ਚੰਡੀਗੜ੍ਹ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪਾਪਾਂ ਤੋਂ ਬਚਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਨੂੰ ਢਾਲ ਦੇ ਰੂਪ ‘ਚ ਇਸਤੇਮਾਲ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਗਾਇਬ ਹੋਏ ਸਰੂਪਾਂ ਦੇ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ‘ਤੇ ਪੂਰੀ ਸੰਗਤ ਨਾਰਾਜ਼ ਹੈ।
ਹੁਣ ਜਦੋਂ ਸਰਕਾਰ ਗਾਇਬ ਸਰੂਪਾਂ ਦੇ ਮਾਮਲੇ ‘ਚ ਕੇਸ ਦਰਜ ਕਰ ਕੇ ਇਸ ਦੀ ਜਾਂਚ ਕਰਵਾ ਰਹੀ ਹੈ ਤਾਂ ਇਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦੇ ਘਿਨਾਉਣੇ ਚਿਹਰੇ ਬੇਨਕਾਬ ਹੋ ਜਾਣਗੇ। ਇਸੇ ਕਾਰਨ ਐਸਜੀਪੀਸੀ ਇਸ ਪਾਪ ‘ਚ ਸ਼ਾਮਲ ਆਪਣੇ ਆਕਾਵਾਂ ਦੇ ਕਰੀਬੀ ਧਨਾਡਾਂ ਨੂੰ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਇਹ ਗੱਲ ਮੁੱਖ ਮੰਤਰੀ ਨੇ ਸੋਮਵਾਰ ਨੂੰ ਚੰਡੀਗੜ੍ਹ ‘ਚ ਪੱਤਰਕਾਰ ਸੰਮੇਲਨ ‘ਚ ਕਹੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਤੇ ਸਿੱਖ ਭਾਈਚਾਰਾ ਡੂੰਘੇ ਸਦਮੇ ‘ਚ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀ ਤੇ ਸੰਤ ਸਮਾਜ ਲੰਬੇ ਸਮੇਂ ਤੋਂ ਇਸ ਸਬੰਧ ‘ਚ ਕਾਰਵਾਈ ਦੀ ਮੰਗ ਕਰ ਰਹੇ ਹਨ ਤੇ ਇਸ ਮਕਸਦ ਨਾਲ ਸੂਬਾ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ।
ਸਰਕਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਦੇ ਤਹਿਤ ਇਸ ਸੰਬੰਧ ਵਿੱਚ ਐੱਫਆਈਆਰ ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ (ਐੱਸਆਈਟੀ) ਗਠਿਤ ਕੀਤੀ ਹੈ। ਐੱਸਜੀਪੀਸੀ ਭਾਵੇਂ ਲਾਪਤਾ ਸਰੂਪਾਂ ਨੂੰ ਲੱਭਣ ‘ਚ ਨਾਕਾਮ ਰਹੀ ਹੈ, ਪਰ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਏ।
ਮੁੱਖ ਮੰਤਰੀ ਨੇ ਕਿਹਾ ਕਿ ਐੱਫਆਈਆਰ ਦਰਜ ਹੁੰਦੇ ਹੀ ਆਪਣੇ ਆਕਾਵਾਂ ਦੇ ਨਿਰਦੇਸ਼ਾਂ ‘ਤੇ ਐੱਸਜੀਪੀਸੀ ਨੇ ਸਰਕਾਰ ‘ਤੇ ਧਾਰਮਿਕ ਮਾਮਲਿਆਂ ‘ਚ ਦਖ਼ਲ ਦਾ ਦੋਸ਼ ਲਗਾਉਂਦੇ ਹੋਏ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਐੱਸ.ਜੀ.ਪੀ.ਸੀ. ਦੀ ਅੰਤ੍ਰਿਮ ਕਮੇਟੀ ਨੇ ਸਾਲ 2020 ‘ਚ ਆਪਣੀ ਬੈਠਕ ‘ਚ ਇਸ ਮਾਮਲੇ ‘ਚ ਦੋਸ਼ੀ ਮੁਲਾਜ਼ਮਾਂ ਤੇ ਪ੍ਰਕਾਸ਼ਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ, ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਵਰਗੇ ਧਨਾਢਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਕਰਨ, ਐੱਸਐੱਸ ਕੋਹਲੀ ਐਡ ਐਸੋਸੀਏਟਸ (ਚਾਰਟਰਡ ਅਕਾਊਂਟੈਂਟ ਫਰਮ) ਦੀਆਂ ਸਾਰੀਆਂ ਸੇਵਾਵਾਂ ਖ਼ਤਮ ਕਰਨ ਦਾ ਮਤਾ ਪਾਸ ਕੀਤਾ ਸੀ। ਕੋਹਲੀ ਦੀ ਫਰਮ ਸੁਖਬੀਰ ਸਿੰਘ ਬਾਦਲ ਦੇ ਸੀ.ਏ ਦੇ ਰੂਪ ‘ਚ ਵੀ ਸੇਵਾਵਾਂ ਦੇ ਰਹੀ ਸੀ, ਇਸ ਲਈ ਕਾਰਵਾਈ ਅੱਜ ਤੱਕ ਪੈਂਡਿੰਗ ਹੈ।
ਉਨ੍ਹਾਂ ਕਿਹਾ ਕਿ ਐੱਸਜੀਪੀਸੀ ਨੇ ਖ਼ੁਦ ਦੋਸ਼ੀਆਂ ਖ਼ਿਲਾਫ਼ ਅਪਰਾਧਕ ਕਾਰਵਾਈ ਲਈ ਮਤਾ ਪਾਸ ਕ ਕੀਤਾ ਹੈ ਤੇ ਇਸ ‘ਤੇ ਕਾਰਵਾਈ ਕਰਨਾ ਸੂਬਾ ਸਰਕਾਰ ਦਾ ਅਧਿਕਾਰ ਹੈ। ਹੁਣ ਸੂਬਾ ਸਰਕਾਰ ਇਨ੍ਹਾਂ ਸਰੂਪਾਂ ਦੀ ਬਰਾਮਦਗੀ ਲ ਯਕੀਨੀ ਬਣਾਉਣਾ ਚਾਹੁੰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਜਾਂ ਹੋਰ ਘਿਨਾਉਣਾ ਅਪਰਾਧ ਨਾ ਹੋਵੇ, ਤਾਂ ਇਹ ਲੋਕ ਇਸ ਨੂੰ ਧਾਰਮਿਕ ਰੰਗ ਦੇ ਰਹੇ ਹਨ।
