ਬੂਟਾ ਸਿੰਘ ਮਹਿਮੂਦਪੁਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗ੍ਰੀਨਲੈਂਡ ਬਾਰੇ ਕੀਤੇ ਹਾਲੀਆ ਐਲਾਨਾਂ ਕਾਰਨ ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਅਤੇ ਉਸਦੇ ਨਾਟੋ ਸਹਿਯੋਗੀਆਂ ਦਰਮਿਆਨ ਟਕਰਾਅ ਦੀ ਸਥਿਤੀ ਬਣ ਗਈ ਹੈ। ਇਸ ਪਿੱਛੇ ਅਮਰੀਕਾ ਦੀ ਕਥਿਤ ਸੁਰੱਖਿਆ ਦਾ ਸਵਾਲ ਕੀ ਹੈ, ਅਤੇ ਅਮਰੀਕੀ ਸਦਰ ਦੇ ਇਹ ਤੇਵਰ ਕਿਵੇਂ ਮੁਲਕਾਂ ਦੀ ਸੁਤੰਤਰ ਹੈਸੀਅਤ ਦੇ ਵਿਰੁੱਧ ਜਾਂਦੇ ਹਨ, ਇਨ੍ਹਾਂ ਸਵਾਲਾਂ ਦੀ ਚਰਚਾ ਇਸ ਟਿੱਪਣੀ ਵਿਚ ਕੀਤੀ ਗਈ ਹੈ। ਸੰਪਾਦਕ
ਵੇਨੇਜ਼ੁਏਲਾ ਉੱਪਰ ਹਵਾਈ ਹਮਲੇ ਰਾਹੀਂ ਮੌਤ ਦਾ ਛੱਟਾ ਦੇ ਕੇ ਰਾਸ਼ਟਰਪਤੀ ਨਿਕੋਲਾਸ ਮਾਦੁਰੋ ਤੇ ਉਸਦੀ ਜੀਵਨ-ਸਾਥਣ ਨੂੰ ਅਗਵਾ ਕਰ ਲੈਣ ਤੋਂ ਬਾਅਦ ਡੋਨਾਲਡ ਟਰੰਪ ਸਰਕਾਰ ਦੀ ਸਾਮਰਾਜਵਾਦੀ ਧੌਂਸ ਹੋਰ ਵੀ ਖੁੱਲ੍ਹੀਆਂ ਧਮਕੀਆਂ ਦੇ ਰੂਪ ’ਚ ਲਗਾਤਾਰ ਉਜਾਗਰ ਹੋ ਰਹੀ ਹੈ। ਕਿਊਬਾ ਅਤੇ ਕੋਲੰਬੀਆ ਨੂੰ ਧਮਕਾਉਣਾ, ਮੈਕਸੀਕੋ ਵਿਚ ਜ਼ਮੀਨੀ ਹਮਲਾ ਕਰਨ ਦੇ ਸੰਕੇਤ ਦੇਣਾ, ਇਰਾਨ ਉੱਪਰ ਹਮਲੇ ਦੀ ਧਮਕੀ ਦੇਣਾ, ਇਸਦੇ ਕੁਝ ਤਾਜ਼ਾ ਇਜ਼ਹਾਰ ਹਨ।
ਇਸੇ ਲੜੀ ’ਚ ਗ੍ਰੀਨਲੈਂਡ ਉੱਪਰ ਕਬਜ਼ਾ ਕਰਨ ਦਾ ਐਲਾਨ ਕਰਕੇ ਟਰੰਪ ਨੇ ਇਸ ਟਾਪੂ ਉੱਪਰ ਇਕ ਵਾਰ ਫਿਰ ਧਾੜਵੀ ਦਾਅਵਾ ਕਰ ਦਿੱਤਾ ਹੈ। ਵੀਹ ਲੱਖ ਵਰਗ ਕਿਲੋਮੀਟਰ ਤੋਂ ਵੀ ਵੱਧ ਖੇਤਰਫਲ ਵਿਚ ਫੈਲਿਆ ਹੋਇਆ ਇਹ ਉੱਤਰੀ ਐਟਲਾਂਟਿਕ ਮਹਾਸਾਗਰ ਦਾ ਵਿਸ਼ਾਲ ਟਾਪੂ ਹੁਣ ਅਮਰੀਕਨ ਸਲਤਨਤ ਅਤੇ ਯੂਰਪੀ ਯੂਨੀਅਨ ਦਰਮਿਆਨ ਤਣਾਅ ਤੇ ਝਗੜੇ ਦਾ ਕੇਂਦਰ ਬਣ ਗਿਆ ਹੈ—ਖ਼ਾਸ ਕਰਕੇ ਡੈਨਮਾਰਕ ਨਾਲ, ਜਿਸਨੂੰ ਲੰਮੇ ਸਮੇਂ ਤੋਂ ਸਲਤਨਤ ਦਾ ਸਭ ਤੋਂ ਭਰੋਸੇਮੰਦ ਸੰਗੀ ਮੰਨਿਆ ਜਾਂਦਾ ਰਿਹਾ ਹੈ। ਗ੍ਰੀਨਲੈਂਡ ਡੈਨਮਾਰਕ ਦੇ ਕੰਟਰੋਲ ਹੇਠ ਹੈ ਅਤੇ ਡੈਨਮਾਰਕ ਨਾਟੋ ਦਾ ਮੈਂਬਰ ਹੈ। ਇਹ ਟਾਪੂ ਅਮਰੀਕਾ ਲਈ ਯੁੱਧਨੀਤਕ ਪੱਖੋਂ ਮਹੱਤਵਪੂਰਨ ਹੋਣ ਦੇ ਨਾਲ-ਨਾਲ ਇਸਦੀ ਗਿਰਝ ਅੱਖ ਉੱਥੋਂ ਦੇ ਖਣਿਜ ਭੰਡਾਰਾਂ ਉੱਪਰ ਵੀ ਹੈ। ਭਾਵੇਂ, ਉੱਥੋਂ ਤੇਲ ਅਤੇ ਗੈਸ ਨਹੀਂ ਕੱਢੀ ਜਾਂਦੀ, ਪਰ ਇਹ ਟਾਪੂ ਅਜਿਹੇ ਖਣਿਜਾਂ ਨਾਲ ਭਰਪੂਰ ਹੈ ਜੋ ਯੂਰਪੀ ਯੂਨੀਅਨ ਵੱਲੋਂ ਬਣਾਈ ‘ਅਤਿ-ਜ਼ਰੂਰੀ ਕੱਚੇ ਖਣਿਜ ਪਦਾਰਥਾਂ’ ਦੀ ਸੂਚੀ ਵਿਚ ਸ਼ਾਮਲ ਹਨ।
ਅਮਰੀਕੀ ਹੁਕਮਰਾਨ ਜਮਾਤ ਦੀ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। 1867 ਵਿਚ ਰੂਸ ਤੋਂ ਅਲਾਸਕਾ ਖ਼ਰੀਦਣ ਤੋਂ ਬਾਅਦ, ਉਸ ਸਮੇਂ ਦੇ ਵਿਦੇਸ਼ ਮੰਤਰੀ ਵਿਲੀਅਮ ਐੱਚ. ਸਿਊਅਰਡ ਨੇ ਗ੍ਰੀਨਲੈਂਡ ਖ਼ਰੀਦਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ। ਦੂਜੇ ਆਲਮੀ ਯੁੱਧ ਦੌਰਾਨ, ਡੈਨਮਾਰਕ ’ਤੇ ਜਰਮਨੀ ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਗ੍ਰੀਨਲੈਂਡ ’ਤੇ ਕਬਜ਼ਾ ਕਰਕੇ ਉੱਥੇ ਆਪਣਾ ਫ਼ੌਜੀ ਅੱਡਾ ਅਤੇ ਰੇਡੀਓ ਕੇਂਦਰ ਬਣਾ ਲਏ ਸਨ। ਅੱਜ ਵੀ ਅਮਰੀਕਾ ਨੇ ਉੱਤਰੀ-ਪੱਛਮ ਵਿਚ ਸਥਿਤ ਪਿਟੁਫਿਕ ਸਪੇਸ ਬੇਸ ਵਿਚ ਆਪਣੀ ਸਥਾਈ ਮੌਜੂਦਗੀ ਬਣਾਈ ਹੋਈ ਹੈ। 1946 ਵਿਚ, ਜਦੋਂ ਗ੍ਰੀਨਲੈਂਡ ਅਜੇ ਡੈਨਮਾਰਕ ਦੀ ਬਸਤੀ ਸੀ, ਅਮਰੀਕੀ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਗੁਪਤ ਤੌਰ ’ਤੇ ਇਸ ਟਾਪੂ ਬਦਲੇ ਡੈਨਮਾਰਕ ਨੂੰ 10 ਕਰੋੜ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਕੋਪਨਹੇਗਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਇਹ ਭੇਤ 1991 ਵਿਚ ਸਾਹਮਣੇ ਆਇਆ ਸੀ।
ਟਰੰਪ ਦੇ ਇਸ ਧਾੜਵੀ ਮਨਸੂਬੇ ਵਿਰੁੱਧ ਗ੍ਰੀਨਲੈਂਡ ਅਤੇ ਡੈਨਮਾਰਕ ਵਿਚ ਤਿੱਖੇ ਵਿਰੋਧ ਪ੍ਰਦਰਸ਼ਨ ਹੋਏ ਹਨ। ਟਰੰਪ ਦੇ ਐਲਾਨਾਂ ਤੋਂ ਪ੍ਰੇਸ਼ਾਨ ਯੂਰਪੀ ਯੂਨੀਅਨ ਦੇ ਹੁਕਮਰਾਨ ਵੀ ਟਰੰਪ ਦੀ ਧਮਕੀ ਨਾਲ ਨਜਿੱਠਣ ਲਈ ਹੱਥ-ਪੈਰ ਮਾਰ ਰਹੇ ਹਨ। ਉਨ੍ਹਾਂ ਦੀ ਨਾਟੋ ਦੀਆਂ ਫ਼ੌਜੀ ਤਾਕਤਾਂ ਲਈ ਬਜਟ ਵਧਾਉਣ ਦੀ ਵਚਨਬੱਧਤਾ ਵੀ ਟਰੰਪ ਦੀ ਬੇਲਗਾਮ ਲਾਲਸਾ ਨੂੰ ਖ਼ੁਸ਼ ਨਹੀਂ ਕਰ ਸਕੀ। ਯੂਰਪੀ ਪਾਰਲੀਮੈਂਟ ਨੇ ਯੂਰਪੀ ਯੂਨੀਅਨ-ਅਮਰੀਕਾ ਦਰਮਿਆਨ ਵਿਉਂਤੀਆਂ ਵਪਾਰਕ ਵਾਰਤਾਵਾਂ ਰੋਕ ਦਿੱਤੀਆਂ ਹਨ। ਯੂਰਪੀ ਰਾਜਦੂਤਾਂ ਦੀ ਮੀਟਿੰਗ ਵੱਲੋਂ ਅਮਰੀਕੀ ਵਸਤਾਂ ਉੱਪਰ ਪਹਿਲਾਂ ਹੀ ਵਿਉਂਤੇ 93 ਅਰਬ ਡਾਲਰ ਜਵਾਬੀ ਟੈਰਿਫਾਂ ਨੂੰ ਲਾਗੂ ਕਰਨ ਦਾ ਕਦਮ ਵੀ ਚੁੱਕਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਯੂਰਪੀ ਯੂਨੀਅਨ ਦੇ 27 ਮੈਂਬਰ ਰਾਜਾਂ ਨੇ ਆਪਣਾ ਐਮਰਜੈਂਸੀ ਸਿਖ਼ਰ ਸੰਮੇਲਨ ਸੱਦ ਲਿਆ ਹੈ। ਬੇਸ਼ੱਕ, ਫਰਾਂਸ ਅਤੇ ਯੂ.ਕੇ. ਸਮੇਤ ਸੱਤ ਯੂਰਪੀ ਮੁਲਕਾਂ ਵੱਲੋਂ ਗ੍ਰੀਨਲੈਂਡ ਵਿਚ ਆਪਣੇ ਕੁਝ ਦਰਜਨ ਫ਼ੌਜੀ ਭੇਜਣ ਦੀ ਸੰਕੇਤਕ ਕਾਰਵਾਈ ‘ਯੂਰੋ-ਐਟਲਾਂਟਿਕ ਸੁਰੱਖਿਆ’ ਅਤੇ ਨਾਟੋ ਪ੍ਰਤੀ ਵਫ਼ਾਦਾਰੀ ਦੀਆਂ ਸੌਂਹਾਂ ਨਾਲ ਜੁੜ ਕੇ ਅਮਰੀਕਾ ਲਈ ਕੋਈ ਖ਼ਾਸ ਵਿਹਾਰਕ ਚੁਣੌਤੀ ਨਹੀਂ ਬਣਦੀ, ਪਰ ਡੈਨਮਾਰਕ ਵੱਲੋਂ ਵਧੀਕ ਫ਼ੌਜੀ ਤਾਕਤਾਂ ਭੇਜਣ ਅਤੇ ਨਾਟੋ ਦੇ ਜਨਰਲ ਸਕੱਤਰ ਵੱਲੋਂ ਡੈਨਿਸ਼ ਰੱਖਿਆ ਮੰਤਰੀ ਤੇ ਗ੍ਰੀਨਲੈਂਡ ਦੇ ਬਦੇਸ਼ ਮੰਤਰੀ ਨੂੰ ਮਿਲ ਕੇ ਟਾਪੂ ਦੀ ਸੁਰੱਖਿਆ ਲਈ ਸਾਂਝਾ ਨਾਟੋ ਮਿਸ਼ਨ ਸਥਾਪਤ ਕਰਨ ਦੀਆਂ ਰਿਪੋਰਟਾਂ ਵਧ ਰਹੇ ਟਕਰਾਅ ਦਾ ਸੰਕੇਤ ਹਨ।
ਟਰੰਪ ਦੇ ਹਮਲਾਵਰ ਤੇਵਰਾਂ ਨੂੰ ਦੇਖਦਿਆਂ ਯੂਰਪ ਦੀਆਂ ਸਾਰੀਆਂ ਹੀ ਵੱਡੀਆਂ ਸਰਕਾਰਾਂ ਨੇ ਡੈਨਮਾਰਕ ਪੱਖੀ ਸਟੈਂਡ ਲਿਆ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਫੌਨ ਡੇਰ ਲੇਯੇਨ ਨੇ ਅਮਰੀਕਾ ਅਤੇ ਡੈਨਮਾਰਕ ਦਰਮਿਆਨ ਗੱਲਬਾਤ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਯੂਰਪੀ ਯੂਨੀਅਨ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਲੋਕਾਂ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੀ ਹੈ।…ਯੂਰਪ ਇਕਜੁੱਟ, ਤਾਲਮੇਲ ’ਚ ਅਤੇ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਵਚਨਬੱਧ ਬਣਿਆ ਰਹੇਗਾ। ਵਾਸ਼ਿੰਗਟਨ ਨਾਲ ਆਪਣੇ ਖ਼ਾਸ ਰਿਸ਼ਤੇ ਅਤੇ ਬਰੈਗਜ਼ਿੱਟ ਦੇ ਸਮੇਂ ਤੋਂ ਆਪਣੇ ਯੂਰਪੀ ਯੂਨੀਅਨ ਤੋਂ ਵੱਖਰੇ ਦਰਜੇ ਦੇ ਬਾਵਜੂਦ ਯੂ.ਕੇ. ਦੀ ਸਟਾਰਮਰ ਸਰਕਾਰ ਨੇ ਟਰੰਪ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਡੈਨਮਾਰਕ ਦੇ ਹੱਕ ਵਿਚ ਸਟੈਂਡ ਲਿਆ ਹੈ ਅਤੇ ਨਾਟੋ ਸੰਗੀਆਂ ਵਿਰੁੱਧ ਟੈਰਿਫ਼ ਲਗਾਏ ਜਾਣ ਨੂੰ ਗ਼ਲਤ ਕਰਾਰ ਦਿੰਦਿਆਂ ਇਹ ਮਾਮਲਾ ਸਿੱਧਾ ਟਰੰਪ ਪ੍ਰਸ਼ਾਸਨ ਨਾਲ ਉਠਾਉਣ ਦੀ ਗੱਲ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਟਰੰਪ ਵੱਲੋਂ ਲਗਾਏ ਟੈਰਿਫ ਡੰਨ ਦਾ ਮੁਕਾਬਲਾ ਕਰਨ ਲਈ ਯੂਰਪੀ ਯੂਨੀਅਨ ਦਾ ‘ਟਰੇਡ ਬਜ਼ੂਕਾ’ ਹਥਿਆਰ (ਐਂਟੀ-ਕੋਏਰਸ਼ਨ ਇੰਸਟਰੂਮੈਂਟ – ਏਸੀਆਈ) ਵਰਤਣ ਦੀ ਗੱਲ ਕਹੀ ਹੈ। ਇਹ ਹਥਿਆਰ ਯੂਰਪੀ ਯੂਨੀਅਨ ਨੂੰ ਅਮਰੀਕੀ ਕੰਪਨੀਆਂ ਉੱਪਰ ਯੂਰਪੀ ਸਰਕਾਰੀ ਠੇਕਿਆਂ (ਡਿਫੈਂਸ ਸਮੇਤ) ਵਿਚ ਪਾਬੰਦੀ ਲਾਉਣ, ਯੂਰਪ ਵਿਚ ਅਮਰੀਕੀ ਵਿਤੀ ਤੇ ਟੈੱਕ ਕੰਪਨੀਆਂ ਦੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਕੀਤੇ ਜਾਣ ਵਾਲੇ ਭੁਗਤਾਨਾਂ ਵਿਚ ਕਟੌਤੀ ਕਰਨ, ਅਤੇ ਅਮਰੀਕੀ ਕੰਪਨੀਆਂ ਨੂੰ ਬੌਧਿਕ ਜਾਇਦਾਦ ਨਾਲ ਜੁੜੀ ਰਾਇਲਟੀ ਨੂੰ ਰੋਕਣ ਦੀ ਇਜਾਜ਼ਤ ਦਿੰਦਾ ਹੈ। ਪਰ ਯੂਰਪੀ ਗੱਠਜੋੜ ਦੇ ਸਾਰੇ ਹੁਕਮਰਾਨਾਂ ਦੀ ਇਸ ਨੂੰ ਲੈ ਕੇ ਇਕਜੁੱਟ ਰਾਇ ਅਜੇ ਸਾਹਮਣੇ ਨਹੀਂ ਆਈ।
ਇਸ ਸਾਂਝੇ ਵਿਰੋਧ ਤੋਂ ਭੜਕੇ ਟਰੰਪ ਨੇ ਡੈੱਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਯੂ.ਕੇ., ਨੀਦਰਲੈਂਡ ਅਤੇ ਫਿਨਲੈਂਡ ਨੂੰ ਆਰਥਕ ਝਟਕਾ ਦੇਣ ਲਈ ਉਨ੍ਹਾਂ ਵਿਰੁੱਧ ਟੈਰਿਫ ਯੁੱਧ ਛੇੜ ਦਿੱਤਾ ਹੈ। ਇਨ੍ਹਾਂ ਮੁਲਕਾਂ ਵੱਲੋਂ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਪਰ ਟਰੰਪ ਨੇ ਪਹਿਲੀ ਫਰਵਰੀ ਤੋਂ 10% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸਨੂੰ ਪਹਿਲੀ ਜੂਨ ਤੋਂ ਵਧਾ ਕੇ 25% ਕਰ ਦਿੱਤਾ ਜਾਵੇਗਾ। ਬਰਤਾਨਵੀ ਉਤਪਾਦਾਂ ਉੱਪਰ ਪਹਿਲਾਂ ਹੀ ਲਾਗੂ 10% ਅਤੇ ਯੂਰਪੀ ਯੂਨੀਅਨ ਦੇ ਉਤਪਾਦਾਂ ਉੱਪਰ ਲਾਗੂ 15% ਟੈਰਿਫ ਵਿਚ ਜੁੜ ਕੇ ਇਹ ਕਦਮ ਅਮਰੀਕਾ ਅਤੇ ਯੂਰਪ ਦਰਮਿਆਨ ਵਪਾਰ ਉੱਪਰ ਤਬਾਹਕੁਨ ਅਸਰ ਪਾ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਯੂਰਪੀ ਯੂਨੀਅਨ ਮੁਲਕਾਂ ਦੀਆਂ ਸਰਕਾਰਾਂ ਇਕਜੁੱਟ ਹੋ ਕੇ ਮੋੜਵਾਂ ਟੈਰਿਫ ਵਾਰ ਕਰਦੀਆਂ ਹਨ ਜਾਂ ਟਰੰਪ ਦੀ ਗ੍ਰੀਨਲੈਂਡ ਨੂੰ ਹੜੱਪਣ ਦੇ ਧਾੜਵੀ ਜੋਸ਼ ਨੂੰ ਠੰਢਾ ਕਰਨ ਲਈ ਕੋਈ ਵਿਚਕਾਰਲਾ ਰਾਹ ਅਖ਼ਤਿਆਰ ਕਰਦੀਆਂ ਹਨ।
ਗ੍ਰੀਨਲੈਂਡ ਉੱਪਰ ਕਬਜ਼ੇ ਦੀ ਧਮਕੀ ਦਾ ਮਤਲਬ ਹੈ ਕਿ ਟਰੰਪ ਦੂਜੇ ਆਲਮੀ ਯੁੱਧ ਤੋਂ ਬਾਅਦ ਬਣੇ ਨਾਟੋ ਗੱਠਜੋੜ ਦੀ ਬਲੀ ਦੇਣ ਲਈ ਵੀ ਤਿਆਰ ਹੈ। ਜੇਕਰ ਯੂਰਪੀ ਤਾਕਤਾਂ ਟਰੰਪ ਦੇ ਸਾਹਮਣੇ ਨਹੀਂ ਝੁਕਦੀਆਂ, ਤਾਂ ਨਾਟੋ ਗੱਠਜੋੜ ਟੁੱਟ ਵੀ ਸਕਦਾ ਹੈ ਜਾਂ ‘ਸੰਗੀਆਂ’ ਦਰਮਿਆਨ ਟਕਰਾਅ ਵਧਣ ਦੀ ਨੌਬਤ ਆ ਸਕਦੀ ਹੈ। ਇਹ ਧਮਕੀ ਮਹਿਜ਼ ਭੜਕਾਊ ਹਰਕਤ ਨਹੀਂ ਹੈ। ਇਹ ਨਵੀਂ ਅਤੇ ਖ਼ਤਰਨਾਕ ਦਿਸ਼ਾ ਦਾ ਸੰਕੇਤ ਹੈ: ਹੁਣ ਅਮਰੀਕਾ ਸਿਰਫ਼ ਕਮਜ਼ੋਰ ਮੁਲਕਾਂ ਉੱਪਰ ਹੀ ਨਹੀਂ, ਆਪਣੇ ਪੁਰਾਣੇ ‘ਸੰਗੀਆਂ’ ਵਿਰੁੱਧ ਵੀ ਖੁੱਲ੍ਹੀ ਤਾਕਤ ਅਜ਼ਮਾਉਣ ਲਈ ਤਿਆਰ ਹੈ।
ਦੁਨੀਆ ਭਰ ਵਿਚ ਪ੍ਰਵਾਨਤ ਅਸੂਲ ਅਨੁਸਾਰ ਕਿਸੇ ਵੀ ਮੁਲਕ ਦੀ ਪ੍ਰਭੂਸੱਤਾ ਅਟੱਲ ਮੰਨੀ ਗਈ ਹੈ। ਆਪਣੀ ਕਮਜ਼ੋਰ ਹੋ ਰਹੀ ਸੰਸਾਰ ਚੌਧਰ ਨੂੰ ਮੁੜ ਮਜ਼ਬੂਤ ਕਰਨ ਲਈ ਪਾਗਲ ਹੋਏ ਅਮਰੀਕੀ ਹੁਕਮਰਾਨਾਂ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਮੁਤਾਬਿਕ ਕਿਸੇ ਵੀ ਮੁਲਕ ਦੇ ਕਿਸੇ ਖੇਤਰ ਨੂੰ ਜਦੋਂ ਮਰਜ਼ੀ ਫ਼ੌਜੀ ਤਾਕਤ ਨਾਲ ਕਬਜ਼ੇ ’ਚ ਲਿਆ ਜਾ ਸਕਦਾ ਹੈ ਜਾਂ ਸੌਦੇਬਾਜ਼ੀ ਕਰਕੇ ਖ਼ਰੀਦਿਆ ਜਾ ਸਕਦਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਟਰੰਪ ਨੇ ਤਾਂ ਗ੍ਰੀਨਲੈਂਡ ਦਾ 500-700 ਅਰਬ ਅਮਰੀਕੀ ਡਾਲਰ ਮੁੱਲ ਵੀ ਪਾ ਦਿੱਤਾ ਹੈ। ਸਾਬਕਾ ਅਮਰੀਕੀ ਅਧਿਕਾਰੀਆਂ ਅਤੇ ਵਿਦਵਾਨਾਂ ਦੇ ਹਵਾਲੇ ਨਾਲ ਐੱਨਬੀਸੀ ਦੀ ਰਿਪੋਰਟ ਨੇ ਖ਼ੁਲਾਸਾ ਕੀਤਾ ਹੈ ਕਿ ਟਰੰਪ ਵੱਲੋਂ ਆਪਣੇ ਬਦੇਸ਼ ਮੰਤਰੀ ਨੂੰ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਯੋਜਨਾ ਵਿਚ ਸਿੱਧੀ ਖ਼ਰੀਦ ਤੋਂ ਇਲਾਵਾ ਹੋਰ ਬਦਲ ਵੀ ਸ਼ਾਮਲ ਹਨ: ‘ਫਰੀ ਐਸੋਸੀਏਸ਼ਨ’ ਵਿਵਸਥਾ, ਜਿਸ ਵਿਚ ਵਿਤੀ ਸਹਾਇਤਾ ਬਦਲੇ ਉੱਥੇ ਅਮਰੀਕੀ ਫ਼ੌਜ ਦੀ ਮੌਜੂਦਗੀ ਵਧਾਈ ਜਾਵੇਗੀ।
ਇਹ ਇਕ ਆਪਹੁਦਰੇ ਹੁਕਮਰਾਨ ਦੀ ਸਨਕ ਜਾਂ ਪਾਗਲਪਨ ਨਹੀਂ ਹੈ। ਜੋ ਕੁਝ ਹੋ ਰਿਹਾ ਹੈ, ਇਹ ਵਿਉਂਤਬੱਧ ਫਾਸ਼ਿਸਟ ਯੁੱਧਨੀਤੀ ਹੈ। ਜਦੋਂ ਦੁਨੀਆ ਵਿਚ ਤਾਕਤਾਂ ਦਾ ਤਵਾਜ਼ਨ ਬਦਲ ਚੁੱਕਾ ਹੈ ਅਤੇ ਚੀਨ ਸਾਮਰਾਜਵਾਦੀ ਤਾਕਤ ਵਜੋਂ ਉੱਭਰ ਕੇ ਅਮਰੀਕਾ ਦੀ ਸੰਸਾਰ ਚੌਧਰ ਨੂੰ ਚੁਣੌਤੀ ਦੇ ਰਿਹਾ ਹੈ ਤਾਂ ਅਮਰੀਕਨ ਹਾਕਮ ਜਮਾਤ ਤਮਾਮ ਕਾਨੂੰਨੀ ਬੰਦਸ਼ਾਂ ਅਤੇ ਨੈਤਿਕ ਰੋਕਾਂ ਦਾ ਮਜ਼ਾਕ ਉਡਾ ਕੇ ਦੁਨੀਆ ਵਿਚ ਖੁੱਲ੍ਹਮਖੁੱਲ੍ਹਾ ਫ਼ੌਜੀ ਦਬਦਬਾ ਕਾਇਮ ਕਰਨ ਦੀ ਯੋਜਨਾ ਤਹਿਤ ਕੰਮ ਕਰ ਰਹੀ ਹੈ ਤਾਂ ਜੋ ਸੰਸਾਰ ਦੇ ਮੌਜੂਦਾ ਹਾਲਾਤ ਵਿਚ ਅਮਰੀਕੀ ਦਬਦਬੇ ਨੂੰ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ। ਜਦੋਂ ਦੁਨੀਆ ਵਿਚ ਪਰਮਾਣੂ ਹਥਿਆਰਾਂ ਨਾਲ ਲੈਸ ਤਾਕਤਾਂ ਆਪਸ ਵਿਚ ਭਿਆਨਕ ਮੁਕਾਬਲੇਬਾਜ਼ੀ ਵਿਚ ਲੱਗੀਆਂ ਹੋਣ, ਤਾਂ ਇਹ ‘ਯੁੱਧਨੀਤੀ’ ਸਿਰਫ਼ ਜੰਗ ਦਾ ਖ਼ਤਰਾ ਨਹੀਂ ਵਧਾਉਂਦੀ—ਇਹ ਅਜਿਹੇ ਆਲਮੀ ਟਕਰਾਅ ਦੀ ਸੰਭਾਵਨਾ ਵਧਾਉਂਦੀ ਹੈ ਜੋ ਕੰਟਰੋਲ ਤੋਂ ਬਾਹਰ ਜਾ ਕੇ ਮਨੁੱਖੀ ਸੱਭਿਅਤਾ ਦੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਸਕਦੀ ਹੈ। ਟਰੰਪ ਦਾ ਏਜੰਡਾ ‘ਅਮਰੀਕਾ ਪਹਿਲਾਂ’ ਨਹੀਂ ਸਗੋਂ ਬੇਲਗਾਮ ਅਮਰੀਕਾ ਦਾ ਹੈ। ਇਹ ਮਨਸੂਬਾ ਪੂਰਾ ਕਰਨ ਲਈ ਟਰੰਪ ਨਵੇਂ ਰੂਪ ’ਚ ‘ਮੋਨਰੋਏ ਮੱਤ’ ਲੈ ਕੇ ਹਾਜ਼ਰ ਹੈ: ਅਮਰੀਕਨ ਹੁਕਮਰਾਨ ਜਮਾਤ ਵੱਲੋਂ 1823 ਵਿਚ ਐਲਾਨੀ ਨੀਤੀ ਕਿ ਪੂਰਾ ਅਮਰੀਕੀ ਮਹਾਂਦੀਪ ਅਮਰੀਕੀ ਪ੍ਰਭਾਵ-ਖੇਤਰ ਹੈ। ਅਤੇ ਇਸੇ ਪ੍ਰਭਾਵ-ਖੇਤਰ ਉੱਪਰ ਦਬਦਬੇ ਲਈ ਇੱਥੇ ਅਮਰੀਕੀ ਸਾਮਰਾਜੀ ਸਲਤਨਤ ਵੱਲੋਂ ਲਗਾਤਾਰ ਹੀ ਹਮਲਿਆਂ, ਤਖ਼ਤਾਪਲਟ, ਸੀਆਈਏ ਦੇ ਅਪਰੇਸ਼ਨ, ਮੌਤ-ਵਰਤਾਉਣ ਵਾਲੇ ਦਸਤੇ, ਅਤੇ ਆਰਥਕ ਸ਼ਿਕੰਜਾ ਕੱਸਣ ਦਾ ਸਿਲਸਿਲਾ ਚਲਾਇਆ ਜਾਂਦਾ ਰਿਹਾ ਹੈ।
ਇਸਦਾ ਸਿਧਾਂਤੀਕਰਨ ਕਰਦਿਆਂ ਟਰੰਪ ਦਾ ਕੁੰਜੀਵਤ ਸਲਾਹਕਾਰ ਸਟੀਫਨ ਮਿਲਰ ਸੀਐੱਨਐੱਨ ਨਾਲ ਇੰਟਰਵਿਊ ਵਿਚ ਕਹਿੰਦਾ ਹੈ ਕਿ ਅਮਰੀਕਾ ਆਪਣੇ ਅਰਧ-ਗੋਲੇ ਅੰਦਰ ਆਪਣੇ ਹਿਤ ਸੁਰੱਖਿਅਤ ਕਰਨ ਲਈ ‘ਨਿਧੜਕ ਹੋ ਕੇ’ ਫ਼ੌਜ ਦੀ ਵਰਤੋਂ ਕਰ ਰਿਹਾ ਹੈ, ਅਤੇ ਇਹ ‘ਬੇਤੁਕੀ’ ਗੱਲ ਹੋਵੇਗੀ ਕਿ ਅਸੀਂ ਆਪਣੇ ‘ਪਿਛਵਾੜੇ’ ਵਿਚ ਕਿਸੇ ਮੁਲਕ ਨੂੰ ਆਪਣੇ ਵਿਰੋਧੀਆਂ ਲਈ ਸਰੋਤਾਂ ਦਾ ਸਪਲਾਈ ਕਰਤਾ ਬਣਨ ਦੀ ਇਜਾਜ਼ਤ ਦੇਈਏ। ਟਰੰਪ ਨੇ ਆਪਣੇ ਟਵੀਟ ਵਿਚ ਸਪਸ਼ਟ ਕਿਹਾ ਹੈ ਕਿ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਰੂਸ ਜਾਂ ਚੀਨ ਗ੍ਰੀਨਲੈਂਡ ਉੱਪਰ ਕਬਜ਼ਾ ਕਰ ਲੈਣਗੇ।…ਜੇਕਰ ਅਸੀਂ ਇਸਨੂੰ ਸੌਖੇ ਢੰਗ ਨਾਲ ਨਹੀਂ ਕਰਾਂਗੇ ਤਾਂ ਅਸੀਂ ਇਸ ਨੂੰ ਕਠੋਰ ਢੰਗ ਨਾਲ ਕਰਾਂਗੇ।’ ‘ਆਪਣੇ ਸੁਰੱਖਿਆ ਹਿਤਾਂ’ ਦੇ ਬਹਾਨੇ ਟਰੰਪ ਦਾ ਅਸਲ ਨਿਸ਼ਾਨਾ ਸਿਰਫ਼ ਵੈਨਜ਼ੁਏਲਾ ਨਹੀਂ, ਸਗੋਂ ਪੂਰੇ ਖੇਤਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਾ ਅਤੇ ਇਸ ਅਰਧ-ਗੋਲੇ ਦੇ ਵੱਧ ਤੋਂ ਵੱਧ ਮੁਲਕਾਂ ਦੇ ਖਣਿਜ ਭੰਡਾਰਾਂ ਉੱਪਰ ਕਬਜ਼ਾ ਕਰਨਾ ਹੈ। ਵੈਨਜ਼ੁਏਲਾ ਉੱਪਰ ਹਮਲੇ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਸੀ: ‘ਪੱਛਮੀ ਅਰਧ-ਗੋਲੇ ਵਿਚ ਅਮਰੀਕੀ ਦਬਦਬੇ ‘ਤੇ ਕਦੇ ਸਵਾਲ ਨਹੀਂ ਉਠੇਗਾ।’
ਬਾਂਹਮਰੋੜ ਕੂਟਨੀਤੀ ਤੋਂ ਲੈ ਕੇ ਗੁੰਡਾਗਰਦੀ ਤੱਕ ਟਰੰਪ ਦੇ ਬਿਆਨ ਕੋਈ ਭੁਲੇਖਾ ਨਹੀਂ ਰਹਿਣ ਦਿੰਦੇ। ਜਦੋਂ ਪਿਛਲੇ ਦਿਨੀਂ ਉਸ ਤੋਂ ਪੁੱਛਿਆ ਗਿਆ ਕਿ ਕੀ ਅੰਤਰਰਾਸ਼ਟਰੀ ਮੰਚ ’ਤੇ ਉਸਦੀ ਤਾਕਤ ਉੱਪਰ ਕੋਈ ਰੋਕ ਹੈ, ਤਾਂ ਉਸ ਨੇ ਅਮਰੀਕਨ ਕਾਂਗਰਸ, ਹੋਰ ਮੁਲਕਾਂ ਨਾਲ ਗੱਠਜੋੜਾਂ, ਅੰਤਰਰਾਸ਼ਟਰੀ ਕਾਨੂੰਨ, ਸਭ ਕਾਸੇ ਉੱਪਰ ਕਾਂਟਾ ਮਾਰਕੇ ਦੋ-ਟੁੱਕ ਕਹਿ ਦਿੱਤਾ ਕਿ ਉਸ ਉੱਪਰ ਉਸਦੀ ‘ਆਪਣੀ ਨੈਤਿਕਤਾ’, ‘ਆਪਣੇ ਦਿਮਾਗ਼’ ਤੋਂ ਸਿਵਾਏ ਹੋਰ ਕੋਈ ‘ਰੋਕ’ ਨਹੀਂ ਹੈ, ਕਿ ‘ਓਹੀ ਇੱਕ ਚੀਜ਼ ਹੈ ਜੋ ਮੈਨੂੰ ਰੋਕ ਸਕਦੀ ਹੈ।’ ਇਸਦਾ ਮਤਲਬ ਇਹ ਹੈ ਕਿ ਹੁਣ ਤੱਕ ਜੇਕਰ ਟਰੰਪ ਨੇ ਗਰੀਨਲੈਂਡ ਉੱਪਰ ਹਮਲਾ ਨਹੀਂ ਕੀਤਾ ਤਾਂ ਸਿਰਫ਼ ਆਪਣੀ ‘ਨੈਤਿਕਤਾ’ ਕਰਕੇ! ਟਰੰਪ ਦਾ ਇਹ ਕਹਿਣਾ ਕਿ ‘ਮੈਂ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ’, ਇਹ ਦੁਨੀਆ ਨੂੰ ਭਰੋਸਾ ਦਿਵਾਉਣਾ ਨਹੀਂ ਸਗੋਂ ਚੇਤਾਵਨੀ ਹੈ। ਮਾਨਵਤਾ ਦੀ ਸੁਰੱਖਿਆ ਤਾਂ ਬਹਾਨਾ ਹੈ, ਉਸਦੀ ਅਸਲ ਚਿੰਤਾ ਅਮਰੀਕੀ ਸਾਮਰਾਜ ਦੀ ਸਥਿਰਤਾ ਅਤੇ ਮਹਾਂ-ਸ਼ਕਤੀ ਦੇ ਰੂਪ ’ਚ ਆਪਣੀ ਹੈਸੀਅਤ ਕਾਇਮ ਰੱਖਣਾ ਹੈ। ਇਹ ਸਾਮਰਾਜਵਾਦ-ਫਾਸ਼ੀਵਾਦ ਦਾ ਅਸਲੀ ਚਿਹਰਾ ਹੈ: ਅਜਿਹਾ ਰਾਜ ਜਿਸ ਵਿਚ ਕਿਸੇ ਕੜੇ-ਕਾਨੂੰਨ ਦੀ ਕੋਈ ਅਹਿਮੀਅਤ ਨਹੀਂ, ਜਿੱਥੇ ਕਿਸੇ ਮੁਲਕ ਦੀ ਪ੍ਰਭੂਸੱਤਾ ਸਿਰਫ਼ ਮਹਾਂ-ਤਾਕਤਵਰ ਦੀ ‘ਮਿਹਰਬਾਨੀ’ ਬਣ ਜਾਂਦੀ ਹੈ, ਅਤੇ ਛੋਟੇ ਮੁਲਕਾਂ ਦੀ ਹੋਂਦ ਧੜਵੈਲ ਸਾਮਰਾਜੀ ਸਲਤਨਤ ਦੇ ਰਹਿਮ ’ਤੇ ਹੁੰਦੀ ਹੈ।
ਟਰੰਪ ਦੀ ‘ਨੈਤਿਕਤਾ’ ਅਮਰੀਕੀ ਸਾਮਰਾਜੀ ਸਟੇਟ ਦੀ ਸਾਮਰਾਜੀ ਪਸਾਰਵਾਦੀ ਨੀਤੀ ਦਾ ਹੀ ਵਧੇਰੇ ਮੂੰਹਫਟ ਕੁੱਢਰ ਇਜ਼ਹਾਰ ਹੈ। ਦਹਾਕਿਆਂ ਤੋਂ ਅਮਰੀਕਾ ਨੇ ਦੁਨੀਆ ਉੱਪਰ ‘ਲੋਕਤੰਤਰ,’ ‘ਮਨੁੱਖੀ ਅਧਿਕਾਰ,’ ਅਤੇ ‘ਅੰਤਰਰਾਸ਼ਟਰੀ ਨਿਯਮਾਂ’ ਦਾ ਦੰਭ ਰਚ ਕੇ ਆਪਣਾ ਦਬਦਬਾ ਬਣਾਈ ਰੱਖਿਆ। ਅਮਰੀਕੀ ਸਾਮਰਾਜੀ ਹਕੂਮਤ ਵੱਲੋਂ ਵੀਅਤਨਾਮ ਤੋਂ ਲੈ ਕੇ ਇਰਾਕ ਅਤੇ ਅਫ਼ਗਾਨਿਸਤਾਨ ਤੱਕ ਕੀਤੇ ਗਏ ਧਾੜਵੀ ਹਮਲੇ ਅਤੇ ਵਿਆਪਕ ਕਤਲੇਆਮ ਪੱਛਮੀ ਸਾਮਰਾਜੀ ਸ਼ਬਦ-ਕੋਸ਼ ਵਿਚ ਜਾਇਜ਼ ਮੰਨੇ ਜਾਂਦੇ ਹਨ। ਟਰੰਪ ਸਰਕਾਰ ਹੋਰ ਵੀ ਕਰੂਰ ਹਮਲੇ ਕਰਨਾ ਚਾਹੁੰਦੀ ਹੈ। ਇਸ ਖ਼ਾਤਰ ਫ਼ੌਜ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਟਰੰਪ ਵੱਲੋਂ ਫ਼ੌਜੀ ਬਜਟ ਵਿਚ 50% ਵਾਧੇ – 1 ਖ਼ਰਬ ਡਾਲਰ ਤੋਂ 1.5 ਡੇਢ ਖਰਬ ਡਾਲਰ ਕਰਨ – ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।
ਇੰਝ ਲੱਗਦਾ ਹੈ ਕਿ ਅਮਰੀਕੀ ਹਾਕਮ ਜਮਾਤ ਦਾ ਘੋਰ ਫਾਸ਼ੀਵਾਦੀ ਧੜਾ ਹੁਣ ਇਹ ਸਮਝਦਾ ਹੈ ਕਿ ਇਹ ਪੁਰਾਣਾ ਸੰਸਾਰ ਢਾਂਚਾ ਅਮਰੀਕਾ ਲਈ ਹੁਣ ਮੁਆਫ਼ਕ ਨਹੀਂ ਹੈ। ਟਰੰਪ ਦੀ ਅਗਵਾਈ ਹੇਠਲਾ ਹੁਕਮਰਾਨ ਗੁੱਟ ਸੰਧੀਆਂ ਅਤੇ ਪਹਿਲੇ ਸਮਝੌਤਿਆਂ ਨੂੰ ਤੋੜ ਕੇ ਸਿੱਧਾ ਫ਼ੌਜੀ ਤਾਕਤ ਦੇ ਜ਼ੋਰ ਅਮਰੀਕੀ ਦਬਦਬਾ ਵਧਾਉਣਾ ਚਾਹੁੰਦਾ ਹੈ, ਜਿਸਦੀ ਸ਼ੁਰੂਆਤ ਪੱਛਮੀ ਅਰਧ-ਗੋਲੇ ਤੋਂ ਕਰਨ ਦੇ ਸੰਕੇਤ ਹਨ। ਚੀਨ ਅਤੇ ਰੂਸ ਨੂੰ ਪਰ੍ਹਾਂ ਰੱਖਣ ਦੇ ਨਾਂ ਹੇਠ ਧਰਤੀ ਦੇ ਇਸ ਪੂਰੇ ਹਿੱਸੇ ਉੱਪਰ ਮੁਕੰਮਲ ਕੰਟਰੋਲ ਕਰਨ ਦੇ ਐਲਾਨ ਇਹੀ ਦਰਸਾਉਂਦੇ ਹਨ।
ਇਹ ਸਰਮਾਏਦਾਰੀ ਪ੍ਰਬੰਧ ਦਾ ਮੂਲ ਸੰਕਟ ਹੈ। ਸਰਮਾਏਦਾਰਾ ਸੰਸਾਰ ਵਿਚ ਤਾਕਤਾਂ ਵਸੀਲਿਆਂ, ਮੰਡੀਆਂ, ਸਪਲਾਈ ਚੇਨਾਂ, ਫ਼ੌਜੀ ਅੱਡਿਆਂ ਅਤੇ ਯੁੱਧਨੀਤਕ ਖੇਤਰਾਂ ਲਈ ਲਗਾਤਾਰ ਖਹਿ-ਭੇੜ ਵਿਚ ਲੱਗੀਆਂ ਰਹਿੰਦੀਆਂ ਹਨ। ਇਹ ਸਰਮਾਏਦਾਰੀ ਪ੍ਰਬੰਧ ਦਾ ਲਾਜ਼ਮੀ ਨਤੀਜਾ ਹੈ: ਜੇਕਰ ਇੱਕ ਸਾਮਰਾਜੀ ਸਰਮਾਏਦਾਰਾ ਗੁੱਟ ਅੱਗੇ ਨਹੀਂ ਵਧੇਗਾ ਤਾਂ ਦੂਜਾ ਉਸਨੂੰ ਨਿਗਲ ਜਾਵੇਗਾ। ਜਦੋਂ ਇਹ ਖਹਿਭੇੜ ਤੇਜ਼ ਹੁੰਦਾ ਹੈ, ਤਾਂ ਸੱਤਾ ਦੇ ਵਧੇਰੇ ਕਰੂਰ ਅਤੇ ਘੋਰ ਰੂਪ ਸਾਹਮਣੇ ਆਉਂਦੇ ਹਨ। ਫਾਸ਼ੀਵਾਦ ਉਸਦਾ ਹੀ ਰੂਪ ਹੈ: ਮੁਲਕ ਦੇ ਅੰਦਰ ਤਾਨਾਸ਼ਾਹੀ, ਬਾਹਰ ਖੁੱਲ੍ਹੀ ਸਾਮਰਾਜਵਾਦੀ ਦਹਿਸ਼ਤ। ਟਰੰਪ ਦੇ ਕਦਮ ਅਮਰੀਕੀ ਸਾਮਰਾਜੀਆਂ ਦੀ ਨਵੀਂ ਵਿਸ਼ਵ ਨੀਤੀ ਦਾ ਸੰਕੇਤ ਹਨ। ਸਰਮਾਏਦਾਰੀ ਪ੍ਰਬੰਧ ਦਾ ਇਹੀ ਖਮਿਆਜ਼ਾ ਅੱਜ ਦੁਨੀਆ ਟਰੰਪ ਦੇ ਰੂਪ ’ਚ ਭੁਗਤ ਰਹੀ ਹੈ। ਜਿਸ ਤੋਂ ਸਭ ਤੋਂ ਵੱਧ ਖ਼ਤਰਾ ਪੂਰੀ ਮਾਨਵਤਾ ਨੂੰ ਹੈ ਅਤੇ ਇਸਨੂੰ ਠੱਲ੍ਹ ਵੀ ਸਰਮਾਏਦਾਰਾ ਸਰਕਾਰਾਂ ਨਹੀਂ, ਦੁਨੀਆ ਦੇ ਲੋਕ ਹੀ ਪਾ ਸਕਦੇ ਹਨ।
