5 ਸਾਲਾਂ `ਚ ਅਮਰੀਕਾ ਤੋਂ ਜ਼ਿਆਦਾ ਭਾਰਤੀ ਸਾਊਦੀ ਅਰਬ ਨੇ ਵਾਪਸ ਭੇਜੇ

ਚੰਡੀਗੜ੍ਹ:ਇਹ ਆਮ ਪ੍ਰਭਾਵ ਹੈ ਕਿ ਪਿਛਲੇ ਸਾਲਾਂ ਵਿਚ ਅਮਰੀਕਾ ਤੋਂ ਸਭ ਤੋਂ ਵੱਧ ਭਾਰਤੀ ਵਾਪਸ ਭੇਜੇ (ਡਿਪੋਰਟ) ਗਏ ਹਨ। ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਰਾਜ ਸਭਾ ਵਿਚ ਦਸੰਬਰ 2025 ਨੂੰ ਪੇਸ਼ ਕੀਤੇ ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2021 2025 ਤਕ ਵੱਖ-ਵੱਖ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜੇ ਜਾਣ ਦੇ ਮਾਮਲੇ ‘ਚ ਸਾਊਦੀ ਅਰਬ ਸਭ ਤੋਂ ਅੱਗੇ ਹੈ।

ਇਨ੍ਹਾਂ ਪੰਜ ਸਾਲਾਂ ਵਿਚ ਸਾਊਦੀ ਅਰਬ ਤੋਂ ਕੁੱਲ 50 ਹਜ਼ਾਰ ਦੇ ਕਰੀਬ ਭਾਰਤੀ ਵਾਪਸ ਭੇਜੇ ਗਏ ਹਨ। ਇਹ ਅੰਕੜੇ ਰਿਆਦ ਅਤੇ ਜੇਦਾ ਦੇ ਭਾਰਤੀ ਮਿਸ਼ਨਾਂ ਵਲੋਂ ਐਮਰਜੈਂਸੀ ਸਰਟੀਫਿਕੇਟ ਅਤੇ ਨੈਸ਼ਨੈਲਿਟੀ ਵੈਰੀਫਿਕੇਸ਼ਨ ਦੇ ਆਧਾਰ ‘ਤੇ ਹਮਣੇ ਆਏ ਹਨ, ਜਦੋਂ ਕਿ ਅਮਰੀਕਾ ਤੋਂ ਇਨ੍ਹਾਂ ਨ੍ਹਾਂ 5 ਸਾਲਾਂ ਵਿਚ ਕਰੀਬ 7800 ਵਿਅਕਤੀ ਹੀ ਭਾਰਤ ਵਾਪਸ ਭੇਜੇ ਗਏ ਹਨ। ਇਸ ਮਾਮਲੇ ‘ਚ ਤੀਜਾ ਸਥਾਨ ਯੂ.ਏ.ਈ. ਦਾ ਹੈ, ਜਿਥੋਂ ਕਰੀਬ 4 ਹਜ਼ਾਰ ਭਾਰਤੀ ਵਾਪਸ ਭੇਜੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਊਦੀ ! ਅਰਬ ਤੋਂ ਸਾਲ 2021 ਵਿਚ 8 ਹਜ਼ਾਰ 1887, ਸਾਲ 2022 ਵਿੱਚ 10 ਹਜ਼ਾਰ 277,ਸਿਰਫ਼ 2025 ‘ਚ 24,600 ਤੋਂ ਵੱਧ ਭਾਰਤੀ ਭੇਜੇ ਵਾਪਸ ਭੇਜੇ ਗਏ। ਸਾਲ 2023 ਵਿਚ 11 ਹਜ਼ਾਰ 486, ਸਾਲ। 2024 ਵਿਚ 9 ਹਜ਼ਾਰ 206 ਅਤੇ ਸਾਲ 2025 ਵਿਚ ਰਿਆਦ ਤੋਂ 7 ਹਜ਼ਾਰ 019 ਅਤੇ ਜੇਦਾ ਤੋਂ 3 ਹਜ਼ਾਰ 865 ਵਿਅਕਤੀ ਵਾਪਸ ਭੇਜੇ ਗਏ ਹਨ, ਜੋ ਕਰੀਬ 50 ਹਜ਼ਾਰ ਬਣਦੇ ਹਨ। ਜਦੋਂ ਕਿ ਇਸ ਦੇ ਮੁਕਾਬਲੇ ਅਮਰੀਕਾ ਤੋਂ ਪੰਜ ਸਾਲਾਂ ਵਿਚ ਵਾਪਸ ਭੇਜੇ ਕੁੱਲ ਵਾਪਸ ਭੇਜੇ ਗਏ ਭਾਰਤੀਆਂ ਦੀ ਗਿਣਤੀ 7 ਹਜ਼ਾਰ 66 ਤੋਂ 7 ਹਜ਼ਾਰ 824 ਦੱਸੀ ਗਈ ਹੈ। ਇਹਨਾਂ ਵਿਚ ਟਰੰਪ ਪ੍ਰਸ਼ਾਸਨ ਵਲੋਂ ਅਪਣਾਈਆਂ ਸਖ਼ਤ ਨੀਤੀਆਂ ਕਾਰਨ ਵਾਪਸ ਭੇਜੇ ਗਏ ਭਾਰਤੀ ਵੀ ਸ਼ਾਮਿਲ ਹਨ। ਰਾਜ ਸਭਾ ਵਿਚ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸਿਰਫ਼ ਸਾਲ 2025 ਵਿਚ ਹੀ ਵਿਸ਼ਵ ਪੱਧਰ ‘ਤੇ ਕੁੱਲ 81 ਦੇਸ਼ਾਂ ਤੋਂ 24,600 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ, ਜਿਨ੍ਹਾਂ ਵਿਚੋ ਖਾੜੀ ਸਹਿਯੋਗ ਪ੍ਰੀਸ਼ਦ (ਜੀ.ਸੀ.ਸੀ.) ਦੇ ਦੇਸ਼ਾਂ ਨੇ ਵੱਡਾ ਹਿੱਸਾ ਪਾਇਆ ਹੈ। ਜੀ.ਸੀ.ਸੀ. ਦੇਸ਼ਾਂ ‘ਚੋਂ ਸਾਊਦੀ ਅਰਬ ਤੋਂ ਇਲਾਵਾ ਯੂ.ਏ.ਈ. ਤੋਂ 1,469, ਬਹਿਰੀਨ ਤੋਂ 764 ਅਤੇ ਓਮਾਨ ਤੋਂ 16 ਵਿਅਕਤੀ ਵਾਪਸ ਭੇਜੇ ਗਏ ਹਨ। ਵਰਣਨਯੋਗ ਹੈ ਕਿ ਯੂ. ਏ. ਈ. ਵਿਚੋਂ ਇਨ੍ਹਾਂ 5 ਸਾਲਾਂ ਵਿਚ ਕੁੱਲ 3979 ਵਿਅਕਤੀ ਵਾਪਸ ਭੇਜੇ ਗਏ ਹਨ। ਇਸ ਤੋਂ ਇਲਾਵਾ 2025 ‘ਚ ਮਿਆਂਮਾਰ ਤੋਂ 1,591, ਮਲੇਸ਼ੀਆ ਤੋਂ 1,485, ਬਹਿਰੀਨ ਤੋਂ 764 ਵਿਅਕਤੀ ਵੀ ਵਾਪਸ ਭੇਜੇ ਗਏ ਹਨ।
ਇਸ ਸਥਿਤੀ ਤੋਂ ਬਚਣ ਲਈ ਭਾਰਤ ਅਤੇ ਰਾਜ ਸਰਕਾਰਾਂ ਜਿਨ੍ਹਾਂ ਵਿਚ ਪੰਜਾਬ ਵੀ ਸ਼ਾਮਿਲ ਹੈ, ਨੇ ਫ਼ਰਜ਼ੀ ਏਜੰਟਾਂ ਵਿਰੁੱਧ ਕਾਰਵਾਈ ਤੇਜ਼ ਕੀਤੀ ਹੈ ਅਤੇ ਵਿਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਲਈ ਭਾਰਤੀ ਅੰਬੈਸੀਆਂ ਵੀ ਕਾਫੀ ਮਿਹਨਤ ਕਰ ਰਹੀਆਂ ਹਨ । ਬਾਹਰ ਜਾਣ ਵਾਲੇ ਕਾਮਿਆਂ ਨੂੰ ਇਹ ਹਦਾਇਤ ਦਿੱਤੀ ਜਾ ਰਹੀ ਹੈ ਕਿ ਵਿਦੇਸ਼ ਜਾਣ ਵਾਲੇ ਵਰਕਰ ਸਥਾਨਕ ਦੇਸ਼ਾਂ (ਜਿਸ ਦੇਸ਼ ਵਿਚ ਉਹ ਜਾ ਰਹੇ ਹਨ) ਦੇ ਕਾਨੂੰਨਾਂ ਦੀ ਪੂਰੀ ਜਾਣਕਾਰੀ ਅਤੇ ਜਾਇਜ਼ ਵੀਜ਼ਾ ਵੀ ਜ਼ਰੂਰ ਰੱਖਣ।
ਅਮਰੀਕਾ ਤੋਂ ਉਤਰ ਪੱਛਮੀ ਭਾਰਤ ਅਤੇ ਅਰਬ ਦੇਸ਼ਾਂ ਤੋਂ ਦੱਖਣੀ ਭਾਰਤ ਦੇ ਲੋਕ ਜ਼ਿਆਦਾ ਵਾਪਸ ਭੇਜੇ
ਗੌਰਤਲਬ ਹੈ ਕਿ ਅਮਰੀਕਾ ਤੋਂ ਵਾਪਸ ਭੇਜੇ ਗਏ ਲੋਕਾਂ ਵਿਚ ਜ਼ਿਆਦਾਤਰ ਉੱਤਰੀ ਅਤੇ ਪੱਛਮੀ ਭਾਰਤ ਦੇ ਲੋਕ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਪੰਜਾਬ, ਹਰਿਆਣਾ, ਗੁਜਰਾਤ ਅਤੇ ਮਹਾਰਾਸ਼ਟਰ ਦੇ ਲੋਕਾਂ ਦੀ ਹੈ, ਇਹ ਗਿਣਤੀ ਅਮਰੀਕਾ ਤੋਂ ਵਾਪਸ ਭੇਜੇ ਕੁੱਲ ਭਾਰਤੀਆਂ ਦਾ 90 ਫ਼ੀਸਦੀ ਦੇ ਕਰੀਬ ਬਣਦੀ ਹੈ, ਜਦੋਂ ਕਿ ਖਾੜੀ ਦੇਸ਼ਾਂ ਤੋਂ ਵਾਪਸ ਭੇਜੇ ਗਏ ਜ਼ਿਆਦਾਤਰ ਲੋਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ, ਤਾਮਿਲਨਾਡੂ ਦੇ ਹਨ, ਪਰ ਇਨ੍ਹਾਂ ਵਿਚ ਕਾਫੀ ਵੱਡੀ ਗਿਣਤੀ ਉੱਤਰੀ ਭਾਰਤੀ ਰਾਜਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿਅਕਤੀਆਂ ਦੀ ਵੀ ਹੈ।
ਭਾਰਤੀਆਂ ਨੂੰ ਵਾਪਸ
ਭੇਜਣ ਦੇ ਮੁੱਖ ਕਾਰਨ
ਭਾਰਤੀਆਂ ਨੂੰ ਵਾਪਸ ਭੇਜਣ ਦੇ ਮੁੱਖ ਕਾਰਨਾਂ ਵਿਚ ਵੀਜ਼ਾ ਓਵਰਸਟੇਅ (ਵੀਜ਼ੇ ਦੀ ਮਿਆਦ ਖ਼ਤਮ ਹੋਣ ਦੇ ਬਾਅਦ ਰੁਕਣਾ), ਬਿਨਾਂ ਜਾਇਜ਼ ਵਰਕ ਪਰਮਿਟ ਦੇ ਕੰਮ ਕਰਨਾ, ਦੇਸ਼ ਦੇ ਕਾਨੂੰਨਾਂ ਨੂੰ ਤੋੜਨਾ ਅਤੇ ਕਿਸੇ ਜੁਰਮ ਵਿਚ ਸ਼ਾਮਿਲ ਹੋਣਾ, ਮਜ਼ਦੂਰੀ ਦੇ ਕਾਨੂੰਨਾਂ ਅਤੇ ਕੰਮ ਕਰਨ ਦੇ ਘੰਟਿਆਂ ਦੀ ਹੱਦ ਦੀ ਉਲੰਘਣਾ, ਨੌਕਰੀ ਦੇਣ ਵਾਲੇ ਨੂੰ ਛੱਡ ਦੇਣਾ, ਫ਼ਰਜ਼ੀ ਏਜੰਟਾਂ ਵਲੋਂ ਧੋਖੇ ਨਾਲ ਭੇਜੇ ਲੋਕ, ਖਾੜੀ ਦੇਸ਼ਾਂ ਵਿਚ ਮਜ਼ਦੂਰਾਂ ਨਾਲ ਜੁੜੇ ਮਾਮਲੇ ਅਤੇ ਅਮਰੀਕਾ ਵਿਚ ਅਮਰੀਕੀ ਇੰਮੀਗ੍ਰੇਸ਼ਨ ਨੀਤੀਆਂ ਤੋਂ ਇਲਾਵਾ ਗੈਰ-ਕਾਨੂੰਨੀ ਤਰੀਕਿਆਂ ਜਿਵੇਂ ਚੌਂਕੀ ਆਦਿ ਨਾਲ ਦਾਖ਼ਲ ਹੋਣਾ ਸ਼ਾਮਿਲ ਹਨ।