ਵਰਿਆਮ ਸਿੰਘ ਸੰਧੂ
ਜੇ ਨਵਤੇਜ ਸਿੰਘ ਜਿਊਂਦਾ ਹੁੰਦਾ ਤਾਂ ਉਹਨੇ ਅੱਠ ਜਨਵਰੀ ਨੂੰ ਇਕੋਤਰ ਸੌ ਸਾਲ ਦਾ ਹੋ ਜਾਣਾ ਸੀ!
ਸੋਚਦਾ ਹਾਂ, ਕੀ ਨਵਤੇਜ ਸਿੰਘ ਸੱਚਮੁੱਚ ਜਿਉਂਦਾ ਨਹੀਂ ਹੈ!?
ਉਹ ਮੇਰੀਆਂ ਯਾਦਾਂ ਵਿਚ ਆਪਣੀ ਮੱਧਮ ਜਿਹੀ ਮਿੱਠੀ ਮੁਸਕਾਨ ਨਾਲ ਲਿਸ਼ਕ ਉੱਠਦਾ ਹੈ।
ਨਵਤੇਜ ਸਿੰਘ ਦੀ ਪੰਜਾਬੀ ਕਹਾਣੀ, ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਦੇਣ ਤੋਂ ਇਲਾਵਾ ਉਹਦੇ ਮਨੁੱਖੀ ਗੁਣਾਂ ਦੀ ਗੱਲ ਕਰਨੀ ਹੋਵੇ ਤਾਂ ਕਹਾਣੀ ਬਹੁਤ ਲੰਮੀ ਹੋ ਜਾਵੇਗੀ। ਇਸ ਲਈ ਹਾਲ ਦੀ ਘੜੀ ਨਵਤੇਜ ਸਿੰਘ ਦੀ ਬਹੁਤ-ਬਿਧਿ ਪ੍ਰਤਿਭਾ ਦਾ ਵਡੇਰਾ ਕਲਾਵਾ ਭਰ ਸਕਣ ਦੀ ਸੀਮਾ ਨੂੰ ਸਵੀਕਾਰ ਕਰਦਿਆਂ, ਮੈਂ ਨਵਤੇਜ ਸਿੰਘ ਬਾਰੇ ਓਨੀ ਕੁ ਗੱਲ ਹੀ ਕਰ ਸਕਾਂਗਾ, ਜਿੰਨਾ ਕੁ ਉਹਦਾ ਮੇਰੇ ਨਾਲ ਵਾਹ-ਵਾਸਤਾ ਰਿਹਾ ਹੈ; ਜਿੰਨਾਂ ਕੁ ਉਹ ਮੈਨੂੰ ‘ਮੇਰੇ ਝਰੋਖੇ ਵਿਚੋਂ’ ਨਜ਼ਰ ਆਇਆ ਹੈ।
ਚੜ੍ਹਦੀ ਜਵਾਨੀ ਵੇਲੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਮੇਰਾ ਆਦਰਸ਼ ਲੇਖਕ ਸੀ। ਮੈਂ ਪ੍ਰੀਤ-ਲੜੀ ਦਾ ਬਾਕਾਇਦਾ ਪਾਠਕ ਸਾਂ। ਪਰਚੇ ਵਿਚ ਨਵਤੇਜ ਸਿੰਘ ਵੀ ਲਗਾਤਾਰ ਛਪਦਾ। ਉਹਦੀਆਂ ਕਹਾਣੀਆਂ ਵੀ ਛਪਦੀਆਂ, ਵਾਰਤਕ ਵੀ। ਉਹਦੇ ਕਾਲਮ ‘ਮੇਰੀ ਧਰਤੀ ਮੇਰੇ ਲੋਕ’ ਦੀ ਏਨੀ ਧਾਕ ਪਈ ਕਿ ਹਰ ਮਹੀਨੇ ਪਾਠਕ ਕੇਵਲ ਗੁਰਬਖ਼ਸ਼ ਸਿੰਘ ਨੂੰ ਪੜ੍ਹਨ ਲਈ ਹੀ ਨਹੀਂ, ਨਵਤੇਜ ਸਿੰਘ ਨੂੰ ਪੜ੍ਹਨ ਲਈ ਵੀ ਪ੍ਰੀਤਲੜੀ ਦੀ ਉਡੀਕ ਕਰਨ ਲੱਗੇ। ਨਵਤੇਜ ਸਿੰਘ ਤਤਕਾਲੀ ਰਾਜਨੀਤਕ, ਸਾਹਿਤਕ ਤੇ ਸਭਿਆਚਾਰ ਨਾਲ ਜੁੜੇ ਭਖਦਿਆਂ ਮੁੱਦਿਆਂ ਬਾਰੇ ਨਿਰਪੱਖ, ਬੇਬਾਕ ਤੇ ਤਿੱਖੀਆਂ ਟਿੱਪਣੀਆਂ ਕਰਦਾ। ਇਹ ਲਿਖਤ ਵਿਅੰਗ ਦੀ ਤਿੱਖੀ ਚਾਸ਼ਨੀ ਵਿਚ ਡੁੱਬੀ ਹੁੰਦੀ। ਸਾਹਿਤਕ ਰੰਗ ਵਿਚ ਰੰਗੀ ਇਹ ਪ੍ਰਭਾਵਸ਼ਾਲੀ ਲਿਖਤ ਪਾਠਕਾਂ ਨੂੰ ਉਨ੍ਹਾਂ ਦੇ ਆਪਣੇ ਦਿਲ ਦੀ ਆਵਾਜ਼ ਲੱਗਦੀ।
ਇਸ ਵੇਲੇ ਤੱਕ ਮੇਰਾ ਮਾਰਕਸਵਾਦ ਦਾ ਕੋਈ ਡੂੰਘਾ ਮੁਤਾਲਿਆ ਨਹੀਂ ਸੀ। ਲੋਕ-ਸੰਘਰਸ਼ ਲੜਦੇ ਕਮਿਊਨਿਸਟ ਮੈਨੂੰ ਸ਼ੁਰੂ ਤੋਂ ਹੀ ਆਪਣੇ ਲੱਗਦੇ ਰਹੇ ਸਨ ਪਰ ਮੈਂ ਕਿਸੇ ਇੱਕ ਪਾਰਟੀ ਨਾਲ ਨਹੀਂ ਸਾਂ ਜੁੜਿਆ ਹੋਇਆ। ਪਤਾ ਲੱਗਾ ਕਿ ਨਵਤੇਜ ਸਿੰਘ ਕਮਿਊਨਿਸਟ ਪਾਰਟੀ ਦਾ ਵੀ ਸਮਰਥਕ ਹੈ ਤਾਂ ਮੈਨੂੰ ਉਹ ਗੁਰਬਖ਼ਸ਼ ਸਿੰਘ ਨਾਲੋਂ ਵੀ ਆਪਣੇ ਵੱਧ ਨੇੜੇ ਲੱਗਣ ਲੱਗਾ ਕਿਉਂਕਿ ਗੁਰਬਖ਼ਸ਼ ਸਿੰਘ ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਤ ਹੋਣ ਦੇ ਬਾਵਜੂਦ ਸਿੱਧੇ ਤੌਰ ’ਤੇ ਕਮਿਊਨਿਸਟਾਂ ਨਾਲ ਆਪਣੀ ਰਿਸ਼ਤਗੀ ਨੂੰ ਮੰਨਣ ਤੋਂ ਟੇਢ ਵੱਟ ਜਾਂਦਾ ਸੀ।
ਨਵਤੇਜ ਸਿੰਘ ਦੀਆਂ ਕਹਾਣੀਆਂ ਨਾਲ ਮੇਰੀ ਗੂੜ੍ਹੀ ਮੁਹੱਬਤ ਤਾਂ ਸਕੂਲ ਪੜ੍ਹਦਿਆਂ ਹੀ ਹੋ ਗਈ ਸੀ। ਦਸਵੀਂ ਵਿਚ ਪੜ੍ਹੀ ਉਹਦੀ ਕਹਾਣੀ ‘ਦੇਸ਼ ਵਾਪਸੀ’ ਤਾਂ ਮੇਰੇ ਦਿਲ ਵਿਚ ਡੂੰਘੀ ਉੱਤਰੀ ਹੋਈ ਸੀ। ਇਹ ਕਹਾਣੀ ਸੰਤਾ ਸਿੰਘ ਅਤੇ ਮਤਾਬਦੀਨ ਦੇ ਵਤਨ ਦੀ ਮੁਹੱਬਤ ਨਾਲ ਗੜੁੱਚ ਦਿਲਾਂ ਵਿਚ ਪਲ ਰਹੀ ਇਨਸਾਨੀ ਮੁਹੱਬਤ ਦਾ, ਦਿਲ ਨੂੰ ਛੂਹ ਲੈਣ ਵਾਲਾ ਅਜਿਹਾ ਬਿਰਤਾਂਤ ਹੈ, ਜਿਸਨੂੰ ਪੜ੍ਹ ਕੇ ਮਾਨਵੀ ਭਾਈਚਾਰੇ ਦੀ ਕਦਰ ਹੋਰ ਪਰਪੱਕ ਹੁੰਦੀ ਹੈ। ਉਸ ਵਹਿਸ਼ੀ ਦੌਰ ਵਿਚ ਚਾਰ-ਚੁਫ਼ੇਰੇ ਇਨਸਾਨ ਦੇ ਮੂੰਹ ਵਿਚੋਂ ਇਨਸਾਨ ਦੇ ਖੂਨ ਦੀ ਹਵਾੜ ਆ ਰਹੀ ਸੀ, ਪਰ ਇਸ ਕਹਾਣੀ ਦੇ ਮਰ ਗਏ ਪਾਤਰਾਂ ਦੇ ਮੂੰਹਾਂ ਵਿਚੋਂ ਆਉਂਦੀ ‘ਅੰਬਾ ਦੀ ਮਹਿਕ’ ਮਰ ਰਹੀ ਮਨੁੱਖਤਾ ਦੇ ਮੂੰਹ ਵਿਚ ਅੰਮ੍ਰਿਤ ਚੋਣ ਦਾ ਪ੍ਰਤੀਕਾਤਮਕ ਸਾਧਨ ਬਣਦੀ ਜਾਪਦੀ ਹੈ।
ਉਸਤੋਂ ਬਾਅਦ ਮੈਂ ਉਹਦੀਆਂ ਕਹਾਣੀਆਂ ਪੜ੍ਹਦਾ ਰਿਹਾ ਪਰ ਉਹਦੀਆਂ ਮੁਕੰਮਲ ਕਹਾਣੀਆਂ ਪੜ੍ਹਨ ਦਾ ਸਬੱਬ ਉਦੋਂ ਬਣਿਆ ਜਦੋਂ 1975 ਵਿਚ ਐਮਰਜੈਂਸੀ ਲੱਗ ਗਈ ਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਸਾਲ ਮੈਂ ਪ੍ਰਾਈਵੇਟਲੀ ਪੰਜਾਬੀ ਦੀ ਐਮ ਏ ਦਾ ਇਮਤਿਹਾਨ ਦਿੱਤਾ ਸੀ ਤੇ ਯੂਨੀਵਰਸਿਟੀ ਵਿਚੋਂ ਪਹਿਲੇ ਨੰਬਰ ’ਤੇ ਆ ਗਿਆ। ਸੋਚਿਆ ਚੰਗੀ ਮਿਹਨਤ ਕਰ ਕੇ ਦੂਜੇ ਸਾਲ ਵੀ ਆਪਣੀ ਪੋਜੀਸ਼ਨ ਨੂੰ ਬਰਕਰਾਰ ਰੱਖਾਂਗਾ। ਪੰਜਾਬੀ ਗਲਪ ਦੇ ਪਰਚੇ ਵਿਚ ਹੋਰਨਾਂ ਤੋਂ ਇਲਾਵਾ ਨਵਤੇਜ ਸਿੰਘ ਦਾ ਕਹਾਣੀ ਸੰਗ੍ਰਹਿ ‘ਬਾਸਮਤੀ ਦੀ ਮਹਿਕ’ ਵੀ ਪਾਠ-ਕ੍ਰਮ ਦਾ ਹਿੱਸਾ ਸੀ। ਜੇਲ੍ਹ ਵਿਚ ਵਿਹਲ ਹੀ ਵਿਹਲ ਸੀ। ਮੈਂ ਨਵਤੇਜ ਸਿੰਘ ਦੇ ਸਾਰੇ ਕਹਾਣੀ ਸੰਗ੍ਰਹਿ ਮੰਗਵਾ ਲਏ। ਅਜੇ ਮੈਨੂੰ ਤਿਆਰੀ ਕਰਦਿਆਂ ਕੁਝ ਦਿਨ ਹੀ ਹੋਏ ਸਨ ਕਿ ਮੇਰੇ ਨਾਲ ਦੇ ਹਵਾਲਾਤੀ ਪੁੱਛਣ ਲੱਗੇ, ‘ਭਾਊ! ਜੋ ਪੜ੍ਹਦਾ ਰਹਿੰਨਾਂ, ਸਾਨੂੰ ਵੀ ਪੜ੍ਹ ਕੇ ਸੁਣਾ!’
ਮੈਂ ਉਨ੍ਹਾਂ ਨੂੰ ਨਵਤੇਜ ਸਿੰਘ ਦੀਆਂ ਉਹ ਕਹਾਣੀਆਂ ਪੜ੍ਹ ਕੇ ਸੁਣਾਉਣ ਲੱਗਾ, ਜੋ ਆਮ ਲੋਕਾਂ ਦੇ ਜੀਵਨ ਪ੍ਰਸੰਗਾਂ ਨਾਲ ਜੁੜੀਆਂ ਸਨ। ਉਹ ਬੜਾ ਮਨ-ਚਿੱਤ ਲਾ ਕੇ ਕਹਾਣੀ ਸੁਣਦੇ ਤੇ ਬਾਅਦ ਵਿਚ ਸਾਦਾ ਜ਼ਬਾਨ ਵਿਚ ਪ੍ਰਸੰLਸਾਤਮਕ ਟਿੱਪਣੀ ਵੀ ਕਰਦੇ। ਖ਼ੂਬਸੂਰਤ ਗੱਲ ਇਹ ਸੀ ਕਿ ਉਨ੍ਹਾਂ ਵਿਚੋਂ ਨੱਬੇ ਪ੍ਰਤੀਸ਼ਤ ਅਨਪੜ੍ਹ ਸਨ ਤੇ ਉਨ੍ਹਾਂ ਨੇ ਉਦੋਂ ਤੱਕ ਕੋਈ ਸਾਹਿਤਕ ਰਚਨਾ ਪੜ੍ਹ/ਸੁਣ ਕੇ ਨਹੀਂ ਸੀ ਵੇਖੀ। ਪਰ ਉਨ੍ਹਾਂ ਨੂੰ ਨਵਤੇਜ ਸਿੰਘ ਦੀਆਂ ਕਹਾਣੀਆਂ ਦੀ ਸਮਝ ਵੀ ਆਉਂਦੀ ਸੀ ਤੇ ਉਹ ਕਹਾਣੀ ਦੀ ਰਮਜ਼ ਨੂੰ ਵੀ ਸਮਝਦੇ ਸਨ। ਕਿਸੇ ਲੇਖਕ ਦੀ ਇਸਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਉਹ ਸਿੱਧਾ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਝੂਣ-ਹਲੂਣ ਜਾਵੇ, ਜਿਨ੍ਹਾਂ ਦੀਆਂ ਉਹ ਕਹਾਣੀਆਂ ਹਨ। ਮੈਨੂੰ ਯਾਦ ਹੈ ਉਨ੍ਹਾਂ ਨੂੰ ‘ਬਸ਼ੀਰਾ’, ‘ਤਾਮੀਲ-ਕੁਨਿੰਦਾ’ ‘ਕੋਟ ਤੇ ਮਨੁੱਖ’ ‘ਮੁੜ ਸ਼ਰਨਾਰਥੀ’
‘ਇਕ ਸੀ ਮਾਂ…ਇਕ ਸੀ ਪੁੱਤਰ’ ਕਹਾਣੀਆਂ ਬਹੁਤ ਪਸੰਦ ਆਈਆਂ। ਜ਼ਾਹਿਰ ਹੈ ਨਵਤੇਜ ਸਿੰਘ ਆਮ ਲੋਕਾਂ ਦਾ ਲੇਖਕ ਸੀ।
ਨਵਤੇਜ ਸਿੰਘ ਦਾ ਮੇਰੀ ਲੇਖਣੀ ਨੂੰ ਉਤਸ਼ਾਹਤ ਕਰਨ ਵਿਚ ਬੜਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦਿਨਾਂ ਵਿਚ ਪ੍ਰੀਤਲੜੀ ਵਿਚ ਛਪ ਜਾਣਾ ਪ੍ਰਮਾਣਿਕ ਲੇਖਕ ਬਣ ਜਾਣ ਦੀ ਪਛਾਣ ਹੁੰਦੀ। ਹਰੇਕ ਲੇਖਕ ਦਾ ਪ੍ਰੀਤਲੜੀ ਵਿਚ ਛਪਣ ਦਾ ਸੁਪਨਾ ਹੁੰਦਾ। ਨਵਤੇਜ ਸਿੰਘ ਨੇ ਮੇਰੀਆਂ ਤਿੰਨ-ਚਾਰ ਕਵਿਤਾਵਾਂ ਪ੍ਰੀਤਲੜੀ ਵਿਚ ਛਾਪ ਕੇ ਮੇਰਾ ਸੁਪਨਾ ਸਾਕਾਰ ਕਰ ਕੇ ਮੈਨੂੰ ਹੱਲਾਸ਼ੇਰੀ ਦਿੱਤੀ।
ਹੌਸਲਾ ਫੜ ਕੇ ਮੈਂ ਉਹਨੂੰ ਆਪਣੀ ਨਵੀਂ ਕਹਾਣੀ ‘ਅੱਖਾਂ ਵਿਚ ਮਰ ਗਈ ਖ਼ੁਸ਼ੀ’ ‘ਪ੍ਰੀਤਲੜੀ’ ਵਿਚ ਛਪਣ ਲਈ ਭੇਜੀ। ਉਸ ਕਹਾਣੀ ਵਿਚ ਜਨ-ਸਧਾਰਨ ਦੀਆਂ ‘ਅੱਖਾਂ ਵਿਚ ਮਰ ਗਈ ਉਸ ਖੁਸ਼ੀ’ ਦਾ ਦੁਖਾਂਤ ਸਿਰਜਿਆ ਗਿਆ ਸੀ, ਜਿਹੜੀ ਖ਼ੁਸ਼ੀ ਯੂਨੀਅਨ ਜੈਕ ਦੇ ਉੱਤਰਨ ਅਤੇ ਤਿਰੰਗੇ ਝੰਡੇ ਦੇ ਲਹਿਰਾਉਣ ਨਾਲ ਸਾਧਾਰਨ ਲੋਕਾਂ ਦੀਆਂ ਅੱਖਾਂ ਵਿਚ ਚਮਕ ਉੱਠੀ ਸੀ। ਨਵਤੇਜ ਸਿੰਘ ਨੇ ਕਹਾਣੀ ਪੜ੍ਹਦਿਆਂ ਹੀ ਮੈਨੂੰ ਬੜੀ ਹੀ ਹੁਲਾਰਾ ਦੇਣ ਵਾਲੀ ਪਿਆਰੀ ਚਿੱਠੀ ਲਿਖ ਕੇ ਮੇਰੀ ਕਹਾਣੀ-ਕਲਾ ਅਤੇ ਉਸ ਵਿਚ ਪੇਸ਼ ਅਗਾਂਹਵਧੂ ਦ੍ਰਿਸ਼ਟੀਕੋਣ ਦੀ ਸਰਾਹਣਾ ਕੀਤੀ। ਉਨ੍ਹਾਂ ਦਿਨਾਂ ਵਿਚ ਕਿਸੇ ਲੇਖਕ ਦੀ ਲਿਖਤ ਨਾਲ ਉਹਦਾ ਸਿਰਨਾਵਾਂ ਨਹੀਂ ਸੀ ਲਿਖਿਆ ਹੁੰਦਾ। ਜੇ ਕੋਈ ਲਿਖਤ ਕਿਸੇ ਪਾਠਕ ਨੂੰ ਚੰਗੀ ਲੱਗਦੀ ਤਾਂ ਉਹ ਪ੍ਰੀਤਲੜੀ ਦੀ ਮਾਰਫ਼ਤ ਹੀ ਚਿੱਠੀ ਲਿਖਦਾ। ਉਸ ਕਹਾਣੀ ਬਾਰੇ ਪ੍ਰੀਤ-ਲੜੀ ਦੀ ਮਾਰਫ਼ਤ ਆਈਆਂ ਕੁੱਝ ਚਿੱਠੀਆਂ ਵੀ ਨਵਤੇਜ ਸਿੰਘ ਨੇ ਮੈਨੂੰ ਭੇਜੀਆਂ। ਇਹਨਾਂ ਚਿੱਠੀਆਂ ਵਿਚੋਂ ਮਿਲੀ ਪ੍ਰਸੰLਸਾ ਅਤੇ ਪ੍ਰੇਰਨਾ ਨੇ ਵੀ ਮੈਨੂੰ ਅਹਿਸਾਸ ਦੁਆਇਆ ਕਿ ਮੈਂ ਕਹਾਣੀਕਾਰ ‘ਬਣ’ ਗਿਆ ਹਾਂ। ਮੇਰੇ ਅੰਦਰ ‘ਕਹਾਣੀਕਾਰ’ ਬਣ ਜਾਣ ਦਾ ਭਰੋਸਾ ਪੈਦਾ ਸ਼ਾਇਦ ਹੋਰ ਦੇਰ ਨਾਲ ਹੁੰਦਾ ਜੇ ਨਵਤੇਜ ਸਿੰਘ ਮੇਰੀ ਪਿੱਠ ਨਾ ਥਾਪੜਦਾ।
1967 ਦੀ ਪ੍ਰੀਤ-ਮਿਲਣੀ ਅੰਮ੍ਰਿਤਸਰ ਦੇ ਓਪਨ ਏਅਰ ਥੀਏਟਰ ਵਿਚ ਹੋਈ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਿਲਣੀ ਵਿਚ ਆਏ ਲੇਖਕਾਂ ਦੀ ਇੱਕ ਦੂਜੇ ਨਾਲ ਜਾਣ-ਪਛਾਣ ਕਰਾਉਂਦਿਆਂ ਨਵਤੇਜ ਸਿੰਘ ਨੇ ਮੇਰੇ ਬਾਰੇ ਕਿਹਾ, ‘ਇਹ ਵਰਿਆਮ ਸੰਧੂ ਨੇ, ਬੜੀ ਚੰਗੀ ਕਹਾਣੀ ਲਿਖਣ ਵਾਲੇ!’ ਮੈਨੂੰ ਉਹਦਾ ਇੱਕੋ ਵਾਕ ਹੀ ਆਪਣੇ ਲਈ ਪ੍ਰਮਾਣ-ਪੱਤਰ ਲੱਗਣ ਲੱਗਾ ਤੇ ਅੱਜ ਤੱਕ ਯਾਦ ਹੈ।
1970-71 ਵਿਚ ਚੱਲੇ ਕਵਿਤਾ ਦੇ ਜੁਝਾਰ ਵਿਦਰੋਹੀ ਦੌਰ ਵਿਚ ਮੈਂ ਕਵਿਤਾ ਵੀ ਲਿਖਦਾ ਸਾਂ ਤੇ ਸੱਤ-ਅੱਠ ਚੰਗੇ ਕਵੀਆਂ ਵਿਚ ਗਿਣਿਆ ਵੀ ਜਾਂਦਾ ਸਾਂ। ਮੈਂ ਕੁਝ ਨਵੀਆਂ ਕਹਾਣੀਆਂ ਲਿਖੀਆਂ ਜੋ ਮਾਸਿਕ-ਪੱਤਰ ‘ਹੇਮਜਯੋਤੀ’ ਵਿਚ ਛਪੀਆਂ। ਉਨ੍ਹਾਂ ਦੀ ਬੜੀ ਸਰਾਹਣਾ ਹੋਈ॥ ਹੁਣ ਮੈਂ ਕਵੀ ਨਾਲੋਂ ਪਹਿਲਾਂ ‘ਇਨਕਲਾਬੀ’ ਰੰਗ ਵਾਲੀ ਕਹਾਣੀ ਲਿਖਣ ਵਿਚ ਪਹਿਲਾ ਨਾਂ ਬਣਨਾ ਚਾਹੁੰਦਾ ਸਾਂ। ‘ਹੇਮਜਯੋਤੀ’ ਦੇ 1971 ਦੇ ਜਨਵਰੀ ਅੰਕ ਵਿਚ ਲਿਖੇ ਸੰਪਾਦਕੀ ਵਿਚ ਲਿਖਿਆ ਗਿਆ, ‘ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ ਤੇ ਵਰਿਆਮ ਸੰਧੂ 1971 ਦਾ ਇਕਰਾਰ ਹਨ।’
ਮੇਰਾ ਇਹ ਜ਼ਿਕਰ ਕਹਾਣੀਕਾਰ ਦੇ ਹਵਾਲੇ ਨਾਲ ਕੀਤਾ ਗਿਆ ਸੀ ਕਿਉਂਕਿ ਮੈਂ ਪਿਛਲੇ ਸਾਲ ਆਪਣੀ ਪ੍ਰਸਿੱਧ ਕਹਾਣੀ ‘ਲੋਹੇ ਦੇ ਹੱਥ’ ਵੀ ਲਿਖ ਚੁੱਕਾ ਸਾਂ। ਇਸ ਕਹਾਣੀ ਨੂੰ ਸ਼ਾਇਦ ਮੈਂ ਲਿਖਦਾ ਹੀ ਨਾ, ਜੇ ਮੈਨੂੰ ਅਸਿੱਧੇ ਤੌਰ ’ਤੇ ਨਵਤੇਜ ਸਿੰਘ ‘ਤੋਂ ਪ੍ਰੇਰਨਾ ਨਾ ਮਿਲਦੀ। ਨਵਤੇਜ ਸਿੰਘ ਨੇ ਪ੍ਰੀਤਲੜੀ ਵਿਚ ਛਪਦੇ ਆਪਣੇ ਕਾਲਮ ‘ਮੇਰੀ ਧਰਤੀ ਮੇਰੇ ਲੋਕ’ ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਵਾਲੇ ਇੱਕ ਨੌਜਵਾਨ ਬਾਰੇ ਬੜਾ ਮਾਰਮਿਕ ਲੇਖ ਲਿਖਿਆ ਸੀ। ਨਵਤੇਜ ਸਿੰਘ ਭਾਰਤੀ ਕਮਿਊਨਿਸਟ ਨਾਲ ਜੁੜਿਆ ਹੋਇਆ ਸੀ। ਪਾਰਟੀ ਨਕਸਲਵਾਦ ਦੀ ਵਿਰੋਧੀ ਸੀ। ਪਰ ਨਵਤੇਜ ਸਿੰਘ ਨੇ ਵਿਚਾਰਧਾਰਕ ਵਿਰੋਧ ਦੇ ਬਾਵਜੂਦ ਨਕਸਲੀ ਸਮਝੇ ਜਾਂਦੇ ਬੇਕਸੂਰ ਨੌਜਵਾਨ ਦੇ ਸਰਕਾਰੀ ਕਤਲ ਦੇ ਖ਼ਿਲਾਫ਼ ‘ਹਾਅ ਨਾਅਰਾ’ ਮਾਰ ਕੇ ਮਨੁੱਖੀ ਹੱਕਾਂ ਦਾ ਰਖਵਾਲਾ ਬਣ ਕੇ ਵੀ ਮੇਰਾ ਦਿਲ ਜਿੱਤ ਲਿਆ ਸੀ। ਉਹਦੇ ਏਸੇ ਲੇਖ ਤੋਂ ਪ੍ਰੇਰਨਾ ਲੈ ਕੇ ਮੈਂ ਇਨਕਲਾਬੀ ਰੰਗ ਦੀ ਆਪਣੀ ਮਹੱਤਵਪੂਰਨ ਕਹਾਣੀ ‘ਲੋਹੇ ਦੇ ਹੱਥ’ ਲਿਖਣ ਵਿਚ ਕਾਮਯਾਬ ਹੋਇਆ, ਜਿਸਨੂੰ ਪੜ੍ਹ ਕੇ ਹੇਮਜਯੋਤੀ ਦੇ ਸੰਪਾਦਕ ਸੁਰੇਂਦਰ ਨੇ ਲਿਖਿਆ ਸੀ, ‘ਲੋਹੇ ਦੇ ਹੱਥ ਵਰਗੀ ਕਹਾਣੀ ਲਿਖਣ ਵਾਲੇ ਹੱਥਾਂ ਨੂੰ ਚੁੰਮ ਲੈਣ ਨੂੰ ਜੀ ਕਰਦਾ ਹੈ!’
ਇੰਝ ਨਵਤੇਜ ਸਿੰਘ ਨੇ ਪ੍ਰੀਤਲੜੀ ਵਿਚ ‘ਅੱਖਾਂ ਵਿਚ ਮਰ ਗਈ ਖ਼ੁਸ਼ੀ’ ਛਾਪ ਕੇ ਤੇ ‘ਲੋਹੇ ਦੇ ਹੱਥ’ ਦਾ ਮੁੱਖ ਪ੍ਰੇਰਨਾ ਸਰੋਤ ਬਣ ਕੇ ਕਹਾਣੀਕਾਰ ਵਜੋਂ ਮੇਰੀ ਉਠਾਣ ਬਣਾਉਣ ਵਿਚ ਵੱਡਾ ਰੋਲ ਨਿਭਾਇਆ।
ਇੱਕ ਹੋਰ ਗੱਲੋਂ ਵੀ ਮੈਨੂੰ ਨਵਤੇਜ ਸਿੰਘ ਬਹੁਤ ਚੰਗਾ ਲੱਗਾ। ਉਨ੍ਹੀਂ ਦਿਨੀਂ ਡਾ. ਹਰਿਭਜਨ ਸਿੰਘ ਦਾ ‘ਅਸ਼ਵਮੇਧ ਯੱਗ ਵਾਲਾ ਘੋੜਾ’ ਦਿੱਲੀ ਤੋਂ ਲੈ ਕੇ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿਚ ਜਿੱਤ ਦੇ ਡੰਕਿਆਂ ਨਾਲ ਹਿਣਕਦਾ ਫ਼ੁੰਕਾਰਦਾ ਫ਼ਿਰਦਾ ਸੀ। ਉਸ ਨੇ ‘ਨਾਗਮਣੀ’ ਵਿਚ ਅਗਾਂਹਵਧੂ ਵਿਚਾਰਧਾਰਾ ਅਤੇ ਜੁਝਾਰਵਾਦੀ ਕਵਿਤਾ ਦਾ ਮਜ਼ਾਕ ਉਡਾਇਆ ਸੀ। ‘ਇਹ ਕੇਹੀ ਸ਼ਾਇਰੀ ਹੈ!’ ਆਖਦਿਆਂ ‘ਲਾਲ ਝੰਡੇ’ ਨੂੰ ‘ਲਾਲ ਟਾਕੀ’ ਕਹਿ ਕੇ ਛੁਟਿਆਇਆ ਸੀ। ਉਸਦੇ ਜੁਆਬ ਵਿਚ ਮੈਂ ਇੱਕ ਨਜ਼ਮ ਲਿਖੀ ਸੀ ਤੇ ‘ਨਾਗਮਣੀ’ ਨੂੰ ਭੇਜੀ ਪਰ ਅੰਮ੍ਰਿਤਾ ਨੇ ਨਜ਼ਮ ਨਾ ਛਾਪੀ। ਮੈਂ ਪੂਰਾ ਹਵਾਲਾ ਦੇ ਕੇ ਉਹ ਨਜ਼ਮ ਨਵਤੇਜ ਸਿੰਘ ਨੂੰ ਭੇਜੀ। ਨਜ਼ਮ ਨੂੰ ਛਾਪਣਾ ਡਾ. ਹਰਿਭਜਨ ਸਿੰਘ ਵਰਗੀ ਨਾਮਵਰ ਹਸਤੀ ਦੀ ਨਰਾਜ਼ਗੀ ਮੁੱਲ ਲੈਣਾ ਸੀ। ਪਰ ਨਵਤੇਜ ਸਿੰਘ ਨੇ ਪ੍ਰੀਤ-ਲੜੀ ਵਿਚ ਨਜ਼ਮ ਛਾਪ ਕੇ ਨਿਰਪੱਖ, ਦਲੇਰ, ਬੇਬਾਕ ਤੇ ਸੱਚੇ ਸੰਪਾਦਕ ਹੋਣ ਦਾ ਸਬੂਤ ਦਿਤਾ।
ਮੇਰੇ ’ਤੇ ਨਕਸਲੀ ਵਿਚਾਰਾਂ ਦਾ ਅਸਰ ਸੀ। ਉਨ੍ਹੀਂ ਦਿਨੀਂ ਸਾਹਿਤਕ ਮਾਹੌਲ ਬੜਾ ਗਰਮ ਅਤੇ ਉਤੇਜਨਾ ਵਾਲਾ ਸੀ। ਅਸੀਂ ਇਸ ਦੀ ਪੂਰੀ ਜਕੜ ਵਿਚ ਸਾਂ। ਸੀ.ਪੀ.ਆਈ. ਨਾਲ ਜੁੜੇ ਕੇਂਦਰੀ ਲੇਖਕ ਸਭਾ ਦੇ ਕਹਿੰਦੇ-ਕਹਾਉਂਦੇ ਸਾਹਿਤਕਾਰ ਨਵੇਂ ਉੱਠ ਰਹੇ ‘ਕ੍ਰਾਂਤੀਕਾਰੀ’ ਲੇਖਕਾਂ ਦੇ ਵਿਰੋਧੀ ਸਨ। ਉਹ ਨਵੇਂ ਲੇਖਕਾਂ ਨੂੰ ਆਪਣੀ ਕੇਂਦਰੀ ਸਭਾ ਤੋਂ ਦੂਰ ਰੱਖਣਾ ਚਾਹੁੰਦੇ ਸਨ। ਅਸੀਂ ਆਪਣੇ ਇਲਾਕੇ ਵਿਚ ਸਾਹਿਤ ਸਭਾ ਬਣਾਈ ਹੋਈ ਸੀ। ਮੇਰੇ ਨਾਲ ਦੇ ਸਾਹਿਤਕ-ਸਾਥੀ ਵੀ ਤੱਤੇ ਵਿਚਾਰਾਂ ਵਾਲੇ ਹੀ ਸਨ। ਅਸੀਂ ਫ਼ੈਸਲਾ ਕੀਤਾ ਕਿ ‘ਜੁਝਾਰ’ ਨਾਂ ਦਾ ਪਰਚਾ ਛਪਵਾ ਕੇ ਅੰਮ੍ਰਿਤਸਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਕੀਤੀ ਜਾਣ ਵਾਲੀ ‘ਪ੍ਰੀਤ-ਮਿਲਣੀ’ ਉੱਤੇ ‘ਪ੍ਰੀਤ-ਪਾਠਕਾਂ’ ਵਿਚ ਤਕਸੀਮ ਕੀਤਾ ਜਾਵੇ। ਇਸਤਰ੍ਹਾਂ ਇਕਦਮ ਵੱਡੇ ਸਾਹਿਤਕ ਦਾਇਰੇ ਵਿਚ ਸਾਡੀ ਸਭਾ ਤੇ ਸਾਡੇ ਲੇਖਕਾਂ ਦਾ ਨਾਂ ਜਾਵੇਗਾ ਅਤੇ ਸਾਹਿਤਕ ਹਲਕਿਆਂ ਵਿਚ ਪਛਾਣ ਬਣੇਗੀ। ‘ਪ੍ਰੀਤ-ਮਿਲਣੀ’ ਦੀ ਵਿਚਕਾਰਲੀ ਰਾਤ ਅਸੀਂ ‘ਜੁਝਾਰ’ ਪ੍ਰਾਪਤ ਕਰ ਲਿਆ ਅਤੇ ਰਾਤ ਨੂੰ ਆਪਣੀ ਰਿਹਾਇਸ਼ ’ਤੇ ਬੈਠ ਕੇ ਇਸਦੀਆਂ ਤਹਿਆਂ ਲਾਈਆਂ। ਇਹ ਪੀਲੇ ਰੰਗ ਦੇ ਮੋਟੇ ਕਾਗ਼ਜ਼ ’ਤੇ ਲੰਮੇ-ਰੁਖ਼ ਵੱਡੇ ਆਕਾਰ ਦੇ ਅੱਠ ਸਫ਼ਿਆਂ ’ਤੇ ਛਪਿਆ ਸੀ। ਅਗਲੀ ਸਵੇਰੇ ‘ਪ੍ਰੀਤ-ਮਿਲਣੀ’ ਦੇ ਪਹਿਲੇ ਇਕੱਠ ਤੋਂ ਪਿੱਛੋਂ ਚਾਹ-ਪਾਣੀ ਪੀਣ ਦੇ ਵਕਫ਼ੇ ਸਮੇਂ ਅਸੀਂ ਇਹ ਅੱਠ-ਵਰਕੀ ‘ਜੁਝਾਰ’ ਵੰਡਣਾ ਸ਼ੁਰੂ ਕੀਤਾ।
‘ਜੁਝਾਰ’ ਦੇ ਮੁੱਖ ਪੰਨੇ ਉੱਤੇ ਮੇਰੀ ਕਵਿਤਾ ਸੀ- ਜਿਸ ਵਿਚ ਗੁਰਬਖ਼ਸ਼ ਸਿੰਘ ਦੀ ‘ਪ੍ਰੀਤ-ਮਿਲਣੀ’ ਨੂੰ ਅਜੋਕੇ ਪ੍ਰਸੰਗ ਵਿਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ:
ਦੀਵਾਰ ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
-ਤੁਸੀਂ ਰੰਗਲੇ ਬੰਗਲਿਆਂ ਵਿਚ ਬਹਿ ਕੇ
ਆਰਾਮ ਦੀ ਗੱਲ ਕਰਦੇ ਹੋ!
ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ!
-ਕੀ ਮਿਲਣ ਤੋਂ ਪਹਿਲਾਂ ਮਰਨ ਦਾ ਸੱਚ ਸੁਣਿਆਂ ਜੇ?
ਤੁਸੀਂ ਕਿਹੜੇ ਝਨਾਵਾਂ ਨੂੰ ਪਾਰ ਕੀਤਾ ਹੈ?
ਆਰਾਮ ਕਾਹਦਾ!
ਕੀ ਮਾਛੀਵਾੜੇ ’ਚੋਂ ਲੰਘ ਆਏ ਹੋ?
-ਕਦਮਾਂ ਨੂੰ ਸ਼ਰਮਿੰਦਾ ਨਾ ਕਰੋ।
ਉਸ ਇਕੱਠ ਵਿਚ ਕ੍ਰਾਂਤੀਕਾਰੀ ਲੇਖਕ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਬੁਲਾਰਿਆਂ ਨੇ ਸਟੇਜ ਉੱਤੇ ਵੀ ਆਪਣੀ ਗੱਲ ਬੜੇ ਜ਼ੋਰ ਨਾਲ ਰੱਖੀ ਸੀ। ਉਨ੍ਹਾਂ ਅਨੁਸਾਰ ਹੁਣ ਸਾਹਿਤ ਅਤੇ ਸਿਆਸਤ ਵਿਚ ਆਈਆਂ ਤੇਜ਼ ਤਿੱਖੀਆਂ ਤਬਦੀਲੀਆਂ ਨੂੰ ਸਮਝਣ ਅਤੇ ਨਵੇਂ ਤਰੀਕੇ ਅਤੇ ਭਰਵੇਂ ਜੋਸ਼ ਨਾਲ ‘ਆਉਣ ਵਾਲੇ ਇਨਕਲਾਬ’ ਲਈ ਕੰਮ ਕਰਨ ਦੀ ਜ਼ਰੂਰਤ ਸੀ। ਕ੍ਰਾਂਤੀਕਾਰੀ ਲੇਖਕਾਂ ਨੂੰ ਗੁਰਬਖ਼ਸ਼ ਸਿੰਘ ਦਾ ਵਿਰੋਧ ਕਰਨਾ ਵੀ ਆਪਣੀ ਸਾਹਿਤਕ ਲੜਾਈ ਦਾ ਵੱਡਾ ਹਿੱਸਾ ਲੱਗਦਾ ਸੀ। ਉਨ੍ਹਾਂ ਨੂੰ ਜਾਪਦਾ ਸੀ ਕਿ ਗੁਰਬਖ਼ਸ਼ ਸਿੰਘ ਨਵੇਂ ਸਾਹਿਤਕ-ਸਿਆਸੀ ਦ੍ਰਿਸ਼ ਵਿਚ ਉੱਭਰਨ ਵਾਲੇ ਨੌਜਵਾਨਾਂ ਦੀ ਸੋਚ ਨੂੰ ਸਥਿਰ ਅਤੇ ਗਤੀਹੀਣ ਬਣਾਈ ਰੱਖਣ ਵਾਲਾ ਲੇਖਕ ਹੈ। ਜਿੰਨਾਂ ਕੋਈ ਗੁਰਬਖ਼ਸ਼ ਸਿੰਘ ਦੀਆਂ ਲਿਖਤਾਂ ਦਾ ਪ੍ਰਭਾਵ ਕਬੂਲ ਕਰੇਗਾ, ਓਨਾ ਹੀ ਉਸ ਅੰਦਰਲਾ ਇਨਕਲਾਬੀ ਤੱਤ ਖੁਰਦਾ ਜਾਂ ਖੁੰਢਾ ਹੁੰਦਾ ਜਾਵੇਗਾ! ‘ਇਨਕਲਾਬੀ ਚੇਤਨਾ ਨਾਲ ਲਬਾ-ਲਬ ਭਰੇ ਹੋਏ’ ਸਾਡੇ ਮਨਾਂ ਵਿਚਲੇ ‘ਸੇਕ’ ਨੇ ਇਸ ‘ਠੋਸ ਸੱਚ’ ਨੂੰ ਤਾਂ ਪਿਘਲਾ ਹੀ ਛੱਡਿਆ ਸੀ ਕਿ ਪੰਜਾਬੀ ਪੜ੍ਹਨ ਵਾਲੇ ਲਗਭਗ ਸਾਰੇ ਲੇਖਕਾਂ-ਪਾਠਕਾਂ ਦੀਆਂ ਸਾਡੇ ਵਰਗੀਆਂ ਘੱਟੋ-ਘੱਟ ਤਿੰਨ-ਚਾਰ ਪੀੜ੍ਹੀਆਂ ਦੇ ਦਿਲ-ਦਿਮਾਗ਼ ਵਿਚ ਵਿਗਿਆਨਕ ਸੋਚ ਦੀ ਪਹਿਲੀ ਚੰਗਿਆੜੀ ਮਘਾਉਣ ਵਾਲਾ ਤੇ ਅਰਥਵਾਨ ਸਾਹਿਤ ਤੇ ਜਾਦੂਮਈ ਵਾਰਤਕ ਨਾਲ ਜੋੜਨ ਵਾਲਾ ਮੁਢਲਾ ਪ੍ਰੇਰਨਾ-ਸਰੋਤ ਗੁਰਬਖ਼ਸ਼ ਸਿੰਘ ਹੀ ਸੀ।
ਇਸਤੋਂ ਕੁਝ ਮਹੀਨੇ ਬਾਅਦ ਅੰਮ੍ਰਿਤਸਰ ਦੇ ਹਾਲ ਬਜ਼ਾਰ ਦੇ ਬਾਹਰਵਾਰ ਟੈਂਪਰੈਂਸ ਹਾਲ ਵਿਚ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ‘ਕ੍ਰਾਂਤੀਕਾਰੀ’ ਲੇਖਕਾਂ ਦਾ ਬਹੁਤ ਵੱਡਾ ਇਕੱਠ ਹੋਇਆ। ਦਿਨ ਵੇਲੇ ਬੜੀਆਂ ਗਰਮਾ-ਗਰਮ ਤਕਰੀਰਾਂ ਹੋਈਆਂ। ਸਥਾਪਤ ਤਾਕਤਾਂ ਵਿਰੁੱਧ ਗੁੱਸੇ ਅਤੇ ਜੋਸ਼ ਦਾ ਉੱਬਲਦਾ ਹੋਇਆ ਮਾਹੌਲ ਸੀ। ਸ਼ਾਮ ਦੇ ਕਵੀ-ਦਰਬਾਰ ਵਿਚ ਮੈਂ ‘ਦੀਵਾਰ ’ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ!’ ਵਾਲੀ ਨਜ਼ਮ ਸੁਣਾਈ। ਉਨ੍ਹਾਂ ਦਿਨਾਂ ਵਿਚ ਹਰੇਕ ਸਾਹਿਤਕ ਵੰਨਗੀ ਵਿਚ ‘ਮਾਰੇ ਨਾਰਿ੍ਹਆਂ’ ਨੂੰ ਭਰਵੀਂ ਦਾਦ ਮਿਲ ਜਾਂਦੀ ਸੀ। ਜਦੋਂ ਮੈਂ ਸਟੇਜ ਤੋਂ ਉੱਤਰ ਕੇ ਆਪਣੀ ਸੀਟ ’ਤੇ ਬੈਠਣ ਲੱਗਾ ਤਾਂ ਅਜੇ ਵੀ ਤਾੜੀਆਂ ਵੱਜੀ ਜਾ ਰਹੀਆਂ ਸਨ। ਵੇਖਿਆ; ਮੇਰੀਆਂ ਨਜ਼ਰਾਂ ਦੇ ਸਾਹਮਣੇ ਪਹਿਲੀ ਕੁਰਸੀ ’ਤੇ ਬੈਠਾ ਨਵਤੇਜ ਸਿੰਘ ਕਵਿਤਾ ਦੀ ਦਾਦ ਦੇਣ ਵਾਲਿਆਂ ਨਾਲ ਮਿਲ ਕੇ ਤਾੜੀਆਂ ਮਾਰ ਰਿਹਾ ਸੀ। ਇਹ ਉਸਦੀ ਵਡੱਤਣ ਸੀ ਕਿ ਆਪਣੇ ਖ਼ਿਲਾਫ਼ ਕਵਿਤਾ ਸੁਣ ਕੇ ਖੁੱਲ੍ਹੇ ਦਿਲ ਨਾਲ ਤਾੜੀਆਂ ਮਾਰ ਰਿਹਾ ਸੀ। ਮੇਰਾ ਉਸ ਨਾਲ ਨਜ਼ਰਾਂ ਮਿਲਾਉਣ ਦਾ ਜੇਰਾ ਨਾ ਪਿਆ। ਅਜੇ ਕੁੱਝ ਸਾਲ ਪਹਿਲਾਂ ਹੀ ਨਵਤੇਜ ਸਿੰਘ ਨੇ ‘ਪ੍ਰੀਤਲੜੀ’ ਵਿਚ ਮੇਰੀ ਕਹਾਣੀ ‘ਅੱਖਾਂ ਵਿਚ ਮਰ ਗਈ ਖ਼ੁਸ਼ੀ’ ਛਾਪ ਕੇ ਮੈਨੂੰ ਲੇਖਕਾਂ ਦੀ ਕਤਾਰ ਵਿਚ ਲਿਆ ਖੜਾ ਕੀਤਾ ਸੀ। ਮੈਂ; ਜਿਸਨੇ ਅਜੇ ਜ਼ਿੰਦਗੀ ਵਿਚ ਪਹਿਲਾ ਕਦਮ ਵੀ ਨਹੀਂ ਸੀ ਪੁੱਟਿਆ, ਸਾਰੀ ਉਮਰ ਅਗਾਂਹਵਧੂ ਲਹਿਰ ਨੂੰ ਸਮਰਪਿਤ ਰਹੇ ਵੱਡੇ ਲੇਖਕਾਂ ਨੂੰ ‘ਝਨਾਂ ਪਾਰ ਨਾ ਕੀਤੇ ਹੋਣ ਦਾ’ ਜਾਂ ‘ਮਾਛੀਵਾੜੇ ’ਚੋਂ ਨਾ ਲੰਘਣ ਦਾ’ ਮਿਹਣਾ ਮਾਰ ਰਿਹਾ ਸਾਂ! ਉਸ ਪਲ ਆਪਣੀ ਕਵਿਤਾ ਵਿਚਲੀ ਹਉਮੈ ਨੇ ਮੈਨੂੰ ਆਪਣੇ ਅੱਗੇ ਹੀ ਛੋਟਾ ਕਰ ਦਿੱਤਾ। ਨਵਤੇਜ ਸਿੰਘ ਮੇਰੀਆਂ ਨਜ਼ਰਾਂ ਵਿਚ ਹੋਰ ਉੱਚਾ ਉੱਠ ਗਿਆ। ਇਹ ਸੀ ਨਵਤੇਜ ਸਿੰਘ ਦੀ ਮਾਨਵੀ ਵਡਿਆਈ ਦਾ ਸਿਖ਼ਰ।
ਪਰ ਅਫ਼ਸੋਸ ਸਾਡਾ ਇਹ ਸੱਚਾ ਲੇਖਕ ਤੇ ਵੱਡਾ ਇਨਸਾਨ ਸਾਡੇ ਨਾਲ ਛੇਤੀ ਹੀ ‘ਧੋਖਾ’ ਕਰ ਗਿਆ। ਉਹਨੂੰ ਕੈਂਸਰ ਹੋਣ ਦੀ ਖ਼ਬਰ ਨਾਲ ਸਾਰਾ ਪੰਜਾਬੀ ਜਗਤ ਹਿੱਲ ਗਿਆ। ਅਸੀਂ ਉਹਨੂੰ ਬਚਾਉਣ ਲਈ ਕੀ ਕਰ ਸਕਦੇ ਸਾਂ! ਗੱਲ ਕਰਨੀ ਹੋਛੀ ਜਿਹੀ ਤਾਂ ਲੱਗਦੀ ਹੈ, ਪਰ, ਅਸੀਂ ਆਪਣੇ ਸਾਹਿਤਕ ਦੋਸਤਾਂ ਨਾਲ ਮਿਲ ਕੇ ਇਲਾਕੇ ਦੇ ਅਧਿਆਪਕਾਂ ਕੋਲੋਂ ਫੰਡ ਇਕੱਠਾ ਕਰ ਕੇ ਨਾ-ਮਾਤਰ ਜਿਹੀ ਰਕਮ ਪਰਿਵਾਰ ਨੂੰ ਸਹਾਇਤਾ ਵਾਸਤੇ ਵੀ ਭੇਜੀ। ਸਾਨੂੰ ਲੱਗਦਾ ਸੀ ਕਿ ਕੋਈ ਸਾਡਾ ਡਾਢਾ ਸਕਾ ਬੀਮਾਰ ਹੋ ਗਿਆ ਹੈ ਤੇ ਉਹ ਛੇਤੀ ਤੋਂ ਛੇਤੀ ਰਾਜ਼ੀ ਹੋਣਾ ਚਾਹੀਦਾ ਹੈ। ਪਰ ਉਹ ਰਾਜ਼ੀ ਨਾ ਹੋ ਸਕਿਆ!
ਉਹ ਸੱਚਾ ਲੇਖਕ ਤੇ ਵੱਡਾ ਮਨੁੱਖ ਲਿਸ਼ਕਦਾ ਟੋਟਾ ਮੇਰੇ ਅੰਦਰ ਜੋੜ ਕੇ ਅੰਬਰਾਂ ਵਿਚ ਸਦਾ ਲਈ ਅਲੋਪ ਹੋ ਗਿਆ।
-0-
