ਬੂਟਾ ਸਿੰਘ ਮਹਿਮੂਦਪੁਰ
ਮਿਸਟਰ ਮੋਦੀ ਪ੍ਰਧਾਨ ਮੰਤਰੀ ਦੀ ਬਜਾਏ ਇਕ ਖ਼ਾਸ ਧਰਮ ਦੇ ਮੰਤਰੀ ਵੱਧ ਜਾਪਦੇ ਹਨ ਕਿਉਂਕਿ ਭਾਜਪਾ ਦੀ ਮੂਲ ਟੇਕ ਹੀ ਧਰਮ ਆਧਾਰਤ ਸਿਆਸਤ ਹੈ। ਫਿਰਕੂ ਪਾਲਾਬੰਦੀ ਜ਼ੋਰਾਂ ’ਤੇ ਹੈ ਅਤੇ ਘੱਟਗਿਣਤੀਆਂ ਦੇ ਲੋਕ ਲਗਾਤਾਰ ਸਹਿਮ ਦੇ ਸਾਏ ਹੇਠ ਜੀਅ ਰਹੇ ਹਨ। ਘੋਰ ਅੰਧਕਾਰ ਦੇ ਦਰਮਿਆਨ ਵੀ ਮਾਨਵਤਾਵਾਦੀ ਕਦਰਾਂ-ਕੀਮਤਾਂ ਬਰਕਰਾਰ ਹਨ ਅਤੇ ਆਸ ਦੀਆਂ ਕਿਰਨਾਂ ਬਣੀਆਂ ਹੋਈਆਂ ਹਨ। ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ ਹੈ। ਸੰਪਾਦਕ॥
ਪਿਛਲੇ ਇਕ ਦਹਾਕੇ ਤੋਂ ਜ਼ਹਿਰੀਲੀ ਫਿਰਕੂ ਪਾਲਾਬੰਦੀ ਦੀਆਂ ਸਿਰਤੋੜ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਵਿਚ ਦੋ ਸਮਾਂਤਰ ਵਰਤਾਰੇ ਚੱਲ ਰਹੇ ਹਨ। ਇਕ ਪਾਸੇ, ਆਰ.ਐੱਸ.ਐੱਸ.-ਭਾਜਪਾ ਅਤੇ ਇਨ੍ਹਾਂ ਨਾਲ ਸੰਬੰਧਤ ਜਥੇਬੰਦੀਆਂ ਵੱਲੋਂ ਮੁਸਲਮਾਨ ਅਤੇ ਈਸਾਈ ਘੱਟਗਿਣਤੀਆਂ ਵਿਰੁੱਧ ਨਫ਼ਰਤ ਤੇ ਹਿੰਸਾ ਜ਼ੋਰਾਂ ’ਤੇ ਹੈ, ਪਰ ਇਸ ਦੇ ਸਮਾਂਤਰ ਆਮ ਲੋਕਾਂ ਵਿਚ ਫਿਰਕੂ ਸਾਂਝ ਅਤੇ ਸਦਭਾਵਨਾ ਵੀ ਮਜ਼ਬੂਤੀ ਨਾਲ ਬਚੀ ਤੇ ਡਟੀ ਹੋਈ ਹੈ। ਹੇਠਲੀਆਂ ਘਟਨਾਵਾਂ ਇਸੇ ਵਰਤਾਰਿਆਂ ਨੂੰ ਬਖ਼ੂਬੀ ਦਿਖਾਉਂਦੀਆਂ ਹਨ।
ਪਹਿਲਾ ਵਰਤਾਰਾ: ਭਗਵਾ ਹਕੂਮਤ ਦੀ ਰਾਜਕੀ ਅਤੇ ਰਾਜਨੀਤਕ ਸਰਪ੍ਰਸਤੀ ਹੇਠ ਚੱਲ ਰਹੇ ਫਿਰਕੂ ਵਰਤਾਰੇ ਦੀਆਂ ਕੁਝ ਤਾਜ਼ਾ ਮਿਸਾਲਾਂ ਪੇਸ਼ ਹਨ:
* ਉੜੀਸਾ ਦੇ ਢੇਂਕਾਨਾਲ ਜ਼ਿਲ੍ਹੇ ਵਿਚ ਹਿੰਦੂਤਵਵਾਦੀ ਭੀੜ ਨੇ ਇੱਕ ਈਸਾਈ ਪਾਦਰੀ ‘ਤੇ ਹਮਲਾ ਕਰਕੇ ਸਰੇਆਮ ਬੇਰਹਿਮੀ ਨਾਲ ਉਸਦੀ ਕੁੱਟਮਾਰ ਕੀਤੀ। ਕੁੱਟਮਾਰ ਅਤੇ ਜ਼ਲੀਲ ਕਰਨ ਦੀ ਘਟਨਾ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲ਼ਾ ਵੱਟਣ, ਕਾਨੂੰਨ ਦੇ ਚੁਣਵੇਂ ਇਸਤੇਮਾਲ ਅਤੇ ਧਾਰਮਿਕ ਘੱਟ-ਗਿਣਤੀਆਂ ਲਈ ਸੁੰਗੜ ਰਹੀ ਸਪੇਸ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ।
ਟੈਲੀਗ੍ਰਾਫ਼ ਅਖ਼ਬਾਰ ਅਤੇ ਆਨਲਾਈਨ ਪੋਰਟਲ ਮਕਤੂਬ ਮੀਡੀਆ ਦੀ ਰਿਪੋਰਟ ਅਨੁਸਾਰ 4 ਜਨਵਰੀ ਨੂੰ ਈਸਾਈ ਪਾਦਰੀ ਬਿਪਿਨ ਨਾਇਕ, ਆਪਣੀ ਪਤਨੀ, ਬੱਚਿਆਂ ਅਤੇ ਹੋਰ ਸ਼ਰਧਾਲੂਆਂ ਸਮੇਤ ਪਰਜੰਗ ਪਿੰਡ ਵਿਚ ਇਕ ਨਿਯਮਤ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਣ ਲਈ ਗਏ ਸਨ। ਇਹ ਹਿੰਦੂ ਬਹੁਗਿਣਤੀ ਵਾਲਾ ਪਿੰਡ ਹੈ ਜਿੱਥੇ ਸਿਰਫ਼ 7 ਈਸਾਈ ਪਰਿਵਾਰ ਰਹਿੰਦੇ ਹਨ। ਬਜਰੰਗ ਦਲ ਦੇ ਮੈਂਬਰਾਂ ਸਮੇਤ 40 ਜਣਿਆਂ ਦੀ ਭੀੜ ਨੇ ਪ੍ਰਾਰਥਨਾ ਸਭਾ ਵਾਲੇ ਘਰ ਵਿਚ ਧੱਕੇ ਨਾਲ ਘੁਸ ਕੇ ਖ਼ਲਲ ਪਾਇਆ। ਉੱਥੇ ਹਾਜ਼ਰ ਸਾਰੇ ਲੋਕਾਂ ਦੀ ਕੁੱਟਮਾਰ ਕੀਤੀ ਗਈ। ਭੀੜ ਨੇ ਪਾਦਰੀ ਬਿਪਿਨ ਬਿਹਾਰੀ ਨਾਇਕ ਨੂੰ ਲਾਠੀਆਂ ਨਾਲ ਕੁੱਟਿਆ, ਵਾਰ-ਵਾਰ ਥੱਪੜ ਮਾਰੇ, ਮੱਥੇ ‘ਤੇ ਸਿੰਦੂਰ ਲਾਇਆ ਅਤੇ ਫਿਰ ਚੱਪਲਾਂ ਦਾ ਹਾਰ ਪਾ ਕੇ ਪੂਰੇ ਪਿੰਡ ਵਿਚ ਘੁੰਮਾਇਆ। ਫਿਰ ਉਸਨੂੰ ਹਨੂਮਾਨ ਮੰਦਰ ਕੋਲ ਲੋਹੇ ਦੀ ਰਾਡ ਨਾਲ ਹੱਥ ਬੰਨ੍ਹ ਕੇ ਕੁੱਟਿਆ ਗਿਆ, ਜ਼ਬਰੀ ‘ਜੈ ਸ਼੍ਰੀਰਾਮ’ ਦੇ ਨਾਅਰੇ ਲਾਉਣ ਅਤੇ ਗਊ ਦਾ ਗੋਹਾ ਖਾਣ ਲਈ ਮਜਬੂਰ ਕੀਤਾ ਗਿਆ। ਪੁਜਾਰੀ ਦੀ ਪਤਨੀ ਅਤੇ ਬੱਚਿਆਂ ਨੇ ਉੱਥੋਂ ਭੀੜੀ ਗਲ਼ੀ ਵਿਚੋਂ ਦੀ ਭੱਜ ਕੇ ਨੇੜਲੇ ਥਾਣੇ ਜਾ ਕੇ ਮੱਦਦ ਮੰਗੀ, ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੁਲਿਸ ਦੋ ਘੰਟੇ ਬਾਅਦ ਪਿੰਡ ਵਿਚ ਗਈ। ਹਮਲਾਵਰ ਐਨੇ ਬੇਖ਼ੌਫ਼ ਸਨ ਕਿ ਪੁਲਿਸ ਦੇ ਜਾਣ ‘ਤੋਂ ਬਾਅਦ ਵੀ ਭੀੜ ਉੱਥੋਂ ਖਿੰਡੀ ਨਹੀਂ। ਫਿਰ ਪੁਲਿਸ ਵੱਲੋਂ ਮਾਨਸਿਕ ਸਦਮੇ ਤੇ ਸੱਟਾਂ ਤੋਂ ਪੀੜਤ ਪਾਦਰੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਬਜਾਏ ਇਕ ਘੰਟਾ ਥਾਣੇ ’ਚ ਬਿਠਾਈ ਰੱਖਿਆ ਗਿਆ।
ਜਦੋਂ ਸਥਾਨਕ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪਰਿਵਾਰ ਈਸਾਈ ਭਾਈਚਾਰੇ ਦੇ ਲੋਕਾਂ ਦਾ ਵੱਡਾ ਵਫ਼ਦ ਲੈ ਕੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮਿਲਿਆ। ਜਦੋਂ ਰਸਮੀਂ ਐੱਫ.ਆਈ.ਆਰ. ਦਰਜ ਕਰਨੀ ਪੈ ਗਈ ਤਾਂ ਨਾਲ ਹੀ ਪੁਜਾਰੀ ਵਿਰੁੱਧ ਕਾਊਂਟਰ-ਐੱਫ.ਆਈ.ਆਰ. ਦਰਜ ਕਰ ਦਿੱਤੀ ਗਈ। ਰਿਪੋਰਟਾਂ ਅਨੁਸਾਰ ਇਸ ਕੇਸ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੋਸ਼ੀ ਹੁਣ ਵੀ ਖੁੱਲ੍ਹੇ ਦਣਦਣਾ ਰਹੇ ਹਨ। ਪਿੰਡ ਦੇ ਸਾਰੇ ਈਸਾਈ ਪਰਿਵਾਰ ਧਮਕੀਆਂ, ਸਮਾਜਿਕ ਬਾਈਕਾਟ ਅਤੇ ਅਗਲੀ ਹਿੰਸਾ ਦੇ ਡਰੋਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਰਹਿ ਰਹੇ ਹਨ। ਜਿਉਂ-ਜਿਉਂ ਦੇਰੀ ਹੁੰਦੀ ਜਾ ਰਹੀ ਹੈ, ਚਿੰਤਾ ਹੁਣ ਸਿਰਫ਼ ਪਾਦਰੀ ਦੇ ਪਰਿਵਾਰ ਤੱਕ ਸੀਮਿਤ ਨਹੀਂ ਰਹੀ, ਸਗੋਂ ਪੂਰੇ ਖੇਤਰ ਦੇ ਈਸਾਈ ਭਾਈਚਾਰੇ ਵਿਚ ਫੈਲ ਗਈ ਹੈ।
ਉਪਰੋਕਤ ਪੀੜਤ ਪਾਦਰੀ ਨੇ ਗ੍ਰਾਹਮ ਸਟੇਨਜ਼ ਦੀ ਸ਼ਹਾਦਤ ਦੀ ਬਰਸੀ ‘ਤੇ ਆਪਣੇ ਉੱਪਰ ਹਮਲਾ ਕਰਨ ਵਾਲਿਆਂ ਅਤੇ ਧਰਮ-ਬਦਲੀ ਕਰਨ ਦੇ ਝੂਠੇ ਇਲਜ਼ਾਮ ਲਾਉਣ ਵਾਲਿਆਂ ਨੂੰ ਮਾਫ਼ੀ ਦੇਣ ਦਾ ਰਸਤਾ ਚੁਣਿਆ ਹੈ। ਉਸਦਾ ਕਹਿਣਾ ਹੈ ਕਿ ਉਸਦੀ ਪ੍ਰੇਰਣਾ ਗ੍ਰਾਹਮ ਸਟੇਨਜ਼ ਦੀ ਪਤਨੀ ਹੈ ਜਿਸਨੇ ਆਪਣੇ ਪਤੀ ਅਤੇ ਬੱਚਿਆਂ ਦੇ ਕਾਤਲਾਂ ਨੂੰ ਆਪਣੇ ਤੌਰ ’ਤੇ ਮਾਫ਼ ਕਰ ਦਿੱਤਾ ਸੀ। ਯਾਦ ਰਹੇ ਕਿ ਆਸਟਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼, ਜੋ 1965 ਤੋਂ ਲੈ ਕੇ ਉੜੀਸਾ ਵਿਚ ਕੋਹੜ ਦੇ ਮਰੀਜ਼ਾਂ ਦੇ ਇਲਾਜ ਅਤੇ ਆਦਿਵਾਸੀਆਂ ਦੀ ਭਲਾਈ ਨੂੰ ਸਮਰਪਿਤ ਹੋ ਕੇ ਮਿਸ਼ਨਰੀ ਕੰਮ ਕਰ ਰਿਹਾ ਸੀ, ਨੂੰ 22-23 ਜਨਵਰੀ 1999 ਦੀ ਰਾਤ ਨੂੰ ਹਿੰਦੂਤਵੀ ਅਨਸਰਾਂ ਦੀ ਜਨੂੰਨੀ ਭੀੜ ਵੱਲੋਂ ਇਸੇ ਉੜੀਸਾ ਰਾਜ ਵਿਚ ਉਸ ਦੇ 6 ਅਤੇ 10 ਸਾਲ ਦੇ ਦੋ ਬੱਚਿਆਂ ਸਮੇਤ ਵੈਨ ਵਿਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਸ ਕੇਸ ਵਿਚ ਬਜਰੰਗ ਦਲ ਨਾਲ ਸੰਬੰਧਤ ਕਾਰਕੁਨ ਦਾਰਾ ਸਿੰਘ ਨੂੰ ਸਜ਼ਾ ਵੀ ਹੋਈ। ਇਸ ਗਿਣੇ-ਮਿੱਥੇ ਕਤਲ ਪਿੱਛੇ ਭਾਜਪਾ ਦੇ ਮੌਜੂਦਾ ਐੱਮ.ਪੀ. ਪ੍ਰਤਾਪ ਚੰਦਰ ਸਾਰੰਗੀ ਦਾ ਹੱਥ ਹੋਣ ਦਾ ਦੋਸ਼ ਨਿਰਆਧਾਰ ਨਹੀਂ ਸੀ ਜੋ ਓਦੋਂ ਬਜਰੰਗ ਦਲ ਦੀ ਉੜੀਸਾ ਇਕਾਈ ਦਾ ਮੁਖੀ ਸੀ। ਇਹ ਕਤਲ ਕਾਂਡ ਹਿੰਦੂਤਵਵਾਦੀ ਜਥੇਬੰਦੀਆਂ ਦੇ ਇਸ ਜ਼ਹਿਰੀਲੇ ਪ੍ਰਚਾਰ ਦੇ ਅਸਰ ਹੇਠ ਕੀਤਾ ਗਿਆ, ਕਿ ਈਸਾਈ ਮਿਸ਼ਨਰੀ ਗ਼ਰੀਬ ਆਦਿਵਾਸੀ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਜ਼ਬਰਦਸਤੀ ਈਸਾਈ ਬਣਾ ਰਹੇ ਹਨ। (ਵਧਵਾ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਵਿਚ ਧਰਮ-ਬਦਲੀ ਦੇ ਇਨ੍ਹਾਂ ਦੋਸ਼ਾਂ ਨੂੰ ਤੱਥਾਂ ਸਹਿਤ ਰੱਦ ਕੀਤਾ ਸੀ।) ਪਰ ਸਵਾਲ ਇਹ ਹੈ ਕਿ ਕੀ ਪੀੜਤ ਈਸਾਈਆਂ ਵੱਲੋਂ ਦਿੱਤੀਆਂ ‘ਮਾਫ਼ੀਆਂ’ ਨਾਲ ਘੱਟਗਿਣਤੀ ਭਾਈਚਾਰੇ ਪ੍ਰਤੀ ਨਫ਼ਰਤ ਘੱਟ ਜਾਵੇਗੀ ਜਾਂ ਮਾਨਵਤਾ ਵਿਰੋਧੀ ਘਿਣਾਉਣੇ ਕਾਰੇ ਕਰਨ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਤੋਂ ਬੇਖ਼ੌਫ਼ ਫਿਰਕੂ ਟੋਲਿਆਂ ਦੇ ਹੌਸਲੇ ਹੋਰ ਵਧਣਗੇ?
ਪਰਜੰਗ ਵਿਚ ਜੋ ਹੋਇਆ, ਉਹ ਅਲੱਗ-ਥਲੱਗ ਘਟਨਾ ਨਹੀਂ ਸਗੋਂ ਫਿਰਕੂ ਹਿੰਸਾ, ਪ੍ਰਸ਼ਾਸਕੀ ਬੇਪ੍ਰਵਾਹੀ ਅਤੇ ਧਰਮ ਦੇ ਨਾਂ ਹੇਠ ਵਧ ਰਹੇ ਅਪਰਾਧੀਕਰਨ ਦਾ ਨਮੂਨਾ ਹੈ, ਜਿਸਦੀਆਂ ਰਿਪੋਰਟਾਂ ਉੜੀਸਾ ਦੇ ਵੱਖ-ਵੱਖ ਹਿੱਸਿਆਂ ‘ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਰਜੰਗ ਦੀ ਘਟਨਾ ਉੜੀਸਾ ਵਿਚ ਈਸਾਈਆਂ ਵਿਰੁੱਧ ਫਿਰਕੂ ਹਿੰਸਾ ਦੇ ਵੱਡੇ ਪੈਟਰਨ ਦਾ ਹਿੱਸਾ ਹੈ ਜੋ ਵੱਖ-ਵੱਖ ਹਮਲਿਆਂ ਦੇ ਰੂਪ ’ਚ ਦੇਖਣ ਵਿਚ ਆ ਰਿਹਾ ਹੈ। ਕ੍ਰਿਸਮਿਸ ਮੌਕੇ ਪੂਰੇ ਭਾਰਤ ਵਿਚ ਈਸਾਈ ਵਿਰੋਧੀ ਹਿੰਸਾ ਵਿਚ ਖ਼ਾਸ ਤੇਜ਼ੀ ਦੇਖਣ ਨੂੰ ਮਿਲਦੀ ਹੈ। ਜੂਨ 2024 ’ਚ ਮੋਹਨ ਮਾਝੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉੜੀਸਾ ਵਿਚ ਕਥਿਤ ਗਊ-ਰਖਵਾਲਿਆਂ ਦੀਆਂ ਸਰਗਰਮੀਆਂ ਵਿਚ ਵਾਧਾ ਹੋਇਆ ਹੈ। ਪੀੜਤ ਘੱਟਗਿਣਤੀ ਦੀ ਕਾਨੂੰਨੀ ਕਾਰਵਾਈ ਨੂੰ ਦਬਾਉਣ ਲਈ ਕਾਊਂਟਰ-ਐੱਫ.ਆਈ.ਆਰ. ਨੂੰ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ। 7 ਜਨਵਰੀ ਨੂੰ ਬਾਲਾਸੋਰ ਵਿਚ ਸ਼ੇਖ ਮੁਕਰੰਦ ਮੁਹੰਮਦ ਨਾਂ ਦੇ ਮੁਸਲਮਾਨ ਨੂੰ ਗਊ-ਰੱਖਿਅਕਾਂ ਵੱਲੋਂ ਪਸ਼ੂ ਤਸਕਰੀ ਦੇ ਇਲਜ਼ਾਮ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਵਿਚ ਭੀੜ ਉਸ ਉੱਪਰ ਹਮਲਾ ਕਰਦੀ ਨਜ਼ਰ ਆਉਂਦੀ ਹੈ ਅਤੇ ਉਸ ਨੂੰ ‘ਜੈ ਸ਼੍ਰੀ ਰਾਮ’ ਅਤੇ ‘ਗਊ ਮਾਤਾ ਕੀ ਜੈ’ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਮਯੂਰਭੰਜ ਜ਼ਿਲ੍ਹੇ ਵਿਚ ਇੱਕ ਹੋਰ ਮੁਸਲਮਾਨ ਨੌਜਵਾਨ ਨੂੰ ਨੰਗਾ ਕਰ ਘੁਮਾਇਆ ਗਿਆ ਅਤੇ ਧਾਰਮਿਕ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਗਿਆ। ਮਲਕਾਨਗਿਰੀ ਜ਼ਿਲ੍ਹੇ ਦੇ ਕੋਟਮਟੇਰੂ ਪਿੰਡ ਵਿਚ ਚਰਚ ਤੋਂ ਪਰਤ ਰਹੇ ਪ੍ਰੋਟੈਸਟੈਂਟ ਈਸਾਈਆਂ ‘ਤੇ ਹਮਲਾ ਕੀਤਾ ਗਿਆ, ਜਿਸ ਵਿਚ ਅੱਠ ਲੋਕ ਜ਼ਖ਼ਮੀ ਹੋ ਗਏ। ਇਸ ਵਿਚ ਵੀ ਬਜਰੰਗ ਦਲ ਦੇ ਮੈਂਬਰਾਂ ਦੀ ਭੂਮਿਕਾ ਦੇ ਦੋਸ਼ ਲੱਗੇ ਜਦਕਿ ਪੁਲਿਸ ਨੇ ਸ਼ੁਰੂ ’ਚ ਇਸਨੂੰ ‘ਪਰਿਵਾਰਕ ਝਗੜਾ’ ਦੱਸ ਕੇ ਦਬਾਉਣ ਦੀ ਕੋਸ਼ਿਸ਼ ਕੀਤੀ। ਪਿੱਛੇ ਜਹੇ 29 ਸਾਲ ਦੀ ਈਸਾਈ ਸਾਧਵੀ ਨੂੰ ਬਜਰੰਗ ਦਲ ਦੇ ਕਾਰਕੁਨਾਂ ਨੇ ਜ਼ਬਰਦਸਤੀ ਟ੍ਰੇਨ ਤੋਂ ਉਤਾਰ ਲਿਆ ਅਤੇ ਤਸਕਰੀ ਤੇ ਧਰਮ-ਬਦਲੀ ਦੇ ਝੂਠੇ ਇਲਜ਼ਾਮਾਂ ਵਿਚ 18 ਘੰਟੇ ਤੱਕ ਹਿਰਾਸਤ ਵਿਚ ਰੱਖਿਆ ਸੀ।
ਇਸੇ ਤਰ੍ਹਾਂ ਬਿਹਾਰ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਮੁਸਲਿਮ ਫੇਰੀ ਵਾਲਿਆਂ ਅਤੇ ਮਜ਼ਦੂਰਾਂ ਵਿਰੁੱਧ ਹਿੰਸਕ ਘਟਨਾਵਾਂ ਵਧੀਆਂ ਹਨ। ਮਧੂਬਨੀ ਵਿਚ ਇਕ ਮੁਸਲਮਾਨ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਜਦਕਿ ਕਟਿਹਾਰ ਅਤੇ ਸਹਰਸਾ ਵਿਚ ਬਿਸਕੁਟ, ਬਰਤਨ ਵਗੈਰਾ ਵੇਚਣ ਵਾਲੇ ਮੁਸਲਿਮ ਫੇਰੀ ਵਾਲਿਆਂ ਤੇ ਮਜ਼ਦੂਰਾਂ ਨੂੰ ਪਹਿਲਾਂ ‘ਬੰਗਲਾਦੇਸ਼ੀ’ ਕਹਿ ਕੇ ਅਤੇ ਗਾਹਲਾਂ ਦੇ ਕੇ ਅਪਮਾਨਿਤ ਕਰਨ ਅਤੇ ਫਿਰ ਕੁੱਟਮਾਰ ਕਰਨ ਦੀਆਂ ਰਿਪੋਰਟਾਂ ਹਨ। ਇਨ੍ਹਾਂ ਘਟਨਾਵਾਂ ਵਿਚ ਇਕ ਸਪਸ਼ਟ ਪੈਟਰਨ ਨਜ਼ਰ ਆਉਂਦਾ ਹੈ ਜਿੱਥੇ ਦਿਹਾੜੀਦਾਰਾਂ ਅਤੇ ਛੋਟੇ ਵਿਕਰੇਤਾਵਾਂ ਨੂੰ ਕੁੱਟਿਆ ਗਿਆ, ਲੁੱਟਿਆ ਗਿਆ, ਗੋਲੀ ਮਾਰੀ ਗਈ ਜਾਂ ਜਾਨੋਂ ਮਾਰ ਦਿੱਤਾ ਗਿਆ।
ਹਰਿਆਣਾ ਵਿਚ ਸ਼ਾਲ ਵੇਚਣ ਵਾਲੇ ਦੋ ਕਸ਼ਮੀਰੀ ਨੌਜਵਾਨਾਂ ਨਾਲ ਬਦਸਲੂਕੀ ਕਰਨ ਅਤੇ ‘ਭਾਰਤ ਮਾਤਾ ਕੀ ਜੈ’ ਨਾਅਰੇ ਲਾਉਣ ਲਈ ਮਜਬੂਰ ਕਰਨ ਦੀ ਰਿਪੋਰਟ ਹੈ।
ਡੈਕਨ ਹੇਰਾਲਡ ਦੀ ਰਿਪੋਰਟ ਅਨੁਸਾਰ ਕਰਨਾਟਕਾ ਦੀ ਬੇਲਗਾਵੀ ਸਬ-ਡਿਵੀਜਨ ਦੇ ਮਾਛੇ ਪਿੰਡ ਲਾਗੇ ਆਯੋਜਤ ਕੀਤੇ ਜਾਣ ਵਾਲੇ ‘ਅਖੰਡ ਹਿੰਦੂ ਸੰਮੇਲਨ’ ਤੋਂ ਪਹਿਲਾਂ ਕੱਢਿਆ ਧਾਰਮਿਕ ਜਲੂਸ ਜਦੋਂ ਅੰਸਾਰੀ ਦਰਗਾਹ ਕੋਲੋਂ ਗੁਜ਼ਰ ਰਿਹਾ ਸੀ ਤਾਂ ਵਾਹਨ ਉੱਪਰ ਖੜ੍ਹੀ ਹਿੰਦੂਤਵਵਾਦੀ ਆਗੂ ਹਰਸ਼ਿਤਾ ਠਾਕੁਰ ਨੇ ਆਪਣੇ ਹੱਥਾਂ ਨਾਲ ਦਰਗਾਹ ਵੱਲ ਕਈ ਵਾਰ ਇਸ ਤਰ੍ਹਾਂ ਭੜਕਾਊ ਇਸ਼ਾਰੇ ਕੀਤੇ ਜਿਵੇਂ ਤੀਰ ਚਲਾ ਰਹੀ ਹੋਵੇ। ਉਸਦੇ ਹਮਾਇਤੀਆਂ ਨੇ ਤਾੜੀਆਂ ਵਜਾ ਕੇ ਖ਼ੁਸ਼ੀ ਪ੍ਰਗਟਾਈ ਅਤੇ ਨਾਅਰੇ ਲਾਏ। ਇਸਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਠਾਕੁਰ ਸਮੇਤ ਸੱਤ ਜਣਿਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ।
ਪਿਛਲੇ ਪੰਦਰਵਾੜੇ ਦੀਆਂ ਇਹ ਕੁਝ ਕੁ ਰਿਪੋਰਟਾਂ ਨਮੂਨੇ ਦੇ ਤੌਰ ’ਤੇ ਲਈਆਂ ਗਈਆਂ ਹਨ। ਇਨ੍ਹਾਂ ਤੋਂ ਬਹੁਗਿਣਤੀਵਾਦੀ ਫਿਰਕੂ ਹਿੰਸਾ ਨਾਲ ਮੁਸਲਿਮ ਅਤੇ ਈਸਾਈ ਘੱਟਗਿਣਤੀਆਂ ਵਿਚ ਫੈਲੇ ਵਿਆਪਕ ਭੈਅ ਅਤੇ ਅਸੁਰੱਖਿਆ ਨੂੰ ਸਮਝਿਆ ਜਾ ਸਕਦਾ ਹੈ।
ਫਿਰਕੂ ਪਾਲਾਬੰਦੀ ਦਾ ਇਕ ਵੱਡਾ ਹਥਿਆਰ ਨਫ਼ਰਤੀ ਭਾਸ਼ਣ ਹਨ ਜੋ ਗਿਣ-ਮਿੱਥ ਕੇ ਧਰਮ ਦੇ ਆਧਾਰ ’ਤੇ ਨਫ਼ਰਤ ਭੜਕਾਉਣ ਅਤੇ ਫਿਰਕੂ ਪਾਟਕ ਪਾਉਣ ਲਈ ਦਿੱਤੇ ਜਾਂਦੇ ਹਨ। ਜਲੂਸਾਂ (ਖ਼ਾਸ ਕਰਕੇ ਰਾਮ ਨੌਵੀਂ ਮੌਕੇ ਜਲੂਸ) ‘ਤੋਂ ਲੈ ਕੇ ਮੰਚਾਂ ਤੱਕ ਫਿਰਕੂ ਨਫ਼ਰਤ ਨਾਲ ਗੜੁੱਚ ਐਲਾਨ ਤੇ ਜ਼ਹਿਰੀਲਾ ਪ੍ਰਚਾਰ ਰੁਟੀਨ ਬਣ ਚੁੱਕੇ ਹਨ। ਇੰਡੀਆ ਹੇਟ ਲੈਬ ਨੇ ਹੁਣੇ ਜਹੇ ਆਪਣੀ ਵਿਸ਼ੇਸ਼ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ 2025 ’ਚ ਭਾਰਤ ਦੇ 21 ਰਾਜਾਂ, ਇਕ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿਚ ਧਾਰਮਿਕ ਘੱਟਗਿਣਤੀਆਂ, ਖ਼ਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ 1318 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ। 98% ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਿਸਾਬ ਨਾਲ ਨਫ਼ਰਤੀ ਭਾਸ਼ਣਾਂ ਦੀਆਂ ਰੋਜ਼ਾਨਾ ਔਸਤਨ ਚਾਰ ਘਟਨਾਵਾਂ ਵਾਪਰੀਆਂ। ਇਹ 2024 ਦੇ ਮੁਕਾਬਲੇ 13% ਵਾਧਾ ਹੈ, ਅਤੇ 2023 ਦੇ ਮੁਕਾਬਲੇ ਇਹ ਵਾਧਾ 97% ਹੈ ਜਦੋਂ ਅਜਿਹੀਆਂ 668 ਘਟਨਾਵਾਂ ਦਰਜ ਕੀਤੀਆਂ ਗਈਆਂ। 308 ਭਾਸ਼ਣਾਂ (23%) ਵਿਚ ਹਿੰਸਾ ਲਈ ਸਪਸ਼ਟ ਸੱਦਾ ਦਿੱਤੇ ਗਏ। 136 ਭਾਸ਼ਣਾਂ ਵਿਚ ਹਥਿਆਰ ਚੁੱਕਣ/ਹਥਿਆਰਬੰਦ ਕਾਰਵਾਈ ਕਰਨ ਦੇ ਸਿੱਧੇ ਸੱਦੇ ਸ਼ਾਮਲ ਸਨ। 120 ਭਾਸ਼ਣਾਂ ਵਿਚ ਸਮਾਜਿਕ ਜਾਂ ਆਰਥਕ ਬਾਈਕਾਟ ਦਾ ਸੱਦਾ ਦਿੱਤਾ (2024 ਦੇ ਮੁਕਾਬਲੇ 8%)। 276 ਭਾਸ਼ਣਾਂ ਵਿਚ ਪੂਜਾ ਸਥਾਨਾਂ- ਜਿਨ੍ਹਾਂ ਵਿਚ ਮਸਜਿਦਾਂ, ਦਰਗਾਹਾਂ ਅਤੇ ਚਰਚ ਸ਼ਾਮਲ ਹਨ- ਨੂੰ ਹਟਾਉਣ ਜਾਂ ਨਸ਼ਟ ਕਰਨ ਦਾ ਸੱਦਾ ਦਿੱਤਾ ਗਿਆ। 141 ਭਾਸ਼ਣਾਂ ਵਿਚ ਅਮਾਨਵੀ ਭਾਸ਼ਾ ਵਰਤੀ ਗਈ- ਘੱਟਗਿਣਤੀਆਂ ਨੂੰ ‘ਸਿਉਂਕ’, ‘ਪਰਜੀਵੀ’, ‘ਕੀੜੇ’, ‘ਸੂਰ’, ‘ਪਾਗਲ ਕੁੱਤੇ’, ‘ਸੱਪ ਦੇ ਬੱਚੇ’, ‘ਹਰੇ ਸੱਪ’ ਅਤੇ ‘ਲਹੂ ਦੇ ਤਿਹਾਏ ਜੌਂਬੀ’ ਕਿਹਾ ਗਿਆ। 1318 ਵਿਚੋਂ 1278 ਦੀਆਂ ਵੀਡੀਓ ਪਹਿਲਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਗਈਆਂ ਜਾਂ ਲਾਈਵ ਪ੍ਰਸਾਰਤ ਕੀਤੀਆਂ ਗਈਆਂ। ਇਨ੍ਹਾਂ ਭਾਸ਼ਣਾਂ ਵਿਚ ਮਹਾਰਾਸ਼ਟਰ ਸਭ ਤੋਂ ਸਿਰਕੱਢ ਹੈ। ਭਾਸ਼ਣ ਦੇਣ ਵਾਲਿਆਂ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵਿਸ਼ਵ ਹਿੰਦੂ ਪਰਿਸ਼ਦ ਆਗੂ ਪ੍ਰਵੀਨ ਤੋਗੜੀਆ ਅਤੇ ਭਾਜਪਾ ਆਗੂ ਅਸ਼ਵਨੀ ਉਪਾਧਿਆਏ ਤੇ ਨਿਤੇਸ਼ ਰਾਣਾ ਵਰਗੇ ਜਾਣੇ-ਪਛਾਣੇ ਚਿਹਰੇ ਮੋਹਰੀ ਰਹੇ।
ਦੂਜਾ ਵਰਤਾਰਾ: ਪਿਛਲੇ ਦਿਨੀਂ ਮਹਾਰਾਸ਼ਟਰ ਦੇ ਸੰਭਾਜੀ ਨਗਰ (ਔਰੰਗਾਬਾਦ) ਵਿਚ ਹਿੰਦੂ ਔਰਤ ਵੱਲੋਂ ਆਪਣਾ ਗੁਰਦਾ ਮੁਸਲਮਾਨ ਮਰਦ ਨੂੰ ਦੇਣ ਅਤੇ ਇਸੇ ਤਰ੍ਹਾਂ ਮੁਸਲਮਾਨ ਔਰਤ ਵੱਲੋਂ ਆਪਣਾ ਗੁਰਦਾ ਹਿੰਦੂ ਮਰਦ ਨੂੰ ਟ੍ਰਾਂਸਪਲਾਂਟ ਲਈ ਦੇਣ ਦੀ ਮਾਨਵਤਾਵਾਦੀ ਮਿਸਾਲ ਸਾਹਮਣੇ ਆਈ ਹੈ। ਦੋਨੋਂ ਔਰਤਾਂ ਦੇ ਗੁਰਦੇ ਪੀੜਤ ਮਰਦਾਂ ਦੇ ਕਾਮਯਾਬੀ ਨਾਲ ਟ੍ਰਾਂਸਪਲਾਂਟ ਕਰ ਦਿੱਤੇ ਗਏ। ਇਹ ਘਟਨਾ ਦਿਖਾਉਂਦੀ ਹੈ ਕਿ ਅਜਿਹੇ ਖ਼ਾਸ ਪਲਾਂ ਵਿਚ ਧਾਰਮਿਕ ਕੱਟੜਤਾ ਦੀ ਬਜਾਏ ਇਨਸਾਨੀਅਤ ਅਤੇ ਸਮਝਦਾਰੀ ਹੀ ਲੋਕਾਂ ਨੂੰ ਇੱਕ-ਦੂਜੇ ਦੀ ਮਦਦ ਕਰਨ ਅਤੇ ਜ਼ਿੰਦਗੀ ਬਚਾਉਣ ਲਈ ਪ੍ਰੇਰਦੀ ਹੈ।
ਹੋਇਆ ਇੰਝ ਕਿ ਇੱਕ ਹਿੰਦੂ ਅਤੇ ਇੱਕ ਮੁਸਲਮਾਨ ਵਿਅਕਤੀ, ਦੋਨਾਂ ਦੇ ਗੁਰਦੇ ਖ਼ਰਾਬ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਟ੍ਰਾਂਸਪਲਾਂਟ ਦੀ ਲੋੜ ਸੀ। ਉਨ੍ਹਾਂ ਦੀਆਂ ਪਤਨੀਆਂ ਆਪਣੇ ਜੀਵਨ-ਸਾਥੀਆਂ ਦੀ ਜਾਨ ਬਚਾਉਣ ਲਈ ਆਪਣਾ-ਆਪਣਾ ਗੁਰਦਾ ਦੇਣ ਲਈ ਤਿਆਰ ਸਨ, ਪਰ ਦੋਨਾਂ ਪਤੀ-ਪਤਨੀ ਜੋੜਿਆਂ ਦਾ ਬਲੱਡ ਗਰੁੱਪ ਆਪਸ ਵਿਚ ਮੇਲ ਨਹੀਂ ਸੀ ਖਾ ਰਿਹਾ। ਸਬੱਬ ਨਾਲ, ਮੁਸਲਮਾਨ ਔਰਤ ਦਾ ਬਲੱਡ ਗਰੁੱਪ ਹਿੰਦੂ ਮਰਦ ਨਾਲ ਅਤੇ ਹਿੰਦੂ ਔਰਤ ਦਾ ਬਲੱਡ ਗਰੁੱਪ ਮੁਸਲਮਾਨ ਮਰਦ ਨਾਲ ਮੇਲ ਖਾ ਗਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ, ਦੋਨਾਂ ਔਰਤਾਂ ਨੇ ਸਮਝਦਾਰੀ ਨਾਲ ਮਾਨਵਤਾਵਾਦੀ ਫ਼ੈਸਲਾ ਲਿਆ ਅਤੇ ਗੁਰਦਾ ਅਦਲਾ-ਬਦਲੀ ਲਈ ਸਹਿਮਤ ਹੋ ਗਈਆਂ, ਜਿਸ ਨਾਲ ਦੋਹਾਂ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਮਿਲ ਗਈ। ਅਜਿਹੇ ਸਮੇਂ ਵਿਚ ਜਦੋਂ ਨਫ਼ਰਤ ਦੀ ਸਿਆਸਤ ਅਤੇ ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣ ਵਾਲੇ ਫਿਰਕੂ ਅਨਸਰ ਸਮਾਜ ਨੂੰ ਆਪਸ ਵਿਚ ਵੰਡਣ ਲਈ ਸਿਰਤੋੜ ਯਤਨਸ਼ੀਲ ਹਨ ਤਾਂ ਇਹ ਘਟਨਾ ਉਮੀਦ, ਭਰੋਸੇ ਅਤੇ ਮਾਨਵੀ ਏਕਤਾ ਦੀ ਬੇਹੱਦ ਲੋੜੀਂਦੀ ਮਿਸਾਲ ਪੇਸ਼ ਕਰਦੀ ਹੈ। ਮਾਨਵਤਾਵਾਦੀ ਸਦਭਾਵਨਾ ਦੀ ਇਹ ਕਹਾਣੀ ਮਰਾਠੀ ਅਖ਼ਬਾਰ ਸਕਾਲ ਦੇ 14 ਜਨਵਰੀ ਅੰਕ ਵਿਚ ‘ਤੁਮਹੀਚ ਸਾਂਗਾ, ਯਾ ਕਿਡਨੀਚਾ ਧਰਮ ਕੋਣਤਾ? ਹਿੰਦੂਚੀ ਕਿਡਨੀ ਮੁਸਲਮਾਚਿਆ; ਤਰ ਮੁਸਲਿਮਾਚੀ ਕਿਡਨੀ ਹਿੰਦੂਚਿਆ ਸ਼ਰੀਰਾਤ; ‘ ਸਿਰਲੇਖ ਹੇਠ ਛਪੀ ਹੈ ਜਿਸਦਾ ਭਾਵ ਹੈ: ਇੱਕ ਹਿੰਦੂ ਔਰਤ ਦੀ ਕਿਡਨੀ ਇੱਕ ਮੁਸਲਮਾਨ ਆਦਮੀ ਦੇ ਸਰੀਰ ਵਿਚ ਅਤੇ ਇੱਕ ਮੁਸਲਮਾਨ ਔਰਤ ਦੀ ਕਿਡਨੀ ਇੱਕ ਹਿੰਦੂ ਆਦਮੀ ਦੇ ਸਰੀਰ ਵਿਚ ਟ੍ਰਾਂਸਪਲਾਂਟ ਕੀਤੀ ਗਈ। ਤੁਸੀਂ ਹੀ ਦੱਸੋ, ਇਹ ਕਿਡਨੀ ਕਿਸ ਧਰਮ ਦੀ ਹੈ?
ਛਤਰਪਤੀ ਸੰਭਾਜੀਨਗਰ: ਓਪਰੇਸ਼ਨ ਥੀਏਟਰ ਦੇ ਬੰਦ ਦਰਵਾਜ਼ੇ। ਬਾਹਰ ਰਿਸ਼ਤੇਦਾਰਾਂ ਦੀਆਂ ਬੇਚੈਨ ਧੜਕਣਾਂ। ਇੱਥੇ ਨਾ ਕੋਈ ਧਰਮ ਸੀ, ਨਾ ਕੋਈ ਜਾਤੀ—ਬਸ ਜਿਉਣ ਦੀ ਚਾਹ ਸੀ। ਆਪਣੇ ਪਿਆਰਿਆਂ ਲਈ ਪਿਆਰ ਤੋਂ ਪ੍ਰੇਰਿਤ ਹੋ ਕੇ, ਇੱਕ ਹਿੰਦੂ ਔਰਤ ਦਾ ਗੁਰਦਾ ਇੱਕ ਮੁਸਲਮਾਨ ਪੁਰਸ਼ ਨੂੰ ਅਤੇ ਇੱਕ ਮੁਸਲਮਾਨ ਔਰਤ ਦਾ ਗੁਰਦਾ ਇੱਕ ਹਿੰਦੂ ਪੁਰਸ਼ ਨੂੰ ਟ੍ਰਾਂਸਪਲਾਂਟ ਕੀਤਾ ਗਿਆ। ਇਹ ਸਰਜਰੀ ਕੇਅਰ ਸਿਗਮਾ ਹਸਪਤਾਲ ਵਿਚ ਕੀਤੀ ਗਈ।
ਸ਼ਹਿਰ ਵਿਚ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਖ਼ਤਮ ਹੋ ਚੁੱਕਾ ਸੀ। ਕੁਝ ਵਾਰਡਾਂ ਵਿਚ ਚੋਣ ਵਿਕਾਸ ਅਤੇ ਨਾਗਰਿਕ ਮੁੱਦਿਆਂ ਦੀ ਬਜਾਏ ਹਿੰਦੂ-ਮੁਸਲਮਾਨ ਪਾਲਾਬੰਦੀ ਵਿਚ ਬਦਲ ਗਈ ਸੀ। ਜਦੋਂ ਜਨਤਕ ਜੀਵਨ ਵਿਚ ਇਹ ਸਭ ਹੋ ਰਿਹਾ ਸੀ, ਉਸੇ ਸਮੇਂ ਨਿੱਜੀ ਪੱਧਰ ‘ਤੇ ਇੱਕ ਹਿੰਦੂ ਔਰਤ ਅਤੇ ਇੱਕ ਮੁਸਲਮਾਨ ਔਰਤ ਨੇ ਧਰਮ ਦੀਆਂ ਦੀਵਾਰਾਂ ਤੋੜਦੇ ਹੋਏ ਦੋ ਜ਼ਿੰਦਗੀਆਂ ਬਚਾਈਆਂ। ਇਹ ਸਰਜਰੀ ਕੇਅਰ ਸਿਗਮਾ ਹਸਪਤਾਲ ਵਿਚ ਕੀਤੀ ਗਈ। ਦੋ ਪੁਰਸ਼—ਇੱਕ ਹਿੰਦੂ ਅਤੇ ਇੱਕ ਮੁਸਲਮਾਨ—ਦੇ ਗੁਰਦੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਸਨ। ਇਲਾਜ ਚੱਲ ਰਿਹਾ ਸੀ, ਪਰ ਗੁਰਦਾ ਟ੍ਰਾਂਸਪਲਾਂਟ ਕਰਨ ਤੋਂ ਬਿਨਾਂ ਕੋਈ ਬਦਲ ਨਹੀਂ ਬਚਿਆ ਸੀ। ਆਪਣੇ ਜੀਵਨ-ਸਾਥੀ ਨੂੰ ਗੁਆਉਣ ਦਾ ਵਿਚਾਰ ਅਸਹਿ ਸੀ—ਜਿਨ੍ਹਾਂ ਨਾਲ ਉਨ੍ਹਾਂ ਨੇ ਜੀਵਨ ਦੇ ਹਰ ਸੁਖ-ਦੁੱਖ ਸਾਂਝੇ ਕੀਤੇ ਸਨ—ਇਸ ਲਈ ਦੋਹਾਂ ਪਤਨੀਆਂ ਨੇ ਆਪਣਾ ਗੁਰਦਾ ਦੇਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਸਮੱਸਿਆ ਇਹ ਸੀ ਕਿ ਦੋਹਾਂ ਮਾਮਲਿਆਂ ਵਿਚ ਬਲੱਡ ਗਰੁੱਪ ਮੇਲ ਨਹੀਂ ਖਾ ਰਿਹਾ ਸੀ, ਜਿਸ ਕਾਰਨ ਕੋਈ ਵੀ ਔਰਤ ਆਪਣੇ ਪਤੀ ਨੂੰ ਗੁਰਦਾ ਦੇ ਨਹੀਂ ਸਕਦੀ ਸੀ। ਇਸੇ ਦੌਰਾਨ ਇਹ ਸਾਹਮਣੇ ਆਇਆ ਕਿ ਮੁਸਲਮਾਨ ਔਰਤ ਦਾ ਬਲੱਡ ਗਰੁੱਪ ਹਿੰਦੂ ਮਰੀਜ ਨਾਲ ਅਤੇ ਹਿੰਦੂ ਔਰਤ ਦਾ ਬਲੱਡ ਗਰੁੱਪ ਮੁਸਲਮਾਨ ਮਰੀਜ ਨਾਲ ਮੇਲ ਖਾਂਦਾ ਹੈ—ਕਿਉਂਕਿ ਲਹੂ ਨਾ ਭਗਵਾ ਹੁੰਦਾ ਹੈ, ਨਾ ਹਰਾ; ਉਹ ਸਿਰਫ਼ ਲਹੂ ਹੁੰਦਾ ਹੈ। ਹਸਪਤਾਲ ਦੇ ਸੀਨੀਅਰ ਨੇਫਰੋਲੋਜਿਸਟ ਡਾ. ਪ੍ਰਦੀਪ ਸਰੂਕ ਅਤੇ ਡਾ. ਸ਼੍ਰੀਕਾਂਤ ਦੇਸ਼ਮੁਖ ਨੇ ਦੋਹਾਂ ਪਰਿਵਾਰਾਂ ਨੂੰ ਉਚਿਤ ਸਲਾਹ ਦਿੱਤੀ। ਇਸ ਤੋਂ ਬਾਅਦ ਦੋਹਾਂ ਔਰਤਾਂ ਨੇ ਇੱਕ-ਦੂਜੇ ਦੇ ਪਤੀ ਨੂੰ ਗੁਰਦਾ ਦੇਣ ਦਾ ਇਤਿਹਾਸਕ ਫ਼ੈਸਲਾ ਲਿਆ। ਸਿੱਟੇ ਵਜੋਂ, ਨਾ ਸਿਰਫ਼ ਦੋ ਜ਼ਿੰਦਗੀਆਂ ਬਚੀਆਂ, ਸਗੋਂ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਇੱਕ ਨਵਾਂ ਰਿਸ਼ਤਾ ਵੀ ਬਣਿਆ। ਇਸ ਪੂਰੀ ਪ੍ਰਕਿਰਿਆ ਦੌਰਾਨ ਐਨੇਸਥੈਟਿਸਟ ਡਾ. ਪ੍ਰਮੋਦ ਆਪਸਿੰਗੇਕਰ ਅਤੇ ਉਨ੍ਹਾਂ ਦੇ ਸਹਿਯੋਗੀਆਂ, ਟ੍ਰਾਂਸਪਲਾਂਟ ਕੋਆਰਡੀਨੇਟਰ ਵਿਸ਼ਾਲ ਨਰਵਾੜੇ, ਓਟੀ ਟੈਕਨੀਸ਼ੀਅਨ ਅਤੇ ਹੋਰ ਸਟਾਫ ਮੈਂਬਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਲਈ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਉਨਮੇਸ਼ ਟਕਲਕਰ, ਡਾਇਰੈਕਟਰ ਡਾ. ਮਨੀਸ਼ਾ ਟਕਲਕਰ ਅਤੇ ਚੀਫ ਓਪਰੇਟਿੰਗ ਅਫਸਰ ਸਮੀਰ ਪਵਾਰ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ।
ਇਹ ਸਪਸ਼ਟ ਹੈ ਕਿ ਅਜੇ ਵੀ ਧਾਰਮਿਕ ਫਿਰਕਿਆਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦਾ ਮਜ਼ਬੂਤ ਆਧਾਰ ਹੈ ਅਤੇ ਧਰਮਨਿਰਪੱਖ ਤਾਕਤਾਂ ਵੱਲੋਂ ਨਫ਼ਰਤ ਦੀ ਸਿਆਸਤ ਵਿਰੁੱਧ ਪ੍ਰਭਾਵਸ਼ਾਲੀ ਚੇਤਨਾ ਲਹਿਰਾਂ ਜਥੇਬੰਦ ਕਰਕੇ ਫਿਰਕੂ ਪਾਲ਼ਾਬੰਦੀ ਦੀ ਸਾਜ਼ਿਸ਼ ਨੂੰ ਹਰਾਇਆ ਜਾ ਸਕਦਾ ਹੈ।
