ਨਵੀਂ ਦਿੱਲੀ:ਉੱਨਾਵ ਜਬਰ- ਜਨਾਹ ਕਾਂਡ ‘ਚ ਦੋਸ਼ੀ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਫ਼ਿਲਹਾਲ ਜੇਲ੍ਹ ‘ਚ ਹੀ ਰਹੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੇਂਗਰ ਦੀ ਸਜ਼ਾ ਮੁਅੱਤਲ ਕਰ ਕੇ ਉਸ ਨੂੰ ਜ਼ਮਾਨਤ ਦੇਣ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ ‘ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ।
ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਸੇਂਗਰ ਰਿਹਾਅ ਨਹੀਂ ਕੀਤਾ ਜਾਏਗਾ। ਇਸ ਨਾਲ ਹੀ ਕੋਰਟ ਨੇ ਸੀਬੀਆਈ ਦੀ ਪਟੀਸ਼ਨ ‘ਤੇ ਸੇਂਗਰ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਨੂੰ 20 ਜਨਵਰੀ ਨੂੰ ਮੁੜ ਸੁਣਵਾਈ ‘ਤੇ ਲਗਾਉਣ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੇਕੇ ਮਹੇਸ਼ਵਰੀ ਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕੁਲਦੀਪ ਸੇਂਗਰ ਦੀ ਸਜ਼ਾ ਮੁਅੱਤਲ ਕਰ ਕੇ ਉਸ ਨੂੰ ਜ਼ਮਾਨਤ ਦੇਣ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਜਾਰੀ ਕੀਤੇ। ਸੁਣਵਾਈ ਦੌਰਾਨ ਫ਼ੈਸਲਾ ਸੁਣਾਉਣ ਵਾਲੇ ਹਾਈ ਕੋਰਟ ਦੇ ਜੱਜਾਂ ਦੀ ਆਲੋਚਨਾ ਦਾ ਮੁੱਦਾ ਵੀ ਉੱਠਿਆ, ਜਿਸ ‘ਤੇ ਬੈਂਚ ਨੇ ਕਿਹਾ ਕਿ ਸਾਡੇ ਜੱਜ ਸਰਬੋਤਮ ਹਨ। ਕੋਰਟ ਨੇ ਆਲੋਚਨਾ ਦੀ ਨਿੰਦਾ ਕੀਤੀ। ਹਾਲਾਂਕਿ, ਸੀਜੇਆਈ ਨੇ ਕਿਹਾ ਕਿ ਜੱਜ ਤੋਂ ਵੀ ਗ਼ਲਤੀ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਉੱਨਾਵ ‘ਚ 2017 ‘ਚ ਨਾਬਾਲਗ ਨਾਲ ਜਬਰ-ਜਨਾਹ ਦੇ ਜੁਰਮ ‘ਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ 23 ਦਸੰਬਰ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
