ਇਕਬਾਲ ਸਿੰਘ ਜੱਬੋਵਾਲੀਆ
ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ ‘ਪੰਜਾਬ ਟਾਈਮਜ਼’ ਨੇ ਛੱਬੀ ਵਰ੍ਹੇ ਪੂਰੇ ਕਰ ਲਏ ਹਨ ਤੇ ਇਹ ਨਿਰੰਤਰ ਆਪਣੇ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅਖਬਾਰ ਨਾਲ ਲੰਮੇ ਸਮੇਂ ਤੋਂ ਜੁੜੇ ਇਸ ਦੇ ਸ਼ੁਭ ਚਿੰਤਕ, ਕਾਲਮ ਨਵੀਸ ਅਤੇ ਪਾਠਕ ਸਮੇਂ ਸਮੇਂ ਅਖਬਾਰ ਦੀ ਚੜ੍ਹਦੀ ਕਲਾ ਲਈ ਸ਼ੁਭ ਕਾਮਨਾਵਾਂ ਭੇਜਦੇ ਰਹਿੰਦੇ ਨੇ।
ਪੰਜਾਬ ਟਾਈਮਜ਼ ਨਾਲ 2010 ਤੋਂ ਜੁੜੇ ਲੇਖਕ ਤੇ ਸਾਡੇ ਅਜੀਜ਼ ਸ. ਇਕਬਾਲ ਸਿੰਘ ਜੱਬੋਵਾਲੀਆ ਨੇ 27ਵੇਂ ਵਰ੍ਹੇ `ਚ ਪੁੱਜੇ ਪੰਜਾਬ ਟਾਈਮਜ਼ ਦੇ ਬਾਨੀ ਸੰਪਾਦਕ ਸ. ਅਮੋਲਕ ਸਿੰਘ ਜੰਮੂ ਨਾਲ ਆਪਣੇ ਰਿਸ਼ਤੇ ਅਤੇ ਅਖਬਾਰ ਬਾਰੇ ਆਪਣੇ ਦਿਲ ਦੇ ਵਲਵਲੇ ਇਸ ਲੇਖ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ ਹਨ।
ਸ਼ਿਕਾਗੋ ਤੋਂ ‘ਪੰਜਾਬ ਟਾਈਮਜ਼’ ਅਖ਼ਬਾਰ ਦੇ ਬਾਨੀ ਸੰਪਾਦਕ ਸ. ਅਮੋਲਕ ਸਿੰਘ ਜੰਮੂ 20 ਅਪ੍ਰੈਲ 2021 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ‘ਪੰਜਾਬ ਟਾਈਮਜ਼’ ਅਖ਼ਬਾਰ ਨਿਰੰਤਰ ਛਪ ਰਿਹਾ ਹੈ। ਸੰਨ 2000 ਵਿੱਚ ਅਖ਼ਬਾਰ ਦੀ ਸ਼ੁਰੂਆਤ ਹੋਈ ਸੀ। ਜੰਮੂ ਸਾਹਿਬ ਨੇ ਧੜੱਲੇ ਨਾਲ ਵਿਦੇਸ਼ੀ ਧਰਤੀ ‘ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਉਹਨੇਂ ਹਮੇਸ਼ਾਂ ਸੱਚ ਲਿਖਿਆ, ਜਿਸ ਕਾਰਨ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਉਸ ਦਲੇਰ ਇਨਸਾਨ ਨੇ ਕਦੇ ਪ੍ਰਵਾਹ ਨਾ ਕੀਤੀ। ਕਦੇ ਪੈਸੇ ਦਾ ਲਾਲਚ ਨਾ ਕੀਤਾ। ਨਫ਼ਾ ਨੁਕਸਾਨ ਕਦੇ ਨਾ ਸੋਚਿਆ। ਹਮੇਸ਼ਾਂ ਸੱਚ ‘ਤੇ ਪਹਿਰਾ ਦਿਤਾ। ਸੱਚ ਲਿਖਣ ਦੀ ਜੁਅੱਰਤ ਰੱਖੀ। ਸੱਚ ਪਰੋਸ ਕੇ ਪਾਠਕਾਂ ਦੀ ਝੋਲੀ ਪਾਇਆ। ਉਸ ਦੇ ਸੱਜਣ ਸਾਥੀ ਵੀ ਚਟਾਨ ਵਾਂਗ ਨਾਲ ਖੜ੍ਹੇ ਰਹੇ।
ਪੰਜਾਬੀਆਂ ਦੀ ਹਰਮਨ ਪਿਆਰੀ ‘ਪੰਜਾਬ ਟਾਈਮਜ਼’ ਨੂੰ ਛੱਬੀ ਸਾਲ ਹੋ ਗਏ ਚਲਦਿਆਂ। ਜੰਮੂ ਸਾਹਿਬ ਇਸ ਦੁਨੀਆਂ ਤੋਂ ਤੁਰ ਤਾਂ ਭਾਵੇਂ ਗਏ ਹਨ ਪਰ ਉਨ੍ਹਾਂ ਦੀ ਇਨਕਲਾਬੀ ਸੋਚ ਦੀ ਪ੍ਰਤੀਕ ਇਹ ਅਖਬਾਰ ਨਿਰੰਤਰ ਚੱਲੀ ਜਾ ਰਹੀ ਹੈ। ਭੈਣ ਜਸਪ੍ਰੀਤ ਕੌਰ ਜੀ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇ ਰਹੇ ਹਨ। ਉਸ ਦੀ ਹਿੰਮਤ ਨੂੰ ਸਲਾਮ ਹੈ ਜਿਸ ਨੇ ਅਖ਼ਬਾਰ ਦੀਆਂ ਸੁਰਖੀਆਂ ਦਾ ਰੰਗ ਮੱਧਮ ਨਹੀਂ ਪੈਣ ਦਿਤਾ। ਉਹਦੇ ਬੁਲੰਦ ਹੌਸਲੇ ਨੂੰ ਦਾਦ ਹੈ। ਜਿਨ੍ਹਾਂ ‘ਤੇ ਉਹਨੂੰ ਆਸਾਂ ਸਨ ਉਹ ਸਮੇਂ ਨਾਲ ਬਦਲ ਗਏ, ਆਸਾਂ ਚਕਨਾਚੂਰ ਕਰ ਗਏ। ਵਕਤ ਮਿਲਦੇ ਹੀ ਡਗਮਗਾ ਗਏ।
ਤੇਰੇ ਸ਼ਹਿਰ ਵਿੱਚ ਕੁਝ ਲੋਕੀ ਐਸੇ ਮਿਲੇ
ਜੋ ਦਿਲ ਚੀਂ ਉਤਰ ਗਏ।
ਕੁਝ ਐਸੇ ਮਿਲੇ ਜੋ ਦਿਲ ਤੋਂ ਹੀ ਉਤਰ ਗਏ।
ਹੱਸ ਕੇ ਹੱਥ ਫ਼ੜਿਆ ਅਣਜਾਣਾਂ ਨੇ
ਆਪਣੇ ਖਾਸ ਤਾਂ ਪਾਸੇ ਸਰਕ ਗਏ।
ਭੈਣ ਜਸਪ੍ਰੀਤ ਇਕੱਲੀ ਸਵਾ ਲੱਖ ਸ਼ੀਹਣੀਂ ਵਾਂਗ ਬੇਪ੍ਰਵਾਹ ਅਡੋਲ ਖੜ੍ਹੀ ਹੈ। ਕਿਉਂਕਿ ਉਸਦੇ ਜੀਵਨ ਸਾਥੀ ਸ. ਅਮੋਲਕ ਸਿੰਘ ਜੰਮੂ ਨੇ ਉਸ ਨੂੰ ਇਨਕਲਾਬੀ ਰੰਗਤ ਚਾੜ੍ਹੀ ਹੋਈ ਹੈ। ਜਿਸ ਨਾਲ ਉਹ ਅਮੋਲਕ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਜੀਵਤ ਰੱਖ ਰਹੀ ਹੈ ਤੇ ਦਿਨ ਰਾਤ ਮਿਹਨਤ ਕਰ ਰਹੀ ਹੈ। ਦੁਨੀਆਂ ਦੀਆਂ ਬੇਹਤਰੀਨ ਅਖ਼ਬਾਰਾਂ ਦੇ ਬਰਾਬਰ ਅਖ਼ਬਾਰ ਕੱਢਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਸ ਨੇ ਅਖ਼ਬਾਰ ਨੂੰ ਕਦੇ ਖੜੋਤ ਨਹੀਂ ਆਉਣ ਦਿਤੀ। ‘ਪੰਜਾਬ ਟਾਈਮਜ਼’ ਨੂੰ ਪਿਆਰ ਕਰਨ ਵਾਲੇ ਸਾਰੇ ਹਿੱਕ ਡਾਹ ਕੇ ਉਹਦੇ ਨਾਲ ਖੜ੍ਹੇ ਹਨ। ਡਟੇ ਰਹਿਣਗੇ ਵੀ ਨਾਲ ਹੀ ਆਖਰੀ ਸਾਹਾਂ ਤੱਕ। ਮੈਨੂੰ ਕਈਆਂ ਨੇ ਕਿਹਾ, ‘ਇਕਬਾਲ ਸਿੰਹਾਂ, ਤੂੰ ਲਿਖ ਤਾਂ ਵਧੀਆ ਲੈਨਾਂ, ਅਖ਼ਬਾਰ ਕੱਢਣ ਲੱਗ ਪੈ।’ ਮੇਰਾ ਉਨ੍ਹਾਂ ਨੂੰ ਇਹੀ ਜਵਾਬ ਹੁੰਦਾ, ‘ਜਿੰਨਾ ਚਿਰ ‘ਪੰਜਾਬ ਟਾਈਮਜ਼’ ਚਲਦੀ ਹੈ, ਉਨਾ ਚਿਰ ਆਪਣੀ ਅਖ਼ਬਾਰ ਬਿਲਕੁਲ ਨਹੀਂ ਕੱਢਣੀਂ। ਮੈਂ ‘ਪੰਜਾਬ ਟਾਈਮਜ਼’ ਨਾਲ ਧੋਖਾ ਨਹੀਂ ਕਰ ਸਕਦਾ, ਕੋਈ ਹੋਰ ਕੰਮ ਕਰ ਲਵਾਂਗਾ, ਗਦਾਰੀ ਨਹੀਂ ਕਰ ਸਕਦਾ, ‘ਪੰਜਾਬ ਟਾਈਮਜ਼’ ਸਾਡਾ ਆਪਣਾ ਪਲੇਟ-ਫ਼ਾਰਮ ਹੈ।’ ਬੜੇ ਸੂਝਵਾਨ, ਬੁੱਧੀਜੀਵੀ, ਤਜਰਬੇਕਾਰ ਤੇ ਵਿਦਵਾਨ ਇਸ ਨਾਲ ਜੁੜੇ ਹੋਏ ਹਨ ਜੋ ਮਿਆਰੀ ਤੇ ਵਧੀਆ ਲੇਖਕ ਹਨ। ‘ਪੰਜਾਬ ਟਾਈਮਜ਼’ ਨਾਲ ਜੁੜੇ ਦੇਸ਼ ਵਿਦੇਸ਼ਾਂ ਵਿਚ ਬੈਠੇ ਪ੍ਰੇਮੀ ਵੈੱਬ-ਸਾਈਟ `ਤੇ ਇਸ ਨੂੰ ਬੜੀ ਰੀਝ ਨਾਲ ਪੜ੍ਹਦੇ ਹਨ।
ਬੜੇ ਕੋਸ਼ਿਸ਼ ਕਰਨਗੇ ਤੇ ਕਰਦੇ ਵੀ ਰਹਿਣਗੇ ਪਰ ਅਮੋਲਕ ਸਿੰਘ ਜੰਮੂ ਬਣਨਾ ਬੜਾ ਮੁਸ਼ਕਲ ਹੈ। ਸ਼ੌਕ ਪਾਲਣੇ ਬੜੇ ਮੁਸ਼ਕਲ ਨੇ। ਸ਼ੌਕ ਪਾਲਣੇ ਲਈ ਘਰ ਫ਼ੂਕ ਤਮਾਸ਼ਾ ਕਰਨਾ ਪੈਂਦਾ ਏ। ਘਰ ਬਰਬਾਦ ਕਰਨੇ ਪੈਂਦੇ ਨੇ। ਜਿਗਰੇ ਨਾਲ ਹੀ ਅਜਿਹੇ ਕੰਮ ਹੁੰਦੇ ਨੇ। ਜੋ ਅਮੋਲਕ ਸਿੰਘ ਜੰਮੂ ਨੇ ਕਰ ਵਿਖਾਇਆ ਹੈ।
2010 ‘ਚ ਮੈਂ ਇਸ ਅਖ਼ਬਾਰ ਨਾਲ ਜੁੜਿਆ ਸਾਂ। ਪੰਦਰਾਂ ਸਾਲ ਹੋ ਗਏ ਇਸ ਦਾ ਨਿੱਘ ਮਾਣਦੇ। ਇਸ ਅਖ਼ਬਾਰ ਨਾਲ ਜੁੜਨ ਦਾ ਸਬੱਬ ਅਸ਼ੋਕ ਭੌਰਾ ਰਾਹੀਂ ਬਣਿਆ ਸੀ। ਜੋ ਬੜੇ ਸਾਲਾਂ ਤੋਂ ‘ਪੰਜਾਬ ਟਾਈਮਜ਼’ ਨਾਲ ਜੁੜਿਆ ਆ ਰਿਹਾ ਹੈ। ਮੈਨੂੰ ਕਈ ਅਖ਼ਬਾਰਾਂ ਵਾਲਿਆਂ ਆਫ਼ਰਾਂ ਵੀ ਕੀਤੀਆਂ, ‘ਸਾਡੇ ਨਾਲ ਜੁੜ ਜਾ। ਪੈਸੇ ਵੀ ਦੇਵਾਂਗੇ।’ ਮੈਂ ਕਿਹਾ ਨਹੀਂ-‘ਜੇ ਸੌ-ਪੰਜਾਹ ਮੈਂ ਲੈ ਵੀ ਲੈਨਾਂ, ਕਿੰਨਾਂ ਕੁ ਅਮੀਰ ਬਣ ਜਾਵਾਂਗਾ।’ ਮੈਂ ਆਪਣੀ ਜ਼ਮੀਰ ਨਹੀਂ ਵੇਚਣੀ ਨਾ ਹੀ ਵੇਚਾਂਗਾ। ਅਮੋਲਕ ਸਿੰਘ ਨਾਲ ਜੁੜੇ ਹਾਂ, ਜੁੜੇ ਰਹਾਂਗੇ। ਉਹਦੀ ਮੌਤ ਤੋਂ ਬਾਅਦ ਵੀ ਨਾਲ ਹਾਂ। ਨਾਲ ਹੀ ਰਹਾਂਗੇ।
‘ਪੰਜਾਬ ਟਾਈਮਜ਼ ਨਾਈਟ’ ‘ਤੇ ਕਈ ਵਾਰ ਜਾ ਚੁੱਕਾ ਹਾਂ। ਇਸ ਅਖ਼ਬਾਰ ਨਾਲ ਜੁੜੇ ਸਾਰੇ ਕਾਲਮ-ਨਵੀਸ ਤੇ ਅਮੋਲਕ ਸਿੰਘ ਦੇ ਜਿਗਰੀ-ਯਾਰਾਂ ਨਾਲ ਮੇਲ ਹੁੰਦੇ ਹਨ। ਸਾਲ ਦੀ ਸਾਲ ਅਖ਼ਬਾਰ ਨਾਲ ਜੁੜੇ ਸੱਜਣ ਬੇਲੀ ਹਾਜ਼ਰੀ ਭਰਦੇ ਹਨ। ‘ਪੰਜਾਬ ਟਾਈਮਜ਼ ਨਾਈਟ’ ਨੇ ਮੇਲੇ ਦਾ ਰੂਪ ਧਾਰਨ ਕੀਤਾ ਹੋਇਐ। ਹਰ ਇਕ ਨੂੰ ਮਿਲ ਕੇ ਮਨ ਨੂੰ ਸਕੂਨ ਮਿਲਦੈ।
‘ਪੰਜਾਬ ਟਾਈਮਜ਼’ ‘ਚ ਛਪਣ ਕਰਕੇ ਪਾਠਕ ਪ੍ਰੇਮੀ ਮੇਰੇ ਖੇਡ ਲੇਖਾਂ ਨੂੰ ਪਸੰਦ ਕਰਦੇ ਹਨ। ਗੂੜ੍ਹੀ ਪਹਿਚਾਣ ਮੈਨੂੰ ਅੱਗੇ ਤੋਂ ਅੱਗੇ ਤੋਰੀ ਜਾ ਰਹੀ ਹੈ। ਵੱਡੇ ਮਿਆਰ ਵਾਲੀ ਅਖ਼ਬਾਰ ਹੈ। ਵੱਡੇ ਮਿਆਰ ਨੂੰ ਬਰਕਰਾਰ ਰੱਖਣ ਲਈ ਸੁਲਝੇ ਹੋਏ ਤੇ ਤਜਰਬੇਕਾਰ ਭੈਣ ਜਸਪ੍ਰੀਤ ਜੀ ਸਖਤ ਮਿਹਨਤ ਕਰ ਰਹੇ ਹਨ। ਮਹਾਨ ਸ਼ਖਸੀਅਤ ਸ. ਅਮੋਲਕ ਸਿੰਘ ਜੰਮੂ ਦਾ ਘਾਟਾ ਤਾਂ ਵੱਡਾ ਪਿਆ ਹੈ। ਉਹਦੀ ਇਕ ਸਿਫ਼ਤ ਸੀ ਕਿ ਉਹ ਪਹਿਲੀ ਮਿਲਣੀ ‘ਚ ਅਗਲੇ ਨੂੰ ਕੀਲ ਲੈਂਦਾ ਸੀ। ਕਹਿਣੀ ਤੇ ਕਰਨੀ ਦਾ ਪੂਰਾ। ਬੜਾ ਮੱਦਦਗਾਰ ਤੇ ਯਾਰੀ ਨਿਭਾਉਣ ਵਾਲਾ ਇਨਸਾਨ। ਉਹਨੇ ਹਰ ਇਕ ਦਾ ਭਲਾ ਸੋਚਿਆ। ਕਿਸੇ ਨੂੰ ਡੋਲਣ ਨਾ ਦਿੰਦਾ। ਉਹਦੀ ਚੰਗੀ ਸੋਚ ਤੇ ਉਚੇ-ਸੁੱਚੇ ਵਿਚਾਰ ਹਮੇਸ਼ਾਂ ਦਿਲਾਂ ‘ਚ ਵਸੇ ਰਹਿਣਗੇ। ਆਖਰ ਵਿੱਚ ਇਹੀ ਕਹਾਂਗਾ, ‘ਅਮੋਲਕ ਸਿੰਘ ਜੰਮੂ ਜਿੰLਦਾਬਾਦ, ਪੰਜਾਬ ਟਾਈਮਜ਼ ਜ਼ਿੰਦਾਬਾਦ…।’
‘ਸੱਜਣ ਦਲੇਰ ਦਿਲਾਂ ਵਿੱਚ ਵਸ ਜਾਂਦੇ ਨੇ।
ਦੁਖਾਂ ਤੇ ਮੁਸੀਬਤਾਂ ਨੂੰ ਜਰ ਹੱਸ ਜਾਂਦੇ ਨੇ।
ਯਾਰਾਂ ਦੀਆਂ ਯਾਰੀਆਂ ਨਿਭਾਓਂਣ ਵਾਲੇ ,
ਵਾਰਾਂ ਯੋਧਿਆਂ ਦੀਆਂ ਗਾਉਣ ਵਾਲੇ ‘ਇਕਬਾਲ ਸਿੰਹਾਂ’
ਦਿਲਾਂ ਵਿੱਚ ਵਸੇ ਤਾਂਹੀਓਂ ਸੱਜਣਾਂ ਦੇ ਰੋਮ ਰੋਮ ਵਿੱਚ ਧਸ ਜਾਂਦੇ ਨੇ।’
