ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਉਦਾਸ ਨਹੀਂ ਹੋਈਦਾ। ਬੜੀ ਖ਼ਤਰਨਾਕ ਹੁੰਦੀ ਏ ਉਦਾਸੀ। ਉਦਾਸ ਪਲਾਂ ਵਿਚ ਸਿਰਫ਼ ਹੌਕੇ ਤੇ ਹਾਵੇ ਉਗਦੇ। ਕਦੇ ਉਦਾਸੀ ਦਸਤਕ ਦੇਵੇ ਤਾਂ ਇਸ ਤੋਂ ਪਾਸਾ ਵੱਟਣਾ ਜ਼ਰੂਰੀ ਹੁੰਦਾ।
ਉਦਾਸ ਚਿਹਰਿਆਂ ਤੋਂ ਉਡ ਜਾਂਦੀ ਹਾਸੀ, ਖ਼ੁਮਾਰੀ ਅਤੇ ਹੁਲਾਸ। ਮਿਟ ਜਾਂਦੇ ਚਾਅ ਚਹਿਕਣਾ ਅਤੇ ਆਸ। ਚਿਹਰੇ ਉਪਰ ਉਗੀਆਂ ਝੁਰੜੀਆਂ ਵਿਚ ਉਦਾਸੀ ਦੀਆਂ ਉਲਝੀਆਂ ਲਕੀਰਾਂ ਤਕਦੀਰ ਨੂੰ ਹੀ ਉਲਝਾ ਦਿੰਦੀਆਂ।
ਉਦਮ ਉਦਾਸ ਹੋ ਜਾਣ ਤਾਂ ਨਵੇਂ ਹੰਭਲਿਆਂ ਦਾ ਹੌਸਲਾ ਪਸਤ ਹੋ ਜਾਂਦਾ। ਨਵੀਆਂ ਪਹਿਲਕਦਮੀਆਂ ਰੁਕ ਜਾਂਦੀਆਂ। ਨਵੀਆਂ ਪੇਸ਼ਕਦਮੀਆਂ ਨਾਲ ਹੋਣ ਵਾਲੀਆਂ ਵਿਲੱਖਣ ਪ੍ਰਾਪਤੀਆਂ ਸਿਸਕੀਆਂ ਬਣ ਜਾਂਦੀਆਂ। ਉਦਮ ਦਾ ਜਲੌਅ ਤਾਂ ਹਮੇਸ਼ਾ ਜਾਰੀ ਰਹਿਣਾ ਚਾਹੀਦਾ।
ਉਦਾਸ ਰੁੱਤ ਵਿਚ ਕੁਝ ਵੀ ਮਨ ਨੂੰ ਨਹੀਂ ਭਾਉਂਦਾ। ਚਿੱਤ ਹਮੇਸ਼ਾ ਢਹਿੰਦੀ ਕਲਾ ਵਿਚ। ਉਦਾਸ ਰੁੱਤ ਸਾਡੇ ਆਲੇ-ਦੁਆਲੇ ਨੂੰ ਉਦਾਸ ਪਰਤ ਨਾਲ ਹੀ ਢੱਕ ਲੈਂਦੀ। ਉਦਾਸ ਮੌਸਮਾਂ ਵਿਚ ਬਹਾਰ ਨਹੀਂ ਆਉਂਦੀ। ਫੁੱਲ ਨਹੀਂ ਖਿੜਦੇ। ਲੱਗਰਾਂ ਨਹੀਂ ਫੁੱਟਦੀਆਂ। ਕੂਲੇ ਪੱਤਿਆਂ ਦੇ ਲਿਬਾਸ ਤੋਂ ਵਿਰਵੀਆਂ ਟਹਿਣੀਆਂ ਖੁਦ ਨੂੰ ਨੰਗਾ ਮਹਿਸੂਸਦੀਆਂ। ਸੂਰਜ ਦੀ ਧੁੱਪ ਵਿਚਲਾ ਖੇੜਾ ਗਾਇਬ ਹੁੰਦਾ ਅਤੇ ਸਾਡੀ ਚੇਤਨਾ ਵਿਚ ਦੁਪਹਿਰ ਸੋਨਰੰਗੀ ਨਹੀਂ ਹੁੰਦੀ। ਮਰਨਹਾਰਾ ਬੰਦਾ ਆਪਣੇ ਸਾਹਾਂ ਨੂੰ ਘੜੀਸਣ ਲੱਗਦਾ।
ਕਲਮ ਉਦਾਸ ਹੋ ਜਾਵੇ ਤਾਂ ਪੁੰਗਰਨ ਵਾਲੇ ਸ਼ਬਦ ਹਾਉਕਾ ਬਣਦੇ। ਸਫ਼ਿਆਂ ਨੂੰ ਕੋਰੇਪਣ ਦਾ ਦਰਦ ਹੰਢਾਉਣਾ ਪੈਂਦਾ। ਸ਼ਬਦਾਂ ਦੀ ਹਿੱਕ ‘ਚ ਜਗਣ ਵਾਲੇ ਅਰਥਾਂ ਦੇ ਦੀਵੇ ਬਣ ਜਾਂਦੇ ਹਾਉਕਾ ਤੇ ਹਟਕੋਰੇ ਭਰਦਾ ਚਾਨਣ ਭਲਾ ਕਿਸੇ ਦੇ ਮੱਥੇ ਨੂੰ ਕਿਵੇਂ ਉਜਿਆਰਾ ਕਰੇਗਾ? ਸੋਚ ਉਦਾਸ ਹੋ ਜਾਵੇ ਤਾਂ ਖ਼ਿਆਲਾਂ ਦੀਆਂ ਫੁੱਲਝੜੀਆਂ ਫੁੱਸ ਹੋ ਕੇ ਰਹਿ ਜਾਂਦੀਆਂ। ਖ਼ਾਬਾਂ ਵਿਚ ਉਗਣ ਵਾਲੇ ਤਾਰੇ ਮਰਸੀਆ ਬਣ ਜਾਂਦੇ ਅਤੇ ਮਰਸੀਆ ਕਦੇ ਵੀ ਜੀਣ ਦਾ ਸਬਕ ਨਹੀਂ ਦੇ ਸਕਦਾ।
ਸੁਪਨਾ ਉਦਾਸ ਹੋ ਜਾਵੇ ਤਾਂ ਸਾਡੀਆਂ ਸੰਭਾਵਨਾਵਾਂ ਵਿਚ ਮਾਤਮ ਉਗਦਾ। ਨਵੀਆਂ ਸਫ਼ਲਤਾਵਾਂ ਸਰਾਪੀਆਂ ਜਾਂਦੀਆਂ ਅਤੇ ਸੁਪਨਿਆਂ ਦਾ ਧੁਖਣਾ ਬੰਦੇ ਦੀ ਬਿਰਤੀ ਨੂੰ ਬਰਬਾਦ ਕਰਦਾ। ਬਲਦੇ ਸਿਵਿਆਂ ਵਿਚੋਂ ਜੀਣ ਨੂੰ ਕਿਵੇਂ ਕਿਆਸੋਗੇ? ਖਿੜ ਰਹੇ ਫੁੱਲ, ਹੱਸਦੇ ਬੱਚੇ ਅਤੇ ਉਮੰਗਾਂ ਨਾਲ ਲਬਰੇਜ਼ ਜਵਾਨ ਦਿਲਾਂ ਦਾ ਸੁਪਨਾ ਬਣੋਗੇ ਤਾਂ ਸੁਪਨਈ ਰੰਗਤ ਵਿਚ ਰੰਗੇ ਜਾਵੋਗੇ।
ਘੋਰ ਉਦਾਸੀ ਦਾ ਰੂਪ ਦੇਖਣ ਲਈ ਕਦੇ ਬਰਾਂਡਡ ਕੱਪੜੇ ਪਹਿਨਣ ਵਾਲੇ ਸ਼ਖ਼ਸ ਦੀ ਲਾਸ਼ ਨੂੰ ਦੇਖਣਾ। ਭਲਾ! ਬੇਮੇਚ ਚਿੱਟੇ ਕਫ਼ਨ ‘ਚ ਲਿਪਟੀ ਲਾਸ਼, ਕਿੰਝ ਕਹੇ ਕਿ ਕਫ਼ਣ ਤਾਂ ਮੇਚ ਹੀ ਨਹੀਂ ਆਉਂਦਾ। ਵੈਸੇ ਕਫ਼ਣ ਵੀ ਕੇਹੀ ਚੀਜ਼ ਏ ਜੋ ਖਰੀਦਦਾ ਉਹ ਪਾਉਂਦਾ ਨਹੀਂ, ਜਿਸ ‘ਤੇ ਪਾਇਆ ਜਾਂਦਾ ਉਹ ਖੁLਦ ਪਾ ਨਹੀਂ ਸਕਦਾ ਅਤੇ ਜਿਸਨੂੰ ਦਿਖਾਉਣ ਲਈ ਪਾਇਆ ਜਾਂਦਾ, ਉਹ ਤਾਂ ਦੇਖ ਹੀ ਨਹੀਂ ਸਕਦਾ। ਘੋਰ ਉਦਾਸੀ ‘ਚ ਬੰਦਾ ਵੀ ਇਕ ਬੇ-ਕੱਫ਼ਣੀ ਲਾਸ਼ ਹੀ ਤਾਂ ਹੁੰਦਾ। ਤੁਰਦੀ ਫਿਰਦੀ। ਖੁਦ ਤੋਂ ਬੇਸੁੱਧ। ਸਿਵਿਆਂ ਵੱਲ ਨੂੰ ਤੁਰੀ ਜਾਂਦੀ।
ਬਸਤਾ ਉਦਾਸ ਹੋ ਜਾਵੇ ਤਾਂ ਇਸ ਵਿਚੋਂ ਕਿਤਾਬਾਂ ਅਤੇ ਕਾਪੀਆਂ ਗਾਇਬ। ਇਸ ਦਾ ਖਾਲੀਪਣ ਭਰਦੀਆਂ ਨੇ ਬੰਦੂਕਾਂ, ਬਾਰੂਦ ਅਤੇ ਬਰਬਾਦੀ। ਕਦੇ ਵੀ ਬਸਤੇ ਨੂੰ ਉਦਾਸ ਨਾ ਹੋਣ ਦਿਓ ਸਗੋਂ ਇਸ ਵਿਚ ਪਈਆਂ ਪੈਨਸਿਲਾਂ ਨਾਲ ਕੋਰੇ ਕਾਗਜ਼ਾਂ ‘ਤੇ ਕੁਝ ਤਾਂ ਅਜੇਹਾ ਲਿਖੋ ਜੋ ਬੰਦੇ ਦਾ ਜਿਊਣ-ਸਬੱਬ ਬਣ ਜਾਣ।
ਸ਼ਬਦ ਉਦਾਸ ਹੋ ਜਾਣ ਤਾਂ ਤੁਹਾਡੇ ਅੰਦਰ ਇਕ ਕਬਰ ਉਗਦੀ ਜੋ ਹੌਲੀ-ਹੌਲੀ ਤੁਹਾਨੂੰ ਵੀ ਕਬਰ ਬਣਾ ਦਿੰਦੀ। ਇਸ ਤੋਂ ਪਹਿਲਾਂ ਕਿ ਸਾਡੇ ਅੰਦਰ ਕਬਰ ਉਗਣ ਲੱਗੇ ਕੁਝ ਤਾਂ ਆਪਣੀ ਰੂਹ ਵਰਗਾ ਸੱਚਾ-ਸੁਚਾ ਅਤੇ ਸੰਜੀਵ ਸ਼ਬਦ ਲਿਖੀਏ। ਯਾਦ ਰਹੇ ਬੰਦਾ ਲਿਖੇ ਹੋਏ ਸ਼ਬਦਾਂ ਦਾ ਗੁਲਾਮ ਹੁੰਦਾ ਪਰ ਉਹ ਅਣਲਿਖੇ ਸ਼ਬਦਾਂ ਦਾ ਹਮੇਸ਼ਾ ਬਾਦਸ਼ਾਹ ਹੁੰਦਾ। ਪਰ ਅਣਲਿਖੇ ਸ਼ਬਦਾਂ ਨਾਲ ਕੁਝ ਕੁ ਜਿਊਣ ਜੋਗਾ ਲਿਖ ਜਾਣਾ ਹੀ ਸ਼ੁਭ-ਕਰਮਨ ਦਾ ਰੂਪ ਧਾਰਦਾ।
ਦਰਿਆ ਉਦਾਸ ਹੋ ਜਾਵੇ ਤਾਂ ਇਸ ਵਿਚ ਬਰੇਤੇ ਉਗਦੇ। ਕੰਢਿਆਂ ‘ਤੇ ਉਜਾੜ ਅਤੇ ਸੁੰਨਸਾਨ। ਦਰਿਆ ਤੇ ਰੁੱਸੇ ਕੰਢਿਆਂ ਨੂੰ ਮਿਲਾਉਣ ਵਾਲੇ ਪਾਣੀ ਦਾ ਤਰਲਾ ਏ ਕਿ ਕਦੇ ਵੀ ਦਰਿਆ ਨੂੰ ਉਦਾਸ ਨਾ ਹੋਣ ਦਿਓ। ਦਰਿਆ ਨਾ ਰਹੇ ਤਾਂ ਮਨੁੱਖੀ ਸਭਿਅਤਾ ਨੂੰ ਮਿਟਣ ਲੱਗਿਆਂ ਬਹੁਤੀ ਦੇਰ ਨਹੀਂ ਲੱਗਣੀ।
ਖੇਤ ਉਦਾਸ ਹੋ ਜਾਣ ਤਾਂ ਇਨ੍ਹਾਂ ਵਿਚ ਉਗਦੀਆਂ ਨੇ ਖੁਦਕੁਸ਼ੀਆਂ। ਬੰਨੇ ਬਣਦੇ ਨੇ ਕਬਰਾਂ ਅਤੇ ਆੜਾਂ ਵਿਚ ਵਗਦਾ ਏ ਆਪਣਿਆਂ ਦਾ ਲਹੂ। ਟਾਹਲੀ ਦੇ ਟਾਹਣ ‘ਤੇ ਲਟਕਦੀ ਹੈ ਜੱਟ ਦੀ ਲਾਸ਼। ਇਸ ਤੋਂ ਪਹਿਲਾਂ ਕਿ ਬੰਦੇ ਜੰਮਣ ਵਾਲੀਆਂ ਜ਼ਮੀਨਾਂ ਮਾਤਮ ਪੈਦਾ ਕਰਨ ਲੱਗ ਪੈਣ, ਖੇਤਾਂ ਦਾ ਵਾਸਤਾ ਜ਼ਰੂਰ ਸੁਣਨਾ। ਇਨ੍ਹਾਂ ਦੀ ਹਿੱਕ ‘ਚ ਸੁੱਚਮ ਦਾ ਬੀਜ ਬੀਜੋ ਤਾਂ ਕਿ ਇਸ ਵਿਚ ਉਗਣ ਵਾਲੀ ਬੰਦਿਆਈ ਤੇ ਚੰਗਿਆਈ ਭਰੇ ਭੜੌਲਿਆਂ ਦਾ ਵਰਦਾਨ ਬਣੇ।
ਖੂਹ ਉਦਾਸ ਹੋ ਜਾਣ ਤਾਂ ਖਾਮੋਸ਼ ਹੋ ਜਾਂਦਾ ਹੈ ਪਾੜਛੇ ਵਿਚ ਪੈਂਦੇ ਪਾਣੀ ਦਾ ਸੰਗੀਤ। ਪਾਣੀਆਂ ਲਈ ਜੰਗ ਵਾਲੀ ਮਾਨਸਿਕਤਾ ਆਪਣਿਆਂ ਦੇ ਸੀਰਮੇ ਪੀਣ ਨੂੰ ਕਾਹਲੀ ਅਤੇ ਇਸ ਕਾਹਲ ਵਿਚ ਬੰਦਾ ਆਪਾ ਹੀ ਗਵਾ ਬਹਿੰਦਾ। ਖ਼ੂਹਾਂ ‘ਤੇ ਤਾਂ ਰੱਬ ਵੱਸਦਾ ਸੀ। ਉਸ ਰੱਬ ਨੂੰ ਮੋੜ ਲਿਆਵੋ ਅਤੇ ਆਪਣੀਆਂ ਤਰਜੀਹਾਂ ਨਾਲ ਤਦਬੀਰਾਂ ਸਿੰਝ ਕੇ ਮਾਣਮੱਤੀ ਜੀਵਨ-ਸ਼ੈਲੀ ਅਪਣਾਵੋ।
ਸੂਰਜ ਉਦਾਸ ਹੋ ਜਾਵੇ ਤਾਂ ਪਲੱਤਣਾਂ ਵਰਗਾ ਦਿਨ ਚੜ੍ਹਦਾ। ਮਰਨਾਊ ਜਹੀ ਪੀਲੀ ਧੁੱਪ ਹੀ ਹੁੰਦੀ ਜੋ ਧੁੰਦ ਅਤੇ ਸੀਤ ਤੋਂ ਤ੍ਰਿਹੰਦੀ, ਖੁਦ ਹੀ ਖੁਦਕੁਸ਼ੀ ਕਰ ਲੈਂਦੀ।
ਦਰਿਆ ਨੂੰ ਉਦਾਸ ਨਾ ਹੋਣ ਦਿਓ
ਬਰੇਤੇ ਜੀਰ ਜਾਣਗੇ ਦਰਿਆ
ਤੇ ਪਿਆਸ ਚੜ ਜਾਵੇਗੀ ਸੂਲੀ।
ਸ਼ਬਦਾਂ ‘ਚ ਸਿੱਸਕੀ ਨਾ ਧਰੋ
ਵਰਕਿਆਂ ਤੇ ਉਗ ਪੈਣਗੀਆਂ ਘਰਾਲਾਂ
ਵਾਕਾਂ ‘ਚ ਸਿੰਮ ਆਉਣੀ ਸਿੱਲ
ਤੇ ਲਿਖਤ ਦਾ ਜ਼ਰਜਰੀਪਣ
ਨਿਗਲ ਜਾਵੇਗਾ ਤਵਾਰੀਖ਼ੀ ਤਹਿਰੀਕ।
ਸੁਪਨੇ ਦੀ ਅੱਖ ‘ਚ ਕਸੀਰ ਨਾ ਪਾਓ।
ਪੈਦਾ ਹੋਏ ਧੁੰਧਲਕੇ ‘ਚ
ਸੰਦਲੀ ਪੈੜਾਂ ਦਾ ਰੁੱਸਿਆ ਸਰਿਨਾਵਾਂ
ਪੂੰਝ ਦੇਵੇਗਾ ਮੰਜ਼ਲ ਦੇ ਮੱਥੇ ਤੋਂ ਸ਼ਿਰਲੇਖ।
ਸੇਜ ਨੂੰ ਸੱਖਣੇਪਣ ਨਾ ਸਰਾਪੋ
ਸਿਲਵਟਾਂ ਦਾ ਦਰਦ
ਕਮਰੇ ਦੀ ਚੁੱਪ ‘ਚ
ਗੁਣਗੁਣਾਵੇਗਾ ਮਾਤਮੀ ਸੁਰਾਂ।
ਕਮਰੇ ਨੂੰ ਖਾਮੋਸ਼ੀ ਨਾ ਵਣਜੋ
ਗੁੁੱਟਕਦੇ ਹਾਸਿਆਂ ਦੀ ਚੀਸ
ਕਮਰੇ ਦੀ ਫਿਜ਼ਾ ਨੂੰ ਲਾ ਦੇਵਗੀ ਰੋਣ
ਤੇ ਹਾਉਕਿਆਂ ਦਾ ਸੇਕ
ਸਾੜ ਕੇ ਰਾਖ਼ ਕਰੇਗਾ
ਰੀਝਾਂ ਦੇ ਕਪਾਹੀ ਫੁੱਲ।
ਘਰ ਨੂੰ ਕਮਰਿਆਂ ‘ਚ ਤਕਸੀਮ ਨਾ ਕਰੋ
ਨਿੱਕੇ ਨਿੱਕੇ ਘੁਰਨਿਆਂ ‘ਚ ਵੰਡਿਆਂ
ਘਰ ਦਾ ਪ੍ਰਤਾਪੀ ਸਰੂਪ
ਘਰ ਨੂੰ ਮਕਾਨ ਬਣਾ ਦੇਵੇਗਾ।
ਚੁੱਲ੍ਹੇ ‘ਚ ਬਲਦੀ ਅੱਗ ਨਾ ਬੁਝਾਓ
ਤੌੜੀ ਵਿਚ ਰਿੱਝਦੇ ਸਾਗ ਦੀ ਮਹਿਕ
ਬਦਬੂ ਬਣ ਚੌਂਕੇ ਵਿਚ ਫੈਲੀ
ਤਾਂ ਜੀਆਂ ਦੇ ਰੱਜ ਨੇ
ਕਰ ਲੈਣੀ ਹੈ ਖੁਦਕੁਸ਼ੀ।
ਵਿਹੜੇ ਦੀ ਰੌਣਕ ਨੂੰ ਨਾ ਰੁਸਾਓ
ਅਜੇਹਾ ਨਾ ਹੋਵੇ
ਕਿ ਫੱਲੀਆਂ ਧ੍ਰੇਕਾਂ
ਜਵਾਨੀ ਦੀ ਦਹਿਲੀਜ਼ ਤੋਂ ਤਿੱਲਕ
ਫਿਜ਼ਾ ਦਾ ਰੁੱਦਨ ਬਣ ਜਾਣ।
ਅੰਬਰ ‘ਚ ਗਹਿਰ ਨਾ ਚਿਤਾਰੋ
ਸੂਰਜ ਦੀ ਅੱਖ ਵਿਚ ਉਤਰਿਆ ਮੋਤੀਆ
ਕੁਦਰਤੀ ਰਹਿਮਤਾਂ ਲਈ ਵਰਜਣਾ ਬਣ
ਧਰਤ ਨੂੰ ਖੰਡਰਾਤ ਬਣਾ ਦੇਵੇਗਾ।
ਖ਼ਿਆਲਾਂ ਦੀ ਵਸੀਹਤਾ ਨਾ ਸੰਗੋੜੋ
ਆਪੋ ਆਪਣੇ ਖੋਲ ‘ਚ ਸਿਮਟਿਆਂ
ਉਚੇਰੀ ਪਰਵਾਜ਼
ਤੇ ਨਿਰਾਲਾ ਅੰਦਾਜ਼
ਸੂਲੀ ਤੇ ਟੰਗੇ ਜਾਣਗੇ।
ਅੰਦਰਲੇ ਸਫ਼ਰ ਤੋਂ ਨਾ ਹੱਟਕੋ
ਬਾਹਰੀ ਸਫ਼ਰ ਦੀ ਤ੍ਰੇੜਾਂ
ਅੰਦਰੂਨੀ ਯਾਤਰਾ ਨੂੰ ਵਰਜ
ਅੰਤਰੀਵੀ ਸੰਤਾਪ ਬਣ ਜਾਣਗੀਆਂ।
ਆਪੇ ਦੇ ਸਨਮੁੱਖ ਹੋਣ ਤੋਂ ਨਾ ਘਬਰਾਵੋ
ਖੁਦ ਨੂੰ ਮਿਲ ਕੇ
ਪ੍ਰਾਪਤ ਸਕੂਨ ਤੋਂ ਵਿਰਵਾ ਹੋ
ਆਪਣੀਆਂ ਤਰਜ਼ੀਹਾਂ ਵੀ ਭੁੱਲ ਜਾਵੋਗੇ।
ਕਦੇ ਬਹੁਤੇ ਹੀ ਉਦਾਸ ਹੋਵੋ
ਤਾਂ ਖਿੜੀ ਬਹਾਰ
ਸੁੱਚੇ ਵਿਚਾਰ
ਚੱਜ-ਅਚਾਰ
ਦੁਮੇਲੜਾ-ਕਿਰਦਾਰ
ਤੇ ਸੁਖਨ ਸੰਸਾਰ
ਦੀ ਉਦਾਸੀ ‘ਤੇ ਨਿਕਲ ਜਾਣਾ।
ਜੇ ਜ਼ਿਆਦਾ ਹੀ ਉਦਾਸ ਹੋਵੋ
ਤਾਂ ਬਾਬੇ ਦੀ ਉਦਾਸੀ ਦਾ ਧਿਆਨ ਧਰਨਾ
ਬਾਕੀ ਉਦਾਸੀਆਂ
ਬੇਅਰਥ, ਬੇਲੋੜੀਆਂ
ਬੇਮਤਲਬ, ਬੇਹੂਦਾ
ਤੇ ਬੇਗਾਨੀਆਂ ਹੋ ਜਾਣਗੀਆਂ।
ਤੁਸੀਂ ਖੁਦ ਹੀ
ਆਪਣੀ ਉਦਾਸੀ
ਉਦਾਸੀ ਦੇ ਰਾਹਗੀਰ
ਤੇ ਤਲਬ-ਤਸ਼ਬੀਹ ਬਣ ਜਾਵੋਗੇ।
ਅਜੇਹੀ ਉਦਾਸੀ ‘ਤੇ ਜ਼ਰੂਰ ਨਿਕਲਣਾ।
ਉਦਾਸੀ ਦੀ ਸੰਘਣੀ ਧੁੰਦ ਨਾਲ ਜੀਵਨ ਰਾਹ ਦਿਸਣੋਂ ਹੀ ਹਟ ਜਾਂਦੇ। ਜਦ ਜ਼ਿੰਦਗੀ ਦੇ ਪਲ-ਪਲ ਨੂੰ ਜਿਊਣਾ ਮਜਬੂਰੀ ਬਣ ਜਾਵੇ ਤਾਂ ਸਾਹਾਂ ਦਾ ਸਾਥ ਵੀ ਸਾਥ ਦੇਣ ਤੋਂ ਕੰਨੀਂ ਕਤਰਾਵੇ।
ਜ਼ਿੰਦਗੀ ਇਕ ਸ਼ੀਸ਼ਾ। ਉਦਾਸ ਚਿਹਰਿਆਂ ਵਿਚੋਂ ਮਾਯੂਸੀ ਹੀ ਨਜ਼ਰ ਆਉਂਦੀ ਜਦ ਕਿ ਹੱਸਦੇ ਚਿਹਰੇ ਖੇੜਿਆਂ ਦੀ ਦਸਤਾਵੇਜ਼ ਹੁੰਦੇ। ਉਦਾਸੀ ਬਹੁਤ ਵੱਡੀ ਤਾਕਤ। ਕਈ ਵਾਰ ਉਦਾਸ ਪਲਾਂ ਵਿਚ ਅਜੇਹਾ ਕੂਹਣੀ ਮੋੜ ਕੱਟਦਾ ਕਿ ਬੰਦਾ ਖ਼ੁਦ ਵੀ ਹੈਰਾਨ ਹੁੰਦਾ ਕਿ ਉਦਾਸੀ ਨੂੰ ਇੰਝ ਵੀ ਉਲਥਾਇਆ ਜਾ ਸਕਦਾ। ਇਕ ਅਜੇਹਾ ਹੀ ਪਲ ਜੋ ਸਦਾ ਮੇਰੇ ਚੇਤਿਆਂ ਵਿਚ ਤਾਜ਼ਾ ਰਹਿੰਦਾ ਹੈ। ਜਦ ਮੈਂ ਉਸਨੂੰ ਚਿਤਵਦਾ ਤਾਂ ਹਲੂਣਿਆ ਜਾਂਦਾ ਹਾਂ। ਮੈਂ ਆਪਣੇ ਬਾਪ ਨਾਲ ਜੂਨ ਦੇ ਮਹੀਨੇ ਖੇਤਾਂ ਵਿਚ ਰੂੜ੍ਹੀ ਪਾ ਰਿਹਾ ਸਾਂ। ਜਦ ਮੇਰੇ ਜਮਾਤੀ ਨੇ ਦੱਸਿਆ ਕਿ ਤੂੰ ਪ੍ਰੈਪ ਵਿਚੋਂ ਫੇਲ੍ਹ ਹੋ ਗਿਆ ਏਂ ਤਾਂ ਮੇਰਾ ਬਾਪ ਇਕ ਦਮ ਉਦਾਸ ਹੋ ਗਿਆ। ਨਿਰਾਸ਼ਾ ਅਤੇ ਮਾਯੂਸੀ ਦੀ ਪਰਤ ਉਸਦੇ ਚਿਹਰੇ ‘ਤੇ ਫੈਲ ਗਈ। ਉਸਦੇ ਦੀਦਿਆਂ ਵਿਚ ਉਤਰੀ ਸਿੱਲ੍ਹ ਨੂੰ ਦੇਖ ਕੇ ਮੇਰਾ ਮਨ ਵਲੂੰਧਰਿਆ ਗਿਆ। ਇਸ ਉਦਾਸ ਦ੍ਰਿਸ਼ ਨੇ ਮੇਰੇ ਮਨ ਨੂੰ ਕੇਹਾ ਹਲੂਣਾ ਦਿਤਾ ਕਿ ਮੈਂ ਮਨ ਵਿਚ ਬਾਪ ਦੇ ਨੈਣਾਂ ਵਿਚ ਖੁਸ਼ੀ ਦੇ ਹੰਝੂ ਲਿਆਉਣ ਦਾ ਪ੍ਰਣ ਕਰ ਲਿਆ ਅਤੇ ਉਦਾਸੀ ਦੀ ਪਰਤ ਵਿਚੋਂ ਮਿਲੀ ਦ੍ਰਿੜ੍ਹਤਾ ਹੀ ਸੀ ਕਿ ਪੇਂਡੂ ਜਵਾਕ ਨੇ ਐਮਐਸੀ ਤੇ ਪੀਐਚਡੀ ਵੀ ਕਰ ਲਈ। ਪੰਜਾਬ ਦੇ ਕਾਲਜਾਂ ਅਤੇ ਅਮਰੀਕਾ ਦੀ ਯੂਨੀਵਰਸਿਟੀ ਵਿਚ ਪਿਛਲੇ 48 ਸਾਲਾਂ ਤੋਂ ਫਿਜ਼ਿਕਸ ਪੜ੍ਹਾ ਰਿਹਾ ਹਾਂ। ਦਰਅਸਲ ਦੇਖਣਾ ਇਹ ਹੁੰਦਾ ਕਿ ਉਦਾਸੀ ਤੁਹਾਨੂੰ ਢਹਿੰਦੀਆਂ ਕਲਾਂ ਵੱਲ ਧਕੇਲਦੀ ਹੈ ਜਾਂ ਤੁਸੀਂ ਉਦਾਸ ਪਲਾਂ ਦੀ ਤਲੀ ‘ਤੇ ਨਵੇਂ ਸੁਪਨਿਆਂ ਅਤੇ ਸਫਲਤਾਵਾਂ ਦਾ ਇਤਿਹਾਸ ਉਕਰਦੇ ਹੋ। ਉਦਾਸੀ ਸਿਰਜਣਾਤਮਿਕ ਵੀ ਅਤੇ ਕਿਰਿਆਤਮਿਕ ਵੀ। ਸਾਰਥਕ ਵੀ ਅਤੇ ਸਰੋਕਾਰੀ ਵੀ। ਨਕਾਰਾਤਮਕ ਵੀ ਅਤੇ ਸਕਾਰਾਤਮਕ ਵੀ। ਖੁਦ ਦਾ ਸਿਵਾ ਸੇਕਣ ਵੰਨੀਂ ਉਲਾਰ ਵੀ ਪਰ ਆਪਣੀ ਤਰਜੀਹਾਂ ਨੂੰ ਆਪਣੀ ਤਕਦੀਰ ਸਿਰਜਣ ਦਾ ਵੱਲ ਵੀ। ਇਹ ਤਾਂ ਬੰਦੇ ‘ਤੇ ਨਿਰਭਰ ਕਿ ਉਸਦੀ ਮਾਨਸਿਕਤਾ ਨੇ ਕਿਹੜੀ ਤਦਬੀਰ ਨੂੰ ਆਪਣੀ ਤਸ਼ਬੀਹ ਬਣਾਉਣਾ।
ਮੈਂ ਅਕਸਰ ਜਦ ਉਦਾਸ ਹੁੰਦਾ ਤਾਂ ਸੋਚਦਾ ਕਿ ਮੈਂ ਕਿਉਂ ਉਦਾਸ ਹਾਂ? ਇਸਦੇ ਕੀ ਕਾਰਨ ਹਨ? ਇਸ ਉਦਾਸੀ ਵਿਚੋਂ ਮੈਂ ਕੀ ਲਾਹਾ ਖੱਟਾਂਗਾ ਜਾਂ ਕਿਹੜਾ ਘਾਟਾ ਪਵੇਗਾ? ਕਈ ਵਾਰ ਤਾਂ ਇਹ ਉਦਾਸੀ ਨਿਰਮੂਲ ਹੁੰਦੀ। ਖਾਹ-ਮਖਾਹ ਅਸੀਂ ਆਪਣੀਆਂ ਗਿਣਤੀਆਂ ਮਿਣਤੀਆਂ ਵਿਚ ਉਲਝੇ ਖੁਦ ਨੂੰ ਉਦਾਸੀ ਦੀ ਦਲਦਲ ਵਿਚ ਅਜੇਹਾ ਫਸਾ ਲੈਂਦੇ ਕਿ ਇਸ ਵਿਚੋਂ ਨਿਕਲਣਾ ਜੀਵਨ ਦਾ ਜੰਜਾਲ ਬਣ ਜਾਂਦਾ।
ਨਿਰਮੂਲ, ਬੇਵਜ੍ਹਾ ਅਤੇ ਅਕਾਰਥ ਜਾਪਦੀ ਉਦਾਸੀ ਨੂੰ ਆਪਣੇ ਨੇੜੇ ਨਾ ਫਟਕਣ ਦੇਵੋ। ਸਗੋਂ ਉਦਾਸੀ ਨੂੰ ਹੁਲਾਸ ਦਾ ਵਰਦਾਨ ਦਿਓ ਤਾਂ ਕਿ ਉਦਾਸੀ ਵਿਚ ਬੇਅਰਥ ਗਵਾਉਣ ਵਾਲੇ ਪਲਾਂ ਵਿਚ ਜੀਵਨ ਨੂੰ ਜੀਅ ਭਰ ਕੇ ਜੀਵੇ ਤਾਂ ਕਿ ਹਰ ਕੋਈ ਰਸ਼ਕ ਕਰੇ ਕਿ ਜ਼ਿੰਦਗੀ ਨੂੰ ਇੰਝ ਵੀ ਜੀਵਿਆ ਜਾ ਸਕਦਾ।
ਸਵੇਰੇ-ਸਵੇਰੇ ਬਿਰਖ ਤੋਂ ਜਦ ਪੰਛੀ ਉਡਾਰੀ ਮਾਰਦੇ ਤਾਂ ਬਿਰਖ ਕਦੇ ਵੀ ਉਦਾਸ ਨਹੀਂ ਹੁੰਦਾ ਕਿਉਂਕਿ ਉਸਨੂੰ ਪਤਾ ਹੁੰਦਾ ਕਿ ਸ਼ਾਮ ਪੈਂਦਿਆਂ ਹੀ ਇਨ੍ਹਾਂ ਨੇ ਆਲ੍ਹਣਿਆਂ ਵਿਚ ਪਰਤ ਆਉਣਾ।
ਬੱਚਿਆਂ ਨੂੰ ਸਕੂਲੇ ਤੋਰ ਕੇ ਮਾਂ ਕਦੇ ਵੀ ਉਦਾਸ ਨਹੀਂ ਹੁੰਦੀ ਸਗੋਂ ਉਹ ਛੁੱਟੀ ਦੇ ਵਕਤ ਬਾਹਰਲਾ ਬੂਹਾ ਖੋਲ੍ਹ ਕੇ ਆਉਂਦੇ ਬੱਚਿਆਂ ਨੂੰ ਲਈ ਬਾਹਾਂ ਫੈਲਾਈ ਖੜ੍ਹੀ ਹੁੰਦੀ।
ਬਾਹਰਲੇ ਗੇਟ ਨੂੰ ਜੰਦਰਾ ਲਾਉਣ ‘ਤੇ ਘਰ ਉਦਾਸ ਹੋ ਜਾਂਦਾ ਕਿਉਂਕਿ ਉਸ ਨੂੰ ਖਦਸ਼ਾ ਹੁੰਦਾ ਕਿ ਕੀ ਪਤਾ ਹੱਥੀਂ ਜੰਦਰਾ ਲਾਉਣ ਵਾਲਿਆਂ ਨੇ ਆ ਕੇ ਬੂਹਾ ਖੋਲ੍ਹਣਾ ਜਾਂ ਉਸਦੀ ਅਗਲੀ ਪੀੜ੍ਹੀ ਜੰਦਰੇ ਖੋਲ੍ਹੇਗੀ ਜਾਂ ਸਿਰਫ਼ ਜੰਗਾਲ ਹੀ ਜੰਦਰੇ ਨੂੰ ਖਾ ਜਾਵੇਗਾ? ਸ਼ਾਇਦ ਅਜੇਹਾ ਉਦਾਸ ਪਲਾਂ ਦਾ ਹੀ ਖ਼ਿਆਲ ਆਉਂਦਾ ਕਿ ਮੈਂ ਘਰੋਂ ਪ੍ਰਦੇਸ ਨੂੰ ਤੁਰਨ ਲੱਗਿਆਂ ਕਦੇ ਵੀ ਹੱਥੀਂ ਘਰ ਨੂੰ ਜੰਦਰਾ ਲਾ ਕੇ ਨਹੀਂ ਆਉਂਦਾ ਅਤੇ ਜਦ ਵੀ ਮੈਂ ਆਪਣੇ ਘਰ ਪਰਤਦਾ ਹਾਂ ਤਾਂ ਮੇਰੇ ਜਾਣ ਤੋਂ ਪਹਿਲਾਂ ਘਰ ਦੇ ਬੂਹੇ ਖੁੱਲ੍ਹੇ ਹੁੰਦੇ ਹਨ। ਮੈਨੂੰ ਜਾਪਦਾ ਹੈ ਕਿ ਘਰ ਖੁੱਲ੍ਹੀਆਂ ਬਾਹਾਂ ਨਾਲ ਘਰ ਵਾਲਿਆਂ ਨੂੰ ਮਿਲ ਕੇ ਬਹੁਤ ਸਕੂਨ ਮਹਿਸੂਸ ਕਰਦਾ ਹੈ। ਖੁੱਲ੍ਹੇ ਬੂਹੀਂ ਪ੍ਰਦੇਸ ਜਾਣ ਅਤੇ ਵਾਪਸ ਪਰਤਣ ਵਾਲੇ ਲੋਕ ਕਦੇ ਵੀ ਘਰ ਤੋਂ ਦੂਰ ਨਹੀਂ ਹੁੰਦੇ ਕਿਉਂਕਿ ਪ੍ਰਦੇਸ ਵਿਚ ਰਹਿੰਦਿਆਂ ਵੀ ਖੁੱਲ੍ਹੇ ਦਰਾਂ ਵਾਲਾ ਘਰ ਉਨ੍ਹਾਂ ਦੇ ਅੰਦਰ ਵੱਸਦਾ ਹੈ।
ਵਾਸਤਾ ਈ! ਘਰ ਨੂੰ ਕਦੇ ਵੀ ਉਦਾਸ ਨਾ ਹੋਣ ਦਿਓ ਕਿਉਂਕਿ ਘਰ ਨੂੰ ਲੱਗਾ ਹੋਇਆ ਝੋਰਾ ਹੀ ਘਰ ਨੂੰ ਅੰਦਰੋਂ ਅੰਦਰੀਂ ਖਾ ਜਾਂਦਾ। ਘਰ ਪਹਿਲਾਂ ਮਕਾਨ ਬਣਦਾ ਅਤੇ ਫਿਰ ਹੌਲੀ ਹੌਲੀ ਬੇਅਬਾਦ ਜੂਹ ਦਾ ਤਿੜਕਿਆ ਬਿੰਬ ਬਣ ਕੇ, ਘਰ ਵਾਲਿਆਂ ਦੇ ਨਾਮ ਤੋਂ ਵੀ ਮੁਨਕਰ ਹੋ ਜਾਂਦਾ।
ਜੇ ਉਦਾਸੀ ‘ਤੇ ਨਿਕਲਣ ਦਾ ਬਹੁਤਾ ਹੀ ਚਿੱਤ ਕਰੇ ਤਾਂ ਬਾਬੇ ਨਾਨਕ ਵਰਗੀ ਕਿਸੇ ਲੰਮੀ ਉਦਾਸੀ ‘ਤੇ ਨਿਕਲਣਾ, ਤੁਹਾਡੇ ਲਈ ਉਦਾਸੀ ਦੇ ਅਰਥ ਬਦਲ ਜਾਣਗੇ। ਉਦਾਸ ਫਿਜ਼ਾ ਵਿਚ ਹਾਸਿਆਂ ਦੇ ਹੋਕਰੇ ਲਾਉਣ, ਕੁਮਲਾਈ ਸੋਚ ਵਿਚ ਬਹਾਰਾਂ ਦੇ ਸੁਪਨੇ ਉਗਾਉਣ ਅਤੇ ਬੁੱਝੇ ਹੋਏ ਦੀਦਿਆਂ ਵਿਚ ਚਮਕ ਪੈਦਾ ਕਰਨ ਅਤੇ ਹਟਕੋਰੇ ਭਰਦੇ ਚਿਰਾਗਾਂ ਨੂੂੰ ਆਲਿLਆਂ ਵਿਚ ਡੰਗਣ ਵਾਲੇ ਲੋਕ ਸੁਰਖ ਪਲਾਂ ਦੀ ਨਿਸ਼ਾਨਦੇਹੀ ਹੁੰਦੇ ਜੋ ਸੰਧੂਰੀ ਵਕਤਾਂ ਦਾ ਮਾਣ ਬਣਦੇ। ਤੁਸੀਂ ਵੀ ਤਾਂ ਅਜੇਹਾ ਮਾਣ ਬਣ ਸਕਦੇ। ਫਿਰ ਐਵੇਂ ਕਾਹਤੋਂ ਉਦਾਸੀ ਵਿਚ ਝੂਰਦੇ ਹੋ।
