ਅਕਾਲੀਆਂ ਨੇ ਲੋਕ ਸਭਾ ਟਿਕਟਾਂ ਲਈ ਸ਼ੂਟ ਵੱਟੀ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਮਾਹੌਲ ਭਖਣ ਲੱਗਾ ਹੈ ਤੇ ਸੱਤਾਧਾਰੀ ਅਕਾਲੀ ਦਲ ਵਿਚ ਟਿਕਟਾਂ ਲਈ ਦੌੜ ਸ਼ੁਰੂ ਹੋ ਗਈ ਹੈ। ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਿੱਥੇ ਨਵੀਆਂ ਲੋਕ ਲਭਾਊ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਉਥੇ ਟਿਕਟਾਂ ਦੇ ਚਾਹਵਾਨਾਂ ਦੀ ਸਰਗਰਮੀ ਵੀ ਵਧ ਗਈ ਹੈ। ਉਧਰ, ਧੜੇਬੰਦੀ ਦਾ ਸ਼ਿਕਾਰ ਕਾਂਗਰਸ ਇਸ ਵਾਰ ਵੀ ਅਕਾਲੀ-ਭਾਜਪਾ ਸਰਕਾਰ ਨੂੰ ਵਿਧਾਨ ਸਭਾ ਤੇ ਜਨਤਾ ਦੀ ਅਦਾਲਤ ਵਿਚ ਘੇਰਨ ਵਿਚ ਨਾਕਾਮ ਰਹੀ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਅਜੇ ਵੀ ਸਿੰਗ ਫਸੇ ਹੋਏ ਹਨ ਤੇ ਇਸ ਪਾਟੋਧਾੜ ਦਾ ਖਮਿਆਜ਼ਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।
ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਹਰ ਮੁਹਾਜ਼ ‘ਤੇ ਫਤਿਹ ਹਾਸਲ ਕਰਨ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਹੌਸਲੇ ਬੁਲੰਦ ਹਨ ਪਰ ਸੱਤਾ ਧਿਰ ਵਿਚ ਸਭ ਕੁਝ ਅੱਛਾ ਨਹੀਂ ਹੈ। ਅਕਾਲੀ ਦਲ ਤੇ ਭਾਜਪਾ ਵਿਚਾਲੇ ਖਿੱਚੋਤਾਣ ਜਾਰੀ ਹੈ ਤੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਹੇਠਲੇ ਪੱਧਰ ‘ਤੇ ਵੀ ਧੜੇਬੰਦੀ ਭਾਰੂ ਹੈ ਜਿਸ ਦਾ ਮੁਜ਼ਾਹਰਾ ਟਿਕਟਾਂ ਲਈ ਸ਼ੁਰੂ ਹੋਈ ਦੌੜ ਤੋਂ ਹੋਣ ਲੱਗਾ ਹੈ। ਸੂਤਰਾਂ ਅਨੁਸਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਰਾਜਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਬਾਰੇ ਜੋੜ-ਤੋੜ ਤੇਜ਼ ਹੋ ਗਏ ਹਨ।
ਅਕਾਲੀ ਦਲ ਵੱਲੋਂ ਇਸ ਵਾਰ ਨਵੇਂ ਉਮੀਦਵਾਰ ਲਿਆਂਦੇ ਜਾਣ ਦੀ ਚਰਚਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਦਲ ਦੇ ਹਿੱਸੇ 10 ਤੇ ਭਾਜਪਾ ਕੋਲ ਤਿੰਨ ਸੀਟਾਂ ਹਨ। ਸੂਤਰਾਂ ਮੁਤਾਬਕ ਘੱਟੋ-ਘੱਟ ਸੱਤ ਹਲਕਿਆਂ ਵਿਚ ਅਕਾਲੀ ਦਲ ਦੇ ਨਵੇਂ ਉਮੀਦਵਾਰ ਉਤਾਰੇ ਜਾ ਸਕਦੇ ਹਨ। ਦੋ ਹਲਕਿਆਂ-ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਤੇ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਉਮੀਦਵਾਰ ਐਲਾਨੇ ਹੋਏ ਹਨ। ਅਕਾਲੀ ਦਲ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਤੇ ਪਾਰਟੀ ਅੰਦਰ ਸਭ ਨੂੰ ਨੁਮਾਇੰਦਗੀ ਦੇਣ ਦੀ ਰਣਨੀਤੀ ਅਪਨਾ ਰਿਹਾ ਹੈ। ਸੂਤਰਾਂ ਅਨੁਸਾਰ ਅਕਾਲੀ-ਭਾਜਪਾ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਹਲਕਿਆਂ ਦੀ ਅਦਲੀ-ਬਦਲੀ ਬਾਰੇ ਸਹਿਮਤੀ ਹੋ ਚੁੱਕੀ ਹੈ। ਲੁਧਿਆਣਾ ਤੋਂ ਭਾਜਪਾ ਅਤੇ ਅੰਮ੍ਰਿਤਸਰ ਤੋਂ ਅਕਾਲੀ ਉਮੀਦਵਾਰ ਖੜ੍ਹੇ ਕੀਤੇ ਜਾ ਸਕਦੇ ਹਨ। ਅਕਾਲੀ ਦਲ ਵਲੋਂ ਅੰਮ੍ਰਿਤਸਰ ਹਲਕੇ ਦੀ ਧਾਰਮਿਕ ਇਤਿਹਾਸਕ ਮਹੱਤਤਾ ਨੂੰ ਪਛਾਣਦਿਆਂ ਇਹ ਹਲਕਾ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ-ਭਾਜਪਾ ਲੀਡਰਸ਼ਿਪ ਨਾਲ ਆਢਾ ਲਾਉਣ ਮਗਰੋਂ ਸੀਟਾਂ ਬਦਲਣ ਨਾਲ ਸ਼ ਸਿੱਧੂ ਜਿਥੇ ਆਪਣੇ-ਆਪ ਹੀ ਲਾਂਭੇ ਹੋ ਜਾਣਗੇ, ਉਥੇ ਦੋਵਾਂ ਪਾਰਟੀਆਂ ਨੂੰ ਮਰਜ਼ੀ ਦੇ ਹਲਕੇ ਮਿਲ ਜਾਣਗੇ। ਇਸ ਤਰ੍ਹਾਂ ਗੱਠਜੋੜ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੇ ਰੌਂਅ ਵਿਚ ਹੈ।
ਭਾਜਪਾ ਸਨਅਤ ਨਗਰੀ ਲੁਧਿਆਣਾ ਲੈਣ ਦੀ ਚਾਹਵਾਨ ਹੈ ਕਿਉਂਕਿ ਇਥੇ ਭਾਜਪਾ ਦੀ ਵਪਾਰੀਆਂ ਅਤੇ ਹਿੰਦੂ ਵੋਟ ‘ਤੇ ਅੱਖ ਹੈ। ਲੁਧਿਆਣਾ ਤੋਂ ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਚੋਣ ਲੜ ਸਕਦੇ ਹਨ ਜਦਕਿ ਅੰਮ੍ਰਿਤਸਰ ਵਿਚ ਅਕਾਲੀ ਉਮੀਦਵਾਰ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੋਇਆ। ਕੁਝ ਸਮਾਂ ਪਹਿਲਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਨੂੰ ਉਥੋਂ ਚੋਣ ਲੜਾਏ ਜਾਣ ਦੀ ਚਰਚਾ ਸੀ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ।
ਫਰੀਦਕੋਟ ਹਲਕੇ ਤੋਂ ਇਸ ਵੇਲੇ ਬੀਬੀ ਪਰਮਜੀਤ ਕੌਰ ਗੁਲਸ਼ਨ ਪਾਰਲੀਮੈਂਟ ਮੈਂਬਰ ਹਨ ਤੇ ਉਹ ਇਥੋਂ ਦੋ ਵਾਰ ਜਿੱਤੇ ਹਨ ਪਰ ਅਕਾਲੀ ਦਲ ਇਸ ਹਲਕੇ ਤੋਂ ਕਾਂਗਰਸ ਛੱਡ ਕੇ ਆਏ ਅਜੀਤ ਸਿੰਘ ਸ਼ਾਂਤ ਨੂੰ ਉਮੀਦਵਾਰ ਬਣਾ ਸਕਦਾ ਹੈ। ਇਸੇ ਤਰ੍ਹਾਂ ਖਡੂਰ ਸਾਹਿਬ ਹਲਕੇ ਦੀ ਦੋ ਵਾਰ ਲੋਕ ਸਭਾ ਵਿਚ ਨੁਮਾਇੰਦਗੀ ਕਰਨ ਵਾਲੇ ਡਾæ ਰਤਨ ਸਿੰਘ ਅਜਨਾਲਾ ਨੂੰ ਵੀ ਪਰਤਣਾ ਪੈ ਸਕਦਾ ਹੈ ਤੇ ਇਥੋਂ ਟਕਸਾਲੀ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮੌਕਾ ਦਿਤੇ ਜਾਣ ਦੀ ਚਰਚਾ ਹੈ। ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੱਤਾ ਸਾਫ ਹੋ ਸਕਦਾ ਹੈ ਤੇ ਇਹ ਸੀਟ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਦਿੱਤੀ ਜਾ ਸਕਦੀ ਹੈ। ਅਨੰਦਪੁਰ ਸਾਹਿਬ ਤੋਂ ਪਿਛਲੀ ਵਾਰ ਡਾæ ਦਲਜੀਤ ਸਿੰਘ ਚੀਮਾ ਨੇ ਦਲ ਵੱਲੋਂ ਚੋਣ ਲੜੀ ਸੀ ਜੋ ਇਸ ਵੇਲੇ ਹਲਕਾ ਰੋਪੜ ਤੋਂ ਵਿਧਾਇਕ ਹਨ। ਅਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਥਾਪੜਾ ਦਿੱਤਾ ਜਾ ਚੁੱਕਾ ਹੈ। ਪਟਿਆਲਾ ਹਲਕੇ ਤੋਂ ਪਿਛਲੀ ਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਲ ਵੱਲੋਂ ਚੋਣ ਲੜੀ ਸੀ ਪਰ ਇਸ ਵਾਰ ਅਕਾਲੀ ਦਲ ਦਿਓਰ-ਭਰਜਾਈ ਵਿਚ ਮੁਕਾਬਲਾ ਕਰਵਾਉਣ ਦਾ ਚਾਹਵਾਨ ਹੈ।
ਪਟਿਆਲਾ ਤੋਂ ਕਾਂਗਰਸ ਦੀ ਮੌਜੂਦਾ ਸੰਸਦ ਮੈਂਬਰ ਤੇ ਕੇਂਦਰੀ ਵਜ਼ੀਰ ਪਰਨੀਤ ਕੌਰ ਤਿੰਨ ਵਾਰ ਚੋਣ ਜਿੱਤੇ ਹਨ ਤੇ ਅਗਾਂਹ ਵੀ ਉਨ੍ਹਾਂ ਦੇ ਉਮੀਦਵਾਰ ਬਣਨ ਦੀ ਉਮੀਦ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਕੇ ਭਰਾ ਮਾਲਵਿੰਦਰ ਸਿੰਘ ਪਿਛਲੀ ਵਿਧਾਨ ਸਭਾ ਚੋਣ ਮੌਕੇ ਅਕਾਲੀ ਦਲ ਵਿਚ ਜਾ ਰਲੇ ਸਨ। ਉਹ ਭਾਵੇਂ ਅਕਾਲੀਆਂ ਤੋਂ ਵੀ ਨਾਰਾਜ਼ ਹਨ ਪਰ ਅਕਾਲੀ ਦਲ, ਕੈਪਟਨ ਪਰਿਵਾਰ ਵਿਚੋਂ ਹੀ ਉਮੀਦਵਾਰ ਖੜ੍ਹਾ ਕਰ ਕੇ ਉਨ੍ਹਾਂ ਨੂੰ ਸਖ਼ਤ ਮੁਕਾਬਲੇ ਵਿਚ ਪਾਉਣਾ ਚਾਹੁੰਦਾ ਹੈ। ਫਤਿਹਗੜ੍ਹ ਸਾਹਿਬ ਹਲਕੇ ਤੋਂ ਪਿਛਲੀ ਵਾਰ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੇ ਚੋਣ ਲੜੀ ਸੀ ਪਰ ਹੁਣ ਉਹ ਇਥੋਂ ਆਪਣੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਟਿਕਟ ਦਿਵਾਉਣ ਲਈ ਸਰਗਰਮ ਹਨ।
ਫਰੀਦਕੋਟ ਦੀ ਮੌਜੂਦਾ ਐਮæਪੀæ ਬੀਬੀ ਪਰਮਜੀਤ ਕੌਰ ਦਾ ਸਹੁਰਾ ਪਿੰਡ ਇਸ ਹਲਕੇ ਵਿਚ ਹੈ ਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਜੱਜ ਨਿਰਮਲ ਸਿੰਘ ਡੇਰਾਬੱਸੀ ਤੋਂ ਵਿਧਾਇਕ ਵੀ ਹਨ। ਉਹ ਵੀ ਫਰੀਦਕੋਟ ਤੋਂ ਇਨਕਾਰ ਹੋਣ ‘ਤੇ ਇਥੋਂ ਦਾਅਵੇਦਾਰ ਬਣ ਸਕਦੇ ਹਨ। ਸਾਬਕਾ ਐਮæਪੀæ ਬੀਬੀ ਸਤਵਿੰਦਰ ਕੌਰ ਧਾਲੀਵਾਲ ਦਾ ਨਾਂ ਵੀ ਚਰਚਾ ਵਿਚ ਹੈ। ਰਿਜ਼ਰਵ ਹਲਕਾ ਜਲੰਧਰ ਤੋਂ ਪਿਛਲੀ ਵਾਰ ਗਾਇਕ ਹੰਸ ਰਾਜ ਹੰਸ ਨੇ ਚੋਣ ਲੜੀ ਸੀ ਪਰ ਹੁਣ ਲੱਗਦਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਕੋਈ ਸਰਗਰਮੀ ਨਾ ਹੋਣ ਕਾਰਨ ਅਕਾਲੀ ਦਲ ਦਾ ਉਨ੍ਹਾਂ ਤੋਂ ਮੋਹ-ਭੰਗ ਹੋ ਗਿਆ ਹੈ।

Be the first to comment

Leave a Reply

Your email address will not be published.