ਅਮਰੀਕਾ ਵਲੋਂ ਵੈਨੇਜ਼ੁਏਲਾ ਉੱਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਨਿਊਯਾਰਕ ਜੇਲ੍ਹ ਵਿੱਚ ਬੰਦ ਕਰਨਾ ਅਤੇ ਉਨ੍ਹਾਂ ਉੱਤੇ ਅਮਰੀਕੀ ਅਦਾਲਤਾਂ ਵਿਚ ਮੁਕੱਦਮਾ ਚਲਾਉਣਾ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਰਿਹਾ ਪਰ ਅਮਰੀਕੀ ਪ੍ਰਸ਼ਾਸਨ ਲਈ ਇਸ ਹਮਲੇ ਦਾ ਮਹੱਤਵ ਬਹੁਤ ਵੱਡਾ ਹੈ।
ਇਹ ਸਾਰਾ ਖੇਲ ਤੇਲ ਉੱਤੇ ਕਬਜ਼ੇ ਦਾ ਹੈ, ਅਮਰੀਕਾ ਦੀ ਸੁਰੱਖਿਆ ਜਾਂ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਹ ਨਿਰੀ ਧੌਂਸ ਹੈ? ਇਸ ਦੀ ਡੂੰਘਾਈ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਵੈਨੇਜ਼ੁਏਲਾ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਡਾ, ਲਗਭਗ 303 ਬਿਲੀਅਨ ਬੈਰਲ ਤੇਲ ਦਾ ਜ਼ਖੀਰਾ ਰੱਖਣ ਵਾਲਾ ਦੇਸ਼ ਹੈ। ਪਰ ਲੰਬੇ ਸਮੇਂ ਤੋਂ ਉਸ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਕੋਕੀਨ ਦਾ ਵੱਡਾ ਤਸਕਰ ਹੋਣ ਦਾ ਦੋਸ਼ ਲੱਗ ਰਿਹਾ ਹੈ।
ਅਮਰੀਕਾ ਦੀ ਫੈਡਰਲ ਅਦਾਲਤ ਨੇ ਸੰਨ 2020 ਵਿਚ ਉਸ ਨੂੰ ਟਨਾਂ ਦੇ ਹਿਸਾਬ ਨਾਲ ਕੋਕੀਨ ਕੌਮਾਂਤਰੀ ਤਸਕਰ ਕਾਲ ਡੀ ਲੋਸ ਸੋਲਜ ਜ਼ਰੀਏ ਭੇਜਣ ਲਈ ਦੋਸ਼ੀ ਠਹਿਰਾਇਆ ਸੀ ਪਰ ਇਹ ਦੋਸ਼ ਉਸ ਨੇ ਨਕਾਰ ਦਿੱਤਾ ਸੀ। ਦੁਨੀਆ ਭਰ ਦੇ ਮਾਹਿਰ ਸਮਝਦੇ ਹਨ ਕਿ ਸਾਰੀ ਖੇਡ ਤੇਲ, ਸੋਨੇ ਅਤੇ ਹੋਰ ਕੁਦਰਤੀ ਭੰਡਾਰਾਂ ਦੀ ਹੈ। ਮਾਦੁਰੋ ਅਮਰੀਕਾ ਦਾ ਪਿੱਠੂ ਬਣ ਕੇ ਟਰੰਪ ਪ੍ਰਸ਼ਾਸਨ ਦੀ ਹਰ ਗੱਲ ਮੰਨਣ ਲਈ ਤਿਆਰ ਨਹੀਂ ਸੀ। ਇਸੇ ਲਈ ਟਰੰਪ ਨੇ ਪਿਛਲੇ ਚਾਰ ਮਹੀਨੇ ਤੋਂ ਸਮੁੰਦਰੀ ਜਹਾਜ਼ਾਂ, 15000 ਨੇਵੀ ਲੜਾਕੂਆਂ ਨਾਲ ਕੈਰੇਬੀਅਨ ਪਾਣੀਆਂ ਅਤੇ ਵੈਨੇਜ਼ੁਏਲਾ ਦੀ ਹਵਾਈ ਆਵਾਜਾਈ ਦੀ ਨਾਕਾਬੰਦੀ ਕੀਤੀ ਹੋਈ ਸੀ। ਉਸ ਵਿਰੁੱਧ ਆਰਥਿਕ ਪਾਬੰਦੀਆਂ ਲਗਾਈਆਂ ਹੋਈਆਂ ਸਨ। ਅਮਰੀਕਾ ਨੇ ਦੋ ਦਰਜਨ ਹਮਲਿਆਂ ਵਿਚ ਕਿਸ਼ਤੀਆਂ ਵਿਚ ਸਵਾਰ 110 ਦੇ ਕਰੀਬ ਵਿਅਕਤੀ ਤਸਕਰੀ ਦੇ ਦੋਸ਼ਾਂ ਹੇਠ ਮਾਰ-ਮੁਕਾਏ ਸਨ। ਤਿੰਨ ਜਨਵਰੀ 2026 ਨੂੰ ਰਾਤ 2 ਵਜੇ ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ‘ਤੇ ਹਮਲਾ ਕਰਦੇ ਹੋਏ 90 ਮਿੰਟ ਤਾਬੜਤੋੜ ਬੰਬਾਰੀ ਕੀਤੀ। ਮੀਰਾਂਡਾ, ਰਾਗੁਆ ਅਤੇ ਲਾ ਗਵੇਰਾ ਨਾਮਕ ਪ੍ਰਾਂਤਾਂ ‘ਤੇ ਵੀ ਹਮਲਾ ਕੀਤਾ ਜਿਸ ਵਿਚ 150 ਹਵਾਈ ਜਹਾਜ਼ਾਂ ਨੇ ਭਾਗ ਲਿਆ। ਰਾਸ਼ਟਰਪਤੀ ਮਾਦੁਰੋ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ ਗਿਆ। ਉਹ ਪਤਨੀ ਸਮੇਤ ਸਟੀਲ ਚੈਂਬਰ ਵਿਚ ਪਨਾਹ ਲੈਣ ਵਾਲਾ ਹੀ ਸੀ ਕਿ ਕੁੰਡਾ ਨਾ ਵੱਜ ਸਕਿਆ ਅਤੇ ਪਕੜਿਆ ਗਿਆ। ਉਸ ਨੂੰ ਨਿਊਯਾਰਕ ਡਿਟੈਂਸ਼ਨ ਸੈਂਟਰ ਵਿਚ ਲਿਆਂਦਾ। ਮੈਨਹਾਟਨ ਫੈਡਰਲ ਕੋਰਟ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਜੇਲ੍ਹ ਭੇਜਿਆ ਗਿਆ।
ਮਾਦੁਰੋ ਦੇ ਪਿਛੋਕੜ ਵਲ ਜਾਈਏ ਤਾਂ ਤੇਈ ਨਵੰਬਰ 1962 ਨੂੰ ਜਨਮਿਆ ਮਾਦੁਰੋ ਇਕ ਗ਼ਰੀਬ ਘਰ ਦਾ ਤਿੰਨ ਭੈਣਾਂ ਦਾ ਇੱਕੋ-ਇੱਕ ਭਰਾ ਹੈ। ਉਸ ਦਾ ਪਿਤਾ ਟਰੇਡ ਯੂਨੀਅਨ ਆਗੂ ਸੀ। ਮੈਟ੍ਰਿਕ ਕਰ ਕੇ ਉਹ ਬੱਸ ਚਾਲਕ ਬਣਿਆ ਅਤੇ ਫਿਰ ਟਰੇਡ ਯੂਨੀਅਨ ਆਗੂ ਕਮਿਊਨਿਸਟ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ ਫੀਦਲ ਕਾਸਤਰੋ ਦੇ ਕਿਊਬਾ ਵਿਚ ਖੱਬੇ-ਪੱਖੀ ਵਿਚਾਰਧਾਰਾ ਅਤੇ ਟਰੇਨਿੰਗ ਲਈ ਕੁਝ ਸਮਾਂ ਰਿਹਾ। ਉਸ ਨੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਸੰਨ 2000 ਵਿਚ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ। ਛੇਤੀ ਹੀ ਰਾਸ਼ਟਰਪਤੀ ਹੂਗੋ ਸ਼ਾਵੇਜ਼ ਦੇ ਨੇੜੇ ਚਲਾ ਗਿਆ।
ਇਹ ਉਹੀ ਸ਼ਾਵੇਜ਼ ਸੀ ਜਿਸ ਨੇ ਯੂ.ਐਨ. ਜਨਰਲ ਅਸੈਂਬਲੀ ਵਿਚ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਜਾਰਜ.ਡਬਲਯੂ. ਬੁਸ਼ ਨੂੰ ਸ਼ੈਤਾਨ ਕਹਿਣ ਦੀ ਜੁਰਅਤ ਕੀਤੀ ਸੀ। ਮਾਦੁਰੋ 2006 ਤੋਂ 2012 ਤੱਕ ਨੈਸ਼ਨਲ ਅਸੈਂਬਲੀ ਦਾ ਸਪੀਕਰ, ਵਿਦੇਸ਼ ਮੰਤਰੀ ਰਿਹਾ ਅਤੇ ਉਪ ਰਾਸ਼ਟਰਪਤੀ ਵੀ ਰਿਹਾ। ਸ਼ਾਵੇਜ਼ ਦੀ ਮੌਤ ਤੋਂ ਬਾਅਦ ਉਹ 2013 ਵਿਚ 50.6% ਸੰਨ 2018 ਵਿਚ 67.8% ਅਤੇ ਸੰਨ 2024 ਵਿਚ 51.2% ਵੋਟਾਂ ਲੈ ਕੇ ਰਾਸ਼ਟਰਪਤੀ ਬਣਦਾ ਰਿਹਾ। ਨੋਬੇਲ ਇਨਾਮ ਵਿਜੇਤਾ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਮਾਦੁਰੋ ਦੀ ਧੁਰ ਵਿਰੋਧੀ ਰਹੀ ਹੈ। ਮਾਦੁਰੋ ਦੇ ਚੀਨ, ਰੂਸ ਤੇ ਲਾਤੀਨੀ ਅਮਰੀਕੀ ਦੇਸ਼ਾਂ ਨਾਲ ਚੰਗੇ ਸੰਬੰਧ ਰਹੇ।
ਟਰੰਪ ਕਹਿੰਦਾ ਹੈ ਕਿ ਵੈਨੇਜ਼ੁਏਲਾ ‘ਤੇ ਕਾਰਵਾਈ ਦੌਰਾਨ ਅਮਰੀਕਾ ਦਾ ਧੇਲਾ ਵੀ ਖ਼ਰਚ ਨਹੀਂ ਹੋਇਆ। ਉਸ ਦੀਆਂ ਕੰਪਨੀਆਂ ਇਸ ਦੇ ਤੇਲ, ਸੋਨੇ ਅਤੇ ਹੋਰ ਖਣਿਜਾਂ ‘ਤੇ ਕਬਜ਼ਾ ਕਰਨਗੀਆਂ ਅਤੇ ਅਮਰੀਕੀ ਖ਼ਜ਼ਾਨੇ ਭਰਨਗੀਆਂ। ਟਰੰਪ ਨੇ ਐਲਾਨ ਕੀਤਾ ਕਿ ਪੱਛਮੀ ਗੋਲਾਰਧ ਦਾ ਅਮਰੀਕਾ ਪੂਰੀ ਤਰ੍ਹਾਂ ਮਾਲਕ ਹੈ। ਸੰਨ 1823 ਵਿਚ ਅਮਰੀਕੀ ਰਾਸ਼ਟਰਪਤੀ ਮੁਨਰੋ ਦੇ ਸਿਧਾਂਤ ਕਿ ਅਮਰੀਕਾ ਅਮਰੀਕੀਆਂ ਦਾ ਹੈ, ਮੁੜ ਸੁਰਜੀਤ ਕੀਤਾ ਗਿਆ ਹੈ। ਸੈਨੇਟ ਵਿਚ ਵਿਰੋਧੀ ਧਿਰ ਦੇ ਆਗੂ ਚੱਕ ਸੁਮਰ ਅਨੁਸਾਰ ਟਰੰਪ ਦਾ ਐਲਾਨ ਅਮਰੀਕੀਆਂ ਦੇ ਦਿਲਾਂ ਵਿਚ ਡਰ ਅਤੇ ਖ਼ੌਫ਼ ਪੈਦਾ ਕਰੇਗਾ।
ਬਰਨੀ ਸੈਂਡਰਜ਼ ਵਰਮੋਟ ਤੋਂ ਆਜ਼ਾਦ ਸੈਨੇਟਰ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ‘ਤੇ ਅਮਰੀਕੀ ਕਬਜ਼ਾ ਬਸਤੀਵਾਦ ਦਾ ਨਵਾਂ ਰੂਪ ਹੈ। ਕਮਲਾ ਹੈਰਿਸ ਅਮਰੀਕੀ ਫ਼ੌਜੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਅਤੇ ਬੇਵਕੂਫਾਨਾ ਦੱਸਦੀ ਹੈ। ਚੀਨ ਨੇ ਰਾਸ਼ਟਰਪਤੀ ਮਾਦੁਰੋ ਦੀ ਅਮਰੀਕੀ ਹਿਰਾਸਤ ਵਿੱਚੋਂ ਰਿਹਾਈ ਦੀ ਮੰਗ ਕੀਤੀ ਹੈ।
ਅਮਰੀਕਾ ਨੇ ਯੂ.ਐੱਨ ਚਾਰਟਰ ਅਕਤੂਬਰ 1945 ‘ਤੇ ਦਸਤਖ਼ਤ ਕੀਤੇ ਹੋਏ ਹਨ ਤਾਂ ਜੋ ਦੋ ਵਿਸ਼ਵ ਜੰਗਾਂ ਤੋਂ ਬਾਅਦ ਕੋਈ ਤੀਜੀ ਆਲਮੀ ਜੰਗ ਨਾ ਲੱਗੇ। ਯੂਐੱਨ ਚਾਰਟਰ ਦੀ ਧਾਰਾ 2(4) ਵਿਚ ਦਰਜ ਹੈ ਕਿ ਮੈਂਬਰ ਮੁਲਕਾਂ ਨੂੰ ਦੂਸਰੇ ਦੇਸ਼ਾਂ ‘ਤੇ ਫ਼ੌਜੀ ਸ਼ਕਤੀ ਵਰਤਣ ਤੋਂ ਗੁਰੇਜ਼ ਕਰਨਾ ਹੋਵੇਗਾ।
ਕਿੰਗਸਟਨ ਯੂਨੀਵਰਸਿਟੀ ਵਿਚ ਕੌਮਾਂਤਰੀ ਕਾਨੂੰਨ ਦੇ ਪ੍ਰੋਫੈਸਰ ਇਲਵੀਰਾ ਡੋਮੀਗਿਊਜਾ ਰੋਡੋਡੋ ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਦੂਸਰੇ ਦੇਸ਼ ਵਿਰੁੱਧ ਵਰਤੀ ਸ਼ਕਤੀ ਅਤੇ ਹਮਲਾਵਰ ਅਪਰਾਧ ਮੰਨਦੇ ਹਨ। ਯੂ.ਐੱਨ ਜੰਗੀ ਅਪਰਾਧ ਅਦਾਲਤ ਦੇ ਸਾਬਕਾ ਮੁਖੀ ਜੈਫਰੀ ਰਾਬਰਟਸਨ ਇਸ ਨੂੰ ਯੂ.ਐੱਨ ਚਾਰਟਰ ਦੀ ਉਲੰਘਣਾ ਕਰਾਰ ਦਿੰਦੇ ਹਨ। ਯੂ.ਐੱਨ ਸੁਰੱਖਿਆ ਕੌਂਸਲ ਅਜਿਹੇ ਹਮਲਾਵਰ ਅਪਰਾਧੀਆਂ ਵਿਰੁੱਧ ਵਪਾਰਕ, ਹਥਿਆਰਾਂ ਦੀ ਖ਼ਰੀਦੋ-ਫਰੋਖਤ ਅਤੇ ਦੂਸਰੇ ਦੇਸ਼ਾਂ ਵਿਚ ਯਾਤਰਾ ‘ਤੇ ਪਾਬੰਦੀਆਂ ਲਗਾ ਸਕਦੀ ਹੈ ਪਰ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਰੂਸ, ਅਮਰੀਕਾ, ਯੂ.ਕੇ., ਫਰਾਂਸ ਤੇ ਚੀਨ ਕੋਲ ਵੀਟੋ ਸ਼ਕਤੀ ਹੋਣ ਕਾਰਨ ਅਮਰੀਕਾ ਵਿਰੁੱਧ ਅਜਿਹਾ ਸੰਭਵ ਨਹੀਂ। ਸਪਸ਼ਟ ਹੈ ਕਿ ਸੁਰੱਖਿਆ ਕੌਂਸਲ ਬੇਕਾਰ ਸੰਸਥਾ ਬਣ ਕੇ ਰਹਿ ਚੁੱਕੀ ਹੈ। ਭਾਵੇਂ ਕਿ ਅਮਰੀਕਾ ਦਾ ਵੈਨੇਜ਼ੁਏਲਾ ‘ਤੇ ਅਜਿਹਾ ਹਮਲਾ ਦੂਸਰੇ ਤਾਕਤਵਰ ਦੇਸ਼ਾਂ ਲਈ ਅਜਿਹਾ ਕਰਨ ਲਈ ਹੌਸਲਾ ਅਫ਼ਜ਼ਾਈ ਸਾਬਿਤ ਹੋਵੇਗਾ,ਪਰ ਦੁਨੀਆ ਕੁਝ ਵੀ ਕਹੇ ਰਾਸ਼ਟਰਪਤੀ ਟਰੰਪ ਦੀ ਨਜ਼ਰ ਵਿਚ ਇਹ ਕਾਰਵਾਈ ਅਮਰੀਕੀਆਂ ਲਈ ਬਹੁਤ ਵੱਡਾ ਮਹੱਤਵ ਰੱਖਦੀ ਹੈ।
