ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖ਼ਰੀਦਣ ਲਈ ਭਾਰਤ ‘ਤੇ ਵੀ ਨਵੇਂ ਟੈਰਿਫ ਲਾਉਣ ਦੀ ਚਿਤਾਵਨੀ ਦਿੱਤੀ। ਇਸ ਧਮਕੀ ਤੋਂ ਇਲਾਵਾ ਭਾਰਤ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਜਿਸ ਭਾਸ਼ਾ ਦੀ ਵਰਤੋਂ ਕੀਤੀ ਹੈ, ਉਹ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ‘ਚ ਅਸਹਿਜਤਾ ਨੂੰ ਵੀ ਦਰਸਾ ਰਹੀ ਹੈ।
ਆਪਣੇ ਕੁਝ ਅਧਿਕਾਰੀਆਂ ਤੇ ਅਮਰੀਕੀ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ‘ਚ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਟੈਰਿਫ ਕਾਰਨ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਘੱਟ ਕਰ ਦਿੱਤਾ ਹੈ। ਪਰ, ਨਾਲ ਹੀ ਇਹ ਵੀ ਜੋੜ ਦਿੱਤਾ ਕਿ ਜੇ ਭਾਰਤ ਨੇ ਰੂਸ ਤੋਂ ਤੇਲ ਖ਼ਰੀਦ ‘ਤੇ ਅਮਰੀਕਾ ਦੀ ਮਦਦ ਨਹੀਂ ਕੀਤੀ ਤਾਂ ਉਸ ‘ਤੇ ਹੋਰ ਵੱਧ ਟੈਰਿਫ ਲਾਇਆ ਜਾਵੇਗਾ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ (ਭਾਰਤ) ਮੈਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। (ਰੂਸ ਤੋਂ ਘੱਟ ਤੇਲ ਖ਼ਰੀਦ ਕੇ)। ਮੋਦੀ ਇਕ ਚੰਗੇ ਵਿਅਕਤੀ ਹਨ। ਉਹ ਜਾਣਦੇ ਹਨ ਕਿ ਮੈਂ ਖ਼ੁਸ਼ ਨਹੀਂ ਹਾਂ। ਮੈਨੂੰ ਖ਼ੁਸ਼ ਕਰਨਾ ਜ਼ਰੂਰੀ ਹੈ। ਜੇ ਉਹ (ਰੂਸ ਦੇ ਨਾਲ) ਕਾਰੋਬਾਰ ਕਰਦੇ ਹਨ ਤਾਂ ਅਸੀਂ ਜਲਦ ਹੀ ਟੈਰਿਫ ਵਧਾ ਸਕਦੇ ਹਾਂ। ਟਰੰਪ ਨਾਲ ਮੌਜੂਦ ਅਮਰੀਕੀ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਮੀਡੀਆ ਨੂੰ ਦੱਸਿਆ ਕਿ ਕਿਵੇਂ ਯੂਕਰੇਨ ਜੰਗ ਖ਼ਤਮ ਕਰਨ ਲਈ ਉਹ ਰੂਸ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ‘ਤੇ ਹੋਰ ਵੱਧ ਟੈਰਿਫ ਲਾਉਣ ਨੂੰ ਲੈ ਕੇ ਇਕ ਨਵਾਂ ਬਿੱਲ ਲਿਆਉਣ ਵਾਲੇ ਹਨ। ਅਮਰੀਕੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਭਾਰਤੀ ਰਾਜਦੂਤ ਨੇ ਉਨ੍ਹਾਂ ਨੂੰ ਦੱਸਿਆ ਕਿ ਰੂਸ ਤੋਂ ਤੇਲ ਦੀ ਖ਼ਰੀਦ ਕਾਫ਼ੀ ਘੱਟ ਕਰ ਦਿੱਤੀ ਗਈ ਹੈ।
