ਵੈਨਜ਼ੁਏਲਾ ਉੱਪਰ ਹਮਲੇ ਦੇ ਅਸਲ ਮਨੋਰਥ ਦੀ ਗੱਲ ਕਰਦਿਆਂ…

ਬੂਟਾ ਸਿੰਘ ਮਹਿਮੂਦਪੁਰ
ਵੈਨਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਲਿਜਾਇਆ ਗਿਆ ਹੈ ਅਤੇ ਰਾਸ਼ਟਰਪਤੀ ਟਰੰਪ ਨੇ ਆਪਣੀ ਪਸੰਦ ਦੀ ਸੱਤਾ ਬਦਲੀ ਤੱਕ ਰਾਜ-ਪ੍ਰਸ਼ਾਸਨ ਦੀ ਵਾਗਡੋਰ ਆਪਣੇ ਹੱਥ ਵਿਚ ਰੱਖਣ ਦਾ ਐਲਾਨ ਕੀਤਾ ਹੈ। ਵੈਨਜ਼ੂਏਲਾ ਵਿਰੁੱਧ ਅਮਰੀਕੀ ਫ਼ੌਜੀ ਕਾਰਵਾਈ ਦਾ ਸੁਭਾਅ ਕੀ ਹੈ, ਇਸ ਕਾਰਵਾਈ ਦਾ ਪਿਛੋਕੜ ਕੀ ਹੈ ਅਤੇ ਦੁਨੀਆ ਵਿਚ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਖ਼ਦਸ਼ੇ ਤੇ ਸਵਾਲ ਹਨ, ਇਨ੍ਹਾਂ ਪੱਖਾਂ ਦੀ ਚਰਚਾ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਇਸ ਲੇਖ ਵਿਚ ਕੀਤੀ ਗਈ ਹੈ। -ਸੰਪਾਦਕ॥

ਅਮਰੀਕੀ ਸਾਮਰਾਜੀਆਂ ਨੇ ਦੂਜੇ ਮੁਲਕਾਂ ਦੀ ਪ੍ਰਭੂਸੱਤਾ ਅਤੇ ਖੁਦਮੁਖਤਿਆਰੀ ਨੂੰ ਕੁਚਲਣ ਦਾ ਇਕ ਹੋਰ ਮਾਨਵਤਾ ਵਿਰੋਧੀ ਕਾਰਾ ਇਤਿਹਾਸ ਵਿਚ ਦਰਜ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਹੁਣ ਵੈਨਜ਼ੁਏਲਾ ਦੀ ਪ੍ਰਭੂਸੱਤਾ ਉੱਪਰ ਸਿੱਧਾ ਹੱਲਾ ਬੋਲ ਦਿੱਤਾ ਹੈ। 3 ਜਨਵਰੀ ਨੂੰ ਡੇਢ ਸੌ ਜੰਗੀ ਜਹਾਜ਼ ਨਾਲ ਲੈਸ ਅਮਰੀਕੀ ਫ਼ੌਜ ਵੱਲੋਂ ਅੱਧੀ ਰਾਤ ਨੂੰ ਵੈਨਜ਼ੁਏਲਾ ਦੇ ਰਿਹਾਇਸ਼ੀ ਅਤੇ ਫ਼ੌਜੀ ਇਲਾਕਿਆਂ ਉੱਪਰ ਬੰਬਾਰੀ ਕਰਕੇ ਤੇ ਸੁਰੱਖਿਆ ਗਾਰਡਾਂ ਨੂੰ ਮਾਰ ਕੇ ਰਾਸ਼ਟਰਪਤੀ ਮਾਦੁਰੋ ਤੇ ਉਸਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਨੂੰ ਅਮਰੀਕਾ ਲਿਜਾ ਕੇ ਕੈਦ ਕਰ ਲਿਆ ਗਿਆ ਹੈ ਜਿੱਥੇ ਉਨ੍ਹਾਂ ਉੱਪਰ ਢੌਂਗੀ ਮੁਕੱਦਮਾ ਚਲਾਇਆ ਜਾਵੇਗਾ। ਟਰੰਪ ਨੇ ਬੇਸ਼ਰਮੀ ਨਾਲ ਐਲਾਨ ਕਰ ਦਿੱਤਾ ਹੈ ਕਿ ‘ਜਦੋਂ ਤੱਕ ਅਸੀਂ ਸੁਰੱਖਿਅਤ, ਉਚਿਤ ਅਤੇ ਨਿਆਂਪੂਰਨ ਤਰੀਕੇ ਨਾਲ ਸੱਤਾ ਬਦਲੀ ਨਹੀਂ ਕਰ ਲੈਂਦੇ, ਓਦੋਂ ਤੱਕ ਮੁਲਕ ਨੂੰ ਅਸੀਂ ਚਲਾਵਾਂਗੇ।’ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਯੂਐੱਨ ਚਾਰਟਰ ਦੀ ਘੋਰ ਉਲੰਘਣਾ ਕਰਕੇ ਕੀਤੇ ਇਸ ਹਮਲੇ ਬਾਰੇ ਕੀ ਸਟੈਂਡ ਲੈਂਦੀ ਹੈ, ਇਹ ਅਜੇ ਸਪਸ਼ਟ ਨਹੀਂ ਹੈ।
ਇਹ ਹਮਲਾ ਪਿੱਛੇ ਜਹੇ ਟਰੰਪ ਵੱਲੋਂ ਜਾਰੀ ਕੀਤੀ ਗਈ ਨਵੀਂ ‘ਰਾਸ਼ਟਰੀ ਸੁਰੱਖਿਆ ਯੁੱਧਨੀਤੀ’ ਦਾ ਵਿਹਾਰਕ ਰੂਪ ਹੈ। ਟਰੰਪ ਦਾ ਮਨੋਰਥ ਸਿਰਫ਼ ਤੇਲ ਅਤੇ ਹੋਰ ਕੁਦਰਤੀ ਭੰਡਾਰਾਂ ਉੱਪਰ ਕਬਜ਼ਾ ਕਰਨ ਦੇ ਮਨਸੂਬੇ ਤਹਿਤ ਵੈਨਜ਼ੁਏਲਾ ਦੀ ਚੁਣੀ ਹੋਈ ਸਰਕਾਰ ਨੂੰ ਤੋੜਨ ਤੱਕ ਸੀਮਤ ਨਾ ਰਹਿ ਕੇ ਲਾਤੀਨੀ ਅਮਰੀਕਾ ਉੱਪਰ ਧਾੜਵੀ ਦਬਦਬਾ ਮਜ਼ਬੂਤ ਕਰਨਾ ਹੈ। ਟਰੰਪ ਸਰਕਾਰ ਦੀ ਬੁਖਲਾਹਟ ਦਿਖਾਉਂਦੀ ਹੈ ਕਿ ਦੁਨੀਆ ਉੱਪਰ ਅਮਰੀਕੀ ਚੌਧਰ ਲੜਖੜਾ ਰਹੀ ਹੈ ਅਤੇ ਅਮਰੀਕੀ ਸਾਮਰਾਜੀਏ ਦਹਿਸ਼ਤਗਰਦ ਫ਼ੌਜੀ ਹਮਲਿਆਂ ਰਾਹੀਂ ਡਾਲਰ ਦੀ ਸਰਦਾਰੀ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਵੈਨਜ਼ੁਏਲਾ ਉੱਪਰ ਇਸ ਹਮਲੇ ਨੂੰ ਚੀਨ-ਰੂਸ ਸਾਮਰਾਜਵਾਦੀ ਗੱਠਜੋੜ ਨਾਲ ਵਧ ਰਹੀ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਅਮਰੀਕੀ ਸਾਮਰਾਜਵਾਦ ਦੀ ਲਗਾਤਾਰ ਕਮਜ਼ੋਰ ਹੋ ਰਹੀ ਪਕੜ ਦੇ ਰੂਪ ਵਿੱਚ ਵੀ ਦੇਖਣਾ-ਸਮਝਣਾ ਜ਼ਰੂਰੀ ਹੈ।
ਕਿਸੇ ਮੁਲਕ ਦੀ ਸਰਕਾਰ ਚਾਹੇ ਕਿੰਨੀ ਵੀ ਨਾਲਾਇਕ ਅਤੇ ਭ੍ਰਿਸ਼ਟ ਕਿਉਂ ਨਾ ਹੋਵੇ ਉਸ ਨੂੰ ਬਦਲਣ ਅਤੇ ਰਾਜ-ਪ੍ਰਸ਼ਾਸਨ ਵਿਚ ਰੱਦੋਬਦਲ ਕਰਨ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਉੱਥੋਂ ਦੇ ਲੋਕਾਂ ਨੂੰ ਹੈ। ਪਰ ਦੂਜੇ ਸੰਸਾਰ ਯੁੱਧ ਦੇ ਸਮੇਂ ਤੋਂ ਹੀ ਅਮਰੀਕੀ ਸਾਮਰਾਜੀ ਸਟੇਟ ਨੇ ਫ਼ੌਜੀ, ਵਿਤੀ ਅਤੇ ਰਾਜਨੀਤਕ ਦਬਦਬੇ ਦੇ ਜ਼ੋਰ ਇਸ ਅਧਿਕਾਰ ਨੂੰ ਅਗਵਾ ਕੀਤਾ ਹੋਇਆ ਹੈ ਅਤੇ ਅਮਰੀਕੀ ਹੁਕਮਰਾਨ ਸੰਸਾਰ ਥਾਣੇਦਾਰ ਬਣ ਕੇ ਉਨ੍ਹਾਂ ਮੁਲਕਾਂ ਵਿਰੁੱਧ ਖ਼ੂਨੀ ਸਾਜ਼ਿਸ਼ਾਂ ਤੇ ਧਾੜਵੀ ਹਮਲਿਆਂ ਨੂੰ ਅੰਜਾਮ ਦਿੰਦੇ ਆ ਰਹੇ ਹਨ ਜਿਨ੍ਹਾਂ ਦੇ ਨਿਜ਼ਾਮ ਅਤੇ ਹੁਕਮਰਾਨ ਇਨ੍ਹਾਂ ਨੂੰ ਪਸੰਦ ਨਹੀਂ ਜਾਂ ਜਿਨ੍ਹਾਂ ਨੂੰ ਅਮਰੀਕੀ ਚੌਧਰ ਮਨਜ਼ੂਰ ਨਹੀਂ।
ਮਾਦੁਰੋ ਅਤੇ ਉਸਦੀ ਜੀਵਨ-ਸਾਥਣ ਨੂੰ ਅਗਵਾ ਕਰਨ ਤੋਂ ਬਾਅਦ ਟਰੰਪ ਨੇ ਸ਼ੇਖੀ ਮਾਰੀ ਹੈ ਕਿ ਹੁਣ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਮਰੀਕੀ ਤੇਲ ਕੰਪਨੀਆਂ ਵੈਨਜ਼ੁਏਲਾ ਵਿਚ ਜਾ ਕੇ ‘ਬੇਹੱਦ ਖ਼ਰਾਬ ਤੇਲ ਢਾਂਚੇ ਨੂੰ ਠੀਕ ਕਰਨਗੀਆਂ ਅਤੇ ਮੁਲਕ ਲਈ ਪੈਸਾ ਬਣਾਉਣਾ ਸ਼ੁਰੂ ਕਰ ਦੇਣਗੀਆਂ।’ ਕਿ ‘ਉਸਦੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਵੈਨਜ਼ੁਏਲਾ ਦੇ ਲੋਕਾਂ ਨੂੰ ਅਮੀਰ, ਸੁਤੰਤਰ ਅਤੇ ਸੁਰੱਖਿਅਤ ਬਣਾਉਣਗੀਆਂ।’ ਇਸ ਡਕੈਤ ਦਲੀਲ ਦੀ ਸਾਮਰਾਜੀ ਡਿਕਸ਼ਨਰੀ ਤੋਂ ਸਿਵਾਏ ਕੋਈ ਵਾਜਬੀਅਤ ਨਹੀਂ ਹੈ।
ਦੂਜੇ ਪਾਸੇ, ਪੱਛਮੀ ਜਗਤ ਦੇ ‘ਉਦਾਰ’ ਹਲਕਿਆਂ ਵੱਲੋਂ ਇਹ ਬਿਰਤਾਂਤ ਵੀ ਪੇਸ਼ ਕੀਤਾ ਜਾ ਰਿਹਾ ਹੈ ਕਿ ਵੈਨਜ਼ੁਏਲਾ ਨੂੰ ਤਬਾਹੀ ਦੀ ਖੱਡ ਵਿਚ ਧੱਕਣ ਲਈ ਮਾਦੁਰੋ ਦੀ ‘ਤਾਨਾਸ਼ਾਹੀ’ ਜ਼ਿੰਮੇਵਾਰ ਹੈ ਜਿਸ ਦੇ ਰਾਜ ਨੇ ਆਰਥਿਕਤਾ ਦਾ ਭੱਠਾ ਬਿਠਾ ਦਿੱਤਾ, ਲੋਕਤੰਤਰੀ ਸੰਸਥਾਵਾਂ ਖੋਖਲੀਆਂ ਕਰ ਦਿੱਤੀਆਂ, ਵਿਰੋਧੀਆਂ ਨੂੰ ਕੁਚਲ ਦਿੱਤਾ, ਅਪਰਾਧੀ ਤਾਣਾਬਾਣਾ ਤੇ ਰਾਜਤੰਤਰ ਘਿਓ-ਖਿਚੜੀ ਹੋ ਗਏ ਅਤੇ ਲੱਖਾਂ ਲੋਕ ਹਾਲਾਤ ਤੋਂ ਤੰਗ ਆ ਕੇ ਮੁਲਕ ਛੱਡਣ ਲਈ ਮਜਬੂਰ ਹੋ ਗਏ। ਇਹ ਬਿਰਤਾਂਤ ਕਿੰਨਾ ਕੁ ਸੱਚ ਹੈ, ਇਹ ਵੱਖਰਾ ਸਵਾਲ ਹੈ। ਪਰ ਕੀ ਇਸੇ ਦਲੀਲ ਨੂੰ ‘ਉਦਾਰ’ ਬੁੱਧੀਮਾਨ ਅਮਰੀਕਾ ਜਾਂ ਪੱਛਮੀ ਸਾਮਰਾਜੀ ਮੁਲਕਾਂ ਉੱਪਰ ਵੀ ਲਾਗੂ ਕਰਨਗੇ ਜਿਨ੍ਹਾਂ ਰਾਜਾਂ ਦੀ ਤਸਵੀਰ ਇਨ੍ਹਾਂ ਹੀ ਪੱਖਾਂ ਤੋਂ ਹੋਰ ਵੀ ਬਦਤਰ ਹੈ?
ਸਵਾਲ ਇਹ ਹੈ ਕਿ ਜੇਕਰ ਕਿਸੇ ਮੁਲਕ ਦੇ ਤੇਲ ਦੇ ਕੁਦਰਤੀ ਭੰਡਾਰ ਅਮਰੀਕੀ ਧਾੜਵੀ ਪੈਮਾਨੇ ਅਨੁਸਾਰ ‘ਸਹੀ’ ਵਰਤੋਂ ’ਚ ਨਹੀਂ ਲਿਆਂਦੇ ਜਾ ਰਹੇ ਜਾਂ ਕਿਸੇ ਸਰਕਾਰ ਦੇ ਰਾਜ ਵਿਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ ਤਾਂ ਅਮਰੀਕੀ ਹੁਕਮਰਾਨ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਟਿੱਚ ਜਾਣ ਕੇ ਉੱਥੇ ਫ਼ੌਜੀ ਹਮਲਾ ਕਰਨ ਜਾਂ ਰਾਜ ਪਲਟਾ ਕਰਵਾ ਕੇ ਉੱਥੇ ਆਪਣੀ ਪਸੰਦ ਦੀ ਸਰਕਾਰ ਬਣਾਉਣ, ਇਸ ਬਹਾਨੇ ਯੁੱਧ ਛੇੜਨ ਅਤੇ ਨਾਗਰਿਕਾਂ ਦਾ ਕਤਲੇਆਮ ਕਰਨ ਦਾ ਆਪਾਸ਼ਾਹ ਅਧਿਕਾਰ ਅਮਰੀਕੀ ਸਾਮਰਾਜੀ ਸਲਤਨਤ ਨੂੰ ਦੁਨੀਆ ਦਾ ਕਿਹੜਾ ਕਾਨੂੰਨ ਦਿੰਦਾ ਹੈ? ਜਿਸ ਮੁਲਕ ਦੇ ਕੁਦਰਤੀ ਭੰਡਾਰ ਹਨ ਉਹ ਉਨ੍ਹਾਂ ਦੀ ਵਰਤੋਂ ਵੀ ਸੁਚਾਰੂ ਰੂਪ ’ਚ ਕਰ ਲੈਣਗੇ ਅਤੇ ਆਪਣੇ ਆਰਥਕ ਸੰਕਟ ਦਾ ਉਪਾਅ ਵੀ ਸੋਚ ਲੈਣਗੇ। ਸਾਮਰਾਜੀ ਡਕੈਤਾਂ ਨੂੰ ਉਸ ਵਿਚ ਦਖ਼ਲ ਦੇਣ ਦਾ ਕੀ ਅਧਿਕਾਰ ਹੈ?
ਟਰੰਪ ਪ੍ਰਸ਼ਾਸਨ ਨੇ ਤਾਂ ਹੁਣ ਇਹ ਧਾੜਵੀ ਦਾਅਵਾ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਵੈਨਜ਼ੁਏਲਾ ਦੇ ਤੇਲ ਉਦਯੋਗ ਨੂੰ ਅਮਰੀਕਾ ਦੀ ਬੁੱਧੀ ਤੇ ਮਿਹਨਤ ਨੇ ਵਿਕਸਿਤ ਕੀਤਾ ਸੀ ਅਤੇ ਵੈਨਜ਼ੁਏਲਾ ਵੱਲੋਂ ਗ਼ੈਰ-ਡਾਲਰ ਭੁਗਤਾਨ ਪ੍ਰਣਾਲੀਆਂ ਰਾਹੀਂ ਕੱਚਾ ਤੇਲ ਵੇਚਣਾ ਅਮਰੀਕੀ ਜਾਇਦਾਦ ਉੱਪਰ ਡਾਕਾ ਮਾਰਨਾ ਹੈ! ਅਮਰੀਕਾ ਦੀ ਦੁਖਦੀ ਰਗ ਡਾਲਰ ਦੀ ਖੁਰ ਰਹੀ ਸਰਦਾਰੀ ਹੈ। ਇਹ ਜੱਗ ਜ਼ਾਹਿਰ ਹੈ ਕਿ ਵੈਨਜ਼ੁਏਲਾ ਉੱਪਰ ਹਮਲਾ ਲਾਤੀਨੀ ਅਮਰੀਕਾ ਵਿੱਚ ਚੀਨ ਅਤੇ ਰੂਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਅਮਰੀਕੀ ਸਾਮਰਾਜਵਾਦ ਦੀ ਆਪਣਾ ਕੰਟਰੋਲ ਮੁੜ ਸਥਾਪਤ ਕਰਨ ਦੀ ਮਾਯੂਸ ਕੋਸ਼ਿਸ਼ ਦਾ ਹਿੱਸਾ ਹੈ।
ਟਰੰਪ ਦੀ ਇਹ ਘੋਰ ਸਾਮਰਾਜੀ ਹਰਕਤ ਅੰਤਰਰਾਸ਼ਟਰੀ ਕਾਨੂੰਨਾਂ ਦੀ ਸ਼ਰ੍ਹੇਆਮ ਉਲੰਘਣਾ ਹੈ। ਇਹ ਅਮਰੀਕੀ ਕਾਨੂੰਨ ਮੁਤਾਬਿਕ ਵੀ ਨਹੀਂ ਹੈ ਜੋ ਕਹਿੰਦਾ ਹੈ ਕਿ ਕੋਈ ਯੁੱਧ ਅਮਰੀਕੀ ਕਾਂਗਰਸ ਦੀ ਨਿਗਰਾਨੀ ਹੇਠ ਹੀ ਛੇੜਿਆ ਜਾ ਸਕਦਾ ਹੈ। ਟਰੰਪ ਨੇ ਇਹ ਰਸਮੀਂ ਮਨਜ਼ੂਰੀ ਲੈਣ ਦੀ ਵੀ ਲੋੜ ਨਹੀਂ ਸਮਝੀ ਅਤੇ ਅਮਰੀਕੀ ਕਾਨੂੰਨ ਦੇ ਅਨੁਸਾਰ ‘ਉਚਿਤ ਪ੍ਰਕਿਰਿਆ’ ਅਪਣਾਏ ਤੋਂ ਬਿਨਾਂ ਹੀ ਅੰਤਰਰਾਸ਼ਟਰੀ ਸਮੁੰਦਰੀ ਖੇਤਰ ਵਿਚ ਫ਼ੌਜ ਭੇਜ ਕੇ 110 ਤੋਂ ਵੱਧ ਨਾਗਰਿਕਾਂ ਦੀ ਜਾਨ ਲੈ ਲਈ, ਜੋ ਆਪਣੇ ਆਪ ’ਚ ਹੀ ਜੰਗੀ ਜੁਰਮ ਦੇ ਬਰਾਬਰ ਹੈ।
ਅਮਰੀਕੀ ਸਾਮਰਾਜੀ ਖ਼ਸਲਤ ਦੇ ਮੱਦੇਨਜ਼ਰ ਇਸ ਵਿਚ ਕੁਝ ਵੀ ਹੈਰਾਨੀਜਨਕ ਨਹੀਂ ਹੈ। ਅਮਰੀਕਾ ਦਾ ਵੀਅਤਨਾਮ, ਅਫ਼ਗਾਨਿਸਤਾਨ, ਇਰਾਕ ਸਮੇਤ ਬੇਸ਼ੁਮਾਰ ਨਹੱਕੇ ਯੁੱਧਾਂ ਅਤੇ ਧਾੜਵੀ ਹਮਲਿਆਂ ਦਾ ਬਹੁਤ ਲੰਮਾ ਇਤਿਹਾਸ ਹੈ। ਚਿੱਲੀ, ਗੁਆਟੇਮਾਲਾ, ਪਨਾਮਾ ਵਰਗੇ ਲਾਤੀਨੀ ਅਮਰੀਕੀ ਮੁਲਕਾਂ ਨੂੰ ਵੀ ਬੀਤੇ ’ਚ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਝੂਠੇ ਦੋਸ਼ ਲਗਾ ਕੇ ਦੂਜੇ ਮੁਲਕਾਂ ਦੀ ਪ੍ਰਭੂਸੱਤਾ ਨੂੰ ਲਤਾੜਨ ਲਈ ਟਰੰਪ ਆਪਣੇ ਤੋਂ ਪਹਿਲੇ ਰਾਸ਼ਟਰਪਤੀਆਂ ਨੂੰ ਮਾਤ ਪਾ ਰਿਹਾ ਹੈ ਅਤੇ ਆਪਣੇ ਮੌਜੂਦਾ ਕਾਰਜ-ਕਾਲ ਦੇ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਦੁਨੀਆ ਨੇ ਇਸ ਆਪੇ ਬਣੇ ‘ਸ਼ਾਂਤੀ-ਦੂਤ’ ਦਾ ਖ਼ੂਨੀ ਚਿਹਰਾ ਬਹੁਤ ਵਾਰ ਦੇਖ ਲਿਆ ਹੈ। ਵੈਨਜ਼ੁਏਲਾ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਇਰਾਨ, ਸੀਰੀਆ ਅਤੇ ਨਾਈਜ਼ੀਰੀਆ ਉੱਪਰ ਹਮਲੇ ਕਰ ਚੁੱਕਾ ਹੈ ਅਤੇ ਟਰੰਪ ਪ੍ਰਸ਼ਾਸਨ ਦੇ ਥਾਪੜੇ, ਗਿਣੀ-ਮਿੱਥੀ ਸਾਜ਼ਿਸ਼ ਅਤੇ ਫ਼ੌਜੀ ਤੇ ਵਿਤੀ ਮੱਦਦ ਨਾਲ ਹੀ ਇਜ਼ਰਾਈਲ ਨੇ ਗਾਜ਼ਾ ਵਿਚ ਨਸਲਕੁਸ਼ੀ ਅਤੇ ਤਬਾਹੀ ਜਾਰੀ ਰੱਖੀ ਹੋਈ ਹੈ ਜਿਸ ਦਾ ਨਵਾਂ ਨਾਂ ਹੁਣ ਟਰੰਪ ਦੀ ‘ਸ਼ਾਂਤੀ ਯੋਜਨਾ’ ਹੈ।
ਸੌ ਸਾਲ ਤੋਂ ਵੱਧ ਸਮੇਂ ਤੋਂ ਅਮਰੀਕਾ ਨੇ ਲਾਤੀਨੀ ਅਮਰੀਕਾ ਉੱਪਰ ਹਮਲਿਆਂ, ਰਾਜ-ਪਲਟਿਆਂ, ਤਸ਼ੱਦਦ ਅਤੇ ਬਹੁਤ ਹੀ ਜਾਬਰ ਕਠਪੁਤਲੀ ਸਰਕਾਰਾਂ ਨੂੰ ਥਾਪੜਾ ਦੇ ਕੇ ਆਪਣਾ ਦਬਦਬਾ ਬਣਾਈ ਰੱਖਿਆ ਹੈ। ਮੌਜੂਦਾ ਹਮਲਾ ਉਸ ਨੂੰ ਹੋਰ ਵਧਾਉਣ ਅਤੇ ਚੀਨ ਤੇ ਰੂਸ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਹੈ। ਟਰੰਪ ਪ੍ਰਸ਼ਾਸਨ ਵੱਲੋਂ ਵੈਨਜ਼ੁਏਲਾ ਵਿਰੁੱਧ ਮਹੀਨਿਆਂ ਤੋਂ ਚੱਲ ਰਹੀ ਜਾਬਰ ਮੁਹਿੰਮ ਨੂੰ ਇਸ ਬਹਾਨੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਕਿ ਵੈਨਜ਼ੁਏਲਾ ਅਤੇ ਇਸ ਦੇ ਆਗੂ ਅਮਰੀਕਾ ਵਿਚ ‘ਨਸ਼ੀਲੇ ਪਦਾਰਥ ਅਤੇ ਮੁਜਰਿਮ ਭੇਜਣ ਲਈ ਜ਼ਿੰਮੇਵਾਰ’ ਹਨ ਅਤੇ ਉਨ੍ਹਾਂ ਨੂੰ ਅਮਰੀਕੀ ਲੋਕਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਟਰੰਪ ਦੇ ਇਹ ਦੋਸ਼ ਪੂਰੀ ਤਰ੍ਹਾਂ ਝੂਠ ਹਨ ਕਿਉਂਕਿ ਨਾ ਤਾਂ ਵੈਨਜ਼ੁਏਲਾ ਫੈਂਟੈਨਾਈਲ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦਾ ਉਤਪਾਦਕ ਹੈ ਅਤੇ ਨਾ ਹੀ ਇਹ ਮੁਲਕ ਨਸ਼ਾ ਤਸਕਰੀ ਦਾ ਕੋਈ ਵੱਡਾ ਲਾਂਘਾ ਹੈ।
ਜਿਵੇਂ ਪੀਪਲਜ਼ ਡਿਸਪੈਚ ਦੀ ਰਿਪੋਰਟ ਦਰਸਾਉਂਦੀ ਹੈ, ਵੈਨਜ਼ੁਏਲਾ ਵਿਰੁੱਧ ਅਮਰੀਕੀ ਸਾਮਰਾਜੀਆਂ ਦੀ ਧਾੜਵੀ ਮੁਹਿੰਮ ਟਰੰਪ ਪ੍ਰਸ਼ਾਸਨ ਤੋਂ ਸ਼ੁਰੂ ਨਹੀਂ ਹੋਈ ਸਗੋਂ ਇਸਦੀ ਸ਼ੁਰੂਆਤ ਤਾਂ ਹਿਊਗੋ ਚਾਵੇਜ਼ ਸਰਕਾਰ ਵੱਲੋਂ ਆਪਣੇ ਸੰਵਿਧਾਨ ਦੀਆਂ ਵਿਵਸਥਾਵਾਂ ਅਨੁਸਾਰ ‘ਆਰਗੈਨਿਕ ਹਾਈਡ੍ਰੋਕਾਰਬਨ ਕਾਨੂੰਨ’ ਬਣਾਏ ਜਾਣ ’ਤੇ ਉਸਦੀ ਸਰਕਾਰ ਦਾ ਤਖ਼ਤਾ ਪਲਟ ਦੇਣ ਦੀਆਂ ਕੋਸ਼ਿਸ਼ਾਂ ਦੇ ਰੂਪ ’ਚ 2001 ’ਚ ਹੀ ਹੋ ਗਈ ਸੀ। ਇਸ ਕਾਨੂੰਨ ਦੇ ਤਹਿਤ ਤੇਲ ਅਤੇ ਗੈਸ ਦੇ ਕੁਲ ਭੰਡਾਰਾਂ ਉੱਪਰ ਰਾਜ ਦੀ ਮਾਲਕੀ ਸਥਾਪਤ ਕਰਨ ਨੂੰ ਐਕਸਾਨਮੋਬਿਲ ਅਤੇ ਸ਼ੇਵਰਾਨ ਵਰਗੀਆਂ ਧੜਵੈਲ ਅਮਰੀਕੀ ਅਜਾਰੇਦਾਰ ਕੰਪਨੀਆਂ ਭਲਾ ਕਿਵੇਂ ਬਰਦਾਸ਼ਤ ਕਰ ਲੈਂਦੀਆਂ। ਉਨ੍ਹਾਂ ਵੱਲੋਂ ਬੁਸ਼ ਪ੍ਰਸ਼ਾਸਨ ਉੱਪਰ ਚਾਵੇਜ਼ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ। ਬੁਸ਼ ਸਰਕਾਰ ਵੱਲੋਂ ਚਾਵੇਜ਼ ਵਿਰੁੱਧ ਕਰੇੜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ।
ਅਮਰੀਕੀ ਏਡ ਏਜੰਸੀਆਂ ਵੱਲੋਂ ਉਨ੍ਹਾਂ ਸਮਾਜਿਕ ਅਤੇ ਰਾਜਨੀਤਕ ਗਰੁੱਪਾਂ ਨੂੰ ਧੜਾਧੜ ਫੰਡ ਦਿੱਤੇ ਜਾਣ ਲੱਗੇ ਜੋ ਚਾਵੇਜ਼ ਦੇ ‘ਬੋਲੀਵੇਰੀਅਨ ਇਨਕਲਾਬ’ ਦੇ ਵਿਰੋਧੀ ਸਨ। ਹਰ ਉਸ ਨਾਮਨਿਹਾਦ ਰਾਜਨੀਤਕ ਧਾਰਾ ਨੂੰ ਖ਼ਤਮ ਕਰ ਦੇਣਾ ਅਮਰੀਕੀ ਹੁਕਮਰਾਨ ਜਮਾਤ ਦਾ ਵਿਚਾਰਧਾਰਕ ਪ੍ਰੋਜੈਕਟ ਹੈ ਜਿਸ ਵਿੱਚੋਂ ਵੀ ਸਮਾਜਵਾਦ ਦਾ ਝਾਓਲ਼ਾ ਪੈਂਦਾ ਹੋਵੇ। 2002 ’ਚ ਚਾਵੇਜ਼ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਗਈ। ਫਿਰ 2003-2004 ’ਚ ਘੋਰ ਪਿਛਾਖੜੀ ਮਾਰੀਆ ਕੋਰਿਨਾ ਮਚਾਡੋ ਦੀ ਅਗਵਾਈ ਵਾਲੇ ਸੁਮਾਤੇ ਗੁੱਟ ਦੀ ਵਿਤੀ ਅਤੇ ਰਾਜਨੀਤਕ ਪੁਸ਼ਤਪਨਾਹੀ ਕਰਕੇ ਚਾਵੇਜ਼ ਦੇ ਜਨ-ਆਧਾਰ ਵਿਚ ਸੰਨ੍ਹ ਲਾਉਣ, ਉਸਦੇ ਧੜੇ ’ਚ ਫੁੱਟ ਪਾਉਣ, ਸੁਮਾਤੇ ਵਰਗੇ ਘੋਰ ਪਿਛਾਖੜੀ ਗਰੁੱਪਾਂ ਨੂੰ ਮਜ਼ਬੂਤ ਕਰਨ ਅਤੇ ‘ਅਮਰੀਕੀ ਵਪਾਰਕ ਹਿਤਾਂ ਦੀ ਰਾਖੀ’ ਲਈ ਪੰਜ-ਨੁਕਾਤੀ ਯੁੱਧਨੀਤੀ ਵਿਕਸਿਤ ਕੀਤੀ ਗਈ। 2015 ’ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਬਾਕਾਇਦਾ ਕਾਰਜਕਾਰੀ ਆਦੇਸ਼ ਉੱਪਰ ਦਸਖ਼ਤ ਕਰਕੇ ਵੈਨਜ਼ੁਏਲਾ ਨੂੰ ‘ਅਸਾਧਾਰਨ’ ਖ਼ਤਰਾ ਐਲਾਨਿਆ ਗਿਆ ਜੋ ਬਾਅਦ ਵਿਚ ਲਗਾਈਆਂ ਗਈਆਂ ਕਾਨੂੰਨੀ ਪਾਬੰਦੀਆਂ ਦਾ ਆਧਾਰ ਬਣਿਆ। ਵੈਨਜ਼ੁਏਲਾ ਦੀ ਅਮਰੀਕੀ ਵਿੱਤੀ ਮੰਡੀਆਂ ਤੱਕ ਪਹੁੰਚ ਬੰਦ ਕਰ ਦਿੱਤੀ ਗਈ। ਅੰਤਰਰਾਸ਼ਟਰੀ ਬੈਂਕਾਂ ਅਤੇ ਸ਼ਿਪਿੰਗ ਕੰਪਨੀਆਂ ਉੱਪਰ ਅਮਰੀਕੀ ਪਾਬੰਦੀਆਂ ਦੀ ਪਾਲਣਾ ਕਰਨ ਲਈ ਸਖ਼ਤ ਦਬਾਅ ਪਾਇਆ ਗਿਆ। ਬੈਂਕ ਆਫ ਇੰਗਲੈਂਡ ਨੇ ਵੈਨਜ਼ੁਏਲਾ ਦੇ ਕੇਂਦਰੀ ਬੈਂਕ ਦੇ ਸੋਨੇ ਦੇ ਭੰਡਾਰ ਜ਼ਬਤ ਕਰ ਲਏ। ਫਿਰ 2019 ’ਚ ਅਮਰੀਕੀ ਮਾਨਤਾ-ਪ੍ਰਾਪਤ ਰਾਸ਼ਟਰਪਤੀ ਥਾਪ ਕੇ ‘ਅੰਤਰਿਮ ਸਰਕਾਰ’ ਵੀ ਬਣਾਈ ਗਈ, ਚਾਵੇਜ਼ ਵਿਰੁੱਧ ਅਸਫ਼ਲ ਬਗ਼ਾਵਤ ਕਰਵਾਈ ਗਈ। ਵੈਨਜ਼ੁਏਲਾ ਦੀ ਤੇਲ ਵਿਕਰੀ ਠੱਪ ਕਰ ਦਿੱਤੀ ਗਈ ਅਤੇ ਬਦੇਸ਼ਾਂ ’ਚ ਉਸ ਦੀਆਂ ਤੇਲ ਸੰਪਤੀਆਂ ਜ਼ਬਤ ਕੀਤੀਆਂ ਗਈਆਂ। ਤੇਲ ਦੇ ਅੰਤਰਰਾਸ਼ਟਰੀ ਭਾਅ ਘਟਣ ਕਾਰਨ ਵੈਨਜ਼ੁਏਲਾ ਦੀ ਆਰਥਿਕਤਾ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਹੁਕਮਰਾਨਾਂ ਨੇ ਇਨ੍ਹਾਂ ਹਾਲਾਤ ਨੂੰ ਸਰਕਾਰ ਵਿਰੁੱਧ ਬੇਚੈਨੀ ਭੜਕਾਉਣ ਲਈ ਵਰਤਿਆ ਅਤੇ ਤੇਲ ਨਾਕਾਬੰਦੀ ਨੂੰ ਵਧੇਰੇ ਸਖ਼ਤ ਕਰਕੇ ਸੰਕਟ ਨੂੰ ਹੋਰ ਜ਼ਰਬਾਂ ਦਿੱਤੀਆਂ। 2020 ਓਪਰੇਸ਼ਨ ਗਿਡੀਅਨ ਦੁਆਰਾ ਮਾਦੁਰੋ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਦੀ ਗ੍ਰਿਫ਼ਤਾਰੀ ਲਈ ਡੇਢ ਕਰੋੜ ਡਾਲਰ ਇਨਾਮ ਰੱਖਿਆ ਗਿਆ ਜੋ ਪਿੱਛੇ ਜਹੇ ਵਧਾ ਕੇ ਪੰਜ ਕਰੋੜ ਡਾਲਰ ਕਰ ਦਿੱਤਾ ਗਿਆ ਸੀ। ਕੋਰੋਨਾ ਮਹਾਮਾਰੀ ਦੌਰਾਨ ਵੈਨਜ਼ੁਏਲਾ ਦੀ ਬਾਂਹ ਮਰੋੜਨ ਲਈ ‘ਵੱਧ ਤੋਂ ਵੱਧ ਦਬਾਅ’ ਦੀ ਨੀਤੀ ਲਾਗੂ ਕੀਤੀ ਗਈ। 2025 ’ਚ ਮਾਰੀਆ ਕੋਰਿਨਾ ਮਚਾਡੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੇ ਕੇ ਹਰਮਨਪਿਆਰੀ ਵਿਰੋਧੀ-ਧਿਰ ਆਗੂ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। 2025 ’ਚ ਵੈਨਜ਼ੁਏਲਾ ਦੇ ਸਮੁੰਦਰੀ ਖੇਤਰ ਵਿਚ ਛੋਟੀਆਂ ਕਿਸ਼ਤੀਆਂ ਉੱਪਰ ਹਮਲੇ ਕੀਤੇ ਗਏ, ਵੈਨਜ਼ੁਏਲਾ ਦੀ ਨਾਕਾਬੰਦੀ ਲਈ ਸਭ ਤੋਂ ਤਾਕਤਵਰ ਸਮੁੰਦਰੀ ਫ਼ੌਜੀ ਬੇੜਾ ਭੇਜਿਆ ਗਿਆ ਅਤੇ ਵੈਨਜ਼ੁਏਲਾ ਤੋਂ ਆਉਣ ਵਾਲੇ ਤੇਲ ਟੈਂਕਰ ਜ਼ਬਤ ਕੀਤੇ ਗਏ।
ਦਸੰਬਰ ਦੇ ਸ਼ੁਰੂ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਕਾਸ਼ਿਤ ਕੀਤੀ ‘ਟਰੰਪ ਕੋਰੋਲਰੀ’ ਵਿਚ ਤਾਂ ਇਹ ਸਾਮਰਾਜੀ ਬਦਨੀਅਤ ਹੋਰ ਵੀ ਸਪਸ਼ਟ ਹੈ ਜਿਸ ਵਿਚ ਕਿਹਾ ਗਿਆ ਕਿ ਪੱਛਮੀ ਅਰਧ-ਗੋਲੇ ਉੱਪਰ ਅਮਰੀਕਾ ਦਾ ਰਾਜਨੀਤਕ, ਆਰਥਕ, ਵਪਾਰਕ ਅਤੇ ਫ਼ੌਜੀ ਤੌਰ ’ਤੇ ਕੰਟਰੋਲ ਹੋਣਾ ਚਾਹੀਦਾ ਹੈ। ਯਾਨੀ ਇਸ ਖੇਤਰ ਵਿਚ ਊਰਜਾ ਅਤੇ ਖਣਿਜ ਭੰਡਾਰਾਂ ਤੱਕ ਪਹੁੰਚ ਹਾਸਲ ਕਰਨ ਲਈ ਅਮਰੀਕੀ ਫ਼ੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਾਦੁਰੋ ਨੂੰ ਅਗਵਾ ਕਰਨ ਤੋਂ ਕੁਝ ਘੰਟੇ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ 19ਵੀਂ ਸਦੀ ਦੇ ‘ਮੁਨੇਰੋ ਮੱਤ’ ਦਾ ਹਵਾਲਾ ਦਿੱਤਾ, ਜਿਸਦੀ ਵਰਤੋਂ ਲਾਤੀਨੀ ਅਮਰੀਕਾ ਵਿਚ ਅਮਰੀਕੀ ਫ਼ੌਜੀ ਤਾਕਤ ਦੀ ਧਾਂਕ ਜਮਾਉਣ ਲਈ ਕੀਤੀ ਗਈ ਸੀ। ਇਸਨੂੰ ‘ਡੌਨ-ਰੋ ਮੱਤ’ ਨਾਂ ਦਿੰਦਿਆਂ ਉਸਨੇ ਕਿਹਾ: “ਪੱਛਮੀ ਅਰਧ-ਗੋਲੇ ਵਿੱਚ ਅਮਰੀਕੀ ਸਰਦਾਰੀ ਉੱਪਰ ਹੁਣ ਕਦੇ ਵੀ ਸਵਾਲ ਨਹੀਂ ਉਠਾਇਆ ਜਾਵੇਗਾ।”
ਇਹ ਸੰਖੇਪ ਵੇਰਵਾ ਇਹ ਸਮਝਣ ਲਈ ਕਾਫ਼ੀ ਹੈ ਕਿ ਅਮਰੀਕੀ ਹੁਕਮਰਾਨ ਢਾਈ ਦਹਾਕਿਆਂ ਤੋਂ ਵੈਨਜ਼ੁਏਲਾ ਨੂੰ ਕਬਜ਼ੇ ’ਚ ਲੈਣ ਦੀਆਂ ਤਿਆਰੀਆਂ ਕਰ ਰਹੇ ਸਨ। ਵੈਨਜ਼ੁਏਲਾ ਉੱਤੇ ਹਮਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸ ਮੁਲਕ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ ਅਤੇ ਵੈਨਜ਼ੁਏਲਾ ਦਾ ਕੱਚਾ ਤੇਲ ਅਮਰੀਕਾ ਦੇ ਮੈਕਸੀਕੋ ਖਾੜੀ ਵਿਚਲੇ ਤੇਲ-ਸੋਧਕ ਪਲਾਂਟਾਂ ਲਈ ਖ਼ਾਸ ਤੌਰ ’ਤੇ ਲਾਹੇਵੰਦ ਹੈ। ਵੈਨਜ਼ੁਏਲਾ ਅਮਰੀਕੀ ਸਾਮਰਾਜੀਆਂ ਨੂੰ ਇਸ ਕਰਕੇ ਵੀ ਰੜਕਦਾ ਸੀ ਕਿ ਉਹ ਤੇਲ ਦੇ ਕਾਰੋਬਾਰ ਦਾ ਭੁਗਤਾਨ ਗੈਰ-ਡਾਲਰ ਭੁਗਤਾਨ ਪ੍ਰਣਾਲੀਆਂ ਰਾਹੀਂ ਕਰਨ ਦਾ ਹਿੱਸਾ ਬਣ ਗਿਆ ਸੀ। ਇਸੇ ਕਾਰਨ ਅਮਰੀਕੀ ਸਾਮਰਾਜਵਾਦ ਲੰਮੇ ਸਮੇਂ ਤੋਂ ਮਾਦੁਰੋ ਸਰਕਾਰ ਨੂੰ ਡੇਗਣ ਅਤੇ ਉੱਥੇ ਅਮਰੀਕਾ-ਪੱਖੀ ਸਰਕਾਰ ਸਥਾਪਤ ਕਰਨ ਦੀਆਂ ਸਾਜ਼ਿਸ਼ਾਂ ’ਚ ਜੁਟਿਆ ਹੋਇਆ ਸੀ, ਤਾਂ ਜੋ ਅਜਾਰੇਦਾਰ ਅਮਰੀਕੀ ਤੇਲ ਕੰਪਨੀਆਂ ਨੂੰ ਵੈਨਜ਼ੁਏਲਾ ਦੇ ਤੇਲ ਦੇ ਭੰਡਾਰ ਲੁੱਟਣ ਦੀ ਖੁੱਲ੍ਹੀ ਛੁੱਟੀ ਮਿਲ ਸਕੇ।
ਟਰੰਪ ਦਾ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਅਤੇ ਨਿਧੜਕ ਹਮਲਾ ਸਿਰਫ਼ ਵੈਨਜ਼ੁਏਲਾ ਦੇ ਕੁਦਰਤੀ ਭੰਡਾਰਾਂ ਉੱਪਰ ਕਾਬਜ਼ ਹੋਣ ਤੱਕ ਸੀਮਤ ਨਹੀਂ ਹੈ। ਇਹ ਪੂਰੇ ਮਹਾਂਦੀਪ ਉੱਪਰ ਉਸ ਵਕਤ ਆਪਣੇ ਸਾਮਰਾਜੀ ਦਬਦਬੇ ਅਤੇ ਕੰਟਰੋਲ ਨੂੰ ਸਿਫ਼ਤੀ ਤੌਰ ’ਤੇ ਵਧਾਉਣ ਦੀ ਕੋਸ਼ਿਸ਼ ਹੈ ਜਦੋਂ ਸੰਸਾਰ ਗ਼ਲਬੇ ਲਈ ਅਮਰੀਕਾ ਨੂੰ ਆਪਣੇ ਮੁੱਖ ਸਾਮਰਾਜਵਾਦੀ ਸ਼ਰੀਕ ਚੀਨ, ਅਤੇ ਉਸਦੇ ਜੋਟੀਦਾਰ ਰੂਸ, ਦਾ ਸਖ਼ਤ ਮੁਕਾਬਲਾ ਕਰਨਾ ਪੈ ਰਿਹਾ ਹੈ। ਪਿਛਲੇ ਦਹਾਕੇ ’ਚ ਚੀਨ ਨੇ ਲਾਤੀਨੀ ਅਮਰੀਕਾ ਵਿੱਚ ਆਪਣਾ ਵਪਾਰ, ਪੂੰਜੀ-ਨਿਵੇਸ਼ ਅਤੇ ਮੱਦਦ ਕਾਫ਼ੀ ਵਧਾ ਲਈ ਹੈ। ਸੜਕਾਂ, ਦੂਰਸੰਚਾਰ ਨੈੱਟਵਰਕ ਆਦਿ ਬੁਨਿਆਦੀ ਢਾਂਚਾਗਤ ਯੋਜਨਾਵਾਂ ਲਈ ਚੀਨ ਨੇ ਵਾਹਵਾ ਫੰਡ ਮੁਹੱਈਆ ਕਰਵਾਏ ਹਨ। ਅਮਰੀਕੀ ਪ੍ਰਸ਼ਾਸਨ ਦਾ ਇਰਾਦਾ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ, ਸੀਮਤ ਕਰਨ ਅਤੇ ਪਿੱਛੇ ਧੱਕਣ ਦਾ ਹੈ। ਜੇਕਰ ਵੈਨਜ਼ੁਏਲਾ ਦੇ ਤੇਲ ਦਾ ਵੱਡਾ ਖ਼ਰੀਦਦਾਰ ਚੀਨ ਆਪਣੇ ਲਈ ਮਹੱਤਵਪੂਰਨ ਇਨ੍ਹਾਂ ਤੇਲ ਸਰੋਤਾਂ ਉੱਪਰ ਕਬਜ਼ਾ ਕਰਨ ਦੀ ਅਮਰੀਕਾ ਦੀ ਮੁਹਿੰਮ ਦਾ ਸਖ਼ਤ ਵਿਰੋਧ ਕਰਨ ਦਾ ਪੈਂਤੜਾ ਲੈ ਲੈਂਦਾ ਹੈ ਤਾਂ ਟਰੰਪ ਦੀ ਇਹ ਮਾਅਰਕੇਬਾਜ਼ੀ ਵੱਡੇ ਅੰਤਰ-ਸਾਮਰਾਜੀ ਟਕਰਾਅ ਵਿਚ ਵੀ ਬਦਲ ਸਕਦੀ ਹੈ। ਟਰੰਪ ਸਰਕਾਰ ਦੀ ‘ਰਾਸ਼ਟਰੀ ਸੁਰੱਖਿਆ ਨੀਤੀ’ ਪੱਛਮੀ ਅਰਧ-ਗੋਲੇ – ਜਿਸ ਵਿਚ ਕੈਨੇਡਾ ਅਤੇ ਗ੍ਰੀਨਲੈਂਡ ਵੀ ਸ਼ਾਮਲ ਹੈ – ਵਿੱਚ ਸੰਯੁਕਤ ਰਾਜ ਅਮਰੀਕਾ ਦੀ ਸਰਵਉੱਚਤਾ ਨੂੰ ਆਪਣੀ ਸੁਰੱਖਿਆ ਅਤੇ ਖੁਸ਼ਹਾਲੀ ਦੀ ਸ਼ਰਤ ਦੇ ਰੂਪ ’ਚ ਦੇਖਦੀ ਹੈ। ਅਮਰੀਕੀ ਹਾਕਮ ਜਮਾਤ ਦਾ ਇਹ ਫਾਸ਼ਿਸਟ ਗੁੱਟ ਪੂਰੇ ਪੱਛਮੀ ਅਰਧ-ਗੋਲੇ ਨੂੰ ਅਮਰੀਕਾ ਦੇ ‘ਮੁਹੱਲੇ’ ਸਮਝਦਾ ਹੈ ਅਤੇ ਇੱਥੇ ਉਹ ਮੁਕੰਮਲ ਫ਼ੌਜੀ ਅਤੇ ਆਰਥਕ ਕੰਟਰੋਲ ਕਾਇਮ ਕਰਨ ਲਈ ਤਾਹੂ ਹੈ। ਟਰੰਪ ਅਤੇ ਰੂਬੀਓ ਨੇ ਕਿਊਬਾ ਅਤੇ ਕੋਲੰਬੀਆ ਨੂੰ ਸ਼ਰ੍ਹੇਆਮ ਧਮਕੀ ਦਿੱਤੀ ਹੈ ਕਿ ਉਹ ਲੀਹ ’ਤੇ ਆ ਜਾਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਟਰੰਪ ਦੇ ਇਨ੍ਹਾਂ ਘੋਰ ਜੰਗਬਾਜ਼ ਤੇਵਰਾਂ ਤੋਂ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਸਾਮਰਾਜਵਾਦ ਹੋਰ ਲਾਤੀਨੀ ਅਮਰੀਕੀ ਮੁਲਕਾਂ ਵਿਰੁੱਧ ਵੀ ਹਮਲੇ ਵਿੱਢ ਸਕਦਾ ਹੈ। ਮਾਦੁਰੋ ਨੂੰ ਅਗਵਾ ਕਰ ਲੈਣ ਤੋਂ ਬਾਅਦ ਵੀ ਵੈਨਜ਼ੁਏਲਾ ਦਾ ਹਕੂਮਤੀ ਢਾਂਚਾ ਬਰਕਰਾਰ ਹੈ। ਕੀ ਟਰੰਪ ਹੋਰ ਹਮਲੇ ਕਰਕੇ ਮੌਜੂਦਾ ਹਕੂਮਤ ਨੂੰ ਪੂਰੀ ਤਰ੍ਹਾਂ ਤੋੜ ਕੇ ਨਵੀਂ ਸਰਕਾਰ ਬਣਾਏਗਾ ਜਾਂ ਤੇਲ ਦੀ ਨਾਕਾਬੰਦੀ ਜਾਰੀ ਰੱਖ ਕੇ ਵੈਨਜ਼ੁਏਲਾ ਨੂੰ ਚਲਾਏਗਾ ਜਿਵੇਂ ਉਸਦੇ ਵਜ਼ੀਰ ਮਾਰਕੋ ਰੂਬੀਓ ਨੇ ਸਪਸ਼ਟੀਕਰਨ ਦਿੱਤਾ ਹੈ? ਟਰੰਪ ਦਾ ਵੈਨਜ਼ੁਏਲਾ ਦੇ ਰਾਜ ਪ੍ਰਬੰਧ ਨੂੰ ਚਲਾਉਣ ਦਾ ਦਾਅਵਾ ਅਮਲ ’ਚ ਸਾਕਾਰ ਹੋ ਸਕੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫ਼ਿਲਹਾਲ ਵੈਨਜ਼ੁਏਲਾ ਦੀ ਸਰਕਾਰ ਨੇ ਇਸ ਹਮਲੇ ਦਾ ਜ਼ੁਅਰਤ ਨਾਲ ਮੁਕਾਬਲਾ ਕਰਕੇ ਪ੍ਰਸ਼ਾਸਨ ਨੂੰ ਸਥਿਰ ਕਰ ਲਿਆ ਹੈ ਅਤੇ ਲੰਮੇ ਸਮੇਂ ’ਚ ਅਮਰੀਕੀ ਧਾੜਵੀਆਂ ਨੂੰ ਵੀਅਤਨਾਮ, ਅਫ਼ਗਾਨਿਸਤਾਨ ਵਾਂਗ ਵੈਨਜ਼ੁਏਲਾ ’ਚ ਵੀ ਮੂੰਹ ਦੀ ਖਾਣੀ ਪਵੇਗੀ।
ਦੁਨੀਆ ਵਿਚ ਟਰੰਪ ਪ੍ਰਸ਼ਾਸਨ ਦੇ ਇਸ ਧਾੜਵੀ ਹਮਲੇ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਨਵੰਬਰ 2025 ’ਚ ਸੀਬੀਐੱਸ ਦੇ ਨਿਊਜ਼ਪੋਲ ਵਿਚ ਸਿਰਫ਼ 13% ਅਮਰੀਕਾ ਨਿਵਾਸੀਆਂ ਨੇ ਵੈਨਜ਼ੁਏਲਾ ਨੂੰ ‘ਵੱਡਾ ਸੁਰੱਖਿਆ ਖ਼ਤਰਾ’ ਕਿਹਾ ਸੀ ਜਦਕਿ 70% ਨੇ ਅਮਰੀਕਾ ਵੱਲੋਂ ਫ਼ੌਜੀ ਕਾਰਵਾਈ ਕੀਤੇ ਜਾਣ ਨਾਲ ਅਸਹਿਮਤੀ ਪ੍ਰਗਟਾਈ ਸੀ। ਹੁਣ ਵੀ ਟਰੰਪ ਵੱਲੋਂ ਵਿੱਢੇ ਹਮਲੇ ਵਿਰੁੱਧ ਅਮਰੀਕਾ ਵਿਚ ਗੁੱਸੇ ਭਰੇ ਮੁਜ਼ਾਹਰੇ ਹੋ ਰਹੇ ਹਨ। ਪਰ ਭਾਰਤ ਦੀ ਸੱਤਾ ਉੱਪਰ ਕਾਬਜ਼ ਹਿੰਦੂਤਵ ਹਕੂਮਤ ਇਸ ਸਾਮਰਾਜੀ ਡਕੈਤੀ ਦੀ ਨਿਖੇਧੀ ਕਰਨ ਦੀ ਬਜਾਏ ਆਪਣੀ ਸਾਮਰਾਜੀ ਜੀ-ਹਜ਼ੂਰੀ ਦੀ ਘਿਣਾਉਣੀ ਵਿਰਾਸਤ ਅਨੁਸਾਰ ਝੂਠੀ ਫ਼ਿਕਰਮੰਦੀ ਦਿਖਾ ਕੇ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਗੋਲਮੋਲ ਬਿਆਨਬਾਜ਼ੀ ਕਰਕੇ ਹਮੇਸ਼ਾ ਵਾਂਗ ਟਰੰਪ ਦੀ ਸਾਮਰਾਜੀ ਧੌਂਸ ਦਾ ਸਾਥ ਦੇ ਰਹੀ ਹੈ।
ਟਰੰਪ ਪ੍ਰਸ਼ਾਸਨ ਦੀ ਐਲਾਨੀਆ ਟੇਕ ਖੁੱਲ੍ਹੀ ਹਿੰਸਾ ਅਤੇ ਦਹਿਸ਼ਤ ਨਾਲ ਰਾਜ ਕਰਨ ਉੱਪਰ ਹੋਣ ਕਾਰਨ ਜਿਵੇਂ ਗਾਜ਼ਾ ਵਿਚ ਨਸਲਕੁਸ਼ੀ ਵਿਰੁੱਧ ਆਵਾਜ਼ ਉਠਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਵਹਿਸ਼ੀ ਹਿੰਸਾ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ, ਉਸੇ ਤਰ੍ਹਾਂ ਹੁਣ ਵੀ ਫਾਸ਼ੀਵਾਦੀ ਸਰਕਾਰ ਵੈਨਜ਼ੁਏਲਾ ਉੱਪਰ ਹਮਲੇ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੂੰ ਕੁਚਲਣ ਦੀ ਘਿਣਾਉਣੀ ਕੋਸ਼ਿਸ਼ ਕਰੇਗੀ। ਅਮਰੀਕਾ ਦੇ ਲੋਕਾਂ ਦਾ ਇਕ ਗਿਣਨਯੋਗ ਹਿੱਸਾ ਇਸ ਨੂੰ ਲੈ ਕੇ ਫ਼ਿਕਰਮੰਦ ਹੈ ਕਿ ਟਰੰਪ-ਰੂਬੀਓ ਹੁਕਮਰਾਨ ਗੁੱਟ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਿਹਾ ਹੈ ਉਹ ਕਿਸੇ ਵੀ ਰੂਪ ’ਚ ਅਮਰੀਕਾ ਦੇ ਹਿਤ ਵਿਚ ਨਹੀਂ। ਪਰ ਇਹ ਬੁੜ-ਬੁੜ ਹੀ ਕਾਫ਼ੀ ਨਹੀਂ ਹੈ। ਅਸਹਿਮਤੀ ਦੀ ਇਸ ਆਵਾਜ਼ ਨੂੰ ਵਿਆਪਕ ਵਿਰੋਧ ਲਹਿਰ ਵਿਚ ਬਦਲਣ ਦੀ ਲੋੜ ਹੈ। ਫਿਰ ਹੀ ਇਹ ਅਸਹਿਮਤੀ ਅਸਰਦਾਰ ਠੱਲ੍ਹ-ਪਾਊ ਭੂਮਿਕਾ ਨਿਭਾ ਸਕਦੀ ਹੈ।
ਮਾਦੁਰੋ ਦੇ ਰੱਖਿਆ ਮੰਤਰੀ ਅਤੇ ਕਾਰਜਕਾਰੀ ਰਾਸ਼ਟਰਪਤੀ ਨੇ ਅਮਰੀਕਾ ਦੇ ਟਾਕਰੇ ਲਈ ਡਟੇ ਰਹਿਣ ਦਾ ਐਲਾਨ ਕੀਤਾ ਹੈ। ਇਤਿਹਾਸ ਗਵਾਹ ਹੈ ਕਿ ਵੈਨਜ਼ੁਏਲਾ ਜਾਂ ਲਾਤੀਨੀ ਅਮਰੀਕਾ ਨੇ ਕਦੇ ਵੀ ਅਮਰੀਕੀ ਸਾਮਰਾਜੀ ਧੌਂਸ ਅੱਗੇ ਗੋਡੇ ਨਹੀਂ ਟੇਕੇ। ਹੁਣ ਵੀ ਲਾਤੀਨੀ ਅਮਰੀਕੀ ਲੋਕ ਸਾਮਰਾਜੀ ਡਕੈਤੀ ਦੇ ਬਿਰਤਾਂਤ ਅੱਗੇ ਨਹੀਂ ਝੁਕਣਗੇ ਅਤੇ ਸੜਕਾਂ ਉੱਪਰ ਆ ਕੇ ਟਰੰਪ ਦੇ ਸਾਮਰਾਜੀ ਮਨਸੂਬਿਆਂ ਦਾ ਟਾਕਰਾ ਕਰਨਗੇ।