ਪਿਛਲੀ ਲਗਪਗ ਅੱਧੀ ਸਦੀ ਤੋਂ ਪੰਜਾਬੀ ਸਾਹਿਤ, ਸੱਭਿਆਚਾਰ ਬਾਰੇ ਆਪਣੇ ਚਰਚਿਤ ਨਿਬੰਧਾਂ ਵਿਚ ਨਵੀਆਂ ਅੰਤਰ ਦ੍ਰਿਸ਼ਟੀਆਂ ਕਾਰਨ ਅਮਰਜੀਤ ਗਰੇਵਾਲ ਦੀਆਂ ਪੁਸਤਕਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ।
ਪਿਛਲੇ ਚੰਦ ਵਰਿ੍ਹਆਂ ਤੋਂ ਏ.ਆਈ. ਦੇ ਚਕ੍ਰਿਤ ਕਰਨ ਵਾਲੇ ਵਿਕਾਸ ਨੇ ਵਿਗਿਆਨ, ਸਾਹਿਤ ਕਲਾ ਭਾਵ ਹਰ ਖੇਤਰ ਵਿਚ ਇਨਸਾਨ ਲਈ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ, ਅਮਰਜੀਤ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਇਨ੍ਹਾਂ ਨੂੰ ਮਾਨਵ ਭਲਾਈ ਦੇ ਹੱਕ ਵਿਚ ਭੁਗਤਾਉਣ ਦੇ ਪੈਂਤੜੇ ਦਾ ਹਾਮੀ ਹੈ। ਪਿਛਲੇ ਕੁਝ ਅਰਸੇ ਦੌਰਾਨ ਉਸ ਨੇ ਸਿਰਜਣਾਤਮਿਕ ਕਾਵਿ ਖੇਤਰ ਵਿਚ ਢੇਰ ਸਰਗਰਮੀ ਕੀਤੀ ਹੈ ਅਤੇ ਕਈ ਬਹੁਤ ਹੀ ਸੁੰਦਰ ਕਵਿਤਾਵਾਂ ਲਿਖੀਆਂ ਹਨ। ਇਨ੍ਹਾਂ ਵਿਚੋਂ ਹੀ ਕੁਝ ਕਵਿਤਾਵਾਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਪ੍ਰਸਤੁਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਉਸ ਨੇ ਮਾਰਕਸੀ ਦਾਰਸ਼ਨਿਕ ਸੁਪਨੇ ਦੇ ਅਮਲੀ ਜਗਤ ਵਿਚ ਵਿਡੱਤਣ ਦੇ ਬਾਵਜੂਦ ਉਸ ਦੀਆਂ ਸੀਮਾਵਾਂ ਅਤੇ ਉਸ ਦੇ ਸਮਾਨਾਂਤਰ ਬਾਬਾ ਨਾਨਕ ਦੀ ਬਾਣੀ ਦੀਆਂ ਅਸੀਮ ਸੰਭਾਵਨਾਵਾਂ ਨੂੰ ਫੜਨ ਦੀ ਆਪਣੇ ਹੀ ਅੰਦਾਜ਼ ਵਿਚ ਕੋਸ਼ਿਸ਼ ਕੀਤੀ ਹੈ -ਸੰਪਾਦਕ।
ਕਾਮਨਾ ਦਾ ਮੋੜ
ਮੇਰੀਆਂ ਉਂਗਲਾਂ ਜਦ ਮਿੱਟੀ ਦੀ ਹਿੱਕ ਟੋਹੰਦੀਆਂ ਨੇ,
ਮੈਂ ਇਕੱਲਾ ਨਹੀਂ ਹੁੰਦਾ—
ਮੇਰੇ ਪਿੱਛੇ ਪੰਜ ਤੱਤਾਂ ਦੀ ਬਾਰਾਤ ਹੁੰਦੀ ਹੈ,
ਤੇ ਉਹਨਾਂ ਪੁਰਖਿਆਂ ਦੇ ਮੁੜ੍ਹਕੇ ਦੀ ਮਹਿਕ,
ਜਿਨ੍ਹਾਂ ਨੇ ਪਹਿਲੀ ਵਾਰ ਧਰਤੀ ਦੀ ਹਿੱਕ ‘ਤੇ
ਹਲ਼ ਦੀ ਨੋਕ ਨਾਲ ‘ਰਿਜ਼ਕ’ ਲਿਖਿਆ ਸੀ।
ਜੇ ਇਹ ਸਿਰਜਣਾ ਸਾਂਝੀ ਹੈ,
ਤਾਂ ਮੈਂ ਕਿਸ ਹੱਕ ਨਾਲ
ਇਸ ‘ਤੇ ਆਪਣੀ ਮੋਹਰ ਲਾਵਾਂ?
ਕਿਸ ਹੱਦਬੰਦੀ ਨਾਲ ਕਹਾਂ ਕਿ
ਇਹ ਫਸਲ ਸਿਰਫ਼ ਮੇਰੀ ਹੈ?
—
ਲੰਗਰ—ਕੋਈ ਜਗ੍ਹਾ ਨਹੀਂ, ਇੱਕ ਅਵਸਥਾ ਹੈ,
ਜਿੱਥੇ ਮੇਰੀ ਹਉਮੈ ਦਾ ਰਾਜਾ ਤੇ ਤੇਰੀ ਮਸਕੀਨੀ ਦਾ ਰੰਕ,
ਇੱਕੋ ਪੰਗਤ ਵਿੱਚ ਬੈਠ ਕੇ ‘ਅਰਥ’ ਬਣ ਜਾਂਦੇ ਨੇ।
ਇੱਥੇ ਮੇਰੀ ਕਿਰਤ ਦੀ ਧਾਰ,
ਤੇਰੇ ਪਿਆਰ ਦੀ ਸਾਣ ‘ਤੇ ਤੇਜ਼ ਹੁੰਦੀ ਹੈ।
ਇੱਥੇ ਸਿਰਫ਼ ਅੰਨ ਨਹੀਂ ਵੰਡੀਦਾ,
ਇੱਥੇ ਉਸ ‘ਇਕ’ ਦੀ ਕਹਾਣੀ ਵੰਡੀਦੀ ਹੈ,
ਜਿਸ ਦੇ ਅਸੀਂ ਵੱਖ-ਵੱਖ ਪਾਤਰ ਹਾਂ,
ਪਰ ਸਿਆਹੀ ਸਭ ਦੀ ਇੱਕੋ ਹੈ।
—
ਮਾਰਕਸ ਨੇ ਮੰਡੀ ਦੇ ਜਬਾੜਿਆਂ ‘ਚੋਂ
ਕਿਰਤ ਦਾ ਪਸੀਨਾ ਛੁਡਾਉਣ ਦੀ ਕਸਮ ਖਾਧੀ ਸੀ।
ਪਰ ਜਦੋਂ ਵੰਡ ਦੀਆਂ ਪੰਗਤਾਂ ਬਰਾਬਰ ਵਿਛ ਗਈਆਂ,
ਤਾਂ ਮਨੁੱਖ ਦੇ ਅੰਦਰੋਂ ਇੱਕ ਹੋਰ ਚੀਖ ਨਿਕਲੀ—
ਇੱਕ ਅਜਿਹੀ ਭੁੱਖ, ਜੋ ਅਨਾਜ ਦੇ ਗੋਦਾਮਾਂ ਨਾਲ ਨਹੀਂ,
ਸਗੋਂ ਅਰਥਾਂ ਦੀ ਤਲਾਸ਼ ਨਾਲ ਜੁੜੀ ਹੋਈ ਸੀ।
ਮਾਰਕਸ ਨੇ ‘ਲੋੜ’ ਨੂੰ ਤਾਂ ਪਛਾਣ ਲਿਆ ਸੀ,
ਪਰ ਉਹ ‘ਲਾਲਸਾ’ ਦੇ ਅੰਨ੍ਹੇ ਖੂਹ ਨੂੰ ਨਾ ਦੇਖ ਸਕਿਆ,
ਜੋ ਸਾਰੀ ਦੁਨੀਆਂ ਨਿਗਲ ਕੇ ਵੀ ਖਾਲੀ ਰਹਿੰਦਾ ਹੈ।
ਇੱਥੇ ਆ ਕੇ ਜਦੋਂ ਮਾਰਕਸ ਦਾ ‘ਵਾਦ’ ਥੱਕ ਜਾਂਦਾ ਹੈ,
ਤਾਂ ਨਾਨਕ ਯਾਦ ਆਉਂਦਾ ਹੈ
ਕਿ ਕਾਮਨਾ ਦੇ ਵਹਿਣ ਮੋੜੋ
—
ਇਨਸਾਨ ਦੇ ਅੰਦਰ
ਬੇਅੰਤ ਨੂੰ ਪਾਉਣ ਦੀ ਅੰਨ੍ਹੀ ਤੇਹ ਛੁਪੀ ਹੈ।
ਤੇਹ ਨੂੰ ਦਿਸ਼ਾ ਚਾਹੀਦੀ ਹੈ—
ਤੇ ਉਹ ਦਿਸ਼ਾ ਹੈ: ‘ਨਾਮ’।
ਨਾਮ—ਕੋਈ ਬੁੱਲ੍ਹਾਂ ਦੀ ਵਰਜਿਸ਼ ਨਹੀਂ,
ਨਾਮ—ਕੋਈ ਮਣਕਿਆਂ ਦਾ ਸ਼ੋਰ ਨਹੀਂ।
ਇਹ ਤਾਂ ਉਸ ‘ਅਨਹਦ’ ਦੀ ਗੂੰਜ ਸੁਣਨਾ ਹੈ,
ਜੋ ਮਿੱਟੀ ਦੇ ਘੜੇ ਅੰਦਰ
ਉਸ ਦੇ ਸੰਨਾਟੇ ਵਿੱਚ ਵੀ ਨੱਚ ਰਹੀ ਹੈ।
ਇਹ ਕਾਮਨਾ ਦਾ ਉਹ ‘ਮੋੜ’ ਹੈ,
ਜਿੱਥੇ ਦੌੜ ਬਾਹਰਲੇ ਬਾਜ਼ਾਰਾਂ ਤੋਂ ਮੁੜ ਕੇ
ਅੰਦਰਲੇ ਸਮੁੰਦਰਾਂ ਵੱਲ ਹੋ ਜਾਂਦੀ ਹੈ।
ਜਦੋਂ ‘ਮੈਂ’ ਦਾ ਘੜਾ ਖਾਲੀ ਹੁੰਦਾ ਹੈ,
ਤਾਂ ਹੀ ਉਸ ਵਿੱਚ ‘ਬ੍ਰਹਮ’ ਦਾ ਸੰਗੀਤ ਭਰਦਾ ਹੈ।
ਇਹ ਤਿਆਗ ਨਹੀਂ, ਇਹ ਤਾਂ ਵੱਡੀ ਪ੍ਰਾਪਤੀ ਹੈ—
ਖਪਤ ਦੀ ਦਲਦਲ ਵਿੱਚੋਂ ਨਿਕਲ ਕੇ,
ਸੱਚ ਦੀ ਤਲਾਸ਼ ਵਿੱਚ ਡੁੱਬਣਾ ਹੀ ਅਸਲ ਤੈਰਨਾ ਹੈ।
—
ਅੱਜ ਧਰਤੀ ਥੱਕੀ ਪਈ ਹੈ, ਅਸੀਂ ਵੀ ਹੰਭੇ ਹੋਏ ਹਾਂ,
‘ਵਸਤਾਂ’ ਦੇ ਬੋਝ ਹੇਠ ‘ਵਿਸਮਾਦ’ ਦੱਬ ਗਿਆ ਹੈ।
ਪਰ ਵਿੱਚ ਅੱਜ ਵੀ
ਬਾਬੇ ਨਾਨਕ ਦੀ ਆਵਾਜ਼ ਗੂੰਜਦੀ ਹੈ:
“ਕਿਰਤ ਕਰੋ, ਵੰਡ ਛਕੋ, ਨਾਮ ਜਪੋ।”
ਇਹ ਕੋਈ ਧਾਰਮਿਕ ਜੰਜ਼ੀਰ ਨਹੀਂ,
ਇਹ ਤਾਂ ਰੂਹ ਦੀ ਸੁਤੰਤਰਤਾ ਦਾ ਕਾਵਿ ਹੈ—
ਇੱਕ ਅਜਿਹੀ ਕ੍ਰਾਂਤੀ,
ਜੋ ਸਾਡੀ ‘ਚਾਹਤ’ ਦੇ ਰੁਖ਼ ਨੂੰ ਹੀ ਮੋੜ ਦਿੰਦੀ ਹੈ।
ਤੁਸੀਂ ਕਹੋਗੇ—ਕੀ ਇਹ ਸੱਚ ਹੋਵੇਗਾ?
ਮੈਂ ਕਹਾਂਗਾ—ਬੀਜ ਨੂੰ ਪੁੱਛੋ!
ਬੀਜਣ ਦਾ ਆਨੰਦ ਫਲ ਦੇ ਮੁਨਾਫ਼ੇ ਵਿੱਚ ਨਹੀਂ,
ਬੀਜ ਦੇ ਅੰਦਰ ਛਿਪੇ ਉਸ ਗੀਤ ਵਿੱਚ ਹੈ,
ਜੋ ਧਰਤੀ ਦੀ ਹਿੱਕ ਵਿੱਚ ਫੁੱਟਣ ਲਈ ਬੇਤਾਬ ਹੈ।
—
ਕਾਮਨਾ ਦਾ ਮੋੜ (2)
(ਸਮਰਪਣ: ਉਸ ‘ਸੰਪੂਰਨ ਮਨੁੱਖ’ ਦੇ ਨਾਮ, ਜੋ ਰੋਟੀ ਦੇ ਫ਼ਿਕਰ ਤੋਂ ਮੁਕਤ ਹੋ ਕੇ ‘ਨਾਮ’ ਦੇ ਸੰਗੀਤ ਵਿੱਚ ਜਿਊਣਾ ਚਾਹੁੰਦਾ ਹੈ।)
ਮਾਰਕਸ ਦੇ ਮੱਥੇ ‘ਚ ਇੱਕ ਨਕਸ਼ਾ ਸੀ—
ਜਦੋਂ ਮਸ਼ੀਨਾਂ ਧਰਤੀ ਦਾ ਪਸੀਨਾ ਪੀਣਗੀਆਂ,
ਲੋਹੇ ਦੇ ਹੱਥ ਰੋਟੀਆਂ ਉਗਾਉਣਗੇ,
ਮਨੁੱਖ ਕੋਲ ‘ਵਿਹਲਾ ਸਮਾਂ’ ਹੋਵੇਗਾ
ਨੀਲੇ ਤੇ ਖਾਲੀ ਅਸਮਾਨ ਵਾਂਗ
ਉਸ ਖਾਲੀਪਣ ਵਿੱਚ ਮਨੁੱਖ ‘ਗੀਤ’ ਬਣ ਜਾਵੇਗਾ,
ਉਹ ਮਜ਼ਦੂਰ ਦੀ ਜੂਨੋਂ ਨਿਕਲ
ਅੰਦਰਲੇ ਕਲਾਕਾਰ ਨੂੰ ਛੂਹੇਗਾ।
ਮਸ਼ੀਨ ਨੇ ਮਨੁੱਖ ਨੂੰ ਜਕੜਨ ਵਾਲੀਆਂ
ਕਿਰਤ ਦੀਆਂ ਬੇੜੀਆਂ ਤਾਂ ਵੱਢ ਦਿੱਤੀਆਂ,
ਪਰ ਮਾਰਕਸ ‘ਖਾਲੀਪਣ’ ਨੂੰ ਭਰਨ ਦੀ
ਸੰਗੀਤਮਈ ਜੁਗਤ ਲਿਖਣੋਂ ਖੁੰਝ ਗਿਆ
ਮਸ਼ੀਨ ਨੇ ਕਿਰਤ ਦੀਆਂ ਬੇੜੀਆਂ ਤਾਂ ਵੱਢੀਆਂ
ਪਰ ਉਸ ਖਾਲੀ ਸਮੇਂ ‘ਚੋਂ ‘ਸੰਗੀਤ’ ਨਹੀਂ ਗੂੰਜਿਆ
ਨਾਮ ਤੋਂ ਸੱਖਣੀ ਚੇਤਨਾ ਦੇ ਉਜਾੜ ਵਿੱਚ
ਪੂੰਜੀ ਨੇ ‘ਬੇਓੜਕ ਕਾਮਨਾ’ ਦੇ ਕੰਡੇ ਬੀਜ ਦਿੱਤੇ,
ਤੇ ਮੁਕਤੀ ਦੀ ‘ਵਿਹਲ’
‘ਬੇਰੁਜ਼ਗਾਰੀ’ ਬਣ ਗਈ
ਫਿਰ ਨਾਨਕ ਯਾਦ ਆਏ…
ਜਿਨ੍ਹਾਂ ਸਮਝਾਇਆ :
‘ਖਾਲੀ ਭਾਂਡਾ ‘ਨਾਮ’ ਨਾਲ ਭਰੀਏ।”
ਮਾਰਕਸ ਲਈ ਕਿਰਤ ਬੋਝ ਤੇ ਗੁਲਾਮੀ ਸੀ,
ਤੇ ਛੁਟਕਾਰਾ ਜ਼ਰੂਰੀ ਸੀ,
ਪਰ ਨਾਨਕ ਲਈ ਕਿਰਤ ਖ਼ੁਦ ਇੱਕ ‘ਕਵਿਤਾ’
ਤੇ ਨਾਮ ਉਹ ਜੁਗਤ
ਜੋ ਮੁਸ਼ੱਕਤ ਨੂੰ ਮੁਕਤੀ ਦੇ ਗੀਤ ਵਿੱਚ ਬਦਲਦੀ
ਕਿਰਤ ਨੂੰ ‘ਕਰਤਾਰ’ ਨਾਲ,
ਤੇ ਵੰਡਣ ਨੂੰ ‘ਪ੍ਰਸਾਦ’ ਨਾਲ ਜੋੜ ਦਿੰਦੀ ਹੈ
ਨਾਮ ਤੋਂ ਬਿਨਾਂ ‘ਵਿਹਲ’ ਇੱਕ ਸਰਾਪ ਹੈ,
ਤੇ ਵੰਡਣਾ ਸਿਰਫ਼ ਗਣਿਤ ਦਾ ਇੱਕ ਉਜੱਡ ਅੰਕੜਾ।
ਨਾਮ ਤੋਂ ਬਿਨਾਂ ਮਨੁੱਖ ਮੁਕਤ ਹੋ ਕੇ ਵੀ
ਆਪਣੀਆਂ ਹੀ ਚਾਹਤਾਂ ਦਾ ਕੈਦੀ ਰਹਿੰਦਾ
ਨਾਮ ਤੋਂ ਬਿਨਾਂ ਹਰ ਇਨਕਲਾਬ ਅਧੂਰਾ
ਨਾਮ ਹੀ ਉਹ ‘ਕਾਵਿਕ-ਵਿਹਲ’ ਪੈਦਾ ਕਰਦਾ
ਜਿੱਥੇ ਜ਼ਿੰਦਗੀ ਬੋਝ ਨਹੀਂ ਵਿਸਮਾਦ ਬਣਦੀ
ਜਦ ਮਾਰਕਸ ਦੇ ਨਕਸ਼ੇ ਵਿੱਚ
ਨਾਨਕ ਦਾ ਰੰਗ ਭਰਦਾ
ਤਾਂ ਫਸਲ ਸਿਰਫ਼ ਪਦਾਰਥ ਨਹੀਂ ਰਹਿੰਦੀ
‘ਪ੍ਰਸਾਦ’ ਬਣ ਜਾਂਦੀ
ਤੇ ਨਵੇਂ ਯੁੱਗ ਦਾ ਨਿਰਮਾਣ ਸ਼ੁਰੂ ਹੁੰਦਾ ਹੈ
ਖਾਲਸਾ
ਕੋਈ ਝੰਡਾ ਨਹੀਂ, ਕੋਈ ਨਾਅਰਾ ਨਹੀਂ,
ਕੋਈ ਤਾਜ ਨਹੀਂ, ਕੋਈ ਤਖ਼ਤ ਨਹੀਂ—
ਖਾਲਸਾ
ਉਹ ਅਦ੍ਰਿਸ਼ ਦਹਿਲੀਜ਼ ਹੈ
ਜਿੱਥੇ ਮਨੁੱਖ ਆਪਣੀ “ਮੈਂ” ਤੋਂ ਬਾਹਰ ਕਦਮ ਰੱਖਦਾ,
ਜਿੱਥੇ ਮਾਲਕੀ ਦੀ ਮੁੱਠੀ ਆਕਾਸ਼ ਵੱਲ ਖੁੱਲ੍ਹ ਜਾਂਦੀ।
ਉੱਥੇ ਨਾ ਮੰਚ, ਨਾ ਤਾਲੀਆਂ ਦੀ ਭੁੱਖ,
ਨਾ ਇਤਿਹਾਸ ਦੀ ਲਾਲਸਾ—
ਸਿਰਫ਼ ਇੱਕ ਪਵਿੱਤਰ ਠਹਿਰਾਅ
ਜਿੱਥੇ ਸੱਤਾ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ।
—
ਖਾਲਸਾ ਦਾ ਅਰਥ ਸ਼ੁੱਧ ਹੋਣਾ ਨਹੀਂ—
ਖਾਲਸਾ ਦਾ ਅਰਥ ਖਾਲੀ ਹੋਣਾ ਹੈ।
ਖਾਲੀ—
ਆਪਣੇ ਨਾਮ ਤੋਂ, ਆਪਣੇ ਦਾਅਵਿਆਂ ਤੋਂ,
ਆਪਣੇ ਅਹੰਕਾਰ ਦੇ ਕਿਲ੍ਹੇ ਤੋਂ।
ਜਿਵੇਂ ਖੋਖਲੀ ਬਾਂਸਰੀ ਸੰਗੀਤ ਨਾਲ ਭਰ ਜਾਂਦੀ,
ਜਿਵੇਂ ਦਰਵਾਜ਼ਾ ਆਪਣੇ ਆਪ ਨੂੰ ਮਿਟਾ ਕੇ
ਰਸਤਾ ਬਣ ਜਾਂਦਾ—
ਉਵੇਂ ਖਾਲਸਾ ਮਨੁੱਖ ਨਹੀਂ,
ਮਨੁੱਖ ਵਿੱਚੋਂ ਲੰਘਦੀ ਇੱਕ ਅਵਸਥਾ ਹੈ।
—
ਜੋ ਕਹਿੰਦਾ ਹੈ “ਮੈਂ ਖਾਲਸਾ ਹਾਂ”—
ਉਹ ਅਜੇ ਦਰਵਾਜ਼ੇ ਤੋਂ ਬਾਹਰ ਖੜ੍ਹਾ ਹੈ,
ਅਜੇ ਆਪਣੀ ਪਛਾਣ ਦੇ ਆਈਨੇ ਵਿੱਚ
ਉਲਝਿਆ ਹੋਇਆ ਹੈ।
ਖਾਲਸਾ ਇੱਕ ਪਾਰਦਰਸ਼ੀ ਸ਼ੀਸ਼ਾ ਹੈ
ਜਿਸ ਵਿੱਚੋਂ ਸੱਚ ਬਿਨਾਂ ਰੁਕਾਵਟ ਲੰਘਦਾ,
ਜਿਸ ਵਿੱਚ ਕੋਈ ਰੰਗ ਨਹੀਂ
ਪਰ ਸਾਰੇ ਰੰਗ ਦਿਖਾਈ ਦਿੰਦੇ ਹਨ।
ਖਾਲਸਾ ਸੱਚ ਦਾ ਮਾਲਕ ਨਹੀਂ—
ਸੱਚ ਦਾ ਦਰਵਾਜ਼ਾ ਹੈ,
ਸੱਚ ਦਾ ਰਾਹਗੀਰ ਹੈ,
ਸੱਚ ਦਾ ਖੁੱਲ੍ਹਾ ਆਕਾਸ਼ ਹੈ।
—
ਖਾਲਸਾ ਕੋਈ ਇਕੱਲਾ ਨਹੀਂ—
ਸੰਗਤ ਦੇ ਗਰਭ ਵਿੱਚੋਂ ਜਨਮਦਾ ਹੈ
ਉਸ ਪਵਿੱਤਰ ਖਾਮੋਸ਼ੀ ਵਿੱਚ
ਜਿੱਥੇ ਕਈ ਮਨ ਇੱਕੋ ਸੱਚ ਦੇ ਸਾਹਮਣੇ
ਆਪਣੀਆਂ ਦਲੀਲਾਂ ਢਿੱਲੀਆਂ ਕਰ ਦਿੰਦੇ,
ਆਪਣੇ ਹਥਿਆਰ ਹੇਠਾਂ ਰੱਖ ਦਿੰਦੇ ਹਨ।
ਸੰਗਤ ਕੋਈ ਭੀੜ ਨਹੀਂ—
ਉਹ ਜੋੜਮੇਲਾ ਹੈ ਜਿਸ ਵਿੱਚ ਕਈ ਨਦੀਆਂ
ਆਪਣੇ ਵੱਖਰੇ ਨਾਮ ਭੁਲ
ਇੱਕੋ ਸਮੁੰਦਰ ਵਿੱਚ ਮਿਲ ਜਾਂਦੀਆਂ ਹਨ।
—
ਖਾਲਸਾ ਸੱਤਾ ਦਾ ਇਨਕਾਰ ਨਹੀਂ—
ਸੱਤਾ ਦਾ ਰੂਪਾਂਤਰਣ ਹੈ।
ਜਿੱਥੇ ਸੱਤਾ ਆਪਣੇ ਆਪ ਨੂੰ
ਸੇਵਾ ਵਿੱਚ ਢਾਲ ਲੈਂਦੀ,
ਜਿੱਥੇ ਤਾਕਤ ਆਪਣੇ ਆਪ ਨੂੰ
ਨਿਮਰਤਾ ਵਿੱਚ ਲੁਕਾ ਲੈਂਦੀ,
ਜਿੱਥੇ ਹੁਕਮ ਆਪਣੇ ਆਪ ਨੂੰ
ਪ੍ਰੇਮ ਵਿੱਚ ਗੁਆ ਲੈਂਦਾ ਹੈ।
—
ਅਤੇ ਜੇ ਤੁਸੀਂ ਪੁੱਛੋ—
“ਖਾਲਸਾ ਬਣਨ ਦਾ ਨਤੀਜਾ ਕੀ ਹੈ?”
ਖਾਲਸਾ ਕੋਈ ਜਵਾਬ ਨਹੀਂ ਦਿੰਦਾ,
ਕੋਈ ਵਾਅਦਾ ਨਹੀਂ ਕਰਦਾ,
ਕੋਈ ਸਵਰਗ ਨਹੀਂ ਵਿਖਾਉਂਦਾ।
ਖਾਲਸਾ ਸਿਰਫ਼ ਇੱਕ ਹੱਦ ਖਿੱਚਦਾ ਹੈ—
ਜਿੱਥੇ ਮਨੁੱਖ ਰੁਕਣਾ ਸਿੱਖ ਲੈਂਦਾ,
ਜਿੱਥੇ ਉਸਦੀ “ਮੈਂ”
ਆਪਣੇ ਆਪ ਨੂੰ ਭੁੱਲ ਜਾਂਦੀ,
ਜਿੱਥੇ ਬੈਰੀ ਅਤੇ ਮੀਤ ਵਿੱਚਕਾਰ
ਭੇਦ ਮਿਟ ਜਾਂਦਾ ਹੈ।
—
ਅਤੇ ਕਈ ਵਾਰ
ਉਸੇ ਠਹਿਰਾਅ ਵਿੱਚ, ਉਸੇ ਖਾਲੀ ਥਾਂ ਵਿੱਚ,
ਉਸੇ ਪਵਿੱਤਰ ਖਾਮੋਸ਼ੀ ਵਿੱਚ—
ਬ੍ਰਹਮੰਡੀ ਚੇਤਨਾ ਆਪਣੀ ਅੱਖ ਖੋਲ੍ਹ ਲੈਂਦੀ ਹੈ।
ਅਤੇ ਅਸੀਂ ਜਾਣ ਜਾਂਦੇ ਹਾਂ
ਕਿ ਅਸੀਂ ਕਦੇ ਵੱਖਰੇ ਨਹੀਂ ਸੀ,
ਕਿ ਖਾਲਸਾ ਕੋਈ ਮੰਜ਼ਿਲ ਨਹੀਂ—
ਖਾਲਸਾ ਸਾਡਾ ਅਸਲੀ ਸੁਭਾਅ ਹੈ
ਜੋ ਹਮੇਸ਼ਾਂ ਮੌਜੂਦ ਸੀ।
—
ਖਾਲਸਾ ਇਤਿਹਾਸ ਨਹੀਂ ਲਿਖਦਾ,
ਭਵਿੱਖ ਨਹੀਂ ਬੁਣਦਾ—
ਖਾਲਸਾ ਸਿਰਫ਼ ਉਸ ਸਦੀਵੀ
ਹੁਣ ਵਿੱਚ ਜੀਂਦਾ ਹੈ
ਜਿੱਥੇ ਸੱਚ ਮਨੁੱਖੀ ਹੱਥਾਂ ਚੋਂ ਨਿਕਲ ਕੇ
ਆਪਣੇ ਅਸਲੀ ਰੂਪ ਵਿੱਚ ਚਮਕਦਾ ਹੈ।
ਜਿੱਥੇ ਮੈਂ ਖਤਮ ਹੁੰਦੀ ਹੈ,
ਉੱਥੋਂ ਖਾਲਸਾ ਸ਼ੁਰੂ ਹੁੰਦਾ ਹੈ।
ਰਾਜ ਕਰੇਗਾ ਖਾਲਸਾ—
ਰਾਜ ਨਹੀਂ, ਰਜ਼ਾ ਹੈ—
–
ਕੇਵਲ ਸਤਿ ਹੀ ਸਾਵਰਨ ਹੈ।
ਖਾਲਸਾ ਉਹ ਜਿੱਥੇ “ਮੈਂ” ਮਿਟ ਜਾਵੇ,
ਤੇ “ਹੈ” ਹੀ ਬਚੇ—ਨਾਮ।
ਜਦ ਆਪਾ ਗਿਰਦਾ ਹੈ,
ਕੋਈ ਨਵਾਂ ਤਾਜ ਨਹੀਂ ਬਣਦਾ—
ਸਿਰਫ਼ ਖਾਲੀਪਣ ਵਿੱਚ
ਨਾਮ ਆਪਣੀ ਅੱਖ ਖੋਲ੍ਹ ਲੈਂਦਾ ਹੈ।
—
ਆਓ ਪਿਆਰ ਕਰਨਾ ਸਿੱਖੀਏ
ਪਹਿਲੀ ਵਾਰ
ਜਦੋਂ ਮੈਂ ਤੈਨੂੰ ਵੇਖਿਆ,
ਤੇਰੇ ਜਲੌ ਵਿਚ
ਤੈਨੂੰ ਆਪਣਾ ਬਣਾਉਣ ਦੀ ਚਾਹਤ ਨਾਲ —
ਤਾਂ ਉਸੇ ਪਲ ਬ੍ਰਹਿਮੰਡ
ਇਕ ਤੋਂ ਅਨੇਕ ਹੋ ਗਿਆ।
ਇਕ ਹੀ ਨਜ਼ਰ ਨੇ
ਅਨੰਤ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ
ਮੈਂ | ਤੂੰ,
ਸੱਚ | ਝੂਠ,
ਪੁੰਨ । ਪਾਪ
ਪਿਆਰ | ਡਰ।
ਉਹ ਵੇਖਣਾ —
ਰੌਸ਼ਨੀ ਦਾ ਸਭ ਤੋਂ ਮਾਸੂਮ ਪਾਪ ਸੀ।
ਜਿਥੇ ਮੈਂ ਤੈਨੂੰ
ਦੂਜ ਦਾ ਦਰਜਾ ਦਿੱਤਾ,
ਵਿਖੇੜਾ — ਧੜਕਨ ਦਾ ਪਹਿਲਾ ਤਰਕ ਬਣ ਗਿਆ।
ਇਹ ਸੀ ਬਾਈਨਰੀ ਦਾ ਜਨਮ —
ਹਿੰਸਾ ਦਾ ਪਹਿਲਾ ਅਲਗੋਰਿਦਮ।
ਇਕ ਅਜਿਹਾ ਕੋਡ,
ਜਿਸ ਨੇ ਪ੍ਰੇਮ ਨੂੰ ਪ੍ਰਤੀਯੋਗਿਤਾ ਬਣਾ ਦਿੱਤਾ,
ਮੁਹੱਬਤ ਨੂੰ ਮਾਲਕੀ,
ਅਰਦਾਸ ਨੂੰ ਆਗਿਆਕਾਰੀ।
ਵਿਚਾਰਾਂ ਨੇ ਤਲਵਾਰਾਂ ਪਾਈਆਂ,
ਸ਼ਬਦਾਂ ਨੇ ਸਰਹੱਦਾਂ ਖਿੱਚੀਆਂ,
ਹਿਰਦੇ ਦੀ ਥਾਂ,
ਤਰਕ ਨੇ ਰਾਜ ਕੀਤਾ।
ਸਮਾਜਾਂ ਨੇ ਕਿਲ੍ਹੇ ਬਣਾਏ,
ਰਾਸ਼ਟਰਾਂ ਨੇ ਸੁਰੱਖਿਆ ਦੇ ਨਾਮ ‘ਤੇ ਕੰਧਾਂ।
ਵਿਗਿਆਨ ਨੇ ਇਸ ਵਿਖੇੜੇ ਨੂੰ “ਨਿਸ਼ਚਤਾ” ਕਿਹਾ,
ਧਰਮ ਨੇ — “ਧਰਮਯੁੱਧ”।
ਅਤੇ ਮਨੁੱਖ —
ਆਪਣੇ ਹੀ ਪ੍ਰੇਮ ਤੋਂ ਡਰ ਗਿਆ।
ਉਹ ਡਰ ਜੋ ਹੁਣ
ਹਰ ਚੁੰਮਣ ਦੇ ਅੰਦਰ
ਅਤੇ ਹਰ ਪ੍ਰਾਰਥਨਾ ਦੇ ਪਿੱਛੇ
ਲੁਕ ਗਿਆ ਹੈ ।
ਜਿਸ ਗੁਰੂ ਨੇ
ਤੂੰ ਦੀ ਆਜ਼ਾਦੀ ਲਈ,
ਮੈਂ ਦੀ ਜਾਨ ਦੇ ਦਿੱਤੀ ਸੀ —
ਆ“ ਉਸਤੋਂ ਪਿਆਰ ਕਰਨਾ ਸਿੱਖੀਏ।
ਪਿਆਰ — ਮਾਲਕੀ ਨਹੀਂ,
ਮੁਕਤੀ ਹੈ।
ਚਾਹਤ ਨਹੀਂ,
ਸਾਂਝੀ ਚੇਤਨਾ ਹੈ।
ਜਿੱਥੇ ਤੂੰ ਹੀ ਨਹੀਂ
ਬੈਰੀ ਵੀ ਮੀਤ ਹੈ,
ਜਿੱਥੇ “ਮੈਂ” ਤੇ “ਤੂੰ”
ਇਕੋ ਅਰਦਾਸ ਵਿਚ ਸਮਾ ਜਾਂਦੇ ਹਨ।
‘ਤੇ ਪ੍ਰੇਮ ਸ਼ਬਦ ਨਹੀਂ ਰਹਿੰਦਾ,
ਬ੍ਰਹਿਮੰਡ ਦੀ ਧੜਕਨ ਬਣ ਜਾਂਦਾ ਹੈ
ਧੜਕਣ ਜੋ
ਅਨੇਕ ਨੂੰ
ਇੱਕ ਵਿਚ ਪਰੋ ਦਿੰਦੀ ਹੈ।
-0-
