ਚੰਡੀਗੜ੍ਹ:328 ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ ਗਿਆ ਹੈ। ਅਦਾਲਤ ਨੂੰ ਦਿੱਤੇ ਗਏ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਲਿਖਤੀ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ।
ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਇਸ ਮਾਮਲੇ ਵਿੱਚ ਸਿਰਫ਼ ਮੌਖਿਕ ਤੌਰ ‘ਤੇ ਹੀ ਮਿਲ ਰਿਹਾ ਹੈ, ਜਦਕਿ ਜਾਂਚ ਲਈ ਲੋੜੀਂਦਾ ਦਸਤਾਵੇਜ਼ੀ ਰਿਕਾਰਡ ਅਜੇ ਤੱਕ ਪ੍ਰਦਾਨ ਨਹੀਂ ਕੀਤਾ ਗਿਆ। ਦਰਅਸਲ, ਇਹ ਪੂਰੀ ਕਾਰਵਾਈ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਗੁਰਮੁਖ ਸਿੰਘ, ਕੁਲਵੰਤ ਸਿੰਘ, ਬਾਜ ਸਿੰਘ ਅਤੇ ਗੁਰਬਚਨ ਸਿੰਘ ਵੱਲੋਂ ਦਾਖਲ ਕੀਤੀ ਗਈ ਜ਼ਮਾਨਤ ਪਟੀਸ਼ਨ ‘ਤੇ ਹੋ ਰਹੀ ਹੈ। ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਆਪਣਾ ਪੱਖ ਰੱਖਣਾ ਸੀ, ਜਿਸ ਦੌਰਾਨ ਸਰਕਾਰ ਨੇ ਸ਼ਰੋਮਣੀ ਕਮੇਟੀ ਦੇ ਸਹਿਯੋਗ ਸੰਬੰਧੀ ਆਪਣਾ ਸਟੈਂਡ ਸਪਸ਼ਟ ਕੀਤਾ।
ਪੂਰੀ ਤਰ੍ਹਾਂ ਤਿਆਰ ਹੈ ਸਾਰਾ ਰਿਕਾਰਡ: ਪ੍ਰਤਾਪ ਸਿੰਘ
ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਦਾਖਲ ਕੀਤੇ ਗਏ ਜਵਾਬ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦਾ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਸਾਰਾ ਰਿਕਾਰਡ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਦੋਂ ਵੀ ਮੰਗਿਆ ਜਾਵੇਗਾ ਤੁਰੰਤ ਦੇ ਦਿੱਤਾ ਜਾਵੇਗ। ਉਨ੍ਹਾਂ ਕਿਹਾ ਕਿ Sੀਠ ਵੱਲੋਂ ਜਿਹੜਾ ਵੀ ਰਿਕਾਰਡ ਮੰਗਿਆ ਗਿਆ ਸੀ, ਉਹ ਪਹਿਲਾਂ ਹੀ ਤਿਆਰ ਹੈ।ਪ੍ਰਤਾਪ ਸਿੰਘ ਨੇ ਦੱਸਿਆ ਕਿ ਜੇਕਰ ਜਾਂਚ ਏਜੰਸੀ ਸਵੇਰੇ ਰਿਕਾਰਡ ਮੰਗਦੀ ਹੈ ਤਾਂ ਕਮੇਟੀ ਉਸੇ ਸਵੇਰੇ ਸਾਰੇ ਦਸਤਾਵੇਜ਼ ਦੇਣ ਲਈ ਤਿਆਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਕਮੇਟੀ ਤਾਂ ਰਿਕਾਰਡ ਦੇਣ ਲਈ ਬੈਠੀ ਹੈ, ਪਰ ਹੁਣ ਤੱਕ ਜਾਂਚ ਏਜੰਸੀ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ। ਪ੍ਰਤਾਪ ਸਿੰਘ ਅਨੁਸਾਰ ਫਿਲਹਾਲ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਗਿਆ,ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
