ਪੰਜਾਬ ਸਰਕਾਰ ਬਾਜਵਾ ਵਿਰੁੱਧ ਕਾਰਵਾਈ ਤੋਂ ਟਲੀ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸ਼ਾਇਦ ਹੀ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਨੂੰ ਇਹ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਉਂਦੀ ਹੈ। ਸ਼ ਬਾਜਵਾ ਵਿਰੁੱਧ ਕਾਰਵਾਈ ਕਰਨ ਨਾਲ ਅਨੇਕ ਰਾਜਸੀ ਲੋਕਾਂ, ਅਫਸਰਸ਼ਾਹਾਂ ਨੂੰ ਵੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਜੋ ਸਰਕਾਰ ਦੇ ਨੇੜੇ ਸਮਝੇ ਜਾਂਦੇ ਹਨ।
ਸੂਤਰਾਂ ਅਨੁਸਾਰ ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਦੇ ਭਰਾ ਤੇ ਭਰਜਾਈ ਵਿਰੁੱਧ ਨਾਡਾ, ਸਲਾਮਤਪੁਰ ਤੇ ਭੜੌਂਜੀਆਂ ਪਿੰਡਾਂ ਵਿਚ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ਬਾਰੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਰਕਾਰ ਕੋਲ ਅਧਿਕਾਰਤ ਤੌਰ ‘ਤੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਰਿਪੋਰਟ ਪੇਸ਼ ਕਰ ਵੀ ਦਿੱਤੀ ਜਾਂਦੀ ਹੈ ਤਾਂ ਵੀ ਸਿਰਫ਼ ਸ਼ ਬਾਜਵਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਕਾਰਵਾਈ ਕਰਕੇ ਗੱਲ ਨਹੀਂ ਮੁੱਕੇਗੀ ਸਗੋਂ ਚੰਡੀਗੜ੍ਹ ਪੇਰੀਫੇਰੀ ਵਿਚ ਹੋਰ ਵੀ ਅਨੇਕਾਂ ਵੀæਆਈæਪੀਜ਼, ਰਾਜਸੀ ਆਗੂ ਤੇ ਉਨ੍ਹਾਂ ਦੇ ਸਬੰਧੀ, ਉੱਚ ਅਫਸਰਸ਼ਾਹੀ, ਪੁਲਿਸ ਅਧਿਕਾਰੀ ਵੀ ਪੰਚਾਇਤੀ ਜ਼ਮੀਨਾਂ ਉੱਤੇ ਗੈਰਕਾਨੂੰਨੀ ਕਬਜ਼ੇ ਕਰੀ ਬੈਠੇ ਹਨ ਤੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕਰਨੀ ਪੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੇਰੀਫੇਰੀ ਵਿਚ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨਾਂ ਹਥਿਆਉਣ ਬਾਰੇ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਵੱਲੋਂ ਦੋ ਅੰਤਰਿਮ ਰਿਪੋਰਟਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਰਿਪੋਰਟਾਂ ਵਿਚ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ, ਸੇਵਾਮੁਕਤ ਡੀæਜੀæਪੀæ ਪਰਮਦੀਪ ਸਿੰਘ, ਪੰਜਾਬ ਦੇ ਸਾਬਕਾ ਰਾਜਪਾਲ ਬੀæਕੇæ ਛਿੱਬਰ ਦੇ ਪੁੱਤਰ ਸੋਨਮ ਕੁਮਾਰ, ਯੂæਪੀæਏæ ਸਰਕਾਰ ਦੇ ਸਾਬਕਾ ਮੰਤਰੀ ਪਵਨ ਬਾਂਸਲ ਦੇ ਰਿਸ਼ਤੇਦਾਰ ਚੇਤਨ ਸਿੰਗਲਾ ਸਮੇਤ ਹੋਰਾਂ ਦੇ ਨਾਂ ਇਸ ਰਿਪੋਰਟ ਵਿਚ ਸ਼ਾਮਲ ਹਨ। ਇਸ ਤਰ੍ਹਾਂ ਹੀ ਇਕ ਰਿਪੋਰਟ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ।
ਪ੍ਰਤਾਪ ਸਿੰਘ ਬਾਜਵਾ ਦਾ ਨਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ਵਿਚ ਸ਼ਾਮਲ ਨਹੀਂ ਹੈ। ਅਧਿਕਾਰੀਆਂ ਦੇ ਅਨੁਸਾਰ ਜ਼ਮੀਨ ਦੇ ਇਕ ਵਿਸ਼ੇਸ਼ ਹਿੱਸੇ ਨੂੰ ਲੈ ਕੇ ਕਿਸੇ ਇਕ ਦੇ ਵਿਰੁੱਧ ਕਾਰਵਾਈ ਨਹੀਂ ਹੋ ਸਕਦੀ ਤੇ ਨਾ ਹੀ ਬਾਕੀ ਉਨ੍ਹਾਂ ਲੋਕਾਂ ਨੂੰ ਛੱਡਿਆ ਜਾ ਸਕਦਾ ਹੈ ਜਿਨ੍ਹਾਂ ਦੇ ਨਾਂ ਇਨ੍ਹਾਂ ਰਿਪੋਰਟਾਂ ਵਿਚ ਦਰਜ ਹਨ। ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਖਰੀਦਣ ਤੇ ਸਟੈਂਪ ਡਿਊਟੀ ਚੋਰੀ ਕਰਨ ਵਰਗੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਇਹ ਸਪਸ਼ਟੀਕਰਨ ਵੀ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਜ਼ਮੀਨਾਂ ਦੇ ਟਾਈਟਲ ਵਿਵਾਦਮਈ ਹੋਣ ਬਾਰੇ ਪਤਾ ਨਹੀਂ ਸੀ।
________________________
ਬਾਜਵਾ ਨੂੰ ਕਾਂਗਰਸੀ ਹੀ ਫਸਾਉਣ ਦੇ ਚਾਹਵਾਨ: ਬਾਦਲ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨ ਦੱਬਣ ਤੇ ਵੇਚਣ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸੀ ਆਪ ਹੀ ਫਸਾਉਣਾ ਚਾਹੁੰਦੇ ਹਨ। ਸ਼ ਬਾਦਲ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਵਿਚ ਜਦੋਂ ਬਾਜਵਾ ‘ਤੇ ਪੰਚਾਇਤੀ ਜ਼ਮੀਨਾਂ ਦੱਬਣ ਦੇ ਦੋਸ਼ ਲੱਗ ਰਹੇ ਸਨ, ਉਦੋਂ ਕੋਈ ਕਾਂਗਰਸੀ ਵਿਧਾਇਕ ਨਹੀਂ ਬੋਲਿਆ ਸਗੋਂ ਸਾਰੇ ਚੁੱਪ ਬੈਠ ਕੇ ਆਨੰਦ ਲੈ ਰਹੇ ਸਨ। ਵਿਧਾਨ ਸਭਾ ਵਿਚ ਸ਼ ਬਾਜਵਾ ਨੂੰ ਨਿਸ਼ਾਨਾ ਬਣਾਉਣ ਤੇ ਮੁੱਖ ਸੰਸਦੀ ਸਕੱਤਰ ਐਨæਕੇæ ਸ਼ਰਮਾ ਨਾਲ ਵਰਤੀ ਗਈ ਨਰਮੀ ਬਾਰੇ ਸ਼ ਬਾਦਲ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਦੇ ਪੱਖ ਵਿਚ ਹਨ ਤੇ ਨਾ ਹੀ ਇਸ ਮਾਮਲੇ ਵਿਚ ਕਿਸੇ ਨੂੰ ਬਖ਼ਸ਼ਣਗੇ। ਉਨ੍ਹਾਂ ਕਿਹਾ ਕਿ ਅਜੇ ਕਿਸੇ ਵਿਰੁੱਧ ਜਾਂਚ ਦੇ ਹੁਕਮ ਨਹੀਂ ਕੀਤੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਬਦਲਾਖੋਰੀ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ, ਇਸੇ ਲਈ ਬਾਜਵਾ ਦੇ ਮਾਮਲੇ ਵਿਚ ਵੀ ਉਹ ਹਾਊਸ ਕੋਲ ਗਏ ਸਨ।
_________________________
ਬਾਜਵਾ ‘ਤੇ ਦੋਸ਼ ਸਿਆਸੀ ਸਟੰਟ: ਕੈਪਟਨ
ਮੁਹਾਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਅਜੇ ਤਾਈਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਚੱਲਣ ਦੀ ਬਜਾਏ ਵੱਖਰੇ ਪ੍ਰੋਗਰਾਮ ਉਲੀਕ ਰਹੇ ਹਨ ਪਰ ਉਨ੍ਹਾਂ ਨੇ ਦਬੀ ਜ਼ੁਬਾਨ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਾਜਵਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸਪਸ਼ਟ ਆਖਿਆ ਕਿ ਸੱਤਾਧਾਰੀ ਗੱਠਜੋੜ ਵੱਲੋਂ ਬਾਜਵਾ ‘ਤੇ ਸ਼ਾਮਲਾਤ ਜ਼ਮੀਨਾਂ ਹੜੱਪਣ ਦੇ ਲਾਏ ਜਾ ਰਹੇ ਦੋਸ਼ ਨਿਰਾ ਸਿਆਸੀ ਸਟੰਟ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ‘ਤੇ ਦੋਸ਼ ਲਾਉਣੇ ਤਾਂ ਬਹੁਤ ਸੌਖੇ ਹਨ ਪਰ ਉਨ੍ਹਾਂ ਦੋਸ਼ਾਂ ਨੂੰ ਸੱਚ ਸਾਬਤ ਕਰਨਾ ਬਹੁਤ ਔਖਾ ਹੈ। ਮੁਹਾਲੀ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਕੈਪਟਨ ਨੇ ਸ਼ ਬਾਜਵਾ ‘ਤੇ ਲੱਗ ਰਹੇ ਸ਼ਾਮਲਾਤ ਜ਼ਮੀਨਾਂ ਦੱਬਣ ਦੇ ਦੋਸ਼ਾਂ ਬਾਰੇ ਕਿਹਾ ਕਿ ਅਕਾਲੀ ਬਿਨਾਂ ਵਜ੍ਹਾ ਕਾਂਗਰਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਇਹ ਸਾਰਾ ਕੁਝ ਸਿਆਸੀ ਸਟੰਟ ਹੈ।

Be the first to comment

Leave a Reply

Your email address will not be published.