ਬੰਗਲਾਦੇਸ਼ `ਚ ਹਿੰਸਾ ਤੇ ਅਰਾਜਕਤਾ ਲਈ ਯੂਨੁਸ ਜ਼ਿੰਮੇਵਾਰ: ਸ਼ੇਖ ਹਸੀਨਾ

ਨਵੀਂ ਦਿੱਲੀ:ਹਿੰਸਾ ਦੀ ਅੱਗ ਵਿਚ ਜਲ ਰਹੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮਹੁੰਮਦ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ‘ਤੇ ਚਰਮਪੰਥੀ ਤੱਤਾਂ ਨੂੰ ਹੱਲਾਸ਼ੇਰੀ ਦੇਣ,

ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਅਤੇ ਲੋਕਤੰਤਰੀ ਵਿਵਸਥਾ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਤੇ ਭਾਰਤ ਵਿਚਾਲੇ ਸਬੰਧ ਡੂੰਘੇ ਤੇ ਮੌਲਿਕ ਹਨ ਅਤੇ ਇਸ ਅੰਤਰਿਮ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਬਣੇ ਰਹਿਣਗੇ। ਯੂਨੁਸ ਦੀ ਸ਼ਹਿ ‘ਤੇ ਕੱਟੜਪੰਥੀਆਂ ਵੱਲੋਂ ਭਾਰਤ ਖ਼ਿਲਾਫ਼ ਦੁਸ਼ਮਣੀ ਪੈਦਾ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਵਿਚ ਹਿੰਸਾ ਅਤੇ ਅਰਾਜਕਤਾ ਵਧਣ ਤੇ ਭਾਰਤ ਦੇ ਨਾਲ ਤਣਾਅਪੂਰਨ ਸਬੰਧਾਂ ਲਈ ਉਹ ਜਿੰਮੇਵਾਰ ਹਨ। ਧਾਰਮਿਕ ਹਿੰਸਾ ਰੋਕਣ ‘ਚ ਅੰਤਰਿਮ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਯੂਨੁਸ ਦੇ ਕੋਲ ਬੰਗਲਾਦੇਸ਼ ਦੀ ਵਿਦੇਸ਼ ਨੀਤੀ ਨੂੰ ਫਿਰ ਤੋਂ ਠੀਕ ਕਰਨ ਦਾ ਕੋਈ ਰਾਇਸ਼ੁਮਾਰੀ ਨਹੀਂ ਹੈ। ਇਕ ਵਰਚੁਅਲ ਇੰਟਰਵਿਊ ਵਿਚ ਹਸੀਨਾ ਨੇ ਇਲਜ਼ਾਮ ਲਗਾਇਆ ਹੈ ਕਿ ਬੰਗਲਾਦੇਸ਼ ਵਿਚ ਹਾਲੀਆ ਤਣਾਅ ਜਾਣਬੁੱਝ ਕੇ ਪੈਦਾ ਕੀਤਾ ਗਿਆ। ਇਹ ਘਟਨਾਕ੍ਰਮ ਘਰੇਲੂ ਅਸਿਥਰਤਾ ਤੇ ਖੇਤਰੀ ਸੁਰੱਖਿਆ ਦੋਨਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
ਮੌਜੂਦਾ ਹਾਲਾਤ ਵਿਚ ਆਪਣੇ ਕੂਟਨੀਤਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਜਾਇਜ਼ ਹਨ। ਭਾਰਤ ਦਹਾਕਿਆਂ ਤੋਂ ਬੰਗਲਾਦੇਸ਼ ਦਾ ਸਭ ਤੋਂ ਭਰੋਸੇਮੰਦ ਮਿੱਤਰ ਅਤੇ ਸਾਂਝੇਦਾਰ ਰਿਹਾ ਹੈ। ਭਾਰਤ ਦੇ ਖ਼ਿਲਾਫ਼ ਵਧਦੀ ਦੁਸ਼ਮਣੀ ਉਨ੍ਹਾਂ ਕੱਟੜਪੰਥੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਯੂਨੁਸ ਸਾਸ਼ਨ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਹੈ। ਫਰਵਰੀ ਵਿਚ ਹੋਣ ਵਾਲੀਆਂ ਚੋਣਾਂ ‘ਤੇ ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਵਾਮੀ ਲੀਗ ਦੇ ਬਿਨਾਂ ਕੋਈ ਵੀ ਚੋਣ, ਚੋਣ ਨਹੀਂ ਸਗੋਂ ਇਕ ‘ਰਾਜਤਿਲਕ’ ਹੋਵੇਗਾ, ਕਿਉਂਕਿ ਆਵਾਮੀ ਲੀਗ ਨੂੰ ਆਵਾਮੀ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਮੁਹੰਮਦ ਯੂਨੁਸ ਬਿਨਾਂ ਬੰਗਲਾਦੇਸ਼ੀ ਜਨਤਾ ਦੇ ਇਕ ਵੀ ਵੋਟ ਦੇ ਸਾਸ਼ਨ ਕਰ ਰਹੇ ਹਨ ਅਤੇ ਹੁਣ ਉਹ ਉਸ ਪਾਰਟੀ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਨ, ਜਿਸ ਨੂੰ ਜਨਤਾ ਨੇ ਨੌਂ ਵਾਰ ਜਨਮਤ ਦੇ ਚੁਣਿਆ ਹੈ।