ਬਲਕਾਰ ਸਿੰਘ ਪ੍ਰੋਫੈਸਰ
ਫੋਨ: +91-93163-01328
ਮਨਮੋਹਨ ਹੁਰੀਂ ਪੁਲਿਸ ਦੇ ਉਚ ਅਹੁਦੇ ਤੋਂ ਪਿੱਛੇ ਜਿਹੇ ਹੀ ਰਿਟਾਇਰ ਹੋਏ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਕਵਿਤਾ, ਦਾਰਸ਼ਨਿਕ ਨਿਬੰਧਾਂ ਅਤੇ ਨਾਵਲਕਾਰੀ ਦੇ ਖੇਤਰ ਵਿਚ ਹੁਣ ਤੱਕ 30 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਹੈ।
ਅੱਜ ਤੋਂ 15 ਕੁ ਵਰ੍ਹੇ ਪਹਿਲਾਂ ਉਨ੍ਹਾਂ ਵਲੋਂ ਮਹਾਨ ਨਾਵਲਕਾਰ ਕਰਾਤੁਨ ਐਨ ਹੈਦਰ ਦੇ ਨਾਵਲ ‘ਅੱਗ ਦਾ ਦਰਿਆ’ ਦੀ ਤਰਜ਼ `ਤੇ ਲਿਖਿਆ ਉਨ੍ਹਾਂ ਦਾ ਨਾਵਲ ‘ਨਿਰਵਾਣ’ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹਾਲੀਆ ਨਾਵਲ ‘ਮਨ ਭੰਖੀ ਭਇਓ’ ਵਿਚ ਉਨ੍ਹਾਂ ਨੇ ਸਿੱਖ ਰਾਜ ਦੇ ਖਾਤਮੇ ਤੋਂ ਲੈ ਕੇ ਪੂਰੀ ਇਕ ਸਦੀ ਦੇ ਪੰਜਾਬ ਦੇ ਇਤਿਹਾਸ ਨੂੰ ਪਿੱਠਭੂਮੀ ਬਣਾਉਂਦਿਆਂ ਗੁਰਬਾਣੀ ਸੰਗੀਤ ਦੀ ਆਤਮਾ ਨੂੰ ਜਿਸ ਸੁਹਜ ਨਾਲ ਗੁੰਧਿਆ ਹੈ, ਉਹ ਪੜ੍ਹਿਆਂ ਹੀ ਬਣਦਾ ਹੈ। ਡਾ. ਬਲਕਾਰ ਸਿੰਘ ਨੇ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਸ ਨਾਵਲ ਦੀ ਸਮੀਖਿਆ ਸਾਂਝੀ ਕੀਤੀ ਹੈ। -ਸੰਪਾਦਕ
ਡਾ. ਮਨਮੋਹਨ ਸਿੰਘ ਦੇ ਨਾਵਲ ‘ਮਨੁ ਪੰਖੀ ਭਇਓ’ ਨੂੰ ਸਰਵਰਕ ਤੋਂ ਲੈ ਕੇ ਆਖਰੀ ਪੰਨੇ ਤੱਕ ਪੜ੍ਹ ਲੈਣ ਪਿਛੋਂ ਮੇਰੀ ਅਕਾਂਖਿਆ ਅਤੇ ਸੰਤੁਸ਼ਟੀ ਜਿਸ ਸੰਬਾਦ ਦੇ ਸਨਮੁਖ ਹੋਈ, ਓਸੇ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਹਿਸਾਸ, ਸੋਝੀ ਅਤੇ ਸਮਾਜਿਕਤਾ ਨਾਲ ਜੁੜੇ ਹੋਏ ਪਾਤਰਾਂ ਵਿਚੋਂ ਬੋਧੇ ਨੂੰ ਕੇਂਦਰ ਵਿਚ ਰੱਖ ਕੇ ਗੱਲ ਤੋਰਦਾ ਹਾਂ ਤਾਂ ਗੁਰਮਤਿ ਦੀਆਂ ਉਹ ਰਮਜ਼ਾਂ ਸਾਹਮਣੇ ਆਉਣ ਲੱਗ ਪੈਂਦੀਆਂ ਹਨ, ਜਿਨ੍ਹਾਂ ਨੂੰ ਗੁਰੂ ਦੇ ਨਾਮ `ਤੇ ਜਿਊਣ ਵਾਲੇ ਪੰਜਾਬ ਨਾਲ ਜੋੜ ਕੇ ਸਮਝੇ-ਸਮਝਾਏ ਜਾਣ ਦੀ ਸਪੇਸ ਇਸ ਨਾਵਲ ਦੇ ਹਵਾਲੇ ਨਾਲ ਪੈਦਾ ਹੋ ਗਈ ਹੈ ਅਤੇ ਇਸਨੂੰ ਵਿਚਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਨਾਵਲ ਇਤਿਹਾਸ ਦੇ ਆਸਰੇ ਤੁਰਨ ਦੀ ਥਾਂ ਸਿਧਾਂਤਕੀ ਦੇ ਆਸਰੇ ਤੁਰਦਾ ਲੱਗਦਾ ਹੈ। ਸਿਧਾਂਤਕੀ ਭਾਵ ਗੁਰੂ ਦੇ ਨਾਮ ‘ਤੇ ਤੁਰਨ ਵਾਲੇ ਪੰਜਾਬ ਦਾ ਸਮਕਾਲ ਕਿਹੋ ਜਿਹੀਆਂ ਹੋਣੀਆਂ ਨੂੰ ਹੰਢਾਉਂਦਾ ਆ ਰਿਹਾ ਹੈ? ਜਾ ਰਹੀ ਕਲੋਨੀਅਲ ਹਕੂਮਤ ਅਤੇ ਆ ਰਹੀ ਲੋਕਤਾਂਤ੍ਰਿਕਤਾ ਦੀ ਦਾਅਵੇਦਾਰੀ ਵਾਲੀ ਸਿਆਸਤ ਵਿਚਕਾਰ ਇਸਲਾਮਿਕ ਰਾਸ਼ਟਰਵਾਦ ਰਾਹੀਂ ਪਾਕਿਸਤਾਨ ਬਣਾਉਣ ਦੀ ਸਿਆਸਤ ਨਾਲ ਉਖੜੇ ਮਨਾਂ ਦੇ ਉਲਾਰ ਦਾ ਆਮ ਬੰਦਾ ਸ਼ਿਕਾਰ ਕਿਵੇਂ ਤੇ ਕਿਉਂ ਹੋ ਰਿਹਾ ਸੀ, ਨੂੰ ਇਸ ਨਾਵਲ ਦੇ ਹਵਾਲੇ ਨਾਲ ਸਮਝਿਆ ਸਕਦਾ ਹੈ ਅਤੇ ਸਮਝਾਇਆ ਵੀ ਜਾ ਸਕਦਾ ਹੈ। ਪੰਜਾਬ ਆਪੂੰ ਸਹੇੜੀਆਂ ਸਮੱਸਿਆਵਾਂ ਵਿਚ ਘਿਰਦਾ ਵੀ ਹੈ ਅਤੇ ਨਿਕਲਣ ਲਈ ਫੜਫੜਾਉਂਦਾ ਵੀ ਹੈ। ਇਸ ਸਥਿਤੀ ਵਿਚ ਨਾ ਕੀਤੀਆਂ ਸਜ਼ਾਵਾਂ ਭੁਗਤਣ ਵੱਲ ਭੱਜ ਰਹੀ ਪੰਜਾਬੀ ਪਾਤਰਤਾ ਦੀ ਮਾਨਸਿਕ ਧਰਾਤਲ ਨੂੰ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ॥
ਧੰਨੁ ਧੰਨੁ ਗੁਰੁ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥167
ਡਾ. ਮਨਮੋਹਨ ਸਿੰਘ ਬਹੁ-ਵਿਧਾਵੀ ਸਾਹਿਤਕਾਰ ਵਜੋਂ ਸਥਾਪਤ ਹੈ ਅਤੇ ਇਸ ਦੀ ਪੁਸ਼ਟੀ ਇਹ ਨਾਵਲ ਕਰਦਾ ਹੈ। ਪਰਤਾਂ ਦੀਆਂ ਬਾਰੀਕੀਆਂ ਅਤੇ ਵਿਸਥਾਰ ਲੇਖਕ ਦੀ ਸ਼ੈਲੀ ਦਾ ਉਹ ਰੰਗ ਸਾਹਮਣੇ ਲੈ ਆਉਂਦੀਆਂ ਹਨ, ਜਿਸ ਨੂੰ ਵਾਰਸਸ਼ਾਹੀ ਸ਼ੈਲੀ ਕਹਿਣਾ ਚਾਹੁੰਦਾ ਹਾਂ (143)। ਇਸ ਨਾਲ ਸਮਝ ਅਤੇ ਸੂਚਨਾ ਕਰਿੰਘੜੀ ਪਾ ਕੇ ਤੁਰਦੀਆਂ ਨਜ਼ਰ ਆੳਂੁਦੀਆਂ ਹਨ। ਨਾਵਲ ਦੇ ਮੁੱਖ ਪਾਤਰ ਭਾਈ ਬੁੱਧ ਸਿੰਘ ਦੇ ਗੁਰਮਤਿ ਦੀ ਰੌਸ਼ਨੀ ਵਿਚ ਹੋਏ ਬਿਰਤਾਂਤ ਨੂੰ ਇਸ ਤਰ੍ਹਾਂ ਪੰਜਾਬੀ ਨਾਵਲਕਾਰੀ ਵਿਚ ਪਹਿਲਾਂ ਕਿਸੇ ਲੇਖਕ ਨੇ ਉਸਾਰਿਆ ਹੋਵੇ, ਮੇਰੀ ਪੜ੍ਹਤ ਵਿਚ ਨਹੀਂ ਆਇਆ। ਸਮਾਜਿਕਤਾ ਦਾ ਬੋਧਾ ਅਤੇ ਯਾਰਾਂ ਦਾ ਬੁੱਧੂ ਨਾਵਲ ਵਿਚ ਸਿੱਖ ਅਹਿਸਾਸ ਦੇ ਪਾਤਰ ਵਜੋਂ ਭਾਈ ਬੁੱਧ ਸਿੰਘ ਹੋ ਗਿਆ ਹੈ। ਮੁੱਖ ਪਾਤਰ ਦੀ ਤਿੰਨ ਪਰਤੀ ਪਛਾਣ ਨੂੰ ਪੰਜਾਬੀ ਸਭਿਆਚਾਰ ਵਿਚ ਮਾਇਆ ਦੀ ਤਿੰਨ ਪਰਤੀ ਪਛਾਣ- ‘ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸ ਰਾਮ’ ਵਾਂਗ ਵੀ ਵੇਖਿਆ ਜਾ ਸਕਦਾ ਹੈ। ਵਿਸ਼ਵਾਸੀ ਚੇਤਨਾ ਦੁਆਲੇ ਉਸਰਦੀ ਬੋਧੇ ਦੀ ਮਾਨਸਿਕਤਾ ਨੂੰ ਹਰ ਉਹ ਪਾਤਰ ਸਹਾਰਾ ਦੇਂਦਾ ਹੈ, ਜਿਹੜਾ ਪ੍ਰਾਪਤ ਸਭਿਆਚਾਰ ਦੇ ਪ੍ਰਸੰਗ ਵਿਚ ਧਾਰਮਿਕ ਰੰਗ ਦਾ ਪ੍ਰਤੀਨਿਧ ਹੈ। ਇਸ ਤਰ੍ਹਾਂ ਦੇ ਪ੍ਰਭਾਵ ਦੀ ਪਹਿਲੀ ਪਰਤ ਉਸ ਦਾ ਪਿਓ ਹੈ, ਜੋ ਜੁਲਾਹਾ ਹੈ ਅਤੇ ਹਰ ਰੋਜ਼ ਕੰਮ ਸ਼ੁਰੂ ਕਰਨ ਵੇਲੇ ਇਹ ਦੁਰਾਉਂਦਾ ਹੈ- ‘ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ’। ਪੰਜਾਬੀਆਂ ਦੇ ਸੁਭਾ ਨੂੰ ਲੱਗੀ ਗੁਰਮਤੀ ਜਾਗ ਦੇ ਹਵਾਲੇ ਦੀ ਉਸ ਨੂੰ ਕਦੇ ਲੋੜ ਹੀ ਨਹੀਂ ਪਈ। ਉਹ ਭੈਅ ਭਾਵਨੀ ਵਾਲੇ ਜਗਿਆਸੂਆਂ ਦੀ ਸੇਵਾ ਨੂੰ ਪੁੰਨ ਸਮਝਦਾ ਰਿਹਾ ਸੀ। ਪਿਤਾ ਦੀ ਸ਼ਰਧਾਲੂ ਪਹੁੰਚ ਨੂੰ ਜਿਸ ਤਰ੍ਹਾਂ ਬੋਧੇ ਨੇ ਸੁਤੇ-ਸਿਧ ਹੀ ਅਪਣਾ ਲਿਆ ਸੀ, ਉਸ ਤਰ੍ਹਾਂ ਉਸ ਦੇ ਵਡੇ ਦੋ ਭਰਾਵਾਂ ਨੇ ਨਹੀਂ ਅਪਣਾਇਆ ਸੀ। ਤਿੰਨਾਂ ਭਰਾਵਾਂ ਵਿਚੋਂ ਮਹਿਟਰਾਂ ਵਾਂਗ ਵੀ ਬੋਧਾ ਹੀ ਵਿਚਰਦਾ ਰਿਹਾ ਸੀ। ਘਰ ਵਿਚੋਂ ਲੋੜੀਂਦੇ ਮੁਹੱਬਤੀ ਹੁੰਗਾਰੇ ਨਾਲੋਂ ਟੁੱਟਿਆ ਬੋਧਾ ਧਾਰਮਿਕ ਸਥਾਨਾਂ ਰਾਹੀਂ ਆਪਣੇ ਅੰਦਰ ਨਾਲ ਜੁੜਣ ਵਾਲੇ ਰਾਹ ਪੈ ਗਿਆ ਸੀ। ਇਹ ਉਹਦੀ ਚੋਣ ਨਹੀਂ, ਮਜਬੂਰੀ ਸੀ, ਪਰ ਇਸ ਰਾਹ ਤੁਰਨ ਦੇ ਨਤੀਜਿਆਂ ਨੇ ਉਸ ਨੂੰ ਸੰਤੁਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੇ ਭਰਾਵਾਂ ਨਾਲ ਪਿਤਾ ਦੇ ਫੁੱਲ ਪਾਉਣ ਵਾਸਤੇ ਹਰਿਦਵਾਰ ਜਾ ਕੇ ਵੀ ਦੁਨੀਆਂਦਾਰ ਵਡੇ ਭਰਾਵਾਂ ਨਾਲ ਆਪਣੇ ਅੰਦਾਜ਼ ਵਿਚ ਹੀ ਪੇਸ਼ ਆਉਂਦਾ ਰਿਹਾ ਸੀ। ਪਾਂਡੇ ਦੇ ਪਰਵਚਨਾਂ ਨੂੰ ਭਰਾ ਕੇਵਲ ਸੁਣਦੇ ਸਨ ਅਤੇ ਬੋਧਾ ਸਮਝਦਾ ਲੱਗਦਾ ਸੀ। ਮੌਤ ਦੇ ਹਵਾਲੇ ਨਾਲ ਬੋਧੇ ਨੂੰ ਬ੍ਰਹਿਮੰਡ, ਬ੍ਰਹਮ ਅਤੇ ਸ਼ਬਦ ਨੂੰ ਪਾਂਡੇ ਕੋਲੋਂ ਸੁਣ ਕੇ ਆਪਣੀਆਂ ਰਗਾਂ ਵਿਚ ਅਗੰਮੀ ਲੈਅ ਅਤੇ ਰੂਹਾਨੀ ਤਾਲ ਵਰਗਾ ਅਹਿਸਾਸ ਹੋਇਆ ਸੀ। ਵਾਪਸ ਆ ਕੇ ਉਸ ਨੂੰ ਲਗਿਆ ਕਿ ਮਾਪੇ ਨਹੀਂ ਰਹੇ ਤਾਂ ਕਾਹਦਾ ਘਰ। ਹਰ ਕਾਸੇ ਤੋਂ ਉਪਰਾਮ ਹੋ ਗਿਆ ਸੀ। ਉਸ ਦੀ ਇਹ ਪਿਆਸ ਗੁਰਦੁਆਰੇ ਜਾਣ ਨਾਲ ਪਰਚਣ ਲੱਗ ਪਈ ਸੀ। ਗੁਰਦੁਆਰੇ ਦੀ ਇਹ ਭੂਮਿਕਾ ਉਸ ਨਾਲ ਕਿਸੇ ਨ ਕਿਸੇ ਰੂਪ ਵਿਚ ਸਾਰੀ ਉਮਰ ਨਿਭਦੀ ਰਹੀ ਸੀ। ਪੁਸਤਕ ਸਭਿਆਚਾਰ ਤੋਂ ਮਹਿਰੂਮ ਪਿੰਡ ਵਿਚ ਪੜ੍ਹਨ ਦੀ ਰੁਚੀ ਸੰਤਾਂ ਦੇ ਡੇਰੇ ਨੇ ਪੈਦਾ ਕੀਤੀ ਅਤੇ ਪਾਠ ਕਰ ਲੈਣ ਦੀ ਸਮਰੱਥਾ ਨੇ ਉਸ ਨੂੰ ਗੁਰਦੁਆਰੇ ਨਾਲ ਜੋੜ ਦਿਤਾ ਸੀ। ਗਵੱਈਆ ਹੋਣ ਦੀ ਕੁਦਰਤੀ ਦਾਤ ਨੇ ਉਸ ਨੂੰ ਰਾਗੀ ਪ੍ਰੇਮ ਸਿੰਘ ਦੇ ਨੇੜੇ ਲੈ ਆਂਦਾ। ਗੁਰਦੁਆਰੇ ਦਾ ਗ੍ਰੰਥੀ ਕਰਮ ਸਿੰਘ ਵੀ ਉਸ ਨੂੰ ਚੰਗੇ ਪਾਠੀ ਵਾਂਗ ਪਿਆਰ ਕਰਨ ਲਗ ਪਿਆ ਸੀ। ਉਹ ਸ਼ਬਦ ਕੀਰਤਨ ਦੀ ਲੈਅਕਾਰੀ ਨਾਲ ਜੁੜਦਾ ਗਿਆ ਅਤੇ ਅਖੰਡਪਾਠੀਆਂ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਦਾ ਰਹਿੰਦਾ। ਕੀਰਤਨ ਅਤੇ ਪਾਠ ਵਾਸਤੇ ਉਸ ਦਾ ਗਲਾ ਅਤੇ ਯਾਦਾਸ਼ਤ ਬੜੀ ਕੰਮ ਆਈ। ਸੰਗਤ ਵਿਚ ਉਹ ਭਾਈ ਬੁੱਧ ਸਿੰਘ ਦੇ ਨਾਮ ਨਾਲ ਅਤੇ ਪਿੰਡ ਵਾਲਿਆਂ ਨਾਲ ਨਿਮਰ ਸੇਵਕ ਵਾਂਗ ਨਿਭਦਾ ਆ ਰਿਹਾ ਸੀ।
ਮੈਲੇ ਕਪੜਿਆਂ ਵਾਲਾ ਬੋਧਾ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਸਿੰਘ ਵਾਂਗ ਸਜਿਆ-ਸਜਾਇਆ ਆਪਣੇ-ਆਪ ਨੂੰ ‘ਧੁਰ ਅੰਦਰੋਂ ਧੋਤਾ-ਧੋਤਾ, ਨਿਰਮਲ-ਨਿਰਮਲ, ਪਵਿਤਰ-ਪੁਨੀਤ ਜਿਹਾ ਅਨੁਭਵ ਕਰਨ ਲਗ ਪਿਆ ਸੀ। ਉਸ ਦੇ ਅੰਦਰ ਨਵਾਂ ਵਿਸ਼ਵਾਸ ਅਤੇ ਨਵੀਂ ਊਰਜਾ ਪੈਦਾ ਹੋਣ ਲਗ ਪਈ ਸੀ। ਇਸ ਨਵੀਂ ਪਰਤ ਨਾਲ ਹੀ ਨਾਵਲ ਦੇ ਸਿਰਲੇਖ ਦਾ ਪ੍ਰਸੰਗ ਭਗਤ ਕਬੀਰ ਦੇ ਇਸ ਹਵਾਲੇ ਨਾਲ ਨਾਵਲ ਦਾ ਹਿੱਸਾ ਹੋ ਗਿਆ ਹੈ:
ਕਬੀਰ ਮਨੁ ਪੰਖੀ ਭਇਓ, ਉਡਿ ਉਡਿ ਦਹ ਦਿਸ ਜਾਇ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਪਾਇ॥
ਪ੍ਰਸੰਗ ਦੇ ਵਿਸਥਾਰ ਵਿਚ ਜਾਏ ਬਿਨਾ ਪੰਖੀ ਮਾਨਸਿਕਤਾ ਦੀ ਪੁਸ਼ਟੀ ਨਾਵਲ ਵਿਚੋਂ ਇਸ ਤਰ੍ਹਾਂ ਹੁੰਦੀ ਹੈ- ‘ਉਸ (ਬੋਧੇ) ਨੂੰ ਇੰਜ ਲੱਗਦਾ ਉਹ ਜਿਵੇਂ ਕੋਈ ਪੰਛੀ ਹੋਵੇ, ਜੋ ਅਚਾਨਕ ਕਿਸੇ ਉਚੀ ਆਵਾਜ਼ ਜਾਂ ਧਮਾਕੇ ਨਾਲ ਤ੍ਰਬਕ ਕੇ ਹਿੱਲ ਗਿਆ ਹੋਵੇ’ ਬੋਧੇ ਦੀ ਪੰਛੀਆਂ ਵਰਗੀ ਮਾਨਸਿਕਤਾ ਦਾ ਹਵਾਲਾ ਇਸ ਤਰ੍ਹਾਂ ਪ੍ਰਾਪਤ ਹੈ- ‘ਉਸ ਦੇ ਅੰਦਰ ਉਡ ਰਿਹਾ ਇਕ ਅਨਾਮ ਪੰਛੀ ਉਡਦਾ ਉਡਦਾ ਕਿਸੇ ਬੇਨਾਮ ਡਰ ਕਾਰਨ ਪਿੰਜਰੇ ‘ਚ ਆ ਪਰਤਦਾ। ਉਹ ਪੰਛੀ ਨੂੰ ਤਾਂ ਪਿੰਜਰੇ ਵਿਚੋਂ ਕੱਢ ਦਿੰਦਾ ਪਰ ਪੰਛੀ ਦੇ ਦਿਲ ਵਿਚੋਂ ਪਿੰਜਰਾ ਨਾ ਕਢ ਸਕਦਾ।’ ਮੁੱਖ ਪਾਤਰ ਭਾਈ ਬੁੱਧ ਸਿੰਘ ਨੂੰ ਬਾਰ ਦੇ ਇਲਾਕੇ ਲਾਇਲਪੁਰ ਵਿਖੇ ਸਿੰਘ ਸਭਾ ਗੁਰਦੁਆਰੇ ਵਿਚ ਗ੍ਰੰਥੀ ਦੀ ਸੇਵਾ ਮਿਲ ਜਾਂਦੀ ਹੈ ਅਤੇ ਗੁਰਦੁਆਰੇ ਦਾ ਮੁਖੀਆ ਜਗੀਰਦਾਰੀ ਰੁਚੀਆਂ ਵਾਲਾ ਗੁਰਸਿੱਖ ਹੈ। ਗੁਰਦੁਆਰੇ ਦੀ ਸੇਵਾ ਦੀ ਦਸ਼ਾ ਅਤੇ ਦਿਸ਼ਾ ਪ੍ਰਧਾਨ ਅਤੇ ਗ੍ਰੰਥੀ ਰਾਹੀਂ ਸਾਹਮਣੇ ਆ ਜਾਂਦੀ ਹੈ। ਸਿੱਖੀ ਦੀ ਦਿਸ਼ਾ ਅਤੇ ਦਸ਼ਾ ਜਿਵੇਂ ਸ਼ੁਰੂਆਤ ਵਿਚ ਇਸ ਨਾਵਲ ਰਾਹੀਂ ਪ੍ਰਗਟ ਹੋ ਗਈ ਹੈ, ਉਸ ਨੂੰ ਅਹਿਮ ਮਸਲੇ ਵਜੋਂ ਵਿਚਾਰੇ ਜਾਣ ਦੀ ਲੋੜ ਹੈ। ਲੇਖਕ, ਨਾਵਲ ਦੇ ਪਾਤਰਾਂ ਰਾਹੀਂ ਪਾਤਰਾਂ ਦੇ ਸਮਕਾਲ ਨੂੰ ਸਮਝਣ-ਸਮਝਾਉਣ ਦੀਆਂ ਸੰਭਾਵਨਾਵਾਂ ਨੂੰ ਨਾਵਲ ਦੀ ਬੁਣਤੀ ਵਿਚ ਬੁਣ ਦੇਂਦਾ ਹੈ। ਤਾਏ ਨਾਲ ਬੋਧਾ ਆਦਿਧਰਮੀਆਂ ਦੀ ਮੀਟਿੰਗ ਵਿਚ ਜਾਂਦਿਆਂ ਜਿਹੋ ਜਿਹੇ ਪ੍ਰਸ਼ਨ ਕਰਦਾ ਹੈ, ਉਸ ਨਾਲ ਉਸ ਦੀ ਜਗਿਆਸਾ ਦਾ ਉਹ ਰੰਗ ਦਿਸਣ ਲੱਗ ਪੈਂਦਾ ਹੈ, ਜਿਸ ਨੇ ਨਾਵਲ ਨੂੰ ਬਾਣੀ ਦੇ ਹਵਾਲੇ ਨਾਲ ਲਿਖਿਆ ਹੋਇਆ ਨਾਵਲ ਹੋ ਜਾਣ ਦੇ ਪਾਸੇ ਤੋਰਨਾ ਹੈ। ਬਾਣੀ ਦੇ ਮਰਮ ਅਤੇ ਸੰਗੀਤ ਨਾਲ ਜੁੜੇ ਹੋਏ ਵਿਸਥਾਰ ਬਾਰੇ ਗੱਲ ਤੁਰੇਗੀ ਤਾਂ ਬਹੁਤ ਦੂਰ ਤੱਕ ਜਾਏਗੀ। ਮੈਨੂੰ ਇਹ ਅਣਛੋਹੇ ਅਕਾਦਮਿਕ ਪ੍ਰਸੰਗ ਲੱਗਦੇ ਹਨ। ਇਸ ਦੇ ਵਿਸਥਾਰ ਵਿਚ ਜਾਏ ਬਿਨਾ ਮੁੱਖ ਪਾਤਰ ਦੇ ਸਿੱਖ ਉਸਾਰੀ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਪਿੰਡੋਂ ਬੋਧਾ ਪਹਿਲੀ ਵਾਰ ਗ੍ਰੰਥੀ ਦੀ ਨੌਕਰੀ ਵਾਸਤੇ ਘਰੋਂ ਬਾਹਰ ਨਿਕਲਦਾ ਹੈ। ਗ੍ਰੰਥੀ ਵਜੋਂ ਸ਼ੁਰੂ ਕੀਤੀ ਨਵੀਂ ਜ਼ਿੰਦਗੀ ਵਿਚ ਉਸ ਨੂੰ ਪਿੰਡ ਬਹੁਤ ਯਾਦ ਆਉਂਦਾ ਹੈ। ਉਸ ਨੂੰ ਢੋਲਕੀ ਦੇ ਕੁਦਰਤੀ ਕਲਾਕਾਰ ਹੀਰੇ ਦਾ ਫਿਕਰ ਹੋਣ ਲੱਗਦਾ ਹੈ ਕਿਉਂਕਿ ਉਹ ਰਿਆਜ਼ੇ ਘੁਮਿਆਰ ਦੀ ਬੇਟੀ ਤਰੰਨੁਮ ਨੂੰ ਕੱਢ ਕੇ ਲੈ ਜਾਂਦਾ ਹੈ। ਉਸ ਨੂੰ ਹੀਰੇ ਦੀ ਭੈਣ ਕੰਮੋ ਵੀ ਯਾਦ ਆਉਂਦੀ ਹੈ। ਕੰਮੋ ਦਾ ਪਿਓ ਹੌਲਦਾਰ ਭਾਗ ਸਿੰਘ ਕਦੇਸਣ ਨੂੰ ਫੌਜ ਦੀ ਨੌਕਰੀ ਛਡ ਕੇ ਵਿਆਹ ਲਿਆਇਆ ਸੀ। ਪਿੰਡ ਵਿਚੋਂ ਉਸ ਦਾ ਸੂਚਨਾ ਸ੍ਰੋਤ ਤਾਇਆ ਬਿਸ਼ਨ ਸਿੰਘ ਸੀ। ਤਾਏ ਨੇ ਹੀ ਉਸ ਨੂੰ ਸਮਕਾਲੀ ਚੇਤਨਾ ਨਾਲ ਜੁੜ ਕੇ ਤੁਰਦੇ ਰਹਿਣ ਦੇ ਰਾਹ ਪਾਇਆ ਸੀ। ਤਾਏ ਨੇ ਹੀ ਚਿੱਠੀ ਰਾਹੀਂ ਦੱਸਿਆ ਕਿ ਹੀਰਾ ਤਰੰਨੁਮ ਨਾਲ ਵਿਆਹ ਕਰ ਲੈਣ ਪਿਛੋਂ ਉਸ ਨੂੰ ਨਾਲ ਲੈ ਕੇ ਪਿੰਡ ਪਰਤ ਆਇਆ ਸੀ ਅਤੇ ਉਸਨੂੰ ਕਿਸੇ ਨੇ ਕਤਲ ਕਰ ਦਿੱਤਾ ਸੀ। ਏਨੇ ਸਾਰੇ ਪਾਤਰਾਂ ਵਿਚ ਭਾਈ ਬੁੱਧ ਸਿੰਘ ਦਾ ਵਿਆਹ ਉਸ ਦੇ ਤਾਏ ਨੇ ਹੀਰੇ ਦੀ ਭੈਣ ਕੰਮੋ ਨਾਲ ਕਰਵਾ ਦਿੱਤਾ ਸੀ ਅਤੇ ਉਹ ਕੰਮੋ ਨਾਲ ਗ੍ਰਹਿਸਤੀ ਜੀਵਨ ਸਫਲਤਾ ਨਾਲ ਜੀਅ ਰਿਹਾ ਸੀ। ਉਸ ਦੇ ਦੋ ਪੁੱਤਰ ਸਨ। ਹੀਰੇ ਦੇ ਕਤਲ ਨੂੰ ਕੰਮੋ ਤੋਂ ਲੁਕਾਉਣ ਦਾ ਸੰਘਰਸ਼ ਭਾਈ ਬੁੱਧ ਸਿੰਘ ਦੇ ਸਿੱਖ ਅਹਿਸਾਸ ਦਾ ਹਿੱਸਾ ਹੈ। ਗੁਰਸਿੱਖ ਦੀ ਸਮਾਜਿਕਤਾ ਨਾਲ ਜੁੜੀਆਂ ਪਰਤਾਂ ਵਿਚ ਹੀਰੇ ਦੇ ਕਤਲ ਪਿੱਛੋਂ ਤਰੰਨੁਮ ਦਾ ਵਿਆਹ ਲਾਇਲਪੁਰ ਦੇ ਕਿਸੇ ਵਡੀ ਉਮਰ ਦੇ ਬੰਦੇ ਨਾਲ ਹੋ ਜਾਂਦਾ ਹੈ। ਤਾਇਆ ਉਸ ਦੀ ਸੂਹ ਕੱਢਦਾ ਕੱਢਦਾ ਗੁਰਦੁਆਰੇ ਬੋਧੇ ਕੋਲ ਪਹੁੰਚ ਜਾਂਦਾ ਹੈ ਅਤੇ ਤਰੰਨੁਮ ਨੂੰ ਲਭ ਲੈਂਦਾ ਹੈ। ਕੰਮੋ ਤੇ ਤਰੰਨੁਮ ਨਨਾਣ ਭਰਜਾਈ ਵਾਂਗ ਮਿਲਦੀਆਂ ਹਨ। ਤਰੰਨੁਮ ਨੂੰ ਪਤਾ ਹੈ ਕਿ ਉਹ ਮਾਂ ਨਹੀਂ ਬਣ ਸਕਦੀ ਅਤੇ ਕੰਮੋ ਦੇ ਜੌੜੇ ਮੁੰਡਿਆਂ ਗੋਪੀ ਤੇ ਗੁਰੀ ਵਿਚੋਂ ਗੁਰੀ ਨੂੰ ਪਿਆਰ ਕਰਨ ਲੱਗ ਪੈਂਦੀ ਹੈ। ਇਥੋਂ ਹੀ ਬੋਧੇ ਦੇ ਸੁਖੀ ਵੱਸਦੇ ਪਰਿਵਾਰ ਦੇ ਦੁਖਾਂਤਕ ਅੰਤ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ।
ਨਾਵਲ, 1926 ਤੋਂ ਲੈ ਕੇ 1947 ਵਿਚਕਾਰ ਸ਼ੁਰੂ ਹੋ ਕੇ ਸੰਪੂਰਨ ਹੁੰਦਾ ਹੈ। ਇਹ ਸਮਾਂ ਦੋ ਕੌਮਾਂ ਦੇ ਸਿਧਾਂਤ ਦੀ ਸਿਆਸਤ ਦੇ ਸ਼ੁਰੂ ਹੋਣ ਦਾ ਹੈ। ਇਹ ਸਿਧਾਂਤ ਸਿੱਖਾਂ ਨੂੰ ਖਾਸ ਕਰਕੇ ਅਤੇ ਪੰਜਾਬੀਆਂ ਨੂੰ ਆਮ ਕਰਕੇ ਠੀਕ ਨਹੀਂ ਬੈਠਦਾ, ਕਿਉਂਕਿ ਇਸ ਵਾਸਤੇ ਲੋੜੀਂਦਾ ਧਾਰਮਿਕ ਉਲਾਰ ਸਿੱਖਾਂ ਅਤੇ ਪੰਜਾਬੀਆਂ ਦੇ ਸੁਭਾ ਵਿਚ ਨਹੀਂ ਹੈ। ਦੋ ਕੌਮਾਂ ਦਾ ਸਿਧਾਂਤ ਵੀਰ ਸਾਵਰਕਰ ਵਲੋਂ ਸ਼ੁਰੂ ਕੀਤਾ ਗਿਆ ਸੀ, ਪਰ ਇਸ ਦਾ ਸਿਆਸੀ ਲਾਹਾ ਪਾਕਿਸਤਾਨ ਬਣਾ ਕੇ ਜਿਨਾਹ ਨੇ ਲਿਆ ਸੀ। ਜਿਸ ਤਰ੍ਹਾਂ ਪੰਜਾਬ ਦਾ ਮੁਸਲਮਾਨ ਜਿਨਾਹ ਦੀ ਹਮਾਇਤ ਵਿਚ ਆ ਗਿਆ ਸੀ, ਉਸ ਤਰ੍ਹਾਂ ਪੰਜਾਬ ਦਾ ਹਿੰਦੂ ਵੀਰ ਸਾਵਰਕਰ ਦੀ ਹਮਾਇਤ ਵਿਚ ਨਹੀਂ ਆਇਆ ਸੀ। ਇਸ ਦੀਆਂ ਪਰਤਾਂ ਨੂੰ ਲੇਖਕ ਨੇ ਦਿਆਨਤਦਾਰੀ ਨਾਲ ਸਾਹਮਣੇ ਲਿਆਉਂਦਿਆਂ ਬਹੁਤ ਬਰੀਕੀ ਨਾਲ ਪਾਤਰਾਂ ਰਾਹੀਂ ਬਿਆਨਿਆ ਹੈ। ਬੁੱਧ ਸਿੰਘ ਦੀ ਪਾਤਰ ਉਸਾਰੀ ਰਾਹੀਂ ਸਿੱਖ ਅਤੇ ਬਾਣੀ ਕਟਹਿਰੇ ਵਿਚ ਆ ਜਾਂਦੇ ਹਨ। ਸਿੱਖੀ ਦਾ ਪ੍ਰਤੀਨਿਧ ਗੁਰਦੁਆਰੇ ਦਾ ਪ੍ਰਧਾਨ ਨਹੀਂ, ਕਿਉਂਕਿ ਉਹ ਬਾਣੀ ਨਾਲ ਉਸ ਤਰ੍ਹਾਂ ਨਹੀਂ ਜੁੜਿਆ, ਜਿਵੇਂ ਭਾਈ ਬੁੱਧ ਸਿੰਘ ਸਿੱਖੀ ਦੇ ਪ੍ਰਤੀਨਿਧ ਵਜੋਂ ਸਾਹਮਣੇ ਆਉਂਦਾ ਹੈ। ਨਾਵਲ ਵਿਚ ਪਰਤਾਂ ਨੂੰ ਜਿਵੇਂ ਪ੍ਰਸੰਗ ਵਾਂਗ ਵਿਸਥਾਰਤ ਕੀਤਾ ਹੋਇਆ ਹੈ, ਬੰਦੇ ਦਾ ਪਾਗਲਪਣ ਸਿਆਸੀ ਰੰਗ ਵਿਚ ਸਾਹਮਣੇ ਆਉਣ ਲੱਗ ਜਾਂਦਾ ਹੈ ਅਤੇ ਸਭਿਆਚਾਰ ਅਤੇ ਧਰਮ ਵਿਚੋਂ ਨੈਤਿਕ ਕਦਰਾਂ-ਕੀਮਤਾਂ ਹਾਰਦੀਆਂ ਨਜ਼ਰ ਆਉਂਦੀਆਂ ਹਨ। ਲੀਡਰਾਂ ਵਿਚ ਮਾਸਟਰ ਤਾਰਾ ਸਿੰਘ ਦੀ ਭੂਮਿਕਾ ਨਾਲ ਵੀ ਗੁਰਮਤਿ ਦੀ ਭੂਮਿਕਾ ਕਾਇਮ ਰਹਿੰਦੀ ਹੈ। ਲੇਖਕ ਨੇ ਪਾਤਰਾਂ ਰਾਹੀਂ ਇਹ ਸੱਚ ਸਾਹਮਣੇ ਲੈ ਆਂਦਾ ਹੈ ਕਿ ਚੇਤਿਆਂ ਵਿਚੋਂ ਵਿਰਾਸਤੀ ਪ੍ਰਸੰਗ ਜੇ ਉੱਖੜ ਜਾਵੇ ਤਾਂ ਚੇਤਿਆਂ ਦੀ ਸਿਆਸਤ ਪੱਲੇ ਪੁਆਉਣੀ ਪੈ ਜਾਂਦੀ ਹੈ। ਪੰਜਾਬੀ ਸਭਿਆਚਾਰ ਨੂੰ ਜਿਵੇਂ ਸਿੱਖ ਸਭਿਆਚਾਰ ਨਾਲ ਲੈ ਕੇ ਤੁਰਦਾ ਆ ਰਿਹਾ ਹੈ, ਉਸ ਤਰ੍ਹਾਂ ਹੋਰ ਕਿਸੇ ਧਰਮ ਦਾ ਸਭਿਆਚਾਰ ਨਹੀਂ ਕਰ ਸਕਿਆ। ਪੰਜਾਬੀ ਵਿਵਿਧਤਾ ਦਾ ਸਭਿਆਚਾਰਕ ਪ੍ਰਸੰਗ ਸਿਆਸਤ ਦੇ ਪੈਰੋਂ ਜਿਵੇਂ ਦੇਸ਼ ਦੀ ਵੰਡ ਤੱਕ ਪਹੁੰਚਦਾ ਹੈ, ਇਸ ਨਾਵਲ ਰਾਹੀਂ ਸਾਹਮਣੇ ਆ ਗਿਆ ਹੈ। ਇਸ ਨੂੰ ਨਾਵਲ ਦੇ ਹਵਾਲੇ ਨਾਲ ਇਨਸਾਨੀਅਤ ਦੇ ਘਾਣ ਵਜੋਂ ਹੀ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਓਹਲੇ ਦੀ ਸਿਆਸਤ ਵਿਚੋਂ ਇਸ ਨੂੰ ਸ਼ਹਿ ਮਿਲਦੀ ਰਹੀ ਹੈ। ਇਸ ਦਾ ਵਿਸਥਾਰ ਨਾਵਲ ਦੀ ‘ਉਤਰ ਕਥਾ’ ਵਿਚ ਆ ਗਿਆ ਹੈ। ਜਿਨਾਹ ਨੂੰ ਇਸਲਾਮਿਕ ਲੜਾਈ ਲੜਨ ਦਾ ਨਾਟਕ ਕਰਦਿਆਂ ਜਿਵੇਂ ਪਾਕਿਸਤਾਨ ਮਿਲ ਗਿਆ ਸੀ, ਉਸ ਨਾਲ ਇਸ ਖਿੱਤੇ ਵਿਚ ਧਾਰਮਿਕ ਰਾਸ਼ਟਰਵਾਦ ਦੇ ਬੀਜੇ ਗਏ ਬੀਜਾਂ ਦੀ ਫਸਲ ਹਰ ਕਿਸੇ ਨੂੰ ਵੱਢਣੀ ਪਈ ਅਤੇ ਵਢਣੀ ਪੈ ਰਹੀ ਹੈ। ਇਸ ਸਰਾਪੀ ਪ੍ਰਾਪਤੀ ਨਾਲ ਹਿੰਦੂ, ਹਿੰਦੂ ਨਹੀਂ ਰਹਿ ਸਕਦਾ ਅਤੇ ਮੁਸਲਮਾਨ, ਮੁਸਲਮਾਨ ਨਹੀਂ ਰਹਿ ਸਕਦਾ। ਜਨਮ ਤੋਂ ਧਰਮ ਅੱਗੇ ਕਰਮ ਤੋਂ ਧਰਮ ਦੇ ਹਾਰ ਜਾਣ ਨਾਲ ਬੋਧੇ ਰਾਹੀਂ ‘ਕੋਇ ਨ ਦਿਸੈ ਬਾਹਰਾ ਜੀਓ’ ਵਰਗੀਆਂ ਗੁਰਮਤੀ ਸੰਭਾਵਨਾਵਾਂ ਦੀ ਦਿਸ਼ਾ ਅਤੇ ਦਸ਼ਾ ਇਸ ਨਾਵਲ ਦਾ ਹਾਸਲ ਹੋ ਗਿਆ ਹੈ। ਧਾਰਮਿਕ ਵੰਡ ਵਡੀਹਰੇ ਤੋਂ ਬਚਣ ਵਾਸਤੇ ਲੋੜੀਂਦਾ ਰਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੋਣ ਦੇ ਬਾਵਜੂਦ ਸਿੱਖਾਂ ਵੱਲੋਂ ਸਿਆਸੀ ਅਪਹਰਣ ਦਾ ਸ਼ਿਕਾਰ ਹੋਵੇਗਾ ਤਾਂ ਸਿਧਾਂਤ ਨੂੰ ਅਮਲ ਹੱਥੋਂ ਹਾਰਨ ਤੋਂ ਰੋਕਿਆ ਨਹੀਂ ਜਾ ਸਕੇਗਾ। ਵੰਡ ਦੇ ਵਿੱਛੜਿਆਂ ਨੂੰ ਕਰਤਾਪੁਰ ਸਾਹਿਬ ਦਾ ਲਾਂਘਾ ਤੀਜੀ ਪੀੜ੍ਹੀ ਰਾਹੀਂ ਦੂਜੀ ਪੀੜ੍ਹੀ ਨੂੰ ਮਿਲਾਉਂਦਾ ਹੈ।
ਮੁੱਖ ਪਾਤਰ ਦੇ ਆਲੇ-ਦੁਆਲੇ ਬੁਣਿਆ ਹੋਇਆ ਨਾਵਲ ਏਧਰ-ਓਧਰ ਨੂੰ ਜਿਸ ਬਾਰੀਕ ਸੁਰ ਵਿਚ ਨਾਲ ਲ਼ੈ ਕੇ ਤੁਰਦਾ ਹੈ, ਉਸ ਦੇ ਸਭਿਆਚਾਰਕ, ਧਾਰਮਿਕ ਅਤੇ ਵਿਚਾਰਧਾਰਕ ਪਹਿਲੂਆਂ ਬਾਰੇ ਚਰਚਾ ਤੋਂ ਸੰਕੋਚ ਕਰਕੇ ਇਸ ਨਾਵਲ ਦੇ ਗੁਰਮਤੀ ਪ੍ਰਸੰਗ ਨੂੰ ਕੇਂਦਰ ਵਿਚ ਰੱਖ ਕੇ ਗੱਲ ਕਰਨਾ ਚਾਹ ਰਿਹਾ ਹਾਂ, ਕਿਉਂਕਿ ਇਸ ਨਾਵਲ ਦੀ ਅਹਿਮੀਅਤ ਮੇਰੇ ਲਈ ਇਹ ਹੋ ਗਈ ਹੈ ਕਿ ਧਰਮੀਆਂ ਦੇ ਪੈਰੋਂ ਪੈਦਾ ਹੋਏ ਧਰਮ ਦੇ ਨਫਰਤੀ ਵਰਤਾਰਿਆਂ ਦੀ ਸਿਆਸਤ ਵਿਚ ਗੁਰੁੂ ਨਾਨਕ ਦੇਵ ਜੀ ਨੇ ਜਿਹੜੀ ਮਾਨਸਿਕ ਪਰਿਵਰਤਨ ਦੀ ਮੁਹਿੰਮ ਭਾਈ ਮਰਦਾਨਾ ਨੂੰ ਨਾਲ ਲੈ ਕੇ ਸੱਚੇ ਸੌਦੇ ਨਾਲ ਸ਼ੁਰੂ ਕੀਤੀ ਸੀ, ਉਹ ਕਿਸੇ ਨ ਕਿਸੇ ਮਾਤਰਾ ਵਿਚ ਭਾਈ ਬੁਧ ਸਿੰਘ ਰਾਹੀਂ ਨਿਭ ਰਹੀ ਵੇਖੀ ਜਾ ਸਕਦੀ ਹੈ। ਇਸ ਨਾਲ ਆਸ ਦੀ ਕਿਰਨ, ਕਿ ਸੱਚ ਨਾਲ ਜੁੜੇ ਹੋਏ ਵਿਰਲੇ ਓਸੇ ਤਰ੍ਹਾਂ ਹਾਰਦੇ ਰਹਿੰਦੇ ਹਨ, ਜਿਵੇਂ ਦੋ ਕੌਮਾਂ ਦੀ ਰਾਸ਼ਟਰਵਾਦੀ ਸਿਆਸਤ ਵਾਲੇ ਪਹਿਲਾਂ ਵੀ ਹਾਰੇ ਸਨ ਅਤੇ ਹੁਣ ਵੀ ਹਾਰ ਰਹੇ ਹਨ। ਇਸ ਦ੍ਰਿਸ਼ਟੀ ਤੋਂ ਜਿਸ ਤਰ੍ਹਾਂ ਭਾਈ ਬੁੱਧ ਸਿੰਘ ਧਾਰਮਿਕ ਕੱਟੜਵਾਦੀਆਂ ਦੇ ਪੈਰੋਂ ਬਲਦੀ ਦੇ ਬੁੱਥੇ ਆਉਂਦਾ ਹੈ, ਉਸ ਦਾ ਆਰੰਭ ਤਰੰਨੁਮ ਕੋਲੋਂ ਆਪਣੇ ਪੁੱਤਰ ਗੌਰੀ ਨੂੰ ਲੈਣ ਜਾਣ ਨਾਲ ਹੁੰਦਾ ਹੈ।
ਨਾਵਲ ਵਿਚ ਜਾਤੀਵਾਦੀ ਸਮਾਜਿਕਤਾ ਬਾਰੇ ਇਹ ਭਾਵਨਾ ਸਾਹਮਣੇ ਆਉਣ ਲਗ ਪਈ ਕਿ ‘ਸਾਨੂੰ ਤਾਂ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਪਹਿਲਾਂ ਦੇਸੀ ਹਾਕਮਾਂ ਦੀ ਦਾਸਤਾ ਤੋਂ ਨਿਜਾਤ ਪਾਉਣ ਲਈ ਸਮਾਜਿਕ ਬਰਾਬਰੀ ਦਾ ਸੰਘਰਸ਼ ਵਿੱਢਣਾ ਜ਼ਰੂਰੀ ਹੈ। ਬੋਧਾ, ਜਿਸ ਪੇਂਡੂ ਸਮਾਜਿਕਤਾ ਦਾ ਹਿੱਸਾ ਹੈ, ਉਸ ਨੂੰ ਆਤਮ-ਨਿਰਭਰ ਸਮਾਜਿਕਤਾ ਸਾਰੀਆਂ ਜਾਤੀਆਂ- ਜੱਟ, ਜੁਲਾਹਾ, ਲੁਹਾਰ, ਅਤੇ ਸੁਨਿਅਰਾ ਆਦਿ ਦੀ ਅੰਤਰ-ਸਬੰਧਤਾ ਦੇ ਵਰਤਾਰੇ ਨਾਲ ਜੁੜੀ ਹੋਈ ਹੈ। ਇਸ ਦਾ ਸਿੱਖ ਪ੍ਰਸੰਗ ਬੋਧੇ ਦੇ ਸੁਭਾ ਵਿਚ ਸੁਤੇ-ਸਿਧ ਪਰਵੇਸ਼ ਹੁੰਦਾ ਹੈ ਅਤੇ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਬਾਣੀ ਸਾਰੇ ਬੰਦਿਆਂ ਨੂੰ ਰੱਬ ਦੇ ਬੰਦੇ ਮੰਨਦੀ ਹੈ ਅਤੇ ਵਹਿਮ-ਭਰਮ ਛੱਡ ਕੇ ਪ੍ਰਭੂ ਦੇ ਸਿਮਰਨ ਲਈ ਕਹਿੰਦੀ ਹੈ। ਪੰਜਾਬੀਆਂ ਵਿਚ ਸਮਝ ਨੂੰ ਗੁਰਦੁਆਰੇ ਦੇ ਪਲੈਟਫਾਰਮ ਰਾਹੀਂ ਪੱਕਾ ਕਰਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ:
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ॥
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ॥
ਨਾਵਲ ਵਿਚ ਇਸ ਰੰਗ ਦੀਆਂ ਸਚਾਈਆਂ ਨੂੰ ਨਾਵਲ ਦੇ ਪਾਤਰਾਂ ਰਾਹੀਂ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਸ ਸ਼ਾਹ, ਮਿਰਜ਼ਾ ਗਾਲਿਬ ਅਤੇ ਹੋਰ ਕਵੀਆਂ ਦੀਆਂ ਟੂਕਾਂ ਰਾਹੀਂ ਸਾਹਮਣੇ ਲਿਆਉਣ ਦਾ ਵਰਤਾਰਾ ਚੱਲਦਾ ਰਹਿੰਦਾ ਹੈ। ਇਨ੍ਹਾਂ ਪਰਤ ਪ੍ਰਗਟਾਵਿਆਂ ਦਾ ਸਿਧਾਂਤਕ ਪ੍ਰਸੰਗ ਜਿਸ ਤਰ੍ਹਾਂ ਬਾਣੀ ਦੇ ਹਵਾਲੇ ਨਾਲ ਨਾਵਲ ਵਿਚ ਸਥਾਪਤ ਹੋ ਗਿਆ ਹੈ, ਉਸ ਨੂੰ ਪੰਜਾਬੀ ਨਾਵਲ ਦੇ ਪ੍ਰਸੰਗ ਵਿਚ ਸੱਜਰੀ ਪਹਿਲਤਾਜ਼ਗੀ ਵਾਂਗ ਵੇਖੇ ਜਾਣ ਦੀ ਲੋੜ ਹੈ। ਨਾਵਲੀ ਕੈਨਵਸ ‘ਤੇ 1907 ਵਿਚ ਰੂਸ ਤੇ ਅੰਗ੍ਰੇਜ਼ਾਂ ਦੇ ਸਮਝੌਤ,1936 ਵਿਚ ਸੂਬਾ ਸਰਹੱਦ ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਵੱਲੋਂ ਲੀਗੀਆਂ ਨੂੰ ਹਰਾਉਣ ਅਤੇ 1940 ਵਿਚ ਜਿਨਾਹ ਵੱਲੋਂ ਪਾਕਿਸਤਾਨ ਬਨਾਉਣ ਦਾ ਹਵਾਲਾ, ਪੈਦਾ ਹੋ ਰਹੇ ਸਿਆਸੀ ਵਰਤਾਰਿਆਂ ਨੂੰ ਦਰਸਾਉਂਦਾ ਹੋਇਆ ਬੋਧੇ ਵਾਂਗ ਬਿਨਾ ਕੀਤੀਆਂ ਦੀ ਸਜ਼ਾ ਭੁਗਤਣ ਵਾਲਿਆਂ ਲਈ ਮਜ਼੍ਹਬੀ ਸਿਆਸਤ ਵਾਸਤੇ ਅਣਚਾਹੀ ਸਪੇਸ ਪੈਦਾ ਕਰਦਾ ਹੈ। ਪੰਛੀਆਂ ਦੇ ਪੈੜਾਂ ਵਰਗੀ ਬੋਧੇ ਦੀ ਜ਼ਿੰਦਗੀ ਵਿਚ ਸੰਗੀਤ ਸਹਿਜ ਵਰਤਾਉਂਦਾ ਹੈ ਅਤੇ ਉਸ ਨੂੰ ਸਮਝ ਆਉਣ ਲੱਗ ਪੈਂਦਾ ਹੈ ਕਿ ‘ਜਦੋਂ ਕਵਿਤਾ ਤੇ ਸੰਗੀਤ ਦਾ ਸੰਗਮ ਹੋ ਜਾਵੇ ਤਾਂ ਇਹ ਠੁਮਰੀ ਲਈ ਉੱਤਮ ਸਥਿਤੀ ਏ।’ ਪਿੰਡ ਦੇ ਸਕੂਲ ਵਿਚ ਪੰਜਾਬੀ ਪੜ੍ਹਾਉਣ ਦੀ ਸੇਵਾ ਨਿਭਾਉਂਦਿਆਂ ਬੋਧੇ ਨੂੰ ਹਿੰਦੂ ਪਾਣੀ ਅਤੇ ਮੁਸਲਮ ਪਾਣੀ ਵਿਚ ਰਮਦਾਸੀਆਂ ਅਤੇ ਜੁਲਾਹਿਆਂ ਵਰਗੀਆਂ ਪਛੜੀਆਂ ਸ਼੍ਰੇਣੀਆਂ ਦੇ ਬਚਿਆਂ ਲਈ ਕੋਈ ਇੰਤਜ਼ਾਮ ਨਹੀਂ ਦਿੱਸਦਾ। ਸਕੂਲ ਦਾ ਹੈਡਮਾਸਟਰ ਅਹਿਮਦ ਦੀਨ ਪੱਕਾ ਮੁਸਲਮਾਨ ਹੋ ਕੇ ਵੀ ਕੱਟੜ ਨਹੀਂ ਹੈ ਅਤੇ ਬੋਧੇ ਨੂੰ ਪੁਸਤਕ ਕਲਚਰ ਨਾਲ ਜੁੜਨ ਦੇ ਅਵਸਰ ਪੈਦਾ ਕਰਦਾ ਰਹਿੰਦਾ ਹੈ। ਸੱਥਾਂ ਤੱਕ ਸਿਆਸਤ ਦੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਸਿਆਸਤ ਤੋਂ ਉਪਰ ਇਨਸਾਨੀਅਤ ਦੀ ਗੱਲ ਵੀ ਵਿਰਲਿਆਂ-ਵਾਂਝਿਆਂ ਵੱਲੋਂ ਤੁਰਦੀ ਰਹਿੰਦੀ ਹੈ। ਭਗਤ ਸਿੰਘ ਅਤੇ ਸਰਾਭੇ ਦੀਆਂ ਗੁਲਾਮੀ ਤੋਂ ਮੁਕਤੀ ਦੀਆਂ ਗੱਲਾਂ ਵੀ ਚੱਲਦੀਆਂ ਰਹਿੰਦੀਆਂ ਹਨ। ਇਹ ਚਰਚਾ ਵੀ ਸੱਥ-ਸਭਿਆਚਾਰ ਦਾ ਹਿੱਸਾ ਸੀ ਕਿ ਬਰਤਾਨਵੀ ਹਕੂਮਤ ਨੇ ਕਿਵੇਂ ਧਰਮਾਂ ਅਤੇ ਜਾਤਾਂ ਦੀਆਂ ਹੱਦਬੰਦੀਆਂ ਰਾਹੀਂ ਸਰਪ੍ਰਸਤੀ ਦਾ ਵਿਆਪਕ ਨਿਜ਼ਾਮ ਸਥਾਪਤ ਕੀਤਾ ਹੋਇਆ ਹੈ। ਬੋਧੇ ਦੀ ਡਾਇਰੀ ਵਿਚ ਇਹੋ ਜਿਹੀ ਸੰਜੀਦਗੀ ਸ਼ਾਮਲ ਸੀ ਕਿ ‘ਮੈਂ ਆਪਣੇ ਹੋਣ ਦੇ ਸੱਚ ਨੂੰ ਤੇਰੇ ਨਾ ਹੋਣ ਦੇ ਸੱਚ ‘ਚੋਂ ਲੱਭਦਾਂ…ਤੇਰੀ ਗੈਰਹਾਜ਼ਰੀ ਸੱਚ ਚੋਂ ਮੇਰੀ ਹਾਜ਼ਰੀ ਦਾ ਗੁੰਮ ਜਾਂਦਾ…(123)।
ਭਾਈ ਬੁੱੁਧ ਸਿੰਘ ਨਿਮਰਤਾ ਅਤੇ ਬਚਨਬੱਧਤਾ ਰਾਹੀਂ ਚੇਤਨਾ ਦੀ ਪ੍ਰਚੰਡਤਾ ਵੱਲ ਵਧਦਾ ਹੋਇਆ ਗੁਰਮਤਿ ਅਤੇ ਪੰਜਾਬੀਅਤ ਦੇ ਸੰਜਮੀ ਸਭਿਆਚਾਰ ਵਿਚੋਂ ਸੁਤੇ-ਸਿਧ ਪੈਦਾ ਹੋਇਆ ਪਾਤਰ ਅਤੇ ਪ੍ਰਤੀਨਿਧ ਲੱਗਦਾ ਹੈ। ਬੋਧੇ ਨੂੰ ਜੋ ਭੋਗਣਾ ਪਿਆ, ਉਸ ਵਿਚ ਸਿਆਸਤ ਦੇ ਕ੍ਰਿਸ਼ਮਿਆਂ ਦੀ ਲੀਲ੍ਹਾ ਦਾ ਅਹਿਮ ਰੋਲ ਸੀ। ਇਸ ਨੂੰ ਮਾਨਵ ਦੇ ਅਮਾਨਵੀ ਵਰਤਾਰਿਆਂ ਵਾਂਗ ਵੀ ਵੇਖਿਆ ਜਾ ਸਕਦਾ ਹੈ। ਏਸੇ ਨਾਲ ਜੁੜੇ ਦੋ ਕੌਮਾਂ ਦੇ ਸਿਧਾਂਤ ਨਾਵਲ ਦਾ ਹਿੱਸਾ ਹੋ ਗਏ ਹਨ ਅਤੇ ਉਸ ਦੇ ਪਰਤ ਪ੍ਰਗਟਾਵੇ ਲੇਖਕ ਦੀ ਕਰਤਾਰੀ ਪ੍ਰਤਿਭਾ ਦੇ ਸ਼ਾਹਦ ਹੋ ਗਏ। ਇਸ ਦੀ ਸ਼ੁਰੂਆਤ ਤਾਂ ਨਾਵਲ ਵਿਚ ਸਾਰਤਰ ਅਤੇ ਦੋਸਤੋਵਸਕੀ ਦੇ ਹਵਾਲੇ ਵਾਲੀਆਂ ਟੂਕਾਂ ਨਾਲ ਹੋ ਜਾਂਦੀ ਹੈ। ਇਸ ਦੇ ਪਾਤਰਾਂ ਰਾਹੀਂ ਪੈਦਾ ਹੋਏ ਮਾਨਵਵਾਦ ਨੂੰ ਬਾਣੀ ਦੇ ਹਵਾਲੇ ਨਾਲ ਅਮਰਜੀਤ ਗਰੇਵਾਲ ਦੇ ਗੁਰਮਤੀ ਸੰਭਾਵਤ ਪੋਸਟਹਿਊਮੈਨ ਬਾਰੇ ਗੱਲ ਹੋ ਸਕਦੀ ਹੈ। ਇਸ ਪਾਸੇ ਤੁਰਾਂਗੇ ਤਾਂ ਸਮਝ ਆਉਣ ਲੱਗ ਪਵੇਗਾ ਕਿ ਮਾਰਕਸਵਾਦੀ ਸਿਧਾਂਤਕੀ ਥੱਕੀ ਥੱਕੀ ਕਿਉਂ ਲੱਗਣ ਲੱਗ ਪਈ ਹੈ? ਲੋੜੀਂਦੀ ਚਰਚਾ ਨੂੰ ਜਾਨਵਰ ਤੋਂ ਬੰਦੇ ਤੱਕ ਦੇ ਸਫਰ ਤੇ ਮੁਕਾਉਣ ਦੀ ਥਾਂ ਮਾਨਵੀ ਵਿਕਾਸ/ਵਿਗਾਸ ਦੀ ਧਰਾਤਲ ਤੇ ਸਕਰਮਕ ਗੁਰਮਤਿ ਦੀ ਤ੍ਰਿਕੜੀ-ਜੁਗਤਿ-ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨਾਲ ਪੈਦਾ ਹੋਣ ਵਾਲੀ ਵਿਵਹਾਰਕਤਾ ਤੱਕ ਤੁਰਦੀ ਰੱਖੀ ਜਾ ਸਕਦੀ ਹੈ। ਇਸ ਚੇਤਨ ਸੁਜੱਗਤਾ ਨਾਲ ਜੁੜੇ ਬਿਨਾ ਦੇਸ਼ ਦੀ ਵੰਡ ਵੇਲੇ ਸਾਹਮਣੇ ਆਈਆਂ ਸੰਭਾਵਨਾਵਾਂ ਨੂੰ ਰੋਕਿਆ ਨਹੀਂ ਜਾ ਸਕੇਗਾ। ਨਾਵਲ ਦਾ ਮੁੱਖ ਪਾਤਰ ਅਨਰੰਗੀ ਮਾਨਸਿਕਤਾ ਦੇ ਉਲਾਰ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਇਹੋ ਜਿਹੀਆਂ ਸਥਿਤੀਆਂ ਵਿਚ ਭੀੜ ਤੰਤ੍ਰ ਦੀ ਸਿਆਸਤ ਦਾ ਵਾਪਰਨਾ ਲਾਜ਼ਮੀ ਹੈ। ਗੁਰੂਆਂ ਦੀ ਚਰਨ ਛੋਹ ਵਾਲੀ ਧਰਤੀ ‘ਤੇ ਬੋਧੇ ਦੀ ਹੋਣੀ ਮਾਨਵੀ ਕਲੰਕ ਨਜ਼ਰ ਆਉਣ ਲੱਗਦੀ ਹੈ। ਨਾਵਲ, ਪਾਤਰਾਂ ਰਾਹੀਂ ਡੇਰੇ ਵਾਲੇ ਕਬੀਰ ਅਤੇ ਗੁਰਦੁਆਰੇ ਵਾਲੇ ਕਬੀਰ ਨੂੰ ਗੁਰਮਤੀ ਭਾਵਨਾ ਵਿਚ ਇਕ ਕਰਦਾ ਨਜ਼ਰ ਆ ਜਾਂਦਾ ਹੈ। ਗ੍ਰੰਥੀ ਕਰਮ ਸਿੰਘ ਰਾਹੀਂ ਮਾਨਸਿਕਤਾ ਦਾ ਵਿਵਹਾਰਕਤਾ ਉਤੇ ਹਾਵੀ ਹੋਣਾ ਸਭਿਆਚਾਰ ਅਤੇ ਧਰਮ ਨੂੰ ਇਕੱਠਿਆਂ ਤੋਰਦਾ ਨਜ਼ਰ ਆ ਜਾਂਦਾ ਹੈ। ਸਿੱਖੀ ਦਾ ਜਗਿਆਸੂ ਤੋਂ ਅਨੁਭਵੀ ਸਕਰਮਕਤਾ ਵੱਲ ਸੇਧਤ ਸਫਰ ਵੀ ਪਾਤਰਾਂ ਰਾਹੀਂ ਜਿਸ ਤਰ੍ਹਾਂ ਨੈਰੇਟਿਵ ਉਸਾਰਨ ਵਿਚ ਸਹਾਈ ਹੁੰਦਾ ਹੈ, ਉਸ ਬਾਰੇ ਨਾਵਲ ਵਿਚਲੇ ਬਾਣੀ ਦੇ ਹਵਾਲਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਨੂੰ ਲੋਕ ਗਾਇਣ ਤੋਂ ਕੀਰਤਨ ਵਿਚ ਪਰਿਵਰਤਿਤ ਹੁੰਦਾ ਵੀ ਨਾਵਲ ਦੇ ਪਾਤਰਾਂ ਰਾਹੀਂ ਵੇਖਿਆ ਤੇ ਸਮਝਿਆ ਜਾ ਸਕਦਾ ਹੈ। ਪਾਤਰਾਂ ਰਾਹੀਂ ਮੌਤ ਅਤੇ ਜੀਵਨ ਬਾਰੇ ਸਵਾਲੇ ਪੈਦਾ ਹੁੰਦਾ ਹੈ ਕਿ ਅਮਰਤਾ ਕੀ ਹੈ? ਜਵਾਬ ‘ਉਹ ਜੋ ਬਚ ਜਾਂਦੈ ਮੌਤ ਏ। ਉਹ ਜੋ ਨਹੀਂ ਮਰਦਾ ਅੰਮ੍ਰਿਤ ਬੀਜ ਆ…। ਪਹਿਲਾਂ ਕੀ ਆ ਮੌਤ ਜਾਂ ਅਮਰਤਾ?’ ਕੋਈ ਨਹੀਂ ਜਾਣਦਾ। ਪਾਤਰਾਂ ਦਾ ਗੁਰਮਤਿ ਪ੍ਰਸੰਗ ਬੇਸ਼ਕ ਗੁਰਦੁਆਰੇ ਦੇ ਹਵਾਲੇ ਨਾਲ ਸਾਹਮਣੇ ਆਉਂਦਾ ਹੈ- ‘ਜਿਵੇਂ ਸਾਰਾ ਕੁਝ ਇਕ ਏ ਉਵੇਂ ਰਾਗ ਤੇ ਕਾਵਿ…ਸ਼ਬਦ ਤੇ ਸੰਗੀਤ ਬਾਣੀ ਦਾ ਆਧਾਰ ਨੇ। ਇਸ ਦੇ ਨਾਲ ਹੀ ਸਮਾਂ, ਪ੍ਰਕਿਰਤੀ, ਸਥਾਨ, ਰੁੱਤਾਂ, ਰਸ, ਭਾਵ, ਲੈਅ ਤੇ ਤਾਲ ਜੁੜੇ ਨੇ। ਜਦੋਂ ਕਾਵਿ ਅਤੇ ਰਾਗ ਦੇ ਭੇਦ ਸੁਰਾਂ ਦੇ ਜੋੜਿਆਂ ਭਾਵ ਸੁਰਲਹਿਰੀਆਂ ਨਾਲ ਇਕ-ਮਿਕ ਹੋ ਜਾਂਦੇ ਨੇ ਤਾਂ ਰਹੱਸ ਬਾਰੇ ਬਾਬੇ ਨਾਨਕ ਨੂੰ ਵੀ ਕਹਿਣਾ ਪੈਂਦਾ, ‘ਮਰਦਾਨਿਆ ਛੇੜ ਰਬਾਬ…ਬਾਣੀ ਆਈ ਏ।’ ਸੰਗੀਤ ਦੀ ਸਮਝ ਨੂੰ ਬਰੀਕੀ ਨਾਲ ਪਾਤਰਾਂ ਰਾਹੀਂ ਬੁਣਿਆ ਗਿਆ ਹੈ ਜਿਵੇਂ ‘ਤਾਲ ਵਿਚ ਮਾਤਰਾਵਾਂ ਦੀ ਗਿਣਤੀ ਦਾ ਧਿਆਨ ਰਖਣਾ ਬੜਾ ਜ਼ਰੂਰੀ ਏ’ ਅਤੇ ‘ਸੰਗੀਤ ‘ਚ ਰਾਗਦਾਰੀ…ਰੂਹਦਾਰੀ ਦਾ ਅਸਲ ਗਹਿਣਾ ਈ ਨਫਾਸਤ ਅਤੇ ਲਤਾਫਤ ਆ।’
ਸਮਕਾਲ ਵਿਚ ਧਰਮ ਦੀ ਸਿਆਸਤ ਵੱਲ ਇਸ਼ਾਰਾ ਜਿਨਾਹ ਰਾਹੀਂ 1940 ਵਿਚ ਪਾਕਿਸਤਾਨ ਦੀ ਗੱਲ ਤੋਰਨ ਨਾਲ ਜੁੜਦਾ ਹੈ, ਜਿਹੜਾ ਵੰਡ ਵੇਲੇ ਪੰਜਾਬੀਆਂ ਦੀ ਖਾਨਾਜੰਗੀ ਦਾ ਕਾਰਨ ਬਣਦਾ ਹੈ। ਧਰਮ ਦੀ ਰਾਜਨੀਤੀ ਦਾ ਨਤੀਜਾ ਹੀ ਦੇਸ਼ ਦੀ ਵੰਡ ਵੇਲੇ ਕਤਲੋ-ਗਾਰਤ ਵਿਚ ਨਿਕਲਿਆ ਸੀ। ਭਾਈ ਬੁੱਧ ਸਿੰਘ ਵਲੋਂ ਗਾਂਧੀ ਬਾਰੇ ਸ਼ੂਦਰ ਚੇਤਨਾ ਦੇ ਪ੍ਰਤੀਨਿਧ ਪਾਤਰ ਤਾਏ ਨੂੰ ਕੀਤੇ ਸਵਾਲ ਦੇ ਜਵਾਬ ਵਿਚ ਮੁਸਲਮਾਨੀ ਪ੍ਰਭਾਵ ਦਾ ਆਧਾਰ ਇਹ ਸੀ ਕਿ ‘ਹਿੰਦੂ ਜੇ ਆਪਣੇ ਧਰਮ ਵਾਲੇ ਸ਼ੂਦਰਾਂ ਦਾ ਮਿਤ ਨਹੀਂ ਬਣਿਆ ਤਾਂ ਅਸੀਂ ਕੀਹਦੇ ਪਾਣੀਹਾਰ ਹਾਂ।’ ਸ਼ੂਦਰ ਚੇਤਨਾ ਦੇ ਪ੍ਰਤੀਨਿਧ ਪਾਤਰ ਤਾਏ ਦੀ ਰਾਏ ਮਹਾਤਮਾ ਗਾਂਧੀ ਬਾਰੇ ਇਸ ਪ੍ਰਕਾਰ ਹੈ- ‘ਗਾਂਧੀ ‘ਚ ਜੀਵਨ ਦਾ ਬਹਿਰੰਗ ਆ…ਜੀਵਨ ਦਾ ਅੰਤਰੀਵ ਨਹੀਂ। ਗਾਂਧੀ ਕੋਲ ਮਨ ਦਾ ਦਮਨ ਏ। ਤਿਆਗ ਦਾ ਤੰਤਰ ਏ। ਗਾਂਧੀ ਕੋਲ ਕਬੀਰ ਜਿਹਾ ਅਧਿਆਤਮ ਨਹੀਂ…ਸੁਰਤਿ ਨਹੀਂ…ਪ੍ਰੀਤੀ ਨਹੀਂ…ਰੀਤੀ ਨਹੀਂ। ਰਵਿਦਾਸ ਜਿਹੀ ਮਨ ਦੀ ਜਾਗਰਤੀ ਨਹੀਂ। ਉਹ ਆਰ ਜਾਂ ਪਾਰ ‘ਤੇ ਨਹੀਂ…ਕੇਵਲ ਆਪਣੇ ਆਪ ਦੇ ਮੰਝਧਾਰ ‘ਤੇ ਖੜ੍ਹਾ ਏ… ਆਪਣੇ ਅਹੰ ਦੀ ਠੋਸ ਪਠਾਰ ਉਤੇ ਖੜ੍ਹੇ ਗਾਂਧੀ ਨੂੰ ਸਿਰਫ ਆਪਣਾ ਆਪ ਹੀ ਦਿਖਾਈ ਦਿੰਦਾ।’ ਦੋ ਕੌੰਮਾਂ ਦੇ ਸਿਧਾਂਤ ਮੁਤਾਬਿਕ ਹੋ ਰਹੀ ਵੰਡ ਵਿਚ ਸਿੱਖ ਲੀਡਰਸ਼ਿਪ ਕੋਲ ਜਿਨਾਹ ਦੇ ਧਾਰਮਿਕ ਰਾਸ਼ਟਰਵਾਦ ਅਤੇ ਕਾਂਗਰਸ ਦੇ ਲੋਕ ਤੰਤਰ ਵਿਚੋਂ ਕਿਸੇ ਇਕ ਨਾਲ ਜਾਣ ਦੀ ਮਜਬੂਰੀ ਸੀ। ਨਤੀਜਾ ਜਿਸ ਤਰ੍ਹਾਂ ਆਮ ਬੰਦੇ ਨੂੰ ਭੁਗਤਣਾ ਪਿਆ, ਓਸੇ ਨੂੰ ਨਾਵਲ ਰਾਹੀਂ ਸਾਹਮਣੇ ਲਿਆਂਦਾ ਗਿਆ ਹੈ।
ਭਾਈ ਬੁੱਧ ਸਿੰਘ ਦਾ ਦਲਤਿਤਵ, ਸਿੱਖ ਹੋ ਜਾਣ ਨਾਲ ਢਕਿਆ ਵੀ ਜਾਂਦਾ ਹੈ ਅਤੇ ਗੁਰਮਤਿ ਦੇ ਰੰਗ ਵਿਚ ਰੰਗਿਆ ਵੀ ਜਾਂਦਾ ਹੈ। ਇਸ ਦੇ ਬਾਵਜੂਦ ਦਲਿਤਾਂ ਨੂੰ ਸ਼੍ਰੇਣੀ ਵਜੋਂ ਕਿਸੇ ਪਾਸਿਉਂ ਕੋਈ ਮਾਨਤਾ ਨਜ਼ਰ ਨਹੀਂ ਆਉਂਦੀ ਅਤੇ ਦਲਿਤ ਸਥਾਪਤ ਜਾਤੀਆਂ ਵਾਸਤੇ ਅਛੂਤ ਹੀ ਰਹਿੰਦੇ ਹਨ। ਦਲਿਤ ਹੀਰਾ, ਲੁਹਾਰਾਂ ਦੀ ਕੁੜੀ ਨਾਲ ਪਿਆਰ ਵਿਆਹ ਕਰਕੇ ਵੀ ਇਸ ਤਰ੍ਹਾਂ ਕਤਲ ਹੁੰਦਾ ਹੈ ਕਿ ਉਸ ਦਾ ਧੜ ਤਾਂ ਮਿਲ ਜਾਂਦਾ ਹੈ ਪਰ ਨਾ ਸਿਰ ਮਿਲਦਾ ਹੈ ਤੇ ਨਾ ਕਾਤਲ ਦਾ ਪਤਾ ਲੱਗਦਾ ਹੈ। ਬੋਧਾ, ਗੁਰਦੁਆਰੇ ਰਾਹੀਂ ਜਿਵੇਂ ਸਿੱਖ ਸਥਾਪਤ ਹੁੰਦਾ ਹੈ, ਉਸ ਸਿਧਾਂਤਕੀ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਦੇ ਰਿਸ਼ਤੇ ਨਾਲ ਹੋ ਗਈ ਸੀ ਅਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਏਸੇ ਤੇ ਮੋਹਰ ਲਾਈ ਗਈ ਸੀ। ਏਸੇ ਦਲਿਤ ਥੀਆਲੋਜੀ ਦੀਆਂ ਭਾਈ ਬੁੱਧ ਸਿੰਘ ਰਾਹੀਂ ਇਸ ਨਾਵਲ ਵਿਚ ਪੈੜਾਂ ਪੈ ਗਈਆਂ ਹਨ। ਸ਼ਬਦ-ਗੁਰੂ ਰਾਹੀਂ ਸਥਾਪਤ ਹੋ ਸਕਣ ਵਾਲੀ ਦਲਿਤ ਥੀਆਲੋਜੀ ਨੂੰ ਸਮਝਣ-ਸਮਝਾਉਣ ਦੀ ਗੱਲ ਇਸ ਨਾਵਲ ਦੇ ਹਵਾਲੇ ਨਾਲ ਅਕਾਦਮਿਕ ਸੁਰ ਵਿਚ ਅੱਗੇ ਤੋਰਨ ਨੂੰ ਸਿੱਖ ਚੇਤਨਾ ਵੱਲੋਂ ਵੰਗਾਰ ਵਾਂਗ ਲੈਣਾ ਚਾਹੀਦਾ ਹੈ। ਆਦਿ ਧਰਮ ਮੰਡਲ ਦੇ ਹਵਾਲੇ ਨਾਲ ਨਾਵਲ ਵਿਚ ਇਹ ਦਲਿਤ-ਪਰਤ ਸਾਹਮਣੇ ਆ ਗਈ ਹੈ ਕਿ ‘ਬਾਹਮਣ ਤੇ ਖਤਰੀ ਦਾ ਪੈਦਾਵਾਰੀ ਢੰਗਾਂ ਨੂੰ ਬਦਲਣ ‘ਚ ਬਹੁਤਾ ਦਖਲ ਨਹੀਂ ਸੀ ਰਿਹਾ।’ ਤਾਂ ਤੇ ਹੱਥੀਂ ਕੰਮ ਕਰਣ ਵਾਲੀਆਂ ਸ਼੍ਰੇਣੀਆਂ ਨੂੰ ਪੰਜਵਾਂ ਵਰਣ ਕਿਹਾ ਹੋਇਆ ਹੈ। ਇਸ ਨੂੰ ਭਾਈ ਜੀਵਨ ਸਿੰਘ ਦੇ ਪੰਜਵਾਂ ਸਾਹਿਬਜ਼ਾਦਾ (ਰੰਗਰੇਟਾ ਗੁਰੂ ਕਾ ਬੇਟਾ) ਨਾਲ ਜੋੜ ਕੇ ਵੇਖਾਂਗੇ ਤਾਂ ਬਾਣੀ ਆਧਾਰਤ ਦਲਿਤ ਥੀਆਲੋਜੀ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਨਜ਼ਰ ਆ ਜਾਣਗੀਆਂ। ਇਸ ਪਾਸੇ ਤੁਰਾਂਗੇ ਤਾਂ ਜਾਤੀਆਂ ਦੇ ਸਭਿਆਚਾਕ ਗੁਰੂਆਂ ਦੀ ਥਾਂ, ਮਾਨਵਤਾ ਦੇ ਗੁਰੂ ਵਜੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸਾਹਮਣੇ ਲਿਆਉਣ ਦਾ ਰਾਹ ਪੱਧਰਾ ਕਰ ਸਕਾਂਗੇ। ਨਾਵਲ ਵਿਚ ਇਹ ਸੰਕੇਤ ਵੀ ਹੋ ਗਿਆ ਹੈ ਕਿ ਇਸ ਬਾਰੇ ਸਹਿਮਤੀ ਅਕਾਦਮਿਕ ਸੁਰ ਹੀ ਸਕਦੀ ਹੈ। ਬੋਧੇ ਅਤੇ ਹੈਡਮਾਸਟਰ ਰਾਹੀਂ ਇਹ ਸਮਝ ਸਥਾਪਤ ਹੁੰਦੀ ਹੈ ਕਿ ਅਕਲਮੰਦੀ ਦੇ ਅੰਗ-ਸੰਗ ਰਹਿ ਕੇ ਉਲਾਰ ਨਾਲ ਨਿਭਣ ਦਾ ਸਲੀਕਾ ਪੈਦਾ ਕੀਤਾ ਜਾ ਸਕਦਾ ਹੈ। ਇਹੋ ਜਿਹੀ ਸਿਆਸਤ ਨੂੰ ਬੋਧਾ ਇਨਸਾਨੀਅਤ ਦੀ ਗੱਲ ਕਹਿਣਾ ਚਾਹੁੰਦਾ ਹੈ, ਪਰ ਸਿਆਸੀ ਕਾਵਾਂ-ਰੌਲੀ ਵਿਚ ਕੋਈ ਸੁਣਦਾ ਹੀ ਨਹੀਂ। ਉਹ ਸਿਆਸਤ ਨੂੰ ਖਾਸ ਕਰਕੇ ਮਜ਼ਹਬੀ ਸਿਆਸਤ ਨੂੰ ਬੜੀ ਚਲਾਕੀ ਵਾਲੀ ਗੱਲ ਸਮਝਦਾ ਹੈ। ਉਸ ਨੂੰ ਸਿਆਸਤ, ਮਜ਼ਹੱਬ ਤੇ ਜਿੱਦੀਪਨ ਦੀ ਉਦਾਹਰਣ ਲੱਗਦੀ ਹੈ। ਸਿਆਸਤ ਦੀ ਮਾਇਆ ਅਤੇ ਮਾਇਆ ਦੀ ਸਿਆਸਤ ‘ਚ ਸਾਰਾ ਮੁਲਕ ਈ ਉਲਝਿਆ ਪਿਆ ਜਾਪਦਾ ਹੈ। ਉਸ ਨੂੰ ਸਮਝ ਆ ਗਈ ਹੈ ਕਿ ਸਿੱਖਸਤਾਨ ਸੁਆਹ ਮਿਲਣਾ ਸਿੱਖਾਂ ਨੂੰ…ਸਿੱਖਾਂ ‘ਚ ਤਾਂ ਧੜੇਬਾਜ਼ੀ ਈ ਬਹੁਤ ਏ। ਜਗਿਆਸਾ ਦੀ ਸਿੱਖ ਯਾਤਰਾ ਵਿਚ ਸਿਆਸਤ ਦਾ ਓਨਾ ਕੂ ਹੀ ਥਾਂ ਜਾਪਦਾ ਹੈ ਜਿੰਨਾ ਕੂ ਬੌਧੇ ਨੂੰ ਸਮਝ ਆਉਂਦਾ ਹੈ। ਉਹ ਜਿੰਨਾ ਕੂ ਸਿੱਖ ਸਿਆਸਤ ਤੋਂ ਅਭਿੱਜ ਹੈ, ਉਸ ਨਾਲੋਂ ਕਿਤੇ ਵੱਧ ਕਾਂਗਰਸ, ਲੀਗੀਆਂ ਅਤੇ ਯੂਨੀਅਨਨਿਸਟਾਂ ਦੀ ਸਿਅਸਤ ਤੋਂ ਵੀ ਅਭਿੱਜ ਹੈ। ਇਸ ਨੂੰ ਗੁਰਮਤਿ ਦੇ ਪ੍ਰਭਾਵ ਵਾਂਗ ਵੀ ਵੇਖਿਆ ਜਾ ਸਕਦਾ ਹੈ। ਪਰ ਸਿਆਸਤ ਦੀ ਸਜ਼ਾ ਤਾਂ ਬੋਧੇ ਵਾਂਗ ਆਮ ਬੰਦੇ ਨੂੰ ਭੁਗਤਣੀ ਪੈਂਦੀ ਹੈ। ਬੋਧੇ ਨੂੰ ਸਮਝ ਆ ਚੁੱਕਾ ਸੀ ਕਿ ਧਰਮ ਦੀ ਸਿਆਾਸਤ ਨੇ ਆਮ ਸਾਧਾਰਨ ਬੰਦਿਆਂ ਦੇ ਮਨਾਂ ਵਿਚ ਨਾ ਮਿਟਣ ਵਾਲੀ ਤਰੇੜ ਦੀ ਬੁਨਿਆਦ ਤਾਂ ਰੱਖ ਹੀ ਦਿੱਤੀ ਹੈ, ਉਸ ਨੂੰ ਇਸ ਦੀ ਸਮਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲਿਆਂ ਨਾਲ ਆਉਂਦੀ ਸੀ ਅਤੇ ਕੀਰਤਨ ਵੇਲੇ ਭਗਤ ਨਾਮਦੇਵ ਦੇ ਸ਼ਬਦ ਨੂੰ ਬੰਧਿਸ਼ ਵਿਚ ਗਾਇਣ ਕਰਦਿਆਂ ਸ਼ਬਦ ਦੀ ਭਾਵਨਾ ਦੇ ਰੰਗ ਵਿਚ ਰੰਗਿਆ ਹੋਇਆ ਮਹਿਸੂਸ ਕਰਨ ਲੱਗਦਾ ਸੀ:
ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੋਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤਿ॥ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥
ਨਾਵਲ ਵਿਚ ਜਿਵੇਂ ਜਿਵੇਂ ਫਿਰਕੂ ਰੰਗ ਪੰਜਾਬ ਦੀ ਸਿਆਸਤ ਦੀ ਲਾਮਬੰਦੀ ਦਾ ਆਧਾਰ ਬਣਦਾ ਜਾ ਰਿਹਾ ਸੀ, ਤਿਵੇਂ ਤਿਵੇਂ ਬੋਧੇ ਨੂੰ ਗੁਰਮਤਿ ਦੇ ਮੁਹੱਬਤੀ ਸਰੋਕਾਰ ਵੰਗਾਰੇ ਜਾ ਰਹੇ ਪ੍ਰਤੀਤ ਹੁੰਦੇ ਲੱਗਦੇ ਸਨ। ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਸਿੱਖ ਵੀ ਚੁਪ ਚੁਪੀਤੇ ਦੀਨੇ ਇਸਲਾਮ ਕਬੂਲ ਕਰ ਲੈਣਗ। ਪਾਕਿਸਤਾਨ ਦੇ ਐਲਾਨ ਨਾਲ ਗੈਰ ਮੁਸਲਮਾਨਾਂ ਦਾ ਕਤਲੋ ਗਾਰਤ ਤੇ ਲੁੱਟ ਸ਼ੁਰੂ ਹੋ ਗਈ ਸੀ। ਇਹੋ ਜਿਹੇ ਵਿਚ ਰਸ਼ੀਦੇ ਦਾ ਤਾਂਗਾ ਲੈ ਕੇ ਆਪਣੇ ਪੁੱਤਰ ਨੂੰ ਲੈਣ ਵਾਸਤੇ ਜਾਂਦੇ ਹੋਏ ਭਾਈ ਬੁੱਧ ਸਿੰਘ ਤੇ ਉਸ ਦੀ ਪਤਨੀ ਪਾਗਲ ਹੋ ਗਈ ਭੀੜ ਵਿਚ ਫਸ ਗਏ ਸਨ। ਕੰਮੋ ਨੂੰ ਕੰਨੀ ਬੰਨਿ੍ਹਆ ਜ਼ਹਿਰ ਖਾਣਾ ਪਿਆ ਸੀ ਅਤੇ ਉਸ ਦੀ ਲਾਸ਼ ਨਾਲ ਜਬਰ-ਜਨਾਹ ਹੋਇਆ ਸੀ। ਭਾਈ ਸਾਹਿਬ ਨੂੰ ਵਡਾ ਕਾਫਰ ਹੱਥ ਆਇਆ ਸਮਝ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ ਗਿਆ ਸੀ। ਰਸ਼ੀਦੇ ਦੀ ਹਿੰਮਤ ਨਾਲ ਉਹ ਬਚ ਗਿਆ ਸੀ, ਪਰ ਉਸ ਦੇ ਕੇਸ਼ ਕਤਲ ਕਰਕੇ ਜਬਰੀ ਸੁੰਨਤ ਵੀ ਕਰ ਦਿੱਤੀ ਗਈ। ਕਸੂਰ ਉਸ ਦਾ ਇਹ ਸੀ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ‘ਤੁਸੀਂ ਮੈਨੂੰ ਜ਼ਬਰਦਸਤੀ ਮੇਰੀ ਮਰਜ਼ੀ ਦੇ ਖਿਲਾਫ ਦੀਨ ਨਹੀਂ ਕਬੂਲ ਕਰਾ ਸਕਦੇ ਹੋ…ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਸਿੱਖ ਪਿਉ ਦੇ ਘਰੇ ਜੰਮਿਆਂ ਤੇ ਸਿੱਖ ਹੀ ਮਰਾਂਗਾ’ ਇਹ ਸਥਿਤੀ ਮਜ਼੍ਹਬੀ ਵਬਾਅ ਕਾਰਨ ਜੰਗਲੀ ਜਾਨਵਰ ਹੋ ਜਾਣ ਦੀ ਸੀ। ਇਸ ਨੂੰ ਨਾਵਲਕਾਰ ਨੇ ਇਸ ਸ਼ੇਅਰ ਨਾਲ ਪੁਸ਼ਟ ਕੀਤਾ ਹੋਇਆ ਹੈ:
ਕਿਸੀ ਕੋ ਅਪਨੇ ਅਮਲ ਕਾ ਹਿਸਾਬ ਕਿਆ ਦੇਤੇ,
ਸਵਾਲਾਤ ਸਾਰੇ ਗ਼ਲਤ ਥੇ ਜਵਾਬ ਕਿਆ ਦੇਤੇ।
ਆਜ਼ਾਦੀ ਨਾਲ ਆਬਾਦੀਆਂ ਦੀ ਅਦਲ਼ਾ-ਬਦਲੀ ਵਿਚ ਬੋਧਾ ਗੁਆਚੀ ਹੋਈ ਪਛਾਣ ਨਾਲ ਅੰਮ੍ਰਿਤਸਰ ਪਹੁੰਚ ਵੀ ਜਾਂਦਾ ਹੈ ਅਤੇ ਦਰਬਾਰ ਸਾਹਿਬ ਹਾਜ਼ਰੀ ਭਰ ਕੇ ਅਰਦਾਸ ਵੀ ਕਰਦਾ ਹੈ। ਉਸ ਦੀ ਦੇਹ ਹੀ ਜ਼ਖਮੀ ਨਹੀਂ, ਰੂਹ ਵੀ ਵਲੂੰਧਰੀ ਹੋਈ ਸੀ। ਜੋ ਉਸ ਨਾਲ ਹੋਇਆ, ਉਹੋ ਜਿਹਾ ਭੀੜ ਵਿਚ ਘਿਰੀ ਹੋਈ ਕੁੜੀ ਨਾਲ ਹੋਣ ਜਾ ਰਿਹਾ ਸੀ। ਭਾਈ ਬੁੱਧ ਸਿੰਘ ਨੇ ਉਸ ਨੂੰ ਬਚਾਉਣ ਵਾਸਤੇ ਆਪਣੇ ਸਿੱਖ ਭਰਾਵਾਂ ਅੱਗੇ ਧੀ ਧਿਆਨੀ ਦਾ ਵਾਸਤਾ ਪਾਇਆ ਸੀ। ਧਾਰਮਿਕ ਕਾਨੂੰਨ ਵਿਚ ਪਾਗਲ ਹੋਈ ਭੀੜ ਨੂੰ ਬੋਧਾ, ਨਾ ਸਿੱਖ ਲੱਗਾ, ਨਾ ਹਿੰਦੂ ਅਤੇ ਨਾ ਹੀ ਮੁਸਲਮਾਨ। ਉਸ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਭਾਈ ਬੁੱਧ ਸਿੰਘ ਏ। ਜਦੋਂ ਉਸ ਨੂੰ ਨੰਗਾ ਕਰਕੇ ਵੇਖਿਆ ਗਿਆ ਤਾਂ ਗੈਰਾਂ ਵੱਲੋਂ ਕੀਤੀ ਸੁੰਨਤ ਕਰਨ ਦੀ ਵਧੀਕੀ ਆਪਣਿਆਂ ਨੂੰ ਸਜ਼ਾ ਦੀ ਹੱਕਦਾਰ ਲੱਗੀ ਸੀ। ਕਿਰਪਾਨ ਦੇ ਇਕੋ ਝਟਕੇ ਨਾਲ ਬੋਧੇ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਧਰਮ ਯੁੱਧ ਦੇ ਨਾਮ ਤੇ ਨਾ ਧਰਮ ਸੀ ਅਤੇ ਨ ਯੁੱਧ। ਇਕ ਸਿੱਖ ਦੀ ਕਿਰਪਾਨ ਨਾਲ ਇਕ ਸਿੱਖ ਮਾਰਿਆ ਗਿਆ। ਆਪਣਿਆਂ ਹੱਥੋਂ ਮਰਨ ਦਾ ਦੁਖਾਂਤ ਝੇਲਣ ਤੋਂ ਬੋਧਾ ਬਚ ਗਿਆ ਕਿਉਂਕਿ ਭਾਈ ਬੁੱਧ ਸਿੰਘ ਦਾ ਮਨ ਅਤੇ ਪੰਖੀ ਉਡਾਰੀ ਮਾਰ ਗਏ ਸਨ।
