ਅਕਾਲੀ ਦਿੱਲੀ ਵਿਚ ਭਾਜਪਾ ਦੀ ਝੋਲੀ ਡਿੱਗੇ

ਸਿਰਫ ਚਾਰ ਸੀਟਾਂ ਮਿਲੀਆਂ
ਦੋ ‘ਤੇ ਹੋਵੇਗਾ ਭਾਜਪਾ ਦਾ ਚੋਣ ਨਿਸ਼ਾਨ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਬ) ਲਈ ਅਜੇ ਦਿੱਲੀ ਬੜੀ ਦੂਰ ਹੈ। ਅਕਾਲੀ ਦਲ ਬੇਸ਼ੱਕ ਹੁਣ ਤੱਕ ਦਿੱਲੀ ਵਿਧਾਨ ਸਭਾ ਦੀਆਂ 16 ਸੀਟਾਂ ‘ਤੇ ਚੋਣ ਲੜਨ ਦੇ ਦਾਅਵੇ ਕਰਦਾ ਆ ਰਿਹਾ ਸੀ ਪਰ ਪੱਲੇ ਸਿਰਫ ਚਾਰ ਸੀਟਾਂ ਹੀ ਪਈਆਂ ਹਨ ਅਤੇ ਉਨ੍ਹਾਂ ਵਿਚੋਂ ਵੀ ਦੋ ਸੀਟਾਂ ‘ਤੇ ਅਕਾਲੀ ਦਲ ਆਪਣੇ ਭਾਈਵਾਲ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜੇਗਾ। ਇਸ ਤਰ੍ਹਾਂ ਅਕਾਲੀ ਦਲ ਦੀਆਂ ਕੌਮੀ ਪਾਰਟੀ ਬਣਨ ਦੀਆਂ ਸਧਰਾਂ ਨੂੰ ਵੱਡਾ ਧੱਕਾ ਲੱਗਾ ਹੈ ਤੇ ਗੱਠਜੋੜ ਵਿਚਾਲੇ ਕਸ਼ਮਕਸ਼ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿਚੋਂ ਰਾਜੌਰੀ ਗਾਰਡਨ ਹਲਕੇ ਤੋਂ ਮਨਜਿੰਦਰ ਸਿੰਘ ਸਿਰਸਾ ਤੇ ਹਰੀਨਗਰ ਹਲਕੇ ਤੋਂ ਸ਼ਾਮ ਸ਼ਰਮਾ ‘ਤੱਕੜੀ’ ਨਿਸ਼ਾਨ ਉਤੇ ਚੋਣ ਲੜਨਗੇ ਜਦੋਂਕਿ ਕਾਲਕਾ ਜੀ ਹਲਕੇ ਤੋਂ ਹਰਮੀਤ ਸਿੰਘ ਕਾਲਕਾ ਤੇ ਸ਼ਾਹਦਰਾ ਹਲਕੇ ਤੋਂ ਜਤਿੰਦਰ ਸਿੰਘ ਸ਼ੰਟੀ ਭਾਜਪਾ ਦੇ ਚੋਣ ਨਿਸ਼ਾਨ ‘ਕਮਲ ਦੇ ਫੁੱਲ’ ਉਤੇ ਚੋਣ ਲੜਨਗੇ। ਭਾਜਪਾ ਦੇ ਨਿਸ਼ਾਨ ‘ਤੇ ਚੋਣ ਲੜਨ ਵਾਲੇ ਅਕਾਲੀ ਉਮੀਦਵਾਰ ਤਕਨੀਕੀ ਤੌਰ ‘ਤੇ ਭਾਜਪਾ ਦੇ ਉਮੀਦਵਾਰ ਹੀ ਮੰਨੇ ਜਾਣਗੇ ਤੇ ਉਨ੍ਹਾਂ ਨੂੰ ਪਈਆਂ ਵੋਟਾਂ ਭਾਜਪਾ ਦੇ ਖਾਤੇ ਵਿਚ ਹੀ ਜਾਣਗੀਆਂ।
ਪਿਛਲੇ ਸਮੇਂ ਦੌਰਾਨ ਹਰ ਮੋਰਚਾ ਫਤਹਿ ਕਰਨ ਤੋਂ ਬਾਅਦ ਅਕਾਲੀ ਦਲ ਨੇ ਬਾਹਰਲੇ ਸੂਬਿਆਂ ਵਿਚ ਪੈਰ ਪਸਾਰਨ ਦੀ ਰਣਨੀਤੀ ਬਣਾਈ ਸੀ ਪਰ ਇਹ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੀ ਠੁੱਸ ਹੋ ਗਈ ਹੈ। ਪੰਜਾਬ ਤੋਂ ਬਾਅਦ ਦਿੱਲੀ ਵਿਚ ਹੀ ਅਕਾਲੀ ਦਲ ਦੇ ਆਧਾਰ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਪਰ ਦਲ ਦੇ ਭਾਈਵਾਲ ਭਾਜਪਾ ਨੇ ਬਾਦਲਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਅਕਾਲੀ ਦਲ ਦੇ ਹੌਸਲੇ ਇਸ ਕਦਰ ਬੁਲੰਦ ਸਨ ਕਿ ਇਕ ਵਾਰ ਤਾਂ ਦਿੱਲੀ ਇਕਾਈ ਦੇ ਆਗੂਆਂ ਨੇ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਪੱਲੇ ਸਿਰਫ ਚਾਰ ਹੀ ਪਈਆਂ।
ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਬਾਹਰਲੇ ਸੂਬਿਆਂ ਵਿਚ ਸਿੱਖ ਮੁੱਦਿਆਂ ‘ਤੇ ਸਿਆਸਤ ਕਰਨਾ ਚਾਹੁੰਦਾ ਹੈ ਪਰ ਪੰਜਾਬ ਵਿਚਲੇ ਹਾਲਾਤ ਨੂੰ ਵੇਖਦਿਆਂ ਦਿੱਲੀ ਜਾਂ ਹੋਰ ਸੂਬਿਆਂ ਦੇ ਸਿੱਖ ਦਲ ਦੀਆਂ ਨੀਤੀਆਂ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਨਵੰਬਰ ਚੁਰਾਸੀ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ ਪਰ ਸਿੱਖ ਕਤਲੇਆਮ ਦੇ ਪੀੜਤ ਅਕਾਲੀਆਂ ਤੋਂ ਵੀ ਖਫਾ ਹਨ। ਅਕਾਲੀ ਦਲ ਅੱਗੇ ਸਵਾਲ ਹੈ ਕਿ ਉਨ੍ਹਾਂ ਨੇ ਹੁਣ ਤੱਕ ਪੀੜਤਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਕਿਉਂ ਨਾ ਲਾਈ?
ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਇਹ ਨਹੀਂ ਚਾਹੁੰਦੀ ਕਿ ਅਕਾਲੀ ਦਲ ਹੋਰ ਸੂਬਿਆਂ ਵਿਚ ਆਪਣੇ ਪੈਰ ਪਸਾਰੇ। ਇਸੇ ਲਈ ਹੀ ਭਾਜਪਾ ਖੁਦ ਵੱਧ ਤੋਂ ਵੱਧ ਸਿੱਖ ਅਤੇ ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਰਹੀ ਹੈ। ਰਾਜਸਥਾਨ ਦਾ ਜ਼ਿਲ੍ਹਾ ਸ੍ਰੀ ਗੰਗਾਨਗਰ ਇਸ ਦੀ ਵੱਡੀ ਮਿਸਾਲ ਹੈ ਜਿੱਥੇ ਭਾਜਪਾ ਨੇ 50 ਫੀਸਦੀ ਸੀਟਾਂ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਦਿੱਤੀਆਂ ਹਨ। ਦਿੱਲੀ ਵਿਚ ਵੀ ਭਾਜਪਾ ਨੇ ਦਰਜਨ ਦੇ ਕਰੀਬ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ।
ਉਂਜ ਅਕਾਲੀ ਦਲ ਵੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਬਾਹਰਲੇ ਸੂਬਿਆਂ ਵਿਚ ਉਹ ਹਿੰਦੂ ਵੋਟ ਨਹੀਂ ਖਿੱਚ ਸਕਦਾ ਤੇ ਸਿੱਖਾਂ ਵਿਚੋਂ ਵੀ ਬਹੁ-ਗਿਣਤੀ ਵੋਟਰਾਂ ਦੀ ਸੁਰ ਅਕਾਲੀਆਂ ਦੇ ਵਿਰੁਧ ਹੈ। ਪੰਜਾਬ ਤੇ ਸਿੱਖਾਂ ਦੇ ਅਹਿਮ ਮੁੱਦਿਆਂ ‘ਤੇ ਅਕਾਲੀ ਦਲ ਦਾ ਕੋਈ ਸਪਸ਼ਟ ਸਟੈਂਡ ਨਾ ਹੋਣ ਕਾਰਨ ਅਕਾਲੀ ਦਲ ਦੇ ਅਕਸ ਨੂੰ ਧੱਕਾ ਲੱਗਾ ਹੈ ਅਤੇ ਇਹ ਸਿੱਖਾਂ ਦੀ ਸਰਬ-ਪ੍ਰਵਾਨਿਤ ਧਿਰ ਨਹੀਂ ਬਣ ਸਕਿਆ। ਇਸੇ ਕਰ ਕੇ ਦਲ ਨੇ ਹੁਣ ਧਰਮ ਨਿਰਪੱਖਤਾ ਦਾ ਚੋਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਇਸ ਨੂੰ ਫਿਲਹਾਲ ਰਾਸ ਨਹੀਂ ਆ ਰਿਹਾ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ ਕਿ ਦੋ ਆਗੂਆਂ ਨੂੰ ਭਾਜਪਾ ਦੀ ਟਿਕਟ ‘ਤੇ ਚੋਣ ਲੜਾਉਣ ਦਾ ਫੈਸਲਾ ਵੱਧ ਤੋਂ ਵੱਧ ਜਿੱਤਾਂ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ਅਕਾਲੀ ਦਲ ਚੋਣਾਂ ਵਿਚ ਜਿਹੜੇ ਮੁੱਦੇ ਉਠਾਵੇਗਾ, ਉਨ੍ਹਾਂ ਵਿਚ ਪੰਜਾਬੀ ਭਾਸ਼ਾ ਨੂੰ ਬਰਾਬਰ ਹੱਕ ਦੇਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੌਮੀ ਰਾਜਧਾਨੀ ਵਿਚ ਪੰਜਾਬੀ ਨਾਲ ‘ਮਤਰੇਈ ਮਾਂ’ ਵਾਲਾ ਸਲੂਕ ਹੋ ਰਿਹਾ ਹੈ। ਜੇ ਚੋਣਾਂ ਵਿਚ ਭਾਜਪਾ-ਅਕਾਲੀ ਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਦਲ ਵੱਲੋਂ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ‘ਤੇ ਜ਼ੋਰ ਦਿੱਤਾ ਜਾਵੇਗਾ ਤੇ ਨਾਲ ਹੀ ਹੋਰ ਮੁੱਦੇ ਜਿਵੇਂ ਘੱਟ-ਗਿਣਤੀਆਂ ਲਈ ਭਲਾਈ ਸਕੀਮਾਂ ਤੇ ਅਮਨ ਕਾਨੂੰਨ ਦੀ ਹਾਲਤ ਸੁਧਾਰਨ ਲਈ ਵੀ ਕੰਮ ਕੀਤਾ ਜਾਵੇਗਾ। ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਵਿਚ ਸਾਫ ਸੁਥਰੇ ਅਕਸ ਵਾਲੇ ਪੜ੍ਹੇ-ਲਿਖੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਦਾ ਫੈਸਲਾ ਕੀਤਾ ਸੀ ਜਿਸ ਦੇ ਮੱਦੇਨਜ਼ਰ ਇਨ੍ਹਾਂ ਚਾਰਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।

Be the first to comment

Leave a Reply

Your email address will not be published.