ਡਾæ ਪਰਮਜੀਤ ਸਿੰਘ ਮਾਨਸਾ
ਸਿੱਖ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ‘ਤੇ 15 ਅਪ੍ਰੈਲ ਸੰਨ 1469 ਈ ਨੂੰ ਰਾਇਭੋਇ ਦੀ ਤਲਵੰਡੀ ਵਿਚ ਹੋਇਆ ਮੰਨਿਆ ਜਾਂਦਾ ਹੈ। ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ‘ਤੇ ਹੋਣ ਵਾਲੀ ਰਾਤ ਨੂੰ ਇਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਸੁੰਦਰ ਸ਼ਬਦਾਂ ਵਿਚ ਅੰਕਿਤ ਕਰਦਾ ਹੈ।
ਉਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ।
ਅੱਲ੍ਹਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ।
ਬੇਗ਼ਮ ਝੂਟ ਜਗਾਇਆ ਪੁੱਛਿਆ ਨਾਲ ਪਿਆਰ।
ਕੀ ਤਕਦਾ ਹਾਂ ਖ਼ਾਬ ਵਿਚ ਬੋਲਿਆ ਤੇ ਵਿਚਕਾਰ।
ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ।
ਤਲਵੰਡੀ ‘ਤੇ ਡਿਗਿਆ ਚਮਕ ਅਜਾਇਬ ਮਾਰ।
ਵਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ।
ਰੁੜ੍ਹਿਆ ਜਾਵਾਂ ਉਸ ਵਿਚ ਕੰਢਾ ਹੱਥ ਨਾ ਆਵੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ,
ਬਲਿਓ ਚਰਾਗੁ ਅੰਧ´ਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥
(ਪੰਨਾ 1387)
ਭਾਈ ਗੁਰਦਾਸ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਵਿਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹਨੇਰਾ ਖੰਭ ਲਾ ਕੇ ਉਡ ਜਾਂਦਾ ਹੈ,
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
(ਵਾਰ ਪਹਿਲੀ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਧਰਤੀ ‘ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨ ਦੀ ਧੁੰਧ ਖ਼ਤਮ ਹੋਣ ਲੱਗੀ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ। ਜੋਗੀ-ਜੰਗਮ, ਇੰਦ੍ਰ, ਭਗਤ ਪ੍ਰਹਿਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ ਆਦਿ ਸਭ ਗਾਉਣ ਲੱਗੇ,
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1389)
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਭਾਰਤ ਦੀ ਅੰਦਰੂਨੀ ਹਾਲਤ ਮੰਦੀ ਸੀ। ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਖੋਂ ਭਾਰਤ ਆਪਣਾ ਅਸਲੀ ਵਜੂਦ ਖੋ ਚੁਕਾ ਸੀ। ਧਾਰਮਿਕ ਆਗੂ ਆਪਣਾ ਧੀਰਜ ਗਵਾ ਚੁਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਨ੍ਹਾਂ ਪ੍ਰਥਾਏ ਗੁਰੂ ਜੀ ਨੇ ਕਿਹਾ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
(ਗੁਰੂ ਗ੍ਰੰਥ ਸਾਹਿਬ, ਪੰਨਾ 662)
ਸਮਾਜ ਵਰਣ-ਵਿਵਸਥਾ ਵਿਚ ਵੰਡਿਆ ਹੋਇਆ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਬਾਦਿਨ ਨਿਘਰਦੀ ਗਈ ਤੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜ੍ਹੀ,
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥ (ਪੰਨਾ 15)
ਉਸ ਜ਼ਮਾਨੇ ਵਿਚ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਸਮਾਜ ਨੂੰ ਵਿਕ੍ਰਿਤ ਕਰ ਦਿੱਤਾ ਸੀ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦਾ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ ਅਤੇ ਇਸ ਨੂੰ ਮੰਦਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲ ਨਾਲ ਬੋਧੀ ਵੀ ਮੂਰਤੀ ਪੂਜਾ ਕਰਨ ਲੱਗੇ ਸਨ।
ਬਾਬੇ ਨਾਨਕ ਨੇ ਧਾਰਮਿਕ ਅਧੋਗਤੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਜਗਤ-ਜਲੰਦੇ ਨੂੰ ਠਾਰਣ ਲਈ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਵਾਸਤੇ ਤਿੰਨ ਉਦਾਸੀਆਂ ਕੀਤੀਆਂ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਉਨ੍ਹਾਂ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ। ਉਨ੍ਹਾਂ ਰੱਤ ਪੀਣੇ ਰਾਜਿਆਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਾਰਿੰਦਿਆਂ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕੀਤੀ,
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
(ਪੰਨਾ 1288)
ਉਸ ਸਮੇਂ ਦੀ ਰਾਜਨੀਤੀ ਧਾਰਮਿਕ ਕੱਟੜਪੁਣੇ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿਚ ਇਸਲਾਮੀ ਰਾਜ ਕਾਇਮ ਕਰਨ ਦੇ ਨਾਲ-ਨਾਲ ਆਪਣੇ ਧਰਮ ਨੂੰ ਵੀ ਸਥਾਪਿਤ ਕਰਨਾ ਸੀ। ਉਹ ‘ਅੱਲ੍ਹਾ ਹੂ’ ਦੀ ਗੂੰਜ ਧਾਰਮਿਕ ਸਥਾਨਾਂ ਵਿਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਇਕ ਦਿਨ ਵਿਚ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।
ਮੈਕਾਲਿਫ਼ ਨੇ ਲਿਖਿਆ ਹੈ ਕਿ ਫਿਰੋਜ਼ਦੀਨ ਤੁਗਲਕ ਨੇ ਮਾਲਵਾ ਨਗਰ ਨੂੰ ਦੋ ਵਾਰੀ ਇਸ ਤਰ੍ਹਾਂ ਲੁੱਟਿਆ ਕਿ ਸ਼ਹਿਰ ਵਿਚ ਮਿੱਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਸੀ ਆਉਂਦਾ। ਭਾਰਤੀਆਂ ਨੂੰ ਉਚ ਅਹੁਦਿਆਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁਸਲਮਾਨ ਬਣਾਇਆ ਗਿਆ। ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦਿਆਂ ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਭਾਈ ਮਰਦਾਨੇ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਅਤੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਅਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ,
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ ਪਹਿਲੀ)
ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ਵਿਚ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ।
ਗੁਰੂ ਨਾਨਕ ਦੀ ਲੋਕ ਉਧਾਰ ਦੀ ਜੁਗਤੀ ਇਹ ਸੀ ਕਿ ਉਹ ਕਿਸੇ ਧਰਮ ਉਤਸਵ ‘ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦਿੰਦੇ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਇਸ ਭਰਮ ਦਾ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।
ਗੁਰੂ ਸਾਹਿਬ ਦੀ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋæ ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1507 ਤੋਂ 1515 ਈਸਵੀ (8 ਸਾਲ) ਸੀ। ਇਸ ਯਾਤਰਾ ਦੌਰਾਨ ਆਪ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫਰ ਕੀਤਾ। ਉਨ੍ਹਾਂ ਪ੍ਰਸਿੱਧ ਹਿੰਦੂ ਤੀਰਥਾਂ-ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ।
ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ‘ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲਾ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨੇ ਦਾ ਪਰਿਵਾਰ ਵੀ ਇਥੇ ਹੀ ਆ ਵਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।
ਪ੍ਰੋæ ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਤੇ, ਜਿਥੇ ਕੁਝ ਸਿੱਧਾਂ ਨਾਲ ਉਨ੍ਹਾਂ ਦਾ ਸੰਵਾਦ ਹੋਇਆ। ਭਾਈ ਗੁਰਦਾਸ ਦਾ ਕਥਨ ਹੈ,
ਫਿਰਿ ਜਾਇ ਚੜ੍ਹਿਆ ਸੁਮੇਰ ਪਰਿ
ਸਿਧਿ ਮੰਡਲੀ ਦ੍ਰਿਸਟਿ ਆਈ॥
(ਵਾਰ ਪਹਿਲੀ)
ਤੀਜੀ ਉਦਾਸੀ ਸੰਨ 1518 ਤੋਂ 1521 ਤਕ ਹੈ, ਗੁਰੂ ਸਾਹਿਬ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਕਹਿੰਦੇ ਹਨ,
ਬਾਬਾ ਫਿਰਿ ਮੱਕੇ ਗਇਆ
ਨੀਲ ਬਸਤ੍ਰ ਧਾਰੇ ਬਨਵਾਰੀ॥
(ਵਾਰ ਪਹਿਲੀ)
ਓਪਰੀਆਂ ਧਰਤੀਆਂ, ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਂਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਵਿਚ ਹਾਜ਼ੀਆਂ ਨਾਲ ਵਿਚਾਰ-ਵਟਾਂਦਰਾ ਹੋਇਆ, ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਤੇ ਬਸਰੇ ਗਏ। ਉਥੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਣਨ ਭਾਈ ਗੁਰਦਾਸ ਨੇ ਕੀਤਾ ਹੈ,
ਫਿਰਿ ਬਾਬਾ ਗਇਆ ਬਗਦਾਦਿ ਨੋ
ਬਾਹਰਿ ਜਾਇ ਕੀਆ ਅਸਥਾਨਾ॥
ਇਕੁ ਬਾਬਾ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ॥
(ਵਾਰ ਪਹਿਲੀ)
ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ’ ਦੱਸਦੇ ਹੋਏ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ ਅਤੇ ਉਥੋਂ ਐਮਨਾਬਾਦ ਤੇ ਫਿਰ ਕਰਤਾਰਪੁਰ। ਇਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ।
ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਕੀਤਾ। ਬਾਬਰ ਦੇ ਲੋਕਾਂ ਉਪਰ ਢਾਹੇ ਜ਼ੁਲਮਾਂ ਵਿਰੁਧ ਰੱਬ ਨੂੰ ਉਲਾਮਾ ਦਿੱਤਾ,
ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ॥
ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਸਾਲ ਗੁਰੂ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ ਜਿਥੇ ਉਨ੍ਹਾਂ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦਿੰਦੇ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਲਈ ਆਖਦੇ। ਭਾਈ ਮਰਦਾਨੇ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ,
ਗਿਆਨੁ ਗੋਸਟਿ ਚਰਚਾ ਸਦਾ
ਅਨਹਦਿ ਸਬਦਿ ਉਠੇ ਧਨੁਕਾਰਾ॥
(ਵਾਰ ਪਹਿਲੀ)
ਇਥੇ ਹੀ ਗੁਰੂ ਨਾਨਕ ਦਾ ਦੀਦਾਰ ਕਰਨ ਭਾਈ ਲਹਿਣਾ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਹੋ ਨਿਬੜੇ। 7 ਸਤੰਬਰ ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ (ਸ੍ਰੀ ਗੁਰੂ ਅੰਗਦ ਦੇਵ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ,
ਸੂਰਜ ਕਿਰਣਿ ਮਿਲੇ
ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ
ਸੰਪੂਰਨੁ ਥੀਆ ਰਾਮ॥ (ਪੰਨਾ 846)
Leave a Reply