ਲੇਖਕ: ਸਾਰਾ ਲਜ਼ਾਰੇ
ਅਨੁਵਾਦ: ਸੁਖਵੰਤ ਹੁੰਦਲ
ਮਿਨੀਸੋਟਾ ਦੇ ਦਹਿ ਹਜ਼ਾਰਾਂ ਨਿਵਾਸੀਆਂ ਨੇ ‘ਕੋਈ ਨਫ਼ਰਤ ਨਹੀਂ, ਕੋਈ ਡਰ ਨਹੀਂ, ਇਮੀਗ੍ਰੈਂਟਾਂ ਦਾ ਇੱਥੇ ਸਵਾਗਤ ਹੈ’ ਦੇ ਨਾਅਰੇ ਲਗਾਉਂਦਿਆਂ ਸ਼ੁੱਕਰਵਾਰ, 23 ਜਨਵਰੀ ਨੂੰ, ਦੁਪਹਿਰੋਂ ਬਾਅਦ ਮਿਨੀਐਪਲਿਸ ਦੇ ਡਾਊਨਟਾਊਨ ਵਿਚ ਮਾਰਚ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਆਈਸ (ਅਮਰੀਕਾ ਦੀ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ) ਸੂਬੇ ਤੋਂ ਬਾਹਰ ਜਾਵੇ।
ਸਬ-ਜ਼ੀਰੋ ਤਾਪਮਾਨ ਵਿਚ ਵੱਡਾ ਪ੍ਰਦਰਸ਼ਨ ਆਰਥਿਕ ਬੰਦ ਦਾ ਕੇਂਦਰੀ ਹਿੱਸਾ ਸੀ, ਜਿਸ ਵਿਚ ਹੜਤਾਲਾਂ, ਗ੍ਰਿਫ਼ਤਾਰੀਆਂ ਅਤੇ ਸਿਵਲ-ਨਾਫਰਮਾਨੀ, ਸੈਂਕੜੇ ਕਾਰੋਬਾਰਾਂ ਦਾ ਬੰਦ ਹੋਣਾ ਅਤੇ ਰੈਲੀਆਂ ਸ਼ਾਮਲ ਸਨ। ਲਗਭਗ 10 ਦਿਨ ਪਹਿਲਾਂ ਯੂਨੀਅਨਾਂ, ਧਾਰਮਿਕ ਸਮੂਹਾਂ ਅਤੇ ਕਮਿਊਨਿਟੀ ਸੰਸਥਾਵਾਂ ਦੀ ਕੁਲੀਸ਼ਨ ਨੇ ਜਨਤਕ ਤੌਰ ‘ਤੇ ਅਪੀਲ ਕੀਤੀ ਸੀ: ‘ਕੋਈ ਕੰਮ ਨਹੀਂ, ਕੋਈ ਸਕੂਲ ਨਹੀਂ, ਕੋਈ ਖਰੀਦਦਾਰੀ ਨਹੀਂ’।
ਵਿਚਾਰ ਇਹ ਸੀ ਕਿ ‘ਆਮ ਕਾਰੋਬਾਰੀ ਵਿਵਸਥਾ ਨੂੰ ਸਥਾਗਤ ਕਰਕੇ’ ਮਿਨੀਸੋਟਾ ਵਿਚ ਹਜ਼ਾਰਾਂ ਮਾਸਕ ਪਹਿਨੇ, ਹਥਿਆਰਬੰਦ ਫੈਡਰਲ ਏਜੰਟਾਂ ਦੀ ਅਣਮਿਸਾਲੀ (ਅਣਪਰੈਸੀਡੈਂਟਿਡ) ਤਾਇਨਾਤੀ ਦਾ ਵਿਰੋਧ ਕੀਤਾ ਜਾਵੇ।
ਇਸ ਬੰਦ ਅਤੇ ਹੜਤਾਲ ਨੂੰ ਜਥੇਬੰਦ ਕਰਨ ਵਾਲੇ ਲੋਕਾਂ ਦੇ ਅੰਦਾਜ਼ੇ ਅਨੁਸਾਰ ਘੱਟੋ-ਘੱਟ 50,000 ਲੋਕ ਇਸ ਵਿਚ ਸ਼ਾਮਲ ਹੋਏ, ਕਈਆਂ ਨੇ ਗਿਣਤੀ 100,000 ਦੇ ਕਰੀਬ ਦੱਸੀ। ਲੋਕਾਂ ਦੀ ਇੰਨੀ ਵੱਡੀ ਗਿਣਤੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਮਾਰਚ ਸ਼ੁਰੂ ਹੋਣ ਸਮੇਂ ਤਾਪਮਾਨ ਮਾਈਨਸ ਨੌਂ ਡਿਗਰੀ ਫਾਰਨਾਈਟ ਭਾਵ ਮਾਈਨਸ 23 ਡਿਗਰੀ ਸੈਲੀਸੀਅਸ ਸੀ, ਜੋ ਨੰਗੀ ਚਮੜੀ ਨੂੰ ਜਲਦੀ ਫ੍ਰੌਸਟਬਾਈਟ ਕਰ ਸਕਦਾ ਹੈ ਭਾਵ ਚਮੜੀ ਅਤੇ ਉਸ ਦੇ ਹੇਠਲੇ ਟਿਸ਼ੂ ਜੰਮ ਸਕਦੇ ਹਨ।
ਏਅਰਪੋਰਟ ਵਿਖੇ ਫੂਡ ਸਰਵਿਸ ਵਰਕਰ ਅਤੇ ਯੂਨਾਈਟ ਹਿਅਰ ਦੀ ਲੋਕਲ 17 ਦੀ ਸਟੀਵਰਡ ਫੇਬਨ ਗਿਲਾਗਾਬਰ ਨੇ ਕਿਹਾ ‘ਓ ਮੇਰਿਆ ਰੱਬਾ, ਅੱਜ ਅਦਭੁਤ, ਭਾਵੁਕ ਅਤੇ ਬਹੁਤ ਤਾਕਤਵਰ ਦਿਨ ਹੈ। ਇਹ ਮੇਰੀ ਉਮੀਦ ਤੋਂ ਵੱਧ ਸੀ, ਬਹੁਤ ਵੱਧ। ਮੈਂ ਮੌਸਮ ਬਾਰੇ ਚਿੰਤਤ ਸੀ, ਪਰ ਹਰ ਕੋਈ ਆ ਗਿਆ।’
ਗਿਲਾਗਾਬਰ ਅਨੁਸਾਰ, ਉਸ ਦੀ ਯੂਨੀਅਨ ਦੇ ‘ਬਹੁਤ ਸਾਰੇ’ ਏਅਰਪੋਰਟ ਵਰਕਰ ਬੰਦ ਦਾ ਸਮਰਥਨ ਕਰਨ ਲਈ ਸ਼ੁੱਕਰਵਾਰ ਨੂੰ ਕੰਮ `ਤੇ ਨਹੀਂ ਗਏ, ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਕਾਲ ਕਰਕੇ ਕਿਹਾ ਕਿ ਉਹ ਬਿਮਾਰ ਹਨ।
ਪ੍ਰਬੰਧਕਾਂ ਨੇ ਇਸ ਦਿਨ ਨੂੰ ‘ਸੱਚ ਅਤੇ ਅਜ਼ਾਦੀ ਦਾ ਦਿਨ – ਡੇਅ ਆਫ ਟਰੁੱਥ ਐਂਡ ਫ੍ਰੀਡਮ’ ਦਾ ਨਾਂ ਦਿੱਤਾ ਹੈ। ਅਜੇ ਇਹ ਹਿਸਾਬ ਲਾਉਣਾ ਮੁਸ਼ਕਿਲ ਹੈ ਕਿ ਇਸ ਐਕਸ਼ਨ ਦੇ ਦਿਨ ਕਿੰਨੇ ਵਰਕਰ ਆਪਣੇ ਕੰਮਾਂ `ਤੇ ਨਹੀਂ ਗਏ। ਪਰ ਵਰਕਰ ਅਤੇ ਯੂਨੀਅਨਾਂ ਇਸ ਦਿਨ ਦੀਆਂ ਘਟਨਾਵਾਂ ਦੇ ਕੇਂਦਰ ਵਿਚ ਸਨ। ਇੱਕ ਕਮਰਸ਼ੀਅਲ ਇਲੈਕਟ੍ਰੀਸ਼ੀਅਨ ਅਤੇ ਆਈ ਬੀ ਈ ਡਬਲਿਊ ਲੋਕਲ 292 ਦੇ ਮੈਂਬਰ ਦੇ ਹੱਥ ਵਿਚ ਫੜੇ ਸਾਈਨ `ਤੇ ਲਿਖਿਆ ਹੋਇਆ ਸੀ ‘ਆਮ ਹੜਤਾਲ ਇਨਸਾਫ ਨੂੰ ਜਾਣ ਵਾਲਾ ਰਸਤਾ ਹੈ -ਜਨਰਲ ਸਟਰਾਈਕ ਇਜ਼ ਏ ਪਾਥ ਟੂ ਜਸਟਿਸ’। ਮਾਰਚ ਦੌਰਾਨ ਉਸ ਨੇ ਮੈਨੂੰ ਦੱਸਿਆ ਕਿ ਉਹ ‘ਇਮੀਗ੍ਰੈਂਟਾਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਅਤੇ ਹਰ ਅਮਰੀਕਨ ਦਾ ਸਮਰਥਨ ਕਰਨ ਲਈ ਇੱਥੇ ਆਇਆ ਹੈ।’
ਉਸ ਨੇ ਅੱਗੇ ਕਿਹਾ, ‘ਆਈਸ ਤਾਂ ਬਿਲਕੁਲ ਨਿੰਦਣਯੋਗ ਹੈ। ਕੋਈ ਵੀ ਵਿਅਕਤੀ ਆਈਸ ਦੇ ਏਜੰਟਾਂ ਦੇ ਰਾਹ ਵਿਚ ਆ ਸਕਦਾ ਹੈ। ਇਹ ਤਾਂ ਸਾਡੇ ਆਪਣੇ ਨਾਗਰਿਕ ਅਧਿਕਾਰਾਂ `ਤੇ ਹਮਲਾ ਹੈ।’
ਮਿਨੀਸੋਟਾ ਦੀ ਰਹਿਣ ਵਾਲੀ ਇਕ ਹੋਰ ਔਰਤ ਨੇ ਮੇਰੇ ਨਾਲ ਗੱਲ ਕਰਦਿਆਂ ਆਈਸ ਤੋਂ ਡਰਦਿਆਂ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ। ਉਸ ਨੇ ਕਿਹਾ, ‘ਮੈਂ ਅੱਜ ਇੱਥੇ ਸਭ ਲਈ ਖੜ੍ਹੀ ਹੋਈ ਹਾਂ, ਆਪਣੇ ਲਈ ਖੜ੍ਹੀ ਹੋਈ ਹਾਂ। ਮੈਂ ਇਸ ਤੋਂ ਪ੍ਰਭਾਵਿਤ ਹਾਂ। ਮੈਂ ਦੋ ਸਾਲ ਦੀ ਉਮਰ ਵਿਚ ਇੱਥੇ ਆਈ ਸੀ। ਮੇਰੇ ਮਾਪੇ ਮੈਨੂੰ ਮੈਕਸੀਕੋ ਤੋਂ ਲੈ ਕੇ ਇੱਥੇ ਆਏ ਸਨ। ਮੈਨੂੰ ਸਿਰਫ ਅਮਰੀਕਾ ਦਾ ਪਤਾ ਹੈ, ਇਸ ਲਈ ਜੋ ਕੁਝ ਵੀ ਹੋ ਰਿਹਾ ਹੈ, ਪਰਿਵਾਰਾਂ ਨੂੰ ਵੱਖ ਵੱਖ ਕੀਤੇ ਜਾਣਾ, ਬੱਚਿਆਂ ਦਾ ਖੋਹ ਲਏ ਜਾਣਾ, ਇੱਕ ਨਿਰਦੋਸ਼ ਔਰਤ ਨੂੰ ਸੱਚ ਲਈ ਖੜ੍ਹੇ ਹੋਣ ਕਰਕੇ ਗੋਲੀ ਮਾਰ ਦਿੱਤੇ ਜਾਣਾ— ਇਹ ਸਭ ਅਵਿਸ਼ਵਾਸਯੋਗ ਹੈ।’
29 ਸਾਲਾਂ ਦੀ ਇਸ ਔਰਤ ਨੇ ਅੱਗੇ ਕਿਹਾ, ‘ਮੈਂ ਉਨ੍ਹਾਂ ਲਈ ਬੋਲ ਰਹੀ ਹਾਂ ਜੋ ਅੱਜ ਇੱਥੇ ਨਹੀਂ ਆ ਸਕੇ। ਜੋ ਲੁਕੇ ਹੋਏ ਹਨ, ਜਿਨ੍ਹਾਂ ਦਾ ਦਿਲ ਦਰਵਾਜ਼ੇ ਦੀ ਘੰਟੀ ਵੱਜਣ ਨਾਲ ਰੁਕ ਜਾਂਦਾ ਹੈ।’
ਇਸ ਹੀ ਦਿਨ ਸਵੇਰ ਨੂੰ 100 ਦੇ ਕਰੀਬ ਧਾਰਮਿਕ ਆਗੂਆਂ ਨੇ ਮਿਨੀਐਪਲਿਸ-ਸੇਂਟ ਪੌਲ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 1 ਦੇ ਡਿਪਾਰਚਰ ਏਰੀਏ ਦੇ ਬਾਹਰ ਆਈਸ ਵਿਰੁੱਧ ਸਿਵਲ ਨਾਫਰਮਾਨੀ ਦੇ ਅਮਲ ਵਜੋਂ ਇੱਕ ਮੁੱਖ ਸੜਕ ਨੂੰ ਰੋਕਿਆ। ਉਨ੍ਹਾਂ ਦੇ ਪਿੱਛੇ ਹਜ਼ਾਰਾਂ ਸਮਰਥਕ ਸਨ। ਉਹ ਗਾ ਰਹੇ ਸਨ ‘ਇਸ ਮੁਹਿੰਮ ਦੇ ਫੇਲ੍ਹ ਹੋਣ ਤੋਂ ਪਹਿਲਾਂ ਅਸੀਂ ਸਾਰੇ ਜੇਲ੍ਹ ਜਾਵਾਂਗੇ — ਹਰੇਕ ਨੂੰ ਜੀਣ ਦਾ ਅਧਿਕਾਰ ਹੈ।’ ਉਨ੍ਹਾਂ ਕੋਲ ਯੂਨਾਈਟ ਹਿਅਰ ਲੋਕਲ 17 ਦੇ ਅਗਵਾ ਕੀਤੇ ਮੈਂਬਰਾਂ ਵਾਲੇ ਸਾਈਨ ਸਨ।
ਲੋਕ— ਜਿਨ੍ਹਾਂ ਵਿਚ ਹੜਤਾਲ ਕਰ ਰਹੇ ਵਰਕਰ ਅਤੇ ਯੂਨੀਅਨ ਦੇ ਮੈਂਬਰ ਸ਼ਾਮਲ ਸਨ ਅਤੇ ਜਿਨ੍ਹਾਂ ਵਿਚੋਂ ਕੁਝ ਏਅਰਪੋਰਟ `ਤੇ ਕੰਮ ਕਰਦੇ ਹਨ — ਜ਼ੀਰੋ ਤੋਂ ਘੱਟ ਤਾਪਮਾਨ ਵਿਚ ਬਾਹਰ ਰਹੇ ਅਤੇ ਉਨ੍ਹਾਂ ਨੇ ਸਿਵਲ ਨਾਫਰਮਾਨੀ ਦਾ ਸਮਰਥਨ ਕੀਤਾ। ਸਮਰਥਕਾਂ ਨੇ ਲੋਕਾਂ ਨੂੰ ਹੈਂਡ ਵਾਰਮਰ (ਹੱਥਾਂ ਨੂੰ ਗਰਮ ਰੱਖਣ ਵਾਲੀਆਂ ਚੀਜ਼ਾਂ) ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ ਤਾਂ ਜੋ ਲੋਕ ਉੱਥੇ ਖੜ੍ਹੇ ਰਹਿ ਸਕਣ।
22 ਸਾਲਾ ਕੈਟਰੀਨਾ ਜ਼ੈਬਰਿਸਕੀ ਨੇ ਆਪਣੀ ਮਾਂ (ਮਿਨੇਸੋਟਾ ਦੀ ਚੈਪਲੇਨ) ਨੂੰ ਗ੍ਰਿਫਤਾਰ ਹੁੰਦੇ ਵੇਖਿਆ। ਉਸ ਨੇ ਮੈਨੂੰ ਦੱਸਿਆ, ‘ਇਹ ਬਹੁਤ ਭਾਵੁਕ ਸੀ। ਜਦੋਂ ਲੋਕਾਂ ਨੇ ‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ’ ਦੇ ਨਾਅਰੇ ਲਗਾਏ ਤਾਂ ਮੈਂ ਰੋਣ ਲੱਗ ਪਈ। ਮੁੱਖ ਤੌਰ `ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।’ ਬਹੁਤ ਸਾਰੇ ਧਾਰਮਿਕ ਆਗੂ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਪ੍ਰਾਰਥਨਾ ਕਰ ਰਹੇ ਸਨ।
ਜ਼ੈਬਰਿਸਕੀ ਨੇ ਅਗਾਂਹ ਕਿਹਾ, ‘ਅਸੀਂ ਆਪਣੇ ਗੁਆਂਢੀਆਂ ਦੀ ਸੁਰੱਖਿਆ ਬਾਰੇ ਚਿੰਤਤ ਹਾਂ। ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਘਰਾਂ ਤੋਂ ਫੜ ਕੇ ਡਿਪੋਰਟ ਕਰਨਾ, ਉਨ੍ਹਾਂ ਨੂੰ ਤਸੀਹੇ ਦੇਣਾ ਅਤੇ ਡਿਟੈਂਸ਼ਨ ਸੈਂਟਰਾਂ ਵਿਚ ਰੱਖਣਾ ਬਹੁਤ ਅਨਿਆਂ ਹੈ। ਇਹ ਨਹੀਂ ਹੋਣਾ ਚਾਹੀਦਾ।’
ਉਹ 100 ਦੇ ਕਰੀਬ ਧਾਰਮਿਕ ਲੋਕ ਐੱਮ ਐੱਨ ਕੁਲੀਸ਼ਨ ਨਾਲ ਸੰਬੰਧਿਤ ਸਨ। ਆਈਸ ਦੀ ਨਿਊਜ਼ ਰਿਲੀਜ਼ ਅਨੁਸਾਰ ਉਨ੍ਹਾਂ ਨੂੰ ‘ਸੂਬੇ ਭਰ ਵਿਚ ਆਈਸ ਆਊਟ ਆਫ ਮਿਨੀਸੋਟਾ: ਏ ਡੇਅ ਆਫ ਟਰੁੱਥ ਐਂਡ ਫ੍ਰੀਡਮ (ਆਈਸ ਸੂਬੇ ਤੋਂ ਬਾਹਰ ਜਾਓ: ਸੱਚ ਅਤੇ ਫ੍ਰੀਡਮ ਦਾ ਇਕ ਦਿਨ’ ਵਿਚ ਹਿੱਸਾ ਲੈਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਧਾਰਮਿਕ ਲੋਕਾਂ ਦੀਆਂ ਮੰਗਾਂ ਡੈਲਟਾ (ਏਅਰਲਾਈਨ) ਅਤੇ ਸਿਗਨੇਚਰ ਏਵੀਏਸ਼ਨ ਉੱਤੇ ਕੇਂਦਰਿਤ ਸਨ, ਜਿਨ੍ਹਾਂ ਨੂੰ ਉਹ ਮਿਨੀਸੋਟਾ ਵਾਸੀਆਂ ਦੀ ਡਿਪੋਰਟੇਸ਼ਨ ਵਿਚ ਸਹਿਯੋਗੀ ਅਤੇ ਸਹਾਇਕ ਦੱਸਦੇ ਹਨ।
ਧਾਰਮਿਕ ਆਗੂ ਚਾਹੁੰਦੇ ਹਨ ਕਿ ਡੈਲਟਾ ਅਤੇ ਸਿਗਨੇਚਰ ਏਵੀਏਸ਼ਨ ਜਨਤਕ ਤੌਰ ‘ਤੇ ਮਿਨੀਸੋਟਾ ਵਿਚ ਆਈਸ ਦੇ ‘ਵਾਧੇ’ ਨੂੰ ਤੁਰੰਤ ਖਤਮ ਕਰਨ ਅਤੇ ਆਈਸ ਵਲੋਂ ਸੂਬੇ ਨੂੰ ਛੱਡ ਕੇ ਜਾਣ’ ਦੀ ਮੰਗ ਕਰਨ। ਉਹ ਕੰਪਨੀਆਂ ਨੂੰ ਇਹ ਬੇਨਤੀ ਵੀ ਕਰ ਰਹੇ ਹਨ ਕਿ ਉਹ ਰੈਨੀ ਗੁੱਡ ਨੂੰ ਮਾਰਨ ਵਾਲੇ ਆਈਸ ਏਜੰਟ ਨੂੰ ‘ਕਾਨੂੰਨੀ ਜਵਾਬਦੇਹ’ ਬਣਾਉਣ ਅਤੇ ਕਾਂਗਰਸ ਨੂੰ ਆਈਸ ਦੀ ਫੰਡਿੰਗ ਰੋਕਣ’ ਲਈ ਅਪੀਲ ਕਰ ਰਹੇ ‘ਮਿਨੀਸੋਟਾ ਦੇ ਲੋਕਾਂ ਨਾਲ ਖੜ੍ਹਨ’।
ਗੁੱਡ, ਮਿਨੀਐਪਲਿਸ ਵਿਚ ਰਹਿਣ ਵਾਲੀ ਇੱਕ ਕਵੀਤਰੀ ਅਤੇ ਤਿੰਨ ਬੱਚਿਆਂ ਦੀ ਮਾਂ ਸੀ। ਉਸ ਨੂੰ 7 ਜਨਵਰੀ ਨੂੰ ਆਈਸ ਦੇ ਏਜੰਟ ਜੌਨਾਥਨ ਰੌਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਕਤਲ ਵਿਰੁੱਧ ਜਨਤਕ ਗੁੱਸੇ ਨੇ ਮਿਨੀਸੋਟਾ ਅਤੇ ਪੂਰੇ ਦੇਸ਼ ਵਿਚ ਜਥੇਬੰਦੀਆਂ ਅਤੇ ਲੋਕਾਂ ਨੂੰ ਊਰਜਾ ਦਿੱਤੀ ਅਤੇ (ਇਹ ਕਤਲ) ਦਿਨ ਭਰ ਰੈਲੀ ਦਾ ਨਾਅਰਾ ਰਿਹਾ।
ਏਅਰਪੋਰਟ `ਤੇ ਸਿਵਲ ਨਾਫਰਮਾਨੀ ਮਹੱਤਵਪੂਰਨ ਸੀ ਕਿਉਂਕਿ ਇਹ ਥਾਂ ਮਿਨੀਸੋਟਾ ਉੱਤੇ ਫੈਡਰਲ ਹਮਲੇ ਦਾ ਫਲੈਸ਼ਪੁਆਇੰਟ ਬਣ ਗਈ ਹੈ।
‘ਆਈਸ ਮਿਨੀਸੋਟਾ ਤੋਂ ਬਾਹਰ ਜਾਵੇ’ ਨਾਂ ਦੀ ਕੁਲੀਸ਼ਨ (ਆਈਸ ਆਊਟ ਆਫ ਐੱਮ ਐੱਨ ਕੁਲੀਸ਼ਨ) ਨੇ ਧਾਰਮਕ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਬਿਆਨ ਵਿਚ ਕਿਹਾ, ‘ਡੈਲਟਾ ਮਿਨੀਐਪਲੈਸ ਦੇ ਸੇਂਟ ਪਾਲ ਏਅਰਪੋਰਟ ਨੂੰ ਮੁੱਖ ਹੱਬ (ਕੇਂਦਰ) ਵਜੋਂ ਵਰਤਦੀ ਹੈ ਅਤੇ ਸਿਗਨੇਚਰ ਏਵੀਏਸ਼ਨ ਆਈਸ ਦੇ ਅਪਰੇਸ਼ਨਾਂ ਲਈ ਲੌਜਿਸਟਿਕ ਸਹਾਇਤਾ ਦਿੰਦੀ ਹੈ। ਮਿਨੀਐਪਲੈਸ ਦਾ ਏਅਰਪੋਰਟ ਹਰ ਸਾਲ ਕਰੋੜਾਂ ਯਾਤਰੀਆਂ ਨੂੰ ਸੇਵਾ ਦਿੰਦਾ ਹੈ ਅਤੇ ਹੁਣ ਡੀ ਐੱਚ ਐੱਸ (ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ) ਦੇ ਅਪਰੇਸ਼ਨਾਂ ਵਿਚ ਮੁੱਖ ਸਾਈਟ ਬਣ ਗਿਆ ਹੈ ਜਿੱਥੋਂ ਮਿਨੀਸੋਟਾ ਦੇ ਵਾਸੀਆਂ ਨੂੰ ਅਗਵਾ ਕਰਕੇ ਡਿਟੈਂਸ਼ਨ ਸੈਂਟਰਾਂ ਵਿਚ ਭੇਜਿਆ ਜਾਂਦਾ ਹੈ।’ ਕੁਲੀਸ਼ਨ ਨੇ ਅੱਗੇ ਕਿਹਾ, ‘ਤਕਰੀਬਨ 2,000 ਲੋਕ ਮਿਨੀਐਪਲੈਸ ਦੇ ਇਸ ਏਅਰਪੋਰਟ ਰਾਹੀਂ ਡਿਪੋਰਟ ਕੀਤੇ ਗਏ ਹਨ, ਅਤੇ ਇਸ ਏਅਰਪੋਰਟ `ਤੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਕੰਮ `ਤੇ ਜਾਂ ਏਅਰਪੋਰਟ ਨੂੰ ਆਉਣ-ਜਾਣ ਦੌਰਾਨ ਆਈਸ ਵੱਲੋਂ ਅਗਵਾ ਕੀਤੇ ਗਏ ਹਨ।’
ਪਰ ਏਅਰਪੋਰਟ ਅਗਵਾ ਕਰਨ ਦੀ ਸਾਈਟ ਹੋਣ ਦੇ ਨਾਲ-ਨਾਲ ਸੰਘਰਸ਼ ਦੀ ਵੀ ਸਾਈਟ ਹੈ। ਏਅਰਪੋਰਟ ਬਾਹਰ ਪ੍ਰਦਰਸ਼ਨਕਾਰੀ, ਵਰਕਰ ਅਤੇ ਧਾਰਮਿਕ ਆਗੂ ਇਹ ਨਾਹਰੇ ਲਾ ਰਹੇ ਸਨ, ‘ਅਸੀਂ ਵਰਕਰ ਹਾਂ, ਬਲਵਾਨ ਵਰਕਰ – ਵੀ ਆਰ ਵਰਕਰਜ਼, ਮਾਈਟੀ ਮਾਈਟੀ ਵਰਕਰਜ਼’। ਇੱਕ ਸਾਈਨ `ਤੇ ਲਿਖਿਆ ਸੀ ‘ਅਸੀਂ ਲੋੜ ਤੋਂ ਘੱਟ ਪ੍ਰਤੀਕਰਮ ਕਰ ਰਹੇ ਹਾਂ- ਵੀ ਆਰ ਅੰਡਰ ਰਿਐਕਟਿੰਗ’ ਅਤੇ ਇੱਕ ਵਿਅਕਤੀ ਨੇ ਬੁਲ ਹਾਰਨ ਰਾਹੀਂ ਜ਼ੋਰ ਨਾਲ ਕਿਹਾ: ‘ਅਸੀਂ ਇੱਥੇ ਕਾਰਪੋਰੇਸ਼ਨਾਂ ਨੂੰ ਇਹ ਦੱਸਣ ਆਏ ਹਾਂ ਕਿ ਉਹ ਆਈਸ ਨੂੰ ਸਹਿਯੋਗ ਦੇਣਾ ਬੰਦ ਕਰਨ।’
ਸ਼ੁੱਕਰਵਾਰ ਸਵੇਰੇ ਏਅਰਪੋਰਟ `ਤੇ, ਇਕ ਗਰਾਸਰੂਟਸ ਅਤੇ ਨਾਨ-ਪਾਰਟੀਜ਼ਨ ਗਰੁੱਪ ਐੱਮ ਐੱਨ 50501 ਦੇ ਨਿੱਕ ਬੈਨਸਨ ਨੇ ਮੈਨੂੰ ਕਿਹਾ, ‘ਇਹ ਏਅਰਪੋਰਟ ਕੁੱਪੀ ਦਾ ਤੰਗ ਸਿਰਾ ਹੈ ਜਿੱਥੋਂ ਸਾਡੇ ਗੁਆਂਢੀਆਂ ਨੂੰ ਪਤਾ ਨਹੀਂ ਕਿੱਥੇ ਭੇਜਿਆ ਜਾ ਰਿਹਾ ਹੈ।’
ਸੂਬੇ ਭਰ ਵਿਚ ਹੜਤਾਲ ਅਤੇ ਐਕਸ਼ਨ — ਅਤੇ ਦੇਸ਼ ਭਰ ਵਿਚ ਸੌਲੀਡੈਰਿਟੀ ਐਕਸ਼ਨ — ਇਸ ਖੌਫਨਾਕ ਖਬਰ ਤੋਂ ਬਾਅਦ ਵਾਪਰਿਆ ਜਦੋਂ ਮੰਗਲਵਾਰ ਨੂੰ ਮਿਨੀਐਪਲਿਸ ਦੇ ਏਰੀਆ ਵਿਚ ਇੱਕ 5 ਸਾਲਾਂ ਦੇ ਬੱਚੇ ਨੂੰ ਆਈਸ ਦੇ ਏਜੰਟਾਂ ਨੇ ਘਰ ਦੇ ਡਰਾਈਵੇ ਤੋਂ ਚੁੱਕ ਲਿਆ। ਇਹ ਪ੍ਰੀਸਕੂਲਰ ਅਤੇ ਉਸ ਦਾ ਪਿਤਾ ਹੁਣ ਟੈਕਸਾਸ ਵਿਚ ਡਿਟੈਂਸ਼ਨ ਸੈਂਟਰ ਵਿਚ ਕੈਦ ਹਨ।
ਕਈ ਹਫ਼ਤਿਆਂ ਤੋਂ ਫੈਡਰਲ ਏਜੰਟ ਸਕੂਲਾਂ, ਡੇਅ-ਕੇਅਰਾਂ ਅਤੇ ਘਰਾਂ ਤੱਕ ਲੋਕਾਂ ਦਾ ਪਿੱਛਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਗਵਾ ਕਰ ਰਹੇ ਹਨ — ਅਤੇ ਆਪਣੇ ਗੁਆਂਢੀਆਂ ਦੀ ਰੱਖਿਆ ਕਰਨ ਵਾਲਿਆਂ `ਤੇ ਹਿੰਸਾ ਕਰ ਰਹੇ ਹਨ। ਇਹ ਹਿੰਸਾ ਬਹੁਤ ਪਰਚੰਡ ਅਤੇ ਜਾਨਲੇਵਾ ਰਹੀ ਹੈ।
ਸ਼ੁੱਕਰਵਾਰ ਦੀ ਹੜਤਾਲ ਨੂੰ ਸੰਗਠਿਤ ਕਰਨ ਵਾਲੇ ਵੱਡੇ ਗਠਜੋੜ ਦੀਆਂ ਖਾਸ ਮੰਗਾਂ ਵਿਚ ਆਈਸ ਨੂੰ ਮਿਨੀਸੋਟਾ ਤੋਂ ਤੁਰੰਤ ਕੱਢਣਾ ਅਤੇ ਜੌਨਾਥਨ ਰੌਸ (ਗੁੱਡ ਨੂੰ ਮਾਰਨ ਵਾਲੇ ਆਈਸ ਦੇ ਏਜੰਟ) ਨੂੰ ‘ਕਾਨੂੰਨੀ ਜਵਾਬਦੇਹ’ ਬਣਾਉਣਾ ਸ਼ਾਮਲ ਹੈ। ਉਹ ਆਈਸ ਨੂੰ ਆਉਣ ਵਾਲੇ ਕਾਂਗਰਸ ਦੇ ਬਜਟ ਵਿਚ ‘ਕੋਈ ਵਾਧੂ ਫੰਡਿੰਗ ਨਾ ਦੇਣ ਅਤੇ ਆਈਸ ਵਲੋਂ ਅਮਰੀਕੀਆਂ ਅਤੇ ਉਨ੍ਹਾਂ ਦੇ ਗੁਆਂਢੀਆਂ ਦੇ ਮਨੁੱਖੀ ਅਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਨ ਲਈ ਜਾਂਚ ਕਰਨ ਦੀ ਵੀ ਮੰਗ ਕਰ ਰਹੇ ਹਨ।’
ਸ਼ੁੱਕਰਵਾਰ ਨੂੰ ਬੰਦ ਵਿਚ ਹਿੱਸਾ ਲੈਣ ਵਾਲਿਆਂ ਲਈ ਮੁੱਦੇ ਅਕਾਦਮਿਕ ਨਹੀਂ ਸਨ। ਸੂਬੇ ਵਿਚ 8,000 ਤੋਂ ਵੱਧ ਜੈਨੀਟਰਾਂ, ਵਿੰਡੋ ਕਲੀਨਰਾਂ ਅਤੇ ਹੋਰ ਪ੍ਰੌਪਰਟੀ ਸਰਵਿਸ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ (ਐੱਸ ਈ ਆਈ ਯੂ) ਦੀ ਲੋਕਲ 26 ਦੇ ਪ੍ਰਧਾਨ ਗ੍ਰੈੱਗ ਨਾਮਾਚਰ ਨੇ 19 ਜਨਵਰੀ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਸੀ ਕਿ ਯੂਨੀਅਨ ਦੇ ’20 ਤੋਂ ਵੱਧ ਮੈਂਬਰ ਫੈਡਰਲ ਏਜੰਟਾਂ ਵੱਲੋਂ ਬਿਨਾਂ ਕਿਸੇ ਚਿਤਾਵਨੀ ਅਤੇ ਬਿਨਾਂ ਕਿਸੇ ਡਿਊ ਪ੍ਰੋਸੈੱਸ (ਸਹੀ ਕਾਨੂੰਨੀ ਅਮਲ) ਦੇ ਅਗਵਾ ਕੀਤੇ ਗਏ ਹਨ।’
ਉਸ ਨੇ ਅਗਾਂਹਾ ਕਿਹਾ ਕਿ ਫੈਡਰਲ ਏਜੰਟਾਂ ਦੀ ਰਣਨੀਤੀ ‘ਪਰਿਵਾਰਾਂ ਨੂੰ ਤੋੜਨਾ, ਪਿਆਰਿਆਂ ਨੂੰ ਗੁੰਮ ਕਰਨਾ ਹੈ ਜਿਨ੍ਹਾਂ ਨੂੰ ਘੰਟਿਆਂ ਅਤੇ ਦਿਨਾਂ ਤੱਕ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿੱਥੇ ਹਨ ਅਤੇ ਅਕਸਰ ਕਾਨੂੰਨੀ ਸਲਾਹ ਤੱਕ ਪਹੁੰਚ ਨਹੀਂ ਹੁੰਦੀ।’
ਪਰ ਸਿਰਫ ਇਮੀਗ੍ਰੈਂਟ ਵਰਕਰ ਹੀ ਪ੍ਰਭਾਵਿਤ ਨਹੀਂ ਹੁੰਦੇ। ਨਾਮਾਚਰ ਨੇ ਜ਼ੋਰ ਦਿੰਦਿਆ ਕਿਹਾ, ‘ਜੇ ਘੋਸ਼ਿਤ ਉਦੇਸ਼ ਅਮਰੀਕਾ ਵਿਚ ਜਨਮੇ ਵਰਕਰਾਂ ਨੂੰ ਵੱਧ ਤਨਖਾਹ ਦੇਣਾ ਹੈ, ਜੋ ਕਈ ਵਾਰ ਸਾਨੂੰ ਦੱਸਿਆ ਜਾਂਦਾ ਹੈ, ਤਾਂ ਇਸ ਦਾ ਉਲਟ ਅਸਰ ਹੋਇਆ ਹੈ।’
ਨਾਮਾਚਰ ਨੇ ਹੋਰ ਦੱਸਿਆ ਕਿ ਇੱਕ ਵਿੰਡੋ ਕਲੀਨਰ ਜਿਸ ਨੇ ਚਾਰ ਸਾਲ ਪਹਿਲਾਂ ਨੌਕਰੀ ਉੱਤੇ ਸੁਰੱਖਿਆ ਵਿਚ ਸੁਧਾਰ ਲਈ ਹੜਤਾਲ ਦੀ ਅਗਵਾਈ ਕੀਤੀ ਸੀ, ਹਾਲ ਹੀ ਵਿਚ ਰੁਟੀਨ ਇਮੀਗ੍ਰੇਸ਼ਨ ਚੈੱਕ-ਇਨ `ਤੇ ਫੜਿਆ ਗਿਆ ਸੀ। ਉਹ 30 ਸਾਲਾਂ ਤੋਂ ਯੂਨਾਈਟਿਡ ਸਟੇਟਸ ਅਮਰੀਕਾ ਵਿਚ ਰਹਿ ਰਿਹਾ ਸੀ, ਫਿਰ ਵੀ ਏਜੰਟਾਂ ਨੇ ਉਸ ਨੂੰ ਪਹਿਲਾਂ ਹੀ ਉਸ ਦੇ ਪਰਿਵਾਰ ਤੋਂ ਦੂਰ ਮੈਕਸੀਕੋ ਡਿਪੋਰਟ ਕਰ ਦਿੱਤਾ ਹੈ।
ਨਾਮਾਚਾਰ ਨੇ ਕਿਹਾ ਕਿ ‘ਉਸ ਦੀ ਕੁਰਬਾਨੀ ਨੇ ਟਵਿਨ ਸਿਟੀਜ਼ ਦੇ ਸਾਰੇ ਵਿੰਡੋ ਕਲੀਨਰਾਂ ਨੂੰ ਸੁਰੱਖਿਅਤ ਬਣਾਇਆ, ਭਾਵੇਂ ਉਹ ਕਿਤੇ ਵੀ ਜਨਮੇ ਹੋਣ, ਭਾਵੇਂ ਉਨ੍ਹਾਂ ਦੀ ਨਾਗਰਿਕਤਾ ਕੋਈ ਵੀ ਹੋਵੇ।’
ਯੂਨਾਈਟ ਹਿਅਰ ਦੀ ਲੋਕਲ 17 (ਜੋ ਟਵਿਨ ਸਿਟੀਜ਼ ਦੇ ਮੈਟਰੋ ਏਰੀਆ ਵਿਚ 6,000 ਤੋਂ ਵੱਧ ਹੌਸਪਿਟੈਲਿਟੀ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ) ਦੇ ਲਗਭਗ 16 ਮੈਂਬਰ ਅਗਵਾ ਕੀਤੇ ਗਏ ਹਨ, ਅਤੇ ਮਿਨੀਐਪਲਿਸ ਦਾ ਸੇਂਟ ਪੌਲ ਅੰਤਰਰਾਸ਼ਟਰੀ ਏਅਰਪੋਰਟ ਯੂਨੀਅਨ ਅਤੇ ਨਾਨ ਯੂਨੀਅਨ ਵਰਕਰਾਂ ਦੇ ਵਾਰ-ਵਾਰ ਕੀਤੇ ਜਾਣ ਵਾਲੇ ਅਗਵਾਵਾਂ ਦੀ ਸਾਈਟ ਬਣ ਗਿਆ ਹੈ।
ਲੋਕਲ 17 ਦੀ ਸਕੱਤਰ-ਖਜ਼ਾਨਚੀ ਸ਼ੇਘ ਫ੍ਰੀਬਰਗ ਨੇ 9 ਜਨਵਰੀ ਨੂੰ ਟਰਮੀਨਲ 1 ਅੰਦਰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਊਬਰ ਡਰਾਈਵਰਾਂ ਨੂੰ ਲਗਾਤਾਰ ਹੈਰਾਨ ਕੀਤਾ ਜਾਂਦਾ ਹੈ ਅਤੇ ਚੁੱਕ ਲਿਆ ਜਾਂਦਾ ਹੈ, ਉਨ੍ਹਾਂ ਦੀਆਂ ਗੱਡੀਆਂ ਨੂੰ ਪਿੱਛੇ ਸੜਕ `ਤੇ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ ਅਤੇ ਪਰਿਵਾਰਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਹਨ। ਯੂਨਾਈਟ ਹਿਅਰ ਲੋਕਲ 17 ਦੇ ਏਅਰਪੋਰਟ `ਤੇ ਕੰਮ ਕਰਨ ਵਾਲੇ ਮੈਂਬਰਾਂ ਨੂੰ ਟੀ ਐੱਸ ਏ ਦੇ ਪਿੱਛੇ ਲਿਜਾਇਆ ਗਿਆ ਹੈ ਅਤੇ ਆਈਸ ਦੀਆਂ ਫਲਾਈਟਾਂ ਵਧ ਗਈਆਂ ਹਨ — ਕਈ ਵਾਰ ਦਿਨ ਵਿਚ ਦੋ ਵਾਰ।’
ਬੰਦ ਦੀ ਅਪੀਲ ਤੋਂ ਬਾਅਦ, ਇਸ ਯਤਨ ਵਿਚ ਸ਼ਾਮਲ ਹੋਣ ਵਾਲੀਆਂ ਯੂਨੀਅਨਾਂ, ਕਮਿਊਨਿਟੀ ਅਤੇ ਧਾਰਮਿਕ ਸੰਗਠਨਾਂ ਦੀ ਸੂਚੀ ਵਿਚ ਵੱਡਾ ਵਾਧਾ ਹੋਇਆ। ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਦੀ ਲੋਕਲ 26 ਅਤੇ ਯੂਨਾਈਟ ਹਿਅਰ ਦੀ ਲੋਕਲ 17 ਤੋਂ ਇਲਾਵਾ ਮਿਨੀਸੋਟਾ ਦੀਆਂ ਨਰਸਾਂ ਦੀ ਐਸੋਸੀਏਸ਼ਨ (ਇੱਕ ਹੋਰ ਮਜ਼ਬੂਤ ਯੂਨੀਅਨ) ਵੀ ਇਸ ਵਿਚ ਸ਼ਾਮਲ ਹੋ ਗਈ।
ਲੋਕਲ ਅਤੇ ਰੀਜਨਲ ਲੇਬਰ ਕੌਂਸਲਾਂ ਵੀ ਸ਼ਾਮਲ ਹੋਈਆਂ ਅਤੇ 20 ਜਨਵਰੀ ਨੂੰ ਮਿਨੀਸੋਟਾ ਦੇ 300,000 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਮਿਨੀਸੋਟਾ ਦੀ ਏ ਐੱਫ ਐੱਲ-ਸੀ ਆਈ ਓ ਦੇ ਐਗਜ਼ੀਕਿਊਟਿਵ ਬੋਰਡ ਨੇ ਸ਼ੁੱਕਰਵਾਰ ਦੀ ਵਰਕ ਸਟੌਪੇਜ ਦੀ ਹਿਮਾਇਤ ਕਰਨ ਲਈ ਵੋਟ ਪਾਈ।
ਯੂਨੀਅਨਾਂ ਦੀ ਲਾਮਬੰਦੀ ਸਿਰਫ਼ ਸ਼ਹਿਰੀ ਮੈਟਰੋ ਇਲਾਕਿਆਂ ਤੱਕ ਸੀਮਤ ਨਹੀਂ ਰਹੀ। ਉਦਾਹਰਨ ਲਈ ਸੂਬੇ ਭਰ ਵਿਚ ਪਬਲਿਕ ਸਰਵਿਸਿਜ਼, ਨਾਨ-ਪ੍ਰੌਫਿਟ ਅਤੇ ਹੈਲਥਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਏ ਐੱਫ ਐੱਸ ਸੀ ਐੱਮ ਈ ਕੌਂਸਲ-65 (ਮਿਨੀਸੋਟਾ, ਨੌਰਥ ਡਕੋਟਾ ਅਤੇ ਸਾਊਥ ਡਕੋਟਾ) ਨੇ ਕੁਲੀਸ਼ਨ ਦੀ ਹਮਾਇਤ ਕਰਨ ਬਾਰੇ ਬਿਆਨ ਜਾਰੀ ਕੀਤਾ, ਭਾਵੇਂ ਕਿ ਉਹਨੇ ਕੰਮ ਨਾ ਕਰਨ ਤੱਕ ਦੀ ਗੱਲ ਨਹੀਂ ਕਹੀ।
ਮੈਸਾਚੂਸਟ ਤੋਂ ਨਿਊਯਾਰਕ, ਸਿæਕਾਗੋ ਤੱਕ ਪੂਰੇ ਦੇਸ਼ ਭਰ ਵਿਚ ਸੌਲੀਡੈਰਿਟੀ ਐਕਸ਼ਨ ਹੋਏ। ਕੁਝ ਲੇਬਰ ਅਤੇ ਕਮਿਊਨਿਟੀ ਲੀਡਰ, ਆਰਗੇਨਾਈਜ਼ਰ ਅਤੇ ਸਮਰਥਕ ਵੀ ਇਸ ਬੰਦ ਲਈ ਮਿਨੀਸੋਟਾ ਆਏ, ਜਿਨ੍ਹਾਂ ਵਿਚ ਰੈਬਾਈਜ਼ ਫਾਰ ਸੀਜ਼ ਫਾਇਰ, ਜਿਹੜੇ ਧਾਰਮਕ ਲੋਕਾਂ ਵਿਚ ਸ਼ਾਮਲ ਹੋਏ ਅਤੇ ਸ਼ਿਕਾਗੋ ਦੀ ਟੀਚਰਜ਼ ਯੂਨੀਅਨ ਦੀ ਪ੍ਰੈਜ਼ੀਡੈਂਟ ਸਟੇਸੀ ਡੇਵਿਸ ਗੇਟਸ ਸ਼ਾਮਲ ਸਨ।
ਇਕ ਇੰਟਰਵਿਊ ਦੌਰਾਨ ਗੇਟਸ ਨੇ ਕਿਹਾ, ‘ਮੈਂ ਅੱਥਰੂ ਪੂੰਝ ਪੂੰਝ, ਲੋਕਾਂ ਨੂੰ ਗਲ ਲਾ ਲਾ, ਇਹ ਕਹਿ ਕਹਿ ਥੱਕ ਗਈ ਹਾਂ ਕਿ ਮੈਂ ਸੌਰੀ ਹਾਂ। ਅੱਜ ਅਸੀਂ ਉਨ੍ਹਾਂ ਲੋਕਾਂ ਨੂੰ ਵੇਖਿਆ ਜੋ ਇਹ ਕਰ ਕਰ ਥੱਕ ਗਏ ਹਨ। ਮੈਂ ਸੋਚਦੀ ਹਾਂ ਇਹ ਸ਼ਾਨਦਾਰ ਸੀ, ਅਤੇ ਹਰੇਕ ਨੂੰ ਇਹ ਕਰਨਾ ਪਵੇਗਾ — ਅਤੇ ਇੱਕੋ ਸਮੇਂ।’
ਗੇਟਸ ਨੇ ਅੱਗੇ ਕਿਹਾ, ‘ਹਰ ਵਾਰ ਜਦੋਂ ਇਸ ਦੇਸ਼ ਵਿਚ ਸਾਡੀ ਡੈਮੋਕਰੇਸੀ ਦੀ ਸਲਾਮਤੀ ਅਤੇ ਵਾਧੇ ਬਾਰੇ ਬਹਿਸ ਹੋਈ ਹੈ, ਵਰਕਰਾਂ ਨੇ ਉਹ ਬਹਿਸ ਸੈਟਲ ਕੀਤੀ ਹੈ, ਅਤੇ ਮੈਂ ਇਸ ਵਾਰ ਵੀ ਵਰਕਰਾਂ ਤੋਂ ਇਹੀ ਉਮੀਦ ਕਰ ਰਹੀ ਹਾਂ।’
