ਨਵਾਬ ਕਪੂਰ ਸਿੰਘ

ਜਸਵੰਤ ਸਿੰਘ ਘਰਿੰਡਾ
ਫੋਨ: 510-605-6494
ਨਵਾਬ ਕਪੂਰ ਸਿੰਘ ਜੀ 18ਵੀਂ ਸਦੀ ਦੇ ਮਹਾਨ ਜੰਗੀ ਜਰਨੈਲ ਹੋਏ ਨੇ। ਜਿੱਥੇ ਉਹ ਸੰਗਤਾਂ ਦੀ ਸੇਵਾ ਤਨ-ਮਨ ਨਾਲ ਕਰਦੇ ਸਨ, ਉਥੇ ਜੰਗਾਂ ਵਿਚ ਵੀ ਅਜਿਹੀ ਬੀਰਤਾ ਨਾਲ ਲੜਦੇ ਸਨ ਕਿ ਵੱਡੇ-ਵੱਡੇ ਤੀਸਮਾਰ ਖਾਨ ਵੀ ਉਨ੍ਹਾਂ ਅੱਗੇ ਨਹੀਂ ਸਨ ਠਹਿਰਦੇ।

ਨਾਦਰ ਸ਼ਾਹ ਵਰਗੇ ਜ਼ਾਲਮ ਵੀ ਉਨ੍ਹਾਂ ਦੇ ਨਾਮ ਤੋਂ ਘਬਰਾਉਂਦੇ ਸਨ, ਜਿਸ ਬਾਰੇ ਧਨੀ ਰਾਮ ਚਾਤ੍ਰਿਕ ਜੀ ਨੇ ਆਪਣੀ ਇੱਕ ਕਵਿਤਾ ਵਿਚ ਲਿਖਿਆ ਹੈ, ‘ਹਿੰਮਤ ਕੀਤੀ ਆਜੜੀ ਦਿੱਲੀ ਵਿਚ ਆ ਕੇ, ਤਖ਼ਤ ਤਾਊਸ ਉਡਾਇਆ ਕਤਲਾਮ ਮਚਾ ਕੇ।’
1739 ਵਿਚ ਨਾਦਰਸ਼ਾਹ ਆਪਣੇ ਹਜ਼ਾਰਾਂ ਸੂਰਬੀਰਾਂ ਦੀ ਤਗੜੀ ਫੌਜ ਲੈ ਕੇ ਦਿੱਲੀ ਲੁੱਟਣ ਦੀ ਨੀਅਤ ਨਾਲ ਲਾਹੌਰੋਂ ਤੁਰਿਆ। ਉਸ ਵਕਤ ਦਿੱਲੀ ਦੇ ਹਾਕਮ ਅਯਾਸ ਮਹੁੰਮਦ ਸ਼ਾਹ ਰੰਗੀਲਾ ਸੀ। ਨਾਦਰਸ਼ਾਹ ਦੀ ਫ਼ੌਜ ਦਾ ਮੁਕਾਬਲਾ ਉਸ ਨੇ ਕਰਨਾਲ ਕੀਤਾ ਪਰ ਉਹ ਬੁਰੀ ਤਰ੍ਹਾਂ ਹਾਰ ਗਿਆ। ਨਾਦਰਸ਼ਾਹ ਨੇ ਲੜਾਈ ਦਾ ਸਾਰਾ ਖ਼ਰਚਾ ਵੀ ਲਿਆ ਤੇ ਦਿੱਲੀ ਵਿਚ ਕਤਲੇਆਮ ਕਰਕੇ ਇੱਕ ਲੱਖ ਤੋਂ ਉਪਰ ਮਰਦ-ਔਰਤਾਂ ਮੌਤ ਦੇ ਘਾਟ ਉਤਾਰ ਦਿੱਤੇ। ਐਸੇ ਜ਼ਾਲਮ ਨਾਦਰਸ਼ਾਹ ਨੂੰ ਸਿੰਘਾਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਅਜਿਹਾ ਸਬਕ ਸਿਖਾਇਆ ਕਿ ਸਿੰਘਾਂ ਦੇ ਉੱਚੇ ਆਚਰਣ ਬਾਰੇ ਸੁਣ ਕੇ ਉਸ ਨੂੰ ਇਹ ਕਹਿਣ ਲਈ ਮਜ਼ਬੂਰ ਹੋਣਾ ਪਿਆ ਕਿ, ‘ਉਹ ਦਿਨ ਦੂਰ ਨਹੀਂ ਜਦ ਇਹ ਕੌਮ ਇਸ ਮੁਲਕ ਦੀ ਮਾਲਕ ਬਣ ਜਾਵੇਗੀ।’ ਨਵਾਬ ਕਪੂਰ ਸਿੰਘ ਨੇ ਸਿੱਖ ਕੌਮ ਨੂੰ ਅਜਿਹੇ ਸਮੇਂ ਅਗਵਾਈ ਦਿੱਤੀ, ਜਦੋਂ ਵੱਡੇ-ਵੱਡੇ ਜਾਬਰ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ’ਤੇ ਲੱਗੇ ਹੋਏ ਸਨ।
ਉਨ੍ਹਾਂ ਦੇ ਸਮੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਖੋਪਰੀਆਂ ਲੱਥੀਆਂ, ਬੰਦ-ਬੰਦ ਕੱਟੇ ਗਏ, ਚਰੱਖੜੀਆਂ ਤੇ ਚਾੜ੍ਹੇ ਗਏ। ਸਿੰਘਣੀਆਂ ਦੇ ਗਲਾਂ ਵਿਚ ਮਾਸੂਮ ਬੱਚਿਆਂ ਦੇ ਟੋਟੇ-ਟੋਟੇ ਕਰਕੇ ਹਾਰ ਪਾਏ ਗਏ ਤੇ ਅਕਹਿ ਤੇ ਅਸਹਿ ਕਸ਼ਟ ਸਿੱਖ ਕੌਮ ਨੂੰ ਸਹਾਰਨੇ ਪਏ। ਪਰ ਆਪ ਦੀ ਸਮੁੱਚੀ ਅਗਵਾਈ ਕਾਰਨ ਕੌਮ ਕੁੰਦਨ ਹੋ ਕੇ ਪ੍ਰਗਟ ਹੋਈ ਤੇ ਸਿੱਖਾਂ ਦੇ ਸਾਰੇ ਵੈਰੀਆਂ ਤੋਂ ਗਿਣ-ਗਿਣ ਬਦਲੇ ਲਏ।
ਨਵਾਬ ਕਪੂਰ ਸਿੰਘ ਜੀ ਦਾ ਜਨਮ ਸੰਨ 1697 ਈ. ਨੂੰ ਚੌਧਰੀ ਦਲੀਪ ਸਿੰਘ ਦੇ ਘਰ ਪਿੰਡ ਕਾਲੇਕੇ ਪਰਗਨਾ ਸ਼ੇਖੂਪੁਰਾ ਵਿਚ ਹੋਇਆ। ਉਨ੍ਹਾਂ ਦਾ ਪਿਤਾ ਗੁਰੂ ਘਰ ਦਾ ਸਿਦਕੀ ਸਿੱਖ ਸੀ। ਸ. ਕਪੂਰ ਸਿੰਘ ਜੀ ਦਾ ਕੱਦ ਉੱਚਾ, ਚਿਹਰਾ ਭਰਵਾਂ ਤੇ ਜੁੱਸਾ ਤਕੜਾ ਸੀ। ਮਾਤਾ ਜੀ ਪਾਸੋਂ ਗੁਰਬਾਣੀ ਦੀ ਪਹੁਲ ਮਿਲੀ। 1721 ਵਿਚ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ।
ਉਸ ਸਮੇਂ ਖਾਲਸਾ ਛੋਟੇ-ਛੋਟੇ ਜਥਿਆਂ ਵਿਚ ਵੰਡਿਆ ਹੋਇਆ ਸੀ। 1716 ਵਿਚ ਬੰਦਾ ਸਿੰਘ ਜੀ ਤੇ 1726 ਵਿਚ ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦੀ ਹੋ ਗਈ। ਉਨ੍ਹਾਂ ਨੇ ਖਾਲਸੇ ਦਾ ਇਤਿਹਸਕ ਇਕੱਠ ਅੰਮ੍ਰਿਤਸਰ ਸਦ ਕੇ ਫ਼ੈਸਲਾ ਕੀਤਾ ਕਿ ਹਕੂਮਤ ਦੇ ਖਜ਼ਾਨੇ ਲੁੱਟੇ ਜਾਣ, ਸ਼ਾਹੀ ਹਥਿਆਰ ਤੇ ਘੋੜੇ ਪ੍ਰਾਪਤ ਕੀਤੇ ਜਾਣ। ਜਥੇਦਾਰ ਦਰਬਾਰਾ ਸਿੰਘ ਜੀ ਨੇ ਸ. ਕਪੂਰ ਸਿੰਘ ਦੀ ਯੋਗਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮੁੱਖ ਸੇਵਾਦਾਰ ਦੇ ਰੂਪ ਵਿਚ ਪ੍ਰਵਾਨ ਕੀਤਾ। ਸ. ਕਪੂਰ ਸਿੰਘ ਦੀ ਜਥੇਦਾਰੀ ਵਿਚ ਇੱਕ ਤਕੜਾ ਨੌਜਵਾਨਾਂ ਦਾ ਜਥਾ ਮਾਝੇ ਵੱਲ ਨੂੰ ਨਿਕਲਿਆ, ਜਿਸ ਦਾ ਵੱਡਾ ਕੰਮ ਵੈਰੀਆਂ ਦੀਆਂ ਖ਼ਬਰਾਂ ਹੈੱਡ ਕਵਾਟਰ ਪਹੁੰਚਾਣ ਦਾ ਸੀ। ਉਲੀਕੇ ਪ੍ਰੋਗਰਾਮ ਮੁਤਾਬਕ 400 ਸਿੰਘਾਂ ਨੇ ਮਿਲ ਕੇ ਕਰੀਬ 4 ਲੱਖ ਰੁਪਏ ਦਾ ਪਹਿਲਾਂ ਸ਼ਾਹੀ ਖਜ਼ਾਨਾ, ਜੋ ਮੁਲਤਾਨ ਤੋਂ ਲਾਹੌਰ ਨੂੰ ਜਾ ਰਿਹਾ ਸੀ, ਖੁਫੀਆ ਪਰਗਨਾ ਲਾਹੌਰ ਦੇ ਮੁਕਾਮ ‘ਤੇ ਲੁੱਟਿਆ। ਦੂਜੀ ਵਾਰ ਵਿਚ ਖਾਲਸੇ ਨੇ ਇੱਕ ਲੱਖ ਦਾ ਖਜ਼ਾਨਾ, ਜੋ ਕਸੂਰ ਤੋਂ ਲਾਹੌਰ ਨੂੰ ਜਾ ਰਿਹਾ ਸੀ, ਕਾਹਨੇ ਕਾਛੇ ਦੇ ਲਾਗੇ ਲੁੱਟਿਆ। ਤੀਜੀ ਸਫਲਤਾ ਇਹ ਹੋਈ ਕਿ ‘ਮੁਰਤਜਾ ਖਾਨ ਉਚਕਜਈ’ ਜੋ ਕਾਬਲ ਈਰਾਨ ਤੋਂ ਘੋੜੇ ਤੇ ਸ਼ਾਹੀ ਸੈਨਾ ਵਾਸਤੇ ਹਥਿਆਰ ਭੇਜਦਾ ਸੀ, ਉਸ ਦੀ ਸੁਧਾਈ ਕੀਤੀ ਤੇ ਸਭ ਕੁਝ ਲੁੱਟ ਲਿਆ। ਇਸ ਨਾਲ ਖਾਲਸੇ ਪਾਸ ਰੁਪਏ ਪੈਸੇ, ਘੋੜਿਆਂ ਤੇ ਹਥਿਆਰਾਂ ਦੀ ਭਰਮਾਰ ਹੋ ਗਈ।
ਸ਼ਾਹੀ ਖਜ਼ਾਨੇ ਲੁੱਟੇ ਜਾਣ ਕਰਕੇ ਹਕੂਮਤ ਦੇ ਖਜ਼ਾਨੇ ਵਿਚ ਪੈਸਾ ਜਾਣਾ ਬੰਦ ਹੋ ਗਿਆ। ਸਿੰਘਾਂ ਨੇ ਮੁਗਲ ਹਕੂਮਤ ਦਾ ਨੱਕ ਵਿਚ ਦਮ ਕਰ ਦਿੱਤਾ ਤਾਂ ਸੰਨ 1733 ਵਿਚ ਦਿੱਲੀ ਹਕੂਮਤ ਨੇ ਖ਼ਾਲਸੇ ਵਿਚ ਅਹੁਦਿਆਂ ਰਾਹੀਂ ਪਾਟਕ ਪਾ ਕੇ ਕਮਜ਼ੋਰ ਕਰਨ ਦੀ ਸਕੀਮ ਘੜੀ। ਭਾਈ ਸਬੇਗ ਸਿੰਘ ਰਾਹੀਂ ਖਾਲਸੇ ਨੂੰ ਇੱਕ ਲੱਖ ਦਾ ਪਰਗਨਾ ਦੀਪਾਲਪੁਰ, ਕੁੰਗਣਵਾਲ ਤੇ ਝਬਾਲ ਆਦਿ ਪਿੰਡਾਂ ਦੀ ਜਾਗੀਰ ਤੇ ਖਿਲਅਤ ਪੇਸ਼ ਕੀਤੀ। ਗੁਰਸਿੱਖੀ ਦੇ ਪ੍ਰਚਾਰ ਲਈ ਇਸ ਸਮੇਂ ਨੂੰ ਵਰਤਣਾ ਤੇ ਗੁਰਧਾਮਾਂ ਦੇ ਦਰਸ਼ਨ ਤੇ ਉਨ੍ਹਾਂ ਦੀ ਸੇਵਾ-ਸੰਭਾਲ ਤੇ ਨਵਾਬੀ ਦੀ ਇਹ ਜ਼ਿੰਮੇਵਾਰੀ ਦੇਣ ‘ਤੇ ਵਿਚਾਰ ਹੋਈ। ਦੀਵਾਨ ਦਰਬਾਰਾ ਸਿੰਘ ਤੇ ਸ. ਕਪੂਰ ਸਿੰਘ ਜੀ ਦੇ ਨਾਂ ਸਾਹਮਣੇ ਆਏ। ਦੀਵਾਨ ਦਰਬਾਰਾ ਸਿੰਘ ਨੇ ਉਮਰ ਬਿਰਧ ਹੋਣ ਕਰਕੇ ਖਿਮਾਂ ਮੰਗੀ (ਬਾਦਲ ਨੇ ਤਾਂ ਇਸ ਉਮਰ ਵਿਚ ਵੀ ਨਾਂ ਛੱਡੀ ਮੁੱਖਮੰਤਰੀ ਦੀ ਗੱਦੀ) ਅਤੇ ਇਹ ਜ਼ਿੰਮੇਵਾਰੀ ਨਿਭਾਉਣ ਦੇ ਪੂਰੀ ਤਰ੍ਹਾਂ ਸਮਰੱਥ ਸ. ਕਪੂਰ ਸਿੰਘ ਨੂੰ ਦੇਣ ਦਾ ਫ਼ੈਸਲਾ ਕੀਤਾ। ਇਹ ਜਥੇਦਾਰ ਹਰ ਪ੍ਰਕਾਰ ਦੀ ਸੇਵਾ-ਲੰਗਰ ਦੇ ਭਾਂਡੇ ਮਾਂਜਣ, ਪਾਣੀ ਤੇ ਪੱਖੇ ਦੀ ਸੇਵਾ ਹੱਥੀਂ ਕਰਨ ਅਤੇ ਤਬੇਲੇ ਵਿਚ ਘੋੜਿਆਂ ਦੀ ਵੀ ਦੇਖਭਾਲ ਮਾਣ ਸਮਝਦਾ ਸੀ।
ਜਦ ਖਾਲਸੇ ਨੇ ਨਵਾਬੀ ਸ. ਕਪੂਰ ਸਿੰਘ ਜੀ ਨੂੰ ਬਖ਼ਸਣ ਦਾ ਫ਼ੈਸਲਾ ਕੀਤਾ, ਉਸ ਸਮੇਂ ਉਹ ਦੀਵਾਨ ਵਿਚ ਪੱਖੇ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਬੇਨਤੀ ਕੀਤੀ ਕਿ ਇਹ ਖਿਲਅਤ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾ ਕੇ ਬਖਸ਼ੀ ਜਾਵੇ। ਅਰਦਾਸਾਂ ਸੋਧ ਕੇ ਪੰਜਾਂ ਪਿਆਰਿਆਂ ਨੇ ਨਵਾਬ ਕਪੂਰ ਸਿੰਘ ਨੂੰ ਪਹਿਨਾਈ। ਖਿਲਅਤ ਨਾਲ ਇਹ ਕੁਝ ਆਇਆ ਸੀ, ਸ਼ਾਨ ਦੀ ਪੱਗ, ਇਕ ਜੜਾਊ ਕਲਗੀ ਜਿਗਾ, ਇਕ ਜੋੜੀ ਸੁਨਹਿਰੀ ਕੰਗਣਾਂ ਸੀ, ਕੈਂਠਾ, ਇੱਕ ਬਹੁਮੁੱਲੀ ਮੋਤੀਆਂ ਦੀ ਮਾਲਾ, ਇਕ ਕੀਨਖੁਵਾਸ ਦਾ ਜਾਮਾ, ਇਕ ਜੜਾਊ ਸ਼ਮਸ਼ੀਰ। ਨਵਾਬੀ ਲੈਣ ਤੋਂ ਬਾਅਦ ਸ. ਕਪੂਰ ਸਿੰਘ ਜੀ ਨੇ ਖਾਲਸੇ ਦੀ ਹਜ਼ੂਰੀ ਵਿਚ ਬੇਨਤੀ ਕੀਤੀ ਕਿ ਸੰਗਤਾਂ ਦੀ ਸੇਵਾ ਤੋਂ ਮੈਨੂੰ ਵਾਂਝਿਆ ਨਾ ਕੀਤਾ ਜਾਵੇ।
ਨਵਾਬੀ ਪ੍ਰਾਪਤ ਕਰਨ ਤੋਂ ਬਾਅਦ ਖਿੰਡੇ ਹੋਏ ਖਾਲਸੇ ਨੂੰ ਇੱਕ ਥਾਂ ਇਕੱਠਾ ਕਰਕੇ ਖ਼ਾਲਸੇ ਨੂੰ ਦੋ ਹਿੱਸਿਆਂ ਵਿਚ ਵੰਡਿਆ। 40 ਸਾਲ ਤੋਂ ਵਡੇਰੀ ਉਮਰ ਗੁਰਸਿੱਖਾਂ ਦਾ ‘ਬੁੱਢਾ ਦਲ’ ਤੇ ਨੌਜਵਾਨਾਂ ਦੇ ਦਲ ਦਾ ਨਾਂ ‘ਤਰਨਾ ਦਲ’ ਰੱਖਿਆ। ਬੁੱਢਾ ਦਲ ਗੁਰਦੁਆਰਿਆਂ ਦੀ ਦੇਖਭਾਲ ਤੇ ਧਰਮ ਪ੍ਰਚਾਰ, ਮਰਿਆਦਾ ਦੀ ਪਵਿੱਤਰਤਾ ਨੂੰ ਮਿਲਾਵਟ ਤੋਂ ਸੁਰੱਖਿਅਤ ਰੱਖਣਾ ਤੇ ਤਰਨਾ ਦਲ ਨੂੰ ਲੋੜ ਪੇਣ ‘ਤੇ ਯੁੱਧ ਵਿਚ ਮਦਦ ਕਰਨ ਦੀ ਡਿਊਟੀ ਲਾਈ। ਤਰਨਾ ਦਲ ਦਾ ਮੁੱਖ ਕੰਮ ਦੀਨ-ਦੁਖੀਆਂ ਦੀ ਮਦਦ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਤੇ ਪੰਜਾਬ ਉੱਤੇ ਰਾਜ ਸਥਾਪਿਤ ਕਰਨਾ।
ਬੁੱਢਾ ਦਲ ਤੇ ਤਰਨਾ ਦਲ ਨੇ ਸਿੰਘਾਂ ਦੀ ਚੜ੍ਹਦੀ ਕਲਾ ਲਈ ਬੜਾ ਕੰਮ ਕੀਤਾ। ਜਦ ਤਰਨਾ ਦਲ ਦੀ ਗਿਣਤੀ 12 ਹਜ਼ਾਰ ਤੋਂ ਵੱਧ ਗਈ ਤਾਂ ਲੰਗਰ ਦੇ ਪਕਾਣ ਤੇ ਵਰਤਾਉਣ ਲਈ ਕਾਫੀ ਸਮਾਂ ਲੱਗ ਜਾਂਦਾ ਤਾਂ ਨਵਾਬ ਕਪੂਰ ਸਿੰਘ ਨੇ ਸਾਰੇ ਮੁਖੀਆਂ ਦੀ ਇਕੱਤਰਤਾ ਬੁਲਾ ਕੇ ਇੱਕ ਤਜਵੀਜ਼ ਪੇਸ਼ ਕੀਤੀ ਕਿ ਦਲ ਦੇ ਸਿੰਘਾਂ ਦੀ ਗਿਣਤੀ ਹੁਣ ਵਧ ਗਈ ਹੈ, ਇੱਕ ਥਾਂ ਲੰਗਰ ਦੇ ਪਕਾਉਣ ਤੇ ਵਰਤਾਉਣ ਵਿਚ ਚੋਖਾ ਸਮਾਂ ਲੱਗ ਜਾਂਦਾ ਹੈ, ਇਸ ਲਈ ਦਲ ਨੂੰ ਪੰਜ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ ਤੇ ਸਾਡੇ ਕੌਮੀ ਭੰਡਾਰੇ ਵਿਚੋਂ ਰਸਦ ਲੈ ਕੇ ਹਰ ਇੱਕ ਜਥਾ ਆਪ ਲੰਗਰ ਤਿਆਰ ਕਰੇ ਇਸ ਤਰ੍ਹਾਂ ਤਰੁਨਾ ਦਲ ਦੀ ਵੰਡ ਪੰਜ ਜਥਿਆਂ ਵਿਚ ਕੀਤੀ ਗਈ। ਇਨ੍ਹਾਂ ਦੇ ਮੁਖੀ ਬਾਬਾ ਦੀਪ ਸਿੰਘ, ਸ. ਕਰਮ ਸਿੰਘ, ਧਰਮ ਸਿੰਘ, ਬਾਬਾ ਕਾਹਨ ਸਿੰਘ ਤੇ ਬਿਨੋਦ ਸਿੰਘ, ਸ. ਦਸੌਂਦਾ ਸਿੰਘ ਅਤੇ ਭਾਈ ਵੀਰ ਸਿੰਘ ਤੇ ਜੀਵਨ ਸਿੰਘ। ਮਗਰੋਂ ਇਨ੍ਹਾਂ ਪੰਜਾਂ ਜਥਿਆਂ ਦੀਆਂ 12 ਮਿਸਲਾਂ ਬਣਾਈਆਂ ਗਈਆਂ। (ਮਿਸਲ ਅਰਬੀ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਬਰਾਬਰ)
ਇਸ ਸਮੇਂ ਦੌਰਾਨ ਜਦੋਂ ਸਿੰਘ ਦੀ ਤਾਕਤ ਵਧ ਗਈ ਤੇ ਲਾਹੌਰ ਦਾ ਹਾਕਮ ਖਾਨ ਬਹਾਦਰ ਸੜ ਬਲ ਗਿਆ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚਾਰ ਹਜ਼ਾਰ ਦੀ ਗਸ਼ਤੀ ਫ਼ੌਜ ਭੇਜੀ, ਜਿਸ ਨੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਨਾਲ ਹੀ ਜਿਹੜਾ ਬੰਦਾ ਕਿਸੇ ਸਿੱਖ ਨੂੰ ਜਿਉਂਦਾ ਫੜ੍ਹ ਕੇ iਲ਼ਆਵੇ ਜਾਂ ਸਿੱਖ ਦਾ ਸਿਰ ਵੱਢ ਕੇ iਲ਼ਆਵੇ, ਉਸ ਨੂੰ 50 ਰੁਪਏ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੇ ਘਰ-ਘਾਟ ਲੁੱਟਣ ਵਾਲੇ ਨੂੰ ਕੁਝ ਨਹੀਂ ਕਿਹਾ ਜਾਵੇਗਾ। ਜੇ ਕੋਈ ਸਿੱਖ ਨੂੰ ਪਨਾਹ ਦੇਵੇਗਾ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਭੈਅ ਤੇ ਲਾਲਚ ਨੇ ਸਭ ਨੂੰ ਸਿੱਖ ਕੌਮ ਦੇ ਦੁਸ਼ਮਣ ਬਣਾ ਦਿੱਤਾ। ਜਿਸ ਕਾਰਨ ਸਿੱਖ ਪੰਜਾਬ ਛੱਡ ਕੇ ਮੁੜ ਜੰਗਲਾਂ, ਪਹਾੜਾਂ, ਖੱਡਾ, ਡੱਲਾਂ, ਮਾਲਵੇ ਅਤੇ ਬੀਕੇਨੇਰ ਦੇ ਰੇਤਲੇ ਟਿੱਬਿਆਂ ਵਲ ਨਿਕਲ ਗਏ।
ਨਾਦਰਸ਼ਾਹ ਨੇ ਕਤਲੇਆਮ ਤੋਂ ਬਾਅਦ ਦਿੱਲੀ ਨੂੰ ਖੂਬ ਲੁੱਟਿਆ, ਜਿਸ ਵਿਚ 70 ਕਰੋੜ ਰੁਪਏ ਦਾ ਸੋਨਾ ਤੇ ਜਵਾਹਰਾਤ, ਪੰਝੀ ਕਰੋੜ ਰੁਪਿਆ ਤਾਵਾਨ ਜੰਗ, ਇੱਕ ਹਜ਼ਾਰ ਹਾਥੀ, ਸੱਤਰ ਹਜ਼ਾਰ ਘੋੜੇ, ਦਸ ਹਜ਼ਾਰ ਊਠ, ਦੋ ਸੌ ਚੰਗੇ ਕਾਰੀਗਰ ਤਰਖਾਣ, 30 ਖੁਸ਼ਨਵੀਸ, 2 ਸੌ ਲੁਹਾਰ, 3 ਸੌ ਰਾਜ ਸੌ ਹੀਜੜੇ ਹਰਮਾਂ ਦੀ ਸੇਵਾ ਲਈ ਲੈ ਕੇ ਇਰਾਨ ਪਰਤਿਆ। ਆਪਣੇ ਪੁੱਤਰ ਨਸਰੁਲਾ ਦਾ ਵਿਆਹ ਸਾਹਿਜ਼ਾਦੀ ਨਾਲ ਕੀਤਾ ਅਤੇ ਦੋ ਹਜ਼ਾਰ ਖ਼ੂਬਸੂਰਤ ਲੜਕੀਆਂ ਨਾਲ ਲੈ ਲਈਆਂ।
ਜਦ ਇਹ ਖ਼ਬਰ ਨਵਾਬ ਕਪੂਰ ਸਿੰਘ ਨੂੰ ਪਹੁੰਚੀ ਤਾਂ ਰੋਹ ਵਿਚ ਆ ਕੇ ਉਸ ਨੇ ਫ਼ੈਸਲਾ ਕਿ ਇਸ ਨਾਦਰ ਸ਼ਾਹ ਨੂੰ ਹੌਲਾ ਕਰਕੇ ਭੇਜਣਾ ਹੈ। ਆਪ ਨੇ ਦੋਹਾਂ ਦਲਾਂ ਨੂੰ ਇਕੱਠੇ ਕਰਕੇ ਐਲਾਨ ਕੀਤਾ ਕਿ ਨਾਰਦਸ਼ਾਹ ਦਾ ਇਹ ਖ਼ਿਆਲ ਬਦਲ ਦੇਣਾ ਹੈ ਕਿ ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਲੰਮੀ ਸੋਚ ਵਿਚਾਰ ਪਿਛੋਂ ਵਿਉਂਤ ਬਣਾਈ ਕਿ ਹਰ ਦੂਜੀ-ਤੀਜੀ ਰਾਤ ਦਿਸ਼ਾ ਤੇ ਸਮਾਂ ਬਦਲ ਕੇ ਨਾਦਰ ਸ਼ਾਹ ਦੇ ਡੇਰੇ ‘ਤੇ ਛਾਪੇ ਮਾਰੇ ਜਾਣ ਤੇ ਬੱਚੇ ਤੇ ਔਰਤਾਂ ਛੁਡਾ ਲਈਆਂ ਜਾਣ ਤੇ ਜਿਤਨੇ ਹਥਿਆਰ ਖੋਹੇ ਜਾ ਸਕਣ, ਖੋਹ ਲਏ ਜਾਣ।
ਨਾਦਰਸ਼ਾਹ ਨੇ ਦਰਿਆ ਝਨਾਂ ਦੇ ਕੰਢੇ’ਤੇ ਡੇਰਾ ਕੀਤਾ ਤਾਂ ਪਹਿਲੀ ਰਾਤ ਬਹੁਤ ਮੀਂਹ ਪਿਆ ਅਤੇ ਸਿੱਖ ਮਾਰੋ-ਮਾਰ ਕਰਦੇ ਬੰਦੀਵਾਨਾਂ ਦੇ ਵਲਗਣ ਤੱਕ ਪਹੁੰਚ ਗਏ। ਭਾਰੀ ਗਿਣਤੀ ਵਿਚ ਔਰਤਾਂ ਤੇ ਕੈਦੀ ਛੁਡਾ ਕੇ ਸੋਨੇ ਦੇ ਸੰਦੂਕਾਂ ਨੂੰ ਜਾ ਪਏ ਅਤੇ ਬਹੁਤ ਸਾਰੇ ਘੋੜੇ ਤੇ ਅਸਲਾ ਸਾਂਭ ਲਿਆ। ਕੁਝ ਸਿੰਘ ਸ਼ਹੀਦ ਹੋ ਗਏ। ਨਾਦਰਸ਼ਾਹ ਬਹੁਤ ਲਾਲ-ਪੀਲਾ ਹੋਇਆ ਤੇ ਕਿਹਾ, ‘ਇਨ੍ਹਾਂ ਦੇ ਘਰ-ਘਾਟ ਕਿਥੇ ਨੇ? ਮੈਂ ਇਨ੍ਹਾਂ ਨੂੰ ਖ਼ਤਮ ਕਰ ਦਿਆਂਗਾ। ਤਾਂ ਜਕਰੀਆਂ ਖਾਨ ਨੇ ਦਸਿਆ ਕਿ ਇਨ੍ਹਾਂ ਦੇ ਘਰ ਘਾਟ ਘੋੜਿਆ ਦੀਆਂ ਕਾਠੀਆਂ ਨੇ।
ਜਕਰੀਆਂ ਖਾਨ ਤੋਂ ਸਿੰਘਾਂ ਬਾਰੇ ਨਾਦਰਸ਼ਾਹ ਨੇ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਜੋ ਉੱਤਰ ਦਿੱਤਾ, ਉਸ ਦਾ ਵਰਣਨ ਗਿਆਨੀ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿਚ ਇਉਂ ਕੀਤਾ ਹੈ:
ਚੌਪਈ॥
ਪੂਛਯੋ ਖਾਨੂ ਕੋ ਨਾਦਰ ਆਇ॥ ਹਮ ਕੋ ਲੂਟਨ ਹਾਰ ਬਤਾਇ।
ਜਿਨ ਲੁੱਟਖਾਯੋ ਹਮਰੇ ਰਾਹ ਮੁਲਕ ਉਸੇ ਕੀ ਉਡਾ ਦਿਉ ਸਵਾਹਿ॥3॥
ਤਬ ਖਾਨੂ ਨੇ ਐਸ ਬਖਾਨੀ। ਮੁਲਕ ਉਸੇ ਕੇ ਨਾਹਿ ਨਿਸ਼ਾਨੀ॥
ਖੜੇ ਸੋਵੇਂ ਔਰ ਚਲਤੇ ਖਾਹਿ। ਨਾਹਿ ਬੈਠੇ ਵੈ ਕਿਤੇ ਰਖਾਇ॥4॥
ਲੂਨ ਘਿਰਤ ਕੋ ਸੁਵਾਦ ਨ ਜਾਨੈ॥ ਹਮ ਦੁਖ ਦੇਵੈ ਵੈ ਸੁਖ ਮਾਨੇ॥
ਹਾੜ ਨਾ ਦਿਨ ਭਰ ਪੀਵੈ ਪਾਨੀ। ਸਿਆਲ ਰਖੈ ਨ ਅਗਨ ਨਿਸ਼ਾਨੀ॥5
ਨਹਿ ਖਾਵੈ ਵੈ ਪੀਸਯ ਨਾਜ ਲੜੈ ਬਹੁਤ ਵੈ ਕਰਕੇ ਭਾਜ॥
ਏਕ ਹੋਏ ਤਾਂ ਸੌ ਸੌ ਲਰੈ। ਮਰਨ ਮਾਰਨ ਤੇ ਮੂਲ ਨ ਡਰੈ॥6॥
ਦੋਹਰਾ॥
ਰਹੇ ਚਾਉ ਉਨ ਮਰਨ ਕਾ ਦੀਨ ਮਜਹਬ ਕੇ ਬਾਇ॥
ਹਮ ਮਾਰਤ ਉਨ ਥਕ ਗਏ ਉਇ ਘਟਤ ਨ ਕਿਤਹੂ ਜਾਇ ॥7॥
ਨਾਦਰਸ਼ਾਹ ਨੇ ਜਦ ਸਿੰਘਾਂ ਦੇ ਇਹ ਹਾਲਾਤ ਸੁਣੇ ਤਾਂ ਕਹਿਣ ਲੱਗਾ ਕਿ ਉਹ ਦਿਨ ਦੂਰ ਨਹੀਂ ਜਦ ਇਹ ਮੁਲਕ ਦੇ ਬਾਦਸ਼ਾਹ ਬਨਣਗੇ।
ਖਾਲਸੇ ਨੇ ਨਾਰਦਸ਼ਹ ਦਾ ਪਿੱਛਾ ਕਰਕੇ ਉਸ ਦਾ ਕਾਫੀ ਨੁਕਸਾਨ ਕਰਕੇ ਬਹੁਤ ਇਸਤਰੀਆਂ, ਧਨ, ਘੋੜੇ ਹਥਿਆਰ ਵਾਪਸ ਲੈ ਲਏ।
ਅੰਮ੍ਰਿਤਸਰ ਉੱਤੇ ਅਜੇ ਵੀ ਪਹਿਰਾ ਲੱਗਾ ਹੋਇਆ ਸੀ। ਕਾਜ਼ੀ ਅਬਦੁਲ ਰਹਿਮਾਨ ਦੇ ਖਾਲਸੇ ਹੱਥੋਂ ਮਾਰੇ ਜਾਣ ਮਗਰੋਂ ਮੱਸੇ ਰੱਗੜ ਮੰਡਿਆਲੀਏ ਨੂੰ ਮੁਕੱਰਰ ਕੀਤਾ ਗਿਆ, ਜੋ 1738 ਤੋਂ 1740 ਤਕ ਅੰਮ੍ਰਿਤਸਰ ਦਾ ਕੋਤਵਾਲ ਰਿਹਾ, ਜਿਸ ਨੂੰ ਸ. ਮਹਿਤਾਬ ਸਿੰਘ ਮੀਰਾਂਕੋਟੀਏ ਤੇ ਸ. ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਨੇ ਦਿਨ-ਦਿਹਾੜੇ ਕਤਲ ਕੀਤਾ। ਜ਼ਕਰੀਆਂ ਖਾਨ 1 ਜੁਲਾਈ 1745 ਵਿਚ ਮਰ ਗਿਆ। 1747 ਦੇ ਅਖ਼ੀਰ ਵਿਚ ਠਰੂ ਪਿੰਡ ਦਾ ਮੁਸਲਿਮ ਰਾਜਪੂਤ ਸਲਾਬਤ ਖਾਨ ਅੰਮ੍ਰਿਤਸਰ ਦੀ ਸ਼ਾਹੀ ਫੌਜ ਦਾ ਹਾਕਮ ਨੀਯਤ ਹੋਇਆ। ਇਸ ਨੇ ਪਹਿਰਾ ਸਖ਼ਤ ਕਰ ਦਿੱਤਾ, ਜੋ ਵੀ ਸਿੱਖ ਸਰੋਵਰ ਤੱਕ ਪਹੁੰਚ ਜਾਂਦਾ, ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ। ਇਸ ਦੀ ਸੁਧਾਈ ਕਰਨ ਹਿਤ ਨਵਾਬ ਕਪੂਰ ਸਿੰਘ ਨੇ ਖਾਲਸੇ ਦੇ ਦੋਹਾਂ ਦਲਾਂ ਦੇ ਮੁਖੀਆਂ ਨੂੰ ਇਕੱਠੇ ਕਰਕੇ ਅੰਮ੍ਰਿਤਸਰ ਨੂੰ ਅਜ਼ਾਦ ਕਰਾਉਣ ਦਾ ਮਤਾ ਪੰਥ ਸਾਹਮਣੇ ਰਖਿਆ ਕਿ ਭਾਵੇਂ ਕਿੰਨੀ ਵੀ ਕੁਰਬਾਨੀ ਦੇਣੀ ਪਵੇ, ਅੰਮ੍ਰਿਤਸਰ ਨੂੰ ਹੋਰ ਇੱਕ ਦਿਨ ਵੀ ਦੁਸ਼ਮਣ ਦੇ ਕਬਜ਼ੇ ਵਿਚ ਨਹੀਂ ਰਹਿਣ ਦੇਣਾ। ਸਾਰੇ ਖਾਲਸੇ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ। ਇਸ ਮੁਹਿੰਮ ਦੀ ਅਗਵਾਈ ਲਈ ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਆਹਲੂਵਾਲੀਏ ਦੀ ਡਿਊਟੀ ਲਗਾਈ। ਮਾਰਚ 1748 ਵਿਚ ਪਹਿਰ ਕੁ ਰਾਤ ਰਹਿੰਦੀ ਸਮੇਂ ਵੈਰੀਆਂ ੳੇੁਤੇ ਕਹਿਰੀ ਹਮਲਾ ਕੀਤਾ। ਖਾਲਸਾ ਵੱਢ-ਟੁੱਕ ਕਰਦਾ ਸਿੱਧਾ ਸਲਾਬਤ ਖਾਨ ਦੀ ਗੜ੍ਹੀ ਉੱਤੇ ਜਾ ਪਿਆ। ਸਲਾਮਤ ਖਾਨ ਵੀ ਡੱਟ ਗਿਆ, ਪਰ ਖਾਲਸੇ ਨੇ ਸਲਾਮਤ ਖਾਨ ਦੇ ਪੈਰ ਉਖੇੜ ਦਿੱਤੇ। ਸ. ਜੱਸਾ ਸਿੰਘ ਆਹਲੂਵਾਲੀਏ ਨੇ ਬਾਜ ਵਾਂਗ ਅਜਿਹਾ ਵਾਰ ਕੀਤਾ, ਉਸ ਦੇ ਦੋ ਟੋਟੇ ਕਰਕੇ ਧਰਤੀ ‘ਤੇ ਸੁੱਟ ਦਿੱਤਾ। ਉਸ ਦਾ ਭਤੀਜਾ ਨਜ਼ਾਬਤ ਖਾਨ ਗੁੱਸਾ ਖਾ ਕੇ ਸ. ਜੱਸਾ ਸਿੰਘ ਉਪਰ ਵਾਰ ਕਰਨ ਨੂੰ ਅੱਗੇ ਵਧਿਆ ਹੀ ਸੀ ਕਿ ਨਵਾਬ ਕਪੂਰ ਸਿੰਘ ਨੇ ਇਕੋ ਤੀਰ ਨਾਲ ਉਸ ਨੂੰ ਪਾਰ ਬੁਲਾਇਆ, ਵੈਰੀ ਦੀ ਫੌਜ ਸਿਰ ‘ਤੇ ਪੈਰ ਰੱਖ ਕੇ ਦੌੜੀ ਅਤੇ ਖਾਲਸੇ ਦਾ ਅੰਮ੍ਰਿਤਸਰ ਉੱਤੇ ਕਬਜ਼ਾ ਹੋ ਗਿਆ।
ਸੰਨ 1753 ਵਿਚ ਅੰਮ੍ਰਿਤਸਰ ਵਿਖੇ ਇੱਕ ਵੱਡਾ ਇਕੱਠ ਹੋਇਆ ਅਤੇ ਨਵਾਬ ਨੇ ਖਾਲਸੇ ਨੂੰ ਦਸਿਆ ਕਿ ਮੇਰਾ ਸਮਾਂ ਹੁਣ ਨੇੜੇ ਹੈ, ਮੈਂ ਜਦ ਵੀ ਆਪ ਜੀ ਤੋਂ ਕਿਸੇ ਦਾਨ ਦੀ ਮੰਗ ਕੀਤੀ ਹੈ ਤਾਂ ਆਪ ਸਦਾ ਹੀ ਨਿਵਾਜਦੇ ਰਹੇ ਹੋ। ਪਰ ਹੁਣ ਮੈਂ ਅੰਤਿਮ ਦਾਨ ਮੰਗਦਾ ਹਾਂ (ਕੀ ਸਾਡੇ ਅਖਾਉਤੀ ਮੌਜੂਦਾ ਲੀਡਰਾਂ ਵਿਚ ਇਸ ਵਰਗੀ ਪੇਸ਼ਕਸ਼ ਦੀ ਜੁਅਰਤ ਹੈ? ਲੱਤਾਂ ਕਬਰਾਂ ’ਚ ਹੁੰਦੀਆਂ ਨੇ ਪਰ ਗੱਦੀ ਨਹੀਂ ਛੱਡਦੇ) ਪੂਰੀ ਆਸ ਹੈ ਕਿ ਆਪ ਮੈਨੂੰ ਇਹ ਦਾਨ ਬਖਸ਼ ਕੇ ਨਿਵਾਜੋਗੇ। ਉਹ ਮੰਗ ਇਹ ਹੈ ਕਿ ਆਪ ਨੇ ਇੱਕ ਮੁੱਠ ਰਹਿਣਾ ਹੈ। ਅੱਜ ਤੋਂ ਆਪ ਨੂੰ ਸ. ਜੱਸਾ ਸਿੰਘ ਆਹਲੂਵਾਲੀਏ ਜੈਸੀ ਮਹਾਨ ਗੁਰਸਿੱਖ ਹਸਤੀ ਨੂੰ ਸੌਂਪਣਾ ਕੀਤੀ ਹੈ। ਉਪਰੰਤ ਆਪ ਨੇ ਸ੍ਰੀ ਕਲਗੀਧਰ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ, ਜੋ ਆਪ ਨੂੰ ਮਾਤਾ ਸੁੰਦਰ ਕੌਰ ਜੀ ਤੋਂ ਪ੍ਰਾਪਤ ਹੋਈ ਸੀ ਸ. ਜੱਸਾ ਸਿੰਘ ਨੂੰ ਬਖਸ਼ੀ। ਪੰਥ ਦੀ ਜਥੇਦਾਰੀ ਉਸ ਦੇ ਹੱਥ ਸੌਂਪ ਕੇ ਆਪ ਚੜ੍ਹਾਈ ਕਰ ਗਏ। ਆਪ ਜੀ ਦਾ ਸਸਕਾਰ ਬਾਬਾ ਅਟੱਲ ਦੇ ਗੁਰਦੁਆਰੇ ਪਾਸ ਕੀਤਾ ਗਿਆ।
ਇਹ ਸਨ ਨਵਾਬ ਕਪੂਰ ਸਿੰਘ ਜਿਨ੍ਹਾਂ 18ਵੀਂ ਸਦੀ ਵਿਚ ਖਾਲਸੇ ਪੰਥ ਨੂੰ ਯੋਗ ਅਗਵਾਈ ਦੇ ਕੇ ਪੰਥ ਨੂੰ ਚੜ੍ਹਦੀ ਕਲਾ ਵਿਚ ਪਹੁੰਚਾਇਆ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਉਸ ਵਕਤ ਸਿੱਖ ਮੁਗਲਾਂ ਤੋਂ ਖ਼ਤਮ ਨਾ ਹੋਏ ਕਿਉਂਕਿ ਉਨ੍ਹਾਂ ਪਾਸ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ, ‘ਸਚੁ ਉਰੈ ਸਭ ਕੋ ਊਪਰਿ ਸਚੁ ਆਚਾਰ’ ਮੁਤਾਬਕ ਉੱਚਾ ਕਿਰਦਾਰ ਸੀ।
ਸਾਡੇ ਅੱਜ ਦੇ ਅਖਾਉਤੀ ਲੀਡਰ ਸਟੇਜਾਂ ਤੋਂ ਸਿੱਖ ਇਤਿਹਾਸ ਦੀਆਂ ਮਿਸਾਲਾਂ ਆਪਣੇ ਮਸ਼ੀਨੀ ਸ਼ਬਦਾਂ ਵਿਚ ਬੜੇ ‘ਮਾਨ’ ਨਾਲ ਕਰਦੇ ਨੇ ਪਰ ਉਸ ‘ਤੇ ਅਮਲ ਨਹੀਂ ਕਰਦੇ। ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਨੇ ਇੱਕ ਵਾਰ ਸਟੇਜ ਤੋਂ ਕਿਹਾ ਸੀ, ‘ਯਾਦ ਰੱਖੋ ਮੇਰੇ ਮਿੱਤਰੋ! ਪੁਰਾਤਨ ਕੁਰਬਾਨੀਆਂ ਤੁਹਾਨੂੰ ਪ੍ਰੇਰਨਾ ਤਾਂ ਦੇ ਸਕਦੀਆਂ ਨੇ, ਪਰ ਜ਼ਿੰਦਾ ਨਹੀਂ ਰੱਖ ਸਕਦੀਆਂ।’ ਮਲਕ ਭਾਗੋ ਹਮੇਸ਼ਾ ਭਾਈ ਲਾਲੋਆਂ ਨੂੰ ਲੁੱਟਦੇ ਰਹੇ ਨੇ।
1947 ਤੋਂ ਬਾਅਦ ਪੰਜਾਬ ਦੇ ਬਹੁਤੇ ਮੁੱਖ ਮੰਤਰੀ ਸਿੱਖ ਹੀ ਰਹੇ ਨੇ। ਜੇ ਕਿਤੇ ਉਹ ਗੁਰਬਾਣੀ ਅਨੁਸਾਰ ਰਾਜ ਕਰਦੇ ਤਾਂ ਪੰਜਾਬ ਦੇ ਸਿੱਖ ਕੌਮ ਦੀ ਅਜੋਕੀ ਦੁਰਦਸ਼ਾ ਨਾ ਹੁੰਦੀ। ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਅਰਬਾਂ ਦਾ ਹੈ ਪਰ ਭਾਈ ਲਾਲੋਆ ਵਾਸਤੇ ਕੋਈ ਮੁਫ਼ਤ ਕਾਲਜ ਤੇ ਨਾ ਹਸਪਤਾਲ ਪੇਂਡੂ ਇਲਾਕਿਆਂ ਵਿਚ ਖੋਲਿ੍ਹਆ ਹੈ ਤੇ ਸ਼ਿਕਾਇਤ ਕਰਦੇ ਨੇ ਦਲਿਤ ਸਿੱਖ ਈਸਾਈ ਬਣ ਰਹੇ ਨੇ? ਕਿਉਂਕਿ ਉਨ੍ਹਾਂ ਸਕੂਲਾਂ ਵਿਚ ਉਨ੍ਹਾਂ ਨੂੰ ਬੜੀਆਂ ਸਹੂਲਤਾਂ ਮਿਲਦੀਆਂ ਨੇ। ਯਾਦ ਰੱਖੋ! ਆਰਥਕ ਅਜ਼ਾਦੀ ਤੋਂ ਬਗ਼ੈਰ ਰਾਜਨੀਤਕ ਅਜ਼ਾਦੀ ਕੋਈ ਮਾਇਨਾ ਨਹੀਂ ਰੱਖਦੀ।
ਅੱਜ ਲੋੜ ਹੈ ਇਕ ਹੋਰ ਨਵਾਬ ਕਪੂਰ ਸਿੰਘ ਵਰਗੇ ਦੀ ਜੋ ਸਾਡੇ ਪਿਆਰੇ ਪੰਜਾਬ ਨੂੰ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਪਤਿਤਪੁਣੇ ਦੀ ਦਲਦਲ ਵਿਚੋਂ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬੀਆਂ ਦਾ ਰਾਜ ਕਾਇਮ ਕਰ ਸਕੇ।
ਆਮੀਨ!