ਜਲੰਧਰ:ਸੰਗੀਤ ਜਗਤ ਨੂੰ ਖ਼ੂਬਸੂਰਤ ਗੀਤ,ਸੰਗੀਤ ਅਤੇ ਗਾਇਕ ਦੇਣ ਵਾਲੇ ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਦਿਓਲ ਨਗਰ ਸਥਿਤ ਆਪਣੀ ਰਿਹਾਇਸ਼ ‘ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਇੱਥੇ ਹੀ ਰੱਖੀ ਗਈ। ਇਥੇ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।
22 ਨਵੰਬਰ 1952 ਨੂੰ ਸ਼ਾਹਕੋਟ ‘ਚ ਪੈਦਾ ਹੋ ਹੋਏ ਪੂਰਨ ਸ਼ਾਹਕੋਟੀ ਨੇ ਪੰਜਾਬੀ ਗਾਇਕੀ ਨੂੰ ਨਵੀਂ ਦਿਸ਼ਾ ਦਿੱਤੀ। ਹੰਸ ਰਾਜ ਹੰਸ, ਸਾਬਰ ਕੋਟੀ, ਜਸਬੀਰ ਜੱਸੀ, ਦਿਲਜਾਨ ਤੇ ਮਾਸਟਰ ਸਲੀਮ ਵਰਗੇ ਕਈ ਕਲਾਕਾਰ ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਉਨ੍ਹਾਂ ਦੇ ਸਪੁੱਤਰ ਮਾਸਟਰ ਸਲੀਮ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨੇ ਤੋਂ ਬਿਮਾਰ ਸਨ। ਬੈਂਡ ਤੋਂ ਡਿੱਗਣ ਕਾਰਨ ਉਨ੍ਹਾਂ ਦੀਆਂ ਤਿੰਨ ਪਸਲੀਆਂ ਟੁੱਟ ਗਈਆਂ ਸਨ। ਪਦਮਸ੍ਰੀ ਹੰਸ ਰਾਜ ਹੰਸ, ਆਪ ਦੇ ਸੀਨੀਅਰ ਆਗੂ ਦੀਪਕ ਬਾਲੀ, ਗਾਇਕ ਗੁਲਜ਼ਾਰ ਲਾਹੌਰੀਆ ਸਮੇਤ ਕਈ ਸਖ਼ਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
