾ ਰਾਇਪੁਰ ਪਹੁੰਚ ਸਕੋਂ ਤਾਂ ਸਾਨੂੰ ਉਥੋਂ ਦੀਆਂ ਖੇਲ੍ਹਾਂ ਬਾਰੇ ਤੁਹਾਡਾ ਲਾਈਵ ਤਬਸਰਾ ਚਾਹੀਦੈ। ਮੈਂ ਮੇਲੇ `ਚ ਪੁੱਜਾ ਤਾਂ ਸਾਬਕਾ ਓਲੰਪਿਕ ਚੈਂਪੀਅਨ ਅਲੈਕਸੀ ਸਿੰਘ ਗਰੇਵਾਲ, ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ 110 ਮੀਟਰ ਅੜਿੱਕਾ ਦੌੜ `ਚੋਂ ਪੰਜਵਾਂ ਸਥਾਨ ਹਾਸਲ ਕਰਨ ਵਾਲਾ ਗੁਰਬਚਨ ਸਿੰਘ ਤੇ ਮੁੱਕੇਬਾਜ਼ੀ ਦਾ ਦਰੋਣਾਚਾਰੀਆ ਗੁਰਬਖ਼ਸ਼ ਸਿੰਘ ਸੰਧੂ ਸਟੇਜ `ਤੇ ਬਿਰਾਜਮਾਨ ਸਨ। ਉਨ੍ਹਾਂ ਨੂੰ ਜੀਵਨ ਭਰ ਦੀਆਂ ਖੇਡ ਪ੍ਰਾਪਤੀਆਂ ਲਈ ਉਚੇਚਾ ਸਨਮਾਨਿਆ ਜਾਣਾ ਸੀ।
ਮੈਂ ਅਕਸਰ ਕਹਿੰਦਾ ਹਾਂ ਕਿ ਜੀਹਨੇ ਕਿਲਾ ਰਾਏਪੁਰ ਦੀਆਂ ਖੇਲ੍ਹਾਂ ਨਹੀਂ ਵੇਖੀਆਂ ਉਹਨੇ ਅਜੇ ਖੇਡਾਂ ਵੇਖੀਆਂ ਹੀ ਨਹੀਂ। ਇਨ੍ਹਾਂ ਖੇਲ੍ਹਾਂ ਨੇ ਹੀ ਪੰਜਾਬ ਵਿਚ ਖੇਡ ਮੇਲਿਆਂ ਦੀ ਜਾਗ ਲਾਈ ਹੈ। ਜਿਵੇਂ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦੈ ਉਵੇਂ ਕਿਲਾ ਰਾਏਪੁਰ ਦੀਆਂ ਖੇਲ੍ਹਾਂ ਨੂੰ ਪੰਜਾਬ ਦੇ ਖੇਡ ਮੇਲਿਆਂ ਦੀ ਮਾਂ ਕਿਹਾ ਜਾ ਸਕਦੈ।
ਮੇਲਾ ਸ਼ੁਰੂ ਕਰਨ ਵਾਲੇ ਸੱਜਣ ਇਸ ਦੁਨੀਆਂ ਤੋਂ ਕੂਚ ਕਰ ਗਏ ਹਨ। ਦੂਜੀ ਪੀੜ੍ਹੀ `ਚੋਂ ਵੀ ਕੋਈ ਹੀ ਜਿਉਂਦਾ ਹੈ। ਤੀਜੀ ਪੀੜ੍ਹੀ ਵੀ ਰਿਟਾਇਰ ਹੋ ਚੁੱਕੀ ਹੈ। ਇਸ ਖੇਡ ਮੇਲੇ ਦੀਆਂ ਲਗਾਮਾਂ ਹੁਣ ਚੌਥੀ ਪੀੜ੍ਹੀ ਦੇ ਹੱਥ ਹਨ। ਵੇਖਦੇ ਹਾਂ ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਨੌਜਵਾਨ ਕਿਲਾ ਰਇਪੁਰ ਦੀਆਂ ਖੇਲ੍ਹਾਂ ਨੂੰ ਕਿਥੋਂ ਤਕ ਲਿਜਾਂਦੇ ਹਨ?