ਬੂਟਾ ਸਿੰਘ ਮਹਿਮੂਦੁਪਰ
ਭਾਰਤ ਵਿਚ ਇਕੱਲੇ ਮੁਸਲਮਾਨ ਹੀ ਨਹੀਂ ਸਗੋਂ ਈਸਾਈ ਭਾਈਚਾਰਾ ਵੀ ਬਹੁਗਿਣਤੀਵਾਦੀ ਹਮਲਿਆਂ ਦੀ ਮਾਰ ਝੱਲ ਰਿਹਾ ਹੈ। ਹਾਲ ਹੀ ਵਿਚ ਕ੍ਰਿਸਮਸ ਦੇ ਤਿਓਹਾਰ ਮੌਕੇ ਵੱਖ-ਵੱਖ ਥਾਵਾਂ ’ਤੇ ਈਸਾਈ ਵਿਰੋਧੀ ਹਿੰਸਾ ਦੀਆਂ ਬੇਹੱਦ ਚਿੰਤਾਜਨਤਕ ਘਟਨਾਵਾਂ ਵਾਪਰੀਆਂ ਹਨ। ਅਜਿਹੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਸਿਵਲ ਸੁਸਾਇਟੀ ਦੇ ਗੰਭੀਰ ਦਖ਼ਲ ਦੀ ਮੰਗ ਕਰਦਾ ਹੈ। ਇਸ ਵਰਤਾਰੇ ਦੇ ਕੁਝ ਮੁੱਖ ਰੂਪਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। – ਸੰਪਾਦਕ॥
ਪਿਛਲੇ ਦਿਨੀਂ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਦੂਤਵੀ ਗਰੁੱਪਾਂ ਵੱਲੋਂ ਕ੍ਰਿਸਮਸ ਤੋਂ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਬਣਾ ਕੇ ਈਸਾਈ ਅਕੀਦੇ ਵਾਲੇ ਲੋਕਾਂ ਨੂੰ ਆਪਣਾ ਪ੍ਰਮੁੱਖ ਧਾਰਮਿਕ ਤਿਓਹਾਰ ਮਨਾਉਣ ਤੋਂ ਰੋਕਣ, ਕ੍ਰਿਸਮਸ ਦੀਆਂ ਪ੍ਰਾਰਥਨਾਵਾਂ ਵਿਚ ਹੜਦੁੰਗ ਮਚਾਉਣ, ਗਿਰਜਾਘਰਾਂ ਵਿਚ ਭੰਨਤੋੜ ਕਰਨ, ਸ਼ਰਧਾਲੂਆਂ ਨੂੰ ਡਰਾਉਣ-ਧਮਕਾਉਣ ਅਤੇ ‘ਜ਼ਬਰਦਸਤੀ ਧਰਮ-ਬਦਲੀ’ ਰੋਕਣ ਦੇ ਨਾਂ ’ਤੇ ਧਮਕੀਆਂ ਦੇਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ, ਕ੍ਰਿਸਮਸ ਦੇ ਦਿਨ ਵੀ ਕਈ ਕੁਝ ਵਾਪਰਿਆ ਹੈ। ਜਿਸ ਮੁਲਕ ਵਿਚ ਆਦਿਵਾਸੀ ਇਲਾਕਿਆਂ ਅੰਦਰ ਨਿਰਸਵਾਰਥ ਇਲਾਜ ਸੇਵਾਵਾਂ ਦੇਣ ਵਾਲੇ ਈਸਾਈ ਪਾਦਰੀ ਗ੍ਰਾਹਮ ਸਟੇਨਜ਼ ਨੂੰ ਉਸਦੇ ਦੋ ਬੱਚਿਆਂ ਸਮੇਤ ਹਿੰਦੂਤਵੀ ਮੁਜਰਿਮਾਂ ਵੱਲੋਂ ਬੇਹੱਦ ਕਰੂਰਤਾ ਨਾਲ ਜਿਉਂਦੇ ਸਾੜ ਦਿੱਤਾ ਗਿਆ ਅਤੇ ਉਨ੍ਹਾਂ ਇਲਾਕਿਆਂ ਨੂੰ ਧਰਮ-ਬਦਲੀ ਰੋਕਣ ਦੇ ਨਾਂ ਹੇਠ ਫਿਰਕੂ ਅੱਗ ਵਿਚ ਝੋਕ ਦਿੱਤਾ ਗਿਆ, ਉੱਥੇ ਮੁਸਲਮਾਨ, ਈਸਾਈ ਤੇ ਹੋਰ ਘੱਟ-ਗਿਣਤੀਆਂ ਵਿਰੁੱਧ ਬਹੁਗਿਣਤੀਵਾਦੀ ਫਿਰਕੂ ਧੌਂਸ ਨਵੀਂ ਗੱਲ ਨਹੀਂ ਹੈ। ਪਰ ਗੰਭੀਰਤਾ ਨਾਲ ਧਿਆਨ ਦੇਣ ਵਾਲਾ ਪੱਖ ਇਹ ਹੈ ਕਿ ਪਿਛਲੇ ਇਕ ਦਹਾਕੇ ਤੋਂ ਭਗਵਾ ਹਕੂਮਤ ਦੀ ਰਾਜਕੀ ਤੇ ਰਾਜਨੀਤਕ ਪੁਸ਼ਤ-ਪਨਾਹੀ ਨਾਲ ਅਜਿਹੀਆਂ ਦਹਿਸ਼ਤਪਾਊ ਕਾਰਵਾਈਆਂ ਹੌਲੀ-ਹੌਲੀ ਆਮ ਬਣਾ ਦਿੱਤੀਆਂ ਗਈਆਂ ਹਨ। ਹਰ ਸਾਲ ਹੀ ਕ੍ਰਿਸਮਸ ਦੇ ਦਿਨੀਂ ਈਸਾਈਆਂ ਉੱਪਰ ਹਮਲਿਆਂ ਵਿਚ ਖ਼ਾਸ ਤੇਜ਼ੀ ਆਉਂਦੀ ਹੈ ਅਤੇ ਇਨ੍ਹਾਂ ਘਟਨਾਵਾਂ ਵਿਚ ਇਕ ਸਾਂਝਾ ਪੈਟਰਨ ਦੇਖਿਆ ਜਾ ਸਕਦਾ ਹੈ।
ਮੱਧ ਪ੍ਰਦੇਸ਼ ਅਤੇ ਉੜੀਸਾ ਤੋਂ ਕ੍ਰਿਸਮਸ ਦੀਆਂ ਟੋਪੀਆਂ ਵੇਚਣ ਵਾਲਿਆਂ ਨੂੰ ਟੋਪੀਆਂ ਵੇਚਣ ਤੋਂ ਰੋਕਣ ਦੀਆਂ ਰਿਪੋਰਟਾਂ ਹਨ। ਨਿਊਜ਼ਐਕਸ ਵਰਲਡ, ਦੇਸ਼ਅਭਿਮਾਨੀ, ਇੰਡੀਅਨ ਐਕਸਪ੍ਰੈੱਸ ਅਤੇ ਇੰਡੀਆ ਟੁਡੇ ਆਦਿ ਨੇ ਬਹੁਤ ਸਾਰੀਆਂ ਰਿਪੋਰਟਾਂ ਛਾਪੀਆਂ ਹਨ। ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫ਼ੀ ਵਾਇਰਲ ਹੋਈ ਹੈ ਜਿਸ ਵਿਚ ਫਿਰਕੂ ਧੌਂਸਬਾਜ਼ਾਂ ਦਾ ਇਕ ਗਰੁੱਪ ਟੋਪੀਆਂ ਵੇਚਣ ਵਾਲਿਆਂ ਨੂੰ ਸੜਕ ਉੱਪਰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਕਿ ਉਹ ‘ਹਿੰਦੂ ਹੋ ਕੇ’ ਕ੍ਰਿਸਮਸ ਦੀਆਂ ਟੋਪੀਆਂ ਕਿਉਂ ਵੇਚ ਰਹੇ ਹਨ। ਦਿੱਲੀ ਦੇ ਲਾਜਪਤ ਨਗਰ ਵਿਚ ਔਰਤਾਂ ਨਾਲ ਅਤੇ ਇਸੇ ਤਰ੍ਹਾਂ ਰਾਜਸਥਾਨ ਵਿਚ ਬਜਰੰਗ ਦਲ ਦੇ ਕਾਰਕੁਨਾਂ ਵੱਲੋਂ ਉਨ੍ਹਾਂ ਲੋਕਾਂ ਨਾਲ ਬਦਤਮੀਜ਼ੀ ਦੀਆਂ ਰਿਪੋਰਟਾਂ ਹਨ ਜਿਨ੍ਹਾਂ ਨੇ ਕ੍ਰਿਸਮਸ ਦਾ ਵਿਸ਼ੇਸ਼ ਪਹਿਰਾਵਾ ਪਹਿਨਿਆ ਹੋਇਆ ਸੀ। ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਵਿਚ ਕ੍ਰਿਸਮਸ ਦੇ ਦਿਨ ਫਿਰਕੂ ਕੱਟੜਪੰਥੀ ਕਾਰਕੁਨ ਮੈਗਨੈਟੋ ਮਾਲ ਵਿਚ ਜਾ ਵੜੇ, ਜਿੱਥੇ ਉਨ੍ਹਾਂ ਨੇ ਕ੍ਰਿਸਮਸ ਦੀ ਸਜਾਵਟ ਤੋੜੀ ਅਤੇ ਲੋਕਾਂ ਤੋਂ ਉਨ੍ਹਾਂ ਦਾ ਧਰਮ ਤੇ ਜਾਤ ਪੁੱਛੀ—ਹਾਲਾਂਕਿ ਇਹ ਮਾਲ ਕਾਂਕੇਰ ਜ਼ਿਲ੍ਹੇ ਵਿਚ ਹੋਈ ਅਜਿਹੀ ਹਿੰਸਾ ਦੇ ਵਿਰੋਧ ਵਿਚ ਦਿੱਤੇ ਗਏ ਬੰਦ ਦੀ ਹਮਾਇਤ ਵਿਚ ਪਹਿਲਾਂ ਹੀ ਬੰਦ ਸੀ। ਵੀਡੀਓ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਭੀੜ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ, ਜਿਸ ਨਾਲ ਲੱਖਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਦੁਕਾਨਦਾਰਾਂ ਤੇ ਉੱਥੇ ਮੌਜੂਦ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਗਿਆ।
ਇਕਨਾਮਿਕ ਟਾਈਮਜ਼ ਅਤੇ ਹਿੰਦੂਤਵ ਵਾਚ ਦੀ ਰਿਪੋਰਟ ਦੱਸਦੀ ਹੈ ਕਿ ਅਸਾਮ ਦੇ ਨਲਬਾੜੀ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪਰਿਸ਼ਦ-ਬਜਰੰਗ ਦਲ ਦੇ ਮੈਂਬਰਾਂ ਨੇ ਕ੍ਰਿਸਮਸ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਉੱਪਰ ਛਾਪੇ ਮਾਰੇ, ਸਜਾਵਟ ਦਾ ਸਮਾਨ ਜ਼ਬਤ ਕਰ ਲਿਆ ਗਿਆ, ਆਰਜ਼ੀ ਸਟਾਲਾਂ ਦੀ ਭੰਨ-ਤੋੜ ਕੀਤੀ ਅਤੇ ਸੇਂਟ ਮੇਰੀਜ਼ ਸਕੂਲ ਵਿਚ ਕ੍ਰਿਸਮਸ ਦੀ ਸਜਾਵਟ ਨਸ਼ਟ ਕਰ ਦਿੱਤੀ ਅਤੇ ‘ਹਿੰਦੂ ਰਾਸ਼ਟਰ’ ਦਾ ਗੁਣਗਾਣ ਕਰਦੇ ਨਾਅਰੇ ਵੀ ਲਗਾਏ ਗਏ।
ਰਾਜਸਥਾਨ ਦੇ ਨਗੌਰ ਵਿਚ, ਫਿਰਕੂ ਕੱਟੜਪੰਥੀ ਕਾਰਕੁਨ ਇੱਕ ਸਕੂਲ ਦੇ ਕ੍ਰਿਸਮਸ ਸਮਾਰੋਹ ਵਿਚ ਜਾ ਘੁਸੇ, ਫਰਨੀਚਰ ਖਿਲਾਰ ਦਿੱਤਾ, ਸਜਾਵਟ ਤਬਾਹ ਕੀਤੀ ਅਤੇ ਕਥਿਤ ਧਾਰਮਿਕ ਧਰਮ-ਬਦਲੀ ਦੇ ਬਹਾਨੇ ਸਟਾਫ਼ ਦੀ ਕੁੱਟਮਾਰ ਕੀਤੀ। ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ, ਬਜਰੰਗ ਦਲ ਦੇ ਮੈਂਬਰਾਂ ਨੇ ਕ੍ਰਿਸਮਸ ਦੇ ਆਰੰਭ ਤੋਂ ਪਹਿਲਾਂ ਇੱਕ ਕੈਥੇਡਰਲ ਦੇ ਬਾਹਰ ਪ੍ਰਦਰਸ਼ਨ ਦੇ ਨਾਂ ਹੇਠ ਹੜਦੁੰਗ ਮਚਾਇਆ ਅਤੇ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਦੋਸ਼ ਲਗਾਉਂਦੇ ਹੋਏ ਆਯੋਜਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉੱਥੇ ਉਸੇ ਤਰ੍ਹਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਜਿਵੇਂ ਉਹ ਮੁਸਲਮਾਨਾਂ ਨੂੰ ਸਮੂਹਿਕ ਤੌਰ ’ਤੇ ਨਮਾਜ਼ ਪੜ੍ਹਨ ਤੋਂ ਰੋਕਣ ਲਈ ਕਰਦੇ ਹਨ। ਹਰਿਆਣਾ ਦੇ ਹਿਸਾਰ ਵਿਚ, ਬਜਰੰਗ ਦਲ ਨਾਲ ਜੁੜੇ ਵਿਅਕਤੀਆਂ ਵੱਲੋਂ ਇੱਕ ਸਮਾਗਮ ਦੌਰਾਨ ਗਿਰਜਾਘਰ ਦੇ ਬਿਲਕੁਲ ਸਾਹਮਣੇ ਹਿੰਦੂ ਰਸਮਾਂ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਨਾਲ ਡਰ ਦਾ ਮਾਹੌਲ ਬਣਿਆ, ਗਿਰਜਾਘਰ ਵਿਚ ਹਾਜ਼ਰੀ ਘਟ ਗਈ ਅਤੇ ਪ੍ਰਾਰਥਨਾ ਵਿਚ ਰੁਕਾਵਟ ਪਈ।
ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿਚ ਭਾਜਪਾ ਦੀ ਜ਼ਿਲ੍ਹਾ ਉਪ ਪ੍ਰਧਾਨ ਅੰਜੂ ਭਾਰਗਵ ‘ਹਿੰਦੂ ਰਕਸ਼ਾ ਦਲ’ ਦੇ ਮੈਂਬਰਾਂ ਸਮੇਤ ਹਵਾਬਾਗ਼ ਚਰਚ ਵਿਚ ਜਾ ਵੜੀ ਅਤੇ ਉੱਥੇ ਇਕ ਨੇਤਰਹੀਣ ਲੜਕੀ ਨਾਲ ਧੱਕਾ-ਮੁੱਕੀ ਤੇ ਧੌਂਸਬਾਜ਼ੀ ਕਰਦੀ ਦੇਖੀ ਗਈ ਕਿ ਉਹ ਲੜਕੀ ਕ੍ਰਿਸਮਸ ਸਮਾਗਮ ਵਿਚ ਕਿਉਂ ਆਈ ਹੈ। ਜਦਕਿ ਈਸਾਈ ਭਾਈਚਾਰੇ ਦੇ ਮੈਂਬਰਾਂ ਵੱਲੋਂ ਸਰਕਾਰੀ ਹੋਸਟਲ ਦੇ ਇਨ੍ਹਾਂ ਨੇਤਰਹੀਣ ਬੱਚਿਆਂ ਨੂੰ ਕ੍ਰਿਸਮਸ ਸੰਬੰਧੀ ਕਾਰਜਾਂ ਦੇ ਹਿੱਸੇ ਵਜੋਂ ਦੁਪਹਿਰ ਦੇ ਖਾਣੇ ਅਤੇ ਪ੍ਰਾਰਥਨਾ ਲਈ ਸੱਦਿਆ ਗਿਆ ਸੀ। ਉੱਥੇ ਧਰਮ-ਬਦਲੀ ਦਾ ਕੋਈ ਸਵਾਲ ਹੀ ਨਹੀਂ ਸੀ, ਇਸਦੀ ਪੁਸ਼ਟੀ ਉਨ੍ਹਾਂ ਬੱਚਿਆਂ ਨੇ ਵੀ ਕੀਤੀ ਹੈ।
ਯੂਪੀ ਸਰਕਾਰ ਨੇ ਈਸਾਈ ਅਕੀਦੇ ਵਾਲੇ ਲੋਕਾਂ ਨੂੰ ਕ੍ਰਿਸਮਸ ਮਨਾਉਣ ਤੋਂ ਰੋਕਣ ਲਈ ਪ੍ਰਸ਼ਾਸਨਿਕ ਤਰੀਕਾ ਅਪਣਾਇਆ। ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰਸ਼ਾਸਨ ਵੱਲੋਂ ਉਸ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ-ਦਿਨ ਮਨਾਏ ਜਾਣ ਦਾ ਹਵਾਲਾ ਦਿੰਦੇ ਹੋਏ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ। ਵਿਦਿਆਰਥੀਆਂ ਨੂੰ ਕ੍ਰਿਸਮਸ ਦੀ ਛੁੱਟੀ ਨਾ ਦੇਣ ਦੇ ਫ਼ੈਸਲੇ ਵਿਰੁੱਧ ਉੱਤਰ ਪ੍ਰਦੇਸ਼ ਵਿਚ ਵਿਆਪਕ ਵਿਰੋਧ-ਪ੍ਰਦਰਸ਼ਨ ਹੋਏ ਹਨ।
ਕੇਰਲਾ ਦੇ ਪਲਕਡ ਵਿਚ ਕ੍ਰਿਸਮਸ ਦੇ ਗੀਤ ਗਾ ਰਹੇ 10-15 ਸਾਲ ਦੇ ਬੱਚਿਆਂ ਦੀ ਟੋਲੀ ਉੱਪਰ ਹਮਲਾ ਕਰਕੇ ਉਨ੍ਹਾਂ ਦੇ ਸਾਜ਼ ਤੋੜ ਦਿੱਤੇ ਗਏ। ਅਖ਼ਬਾਰੀ ਰਿਪੋਰਟ ਅਨੁਸਾਰ ਇਸ ਸੰਬੰਧੀ ਆਰਐੱਸਐੱਸ ਦੇ ਇਕ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਬੇਸ਼ਰਮੀਂ ਦੀ ਹੱਦ ਇਹ ਹੈ ਕਿ ਹਿੰਦੂਤਵ ਪੱਖੀ ਤਾਕਤਾਂ ਵੱਲੋਂ ਗੀਤ ਗਾਉਣ ਵਾਲਿਆਂ ਨੂੰ ਨਵਾਜਬ ਦੱਸਣ ਦੀ ਬਿਆਨਬਾਜ਼ੀ ਕਰਕੇ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ। ਕੇਰਲਾ ਦੇ ਲੋਕਾਂ ਨੇ ਇਸਦਾ ਵਿਆਪਕ ਵਿਰੋਧ ਕੀਤਾ ਹੈ।
ਕੇਰਲਾ ਵਿਚ ਇਕ ਹੋਰ ਵਿਵਾਦ ਵੀ ਖੜ੍ਹਾ ਕੀਤਾ ਗਿਆ। ਉੱਥੋਂ ਦੇ ਡਾਕਖ਼ਾਨਿਆਂ ਵਿਚ 18 ਦਸੰਬਰ ਨੂੰ ਕ੍ਰਿਸਮਸ ਦੇ ਸਮਾਗਮ ਕੀਤੇ ਜਾਣੇ ਸਨ। ਆਰਐੱਸਐੱਸ ਦੀ ਟਰੇਡ ਯੂਨੀਅਨ ‘ਭਾਰਤੀਆ ਮਜ਼ਦੂਰ ਸੰਘ’ ਨਾਲ ਜੁੜੀ ਭਾਰਤੀਆ ਪੋਸਟਲ ਐਡਮਿਨਿਸਟ੍ਰੇਟਿਵ ਆਫ਼ਿਸਿਜ਼ ਇੰਪਲਾਈਜ਼ ਯੂਨੀਅਨ ਵੱਲੋਂ ਉਸ ਦਿਨ ਆਰਐੱਸਐੱਸ ਦੇ ‘ਸੋਇਮ ਸੇਵਕਾਂ’ ਵੱਲੋਂ ਗਾਇਆ ਜਾਣ ਵਾਲਾ ‘ਆਰਐੱਸਐੱਸ ਗਣਗੀਤਮ’ ਗਾਏ ਜਾਣ ਦੀ ਮੰਗ ਕੀਤੀ ਗਈ। ਮੁਲਾਜ਼ਮ ਇਹ ਗੀਤ ਗਾਉਣਾ ਨਹੀਂ ਚਾਹੁੰਦੇ ਸਨ। ਸੀਪੀਐੱਮ ਦੇ ਰਾਜ ਸਭਾ ਮੈਂਬਰ ਵੱਲੋਂ ਕੇਦਰੀ ਸੰਚਾਰ ਮੰਤਰੀ ਨੂੰ ਬਾਕਾਇਦਾ ਚਿੱਠੀ ਲਿਖਕੇ ਇਸ ਬਾਰੇ ਵਿਰੋਧ ਵੀ ਦਰਜ ਕਰਾਇਆ ਗਿਆ। ਆਖਿæਰਕਾਰ ਡਾਕ ਮਹਿਕਮੇ ਵੱਲੋਂ ਸਮਾਗਮ ਹੀ ਰੱਦ ਕਰ ਦਿੱਤੇ ਗਏ। ਸੰਘੀਆਂ ਦਾ ਆਦੇਸ਼ ਨਾ ਮੰਨਣ ਦਾ ਸਜ਼ਾ!
ਇਹ ਗ਼ੌਰਤਲਬ ਹੈ ਕਿ ਜਿੱਥੇ-ਜਿੱਥੇ ਇਹ ਵਾਪਰ ਰਿਹਾ ਹੈ ਉੱਥੇ ਭਾਜਪਾ ਦਾ ਰਾਜ ਹੈ। ਪਰ ਜਿਵੇਂ ਕੇਰਲਾ ਦੀ ਉਪਰੋਕਤ ਰਿਪੋਰਟ ਦੱਸਦੀ ਹੈ ਕਿ ਖੱਬੇਪੱਖੀ ਸਰਕਾਰ ਵੀ ਹਿੰਦੂਤਵੀ ਗਰੁੱਪਾਂ ਦੀ ਫਿਰਕੂ ਧੌਂਸ ਨੂੰ ਰੋਕਣ ਤੋਂ ਅਸਮਰੱਥ ਹੈ। ਬਹੁਤ ਸਾਰੇ ਭਾਜਪਾ ਦੀ ਸਰਕਾਰ ਵਾਲੇ ਰਾਜਾਂ ਨੇ ਧਰਮ-ਬਦਲੀ ਵਿਰੋਧੀ ਵਿਸ਼ੇਸ਼ ਕਾਨੂੰਨ ਵੀ ਬਣਾਏ ਹੋਏ ਹਨ। ਕਹਿਣ ਦੀ ਜ਼ਰੂਰਤ ਨਹੀਂ ਕਿ ਇਹ ਕਾਨੂੰਨ ਪੂਰੀ ਤਰ੍ਹਾਂ ਬੇਤੁਕੇ ਹਨ। ਇਹ ਬਹੁਗਿਣਤੀਵਾਦੀ ਅਨਸਰਾਂ ਅਤੇ ਉਨ੍ਹਾਂ ਦੇ ਇਸ਼ਾਰਿਆਂ ਮੁਤਾਬਿਕ ਕੰਮ ਕਰ ਰਹੀ ਪੁਲਿਸ ਦੇ ਹੱਥ ਵਿਚ ਧਾਰਮਿਕ ਘੱਟਗਿਣਤੀਆਂ ਨਾਲ ਸੰਬੰਧਤ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਦੇਣ ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਸੰਦ ਹਨ। ਗੱਲ ਹਿੰਦੂਤਵ ਗਰੁੱਪਾਂ ਦੇ ਕਥਿਤ ਲਵ-ਜਹਾਦ ਦੇ ਬਹਾਨੇ ਮੁਸਲਮਾਨਾਂ ਵਿਰੁੱਧ ਹਮਲਿਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਈਸਾਈ ਫਿਰਕੇ ਵਿਰੁੱਧ ਵੀ ਇਹ ਦੋਸ਼ ਖੋਜ ਲਿਆ ਹੈ ਕਿ ਧਾਰਮਿਕ ਤਿਉਹਾਰ ਮਨਾਉਣ ਦੇ ਪਰਦੇ ਹੇਠ ‘ਜ਼ਬਰਦਸਤੀ ਧਰਮ ਬਦਲੀ’ ਕੀਤੀ ਜਾਂਦੀ ਹੈ। ਹਮੇਸ਼ਾ ਹੀ ਇਹ ਝੂਠਾ ਦੋਸ਼ ਲਾ ਕੇ ਈਸਾਈ ਸਮਾਗਮਾਂ ਤੇ ਪ੍ਰਾਰਥਨਾ ਇਕੱਠਾਂ ਵਿਚ ਖ਼ਲਲ ਪਾਏ ਜਾਂਦੇ ਹਨ ਕਿ ਹਿੰਦੂਆਂ ਨੂੰ ਵਰਗਲਾ ਕੇ ਉਨ੍ਹਾਂ ਦਾ ਧਰਮ ਬਦਲਿਆ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਦੀ ਆਜ਼ਾਦਾਨਾ ਛਾਣਬੀਣ ਦੀਆਂ ਅਣਗਿਣਤ ਮਿਸਾਲਾਂ ਸਾਬਤ ਕਰਦੀਆਂ ਹਨ ਕਿ ਇਨ੍ਹਾਂ ਦੋਸ਼ਾਂ ਵਿਚ ਕੋਈ ਸਚਾਈ ਨਹੀਂ ਹੈ ਅਤੇ ਇਹ ਤਾਂ ਮਹਿਜ਼ ਬਹੁਗਿਣਤੀਵਾਦੀ ਧੌਂਸ ਨੂੰ ਸਹੀ ਠਹਿਰਾਉਣ ਦਾ ਬਹਾਨਾ ਹੁੰਦਾ ਹੈ।
ਆਦਿਵਾਸੀ ਇਲਾਕਿਆਂ ਵਿਚ ਵੀ ਹਿੰਦੂਤਵ ਜਥੇਬੰਦੀਆਂ ਨੇ ਅਜਿਹੀ ਫਿਰਕੂ ਜ਼ਹਿਰ ਫੈਲਾ ਦਿੱਤੀ ਹੈ ਕਿ ਈਸਾਈ ਧਰਮ ਅਪਣਾਉਣ ਵਾਲੇ ਜਾਂ ਉਸਦੇ ਪਰਿਵਾਰ ਦੇ ਜੀਅ ਦੀ ਮੌਤ ਵੀ ਭਾਈਚਾਰਿਆਂ ਦਰਮਿਆਨ ਵੱਡਾ ਟਕਰਾਅ ਬਣ ਜਾਂਦੀ ਹੈ। 2024 ’ਚ ਵੱਖ-ਵੱਖ ਰਾਜਾਂ ਵਿਚ ਅਜਿਹੀਆਂ 40 ਘਟਨਾਵਾਂ (30 ਛੱਤੀਸਗੜ੍ਹ ਵਿਚ) ਵਾਪਰੀਆਂ ਸਨ। 2025 ’ਚ ਵੀ ਅਜਿਹੀਆਂ 23 ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਵਾਰ 15 ਦਸੰਬਰ ਨੂੰ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਇਕ ਪਿੰਡ ਦੇ ਬਾਸ਼ਿੰਦੇ ਚਮਰਾ ਰਾਮ ਸਲਮ ਦੇ ਪਿਤਾ ਦੇ ਅੰਤਮ ਸੰਸਕਾਰ ਨੂੰ ਲੈ ਕੇ ਝਗੜਾ ਖੜ੍ਹਾ ਹੋ ਗਿਆ। ਚਮਰਾ ਰਾਮ ਸਾਬਕਾ ਸਰਪੰਚ ਰਿਹਾ ਹੈ ਅਤੇ ਬਹੁਤ ਸਾਲ ਪਹਿਲਾਂ ਉਸਨੇ ਈਸਾਈ ਧਰਮ ਅਪਣਾ ਲਿਆ ਸੀ। ਪਹਿਲਾਂ ਉਹ ਆਪਣੇ ਪਿਤਾ ਦਾ ਹਿੰਦੂ ਰਸਮਾਂ ਅਨੁਸਾਰ ਅੰਤਮ ਸੰਸਕਾਰ ਕਰਨਾ ਚਾਹੁੰਦਾ ਸੀ ਪਰ ਗ਼ੈਰਈਸਾਈ ਲੋਕਾਂ ਨੇ ਉਸ ਨੂੰ ਰੋਕ ਦਿੱਤਾ ਕਿ ਈਸਾਈ ਹੋਣ ਕਾਰਨ ਉਹ ਇਹ ਰਸਮਾਂ ਨਹੀਂ ਕਰ ਸਕਦਾ। ਝਗੜੇ ਤੋਂ ਬਚਣ ਲਈ ਉਸਨੇ ਅਗਲੇ ਦਿਨ ਆਪਣੇ ਪਿਤਾ ਦੀ ਲਾਸ਼ ਨੂੰ ਈਸਾਈ ਰਸਮਾਂ ਅਨੁਸਾਰ ਆਪਣੀ ਨਿੱਜੀ ਜ਼ਮੀਨ ਵਿਚ ਸਪੁਰਦੇ-ਖ਼ਾਕ ਕਰ ਦਿੱਤਾ। ਫਿਰ ਵੀ ਉਹ ਪ੍ਰੇਸ਼ਾਨੀ ਤੋਂ ਬਚ ਨਹੀਂ ਸਕਿਆ। ਉਸਦਾ ਕਹਿਣਾ ਹੈ ਕਿ ਆਰਐੱਸਐੱਸ ਅਤੇ ਬਜਰੰਗ ਦਲ ਵਾਲਿਆਂ ਨੇ ਇਸ ਮਾਮਲੇ ਨੂੰ ਤੂਲ ਦੇ ਕੇ ਮਾਹੌਲ ਭੜਕਾ ਦਿੱਤਾ ਅਤੇ ਸਥਾਨਕ ਨਿਵਾਸੀਆਂ ਨੇ ਮੁੱਦਾ ਬਣਾ ਲਿਆ ਕਿ ਜਿੱਥੇ ਮ੍ਰਿਤਕ ਨੂੰ ਦਫ਼ਨਾਇਆ ਗਿਆ ਹੈ ਉਹ ਤਾਂ ਸਥਾਨਕ ਦੇਵਤੇ ਨਾਲ ਸੰਬੰਧਤ ਜ਼ਮੀਨ ਹੈ ਅਤੇ ਉੱਥੇ ਈਸਾਈ ਮੁਰਦੇ ਦਫ਼ਨਾਉਣ ਦੀ ਇਜਾਜ਼ਤ ਨਹੀਂ ਹੈ। ਹਜੂਮ ਨੇ ਕਬਰ ਪੱਟਕੇ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ। ਫਿਰ ਪੁਲਿਸ ਨੇ ਖ਼ੁਦ ਹੀ ਲਾਸ਼ ਉੱਥੋਂ ਕੱਢ ਕੇ ਅੰਟਾਗੜ੍ਹ ਦੇ ਈਸਾਈ ਕਬਰਸਤਾਨ ਵਿਚ ਲਿਜਾ ਕੇ ਦਫ਼ਨਾ ਦਿੱਤੀ। ਮਾਹੌਲ ਐਨਾ ਭੜਕ ਗਿਆ ਕਿ ਭੀੜ ਇਸ ਨਾਲ ਵੀ ਸੰਤੁਸ਼ਟ ਨਾ ਹੋਈ। ਉਨ੍ਹਾਂ ਨੇ ਈਸਾਈ ਅਕੀਦੇ ਵਾਲੇ ਘਰਾਂ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਇਕ ਪਾਦਰੀ ਦੇ ਘਰ ਨੂੰ ਅੱਗ ਲਾ ਦਿੱਤੀ, ਚਰਚਾਂ ਦੀ ਭੰਨਤੋੜ ਕੀਤੀ ਅਤੇ ਇਕ ਪ੍ਰਾਰਥਨਾ ਹਾਲ ਨੂੰ ਵੀ ਅੱਗ ਲਾ ਦਿੱਤੀ। ਬਹੁਤ ਸਾਰੇ ਈਸਾਈ ਆਦਿਵਾਸੀ ਉਜਾੜ ਦਿੱਤੇ ਗਏ। ਪੱਥਰਬਾਜ਼ੀ ਵਿਚ 20 ਪੁਲਸੀਏ ਵੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
ਈਸਾਈ ਹੱਕਾਂ ਲਈ ਕੰਮ ਕਰਨ ਵਾਲੇ ਗਰੁੱਪਾਂ ਅਤੇ ਨਾਗਰਿਕ ਆਜ਼ਾਦੀ ਲਈ ਕੰਮ ਕਰਦੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਪਿਛਲੇ ਇਕ ਦਹਾਕੇ ਵਿਚ ਈਸਾਈਆਂ ਵਿਰੁੱਧ ਹਿੰਸਾ ਵਿਚ 500% ਵਾਧਾ ਹੋਇਆ ਹੈ। ਇਸ ਸਾਲ ਵੀ ਜਨਵਰੀ ਤੋਂ ਜੁਲਾਈ 2025 ਦਰਮਿਆਨ 22 ਰਾਜਾਂ ਵਿਚ ਈਸਾਈਆਂ ਵਿਰੁੱਧ ਗਿਣ-ਮਿੱਥਕੇ ਹਮਲਿਆਂ ਦੇ 334 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਸਿਰਫ਼ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਹੀ ਹੋਏ। ਇਨ੍ਹਾਂ ਵਿਚੋਂ ਬਹੁਤ ਸਾਰੇ ਮਾਮਲਿਆਂ ਵਿਚ ਧਮਕੀਆਂ, ਕਾਨੂੰਨੀ ਪਰੇਸ਼ਾਨੀ ਅਤੇ ਭੀੜ ਵੱਲੋਂ ਹਿੰਸਾ ਸ਼ਾਮਲ ਸੀ, ਜੋ ਇੱਕ ਦਰਜਨ ਰਾਜਾਂ ਵਿਚ ਲਾਗੂ ਧਰਮ-ਬਦਲੀ ਵਿਰੋਧੀ ਕਾਨੂੰਨਾਂ ਦੀ ਆੜ ਹੇਠ ਕੀਤੀ ਗਈ। ਇਹ ਹਿੰਸਾ ਆਪਮੁਹਾਰਾ ਪ੍ਰਤੀਕਰਮ ਨਹੀਂ ਹੈ ਸਗੋਂ ਗਿਣੇ-ਮਿੱਥੇ ਨਫ਼ਰਤੀ ਪ੍ਰੋਜੈਕਟ ਦਾ ਲਾਜ਼ਮੀ ਸਿੱਟਾ ਹੈ।
ਮਿਸਟਰ ਮੋਦੀ ਦਾ ਦਿੱਲੀ ਦੇ ਕੈਥੇਡਰਲ ਚਰਚ ਵਿਚ ਕ੍ਰਿਸਮਸ ਦੇ ਜਸ਼ਨਾਂ ਵਿਚ ਸ਼ਾਮਲ ਹੋਣਾ ਪਰ ਕ੍ਰਿਸਮਸ ਤੋਂ ਪਹਿਲਾਂ ਤੇ ਕ੍ਰਿਸਮਸ ਦੇ ਦਿਨ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਈਸਾਈ ਵਿਰੋਧੀ ਹਿੰਸਾ ਦੀਆਂ ਪ੍ਰੇਸ਼ਾਨ ਕਰਨ ਦੀਆਂ ਵਾਰਦਾਤਾਂ ਬਾਰੇ ਚੁੱਪ ਰਹਿਣਾ ਦਰਸਾਉਂਦਾ ਹੈ ਕਿ ਹੁਕਮਰਾਨ ਭਾਜਪਾ ਵੱਲੋਂ ਘੱਟਗਿਣਤੀਆਂ ਵਿਰੋਧੀ ਹਿੰਸਾ ਨੂੰ ਪ੍ਰਸ਼ਾਸਨਿਕ ਤੌਰ ’ਤੇ ਪ੍ਰਵਾਨਤ ਵਰਤਾਰਾ ਬਣਾਏ ਜਾਣ ਨੂੰ ਸਿਲਸਿਲੇਵਾਰ ਤਰੀਕੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਅਤੇ ਰਾਜ-ਮਸ਼ੀਨਰੀ ਦੇ ਜ਼ਿਆਦਾਤਰ ਹਿੱਸੇ ਦਾ ਰਾਜਨੀਤੀਕਰਨ ਤੋਂ ਵੀ ਅੱਗੇ ਡੂੰਘੇ ਰੂਪ ’ਚ ਫਿਰਕੂਕਰਨ ਹੋ ਚੁੱਕਾ ਹੈ। ਇਸੇ ਲਈ, ਪੁਲਿਸ ਇਨ੍ਹਾਂ ਮਾਮਲਿਆਂ ਵਿਚ ਜਾਂ ਤਾਂ ਮੂਕ-ਦਰਸ਼ਕ ਬਣੀ ਰਹਿੰਦੀ ਹੈ ਜਾਂ ਹਿੰਦੂਤਵ ਜਥੇਬੰਦੀਆਂ ਦੇ ਇਸ਼ਾਰੇ ’ਤੇ ਕੰਮ ਕਰਦਿਆਂ ਮਜ਼ਲੂਮ ਧਿਰ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ਤੰਗ-ਪ੍ਰੇਸ਼ਾਨ ਕਰਦੀ ਹੈ।
ਇਹ ਬੇਹੱਦ ਚਿੰਤਾਜਨਕ ਹੈ ਕਿ ਆਰਐੱਸਐੱਸ-ਭਾਜਪਾ ਵੱਲੋਂ ਬਹੁਗਿਣਤੀ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਸੱਤਾ ਦੀ ਤਾਕਤ ਤੇ ਧੌਂਸ ਨਾਲ ਧਾਰਮਿਕ ਘੱਟਗਿਣਤੀਆਂ ਦੀ ਆਪਣੇ ਅਕੀਦੇ ਅਨੁਸਾਰ ਤਿਓਹਾਰ ਮਨਾਉਣ ਅਤੇ ਧਰਮ ਨੂੰ ਮੰਨਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਧਾਰਮਿਕ ਆਜ਼ਾਦੀ ਹਰ ਨਾਗਰਿਕ ਦਾ ਸੰਵਿਧਾਨ ਦੇ ਤਹਿਤ ਸੁਰੱਖਿਅਤ ਉਹ ਬੁਨਿਆਦੀ ਅਧਿਕਾਰ ਹੈ ਜੋ ਸਟੇਟ ਵੱਲੋਂ ਬਖ਼ਸ਼ੀ ਕੋਈ ਰਿਆਇਤ ਨਹੀਂ ਹੈ ਸਗੋਂ ਇਹ ਅਧਿਕਾਰ ਕੱਟੜ-ਮੂਲਵਾਦੀ ਤਾਕਤਾਂ ਵਿਰੁੱਧ ਮਾਨਵਤਾ ਦੇ ਸਦੀਆਂ ਲੰਮੇ ਸੰਘਰਸ਼ ਦਾ ਹਾਸਲ ਹੈ। ਮਨੁੱਖ ਨੇ ਕਿਹੜੇ ਧਰਮ ਨੂੰ ਮੰਨਣਾ ਹੈ, ਇਸਦਾ ਫ਼ੈਸਲਾ ਕਿਸੇ ਧਰਮ ਦੇ ਆਪੇ ਬਣੇ ਠੇਕੇਦਾਰਾਂ ਨੂੰ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਜੇਕਰ ਨਾਗਰਿਕ ਆਜ਼ਾਦੀ ਨਾਲ ਆਪਣੇ ਤਿਓਹਾਰ ਵੀ ਨਹੀਂ ਮਨਾ ਸਕਦੇ ਅਤੇ ਜੇਕਰ ਉਹ ਆਪਣੇ ਧਰਮ ਨੂੰ ਮੰਨਣ ਵਿਚ ਹੀ ਪ੍ਰੇਸ਼ਾਨੀ ਜਾਂ ਡਰ ਮਹਿਸੂਸ ਕਰਨ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ 11 ਸਾਲ ਦੇ ਭਾਜਪਾ ਰਾਜ ਵਿਚ ਹਾਲਤ ਕਿੰਨੇ ਗੰਭੀਰ ਹੋ ਚੁੱਕੇ ਹਨ। ਜਿਸ ਸਟੇਟ ਦੀ ਹੁਕਮਰਾਨ ਜਮਾਤ ਹੁੱਬ-ਹੁੱਬਕੇ ਦਾਅਵੇ ਕਰਦੀ ਹੈ ਕਿ ਭਾਰਤ ‘ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ’ ਹੈ ਉੱਥੇ ਮੁਸਲਮਾਨਾਂ ਦੇ ਨਾਲ ਹੁਣ ਇਕ ਹੋਰ ਘੱਟਗਿਣਤੀ ਈਸਾਈ ਭਾਈਚਾਰੇ ਨੂੰ ਆਪਣੇ ਧਾਰਮਿਕ ਅਕੀਦੇ ਨੂੰ ਮੰਨਣ ਤੋਂ ਬਹੁਗਿਣਤੀਵਾਦੀ ਧੌਂਸ ਨਾਲ ਰੋਕਿਆ ਜਾ ਰਿਹਾ ਹੈ। ਵਿਸ਼ਵ ਹਿੰਦੂ ਪਰਿਸ਼ਦ-ਬਜਰੰਗ ਦਲ ਵਰਗੇ ਆਪੇ ਬਣੇ ਹਿੰਦੂ ਧਰਮ ਦੇ ਰਖਵਾਲਿਆਂ ਨੂੰ ਬਹੁਗਿਣਤੀਵਾਦੀ ਹਿੰਸਾ ਢਾਹੁਣ ਵਾਲੇ ਗਰੋਹ ਰਾਜਕੀ ਤੇ ਰਾਜਨੀਤਕ ਥਾਪੜੇ ਦੇ ਤਹਿਤ ਕੰਮ ਕਰ ਰਹੇ ਹਨ। ਜਦੋਂ ਰਾਜ-ਮਸ਼ੀਨਰੀ ਖ਼ਾਮੋਸ਼ ਰਹਿਕੇ ਇਸ ਨੂੰ ਸ਼ਹਿ ਦੇ ਰਹੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਸਟੇਟ ਬਹੁਗਿਣਤੀਵਾਦ ਦਾ ਹਮਾਇਤੀ ਹੈ ਅਤੇ ਇਸਦੀ ਧਰਮਨਿਰਪੱਖਤਾ ਨਿਰਾ ਪਾਖੰਡ ਹੈ।
ਸਾਰੀਆਂ ਹੀ ਨਿਆਂਪਸੰਦ ਅਤੇ ਧਰਮਨਿਰਪੱਖ ਤਾਕਤਾਂ ਨੂੰ ਇਸ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਹਿੰਦੂ ਲੋਕਾਈ ਨੂੰ ਵੀ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਆਰਐੱਸਐੱਸ-ਭਾਜਪਾ ਵੱਲੋਂ ਜੋ ਕੀਤਾ ਜਾ ਰਿਹਾ ਹੈ ਕੀ ਇਹ ਹਿੰਦੂ ਧਰਮ ਦੇ ਹਿਤ ਵਿਚ ਹੈ? ਕੀ ਇਹ ਉਨ੍ਹਾਂ ਦੇ ਧਰਮ ਦੀਆਂ ਕਦਰਾਂ-ਕੀਮਤਾਂ ਦੇ ਖਿæਲਾਫ਼ ਨਹੀਂ ਹੈ? ਜੇਕਰ ਆਦਿਵਾਸੀ, ਦਲਿਤ ਜਾਂ ਹੋਰ ਮਜ਼ਲੂਮ ਹਿੱਸੇ ਹਿੰਦੂ ਜਾਂ ਕਿਸੇ ਹੋਰ ਧਰਮ ਨੂੰ ਤਿਲਾਂਜਲੀ ਦੇ ਰਹੇ ਹਨ ਤਾਂ ਹਿੰਦੂ ਧਰਮ ਦੇ ਆਲੰਬਰਦਾਰਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਇਹ ਹਿੱਸੇ ਉਨ੍ਹਾਂ ਦੇ ਧਰਮ ਤੋਂ ਦੂਰ ਕਿਉਂ ਹੋ ਰਹੇ ਹਨ। ਜੋ ਹਿੰਦੂ ਲੋਕ ਹਿੰਦੂਤਵ ਗਰੁੱਪਾਂ ਨੂੰ ਹਿੰਦੂ ਧਰਮ ਦੇ ਰਖਵਾਲੇ ਮੰਨਣ ਦਾ ਭਰਮ ਪਾਲ਼ੀ ਬੈਠੇ ਹਨ ਉਨ੍ਹਾਂ ਨੂੰ ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਆਰਐੱਸਐੱਸ ਅਤੇ ਇਸਦੀਆਂ ਸੰਘ ਪਰਿਵਾਰ ਜਥੇਬੰਦੀਆਂ ਦਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਮਕਸਦ ਨਿਰੋਲ ਰਾਜਨੀਤਕ ਹੈ ਯਾਨੀ ਹਿੰਦੂ ਧਰਮ ਦੇ ਨਾਂ ’ਤੇ ਫਿਰਕੂ ਪਾਲਾਬੰਦੀ ਕਰਕੇ ਸੱਤਾ ’ਚ ਬਣੇ ਰਹਿਣਾ ਅਤੇ ਬਹੁਗਿਣਤੀਵਾਦੀ ਧੌਂਸ ਜਮਾਉਣਾ। ਮਜ਼ਲੂਮਾਂ ਨੂੰ ਬਹੁਗਿਣਤੀ ਅਤੇ ਸੱਤਾ ਦੀ ਤਾਕਤ ਦੇ ਜ਼ੋਰ ਕਿਸੇ ਧਰਮ ਨਾਲ ਨੂੜਕੇ ਨਹੀਂ ਰੱਖਿਆ ਜਾ ਸਕਦਾ। ਚਾਹੇ ਕੋਈ ਧਰਮ ਨੂੰ ਮੰਨਦਾ ਹੈ ਜਾਂ ਧਰਮਨਿਰਪੱਖ ਸੋਚ ਵਾਲਾ ਹੈ, ਸਾਰਿਆਂ ਨੂੰ ਆਪਣੀ ਪਸੰਦ ਦੇ ਵਿਚਾਰਾਂ, ਧਾਰਮਿਕ ਅਕੀਦੇ ਨੂੰ ਮੰਨਣ ਦੀ ਆਜ਼ਾਦੀ ਦੇ ਹੱਕ ਦੀ ਰਾਖੀ ਲਈ ਡੱਟਣਾ ਹੋਵੇਗਾ।
