ਭਾਰਤ ਹੌਲੀ-ਹੌਲੀ ਉਨ੍ਹਾਂ ਦੇਸ਼ਾਂ ਵਿਚ ਸ਼ਾਮਿਲ ਹੋ ਰਿਹਾ ਹੈ ਜਿਥੋਂ ਦੀ ਜਨਤਾ ਦਾ ਲੋਕਤੰਤਰ ਵਿਚ ਵਿਸ਼ਵਾਸ ਘਟਦਾ ਜਾ ਰਿਹਾ ਹੈ।
ਮਹਾਰਾਸ਼ਟਰ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੇ ਇਕ ਵਾਰ ਫਿਰ ਨਵੇਂ ਵਿਵਾਦਾਂ ਨੂੰ ਜਨਮ ਦੇ ਦਿੱਤਾ ਹੈ।
ਇਨ੍ਹਾਂ ਚੋਣਾਂ ਵਿਚ ਭਾਜਪਾ ਤੇ ਉਸ ਦੀ ਸਹਿਯੋਗੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੇ ਇਕ ਜਾਂ ਦੋ ਸਥਾਨਕ ਸੰਸਥਾਵਾਂ ਨੂੰ ਛੱਡ ਕੇ ਬਾਕੀ ਸਭ ਥਾਵਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਹੁਣ ਮਹਾਰਾਸ਼ਟਰ ‘ਚ ਟ੍ਰਿਪਲ-ਇੰਜਣ ਸਰਕਾਰ ਬਣ ਗਈ ਹੈ, ਮਤਲਬ ਕੇਂਦਰ, ਰਾਜ ਤੇ ਸਥਾਨਕ ਸੰਸਥਾਵਾਂ ਵਿਚ ਇਕੋ ਪਾਰਟੀ ਦੀ ਸੱਤਾ ਹੋਵੇਗੀ। ਵਿਰੋਧੀ ਧਿਰ ਖਾਸ ਕਰਕੇ ਊਧਵ ਠਾਕਰੇ ਦੀ ਸ਼ਿਵ ਸੈਨਾ, ਮਹਾਰਾਸ਼ਟਰ ਨਵਨਿਰਮਾਣ ਸੈਨਾ ਤੇ ਕਾਂਗਰਸ ਇਸ ਨੂੰ ਸਾਫ਼-ਸੁਥਰੀ ਜਿੱਤ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਵਿਰੋਧੀ ਧਿਰ ਦਾ ਮੁੱਖ ਦੋਸ਼ ਇਹ ਹੈ ਕਿ ਵੋਟ ਪਾਉਣ ਤੋਂ ਬਾਅਦ ਵੋਟਰਾਂ ਦੀਆਂ ਉਂਗਲਾਂ ‘ਤੇ ਲਗਾਈ ਜਾਂਦੀ ਸਿਆਹੀ ਦਾ ਨਿਸ਼ਾਨ 15 ਦਿਨਾਂ ਤੱਕ ਨਹੀਂ ਮਿਟਣਾ ਚਾਹੀਦਾ, ਪਰ ਇਨ੍ਹਾਂ ਚੋਣਾਂ ਦੌਰਾਨ ਵਰਤੀ ਗਈ ਸਿਆਹੀ ਨੂੰ ‘ਸੈਨੀਟਾਈਜ਼ਰ ‘ਜਾਂ ਇੰਕ ਰਿਮੂਵਰ’ ਨਾਲ ਆਸਾਨੀ ਨਾਲ ਮਿਟਾਇਆ ਜਾ ਸਕਦਾ ਹੈ। ਇਸ ਸਿਆਹੀ ਵਿਵਾਦ ਬਾਰੇ ਰਾਹੁਲ ਗਾਂਧੀ ਨੇ ਐਕਸ ‘ਤੇ ਪੋਸਟ ਕਰਕੇ ਕਿਹਾ ਹੈ ਕਿ ਇਹ ਚੋਣ ਕਮਿਸ਼ਨ ਦਾ ਲੋਕਤੰਤਰ ‘ਤੇ ਹਮਲਾ ਹੈ ਤੇ ਵੋਟ ਚੋਰੀ ਇਕ ਰਾਸ਼ਟਰ ਵਿਰੋਧੀ ਕਾਰਵਾਈ ਹੈ। ਮੁੱਖ ਮੰਤਰੀ ਫੜਨਵੀਸ ਦਾ ਕਹਿਣਾ ਹੈ ਕਿ ਅਕਸਰ ਸਿਆਹੀ ਫਿੱਕੀ ਨਹੀਂ ਪੈਂਦੀ, ਪਰ ਮੇਰੀ ਉਂਗਲੀ ਤੋਂ ਵੀ ਸਿਆਹੀ ਫਿੱਕੀ ਪੈ ਗਈ ਹੈ। ਮੈਂ ਇਸ ਨੂੰ ਹਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ; ਸਿਰਫ਼ ਨਹਾਇਆ ਹੈ ਤੇ ਇਹ ਉਂਗਲ ਤੋਂ ਹਟ ਗਈ। ਸਿਆਹੀ ਬਾਰੇ ਕਈ ਸ਼ਿਕਾਇਤਾਂ ਉੱਠਣ ਕਰਕੇ ਇਸ ਨੂੰ ਨਿਰਪੱਖ ਚੋਣਾਂ ਨਹੀਂ ਕਿਹਾ ਜਾ ਸਕਦਾ। ਇਕ ਵਿਅਕਤੀ ਦੋ ਵਾਰ ਵੋਟ ਪਾਉਂਦੇ ਵੀ ਫੜਿਆ ਗਿਆ ਹੈ।
ਸਵਾਲ ਇਹ ਹੈ ਕਿ, ਕੀ ਇਨ੍ਹਾਂ ਦੋਸ਼ਾਂ ‘ਚ ਕੋਈ ਦਮ ਹੈ। ਦਰਅਸਲ ਦੋਸ਼ਾਂ ਬਾਰੇ ਦੋ ਗੱਲਾਂ ਸਾਹਮਣੇ ਆਈਆਂ ਹਨ, ਇਨ੍ਹਾਂ ‘ਚੋਂ ਇਕ ‘ਮੁੰਬਈ ਮਿਰਰ’ ਵਿਚ ਪ੍ਰਕਾਸ਼ਤ ਹੋਈ ਸੀ। ‘ਮਿਰਰ’ ਅਨੁਸਾਰ ਪਹਿਲਾਂ ਚੋਣ ਕਮਿਸ਼ਨਰ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ, ਪਰ ਦਬਾਅ ਵਧਣ ‘ਤੇ ਰਾਜ ਚੋਣ ਕਮਿਸ਼ਨਰ ਦਿਨੇਸ਼ ਵਾਘਮਾਰੇ ਨੇ ਕਿਹਾ ਕਿ ਅਸੀਂ ਚੈੱਕ ਕਰਾਂਗੇ ਕਿ, ਕੀ ਨਹੁੰਆਂ ‘ਤੇ ਲੱਗਣ ਵਾਲੀ ਸਿਆਹੀ ‘ਚ ਸਿਲਵਰ ਨਾਈਟ੍ਰੇਟ ਨਾਮਕ ਰਸਾਇਣ ਦੀ ਮਾਤਰਾ ਪੂਰੀ ਸੀ ਕਿ ਨਹੀਂ। ਵਾਘਮਾਰੇ ਨੇ ਦੱਸਿਆ ਕਿ ਪੋਲਿੰਗ ਬੂਥਾਂ ‘ਤੇ ਸਿਆਹੀ ਲਗਾਉਣ ਲਈ ਵਰਤੇ ਜਾਣ ਵਾਲੇ ਮਾਰਕਰ ਪੈੱਨਾਂ ਦੇ ਨਮੂਨੇ ਲਏ ਗਏ ਹਨ ਤੇ ਪੈੱਨ ਸਪਲਾਈ ਕਰਨ ਵਾਲੀ ਕੰਪਨੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਦਰਅਸਲ ਸਾਨੂੰ ਮਹਾਰਾਸ਼ਟਰ ਵਿਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੀ ਜਿੱਤ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਐੱਸ.ਆਈ.ਆਰ. ਦੀ ਮਦਦ ਨਾਲ ਜਿੱਤਣ ਦੇ ਮੱਦੇਨਜ਼ਰ ਦੇਖਣਾ ਚਾਹੀਦਾ ਹੈ। ਦਰਅਸਲ ਭਾਜਪਾ ਦੋ ਪੱਧਰਾਂ ‘ਤੇ ਚੋਣਾਂ ਜਿੱਤਣ ਦਾ ਪ੍ਰਬੰਧ ਕਰਦੀ ਹੈ, ਪਹਿਲਾ ਮਾਇਕਰੋ (ਸੂਖਮ) ਭਾਵ ਬਹੁਤ ਛੋਟੇ-ਛੋਟੇ ਮੁਕਾਮਾਂ ‘ਤੇ ਬੜੀ ਬਾਰੀਕੀ ਨਾਲ ਅਜਿਹੀਆਂ ਥਾਵਾਂ ‘ਤੇ ਚੋਣਾਂ ਜਿੱਤਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਵਿਰੋਧੀਆਂ ਦੀ ਨਜ਼ਰ ਨਹੀਂ ਜਾਂਦੀ ਅਤੇ ਉਹ ਇਸ ਤਰ੍ਹਾਂ ਦੀ ਹੇਰਾਫੇਰੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਦੂਜਾ ਮੈਕਰੋ (ਵੱਡੇ ਪੱਧਰ) ‘ਤੇ ਇਕਮੁਸ਼ਤ ਬੇਨਿਯਮੀਆਂ ਕਰਕੇ ਚੋਣ ਹਲਕਿਆਂ ‘ਚ ਵੱਡੇ ਪੱਧਰ ‘ਤੇ ਵੋਟਾਂ ਨੂੰ ਕੱਟਣਾ ਤੇ ਫਿਰ ਜੋੜਨਾ। ਇਹ ਮਾਈਕਰੋ ਤੇ ਮੈਕਰੋ ਪੱਧਰ ਆਪਸ ਵਿਚ ਜੁੜੇ ਹੋਏ ਹੁੰਦੇ ਹਨ, ਜੋ ਇਕ-ਦੂਜੇ ਲਈ ਜ਼ਮੀਨ ਸਾਫ਼ ਕਰਦੇ ਹਨ। ਇਨ੍ਹਾਂ ਛੋਟੀਆਂ ਤੇ ਵੱਡੀਆਂ ਹੇਰਾਫੇਰੀਆਂ ਵਿਚਕਾਰ ਆਪਸੀ ਸੰਬੰਧ ਨੂੰ ਇਕ ਉਦਾਹਰਣ ਰਾਹੀਂ ਸਮਝ ਸਕਦੇ ਹਾਂ। ਜਦੋਂ ਬਿਹਾਰ ‘ਚ ਐੱਸ.ਆਈ.ਆਰ. ਤਹਿਤ 128 ਵਿਧਾਨ ਸਭਾ ਸੀਟਾਂ ‘ਚ ਵੱਡੀ ਗਿਣਤੀ ‘ਚ ਵੋਟਾਂ ਕੱਟੀਆਂ ਗਈਆਂ ਤਾਂ ਵਿਰੋਧੀ ਧਿਰ ਨੇ ਦੋਸ਼ ਲਗਾਉਂਦਿਆਂ ਹੰਗਾਮਾ ਕੀਤਾ ਸੀ। ਉਸ ਸਮੇਂ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਇੰਨਾ ਹੰਗਾਮਾ ਕਿਉਂ ਕਰ ਰਹੇ ਹੋ? ਜੇਕਰ ਵੋਟਾਂ ਕੱਟੀਆਂ ਗਈਆਂ ਹਨ ਤੇ ਕੋਈ ਗਲਤੀ ਹੋਈ ਹੈ ਤਾਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਉਨ੍ਹਾਂ ਨੂੰ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਵੋਟਾਂ ਮੁੜ ਜੋੜ ਦਿੱਤੀਆਂ ਜਾਣਗੀਆਂ। ਬਿਹਾਰ ਦੀਆਂ 243 ਸੀਟਾਂ ‘ਚ 65 ਲੱਖ ਵੋਟਾਂ ਕੱਟੀਆਂ ਗਈਆਂ ਸਨ। ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਸਨ, ਜਦੋਂ ਉਨ੍ਹਾਂ ਆਪਣੀਆਂ ਵੋਟਾਂ ਮੁੜ ਦਰਜ ਕਰਵਾਉਣ ਲਈ ‘ਫਾਰਮ 6 ਭਰਿਆ ਤਾਂ ਵੇਖਿਆ ਕਿ ਇਹ ਉਹ ਫਾਰਮ 6 ਨਹੀਂ ਸੀ ਜੋ ਰਵਾਇਤੀ ਤੌਰ ‘ਤੇ ਵਰਤਿਆ ਜਾਂਦਾ ਰਿਹਾ ਹੈ। ਪਹਿਲਾਂ ਵਾਲਾ ਫਾਰਮ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ, ਜਦਕਿ ਇਸ ਵਾਰ ਚੋਣ ਕਮਿਸ਼ਨ ਨੇ ਉਕਤ ਫਾਰਮ ਆਪਣੇ-ਆਪ ਬਦਲ ਦਿੱਤਾ।
ਜ਼ਿਕਰਯੋਗ ਹੈ ਕਿ ਫਾਰਮ 6 ਉਨ੍ਹਾਂ ਵੋਟਰਾਂ (18 ਸਾਲ) ਲਈ ਹੁੰਦਾ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਵੋਟ ਨਹੀਂ ਪਾਈ ਹੁੰਦੀ, ਜਦਕਿ 65 ਲੱਖ ਵੋਟਾਂ ਤਾਂ ਪੁਰਾਣੇ ਵੋਟਰਾਂ ਦੀਆਂ ਕੱਟੀਆਂ ਗਈਆਂ ਸਨ। ਜੇਕਰ ਉਹ ਆਪਣੀ ਵੋਟ ਦੁਬਾਰਾ ਬਣਵਾਉਣਾ ਚਾਹੁੰਦੇ ਹਨ ਤਾਂ ਉਕਤ ਫਾਰਮ ਉਨ੍ਹਾਂ ਨੂੰ ਝੂਠ ਬੋਲਣ ਲਈ ਮਜਬੂਰ ਕਰਦਾ ਹੈ। ਫਿਰ ਉਨ੍ਹਾਂ ਨੂੰ ਇਸ ਫਾਰਮ ਲਈ ਲੋੜੀਂਦੇ ਵੱਖ-ਵੱਖ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਲੋੜ ਪਵੇਗੀ, ਜਦਕਿ ਪਿਛਲੇ ਫਾਰਮ ‘ਚ ਆਧਾਰ ਵਰਗੇ ਸਰਟੀਫਿਕੇਟਾਂ ਤੋਂ ਇਲਾਵਾ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਸੀ। ਇਸ ਮੁੱਦੇ ਨੂੰ ਭਾਜਪਾ, ਕਾਂਗਰਸ ਜਾਂ ਸਮਾਜਵਾਦੀ ਪਾਰਟੀ ਦੇ ਸਮਰਥਕ ਵਜੋਂ ਨਹੀਂ ਦੇਖਣਾ ਚਾਹੀਦਾ। ਵਿਚਾਰ ਕਰਨਾ ਪਵੇਗਾ ਕਿ ਕੀ ਚੋਣ ਕਮਿਸ਼ਨ ਐੱਸ.ਆਈ.ਆਰ. ਰਾਹੀਂ ਆਜ਼ਾਦ ਤੇ ਨਿਰਪੱਖ ਚੋਣਾਂ ਦੀ ਗਾਰੰਟੀ ਦੇ ਰਿਹਾ ਹੈ। ਹੁਣ ਉੱਤਰ ਪ੍ਰਦੇਸ਼ ‘ਚ ਉਸੇ ਫਾਰਮ 6 ਦੀ ਵਰਤੋਂ ਕਰਕੇ ਵੋਟਾਂ ਜੋੜਨ ਦੀ ਮੁਹਿੰਮ ਚੱਲ ਰਹੀ ਹੈ, ਜੋ ਬਿਹਾਰ ‘ਚ ਵਰਤੀ ਗਈ ਸੀ। ਮਹਾਰਾਸ਼ਟਰ ਵਿਚ ਅਜਿਹਾ ਕੀ ਕੁਝ ਹੋਇਆ ਹੈ ਉਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਇਲਾਕਿਆਂ ਵਿਚ ਹਜ਼ਾਰਾਂ ਵੋਟਰਾਂ ਦੇ ਨਾਂਅ ਗਾਇਬ ਹਨ, ਜਿੱਥੇ ਸ਼ਿਵ ਸੈਨਾ, ਮਹਾਰਾਸ਼ਟਰ ਨਵਨਿਰਮਾਣ ਸੈਨਾ ਤੇ ਕਾਂਗਰਸ ਸਮਰਥਕ ਵਧੇਰੇ ਸਨ।
ਅਖੀਰ ਭਾਜਪਾ ਨੇ ਹੌਲੀ-ਹੌਲੀ ਵੱਖ-ਵੱਖ ਪ੍ਰਯੋਗਾਂ ਰਾਹੀਂ ਉਸ ਹੱਥਕੰਢੇ ਨੂੰ ਮੁਕੰਮਲ ਕਰ ਹੀ ਲਿਆ ਹੈ, ਜੋ ਚੋਣਾਂ ਸ਼ੁਰੂ ਹੋਣ ਤੇ ਵੋਟਾਂ ਪੈਣ ਤੋਂ ਪਹਿਲਾਂ ਹੀ ਜਿੱਤ ਨੂੰ ਯਕੀਨੀ ਬਣਾਉਂਦਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਤੇ ਮਹਾਰਾਸ਼ਟਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਤਾਂ ਸਿਰਫ਼ ਇਕ ਸ਼ੁਰੂਆਤੀ ਉਦਾਹਰਣ ਹੈ। ਵੋਟਾਂ ਪਾਉਣ ਤੋਂ ਪਹਿਲਾਂ ਹੀ ਜਿੱਤਣ ਦਾ ਇਹ ਵਰਤਾਰਾ ਇਸ ਸਾਲ ਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਹੋਰ ਵੀ ਸਪੱਸ਼ਟ ਹੋ ਜਾਵੇਗਾ। ਇਸ ਦੌਰਾਨ ਬੰਗਾਲ ਵਿਚ ਹੋਣ ਵਾਲੀਆਂ ਚੋਣਾਂ ਸਭ ਤੋਂ ਅਹਿਮ ਹੋਣਗੀਆਂ।
