ਧਰਮਿੰਦਰ ਸਣੇ ਪੰਜ ਨੂੰ ਪਦਮ ਵਿਭੂਸ਼ਣ

ਨਵੀਂ ਦਿੱਲੀ:ਗਣਤੰਤਰ ਦਿਵਸ ਮੌਕੇ ਸਰਕਾਰ ਨੇ ਸਰਬਉੱਚ ਬਹਾਦਰੀ ਪੁਰਸਕਾਰਾਂ ਤੇ ਸਰਬਉੱਚ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਣ ਵਾਲੇ ਗਰੁੱਪ ਕੈਪਟਨ ਸ਼ੁਭਾਸ਼ ਸ਼ੁਕਲਾ ਨੂੰ ਇਸ ਸਾਲ ਸ਼ਾਂਤੀ ਕਾਲ ਦੇ ਸਰਬਉੱਚ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਤਿੰਨ ਕੀਰਤੀ ਚੱਕਰ ਤੇ 13 ਸ਼ੌਰਿਆ ਚੱਕਰ ਜੇਤੂਆਂ ਦਾ ਵੀ ਐਲਾਨ ਕੀਤਾ ਗਿਆ ਹੈ।ਮਰਹੂਮ ਅਦਾਕਾਰ ਧਰਮਿੰਦਰ ਅਤੇ ਸੀਪੀਐਮ ਆਗੂ ਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀਐੱਸ ਅਚਯੁਤਾਨੰਦਨ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਬਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ। ਡੇਰਾ ਸੱਚਖੰਡ ਬੱਲਾਂ ਦੇਮੁਖੀ ਸੰਤ ਨਿਰੰਜਣ ਦਾਸ ਜੀ, ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਿਰਸਾ ਤੋਂ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮਸ਼ੀ ਪੁਰਸਕਾਰ ਦਿੱਤਾ ਗਿਆ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ, ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਤੇ ਭਾਜਪਾ ਦੇ ਸੀਨੀਅਰ ਆਗੂ ਭਗਤ ਸਿੰਘ ਕੋਸ਼ਿਆਰੀ, ਭਾਜਪਾ ਆਗੂ ਵੀਕੇ ਮਲਹੋਤਰਾ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਪਦਮ ਭੂਸ਼ਣ ਦਿੱਤਾ ਗਿਆ ਹੈ।ਭਾਰਤ ਦੀ ਪਹਿਲੀ ਤੇਜ਼ਾਬ ਹਮਲੇ ਦੀ ਪੀੜਤਾ ਤੇ ਮਸ਼ਹੂਰ ਸੰਗੀਤਕਾਰ ਪ੍ਰੋ. ਮੰਗਲਾ ਕਪੂਰ ਨੂੰ ਪਦਮਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਪੁਰਸਕਾਰਾਂ ਦੀ ਸੂਚੀ ਤੋਂ ਸਾਫ਼ ਹੈ ਕਿ ਇਸ ਨੂੰ ਸਾਰੇ ਸਿਆਸੀ ਅਤੇ ਵਿਚਾਰਕ ਮਤਭੇਦਾਂ ਤੋਂ ਦੂਰ ਰੱਖਿਆ ਗਿਆ ਹੈ। ਪਦਮ ਵਿਭੂਸ਼ਣ ਨਾਲ ਸਨਮਾਨਿਤ ਪੰਜ ਹਸਤੀਆਂ ਵਿਚੋਂ 3 ਕੇਰਲ ਦੀਆਂ ਹਨ ਜਿੱਥੇ ਦੋ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਲਈ ਇਸ ਸਾਲ ਕੁੱਲ 131 ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ ਜਿਨ੍ਹਾਂ ਵਿਚੋਂ ਪੰਜ ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਤੇ 113 ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ। ਇਸ ਵਿਚ ਦੋ ਅਜਿਹੇ ਮਾਮਲੇ ਵੀ ਸ਼ਾਮਲ ਹਨ ਜਿਨ੍ਹਾਂ ‘ਚ ਦੋ ਵਿਅਕਤੀਆਂ ਲਈ ਪੁਰਸਕਾਰ ਨੂੰ ਇਕ ਮੰਨਿਆ ਗਿਆ ਹੈ।
ਪਦਮਸ਼੍ਰੀ ਹਾਸਲ ਕਰਨ ਵਾਲਿਆਂ ਵਿਚ 45 ਗੁਮਨਾਮ ਹੀਰੋ ਸ਼ਾਮਲ ਹਨ। ਪਦਮ ਸਨਮਾਨ ਪਾਉਣ ਵਾਲਿਆਂ ਵਿਚ 90 ਔਰਤਾਂ ਹਨ। ਸੂਚੀ ਵਿਚ ਵਿਦੇਸ਼ੀ, ਐੱਨਆਰਆਈ, ਪੀਆਈਓ ਤੇ ਓਸੀਆਈ ਵਰਗ ਵਿਚ ਛੇ ਹਸਤੀਆਂ ਹਨ। 16 ਹਸਤੀਆਂ ਨੂੰ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ਼ੌਜ ਦੇ 70 ਜਵਾਨਾਂ ਤੇ ਅਧਿਕਾਰੀਆਂ ਨੂੰ ਵੱਖ- ਵੱਖ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਛੇ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਜਾਵੇਗਾ। ਇਨ੍ਹਾਂ ਇਨਾਮਾਂ ਵਿਚ ਇਕ ਅਸ਼ੋਕ ਚੱਕਰ, ਤਿੰਨ ਕੀਰਤੀ ਚੱਕਰ, 13 ਸ਼ੌਰਿਆ ਚੱਕਰ, ਇਕ ਬਾਰ ਟੂ ਸੈਨਾ ਮੈਡਲ (ਗੈਲੈਂਟਰੀ) ਤੇ 44 ਸੈਨਾ ਮੈਡਲ (ਗੈਲੈਂਟਰੀ) ਸ਼ਾਮਲ ਹਨ। ਪਦਮ ਵਿਭੂਸ਼ਣ ਨਾਲ ਸਨਮਾਨਿਤ ਹੋਣ ਵਾਲਿਆਂ ਵਿਚ ਧਰਮਿੰਦਰ ਤੇ ਅਚਯੁਤਾਨੰਦਨ ਦੇ ਨਾਲ ਕੇਰਲ ਤੋਂ ਆਉਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਟੀ ਥਾਮਸ, ਕੇਰਲ ਦੇ ਹੀ ਪੀ. ਨਾਰਾਇਣਨ ਦਾ ਨਾਂ ਵੀ ਸ਼ਾਮਲ ਹੈ। ਥਾਮਸ ਨੂੰ ਸਮਾਜਿਕ ਖੇਤਰ ਅਤੇ ਨਾਰਾਇਣਨ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਇਹ ਸਨਮਾਨ ਮਿਲਿਆ ਹੈ। 40 ਤੋਂ ਵੱਧ ਕਿਤਾਬਾਂ ਲਿਖਣ ਵਾਲੇ ਨਾਰਾਇਣਨ ਮਲਯਾਲਮ ਦੇ ਪ੍ਰਸਿੱਧ ਪੱਤਰਕਾਰ ਵੀ ਹਨ।
ਇਸ ਦੇ ਨਾਲ ਹੀ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਉੱਤਰ ਪ੍ਰਦੇਸ਼ ਦੀ ਵਾਇਲਨ ਵਾਦਕ ਐੱਨ. ਰਾਜਮ ਨੂੰ ਵੀ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਭੂਸ਼ਣ ਹਾਸਲ ਕਰਨ ਵਾਲਿਆਂ ਵਿਚ ਸ਼ਿਬੂ ਸੋਰੇਨ, ਵੀਕੇ ਮਲਹੋਤਰਾ ਤੇ ਭਗਤ ਸਿੰਘ ਕੋਸ਼ਿਆਰੀ ਦੇ ਨਾਲ-ਨਾਲ ਮਲਯਾਲਮ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਮਮੂਟੀ, ਪ੍ਰਸਿੱਧ ਗਾਇਕਾ ਅਲਕਾ ਯਾਗਨਿਕ, ਇਸ਼ਤਿਹਾਰ ਗੁਰੂ ਪੀਯੂਸ਼ ਪਾਂਡੇ ਅਤੇ ਸਨਅਤਕਾਰ ਉਦੈ ਕੋਟਕ ਦੇ ਨਾਂ ਵੀ ਸ਼ਾਮਲ ਹਨ। ਬਜਾਜ ਤੋਂ ਲੈ ਕੇ ਕਈ ਪ੍ਰਸਿੱਧ ਥਾਂਡਾਂ ਨੂੰ ਲੋਕਪ੍ਰਿਯ ਬਣਾਉਣ ਵਾਲੇ ਪੀਯੂਸ਼ ਪਾਂਡੇ ਦਾ ਹਾਲ ਹੀ ਵਿਚ ਦੇਹਾਂਤ ਹੋਇਆ ਸੀ। ਕੇਰਲ ਤੋਂ ਹੀ ਆਉਣ ਵਾਲੇ ਸ੍ਰੀ ਨਾਰਾਇਣ ਗੁਰੂ ਧਰਮ ਪਰਿਪਾਲਨ ਯੋਗਮ ਦੇ ਜਨਰਲ ਸਕੱਤਰ ਅਤੇ ਸੀਨੀਅਰ ਇੜਵਾ ਆਗੂ ਵੱਲਾਲੀ ਨਟੇਸਨ ਨੂੰ ਵੀ ਪਦਮ ਭੂਸ਼ਣ ਦਿੱਤਾ ਗਿਆ ਹੈ। ਅਮਰੀਕਾ ਵਿਚ ਰਹਿਣ ਵਾਲੇ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਦਾ ਨਾਂ ਵੀ ਇਸ ਵਿਚ ਸ਼ਾਮਲ ਹੈ। ਪਦਮਸ਼੍ਰੀ ਹਾਸਲ ਕਰਨ ਵਾਲਿਆਂ ਵਿਚ ਅਦਾਕਾਰ ਸਤੀਸ਼ ਸ਼ਾਹ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ ਹੈ। ਨਾਲ ਹੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਹਾਕੀ ਖਿਡਾਰੀ ਸਵਿਤਾ ਪੁਨੀਆ ਨੂੰ ਵੀ ਪਦਮਸ੍ਰੀ ਦਿੱਤਾ ਗਿਆ ਹੈ। ਜੇਐੱਨਯੂ ਦੇ ਸਾਬਕਾ ਵਾਈਸ ਚਾਂਸਲਰ ਐੱਮ. ਜਗਦੀਸ਼ ਕੁਮਾਰ, ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਅਤੇ ਅਦਾਕਾਰ ਆਰ. ਮਾਧਵਨ ਤੇ ਪ੍ਰੋਸੇਨਜੀਤ ਚੈਟਰਜੀ ਵੀ ਪਦਮਸ਼੍ਰੀ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹਨ।