ਗੁਲਜ਼ਾਰ ਸਿੰਘ ਸੰਧੂ
ਆਮ ਤੌਰ `ਤੇ ਲੋਹੜੀ ਨੂੰ ਖੁਸ਼ੀਆਂ ਤੇ ਮੌਜ ਮੇਲੇ ਦਾ ਤਿਉਹਾਰ ਮੰਨਿਆ ਜਾਂਦਾ ਹੈþ|
ਮੇਰੇ ਬਚਪਨ ਵਿੱਚ ਇਸ ਸਮੇਂ ਲੋਕ ਨਾਇਕਾਂ ਦੇ ਕਾਰਨਾਮੇ ਗਾ ਕੇ ਸੁਣਾਉਣ ਵਾਲੇ ਕਵੀਸ਼ਰ ਵੱਡੇ ਪਿੰਡਾਂ ਤੇ ਕਸਬਿਆਂ ਦਾ ਮਨ ਮੋਂਹਦੇ ਸਨ| ਪਿੰਡਾਂ ਵਾਲੇ ਸਰੋਤੇ ਅਪਣੀਆਂ ਜੇਬਾਂ ਵਿਚ ਛੋਟੇ ਵੱਡੇ ਸਿੱਕੇ ਪਾ ਕੇ ਉਨ੍ਹਾਂ ਨੂੰ ਸੁਣਨ ਜਾਂਦੇ ਸਨ| ਮਾਪੇ ਆਪਣੇ ਬੱਚਿਆਂ ਨੂੰ ਦੁਆਨੀ, ਚੁਆਨੀ ਜਾਂ ਅਠਨੀ ਦੇ ਕੇ ਮੰਚ ਵੱਲ ਤੋਰ ਦਿੰਦੇ ਸਨ ਤੇ ਗਾਇਕ ਬਾਲਕ ਦਾ ਨਾਂ ਪੁੱਛੇ ਕੇ ਉਸਦਾ ਨਾਂ ਸਾਰੇ ਸਰੋਤਿਆਂ ਨੂੰ ਦਸਦੇ ਸਨ| ਮਾਪੇ ਵੀ ਖੁਸ਼, ਬਾਲਕ ਵੀ ਤੇ ਗਾਇਕ ਵੀ| ਇਹ ਉਹ ਦਿਨ ਸਨ ਜਦ ਰੇਡੀਓ, ਟੈਲੀਵਿਜ਼ਨ ਤੇ ਟੈਲੀਫੋਨ ਹਰ ਕਿਸੇ ਕੋਲ ਨਹੀਂ ਸੀ ਹੁੰਦਾ| ਇਸਦੀ ਆਮਦ ਹੋਈ ਤਾਂ ਜੋੜਨ ਵਾਲਿਆਂ ਨੇ ਹੇਠ ਲਿਖਿਆ ਟੱਪਾ ਵੀ ਜੋੜ ਲਿਆ:
ਜੱਗੇ ਜੱਟ ਨੇ ਸੰਦੂਕੜੀ ਲਿਆਂਦੀ
ਵਿਚ ਬੋਲੇ ਬੰਤੋ ਬਾਹਮਣੀ
ਕਵੀਸ਼ਰ ਲੋਕ ਆਪਣੇ ਨਾਇਕਾਂ ਨੂੰ ਵਡਿਆਉਣ ਲਈ ਢੱਡ ਸਾਰੰਗੀ ਦਾ ਪਰਯੋਗ ਕਰਦੇ| ਦੁੱਲਾ ਭੱਟੀ, ਜੱਗਾ ਡਾਕੂ, ਜੀਉਣਾ ਮੌੜ ਤੇ ਸੁੱਚਾ ਸਿੰਘ ਸੂਰਮਾ ਚੰਗੇ ਕੰਮ ਵੀ ਕਰਦੇ ਤੇ ਮਾੜੇ ਵੀ ਪਰ ਉਹ ਮਾੜੇ ਕੰਮਾਂ ਦੀ ਕਮਾਈ ਲੋੜਵੰਦਾਂ ਤੇ ਗਰੀਬਾਂ ਵਿੱਚ ਵੀ ਪਹੁੰਚਦੀ ਕਰਦੇ ਤੇ ਮਹਿਮਾ ਖੱਟਦੇ ਜਿਸਨੂੰ ਕਵੀਸ਼ਰ ਵਡਿਆਉਂਦੇ| ਸੁਣਨ ਵਾਲੇ ਉਨ੍ਹਾਂ ਦੇ ਮਾੜੇ ਕੰਮ ਭੁੱਲ ਜਾਂਦੇ ਤੇ ਚੰਗਿਆਂ ਨੂੰ ਚੇਤੇ ਕਰਕੇ ਖ਼ੁਸ਼ ਹੁੰਦੇ| ਗਾਉਣ ਵਾਲੇ ਵੀ ਉਨ੍ਹਾਂ ਦਾ ਅਜਿਹਾ ਗੁੱਛਾ ਬੰਨ੍ਹਦੇ ਕਿ ਜਾਨੀ ਚੋਰ ਵਰਗੇ ਵੀ ਪਿਆਰ ਦੇ ਪਾਤਰ ਬਣ ਜਾਂਦੇ|
ਦੁੱਲਾ ਭੱਟੀ ਇਨ੍ਹਾਂ ਦਾ ਸਿਰਤਾਜ ਸੀ| ਉਸਦੇ ਖਾਨਦਾਨ ਦੀ ਮੁਗਲ ਬਾਦਸ਼ਾਹ ਅਕਬਰ ਨਾਲ ਟੱਕਰ ਸੀ| ਉਹ ਸਮਝਦੇ ਸਨ ਕਿ ਜੇ ਬਾਹਰੋਂ ਆਇਆ ਅਕਬਰ ਉਨ੍ਹਾਂ ਦੇ ਦੇਸ਼ ਨਾਲ ਜ਼ਿਆਦਤੀ ਕਰ ਰਿਹਾ ਹੈ ਤਾਂ ਉਹ ਵੀ ਬਾਦਸ਼ਾਹ ਨੂੰ ਲਗਾਨ ਦੇਣ ਤੋਂ ਮੁਨਕਰ ਹੋ ਸਕਦੇ ਹਨ| ਉਨ੍ਹਾਂ ਦੀ ਨਜ਼ਰ ਵਿਚ ਲਗਾਨ ਭਰਨ ਵਾਲੇ ਕਿਸਾਨ ਕਾਇਰ ਸਨ ਜਿਹੜੇ ਆਪਣੇ ਹੱਥਾਂ ਦੀ ਕਮਾਈ ਨੂੰ ਖੱਚਰਾਂ ਉੱਤੇ ਲੱਦ ਕੇ ਬਾਦਸ਼ਾਹ ਕੋਲ ਪਹੁੰਚਦੀ ਕਰਦੇ ਸਨ| ਦੁੱਲੇ ਦਾ ਬਾਪ ਤੇ ਦਾਦਾ ਉਨ੍ਹਾਂ ਦੇ ਮੋਹਰੀ ਸਨ ਜਿਹੜੇ ਉਸ ਸਮੇਂ ਰਾਵੀ ਤੇ ਚਨਾਬ ਵਿਚਲੇ ਇਲਾਕੇ ਦੇ ਮੁਹਤਬਰ ਮੰਨੇ ਜਾਂਦੇ ਸਨ| ਇਸ ਇਲਾਕੇ ਨੂੰ ਸਾਂਦਲਬਾਰ ਕਹਿੰਦੇ ਸਨ| ਦੁੱਲਾ ਹਾਲੀ ਆਪਣੀ ਮਾਂ ਦੇ ਪੇਟ ਵਿਚ ਹੀ ਸੀ ਕਿ ਅਕਬਰ ਨੇ ਉਸਦੇ ਬਾਪ ਤੇ ਦਾਦਾ ਦਾ ਸਿਰ ਕਲਮ ਕਰਵਾ ਕੇ ਉਨ੍ਹਾਂ ਦੀਆਂ ਧੜਾਂ ਵਿਚ ਫੂਸ ਭਰਕੇ ਸਰਕਾਰੀ ਕਿਲੇ ਉੱਤੇ ਟੰਗਵਾ ਦਿੱਤੀਆਂ ਜਿਥੋਂ ਦੀ ਆਮ ਲੋਕ ਲੰਘਦੇ ਸਨ| ਦੁੱਲੇ ਦੀ ਮਾਂ ਲੱਧੀ ਨੇ ਆਪਣੀ ਜਾਨ ਬੇੜੀ ਰਾਹੀਂ ਦਰਿਆ ਪਾਰ ਕਰਕੇ ਬਚਾਈ| ਦੁੱਲੇ ਦਾ ਜਨਮ ਚਾਰ ਮਹੀਨੇ ਪਿੱਛੋਂ ਦਾ ਸੀ|
ਨਿਸ਼ਚੇ ਹੀ ਕਵੀਆਂ ਤੇ ਕਵੀਸ਼ਰਾਂ ਦੀ ਨਜ਼ਰ ਵਿਚ ਦੁੱਲਾ ਭੱਟੀ ਦੀ ਪੇਸ਼ਕਾਰੀ ਲੋਕ ਮਨਾਂ ਨੂੰ ਵਧੇਰੇ ਪ੍ਰਭਾਵਤ ਕਰਦੀ ਸੀ| ਉਹ ਇਸ ਨੂੰ ਵਧੀਆ ਤੇ ਵੱਖਰੇ ਅੰਦਾਜ਼ ਵਿਚ ਗਾ ਕੇ ਪੇਸ਼ ਕਰਦੇ|
ਦੁੱਲੇ ਦੀਆਂ ਰਗਾਂ ਵਿਚ ਬਾਪ ਦਾਦੇ ਦਾ ਖੂਨ ਹੋਣ ਸਦਕਾ ਉਹ ਬਚਪਨ ਤੋਂ ਹੀ ਵੱਖਰਾ ਤੇ ਅਲਬੇਲਾ ਸੀ| ਉਸਦਾ ਸਭ ਤੋਂ ਪਹਿਲਾਂ ਹਥਿਆਰ ਗੁਲੇਲਾ ਸੀ ਤੇ ਉਸਨੇ ਖੂਹਾਂ ਤੋਂ ਪੀਣ ਵਾਲਾ ਪਾਣੀ ਲਿਜਾ ਰਹੀਆਂ ਮਹਿਲਾਵਾਂ ਦੇ ਘੜਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ| ਉਹ ਆਪਣੇ ਅਮਲ ਦਾ ਆਨੰਦ ਲੈ ਰਿਹਾ ਸੀ ਕਿ ਇੱਕ ਮਿਰਾਸਣ ਦੇ ਮਿਹਣੇ ਨੇ ਉਸਦੀ ਫੂਕ ਕੱਢ ਦਿੱਤੀ| ਕਿੱਸਾਕਾਰਾਂ ਦੇ ਕਥਨ ਅਨੁਸਾਰ ਉਸ ਮਿਰਾਸਣ ਨੇ ਦੁੱਲੇ ਨੂੰ ਵੰਗਾਰਿਆ ਕਿ ਉਹ ਗਰੀਬਾਂ ਦੇ ਘੜਿਆਂ ਨੂੰ ਫੁੰਡਣ ਦੀ ਥਾਂ ਮਹਿਲਾਂ ਵਲ ਮੂੰਹ ਕਰੇ ਜਿਨ੍ਹਾਂ ਨੇ ਉਸਦੇ ਬਾਪ ਦਾਦਾ ਦੀ ਹੱਤਿਆ ਕੀਤੀ ਸੀ ਤੇ ਉਸਨੂੰ ਵਿਧਵਾ ਮਾਂ ਨੇ ਲਾਡ ਲਡਾ ਕੇ ਪਾਲਿਆ ਸੀ|
ਜਦੋਂ ਦੁੱਲੇ ਦੇ ਮਨ ਵਿਚ ਅਕਬਰ ਦਾ ਇਹ ਅਮਲ ਪੂਰੀ ਤਰ੍ਹਾਂ ਘਰ ਕਰ ਗਿਆ ਤਾਂ ਉਸਨੇ ਆਪਣੇ ਸੰਗੀ ਸਾਥੀ ਤੇ ਮੱਦਾਹਾਂ ਨੂੰ ਨਾਲ ਲੈ ਕੇ ਮਹਿਲਾਂ ਵਲ ਕੂਚ ਕਰ ਦਿੱਤਾ| ਕਵੀਸ਼ਰਾਂ ਨੇ ਇਸ ਅਵਸਥਾ ਨੂੰ ਇੰਝ ਲਿਖਿਆ:
ਮੈਂ ਢਾਹਾਂ ਦਿੱਲੀ ਦੇ ਕਿੰਗਰੇ
ਤੇ ਕਰਾਂ ਲਾਹੌਰ ਤਬਾਹ
ਇਨ੍ਹਾਂ ਦਿਨਾਂ ਵਿਚ ਹੀ ਕੁਝ ਸ਼ਾਹੀ ਦਰਬਾਰੀਆਂ ਨੇ ਸੁੰਦਰੀ ਮੁੰਦਰੀ ਨਾਂ ਦੀਆਂ ਦੋ ਭੈਣਾਂ ਨੂੰ ਵਿਆਹ ਵਾਲੇ ਦਿਨ ਉਧਾਲਣ ਦਾ ਮਨ ਬਣਾ ਲਿਆ ਤਾਂ ਉਨ੍ਹਾਂ ਦੇ ਮਾਪਿਆਂ ਨੇ ਦੁੱਲੇ ਤੱਕ ਪਹੁੰਚ ਕੀਤੀ| ਦੁੱਲੇ ਦੀ ਟੋਲੀ ਨੇ ਉਨ੍ਹਾਂ ਦਾ ਫਟਾਫਟ ਵਿਆਹ ਕਰਕੇ ਉਨ੍ਹਾਂ ਨੂੰ ਸਹੁਰੇ ਘਰਾਂ ਵਿਚ ਪਹੁੰਚਾ ਦਿੱਤਾ| ਏਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਲੱਡੂ ਜਲੇਬੀਆਂ ਤਿਆਰ ਨਹੀਂ ਸਨ| ਉਨ੍ਹਾਂ ਦੀ ਝੋਲੀ ਵਿਚ ਸ਼ੱਕਰ ਪਾਈ ਤੇ ਤੋਰ ਦਿੱਤੀਆਂ| ਇਸ ਘਟਨਾ ਨੂੰ ਲੋਕ ਕਵੀਆਂ ਨੇ ਹੇਠ ਲਿਖੇ ਬੋਲ ਦਿੱਤੇ ਜਿਹੜੇ ਲੋਹੜੀ ਵਾਲੀ ਰਾਤ ਆਮ ਹੀ ਗਾਏ ਜਾਂਦੇ ਹਨ:
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਸਹਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਪੱਲੇ ਸ਼ੱਕਰ ਪਾਈ ਹੋ
ਏਸ ਘਟਨਾ ਤੋਂ ਪਿਛੋਂ ਦੁੱਲਾ ਭੱਟੀ ਦੀ ਸਾਰੇ ਸਾਂਦਲਬਾਰ ਵਿਚ ਬੱਲੇ-ਬੱਲੇ ਹੋ ਗਈ| ਅਜਿਹੀ ਬੱਲੇ-ਬੱਲੇ ਕਿ ਉਸ ਇਲਾਕੇ ਦੇ ਵਸਨੀਕ ਅੱਜ ਵੀ ਭਗਤ ਸਿੰਘ ਸ਼ਹੀਦ ਦੀ ਉਪਮਾ ਦੁੱਲਾ ਭੱਟੀ ਦੀ ਕੁਰਬਾਨੀ ਨਾਲ ਕਰਦੇ ਹਨ|
ਦੁੱਲਾ ਭੱਟੀ ਨੂੰ ਸ਼ਾਹੀ ਫ਼ੌਜਾਂ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਬਹੁਤ ਕੁੱਝ ਬੀਤਿਆ ਪਰ ਗਾਇਕਾਂ ਤੇ ਕਵੀਸ਼ਰਾਂ ਵਲੋਂ ਉਭਾਰੀਆਂ ਗਈਆਂ ਗੱਲਾਂ ਵਿਚੋਂ ਜਿਹੜੀਆਂ ਦੋ ਮੈਨੂੰ ਅੱਜ ਵੀ ਚੇਤੇ ਹਨ ਉਨ੍ਹਾਂ ਵਿਚੋਂ ਪਹਿਲੀ ਤਾਂ ਇਹ ਕਿ ਬਾਦਸ਼ਾਹ ਨੇ ਦੁੱਲੇ ਨੂੰ ਗ੍ਰਿਫਤਾਰ ਕਰਨ ਦਾ ਕੰਮ ਮਿਰਜ਼ਾ ਨਿਜ਼ਾਮਦੀਨ ਨੂੰ ਸੌਂਪਿਆ ਸੀ| ਦੁੱਲੇ ਦੇ ਖੇਮੇ ਵਿਚ ਇਹ ਖਬਰ ਪਹੁੰਚੀ ਤਾਂ ਦੁੱਲੇ ਦੀ ਮਦਾਹ ਸੁੰਦਰੀ ਖ਼ੁਦ ਹੀ ਮਿਰਜ਼ੇ ਨੂੰ ਜਾ ਮਿਲੀ ਤੇ ਪੁਛਣ ਲੱਗੀ ਕਿ ਮਿਰਜ਼ੇ ਕੋਲ ਕਿਹੜਾ ਜਾਦੂ ਹੈ ਜਿਸ ਨਾਲ ਉਹ ਦੁੱਲੇ ਨੂੰ ਫੜ ਕੇ ਅਕਬਰ ਕੋਲ ਪੇਸ਼ ਕਰ ਸਕਦਾ ਹੈ| ਮਿਰਜ਼ੇ ਨੇ ਉਸ ਤੌਕ ਵੱਲ ਇਸ਼ਾਰਾ ਕੀਤਾ ਜਿਹੜਾ ਉਹਦੇ ਕੋਲ ਸੀ| ਸੁੰਦਰੀ ਨੇ ਤੱਕਿਆ ਕਿ ਇਸ ਤੌਕ ਵਿਚ ਹੱਥ ਪੈਰ ਤੇ ਗਰਦਨ ਫਸ ਜਾਣ ਤਾਂ ਬੰਦਾ ਬੇਬੱਸ ਹੋ ਸਕਦਾ ਹੈ| ਫੇਰ ਵੀ ਉਸਨੇ ਭੋਲੀ ਜਿਹੀ ਬਣ ਕੇ ਮਿਰਜ਼ੇ ਨੂੰ ਕਿਹਾ ਕਿ ਇਸ ਵਿਚ ਤਾਂ ਬੰਦੇ ਦਾ ਜਿਸਮ ਪੈਣਾ ਸੰਭਵ ਨਹੀਂ| ਏਥੇ ਕਿਸਾਕਾਰਾਂ ਦੇ ਬੋਲ ਸਭ ਕੁਝ ਦੱਸ ਦਿੰਦੇ ਹਨ:
ਮਿਰਜ਼ਾ ਦੱਸਦਾ ਸਿਰ ਤੇ ਪੈਰ ਪਾ ਕੇ
ਉੱਤੋਂ ਸੁੰਦਰੀ ਮਾਰਦੀ ਜੰਦ ਜਾਨੀ
ਸੁੰਦਰੀ ਨੇ ਮਿਰਜ਼ੇ ਨੂੰ ਤੌਕ-ਬੰਦ ਕੀਤੇ ਜਾਣ ਦੀ ਖ਼ਬਰ ਦੁੱਲੇ ਨੂੰ ਦਿੱਤੀ ਤਾਂ ਦੁੱਲਾ ਬੇਫਿਕਰ ਹੋ ਕੇ ਅੱਗੇ ਤੁਰ ਪਿਆ| ਏਥੇ ਲਿਖਣ ਵਾਲੇ ਦੁੱਲੇ ਦੇ ਰਾਹ ਵਿਚ ਹੋਣੀ ਨਾਂ ਦੀ ਉਸ ਮਹਿਲਾ ਲਿਆ ਖਲ੍ਹਾਰਦੇ ਹਨ ਜਿਸਦੇ ਸਾਹਮਣੇ ਕੰਡਿਆਂ ਦਾ ਟੋਕਰਾ ਹੈ| ਉਹ ਦੁੱਲੇ ਨੂੰ ਵਾਸਤਾ ਪਾਉਂਦੀ ਹੈ:
ਕੰਡਿਆਂ ਦਾ ਰੱਖਿਆ ਹੈ, ਮੈਂ ਭਰਾਈਕੇ
ਦੁੱਲਿਆ ਵੇ ਟੋਕਰਾ ਚੁਕਾਈਂ ਆਈਕੇ
ਜਦੋਂ ਦੁੱਲਾ ਭਟੀ ਕੰਡਿਆਂ ਦਾ ਟੋਕਰਾ ਚੁਕਾਉਣ ਵਿਚ ਸਫਲ ਨਹੀਂ ਹੁੰਦਾ ਤਾਂ ਉਸਨੂੰ ਚਾਹੀਦਾ ਸੀ ਕਿ ਅੱਗੇ ਵਧਣ ਦੀ ਥਾਂ ਪਿਛਾਂਹ ਪਰਤ ਜਾਂਦਾ| ਉਹ ਨਹੀਂ ਪਰਤਿਆ ਤਾਂ ਉਸ ਨਾਲ ਉਹੀਓ ਬੀਤੀ ਜੋ ਸ਼ਾਹੀ ਫ਼ੌਜਾਂ ਨਾਲ ਟੱਕਰ ਲਿਆਂ ਬੀਤਣੀ ਸੀ|
ਮੇਰੇ ਬਚਪਨ ਵਾਲੇ ਕਿੱਸਾਕਾਰਾਂ ਦੀ ਲਿਖਤ ਤੇ ਗਾਇਕਾਂ ਦੇ ਬੋਲਾਂ ਵਿਚ ਏਨਾ ਰਸ ਹੁੰਦਾ ਸੀ ਕਿ ਸਾਡੇ ਵਲੋਂ ਗਾਇਕਾਂ ਨੂੰ ਦਿੱਤੇ ਸਿੱਕੇ ਭੁੱਲ ਜਾਂਦੇ ਸਨ| ਅਜੋਕੇ ਮੋਬਾਈਲਾਂ, ਟੀਵੀਆਂ ਤੇ ਹੋਰ ਬਿਜਲਈ ਯੰਤਰਾਂ ਨੇ ਉਹ ਵਾਲੇ ਮਜ਼ੇ ਕਿਰਕਰੇ ਕਰ ਛੱਡੇ ਹਨ| ਕਰੀਏ ਤਾਂ ਕੀ ਕਰੀਏ!
ਬਸ ਏਨਾ ਹੀ ਕਹਿ ਸਕਦੇ ਹਾਂ ਕਿ ਦੁਆਬੇ ਦੀਆਂ ਛਿੰਝਾਂ ਤੇ ਮਾਲਵੇ ਦੇ ਮੇਲੇ ਤੇ ਕਵੀਸ਼ਰ ਸਾਡਾ ਸਰਮਾਇਆ ਹਨ ਤੇ ਇਹ ਸਰਮਾਇਆ ਅਲੋਪ ਨਹੀਂ ਹੋਣਾ!
ਅੰਤਿਕਾ
.ਵਾਰਿਸ ਸ਼ਾਹ॥
ਬਾਝੋਂ ਦੁੱਖ ਦੇ ਸੁੱਖ ਨਸੀਬ ਨਾਹੀਂ,
ਲਗਨ ਬਾਝ ਖੁਆਰ ਸੰਸਾਰ ਨਾਹੀਂ|
ਬਾਝੋਂ ਹਿਜ਼ਰ ਦੇ ਜ਼ੌਕ ਤੇ ਸ਼ੌਕ ਨਾਹੀਂ,
ਬਾਝੋਂ ਵਸਲ ਦੇ ਮੌਜ ਬਹਾਰ ਨਾਹੀਂ|
