ਕੁਲਦੀਪ ਸਿੰਘ ਕਾਹਲੋਂ
ਬੀਤੇ ਸਾਲ ਦੇ ਮੱਧ ਵਿਚ ਜਦੋਂ ਅਖਿਲੇਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਦਾ ਰਾਜ ਭਾਗ ਸੰਭਾਲਣ ਮਗਰੋਂ ਲੋਕ ਸਭਾ ਦੀ ਸੀਟ ਛੱਡਣੀ ਪਈ ਤਾਂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੀ ਨੂੰਹ ਡਿੰਪਲ ਨੂੰ ਅਸ਼ੀਰਵਾਦ ਦੇ ਕੇ ਆਪਣੇ ਪੁੱਤਰ ਵੱਲੋਂ ਖਾਲੀ ਕੀਤੀ ਗਈ ਸੀਟ ਉੱਪਰ ਬਿਨਾਂ ਮੁਕਾਬਲਾ ਉਸ ਦਾ ਕਬਜ਼ਾ ਕਰਵਾ ਦਿੱਤਾ। ਉਦੋਂ ਇਹ ਚਰਚਾ ਹੋਈ ਸੀ ਕਿ ਕਿਵੇਂ ਸਿਆਸੀ ਪਾਰਟੀਆਂ ਉਤੇ ਪਰਿਵਾਰਵਾਦ ਭਾਰੂ ਹੋ ਚੁੱਕਾ ਹੈ। ਉਂਝ ਜਦੋਂ ਅਖਿਲੇਸ਼ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਸ ਸਮੇਂ ਆਮ ਜਨਤਾ ਨੂੰ ਉਨ੍ਹਾਂ ਪਾਸੋਂ ਢੇਰ ਸਾਰੀਆਂ ਉਮੀਦਾਂ ਤੇ ਆਸਾਂ ਸਨ ਜੋ ਹੁਣ ਢਹਿ-ਢੇਰੀ ਹੁੰਦੀਆਂ ਜਾਪ ਰਹੀਆਂ ਹਨ। ਇਕ ਰਿਪੋਰਟ ਅਨੁਸਾਰ ਇਕ ਸਾਲ ਦੌਰਾਨ ਸੂਬੇ ਅੰਦਰ 1821 ਜਬਰ ਜਨਾਹ ਦੇ ਕਿੱਸੇ ਸਾਹਮਣੇ ਆਏ, 4645 ਹੱਤਿਆਵਾਂ ਹੋਈਆਂ, 215 ਡਕੈਤੀਆਂ ਅਤੇ 35351 ਚੋਰੀ ਦੇ ਮਾਮਲਿਆਂ ਬਾਰੇ ਰਿਪੋਰਟਾਂ ਪੁਲਿਸ ਪਾਸ ਦਰਜ ਕਰਵਾਈਆਂ ਗਈਆਂ। ਸੂਬੇ ਦੀ ਵਿਗੜਦੀ ਹੋਈ ਕਾਨੂੰਨ ਅਵਸਥਾ Ḕਤੇ ਚਿੰਤਾ ਜ਼ਾਹਰ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਨੇ ਮੁੱਖ ਮੰਤਰੀ ਨੂੰ ਤੁਰੰਤ ਕਈ ਕਿਸਮ ਦੇ ਪ੍ਰਬੰਧਕੀ ਸੁਧਾਰ ਕਰਨ ਵਾਸਤੇ ਨਸੀਹਤ ਦਿੱਤੀ, ਪਰ ਮੁਅੱਤਲ ਕੀਤੀ ਆਈæਏæਐਸ਼ ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੇ ਮਾਮਲੇ Ḕਚ ਆਪਣੇ ਪੁੱਤ ਦੇ ਫ਼ੈਸਲੇ ਨੂੰ ਪ੍ਰਵਾਨ ਕਰਦਿਆਂ ਮੁਲਾਇਮ ਸਿੰਘ ਕੇਂਦਰ ਸਰਕਾਰ ਨੂੰ ਘੂਰਦੇ ਦਿਖਾਈ ਦਿੱਤੇ। ਕੀ ਇਹ ਲੋਕ ਸ਼ਕਤੀ ਦਾ ਪ੍ਰਦਰਸ਼ਨ ਹੈ ਜਾਂ ਤਨਾਸ਼ਾਹੀ ਵਾਲਾ ਰੁਝਾਨ? ਭਾਰਤ ਵਿਚ ਆਜ਼ਾਦੀ ਤੋਂ ਪਹਿਲਾਂ ਪੰਜ ਸੌ ਤੋਂ ਵੱਧ ਰਿਆਸਤਾਂ ਸਨ ਜਿਨ੍ਹਾਂ ਉਪਰ ਸ਼ਾਹੀ ਖਾਨਦਾਨ ਰਾਜ ਕਰਦੇ ਰਹੇ। ਆਮ ਜਨਤਾ ਪਾਸ ਕੋਈ ਬਦਲ ਨਾ ਹੋਣ ਕਰ ਕੇ ਰਾਜੇ ਦੇ ਘਰ ਰਾਜੇ ਵਾਲਾ ਸਿਧਾਂਤ ਲਾਗੂ ਰਿਹਾ।
ਆਜ਼ਾਦ ਭਾਰਤ ਅੰਦਰ ਸਭ ਤੋਂ ਪਹਿਲਾਂ ਨਹਿਰੂ-ਗਾਂਧੀ ਰਾਜਵੰਸ਼ ਦੀ ਸ਼ੁਰੂਆਤ ਹੋਈ ਹਾਲਾਂ ਕਿ ਮਹਾਤਮਾ ਗਾਂਧੀ ਦੀ ਨਹਿਰੂ ਪਰਿਵਾਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ, ਫਿਰ ਵੀ ਨਹਿਰੂ ਗਾਂਧੀ ਵੰਸ਼ ਪਿਛਲੇ 6 ਦਹਾਕਿਆਂ ਦੌਰਾਨ ਤਿੰਨ ਪ੍ਰਧਾਨ ਮੰਤਰੀ ਪੈਦਾ ਕਰ ਕੇ ਦੇਸ਼ ਦੀ ਸਿਆਸਤ Ḕਤੇ ਛਾਇਆ ਰਿਹਾ ਅਤੇ ਹੁਣ ਰਾਹੁਲ ਗਾਂਧੀ ਨੂੰ ਚੌਥੇ ਪ੍ਰਧਾਨ ਮੰਤਰੀ ਵਜੋਂ ਉਭਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ਼ੈਰ-ਕਾਂਗਰਸੀ ਲੀਡਰ ਵੀ ਨਹਿਰੂ ਪਰਿਵਾਰ ਦੀ ਕਵਾਇਦ ਨੂੰ ਪੂਰੀ ਸ਼ਿੱਦਤ ਨਾਲ ਅੱਗੇ ਚਲਾਉਂਦੇ ਗਏ। ਡੀæਐਮæਕੇæ ਨੇਤਾ ਐਮæ ਕਰੁਣਾਨਿਧੀ ਦੇ ਦੋਵੇਂ ਪੁੱਤਰ ਸਿਆਸਤ ਵਿਚ ਹਨ। ਫਿਰ ਗੱਦੀ ਦਾ ਵਾਰਿਸ ਕੌਣ ਬਣੇ? ਇਕ ਫਾਰਮੂਲੇ ਮੁਤਾਬਿਕ ਇਕ ਸਾਹਿਬਜ਼ਾਦੇ ਸਟਾਲਿਨ ਨੂੰ ਆਪਣਾ ਉੱਪ ਮੁੱਖ ਮੰਤਰੀ ਬਣਾਇਆ ਅਤੇ ਦੂਜੇ ਆਲਾਗਿਰੀ ਨੂੰ ਕੇਂਦਰ Ḕਚ ਵਜ਼ੀਰ। ਇਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੇਟੇ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਅਤੇ ਨੂੰਹ ਐਮæਪੀæ ਹੈ। ਬਾਕੀ ਰਿਸ਼ਤੇਦਾਰ ਵੀ ḔਅਡਜਸਟḔ ਕੀਤੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਕਈ ਰਜਵਾੜਿਆਂ ਦੀਆਂ ਪੀੜ੍ਹੀਆਂ ਜਿਵੇਂ ਪਾਇਲਟ ਪਰਿਵਾਰ, ਸਿੰਧੀਆ ਖਾਨਦਾਨ, ਸ਼ੇਖ ਅਬਦੁੱਲਾ ਪਰਿਵਾਰ, ਮੁਫ਼ਤੀ ਸਈਦ ਟੱਬਰ, ਪਟਨਾਇਕ ਕੁਟੰਬ, ਪਵਾਰ ਕੁਲ, ਯਾਦਵ ਪੀੜ੍ਹੀ, ਕੁਮਾਰਮੰਗਲਮ ਵੰਸ਼ ਅਤੇ ਕਈ ਹੋਰ ਪ੍ਰਭਾਵਸ਼ਾਲੀ ਪਰਿਵਾਰਾਂ ਨੇ ਸਿਆਸਤ ਵਿਚ ਆਪਣਾ ਦਬ-ਦਬਾਅ ਬਣਾਈ ਰੱਖਿਆ। ਲਾਲੂ ਪ੍ਰਸਾਦ ਨੇ ਆਪਣੀ ਪਤਨੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਇਆ। ਚਰਨ ਸਿੰਘ ਨੇ ਆਪਣੇ ਬੇਟੇ ਅਜੀਤ ਸਿੰਘ ਨੂੰ ਅੱਗੇ ਲਿਆਂਦਾ। ਦੇਵੀ ਲਾਲ ਪਰਿਵਾਰ ਵਿਚ ਓਮ ਪ੍ਰਕਾਸ਼ ਚੌਟਾਲਾ ਨੇ ਰਾਜ ਭਾਗ ਸੰਭਾਲਿਆ। ਭਜਨ ਲਾਲ ਨੇ ਬਹੁ-ਚਰਿੱਤਰੀ ਬਰਖੁਰਦਾਰ ਚੰਦਰ ਮੋਹਨ ਉਰਫ ਚਾਂਦ ਮੁਹੰਮਦ ਨੂੰ ਸਿਆਸਤ ਵਿਚ ਘਸੀਟਿਆ। ਇਸੇ ਤਰੀਕੇ ਨਾਲ ਪੰਜਾਬ ਦੇ ਕੁਝ ਹੋਰ ਘਰਾਣਿਆਂ ਨੇ ਪੰਜਾਬ ਦੀ ਸਿਆਸਤ Ḕਤੇ ਪੈਂਠ ਬਣਾਉਣ ਦੇ ਯਤਨ ਜਾਰੀ ਰੱਖੇ ਹਨ। ਇਕ ਰਿਪੋਰਟ ਅਨੁਸਾਰ ਦੇਸ਼ ਦੇ 545 ਲੋਕ ਸਭਾ ਮੈਂਬਰਾਂ ਵਿਚੋਂ 156 ਅਜਿਹੇ ਹਨ ਜਿਨ੍ਹਾਂ ਦਾ ਸ਼ਕਤੀਸ਼ਾਲੀ ਸਿਆਸੀ ਪਰਿਵਾਰਕ ਪਿਛੋਕੜ ਹੈ। ਕਾਂਗਰਸ ਪਾਰਟੀ ਦੇ 35 ਸਾਲ ਦੀ ਘੱਟ ਉਮਰ ਵਾਲੇ ਤਕਰੀਬਨ ਸਾਰੇ ਸੰਸਦ ਮੈਂਬਰ ਮਹੱਤਵਪੂਰਨ ਰਾਜਨੀਤਕ ਬੰਸਾਵਲੀਆਂ ਵਿਚੋਂ ਹਨ। ਆਸਾਮ ਦੇ ਕੁਝ ਹਿੱਸੇ ਵਿਚ ਜਦੋਂ ਨਕਸਲਵਾਦ ਦਾ ਜ਼ੋਰ ਚੱਲ ਰਿਹਾ ਸੀ ਤਾਂ ਉਸ ਸਮੇਂ ਵੀ ਮੁੱਖ ਮੰਤਰੀ ਗੋਗੋਈ ਆਪਣੇ ਬੇਟੇ ਨੂੰ ਅਗਲੇ ਹੁਕਮਰਾਨ ਵਜੋਂ ਪੇਸ਼ ਕਰਨ ਦੇ ਯਤਨ ਵਿਚ ਸਨ। ਕਹਿਣ ਤੋਂ ਭਾਵ ਦੇਸ਼ ਦੀਆਂ ਤਕਰੀਬਨ ਸਾਰੀਆਂ ਰਵਾਇਤੀ ਰਾਜਨੀਤਕ ਪਾਰਟੀਆਂ ਦਾ ਰਿਕਾਰਡ ਇਸ ਪੱਖੋਂ ਨਿਰਾਸ਼ਾਜਨਕ ਹੈ ਜਿਸ ਦਾ ਕੋਈ ਹੱਲ ਜਨਤਾ ਨੂੰ ਹੀ ਲੱਭਣਾ ਪਵੇਗਾ। ਇਸ ਸਮੇਂ ਤਕਰੀਬਨ 162 ਦਾਗ਼ੀ ਰਾਜਸੀ ਨੇਤਾ ਕਾਨੂੰਨ ਘੜਨ ਵਾਲਿਆਂ ਵਜੋਂ ਪਾਰਲੀਮੈਂਟ ਵਿਚ ਬਿਰਾਜਮਾਨ ਹਨ। ਜਿਥੇ ਰਾਜ ਸਭਾ ਦੀ ਸੀਟ 100 ਕਰੋੜ ਵਿਚ ਵਿਕਦੀ ਹੋਵੇ, ਉਥੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ, ਦੇਸ਼ ਪ੍ਰਤੀ ਵਫ਼ਾਦਾਰੀ, ਜਜ਼ਬੇ ਵਾਲੇ, ਪ੍ਰੋੜ, ਦਿਆਨਤਦਾਰ ਤੇ ਇਮਾਨਦਾਰ ਪੜ੍ਹੇ-ਲਿਖੇ ਵਿਅਕਤੀ ਸਿਆਸਤ ਵਿਚ ਕਿਵੇਂ ਅੱਗੇ ਆ ਸਕਦੇ ਹਨ? ਲੋਕਤੰਤਰ ਹੁਣ ਪਰਿਵਾਰਤੰਤਰ, ਹੰਕਾਰਤੰਤਰ, ਨੋਟਤੰਤਰ ਅਤੇ ਅਪਰਾਧਤੰਤਰ ਵੱਲ ਵਧ ਰਿਹਾ ਹੈ ਜਿਸ ਕਾਰਨ ਧੋਖਾਧੜੀ, ਕਤਲ, ਬਲਾਤਕਾਰ, ਡਕੈਤੀ, ਭ੍ਰਿਸ਼ਟਾਚਾਰ, ਔਰਤ ਸਮਾਜ ਨਾਲ ਬੇਇਨਸਾਫ਼ੀ ਆਦਿ ਦੇ ਕਿੱਸੇ ਅਖ਼ਬਾਰ ਦੀਆਂ ਸੁਰਖੀਆਂ ਵਿਚ ਰਹਿੰਦੇ ਹਨ। ਸਿਆਸਤਦਾਨਾਂ ਨੇ ਪਰਿਵਾਰਵਾਦ ਵਾਲੀ ਪ੍ਰਥਾ ਨੂੰ ਇਸ ਵਾਸਤੇ ਵੀ ਅਪਣਾਇਆ ਤਾਂ ਕਿ ਜੇ ਉਹ ਇਕ ਵਾਰ ਚੋਣਾਂ ਹਾਰ ਵੀ ਜਾਣ ਤਾਂ ਉਹ ਅਣਅਧਿਕਾਰਤ ਤੌਰ Ḕਤੇ ਇਕੱਠੀ ਕੀਤੀ ਗਈ ਧਨ ਦੌਲਤ ਦੇ ਸਹਾਰੇ ਫਿਰ ਉੱਠ ਕੇ ਖੜ੍ਹੇ ਹੋ ਸਕਣ। ਰਾਜਸੀ ਨੇਤਾ ਕਦੇ ਵੀ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਪਾਰਟੀ ਅੰਦਰ ਜਮਹੂਰੀ ਢੰਗ ਨਾਲ ਸੁਹਿਰਦ, ਪ੍ਰੋੜ ਇਮਾਨਦਾਰ ਲੀਡਰ ਉਭਰਨ; ਕਿਉਂਕਿ ਅਜਿਹਾ ਹੋਣ ਨਾਲ ਉਨ੍ਹਾਂ ਨੂੰ ਆਪਣੀ ਹੋਂਦ ਲਈ ਖ਼ਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਇਕ ਵੱਡਾ ਕਾਰਨ ਹੈ ਕਿ ਇਕ-ਅੱਧੀ ਸਿਆਸੀ ਪਾਰਟੀ ਨੂੰ ਛੱਡ ਕੇ ਬਾਕੀ ਕਿਸੇ ਵੀ ਰਸਮੀ ਸਿਆਸੀ ਪਾਰਟੀ ਅੰਦਰ ਕਦੇ ਵੀ ਜਥੇਬੰਦਕ ਚੋਣਾਂ ਲੋਕਤੰਤਰੀ ਢੰਗ ਨਾਲ ਨਹੀਂ ਹੁੰਦੀਆਂ। ਜ਼ਿਲ੍ਹਾ ਪੱਧਰ ਤੋਂ ਲੈ ਕੇ ਉੱਪਰ ਤੱਕ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਪਾਰਟੀ ਉਮੀਦਵਾਰਾਂ ਦੀ ਚੋਣ ਨਹੀਂ ਹੁੰਦੀ, ਕੇਵਲ ਚਹੇਤੇ ਹੀ ਅੱਗੇ ਆਉਂਦੇ ਹਨ।
Leave a Reply