ਕ੍ਰਿਸ਼ਨ ਚੰਦਰ, ਅੱਬਾਸ, ਮੰਟੋ, ਬੇਦੀ ਤੇ ਚੁਗਤਾਈ

ਗੁਲਜ਼ਾਰ ਸਿੰਘ ਸੰਧੂ
ਇਸ ਮਹੀਨੇ ਦੀ ‘ਏਕਮ’ ਤੇ ‘ਪ੍ਰੀਤ ਲੜੀ’ ਵਿਚ ਸਆਦਤ ਹਸਨ ਮੰਟੋ, ਤੇ ਇਸਮਤ ਚੁਗਤਾਈ ਦੀ ਚਰਚਾ ਪੜ੍ਹ ਕੇ ਉਰਦੂ ਅਫਸਾਨਾ ਨਿਗਾਰੀ ਦਾ ਉਹ ਯੁਗ ਚੇਤੇ ਆ ਗਿਆ ਹੈ ਜਿਸ ਵਿਚ ਅੱਬਾਸ, ਕ੍ਰਿਸ਼ਨ ਚੰਦਰ ਤੇ ਰਾਜਿੰਦਰ ਸਿੰਘ ਬੇਦੀ ਦਾ ਵੀ ਬੋਲ-ਬਾਲਾ ਸੀ| ਪਿਛਲੀ ਸ਼ਤਾਬਦੀ ਦੇ ਤੀਹਵਿਆਂ ਦਾ ਇਹ ਦੌਰ ਅਗਾਂਹਵਧੂ ਸਾਹਿਤਕਾਰੀ ਨੂੰ ਪਰਨਾਇਆ ਹੋਇਆ ਸੀ| ਗੱਲ ਕਹਿਣ ਦਾ ਅੰਦਾਜ਼ ਤੇ ਪੇਸ਼ਕਾਰੀ ਹਰ ਇੱਕ ਦੀ ਆਪੋ ਆਪਣੀ ਸੀ| ਇਨ੍ਹਾਂ ਵਿਚੋਂ ਸਭ ਤੋਂ ਛੋਟੀ ਉਮਰ (11 ਮਈ 1912 ਤੋਂ 18 ਜਨਵਰੀ 1955) ਭੋਗਣ ਵਾਲੇ ਮੰਟੋ ਦਾ ਜਨਮ ਜ਼ਿਲ੍ਹਾ ਲੁਦਿਹਾਣਾ ਦੀ ਸਮਰਾਲਾ ਤਹਿਸੀਲ ਵਿਚ ਪੈਂਦੇ ਪਿੰਡ ਪਪੜੌਦੀ ਦਾ ਸੀ| ਇਹ ਪਿੰਡ ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਕੇਵਲ 40 ਮੀਲ ਦੀ ਦੂਰੀ ’ਤੇ ਹੈ|

ਪਿੰਡ ਏਨਾ ਛੋਟਾ ਹੈ ਕਿ ਕੱਲ੍ਹ ਤੱਕ ਇਸਦਾ ਡਾਕਘਰ ਵੀ ਆਪਣਾ ਨਹੀਂ। ਇਸਨੂੰ ਚਾਵਾ ਪਾਇਲ ਦਾ ਰੇਲਵੇ ਸਟੇਸ਼ਨ ਲਗਦਾ ਹੈ ਜਿਹੜਾ ਅੱਠ ਕਿਲੋਮੀਟਰ ਦੀ ਦੂਰੀ ਉੱਤੇ ਹੈ| ਛੋਟੀ ਉਮਰੇ ਵੱਡੀ ਛਾਲ ਮਾਰਨ ਵਾਲਾ ਮੰਟੋ ਹੈਦਰਾਬਾਦ ਤੇ ਮੁੰਬਈ ਤੱਕ ਜਾਣਿਆ ਜਾਂਦਾ ਸੀ| ਇਸ ਯੁਗ ਦੇ ਉਰਦੂ ਰਚਨਾਕਾਰਾਂ ਦੀ ਉੱਤਮਤਾਈ ਦਾ ਵੇਰਵਾ ਇੱਕ ਨਿਕਚੂ ਜਿਹੇ ਕਾਲਮ ਵਿਚ ਦੇਣਾ ਸੰਭਵ ਨਹੀਂ| ਆਪਾਂ ਕੇਵਲ ਦੋ ਦੀ ਗੱਲ ਕਰਦੇ ਹਾਂ| ਮੰਟੋ ਦੀ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਸਦਕਾ ਤੇ ਇਸਮਤ ਚੁਗਤਾਈ ਦੀ ਮਹਿਲਾ ਹੋਣ ਕਾਰਨ ਜਿਹੜੀ ਮੰਟੋ ਜਿੰਨੀ ਹੀ ਮਕਬੂਲ ਹੋਈ ਤੇ ਉਹਦੇ ਵਾਂਗ ਹੀ ਤਲਖ, ਤੁਰਸ਼ ਤੇ ਸ਼ੀਰੀਂ ਪੇਸ਼ਕਾਰੀ ਲਈ ਜਾਣੀ ਜਾਂਦੀ ਸੀ|
ਮੈਂ ਇਨ੍ਹਾਂ ਪੰਜਾਂ ਵਿਚੋਂ ਕੇਵਲ ਰਾਜਿੰਦਰ ਸਿੰਘ ਬੇਦੀ ਨੂੰ ਮਿਲਿਆ ਸਾਂ| ਉਹ ਮੇਰੇ ਨਾਲੋਂ ਵੀਹ ਸਾਲ ਵੱਡਾ ਹੋਣ ਦੇ ਬਾਵਜੂਦ ਹਾਣੀਆਂ ਵਾਂਗ ਮਿਲਦਾ ਤੇ ਚਿੱਠੀ ਪੱਤਰ ਕਰਦਾ ਸੀ| ਇਹ ਸਤਰਾਂ ਲਿਖਣ ਸਮੇਂ ਮੈਨੂੰ ਉਸਦੀ ਉਹ ਚਿੱਠੀ ਲੱਭ ਗਈ ਹੈ ਜਿਹੜੀ ਉਸਨੇ 30 ਅਪ੍ਰੈਲ 1961 ਨੂੰ ਲਾਜਵੰਤੀ ਕਹਾਣੀ ਦੇ ਅੰਗਰੇਜ਼ੀ ਅਨੁਵਾਦ ਦੀ ਪ੍ਰਵਾਨਗੀ ਦਿੰਦਿਆਂ ਮੈਨੂੰ ਲਿਖੀ ਸੀ| ਬੇਦੀ ਵੀ ਉਸ ਯੁਗ ਦਾ ਅਨੋਖਾ ਥੰਮ੍ਹ ਸੀ| ਸਆਦਤ ਹਸਨ ਮੰਟੋ ਤੇ ਇਸਮਤ ਚੁਗਤਾਈ ਵਾਂਗ ਚੁਸਤ, ਚਤਰ ਤੇ ਨਿਸ਼ੰਗ|
ਸਮੇਂ ਤੇ ਸਥਾਨ ਦੀ ਸੀਮਾ ਨੂੰ ਮੁਖ ਰਖਦਿਆਂ ਮੈਂ ਹਥਲੇ ਲੇਖ ਵਿਚ ਆਪਣੇ ਵਲੋਂ ਹੋਰ ਕੁਝ ਲਿਖੇ ਬਿਨਾਂ ਹੋਰਨਾਂ ਦਾ ਲਿਖਿਆ ਹੀ ਦੇ ਰਿਹਾ ਹਾਂ| ਮੰਟੋ ਦੇ ਦੇਹਾਂਤ ਸਮੇਂ ਲਿਖੀ ਕ੍ਰਿਸ਼ਨ ਚੰਦਰ ਦੀ ਸ਼ਰਧਾਂਜਲੀ ਤੇ ਇਸਮਤ ਚੁਗਤਾਈ ਤੇ ਮੰਟੋ ਦੀ ਆਪਸੀ ਨੋਕ-ਝੋਕ| ਮੰਟੋ ਵੱਲੋਂ ਲਿਖੀ ਨੋਕ-ਝੋਕ ਦਾ ਸਿਰਲੇਖ ਹੈ ‘ਇਸਮਤ ਚੁਗਤਾਈ ਤੇ ਮੈਂ’| ਏਥੇ ਦਿੱਤਾ ਪੰਜਾਬੀ ਅਨੁਵਾਦ ਸੁਰਿੰਦਰ ਰਾਮਪੁਰੀ ਦਾ ਹੈ| ਇਹ ਪਿੰਡ ਵੀ ਮੰਟੋ ਦੀ ਪਪੌੜਦੀ ਤੋਂ ਕੇਵਲ ਦਸ ਕਿਲੋਮੀਟਰ ਹੈ|
ਮੇਰੇ ਵਰਗੇ ਉਰਦੂ ਪੜ੍ਹੇ ਲੋਕਾਂ ਨੂੰ ਤਾਂ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਜਦੋਂ 2012 ਵਿਚ ਮੰਟੋ ਦੀ ਜਨਮ ਸ਼ਤਾਬਦੀ ਮਨਾਈ, ਪਪੜੌਦੀ ਦੇ ਵਸਨੀਕਾਂ ਨੇ ਮੰਟੋ ਦੇ ਜਨਮ ਸਥਾਨ ਉੱਤੇ ਜਿਹੜੀ ਤਖਤੀ ਲਾਈ ਸੀ ਉਸ ਉੱਤੇ ਉਸਦਾ ਨਾਂ ਹਸਨ ਲਾਲ ਮੰਟੋ ਲਿਖਿਆ ਸੀ| ਉਹ ਕੀ ਜਾਨਣ ਕਿ 1947 ਦੀ ਦੇਸ਼ ਵੰਡ ਦੇ ਸਿਆਸਤਦਾਨਾਂ ਨੇ ਉਰਦੂ ਵਰਗੀ ਮਿੱਠੀ ਜ਼ਬਾਨ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ| ਪੇਸ਼ ਹਨ ਮੰਟੋ ਵਾਲੇ ਲੇਖ ਦੇ ਕੁਝ ਭਾਗ:
ਉਹਨੀਂ ਦਿਨੀ ਜਦੋਂ ਮੈਂ ਬੰਬਈ ਵਿਚ ਸੀ, ਹੈਦਰਾਬਾਦ ਦੇ ਇਕ ਸਾਹਿਤ ਦਾ ਪੱਤਰ ਮਿਲਿਆ| ਉਸਨੇ ਲਿਖਿਆ ਸੀ—
‘ਇਹ ਕੀ ਗੱਲ ਬਣੀ ਕਿ ਇਸਮਤ ਚੁਗਤਾਈ ਨੇ ਤੁਹਾਡੇ ਨਾਲ ਸ਼ਾਦੀ ਨਹੀਂ ਕੀਤੀ| ਮੰਟੋ ਅਤੇ ਇਸਮਤ, ਜੇ ਇਹ ਦੋ ਹਸਤੀਆਂ ਮਿਲ ਜਾਂਦੀਆਂ ਤਾਂ ਕਿੰਨਾ ਚੰਗਾ ਹੁੰਦਾ| ਅਫ਼ਸੋਸ ਹੈ ਕਿ ਇਸਮਤ ਨੇ ਸਾਹਿਤ ਨਾਲ ਸ਼ਾਦੀ ਕਰ ਲਈ ਅਤੇ ਮੰਟੋ…|
ਉਹਨੀਂ ਦਿਨੀ ਹੀ ਹੈਦਰਾਬਾਦ ਵਿਚ ਪ੍ਰਗਤੀਸ਼ੀਲ ਲੇਖਕਾਂ ਦਾ ਸੰਮੇਲਨ ਹੋਇਆ| ਮੈਂ ਤਾਂ ਉਸ ਸੰਮੇਲਨ ਵਿਚ ਗਿਆ ਨਹੀਂ ਸੀ, ਪਰ ਕੁੜੀਆਂ ਦੀ ਇਕ ਟੋਲੀ ਨੇ ਇਸਮਤ ਨੂੰ ਘੇਰ ਕੇ ਪੁੱਛਿਆ, ‘ਤੁਸੀਂ ਮੰਟੋ ਨਾਲ ਸ਼ਾਦੀ ਕਿਉਂ ਨਹੀਂ ਕੀਤੀ?’
ਅਸਲੀਅਤ ਕੁਝ ਵੀ ਹੋਵੇ, ਪਰ ਇਹ ਗੱਲ ਅਸਾਧਾਰਣ ਤੌਰ `ਤੇ ਦਿਲਚਸਪ ਹੈ ਕਿ ਸਾਰੇ ਹਿੰਦੋਸਤਾਨ ਵਿਚ ਹੈਦਰਾਬਾਦ ਹੀ ਇਕੋ-ਇਕ ਜਗ੍ਹਾ ਹੈ, ਜਿੱਥੋਂ ਦੇ ਇਸਤਰੀ-ਪੁਰਸ਼ ਮੇਰੀ ਅਤੇ ਇਸਮਤ ਦੀ ਸ਼ਾਦੀ ਬਾਰੇ ਚਿੰਤਤ ਰਹੇ ਨੇ|
ਉਸ ਸਮੇਂ ਤਾਂ ਮੈਂ ਧਿਆਨ ਨਹੀਂ ਦਿੱਤਾ, ਪਰ ਹੁਣ ਸੋਚਦਾਂ, ਜੇ ਮੈਂ ਅਤੇ ਇਸਮਤ ਮੀਆਂ-ਬੀਵੀ ਬਣ ਜਾਂਦੇ ਤਾਂ ਕੀ ਹੁੰਦਾ| ਇਹ ‘ਜੇ’ ਵੀ ਕੁਝ ਇਸ ਪ੍ਰਕਾਰ ਦੀ ‘ਜੇ’ ਹੈ, ਜੇ ਕਿਹਾ ਜਾਏ ਕਿ ਕਲੇਪੇਤਰਾ ਦੀ ਨੱਕ ਜੇ ਇਕ ਇੰਚ ਦਾ ਅਠਾਰਵਾਂ ਹਿੱਸਾ ਬੜੀ ਹੁੰਦੀ ਤਾਂ ਇਸਦਾ ਨੀਲ ਰਾਜ ਦੇ ਇਤਿਹਾਸ `ਤੇ ਕੀ ਪ੍ਰਭਾਵ ਪੈਂਦਾ? ਪਰ ਇਸਮਤ ਨਾ ਤਾਂ ਕਲੋਪੇਤਰਾ ਹੈ ਨਾ ਮੰਟੋ ਅੰਨਤਨੀ| ਇੰਨਾ ਜ਼ਰੂਰ ਹੈ ਕਿ ਜੇ ਮੰਟੋ ਅਤੇ ਇਸਮਤ ਦੀ ਸ਼ਾਦੀ ਹੋ ਜਾਂਦੀ ਤਾਂ ਉਰਦੂ ਕਹਾਣੀ ਸਾਹਿਤ ਦੇ ਇਤਿਹਾਸ `ਤੇ ਇਹਦਾ ਐਟਮੀ ਪ੍ਰਭਾਵ ਪੈਂਦਾ| ਕਹਾਣੀ ਮੁੜ-ਤੁੜ ਕੇ ਬੁਝਾਰਤਾਂ ਬਣ ਜਾਂਦੀਆਂ| ਸਾਹਿਤ ਦੀਆਂ ਛਾਤੀਆਂ ’ਚੋਂ ਸਾਰਾ ਦੁੱਧ ਖੁਸ਼ਕ ਹੋ ਕੇ ਅਜੀਬ ਜਿਹੀ ਭਸਮ ਬਣ ਜਾਂਦਾ| ਜਲ ਕੇ ਸੁਆਹ ਹੋ ਜਾਂਦਾ| ਇਹ ਵੀ ਸੰਭਵ ਹੈ ਕਿ ਨਿਕਾਹਨਾਮੇ `ਤੇ ਉਨ੍ਹਾਂ ਦੇ ਦਸਖਤ, ਉਨ੍ਹਾਂ ਦੀ ਆਖਰੀ ਲਿਖਤ ਹੁੰਦੀ| ਪਰ ਛਾਤੀ `ਤੇ ਹੱਥ ਰਖ ਕੇ ਇਹ ਵੀ ਕੌਣ ਕਹਿ ਸਕਦਾ ਹੈ ਕਿ ਨਿਕਾਹਨਾਮਾ ਹੋ ਵੀ ਜਾਂਦਾ| ਬਹੁਤੀ ਸੰਭਾਵਨਾ ਤਾਂ ਇਹ ਹੀ ਹੈ ਕਿ ਦੋਨੋਂ ਨਿਕਾਹਨਾਮੇ `ਤੇ ਅੱਡ-ਅੱਡ ਕਹਾਣੀਆਂ ਲਿਖਦੇ|
ਐਡਲਫੀ ਚੈਂਬਰ, ਕਲੇਮਰੇ ਰੋਡ, ਬੰਬਈ ਦੇ 16 ਨੰਬਰ ਫਲੈਟ ਵਿਚ, ਜਿੱਥੇ ਮੈਂ ਰਹਿੰਦਾ ਸੀ, ਸ਼ਾਹਿਦ ਲਤੀਫ ਆਪਣੀ ਪਤਨੀ ਨਾਲ ਦਾਖ਼ਲ ਹੋਇਆ| ਇਹ ਅਗਸਤ 1942 ਦੀ ਗੱਲ ਹੈ| ਇਕ ਮਹੀਨਾ ਪਹਿਲਾਂ ‘ਅਦਬੋ-ਲਤੀਫ’ ਰਸਾਲੇ ਵਿਚ ਇਸਮਤ ਦੀ ਕਹਾਣੀ ‘ਲਿਹਾਫ’ ਛਪੀ ਸੀ| ਮੈਨੂੰ ਯਾਦ ਹੈ, ਕਹਾਣੀ ਪੜ੍ਹ ਕੇ ਮੈਂ ਕ੍ਰਿਸ਼ਨ ਚੰਦਰ ਨੂੰ ਕਿਹਾ ਸੀ, ‘ਕਹਾਣੀ ਬਹੁਤ ਹੀ ਵਧੀਆ ਹੈ, ਪਰ ਆਖ਼ਰੀ ਵਾਕ ਕਲਾ-ਹੀਣ ਹੈ| ਅਹਿਮਦ ਨਦੀਮ ਦੀ ਥਾਂ ਜੇ ਮੈਂ ਸੰਪਾਦਕ ਹੁੰਦਾ ਤਾਂ ਕੱਟ ਦੇਣਾ ਸੀ|’
ਇਸੇ ਲਈ ਜਦੋਂ ਕਹਾਣੀਆਂ ਬਾਰੇ ਗੱਲਾਂ ਹੋਣ ਲੱਗੀਆਂ ਤਾਂ ਮੈਂ ਇਸਮਤ ਨੂੰ ਕਿਹਾ, ‘ਤੁਹਾਡੀ ਕਹਾਣੀ ‘ਲਿਹਾਫ’ ਮੈਨੂੰ ਬਹੁਤ ਪਸੰਦ ਆਈ| ਕਹਾਣੀ ਬਿਆਨ ਕਰਦਿਆਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਤੁਹਾਡਾ ਵਿਸ਼ੇਸ਼ ਗੁਣ ਹੈ| ਪਰ ਮੈਨੂੰ ਹੈਰਾਨੀ ਹੈ ਕਿ ਇਸ ਕਹਾਣੀ ਦੇ ਅੰਤ ਵਿਚ ਤੁਸੀਂ ਫ਼ਜ਼ੂਲ ਜਿਹਾ ਫ਼ਿਕਰਾ ਕਿਉਂ ਲਿਖ ਦਿੱਤਾ?’
ਇਸਮਤ ਬੋਲੀ, ‘ਕੀ ਦੋਸ਼ ਹੈ ਉਹ ਵਾਕ ਵਿਚ|’
ਮੈਂ ਜਵਾਬ ਵਿਚ ਕੁਝ ਕਹਿਣ ਹੀ ਲੱਗਿਆ ਸੀ ਕਿ ਮੈਨੂੰ ਇਸਮਤ ਦੇ ਚਿਹਰੇ ’ਤੇ ਸਿਮਟੀ ਉਹੀ ਲੱਜਾ ਨਜ਼ਰ ਆਈ, ਜੋ ਆਮ ਸਾਧਾਰਨ ਘਰੇਲੂ ਕੁੜੀਆਂ ਦੇ ਚਿਹਰੇ ’ਤੇ ਕਿਸੇ ਵਰਜਿਤ ਚੀਜ਼ ਦਾ ਨਾਂਅ ਸੁਣ ਕੇ ਆ ਜਾਂਦੀ ਹੈ| ਜਦੋਂ ਇਸਮਤ ਚਲੀ ਗਈ, ਤਾਂ ਮੇਰੇ ਦਿਲ ਨੇ ਕਿਹਾ, ‘ਇਹ ਕਮਬਖ਼ਤ ਤਾਂ ਬਿਲਕੁਲ ਹੀ ਔਰਤ ਨਿਕਲੀ|’
ਮੈਨੂੰ ਯਾਦ ਹੈ, ਇਸ ਮੁਲਾਕਾਤ ਦੇ ਅਗਲੇ ਦਿਨ ਹੀ ਮੈਂ ਆਪਣੀ ਪਤਨੀ ਨੂੰ ਦਿੱਲੀ ਖਤ ਲਿਖਿਆ, ‘ਇਸਮਤ ਨੂੰ ਮਿਲਿਆ ਸੀ| ਤੂੰ ਇਹ ਸੁਣ ਕੇ ਹੈਰਾਨ ਹੋਵੇਂਗੀ ਕਿ ਉਹ ਬਿਲਕੁਲ ਹੀ ਤੇਰੇ ਵਰਗੀ ਔਰਤ ਹੈ| ਮੇਰਾ ਤਾਂ ਮਜ਼ਾ ਹੀ ਕਿਰਕਿਰਾ ਹੋ ਗਿਆ| ਪਰ ਤੈਨੂੰ ਉਹ ਪਸੰਦ ਆਵੇਗੀ| ਮੈਂ ਜਦੋਂ ਉਹਦੇ ਨਾਲ ‘ਲਿਹਾਫ’ ਦੇ ਅੰਤਿਮ ਵਾਕ ਦੀ ਚਰਚਾ ਕੀਤੀ ਤਾਂ ਨਲਾਇਕ ਉਹਦੀ ਕਲਪਨਾ ਕਰਕੇ ਹੀ ਝੇਪ ਲਈ|’
ਕਾਫੀ ਸਮੇਂ ਪਿੱਛੋਂ ਜਦੋਂ ਮੈਂ ਆਪਣੀ ਇਸ ਪਹਿਲੀ ਪ੍ਰਤੀਕਿਰਿਆ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਤਾਂ ਮੈਨੂੰ ਇਸ ਗੱਲ ਦਾ ਤੀਬਰਤਾ ਨਾਲ ਅਹਿਸਾਸ ਹੋਇਆ ਕਿ ਆਪਣੀ ਕਲਾ ਦੇ ਬਚਾ ਲਈ ਮਨੁੱਖ ਨੂੰ ਆਪਣੀ ਹੀ ਸੀਮਾ ਵਿਚ ਰਹਿਣਾ ਚਾਹੀਦਾ ਹੈ|
ਫਿਰ ਇਕ ਦਿਨ ਮੇਰੀ ਪਤਨੀ ਨੇ ‘ਲਿਹਾਫ’ ਬਾਰੇ ਇਸਮਤ ਨੂੰ ਕਿਹਾ, ‘ਤੂੰ ਇਹ ਕੀ ਬਕਵਾਸ ਕਹਾਣੀ ਲਿਖੀ ਹੈ|’ ਇਸਮਤ ਝੱਟ ਬੋਲ ਪਈ, ‘ਬਕੋ ਨਾ| ਬਰਫ ਲਿਆਓ, ਕਿੱਥੇ ਹੈ?’
ਇਸਮਤ ਨੂੰ ਬਰਫ ਖਾਣ ਦਾ ਬਹੁਤ ਸ਼ੌਕ ਹੈ| ਬੱਚਿਆਂ ਵਾਂਗ ਡਲੀ ਹੱਥ ’ਚ ਫੜ ਦੰਦੀਆਂ ਵੱਢਦੀ ਰਹੇਗੀ| ਉਹਨੇ ਆਪਣੀਆਂ ਕਈ ਕਹਾਣੀਆਂ ਬਰਫ ਖਾ-ਖਾ ਕੇ ਹੀ ਲਿਖੀਆਂ ਨੇ| ਕਹਾਣੀਆਂ ਦੇ ਭਾਵ ਮੰਜੇ `ਤੇ ਪੁੱਠੀ ਪਈ ਹੈ| ਸਾਹਮਣੇ ਸਿਰਾਣੇ ’ਤੇ ਕਾਪੀ ਖੁੱਲ੍ਹੀ ਹੋਈ ਹੈ| ਇਕ ਹੱਥ ਵਿਚ ਫਾਊਟੇਂਨ ਪੈਨ ਹੈ, ਦੂਸਰੇ ਵਿਚ ਬਰਫ ਦੀ ਡਲੀ| ਰੇਡੀਓ ਉੱਚੀ ਸੁਰ ਵਿਚ ਚੱਲ ਰਿਹੈ, ਪਰ ਉਹਦੀ ਕਲਮ ਅਤੇ ਮੂੰਹ ਦੋਵੇਂ ਖਟਾਖਟ ਚਲ ਰਹੇ ਨੇ|
ਇਸਮਤ ਦਾ ਰੰਗ-ਰੂਪ ਸੁੰਦਰ ਨਹੀਂ, ਯਾਦ ਰੱਖਣ ਯੋਗ ਜ਼ਰੂਰ ਹੈ| ਉਸ ਨਾਲ ਪਹਿਲੀ ਮੁਲਾਕਾਤ ਦਾ ਚਿੱਤਰ ਅਜੇ ਵੀ ਮੇਰੇ ਦਿਲ ਵਿਚ ਉੱਕਰਿਆ ਪਿਆ ਹੈ| ਬਹੁਤ ਹੀ ਸਾਦਾ ਪਹਿਰਾਵਾ| ਛੋਟੀ ਕੰਨੀ ਦੀ ਸਫੈਦ ਧੋਤੀ| ਸਫੈਦ ਜ਼ਮੀਨ ਦਾ, ਖੜੀਆਂ ਲਕੀਰਾਂ ਵਾਲਾ ਚੁਸਤ ਬਲਾਊਜ਼? ਹੱਥ ਵਿਚ ਛੋਟਾ ਜਿਹਾ ਪਰਸ| ਪੈਰਾਂ ਵਿਚ ਛੋਟੀ ਅੱਡੀ ਦੇ ਬਰਾਊਨ ਚੱਪਲ| ਛੋਟੀਆਂ-ਛੋਟੀਆਂ ਪਰ ਤੇਜ਼ ਜਗਿਆਸੂ ਅੱਖਾਂ ਤੇ ਮੋਟੇ-ਮੋਟੇ ਸ਼ੀਸ਼ਿਆਂ ਵਾਲੀ ਐਨਕ| ਛੋਟੇ ਪਰ ਘੁੰਗਰਾਲੇ ਵਾਲ| ਟੇਢੀ ਚੀਰਮੀ| ਰਤਾ ਕੁ ਮੁਸਕਰਾਉਣ ਨਾਲ ਗੱਲ੍ਹਾਂ ਵਿਚ ਟੋਏ ਪੈ ਜਾਂਦੇ|
ਮੈਂ ਇਸਮਤ ’ਤੇ ਆਸ਼ਕ ਨਹੀਂ ਹਾਂ, ਪਰ ਮੇਰੀ ਪਤਨੀ (ਸਫੀਆ) ਉਹਦੀ ਮੁਹੱਬਤ ਵਿਚ ਗ੍ਰਿਫ਼ਤਾਰ ਹੋ ਗਈ| ਇਸਮਤ ਨਾਲ ਸਫੀਆ ਜੇ ਇਸ ਗੱਲ ਦੀ ਚਰਚਾ ਕਰੇ ਤਾਂ ਉਹ ਅਵੱਸ਼ ਹੀ ਇਸ ਤਰ੍ਹਾਂ ਕਹੇਗੀ, ‘ਬੜੀ ਆਈ ਹੈ ਮੇਰੀ ਮੁਹੱਬਤ ’ਚ, ਗ੍ਰਿਫ਼ਤਾਰ ਹੋਣ ਵਾਲੀ| ਤੇਰੀ ਉਮਰ ਦੀਆਂ ਲੜਕੀਆਂ ਦੇ ਪਿਤਾ ਗ੍ਰਿਫ਼ਤਾਰ ਹੁੰਦੇ ਨੇ ਮੇਰੀ ਮੁਹੱਬਤ ਵਿਚ|’
ਆਪਸੀ ਟਕਰਾਅ ਦੇ ਭੈਅ ਵਿਚ ਅਸੀਂ ਬਹੁਤ ਘੱਟ ਗੱਲਾਂ ਕਰਦੇ ਸੀ| ਮੇਰੀ ਕਹਾਣੀ ਛਪਦੀ ਤਾਂ ਪੜ੍ਹ ਕੇ ਦਾਦ ਦੇ ਦਿੰਦੀ ਸੀ| ‘ਨੀਲਮ’ ਦੇ ਛਪਣ ’ਤੇ ਉਸ ਨੇ ਵਿਸ਼ੇਸ਼ ਤੌਰ ’ਤੇ ਮੇਰੀ ਪ੍ਰਸ਼ੰਸਾ ਕਰਦਿਆਂ ਕਿਹਾ, ‘ਸੱਚ ਮੁੱਚ ਹੀ ਇਹ ਭੈਣ ਬਣਾਉਣਾ ਕੀ ਹੈ| ਤੁਸੀਂ ਬਿਲਕੁਲ ਸਹੀ ਕਿਹਾ ਹੈ| ਕਿਸੇ ਔਰਤ ਨੂੰ ਭੈਣ ਕਹਿਣਾ ਉਹਦਾ ਅਪਮਾਨ ਹੈ|’
ਮੈਂ ਸੋਚਦਾ ਹੀ ਰਹਿ ਗਿਆ, ਉਹ ਮੈਨੂੰ ਮੰਟੋ ਭਾਈ ਕਹਿੰਦੀ ਹੈ| ਮੈਂ ਉਹਨੂੰ ਇਸਮਤ ਭੈਣ ਕਹਿੰਦਾ ਹਾਂ| ਦੋਵਾਂ ਨੂੰ ਖ਼ੁਦਾ ਸਮਝੇ|
ਖੁLਦਾ ਸਮਝੇ ਨਾ ਸਮਝੇ| ਮੰਟੋ ਦਾ ਸਮਕਾਲੀ ਕ੍ਰਿਸ਼ਨ ਚੰਦਰ ਸਮਝਦਾ ਸੀ ਜਿਸਨੇ ਉਸਦੇ ਦੇਹਾਂਤ ਉਤੇ ਹੇਠ ਲਿਖੀ ਸ਼ਰਧਾਂਜਲੀ ਪੇਸ਼ ਕੀਤੀ:
ਇਕ ਅਨੋਖੀ ਘਟਨਾ ਵਾਪਰੀ ਹੈ—ਮੰਟੋ ਮਰ ਗਿਆ ਹੈ| ਉਂਝ ਤਾ ਉਹ ਇਕ ਅਰਸੇ ਦਾ ਮਰ ਰਿਹਾ ਸੀ| ਕਦੇ ਸੁਣਿਆ, ਉਹ ਪਾਗਲਪਨ ਵਿਚ ਹੈ| ਕਦੇ ਸੁਣਿਆ, ਉਹ ਵਧੇਰੇ ਸ਼ਰਾਬ ਪੀ ਜਾਣ ਕਾਰਨ ਹਸਪਤਾਲ ਵਿਚ ਪਿਆ ਹੈ, ਕਦੇ ਸੁਣਿਆ, ਉਸਦੇ ਯਾਰ-ਮਿੱਤਰ ਵੀ ਉਸਦਾ ਸਾਥ ਛੱਡ ਗਏ ਹਨ, ਕਦੇ ਸੁਣਿਆ, ਉਹ ਤੇ ਉਸਦੇ ਬੀਵੀ-ਬੱਚੇ ਭੁੱਖਾਂ ਕੱਟ ਰਹੇ ਹਨ| ਬਹੁਤ ਸਾਰੀਆਂ ਗੱਲਾਂ ਸੁਣੀਆਂ, ਹਮੇਸ਼ਾ ਮਾੜੀਆਂ ਗੱਲਾਂ ਸੁਣੀਆਂ, ਹਮੇਸ਼ਾ ਬੁਰੀਆਂ ਲੱਗੀਆਂ… ਪਰ ਵਿਸ਼ਵਾਸ ਨਹੀਂ ਆਇਆ; ਕਿਉਂਕਿ ਉਦੋਂ ਵੀ ਉਸਦੀਆਂ ਕਹਾਣੀਆਂ ਲਗਾਤਾਰ ਛਪ ਰਹੀਆਂ ਸਨ| ਚੰਗੀਆਂ ਕਹਾਣੀਆਂ ਵੀ ਅਤੇ ਮਾੜੀਆਂ ਵੀ| ਜਿਨ੍ਹਾਂ ਨੂੰ ਪੜ੍ਹ ਕੇ ਮੰਟੋ ਦਾ ਮੂੰਹ ਵਲੂੰਧਰ ਦੇਣ ਨੂੰ ਦਿਲ ਕਰਦਾ ਸੀ ਅਤੇ ਅਜਿਹੀਆਂ ਕਹਾਣੀਆਂ ਵੀ ਜਿਨ੍ਹਾਂ ਨੂੰ ਪੜ੍ਹ ਕੇ ਉਸਦਾ ਮੂੰਹ ਚੁੰਮ ਲੈਣ ਨੂੰ ਜੀਅ ਕਰਦਾ ਸੀ| ਇਹ ਕਹਾਣੀਆਂ ਮੰਟੋ ਦੇ ਠੀਕ-ਠਾਕ ਹੋਣ ਦਾ ਸਬੂਤ ਸਨ| ਮੈਂ ਸਮਝਦਾ ਸਾਂ, ਉਸਦੀਆਂ ਕਹਾਣੀਆਂ ਛਪ ਰਹੀਆਂ ਹਨ|
ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਨਾ ਤਾਂ ਕੋਈ ਹੈਰਾਨੀ ਹੋਈ, ਨਾ ਅਚੰਭਾ| ਮੰਟੋ ਕਹਾਣੀਆਂ ਲਿਖ ਰਿਹਾ ਹੈ—ਮੰਟੋ ਠੀਕ-ਠਾਕ ਹੈ—ਰੱਬ ਉਸਦੀ ਕਲਮ ਵਿਚ ਹੋਰ ਜ਼ਹਿਰ ਭਰੇ|
ਪਰ ਅੱਜ ਜਦੋਂ ਰੇਡੀਓ ਪਾਕਿਸਤਾਨ ਨੇ ਇਹ ਖਬਰ ਸੁਣਾਈ, ਕਿ ਮੰਟੋ ਧੜਕਨ ਬੰਦ ਹੋ ਜਾਣ ਕਰਕੇ ਚੱਲ ਵੱਸਿਆ ਤਾਂ ਦਿਲ ਅਤੇ ਦਿਮਾਗ਼ ਚਲਦੇ-ਚਲਦੇ ਛਿਣ ਕੁ ਲਈ ਰੁਕ ਗਏ| ਦੂਜੇ ਛਿਣ ਵਿਸ਼ਵਾਸ ਹੀ ਨਹੀਂ ਹੋਇਆ| ਦਿਲ ਅਤੇ ਦਿਮਾਗ, ਨੇ ਇਹ ਮੰਨਿਆ ਹੀ ਨਹੀਂ ਕਿ ਇੰਝ ਵੀ ਹੋ ਸਕਦਾ ਹੈ—ਛਿਟ ਭਰ ਲਈ ਮੰਟੋ ਦਾ ਚਿਹਰਾ ਮੇਰੀਆਂ ਨਜ਼ਰਾਂ ਸਾਹਵੇਂ ਅਟਕ ਗਿਆ| ਉਸਦਾ ਦਗ-ਦਗ ਕਰਦਾ ਚੌੜਾ ਮੱਥਾ, ਗੱਲ-ਗੱਲ ’ਤੇ ਉਸਦੀ ਤਿੱਖੀ ਮੁਸਕਰਾਹਟ ਅਤੇ ਲਾਂਬੂ ਵਾਂਗ ਲਟ-ਲਟ ਬਲਦਾ ਉਸਦਾ ਦਿਲ—ਕੀ ਕਦੀ ਰੁਕ ਸਕਦਾ ਹੈ? ਪਰ ਦੂਜੇ ਛਿਣ ਵਿਸ਼ਵਾਸ ਕਰਨਾ ਪਿਆ—ਰੇਡੀਓ ਉੱਤੇ ਪੱਤਰਕਾਰਾਂ ਨੇ ਰਲ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਮੰਟੋ ਮਰ ਗਿਆ ਹੈ| ਅੱਜ ਤੋਂ ਬਾਅਦ ਉਹ ਨਵੀਆਂ ਕਹਾਣੀਆਂ ਨਹੀਂ ਲਿਖੇਗਾ| ਅੱਜ ਤੋਂ ਪਿੱਛੋਂ ਉਸਦੀ ਰਾਜ਼ੀ-ਖ਼ੁਸ਼ੀ ਦਾ ਕੋਈ ਖ਼ਤ ਨਹੀਂ ਆਵੇਗਾ|
‘ਨਿੱਕ-ਸੁੱਕ’ ਹੱਦਾਂ ਟੱਪ ਰਿਹਾ ਹੈ ਪਰ ਮੈਂ ਕ੍ਰਿਸ਼ਨ ਚੰਦਰ ਵਲੋਂ ਲਿਖੀ ਹੇਠਲੀ ਗੱਲ ਲਿਖੇ ਬਿਨਾ ਨਹੀਂ ਰਹਿ ਸਕਦਾ:
ਅੱਜ ਸਰਦੀ ਬੜੀ ਹੈ ਅਤੇ ਅਸਮਾਨ ’ਤੇ ਹਲਕੇ-ਹਲਕੇ ਬੱਦਲ ਛਾਏ ਹੋਏ ਹਨ ਪਰ ਮੀਂਹ ਦੀ ਇਕ ਬੂੰਦ ਵੀ ਨਹੀਂ| ਮੇਰੀ ਅੱਖ ਵਿਚ ਵੀ ਹੰਝੂਆਂ ਦਾ ਕਤਰਾ ਤਕ ਨਹੀਂ| ਮੰਟੋ ਨੂੰ ਰੋਣ-ਰੁਆਉਣ ਤੋਂ ਬੜੀ ਨਫ਼ਰਤ ਸੀ| ਅੱਜ ਮੈਂ ਉਸਦੀ ਯਾਦ ਵਿਚ ਹੰਝੂ ਵਹਾਅ ਕੇ ਉਸਨੂੰ ਪਰੇਸ਼ਾਨ ਨਹੀਂ ਕਰਾਂਗਾ| ਚੁਪਚਾਪ ਮੈਂ ਆਪਣਾ ਕੋਟ ਪਹਿਨ ਲੈਂਦਾ ਹਾਂ ਅਤੇ ਘਰੋਂ ਬਾਹਰ ਨਿਕਲ ਜਾਂਦਾ ਹਾਂ|
ਬੜਾ ਅਦਭੁਤ ਸੰਯੋਗ ਹੈ ਕਿ ਜਿਸ ਦਿਨ ਮੰਟੋ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ, ਉਸ ਦਿਨ ਮੈਂ ਦਿੱਲੀ ਵਿਚ ਸਾਂ| ਉਹ ਮਰਿਆ ਹੈ, ਮੈਂ ਵੀ ਇਥੇ ਮੌਜੂਦ ਹਾਂ| ਉਸੇ ਘਰ ਵਿਚ ਹਾਂ ਜਿਸ ਉਹ ਇਕ ਗਰੀਬ ਸਤਾਈ ਹੋਈ ਭਾਸ਼ਾ ਦਾ, ਗਰੀਬ ਅਤੇ ਸਤਾਇਆ ਹੋਇਆ ਲੇਖਕ ਸੀ| ਉਹ ਮੋਚੀਆਂ, ਵੇਸ਼ਵਾਵਾਂ ਅਤੇ ਤਾਂਗੇ ਵਾਲਿਆਂ ਦਾ ਪਿਆਰਾ ਲੇਖਕ ਸੀ| ਅਜਿਹੇ ਲੇਖਕ ਲਈ ਕੌਣ ਰੋਏਗਾ?
ਮੰਟੋ ਮਰ ਗਿਆ ਤਾਂ ਕੀ ਹੋਇਆ? ਵਪਾਰ-ਵਪਾਰ ਹੈ| ਇਕ ਪਲ ਲਈ ਵੀ ਕੰਮ ਨਹੀਂ ਰੁਕਣਾ ਚਾਹੀਦਾ… ਜਿਸਨੇ ਸਾਨੂੰ ਸਾਰੀ ਜ਼ਿੰਦਗੀ ਦੇ ਦਿੱਤੀ, ਉਸਨੂੰ ਅਸੀਂ ਆਪਣਾ ਇਕ ਛਿਣ ਵੀ ਨਹੀਂ ਦੇ ਸਕਦੇ| ਸਿਰ ਝੁਕਾਅ ਕੇ ਆਪਣੇ ਦਿਲਾਂ ਵਿਚ ਇਕ ਛਿਣ ਲਈ ਵੀ ਉਸਦੀ ਯਾਦ ਤਾਜ਼ਾ ਨਹੀਂ ਕਰ ਸਕਦੇ| ਸ਼ੁਕਰਾਨੇ, ਖੁਸ਼ਾਮਦ, ਹਮਦਰਦੀ ਦੇ ਨਾਲ ਉਸਦੀ ਤੜਫਦੀ ਹੋਈ ਆਤਮਾ ਲਈ ਜਿਸਨੇ ਹੱਤਕ, ਨਯਾ ਕਾਨੂੰਨ, ਖੋਲ ਦੇ, ਟੋਭਾ ਟੇਕ ਸਿੰਘ ਜਿਹੀਆਂ ਦਰਜਨਾਂ ਬੇਮਿਸਾਲ ਅਤੇ ਅਮਰ ਕਹਾਣੀਆਂ ਲਿਖੀਆਂ ਹਨ| ਜਿਸ ਨੇ ਸਮਾਜ ਦੀਆਂ ਅੰਦਰਲੀਆਂ ਤੈਹਾਂ ਵਿਚ ਵੜ ਕੇ ਪਿਸੇ ਹੋਏ, ਕੁਚਲੇ ਹੋਏ, ਸਮਾਜ ਦੀਆਂ ਠੋਕਰਾਂ ਨਾਲ ਵਿਗੜੇ ਹੋਏ ਪਾਤਰਾਂ ਨੂੰ ਆਪਣੀ ਕਲਮਕਾਰੀ ਨਾਲ ਇੱਜ਼ਤ ਮਾਣ ਦਿੱਤਾ ਹੈ|
ਅਜੇ ਇਸ ਦੇ ਕੁਝ ਕਹਿਣ ਅਤੇ ਸੁਣਨ ਦੇ ਦਿਨ ਰਹਿੰਦੇ ਸਨ; ਅਜੇ ਜ਼ਿੰਦਗੀ ਦੇ ਕੌੜੇ ਤਜਰਬਿਆਂ, ਵਰਤਮਾਨ ਸਮਾਜ ਦੀ ਕਠੋਰਤਾ ਨੇ, ਮੁਸੀਬਤ ਭਰੀ ਜ਼ਿੰਦਗੀ ਦੇ ਛਿਣਾਂ ਵਿਚ, ਇਸ ਦੇ ਟੁੱਟੇ-ਤਿੜਕੇ ਵਿਅਕਤੀਤਵ ਦੇ ਕ੍ਰੋਧ ਅਤੇ ਵਿਰੋਧ ਦੇ ਜ਼ਖ਼ਮਾਂ ਨੇ ਉਸ ਤੋਂ ‘ਟੋਭਾ ਟੇਕ ਸਿੰਘ’ ਵਰਗੀਆਂ ਕਈ ਹੋਰ ਕਹਾਣੀਆਂ ਲਿਖਵਾਉਣੀਆਂ ਸਨ| ਦੁੱਖ ਮੰਟੋ ਦੀ ਮੌਤ ਦਾ ਨਹੀਂ—ਮੌਤ ਤਾਂ ਹਰੇਕ ਨੂੰ ਆਉਣੀ ਹੈ, ਮੈਨੂੰ ਵੀ ਅਤੇ ਤੁਹਾਨੂੰ ਵੀ—ਦੁੱਖ ਤਾਂ ਇਸ ਗੱਲ ਦਾ ਹੈ ਕਿ ਉਸ ਨੇ ਸਾਹਿਤ ਨੂੰ ਜਿਹੜੇ ਹੀਰੇ, ਪੰਨੇ ਅਤੇ ਜਵਾਹਰਾਤ ਦੇਣੇ ਸਨ, ਉਹ ਹੁਣ ਨਹੀਂ ਮਿਲਣੇ| ਉਹ ਸਿਰਫ਼ ਮੰਟੋ ਹੀ ਦੇ ਸਕਦਾ ਸੀ| ਉਰਦੂ ਸਾਹਿਤ ਵਿਚ ਚੰਗੇ-ਚੰਗੇ ਕਹਾਣੀਕਾਰ ਹੈਨ ਅਤੇ ਪੈਦਾ ਹੋਣਗੇ; ਪਰ ਮੰਟੋ ਦੁਬਾਰਾ ਨਹੀਂ ਪੈਦਾ ਹੋਣਾ| ਹੁਣ ਕੋਈ ਉਸਦੀ ਜਗ੍ਹਾ ਪੂਰੀ ਨਹੀਂ ਕਰ ਸਕੇਗਾ| ਇਹ ਗੱਲ ਮੈਂ ਵੀ ਜਾਣਦਾ ਹਾਂ, ਰਾਜਿੰਦਰ ਸਿੰਘ ਬੇਦੀ ਵੀ, ਇਸਮਤ ਚੁਗ਼ਤਾਈ, ਖਵਾਜ਼ਾ ਅਹਿਮਦ ਅੱਬਾਸ ਅਤੇ ਉਪਿੰਦਰ ਨਾਥ ਅਸ਼ਕ ਵੀ| ਅਸੀਂ ਸਾਰੇ ਜਣੇ, ਉਸਨੂੰ ਚਾਹੁਣ ਵਾਲੇ, ਉਸ ਨਾਲ ਝਗੜਾ ਕਰਨ ਵਾਲੇ, ਉਸਨੂੰ ਪਿਆਰ ਕਰਨ ਵਾਲੇ, ਉਸ ਨਾਲ ਨਫ਼ਰਤ ਕਰਨ ਵਾਲੇ, ਉਸਦੇ ਸਾਥੀ ਅਤੇ ਹਮਸਫ਼ਰ ਸੀ ਅਤੇ ਅੱਜ ਜਦ ਉਹ ਸਾਡੇ ਵਿਚਕਾਰ ਨਹੀਂ ਹੈ, ਸਾਡੇ ਵਿਚੋਂ ਹਰੇਕ ਨੇ ਉਸਦੀ ਮੌਤ ਦੇ ਜਨਾਜ਼ੇ ਨੂੰ ਆਪਣੇ ਮੋਢਿਆਂ ਉੱਤੇ ਮਹਿਸੂਸ ਕੀਤਾ ਹੈ| ਅੱਜ ਸਾਡੇ ਵਿਚੋਂ ਹਰੇਕ ਦੀ ਜ਼ਿੰਦਗੀ ਦਾ ਇਕ ਹਿੱਸਾ ਮਰ ਗਿਆ ਹੈ, ਉਸਦੀ ਪੂਰਤੀ ਕਦੀ ਨਹੀਂ ਹੋ ਸਕਣੀ| ਅੱਜ ਸਾਡੇ ਵਿਚੋਂ ਹਰੇਕ ਜਣਾ ਮੰਟੋ ਦੇ ਨਜ਼ਦੀਕ ਹੈ ਅਤੇ ਇਕ ਦੂਜੇ ਨਾਲੋਂ ਵੱਧ|
ਸ਼ਾਮੀਂ ਮੈਂ ਤੇ ਜੋਏ ਅਨਸਾਰੀ, ਸੰਪਾਦਕ ‘ਸ਼ਾਹਰਾਹ’, ਜਾਮਾ ਮਸਜਿਦ ਤੋਂ ਤੀਸ ਹਜ਼ਾਰੀ ਆਪਣੇ ਘਰ ਆ ਰਹੇ ਸੀ| ਰਸਤੇ ਵਿਚ ਅਸੀਂ ਦੋਵੇਂ ਹੌਲੀ-ਹੌਲੀ ਮੰਟੋ ਦੀ ਸ਼ਖ਼ਸੀਅਤ ਅਤੇ ਉਸਦੀ ਕਲਾ ਉਪਰ ਬਹਿਸ ਕਰਦੇ ਰਹੇ| ਸੜਕ ਵਿਚ ਟੋਏ ਬਹੁਤ ਸਨ, ਇਸ ਲਈ ਬਹਿਸ ਵਿਚ ਬਹੁਤ ਸਾਰੇ ਨਾਜ਼ੁਕ ਸਥਾਨ ਵੀ ਆਏ| ਇਕ ਵਾਰੀ ਤਾਂ ਪੰਜਾਬੀ ਕੋਚਵਾਨ ਨੇ ਹੈਰਾਨੀ ਨਾਲ ਤ੍ਰਭਕ ਕੇ ਪੁੱਛਿਆ, ਅਨਸਾਰੀ ਨੇ ਧੀਮੀ ਅਵਾਜ਼ ਵਿਚ ਕਿਹਾ, ‘ਹਾਂ ਭਰਾ!’ ਤੇ ਫੇਰ ਆਪਣੀ ਗੱਲ ਜਾਰੀ ਰੱਖੀ|
ਕੋਚਵਾਨ ਹੌਲੀ-ਹੌਲੀ ਆਪਣਾ ਤਾਂਗਾ ਚਲਾਉਂਦਾ ਰਿਹਾ ਪਰ ਮੋਰੀ ਗੇਟ ਕੋਲ ਆ ਕੇ ਉਸਨੇ ਤਾਂਗਾ ਰੋਕ ਦਿੱਤਾ ਤੇ ਸਾਡੇ ਵੱਲ ਭੌਂ ਕੇ ਬੋਲਿਆ, ‘ਸਾਹਬ, ਤੁਸੀਂ ਸਾਰੇ ਕੋਈ ਹੋਰ ਤਾਂਗਾ ਕਰ ਲਓ… ਮੈਂ ਅੱਗੇ ਨਹੀਂ ਜਾ ਸਕਾਂਗਾ|’ ਉਸਦੀ ਅਵਾਜ਼ ਵਿਚ ਇਕ ਅਜੀਬ ਜਿਹਾ ਦਰਦ ਸੀ| ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਹਿੰਦੇ ਉਹ ਸਾਡੇ ਵੱਲ ਦੇਖੇ ਬਿਨਾ ਤਾਂਗੇ ਤੋਂ ਉਤਰਿਆ ਤੇ ਸਿੱਧਾ ਸਾਹਮਣੀ ਬਾਰ ਵਿਚ ਚਲਾ ਗਿਆ|