‘ਲੋਹੇ ਦੇ ਹੱਥ’ ਦਾ ਛਪਣਾ

ਵਰਿਆਮ ਸਿੰਘ ਸੰਧੂ
ਫੋਨ: 647-535-1539
+91-98726-02296
ਪਿਛਲੇ ਦਿਨੀਂ ਮੈਂ ਆਪਣੇ ਪਹਿਲੇ ਕਹਾਣੀ-ਸੰਗ੍ਰਹਿ (1971) ਦੇ ਟਾਈਟਲ ਦੀ ਕਾਪੀ ਭੇਜਣ ਲਈ ਫੇਸ-ਬੁੱਕ ’ਤੇ ਅਪੀਲ ਕੀਤੀ। ਭੇਜਦਾ ਤਾਂ ਉਹੋ ਹੀ ਜਿਸ ਨੇ 55 ਸਾਲ ਪਹਿਲਾਂ ਛਪੀ ਕਿਤਾਬ ਹੁਣ ਤੱਕ ਸਾਂਭ ਕੇ ਰੱਖੀ ਹੋਵੇ! ਫਿਰ ਵੀ ਬਹੁਤ ਸਾਰੇ ਸੱਜਣਾਂ ਨੇ ਬੜੀ ਖ਼ੇਚਲ ਕਰ ਕੇ ਟਾਈਟਲ ਦੀਆਂ ਤਸਵੀਰਾਂ ਲੱਭ ਕੇ ਭੇਜੀਆਂ,

ਪਰ ਉਹ ਦੂਜੇ ਜਾਂ ਤੀਜੇ ਐਡੀਸ਼ਨ ਦੀਆਂ ਸਨ। ਪਹਿਲਾ ਐਡੀਸ਼ਨ ਲਗਪਗ ਦੁਰਲੱਭ ਹੋ ਗਿਆ ਸੀ ਕਿ ਅਚਾਨਕ ਇੱਕ ਮਿਹਰਬਾਨ ਮਿੱਤਰ ਮੇਹਰ ਸਿੰਘ ਸੰਧੂ (ਫ਼ਰੀਦਕੋਟ) ਨੇ ਅਸਲੀ ਟਾਈਟਲ ਦੀ ਤਸਵੀਰ ਭੇਜ ਕੇ ਨਿਹਾਲੋ-ਨਿਹਾਲ ਕਰ ਦਿੱਤਾ। ਉਹਨੇ ਅਜੇ ਤੱਕ ਕਿਤਾਬ ਸਾਂਭੀ ਹੋਈ ਸੀ।
‘ਸੰਧੂ ਸਾਹਿਬ ਮੈਂ ਤੁਹਾਨੂੰ ਕਿਤਾਬ ਦੇ ਪਹਿਲੇ ਪੇਜ ਸਕੈਨ ਕਰਕੇ ਭੇਜ ਦਿੱਤੇ ਹਨ ਤੇ ਫੋਟੋ ਵੀ ਦੇਖ ਲੈਣਾ ਜੇ ਤਾਂ ਸਾਫ ਹੋਈਆਂ ਤਾਂ ਠੀਕ ਹੈ, ਨਹੀਂ ਮੈਂ ਦੁਬਾਰਾ ਕਿਸੇ ਵਧੀਆ ਕੈਮਰੇ ਨਾਲ ਸਕੈਨ ਕਰਵਾ ਕੇ ਭੇਜ ਦੇਵਾਂਗਾ। ਤੁਹਾਡੀ ਇਹ ਕਿਤਾਬ ਮੈਂ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਵਿਖੇ ਪੜ੍ਹਦੇ ਸਮੇਂ ਖਰੀਦੀ ਸੀ, ਇਥੇ ਗੁਰਸ਼ਰਨ ਸਿੰਘ ਭਾਜੀ ਨਾਟਕ ਕਰਨ ਆਏ ਸਨ ਤੇ ਨਾਟਕ ਤੋਂ ਬਾਅਦ ਉਨ੍ਹਾਂ ਨੇ ਕਿਤਾਬਾਂ ਦਾ ਸਟਾਲ ਲਗਾਇਆ ਸੀ। ਉਸ ਸਟਾਲ ਤੋਂ ਇਹ ਕਿਤਾਬ ਖਰੀਦੀ ਸੀ। ਉਸ ਸਮੇਂ ਮੈਂ ਆਪਣੇ ਪਿੰਡ ਭਲੂਰ ਤੋਂ ਕਾਲਜ ਪੜ੍ਹਨ ਆਉਂਦਾ ਸੀ ਤੇ ਅੱਜ ਕੱਲ ਮੇਰੀ ਰਿਹਾਇਸ਼ ਫਰੀਦਕੋਟ ਗਰੀਨ ਐਵਨਿਊ ਵਿਖੇ ਹੈ।’

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅਮਰਜੀਤ ਚੰਦਨ ‘ਦਸਤਾਵੇਜ਼’ ਛਾਪ ਕੇ ਉਨ੍ਹਾਂ ਵੇਲਿਆਂ ਵਿਚ ਲਿਖੀ ਕਵਿਤਾ ਨੂੰ ਤਾਂ ਸੰਭਾਲ ਹੀ ਰਿਹਾ ਸੀ, ਸਗੋਂ, ਉਹਨੇ ਹੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਵੇਂ ਸਥਾਪਤ ਕੀਤੇ ਪ੍ਰਕਾਸ਼ਨ-ਘਰ ‘ਬਲਰਾਜ ਸਾਹਨੀ ਪੁਸਤਕਾਲਾ’ ਤੋਂ ਪਾਸ਼ ਅਤੇ ਸੰਤ ਸੰਧੂ ਦੇ ਕਾਵਿ-ਸੰਗ੍ਰਹਿ ‘ਲੋਹ-ਕਥਾ’ ਅਤੇ ‘ਸੀਸ ਤਲੀ ’ਤੇ’ ਛਪਵਾ ਕੇ ਜੁਝਾਰਵਾਦੀ ਕਵਿਤਾ ਦਾ ਚਿਹਰਾ ਮੁਹਰਾ ਸਥਾਪਤ ਕਰਨ ਵਿਚ ਉੱਘਾ ਇਤਿਹਾਸਕ ਰੋਲ ਨਿਭਾਇਆ। ਪਾਸ਼ ਤੇ ਸੰਤ ਸੰਧੂ ਪੈਂਦੀ ਸੱਟੇ ਸਥਾਪਤ ਹੋ ਗਏ। ਇਨ੍ਹਾਂ ਦੇ ਛਪਣ ਨਾਲ ਨਵੀਂ ‘ਕ੍ਰਾਂਤੀਕਾਰੀ ਕਵਿਤਾ’ ਦੀ ਗੱਲ ਤੁਰ ਪਈ। ਕਵੀਆਂ ਦੀ ਵੱਡੀ ਭੀੜ ਅਜਿਹੀਆਂ ਕਵਿਤਾਵਾਂ ਲਿਖਣ ਲੱਗੀ।
ਜਿਵੇਂ ਦੱਸਿਆ ਹੈ ਕਿ ਇਸ ਸਮੇਂ ਪੈਦਾ ਹੋਈ ਇਸ ਸਾਹਿਤਕ-ਸਿਆਸੀ ਲਹਿਰ ਨੂੰ ਸਭ ਤੋਂ ਵੱਧ ਭਰਵਾਂ ਹੁੰਗਾਰਾ ਕਵੀਆਂ ਵੱਲੋਂ ਹੀ ਮਿਲਿਆ। ਸਾਹਿਤਕ ਚਿਤਰ-ਪੱਟ ਉੱਤੇ ਪਾਸ਼, ਅਮਰਜੀਤ ਚੰਦਨ, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ, ਸੰਤ ਸੰਧੂ, ਦਰਸ਼ਨ ਖਟਕੜ ਆਦਿ ਕਵੀਆਂ ਦਾ ਉਦੈ ਹੋਇਆ। ਇਸੇ ਸਮੇਂ ਜਦੋਂ ਮੇਰੀਆਂ ਕੁੱਝ ਹੋਰ ਕਹਾਣੀਆਂ ‘ਹੇਮ ਜਯੋਤੀ’ ਵਿਚ ਛਪੀਆਂ ਤਾਂ ਲੇਖਕਾਂ-ਪਾਠਕਾਂ ਵੱਲੋਂ ਇਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਣ ਲੱਗਾ। ‘ਹੇਮ-ਜਯੋਤੀ’ ਵਿਚ ਛਪੀਆਂ ਅਤੇ ਮੈਨੂੰ ਆਈਆਂ ਚਿੱਠੀਆਂ ਨੇ ਇਹ ਦੱਸਿਆ ਕਿ ਮੈਂ ‘ਸਮੇਂ ਦੇ ਹਾਣ’ ਦੀ ਕਹਾਣੀ ਲਿਖ ਰਿਹਾ ਹਾਂ। ਬੇਸ਼ੱਕ ਮੈਂ ਕਵਿਤਾਵਾਂ ਵੀ ਲਿਖ ਰਿਹਾ ਸਾਂ ਪਰ ਪਹਿਲੇ ਅਤੇ ਇਕੋ ਇੱਕ ‘ਇਨਕਲਾਬੀ’ ਕਹਾਣੀਕਾਰ ਦੇ ਤੌਰ ’ਤੇ ਮੇਰੀ ਪਛਾਣ ਹੋਣੀ ਸ਼ੁਰੂ ਹੋ ਗਈ ਸੀ। 1970 ਦੇ ਖ਼ਤਮ ਹੁੰਦਿਆਂ ਅਗਲੇ ਸਾਲ ਵਿਚ ਉਭਰ ਰਹੀਆਂ ਨਵੀਆਂ ਸਾਹਿਤਕ ਸੰਭਾਵਨਾਵਾਂ ਬਾਰੇ ‘ਹੇਮ-ਜਯੋਤੀ’ ਦੇ ਸੰਪਾਦਕੀ ਵਿਚ ਲਿਖਿਆ ਗਿਆ, ‘ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ ਅਤੇ ਵਰਿਆਮ ਸੰਧੂ 1971 ਦਾ ਇਕਰਾਰ ਹਨ।’
ਇਨ੍ਹਾਂ ਵਿਚੋਂ ਪਹਿਲੇ ਤਿੰਨ ਤਾਂ ਕਵੀ ਸਨ- ਕੇਵਲ ਮੈਂ ਹੀ ਇਕੱਲਾ ਸੰਬੰਧਤ ਵਿਚਾਰਧਾਰਾ ਦੇ ਸਾਹਿਤਕ ਆਗੂਆਂ ਦੀਆਂ ਨਜ਼ਰਾਂ ਵਿਚ, ਕੁੱਝ ‘ਨਵਾਂ ਕਰ ਸਕਣ ਵਾਲਾ’ ਕਹਾਣੀਕਾਰ ਸਾਂ।
ਪਾਸ਼ ਤੇ ਸੰਤ ਸੰਧੂ ਦੀਆਂ ਕਿਤਾਬਾਂ ਛਪਵਾਉਣ ਤੋਂ ਬਾਅਦ ਅਮਰਜੀਤ ਚੰਦਨ ਮੇਰੇ ਪਿੰਡ ‘ਸੁਰ ਸਿੰਘ’ ਆ ‘ਧਮਕਿਆ’, ਪਹਿਲਾਂ ਵੀ ਆਉਂਦਾ ਹੀ ਰਹਿੰਦਾ ਸੀ, ਪਰ ਇਸ ਵਾਰ ਉਹਨੇ ਮੈਨੂੰ ਹੁਕਮ ਲਾ ਦਿੱਤਾ ਕਿ ਮੈਂ ਆਪਣੀਆਂ ‘ਇਨਕਲਾਬੀ ਰੰਗ’ ਵਾਲੀਆਂ ਕਹਾਣੀਆਂ ਇਕੱਠੀਆਂ ਕਰ ਕੇ ਉਹਦੇ ਸਪੁਰੱਦ ਕਰਾਂ।
ਹਰਭਜਨ ਹਲਵਾਰਵੀ ਜਦੋਂ ਮੇਰੀਆਂ ਪਹਿਲਾਂ ਲਿਖੀਆਂ ਕਹਾਣੀਆਂ ਪੜ੍ਹਦਾ ਤਾਂ ਅਸੀਂ ਦੋਵੇਂ ਉਨ੍ਹਾਂ ਦੇ ਕੱਚੇ-ਪਨ ਤੇ ਰੁਮਾਂਟਿਕ ਦ੍ਰਿਸ਼ਟੀਕੋਨ ’ਤੇ ਮਿਲ ਕੇ ਹੱਸਦੇ। ਉਸ ਸਾਹਿਤ ਤੋਂ ਟੁੱਟਣ ਵਾਸਤੇ ਮੈਂ ਉਦੋਂ ਤੱਕ, ਮੇਰਾ ਜੋ ਕੁੱਝ ਵੀ ਛਪਿਆ ਸੀ, ਉਹ ਸਾਰਾ ਹੀ ਬੀਬੀ ਨੂੰ ਚੁੱਲ੍ਹੇ ਵਿਚ ਅੱਗ ਬਾਲਣ ਲਈ ਦੇ ਦਿੱਤਾ। ਹੁਣ ਮੈਂ ਬੀਤੇ ਦੀਆਂ ਲਿਖ਼ਤਾਂ ਤੋਂ ਸੁਰਖ਼ਰੂ ਹੋ ਗਿਆ ਸਾਂ। ਜਦੋਂ ਚੰਦਨ ਨੇ ਮੈਨੂੰ ਆਖਿਆ ਕਿ ਪਹਿਲਾ ਕਹਾਣੀ-ਸੰਗ੍ਰਹਿ ਛਪਵਾਉਣ ਲਈ ਆਪਣੀਆਂ ਚੋਣਵੀਆਂ ਕਹਾਣੀਆਂ ਦਾ ਖਰੜਾ ਤਿਆਰ ਕਰਾਂ ਤਾਂ ਮੈਨੂੰ ਮਸਾਂ ਦਸ ਕਹਾਣੀਆਂ ਲੱਭ ਸਕੀਆਂ, ਜਿਹੜੀਆਂ ਮੁਸ਼ਕਿਲ ਨਾਲ ਕਿਤਾਬ ਦੇ ਅੱਸੀ ਕੁ ਪੰਨਿਆਂ ਤੱਕ ਹੀ ਫ਼ੈਲ ਸਕੀਆਂ। ਉਦੋਂ ‘ਨਿੱਕੀ ਹੁਨਰੀ ਕਹਾਣੀ’ ਲਿਖਣ ਦਾ ਰਿਵਾਜ ਹੀ ਸੀ।
ਚੰਦਨ ਉਹ ਕਹਾਣੀਆਂ ਮੇਰੇ ਕੋਲੋਂ ਲੈ ਗਿਆ ਤੇ ਇੰਜ 1971 ਵਿਚ ਛਪੇ ਇਸ ਸੰਗ੍ਰਹਿ ‘ਲੋਹੇ ਦੇ ਹੱਥ’ ਨੂੰ ਛਪਾਉਣ ਦਾ ਸਾਰਾ ਉੱਦਮ ਅਮਰਜੀਤ ਚੰਦਨ ਨੇ ਹੀ ਕੀਤਾ। ਪਾਸ਼ ਤੇ ਸੰਤ ਸੰਧੂ ਦੀਆਂ ਕਵਿਤਾਵਾਂ ਛਾਪਣ ਤੋਂ ਬਾਅਦ ਸ਼ਾਇਦ ਖ਼ੁਫ਼ੀਆ ਤੰਤਰ ਦਾ ਧਿਆਨ ਗੁਰਸ਼ਰਨ ਸਿੰਘ ਵੱਲ ਹੋ ਗਿਆ ਸੀ। ਅਸਲੀ ਗੱਲ ਦਾ ਤਾਂ ਪਤਾ ਨਹੀਂ, ਮੇਰੇ ਕਹਾਣੀ-ਸੰਗ੍ਰਹਿ ਉੱਤੇ ‘ਬਲਰਾਜ ਸਾਹਨੀ ਪਬਲਿਸ਼ਰਜ਼’ ਦਾ ਨਾਂ ਨਹੀਂ ਸੀ ਛਾਪਿਆ ਗਿਆ ਸਗੋਂ ਇਸ ਉੱਤੇ ਸੁਰੇਂਦਰ ਹੇਮਜਯੋਤੀ ਦੇ ਅਦਾਰੇ ‘ਦੇਵਦੂਤ ਪਬਲਿਸ਼ਰਜ਼, ਲੁਧਿਆਣਾ’ ਦਾ ਨਾਮ ਛਾਪਿਆ ਗਿਆ।
ਗੁਰਸ਼ਰਨ ਸਿੰਘ ਨੇ ਪਾਸ਼ ਤੇ ਸੰਤ ਸੰਧੂ ਦੀਆਂ ਜੋ ਕਿਤਾਬਾਂ ਛਾਪੀਆਂ ਸਨ, ਉਨ੍ਹਾਂ ਦਾ ਕਾਗਜ਼ ਵੀ ਬਹੁਤ ਮਾੜਾ, ਛਪਾਈ ਵੀ ਨਿਕੰਮੀ ਤੇ ਟਾਈਟਲ ਵੀ ਸੁਹਜ-ਵਿਹੂਣੇ ਸਨ। ‘ਲੋਹੇ ਦੇ ਹੱਥ’ ਦਾ ਕਾਗ਼ਜ਼ ਵੀ ਬਹੁਤ ਸੋਹਣਾ ਸੀ ਤੇ ਛਪਾਈ ਵੀ ਵਧੀਆ। ਟਾਈਟਲ ਤਾਂ ਅਸਲੋਂ ਹੀ ਕਮਾਲ ਦਾ। ਖ਼ੁਰਦਰੇ ਜਿਹੇ ਕਾਗ਼ਜ ਦੇ ਪੂਰੇ ਸਫ਼ੇ ’ਤੇ ਤਣਿਆ ਹੋਇਆ ਲੋਹ-ਰੰਗਾ ਮੁੱਕਾ। ਸੱਚਮੁੱਚ ਲੋਹੇ ਦੇ ਹੱਥ ਦੀ ਤਰਜਮਾਨੀ ਕਰਦਾ। ਇਹ ਅਮਰਜੀਤ ਚੰਦਨ ਦੀ ਸੁਹਜ ਚੇਤਨਾ ਦਾ ਹੀ ਕਮਾਲ ਸੀ। ਜੇ ਉਹ ਕਿਤਾਬ ਗੁਰਸ਼ਰਨ ਸਿੰਘ ਛਾਪਦਾ ਤਾਂ ਨਿਸਚੈ ਹੀ ਉਹਦੀ ਦਿੱਖ ਖੱਦੀ ਤੇ ਰੱਦੀ ਜਿਹੀ ਹੀ ਹੁੰਦੀ।
‘ਲੋਹੇ ਦੇ ਹੱਥ’ ਦੇ ਛਪਣ ਦਾ ਮੇਰੇ ਸਾਹਿਤਕ ਜੀਵਨ-ਇਤਿਹਾਸ ਵਿਚ ਤਾਂ ਵੱਡਾ ਯੋਗਦਾਨ ਸੀ ਹੀ, (ਕਿਉਂਕਿ ਜੇ ਇਹ ਸੰਗ੍ਰਹਿ ਚੰਦਨ ਨਾ ਛਪਵਾਉਂਦਾ ਤਾਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਾ ਕੇ ਹੀ ਮੇਰਾ ਕੋਈ ਸੰਗ੍ਰਹਿ ਛਪ ਸਕਦਾ)। ਮੇਰੇ ਜੀਵਨ ਦਾ ਤਾਂ ਸੀ ਹੀ, ਪਰ ਚੰਦਨ ਦੀ ਜ਼ਿੰਦਗੀ ਵਿਚ ਤਾਂ ਇਸ ਸੰਗ੍ਰਹਿ ਦਾ ਛਪਣਾ ਬਹੁਤ ਵੱਡਾ ਮੋੜ ਬਣ ਕੇ ਆਇਆ। ਕਹਾਣੀਆਂ ਦੇ ਪਰੂਫ਼ ਪੜ੍ਹਨ ਤੋਂ ਬਾਅਦ ਉਹ ਕਿਤਾਬ ਛਾਪਣ ਲਈ ਖਰੜਾ ਗੁਰਸ਼ਰਨ ਸਿੰਘ ਨੂੰ ਦੇਣ ਉਹਦੇ ਦਫ਼ਤਰ ਗਿਆ। ਦਫ਼ਤਰੋਂ ਬਾਹਰ ਆ ਕੇ ਆਪਣਾ ਸਾਈਕਲ ਫੜ ਕੇ ਤੁਰਨ ਹੀ ਵਾਲਾ ਸੀ ਕਿ ਪਹਿਲਾਂ ਹੀ ਸਾਦੇ ਕੱਪੜਿਆਂ ਵਿਚ ਖਲੋਤੇ ਪੁਲਿਸ ਦੇ ਬੰਦਿਆਂ ਵਿਚੋਂ ਇੱਕ ਜਣੇ ਨੇ ਉਹਨੂੰ ਜੱਫਾ ਮਾਰ ਲਿਆ। ਉਹ ਸਾਈਕਲ ਦੀ ਟੋਕਰੀ ਵਿਚ ਪਏ ਝੋਲੇ ਵਿਚ ਰੱਖੇ ਗ੍ਰਨੇਡ ਵੱਲ ਹੱਥ ਵਧਾਉਣ ਹੀ ਵਾਲਾ ਸੀ ਕਿ ਥਾਣੇਦਾਰ ਨੇ ਤੁਰਤ ਉਹਦਾ ਗੁੱਟ ਫੜ ਕੇ ਉਹਨੂੰ ਦਬੋਚ ਲਿਆ ਤੇ ਠਿੱਬੀ ਮਾਰ ਕੇ ਜ਼ਮੀਨ ’ਤੇ ਸੁੱਟ ਲਿਆ ਤੇ ਉਹ ਉਹਨੂੰ ਕੁੱਟਣ ਲੱਗੇ। ਛੇਤੀ ਹੀ ਉਹਨੂੰ ਜੂੜ ਕੇ ਲੈ ਤੁਰੇ। ਉਦੋਂ ਡਰ ਹੁੰਦਾ ਸੀ ਕਿ ਫੜੇ ਗਏ ਬੰਦੇ ਦਾ ਮੁਕਾਬਲਾ ਨਾ ਬਣਾ ਦਿੱਤਾ ਜਾਵੇ। ਇਸ ਲਈ ਉਹਨੇ ਪੁਲਿਸ ਤੇ ਸਰਕਾਰ ਦੇ ਖ਼ਿਲਾਫ਼ ਨਾਹਰੇ ਮਾਰਨੇ ਸ਼ੂਰੂ ਕਰ ਦਿੱਤੇ ਤਾਕਿ ਉਹਦੀ ਗ੍ਰਿਫ਼ਤਾਰੀ ਜੱਗ ਜ਼ਾਹਿਰ ਹੋ ਸਕੇ। ਚੰਦਨ ਦੱਸਦਾ ਹੈ ਕਿ ਉਸ ਵੇਲੇ ਆਪਣੇ ਦਫ਼ਤਰ ਦੇ ਬਾਹਰ ਖਲੋਤਾ ਗੁਰਸ਼ਰਨ ਸਿੰਘ ਇਹ ‘ਤਮਾਸ਼ਾ’ ਵੇਖ ਰਿਹਾ ਸੀ।
ਉਹਨੂੰ ਗ਼ੈਰ-ਕਾਨੂੰਨੀ ਤੌਰ ’ਤੇ ਵਿਸਫ਼ੋਕਟ ਪਦਾਰਥ ਰੱਖਣ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ, ਜਿੱਥੇ ਉਹਨੂੰ ਚਾਲੀ ਚੱਕੀਆਂ ਦੀ ਤੰਗ ਜਿਹੀ ਕੋਠੜੀ ਵਿਚ ਡੱਕ ਦਿੱਤਾ।
ਉਹਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਪੜ੍ਹੀ ਤਾਂ ਅਸੀਂ ਸਾਰਾ ਟੱਬਰ ਬਹੁਤ ਉਦਾਸ ਹੋਏ ਪਰ ਫਿਰ ਵੀ ‘ਰੱਬ’ ਦਾ ਲੱਖ ਲੱਖ ਸ਼ੁਕਰ ਕਰਦੇ ਕਿ ਪੁਲਸੀਆਂ ਨੇ ਝੋਲੇ ਵਿਚੋਂ ਗ੍ਰਨੇਡ ਕੱਢ ਕੇ ਚਲਾਉਣ ਦਾ ਉਹਦਾ ਯਤਨ ਕਾਮਯਾਬ ਨਹੀਂ ਸੀ ਹੋਣ ਦਿੱਤਾ। ਜੇ ਕਿਤੇ ਇੰਝ ਹੋ ਜਾਂਦਾ ਤਾਂ…! ਅਸੀਂ ਸੋਚ ਕੇ ਹੀ ਕੰਬ ਜਾਂਦੇ। ਮੇਰੀ ਮਾਂ, ਮੇਰਾ ਪਿਉ, ਮੇਰੀਆਂ ਭੈਣਾਂ, ਮੇਰਾ ਭਰਾ, ਅਸੀਂ ਸਾਰੇ ਕਈ ਦਿਨ ਉਹਦੀਆਂ ਗੱਲਾਂ ਕਰਦੇ, ਉਹਨੂੰ ਯਾਦ ਕਰਦੇ ਰਹੇ। ਕਿਵੇਂ ਪੁਲਿਸ ਨੇ ਉਸ ’ਤੇ ਤਸ਼ੱਦਦ ਢਾਹਿਆ ਹੋਵੇਗਾ! ਉਹਦੇ ਮਲੂਕੜੇ ਜਿਸਮ ਨੇ ਕਿਵੇਂ ਇੰਟੈਰੋਗੇਸ਼ਨ ਦੇ ਤਸੀਹੇ ਸਹੇ ਹੋਣਗੇ!
ਮੈਂ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਕਵਿਤਾ ਲਿਖੀ, ਜੋ ਹੇਮ-ਜਯੋਤੀ ਦੇ ਅੰਦਰਲੇ ਪਹਿਲੇ ਪੰਨੇ ’ਤੇ ਛਪੀ। ਉਹ ਕਵਿਤਾ ਦਾ ਭਾਵੇਂ ਉੱਤਮ ਨਮੂਨਾ ਨਾ ਹੀ ਹੋਵੇ, ਪਰ ਉਸ ਵਿਚ ਪੇਸ਼ ਹੋਈ ਮੇਰੀ ਭਾਵਨਾ ਬੜੀ ਸ਼ੁੱਧ ਸੀ। ਇਸਨੂੰ ਮੈਂ ਆਪਣੇ ਕਾਵਿ-ਸੰਗ੍ਰਹਿ ‘ਵਰਿ੍ਹਆਂ ਪਿੱਛੋਂ’ ਵਿਚ ਛਾਪ ਕੇ ਉਸ ਵੇਲੇ ਦੇ ਅਹਿਸਾਸ ਨੂੰ ਜ਼ਿੰਦਾ ਰੱਖਿਆ ਹੈ।
ਕਿਸੇ ਨਕਸਲੀ ਆਗੂ ਨੇ ਮੇਰੀ ਡਿਊਟੀ ਲਾਈ ਕਿ ਮੈਂ ਉਹਦਾ ਟਰੰਕ ਅੰਬਰਸਰੋਂ ਲੈ ਕੇ ਆਵਾਂ। ਇਹ ਟਰੰਕ ਉਹਨੇ ਸਾਬਿੰਦਰਜੀਤ ਸਾਗਰ ਕੋਲ ਰੱਖਿਆ ਹੋਇਆ ਸੀ। ਸਾਗਰ ਛੇਹਰਟੇ ਕਿਸੇ ਖਾਲੀ ਪਏ ਪਲਾਟ ਵਿਚ ਛੱਤੀ ਗਈ ਗਰੀਬੜੀ ਜਿਹੀ ਕੋਠੜੀ ਵਿਚ ਰਹਿੰਦਾ ਸੀ, ਜਿਸਦੀ ਖ਼ਸਤਾ ਹਾਲ ਛੱਤ ਤੋਂ ਕਿਰਦੀ ਮਿੱਟੀ ਨੂੰ ਰੋਕਣ ਵਾਸਤੇ ਹੇਠਾਂ ਬੋਰੀਆਂ ਦੀ ਬਣਾਈ ਪੱਲੀ ਲਾਈ ਹੋਈ ਸੀ, ਜਿਸ ਵਿਚ ਮੋਟੇ ਚੂਹੇ ਏਧਰੋਂ-ਓਧਰ ਦਗੜ ਦਗੜ ਕਰਦੇ ਫਿਰਦੇ। ਚੰਦਨ ਇਸ ‘ਰੰਗ-ਮਹਿਲ’ ਵਿਚ ਵੀ ਸਾਗਰ ਕੋਲ ਕਦੀ-ਕਦੀ ਰਾਤਾਂ ਕੱਟਦਾ ਰਿਹਾ ਹੋਣਾ।
ਮੈਂ ਉਹ ਟੁੱਟਾ ਜਿਹਾ ਲੋਹੇ ਦਾ ਟਰੰਕ ਲੈ ਆਇਆ। ਉਸ ਵਿਚ ਇੱਕ ਦੋ ਕਿਤਾਬਾਂ ਸਨ ਜਾਂ ਕੁਝ ਅੱਧ-ਲਿਖੇ ਕਾਗ਼ਜ਼। ਨਿੱਕਾ ਜਿਹਾ ਪੈਡ ਵੀ ਜਿਸ ’ਤੇ ਕੁਝ ਅਧੂਰੀਆਂ ਕਵਿਤਾਵਾਂ ਦੀਆਂ ਇੱਕ-ਇੱਕ, ਦੋ-ਦੋ ਟੂਕਾਂ ਸਨ। ‘ਕਾਮਰੇਡਾਂ’ ਲਈ ਹੋਰ ‘ਲੋੜੀਂਦਾ ਸਮਾਨ’ ਚੰਦਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਗਰ ਨੇ ਏਧਰ-ਓਧਰ ਕਰ ਦਿੱਤਾ ਹੋਊ।
ਕਾਮਰੇਡ ਆਇਆ ਤੇ ਮੇਰੇ ਕੋਲੋਂ ਉਹ ਟਰੰਕ ਲੈ ਗਿਆ।

ਮੇਰੇ ਲਈ ‘ਲੋਹੇ ਦੇ ਹੱਥ’ ਛਪਣਾ ਕਿਵੇਂ ਮਹੱਤਵ ਪੂਰਨ ਘਟਨਾ ਸੀ।
‘ਲੋਹੇ ਦੇ ਹੱਥ’ਦੇ ਛਪਣ ਸਾਰ ਇਹਦੀ ਚਰਚਾ ਸ਼ੁਰੂ ਹੋ ਗਈ। ਵਿਦਿਆਰਥੀ ਯੂਨੀਅਨਾਂ ਵੱਲੋਂ ਛਾਪੇ ਜਾਂਦੇ ਪਰਚਿਆਂ ਵਿਚ ਇਹਦੀ ਕਹਾਣੀ ਪੁਨਰ-ਪ੍ਰਕਾਸ਼ਿਤ ਹੋਣ ਲੱਗੀਆਂ। ਕਈ ਵਿਦਿਆਰਥੀਆਂ ਨੇ ਆਪਣੇ ਨਾਂ ’ਤੇ ਵੀ ਛਪਵਾ ਲਈਆਂ।
ਜੁਲਾਈ 1971 ਵਿਚ ਕਿਤਾਬ ਛਪੀ। ਦਸੰਬਰ 1971 ਵਿਚ ਸੁਰਜੀਤ ਪਾਤਰ ਤੇ ਕੈਰੋਂ ਨੇ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿਚ ਕਵੀ-ਦਰਬਾਰ ਕਰਵਾਇਆ। ਜਿਸ ਵਿਚ ਪੰਜਾਬੀ ਦੇ ਨਾਮਵਰ ਕਵੀ ਬੁਲਾਏ ਗਏ। ਪਾਤਰ ਹੁਰਾਂ ਨੇ ਮੈਨੂੰ ਵੀ ਬੁਲਾਇਆ।
ਮੇਰੀ ਹੈਰਾਨੀ ਤੇ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਮੈਂ ਕਾਲਜ ਦੀਆਂ ਕੰਧਾਂ ’ਤੇ ਕਾਲਜ ਦੇ ਵਿਦਿਆਰਥੀਆਂ ਨੇ ਵੱਡੇ ਵੱਡੇ ਮੋਟੇ ਕਾਲੇ ਅੱਖਰਾਂ ਵਿਚ ਕਈ ਥਾਈਂ ਲਿਖਿਆ ਵੇਖਿਆ:
‘ਲੋਹੇ ਦੇ ਹੱਥ’ ਕਿਤਾਬ ਮਾਰਕੀਟ ਵਿਚ ਆ ਗਈ ਹੈ। ਅੱਜ ਹੀ ਖ਼ਰੀਦੋ!
ਰਾਮ ਸਰੂਪ ਅਣਖ਼ੀ ਦਾ ਬਿਆਨ
ਅਣਖ਼ੀ ਸਾਹਿਬ ਦੀ ਸਦਾ ਮੇਰੇ ’ਤੇ ਮੁਹੱਬਤੀ ਬਾਰਸ਼ ਹੁੰਦੀ ਰਹੀ। ਉਹ ਮੈਨੂੰ ਏਨੀ ਮੁਹੱਬਤ ਕਰਦੇ ਸਨ ਕਿ ਜਦ ਮੇਰੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਛਪੀ ਤਾਂ ਉਨ੍ਹਾਂ ਨੇ ‘ਅਜੀਤ’ ਅਖ਼ਬਾਰ ਦੇ ਕਾਲਮ ਵਿਚ ਮੇਰੇ ਬਾਰੇ ਲਿਖਿਆ, ‘ਜੇ ਹੁਣ ਤੱਕ ਛਪੇ ਸਾਰੇ ਕਹਾਣੀ-ਸੰਗ੍ਰਹਿ ਤੱਕੜੀ ਦੇ ਇੱਕ ਪਲੜੇ ਵਿਚ ਰੱਖ ਦਿਤੇ ਜਾਣ ਤੇ ਦੂਜੇ ਪਲੜੇ ਵਿਚ ਨਿੱਕੀ ਜਿਹੀ ਪੁਸਤਕ ‘ਲੋਹੇ ਦੇ ਹੱਥ’ ਰੱਖ ਦਿੱਤੀ ਜਾਵੇ ਤਾਂ ‘ਲੋਹੇ ਦੇ ਹੱਥ’ ਵਾਲਾ ਪਲੜਾ ਭਾਰੀ ਹੋਵੇਗਾ।’
-ਜ਼ਾਹਿਰ ਹੈ, ਇਹ ਪ੍ਰਸੰਸਾ ਆਪਣੇ ਕਿਸੇ ਬਹੁਤੇ ਹੀ ਪਿਆਰੇ ਨੂੰ ਵਡਿਆਉਣ-ਲਡਾਉਣ ਲਈ ਅਤਿਕਥਨੀ ਅੰਦਾਜ਼ ਵਿਚ ਹੀ ਕੀਤੀ ਗਈ ਸੀ, ਪਰ ਮੇਰੇ ਵਰਗੇ ਅਸਲੋਂ ਨਵੇਂ ਲੇਖਕ ਨੂੰ ਅਣਖੀ ਹੁਰਾਂ ਵਰਗਾ ਵੱਡਾ ਗਲਪਕਾਰ ਉਹਦੇ ਪੈਰਾਂ ਹੇਠਾਂ ਹੱਥ ਰੱਖ ਕੇ ਉੱਚਾ ਚੁੱਕ ਕੇ ਵਿਖਾ ਰਿਹਾ ਸੀ, ਇਹ ਉਨ੍ਹਾਂ ਦੇ ਸਮੁੰਦਰੀ ਦਿਲ ਦੀ ਵਿਸ਼ਾਲਤਾ ਹੀ ਸੀ। ਬਾਅਦ ਵਿਚ ਜਦ ਮੇਰਾ ਥੋੜਾ ਬਹੁਤ ਨਾਂ-ਥਾਂ ਬਣ ਗਿਆ ਸੀ ਤਾਂ ਉਨ੍ਹਾਂ ਨੇ ਮੇਰੇ ਬਾਰੇ ਇੱਕ ਆਰਟੀਕਲ ਲਿਖਿਆ, ‘ਮੇਰਾ ਮਹਿਬੂਬ ਕਥਾਕਾਰ-ਵਰਿਆਮ ਸਿੰਘ ਸੰਧੂ’ ਜਿਸਦਾ ਅੰਗਰੇਜ਼ੀ ਰੂਪ ‘ਦਾ ਟ੍ਰਿਬਿਊਨ’ ਵਿਚ ਛਪਿਆ। ਇਸ ਆਰਟੀਕਲ ਵਿਚ ਉਨ੍ਹਾਂ ਨੇ ਮੇਰੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਮੇਰੀਆਂ ਕਹਾਣੀਆਂ ਬਾਰੇ ਭਰਵੀਂ ਤਾਰੀਫ਼ ਕੀਤੀ।
ਉਨ੍ਹਾਂ ਨੇ ਲਿਖਿਆ ਕਿ 1971 ਵਿਚ ਉਹ ਅੰਬਰਸਰ ਗੁਰਸ਼ਰਨ ਸਿੰਘ ਕੋਲ ਆਏ ਬਲਰਾਜ ਸਾਹਨੀ ਨੂੰ ਮਿਲਣਾ ਚਾਹੁੰਦੇ ਸਨ। ਉਹ ਗੁਰਸ਼ਰਨ ਸਿੰਘ ਹੁਰਾਂ ਦੇ ਘਰ ਗਏ। ਜਦ ਉਹ ਉਨ੍ਹਾਂ ਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਬਲਰਾਜ ਸਾਹਨੀ ਤੇ ਗੁਰਸ਼ਰਨ ਸਿੰਘ ਘਰੋਂ ਬਾਹਰ ਗਏ ਨੇ ਤੇ ਕੁਝ ਦੇਰ ਬਾਅਦ ਆਉਣ ਹੀ ਵਾਲੇ ਨੇ। ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਹੁਰਾਂ ਨੇ ਅਣਖੀ ਹੁਰਾਂ ਨੂੰ ਚੁਬਾਰੇ ਵਿਚ ਉਡੀਕ ਕਰਨ ਲਈ ਕਿਹਾ। ਅਣਖੀ ਜੀ ਲਿਖਦੇ ਹਨ:
‘ਚੁਬਾਰੇ ਵਿਚ ਗਿਆ ਤਾਂ ਕਾਰਨਿਸ ’ਤੇ ਪੰਜ-ਸੱਤ ਕਿਤਾਬਾਂ ਪਈਆਂ ਵੇਖੀਆਂ। ਇੱਕ ਨਿੱਕੀ ਜਿਹੀ ਕਿਤਾਬ ਚੁੱਕ ਲਿਆਇਆ ਤੇ ਮੰਜੇ ਉਤੇ ਪੈ ਕੇ ਪੜ੍ਹਨ ਲੱਗਿਆ। ਛੋਟੀਆਂ-ਛੋਟੀਆਂ ਕਹਾਣੀਆਂ ਸਨ। ਪੜ੍ਹਨ ਲੱਗਿਆ ਤਾਂ ਦਿਲਚਸਪ ਸਨ। ਭਾਸ਼ਾ ਮਾਂਜੀ-ਸਵਾਰੀ ਤੇ ਸੰਵਾਦ ਬਹੁਤ ਚੁਸਤ ਸਨ। ਕਥਾ-ਵਸਤੂ ਅਨੂਠੀ। ਬੰਬਈ ਵਾਲਿਆਂ ਦੀ ਉਡੀਕ ਯਾਦ ਨਹੀਂ ਰਹੀ। ਲਗਾਤਾਰ ਕਹਾਣੀਆਂ ਪੜ੍ਹਦਾ ਜਾ ਰਿਹਾ ਸਾਂ। ਇਹ ਸੀ ਵਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ (1971)। ਮੈਂ ਉਹਨੂੰ ਪਹਿਲੀ ਵਾਰ ਪੜ੍ਹਿਆ ਸੀ। ਉਤਸੁਕਤਾ ਜਾਗਣ ਲੱਗੀ-ਕੌਣ ਹੋਇਆ ਉਹ ਮੁੰਡਾ? ਇੰਝ ਅਣਖ਼ੀ ਮੇਰਾ ਸਦਾ ਲਈ ਮੁਹੱਬਤੀ ਬਣ ਗਿਆ।
ਪਹਿਲੀ ਰਾਇਲਟੀ
ਕਿਤਾਬ ਛਪੀ ਤਾਂ ਗੁਰਸ਼ਰਨ ਸਿੰਘ ਨੇ ਕਿਤਾਬ ਦੀ ਰਾਇਲਟੀ ਪੈਸਿਆਂ ਵਿਚ ਤਾਂ ਭਾਵੇਂ ਨਾ ਦਿੱਤੀ ਪਰ ਇਸਦੇ ਇਵਜ਼ ਵਿਚ ਕਿਤਾਬ ਦੀਆਂ ਸੌ ਕਾਪੀਆਂ ਮੁਖ਼ਤਾਰ ਗਿੱਲ ਦੇ ਹੱਥ ਭਿਜਵਾਈਆਂ। ਮੁਖ਼ਤਾਰ ਉਹ ਕਿਤਾਬਾਂ ਲੈ ਕੇ ਮੇਰੇ ਸਕੂਲ ਪਹੁੰਚਿਆਂ ਤਾਂ ਮੈਂ ਆਪਣੀ ਕਿਤਾਬ ਦੇ ਪਹਿਲੇ ਦਰਸ਼ਨ ਕਰ ਕੇ ਨਿਹਾਲ ਹੋ ਗਿਆ।
ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਮੇਰੀ ਹਰੇਕ ਕਿਤਾਬ ਛਪਣ ’ਤੇ ਰਾਇਲਟੀ ਮਿਲਦੀ ਆ ਰਹੀ ਹੈ।
ਇਸ ਕਿਤਾਬ ਦੇ ਛਪਦੇ ਹੀ ਮੈਂ ਕਹਾਣੀਕਾਰ ਸਥਾਪਤ ਹੋ ਗਿਆ ਤੇ ਮੇਰਾ ਆਪਣੀ ਲਿਖਤ ਵਿਚ ਭਰੋਸਾ ਵਧ ਗਿਆ।
-0-