ਵਿਸ਼ਵ ਦੀ ਵਪਾਰਕ ਵਿਉਂਤਬੰਦੀ

ਯੂਕਰੇਨ ਦੀ ਜੰਗ ਤੋਂ ਲੈ ਕੇ ਦੱਖਣੀ ਏਸ਼ੀਆ ਤੱਕ ਦੇ ਦੇਸ਼ਾਂ ਅਤੇ ਚੀਨ ਨਾਲ ਸੰਬੰਧਾਂ ਦੀ ਡਾਵਾਂਡੋਲਤਾ ਵਿਚਕਾਰ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਟੈਰਿਫ਼ ਵਾਰ ਸ਼ੁਰੂ ਕੀਤੇ ਜਾਣ ਵਿਚਾਲੇ ਭਾਰਤ ਤੇ ਯੂਰਪੀਅਨ ਸੰਘ (ਈ.ਯੂ.) ਨੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤੀ ਦਿੰਦੇ ਹੋਏ ਇਕ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ ਜਿਉਂ ਹੀ ਅੰਤਿਮ ਰੂਪ ਦੇ ਦਿੱਤਾ ਹੈ, ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦਾ ਵੀ ਨਵਾਂ ਅਧਿਆਏ ਖੁੱਲ੍ਹਣਾ ਸ਼ੁਰੂ ਹੋ ਗਿਆ।

ਕੁਝ ਦਿਨ ਪਹਿਲਾਂ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਹੋਏ ਕਰਾਰਾਂ ਨੂੰ ਦੋਵਾਂ ਧਿਰਾਂ ਨੇ ‘ਸਾਰੇ ਸੌਦਿਆਂ ਦੀ ਮਾਂ’ ਕਰਾਰ ਦਿੱਤਾ ਸੀ। ਪਿਛਲੇ ਮੰਗਲਵਾਰ ਨੂੰ ਭਾਰਤ-ਈ.ਯੂ. ਸਿਖਰ ਸੰਮੇਲਨ ‘ਚ ਪ੍ਰਧਾਨ ਮੰਤਰੀ ਮੋਦੀ ਤੇ ਯੂਰਪੀ ਯੂਨੀਅਨ ਦੇ ਸਿਖਰਲੇ ਆਗੂਆਂ ਉਰਸੁਲਾ ਵੌਨ ਡੇਰ ਲੇਯਨ ਅਤੇ ਅੰਤੋਨੀਓ ਕੌਸਟਾ ਨੇ ਗੁੰਝਲਦਾਰ ਗੱਲਬਾਤ ਮਗਰੋਂ ਸਮਝੌਤੇ ਦਾ ਐਲਾਨ ਕੀਤਾ। ਨਿਰਸੰਦੇਹ ਭਾਰਤ ਤੇ 27 ਮੈਂਬਰਾਂ ਵਾਲੇ ਯੂਰਪੀ ਸੰਘ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਦਾ ਮਹੱਤਵ ਜਿੱਥੇ ਭਾਰਤ ਲਈ ‘ਆਰਥਿਕ ਸਹਿਯੋਗ ਦਾ ਨਵਾਂ ਯੁੱਗ’ ਵਜੋਂ ਹੈ, ਉੱਥੇ ਹੀ ਇਸ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਇਸ ਨੇ ਅਮਰੀਕਾ ਅਤੇ ਚੀਨ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦਾ ਬਦਲ ਉਪਲਬਧ ਹੈ। ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਨੂੰ ਕੇਂਦਰ ਸਰਕਾਰ ਦਾ ਮਾਸਟਰ ਸਟਰੋਕ ਕਿਹਾ ਜਾ ਸਕਦਾ ਹੈ। ਅਠਾਰਾਂ ਸਾਲਾਂ ਦੀ ਉਡੀਕ ਤੋਂ ਪਿੱਛੋਂ ਇਸ ਡੀਲ ਨੂੰ ਹਰੀ ਝੰਡੀ ਮਿਲਣਾ ਆਲਮੀ ਵਿੱਤੀ ਤੇ ਕੂਟਨੀਤਕ ਮੁਹਾਂਦਰੇ ‘ਚ ਭਾਰਤ ਦੀ ਵਧਦੀ ਭੂਮਿਕਾ ਨੂੰ ਜ਼ਾਹਰ ਕਰਦਾ ਹੈ। ਇਸ ਦੀ ਪੁਸ਼ਟੀ ਅਮਰੀਕੀ ਨੇਤਾਵਾਂ ਦਾ ਉਹ ਬਿਆਨ ਹੈ ਕਿ ਅਮਰੀਕਾ ਨੂੰ ਸਮਝੌਤਾ ਰਾਸ ਨਹੀਂ ਆ ਰਿਹਾ। ਅਮਰੀਕਾ ਦੇ ਵਪਾਰਕ ਨੁਮਾਇੰਦੇ ਜੈਮੀਸਨ ਗਰੀਰ ਨੇ ਭਾਰਤ ਅਤੇ ਯੂਰਪੀ ਯੂਨੀਅਨ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਨੂੰ ਭਾਰਤ ਲਈ ਵੱਡੀ ਜਿੱਤ ਕਰਾਰ ਦਿੱਤਾ।
ਮੋਦੀ ਨੇ ਕਿਹਾ, ‘ਇਹ ਸਿਰਫ਼ ਵਪਾਰਕ ਸਮਝੌਤਾ ਨਹੀਂ ਹੈ, ਸਗੋਂ ਸਾਂਝੀ ਖ਼ੁਸ਼ਹਾਲੀ ਦਾ ਨਵਾਂ ਖਾਕਾ ਹੈ।’ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕ ਨੀਂਹ ਮਜ਼ਬੂਤ ਹੋਈ ਹੈ।
ਪਰ ਇਸ ਤੋਂ ਇੱਕ ਦਿਨ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫੋਨ ‘ਤੇ ਗੱਲਬਾਤ ਹੋਈ। ਇਸ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਵਿਚ ਵੱਡਾ ਸਕਾਰਾਤਮਕ ਬਦਲਾਅ ਆਇਆ ਹੈ। ਪਹਿਲਾਂ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਅਤੇ ਭਾਰਤ ਤੁਰੰਤ ਪ੍ਰਭਾਵ ਨਾਲ ਇਕ ਟ੍ਰੇਡ ਡੀਲ ‘ਤੇ ਸਹਿਮਤ ਹੋ ਗਏ ਹਨ ਅਤੇ ਅਮਰੀਕਾ ਭਾਰਤੀ ਉਤਪਾਦਾਂ ‘ਤੇ ਲਗਾਏ ਗਏ ਆਪਸੀ ਟੈਰਿਫ ਨੂੰ ਤੁਰੰਤ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਐਕਸ ‘ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਭਾਰਤ ਵਿਚ ਬਣੇ ਉਤਪਾਦਾਂ ‘ਤੇ ਟੈਰਿਫ ਘਟਾ ਕੇ 18 ਫ਼ੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਟਰੰਪ ਦਾ 140 ਕਰੋੜ ਭਾਰਤੀਆਂ ਵੱਲੋਂ ਧੰਨਵਾਦ ਕੀਤਾ। ਜਦਕਿ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੀ ਆਪਣੀ ਇਕ ਪੋਸਟ ਵਿਚ ਲਿਖਿਆ, ‘ਇਸ ਵਪਾਰਕ ਸਮਝੌਤੇ ਨਾਲ ਮੈਂ ਉਤਸ਼ਾਹਤ ਹਾਂ।’
ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ‘ਤੇ ਰੂਸ ਤੋਂ ਤੇਲ ਖ਼ਰੀਦਣ ਕਾਰਨ ਲਗਾਏ ਗਏ 25 ਫ਼ੀਸਦੀ ਵਾਧੂ ਟੈਰਿਫ ਦੀ ਸਥਿਤੀ ਬਾਰੇ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੂਸ ਤੋਂ ਤੇਲ ਖ਼ਰੀਦ ਬੰਦ ਕਰਨ ਦੀ
ਭਾਰਤ ਦੀ ਸਹਿਮਤੀ ਨੂੰ ਦੇਖਦਿਆਂ ਅਮਰੀਕਾ ਇਸ ਟੈਰਿਫ ਨੂੰ ਵੀ ਹਟਾ ਰਿਹਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਅਮਰੀਕੀ ਉਤਪਾਦ ਖ਼ਰੀਦਣ ਲਈ ਵਚਨਬੱਧਤਾ ਦਿਖਾਈ ਅਤੇ ਅਮਰੀਕਾ ਤੋਂ ਭਾਰਤ 500 ਅਰਬ ਡਾਲਰ ਮੁੱਲ ਦੇ ਊਰਜਾ, ਤਕਨਾਲੋਜੀ, ਖੇਤੀ, ਕੋਲਾ ਅਤੇ ਹੋਰ ਅਮਰੀਕੀ ਉਤਪਾਦਾਂ ਦੀ ਖ਼ਰੀਦ ਕਰੇਗਾ। ਨਵੇਂ ਸਾਲ ਵਿਚ ਟਰੰਪ ਅਤੇ ਮੋਦੀ ਦੇ ਵਿਚਕਾਰ ਪਹਿਲੀ ਵਾਰ ਟੈਲੀਫੋਨ ‘ਤੇ ਗੱਲਬਾਤ ਹੋਈ ਹੈ। ਦੋਹਾਂ ਨੇ ਵਪਾਰ, ਰੂਸ-ਯੂਕਰੇਨ ਜੰਗ, ਊਰਜਾ ਸਹਿਯੋਗ ਵਰਗੇ ਕਈ ਮਹੱਤਵਪੂਰਨ ਮਸਲਿਆਂ ‘ਤੇ ਵੀ ਗੱਲ ਕੀਤੀ ਹੈ। ਟਰੰਪ ਨੇ ਪੋਸਟ ਵਿਚ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ‘ਸਭ ਤੋਂ ਚੰਗੇ ਦੋਸਤਾਂ’ ਵਿੱਚੋਂ ਇਕ ਹਨ ਅਤੇ ਦੋਹਾਂ ਨੇ ਦੋਸਤੀ ਅਤੇ ਆਦਰ ਦੇ ਆਧਾਰ ‘ਤੇ ਇਹ ਸਮਝੌਤਾ ਕੀਤਾ ਹੈ।
ਭਾਰਤ ਵਲੋਂ ਯੂਕਰੇਨ, ਰੂਸ, ਚੀਨ, ਯੂਰਪੀਅਨ ਸੰਘ ਨਾਲ ਸੰਬੰਧਾਂ ਦਾ ਤਵਾਜ਼ਨ ਬਣਾਈ ਰੱਖਣਾ ਦੇਸ਼ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ। ਭਾਰਤ ਵਲੋਂ ਯੂਰਪੀਅਨ ਸੰਘ ਨਾਲ ਹੋਏ ਸਮਝੌਤਿਆਂ ਨਾਲ ਲੋਕਾਂ ਦੀ ਆਮਦਨੀ ਵਧਣ ਅਤੇ ਮਹਿੰਗਾਈ ਕੁਝ ਹੇਠਾਂ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ਅਗਲੇ ਵਿੱਤੀ ਸਾਲ 2026-27 ਵਿਚ ਭਾਰਤੀ ਵਿਕਾਸ ਦਰ ਦੁਨੀਆ ‘ਚ ਸਭ ਤੋਂ ਤੇਜ਼ ਬਣੀ ਰਹੇਗੀ। ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ‘ਚ ਘਰੇਲੂ ਵਿਕਾਸ ਦਰ ਦੀ ਮਜ਼ਬੂਤੀ ਤੇ ਮਹਿੰਗਾਈ ਦਰ ਘੱਟ ਰਹਿਣ ਕਾਰਨ ਅਗਲੇ ਵਿੱਤੀ ਸਾਲ ਵਿਚ ਆਰਥਿਕ ਵਿਕਾਸ ਦਰ 6.8 ਤੋਂ 72 ਫ਼ੀਸਦੀ ਦਰਮਿਆਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਚਾਲੂ ਵਿੱਤੀ ਸਾਲ ‘ਚ ਬਰਾਮਦ ‘ਚ ਤੇਜ਼ੀ ਨਾਲ ਵਿਕਾਸ ਦਰ 7.4% ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਜਦੋਂ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਹੋਣ ਨਾਲ ਭਾਰਤੀ ਵਿਕਾਸ ਦਰ ਹੋਰ ਵੀ ਪ੍ਰਭਾਵਿਤ ਹੋ ਸਕਦੀ ਹੈ।
ਦੁਨੀਆ ਦੀਆਂ ਵੱਡੀਆਂ ਅਰਥ-ਵਿਵਸਥਾਵਾਂ ‘ਚੋਂ ਇਕ ਭਾਰਤ ਦੀਆਂ ਸਭ ਤੋਂ ਉੱਚੀਆਂ ਟੈਰਿਫ ਦਰਾਂ ਅਤੇ ਗ਼ੈਰ ਟੈਰਿਫ ਅੜਿੱਕੇ ਦੂਰ ਕਰਨ ਵਲ ਪੁੱਟੇ ਗਏ ਅਮਰੀਕਾ ਦੇ ਕਦਮ ਭਾਰਤ ਲਈ ਲਾਹੇਵੰਦ ਸਾਬਤ ਹੋਣਗੇ। ਵਪਾਰ ਵਿਚ ਆਉਣ ਵਾਲੀਆਂ ਰੁਕਾਵਟਾਂ ਘਟਣ ਨਾਲ ਪੰਜਾਬ ਇਕ ਵਿਕਸਿਤ ਰਾਸ਼ਟਰ ਬਣਨ ਦੀ ਰਾਹ ਸੁਖਾਲੀ ਹੋ ਜਾਏਗੀ।
ਭਾਰਤੀ ਉੱਦਮੀਆਂ ਨੂੰ ਗੁਣਵੱਤਾ ਤੇ ਉਤਪਾਦਕਤਾ ਦਾ ਪੱਧਰ ਉੱਨਤ ਕਰਦੇ ਹੋਏ ਅਜਿਹੇ ਮੁੱਲਵਾਨ ਵਿਸ਼ਵ ਪੱਧਰੀ ਉਤਪਾਦ ਤਿਆਰ ਕਰਨੇ ਹੋਣਗੇ ਜਿਨ੍ਹਾਂ ਦੀ ਖ਼ਾਸ ਪਛਾਣ ਬਣੇ ਅਤੇ ਉਨ੍ਹਾਂ ਦੀ ਮੰਗ ਵਧੇ। ਰਣਨੀਤਕ ਤੌਰ ‘ਤੇ ਇਹ ਸਮਝੌਤੇ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਸਮਝੌਤਿਆਂ ਦੀ ਦੂਰਰਸ ਵਿਓਂਤਬੰਦੀ ਵਿਸ਼ਵ ਦੀ ਨਵੀਂ ਕਤਾਰਬੰਦੀ ਦਾ ਰਾਹ ਖੋਲ੍ਹੇਗੀ।