ਬੇਹੱਦ ਮੁਸ਼ਕਲ ਵਿਚ ਹਨ ਬੰਗਲਾ ਦੇਸ਼ ਵਿਚ ਹਿੰਦੂ

ਨਵੀਂ ਦਿੱਲੀ:ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੰਗਲਾਦੇਸ਼ ‘ਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਜ਼ਾਲਮਾਨਾ ਤਰੀਕੇ ਨਾਲ ਹੱਤਿਆ ਕਰਨ ਵਾਲਿਆਂ ਨੂੰ ਇਨਸਾਫ਼ ਦੇ ਕਟਹਿਰੇ ‘ਚ ਖੜ੍ਹਾ ਕਰਨ ਤੇ ਉਥੇ ਦੇ ਸਾਰੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।

ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦੇ ਹੋਏ ਭਾਰਤ ਨੂੰ ਬੰਗਲਾਦੇਸ਼ ‘ਤੇ ਇਸ ਲਈ ਦਬਾਅ ਵੀ ਬਣਾਉਣਾ ਪਵੇਗਾ ਕਿ ਉਥੇ ਘੱਟ ਗਿਣਤੀਆਂ ਤੇ ਵਿਸ਼ੇਸ਼ ਰੂਪ ਨਾਲ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣ ਸਕੇ। ਇਸ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਦੀਪੂ ਚੰਦਰ ਦਾਸ ਨੂੰ ਕੁੱਟ-ਕੁੱਟ ਕੇ ਮਾਰਨ ਤੇ ਉਸ ਦੀ ਲਾਸ਼ ਨੂੰ ਭੀੜ ਦੇ ਸਾਹਮਣੇ ਸਾੜਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਕਿਉਂਕਿ ਇਹ ਗ੍ਰਿਫ਼ਤਾਰੀ ਤਦ ਹੋਈ ਜਦ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਵਹਿਸ਼ੀ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ।
ਬੰਗਲਾਦੇਸ਼ ਦੇ ਹਿੰਦੂ ਇਸ ਲਈ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਹਨ, ਕਿਉਂਕਿ ਅਹੁਦੇ ਤੋਂ ਹਟਾਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤ ‘ਚ ਪਨਾਹ ਲੈ ਰੱਖੀ ਹੈ ਤੇ ਇਸ ਬਹਾਨੇ ਕੱਟੜਪੰਥੀ ਤਾਕਤਾਂ ਭਾਰਤ ਖ਼ਿਲਾਫ਼ ਮਾਹੌਲ ਬਣਾਉਣ ‘ਚ ਰੁੱਝੀਆਂ ਹੋਈਆਂ ਹਨ। ਇਸ ਮਾਹੌਲ ਦਾ ਸਭ ਤੋਂ ਮਾੜਾ ਅਸਰ ਉਥੇ ਦੇ ਹਿੰਦੂਆਂ ‘ਤੇ ਪੈ ਰਿਹਾ ਹੈ। ਬੰਗਲਾਦੇਸ਼ ਦੇ ਹਿੰਦੂ ਇਕ ਲੰਬੇ ਸਮੇਂ ਤੋਂ ਖ਼ਤਰੇ ‘ਚ ਹਨ। ਜਦ ਬੰਗਲਾਦੇਸ਼ ਬਣਿਆ ਤਦ ਉਥੇ ਕਰੀਬ 15-16 ਫ਼ੀਸਦੀ ਹਿੰਦੂ ਸਨ, ਪਰ ਅੱਜ ਉਨ੍ਹਾਂ ਦੀ ਗਿਣਤੀ ਅੱਠ ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਇਹ ਇਕ ਤੱਥ ਹੈ ਕਿ ਪੂਰਬੀ ਪਾਕਿਸਤਾਨ ‘ਚ ਵੀ ਹਿੰਦੂਆਂ ਦਾ ਸ਼ੋਸ਼ਣ ਹੋਇਆ ਤੇ ਇਸ ਪਾਕਿਸਤਾਨੀ ਖੇਤਰ ਦੇ ਬੰਗਲਾਦੇਸ਼ ਬਣ ਜਾਣ ਤੋਂ ਬਾਅਦ ਵੀ। ਕਿਉਂਕਿ ਉਥੇ ਸ਼ੋਸ਼ਣ ਦਾ ਸਿਲਸਿਲਾ ਕਾਇਮ ਹੈ, ਇਸ ਲਈ ਉਨ੍ਹਾਂ ਦੀ ਹਿਜਰਤ ਵੀ ਰੁਕ ਨਹੀਂ ਰਹੀ ਹੈ। ਜੇ ਇਹੀ ਹਾਲਤ ਰਹੀ ਤਾਂ ਬੰਗਲਾਦੇਸ਼ ਦੇ ਹਿੰਦੂਆਂ ਦੀ ਉਹੀ ਤਰਸਯੋਗ ਹਾਲਤ ਹੋ ਸਕਦੀ ਹੈ ਜੋ ਪਾਕਿਸਤਾਨ ‘ਚ ਹੈ। ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਚਾਹੇ ਹੀ ਹਿੰਦੂਆਂ ਸਮੇਤ ਸਾਰੇ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਵਾਅਦਾ ਕਰਦੀ ਰਹਿੰਦੀ ਹੋਵੇ, ਪਰ ਤੱਥ ਇਹ ਹੈ ਕਿ ਸ਼ੇਖ਼ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ ਉਥੇ ਹਿੰਦੂਆਂ ‘ਤੇ ਜ਼ੁਲਮ ਦਾ ਜੋ ਸਿਲਸਿਲਾ ਕਾਇਮ ਹੋਇਆ, ਉਹ ਅੰਤ੍ਰਿਮ ਸਰਕਾਰ ਗਠਿਤ ਹੋਣ ਤੇ ਉਸ ਦੀ ਕਮਾਨ ਮੁਹੰਮਦ ਯੂਨੁਸ ਵੱਲੋਂ ਸੰਭਾਲਣ ਤੋਂ ਬਾਅਦ ਵੀ ਰੁਕਿਆ ਨਹੀਂ। ਪਿਛਲੇ 16 ਮਹੀਨਿਆਂ ‘ਚ ਬੰਗਲਾਦੇਸ਼ ‘ਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਘਟਨਾਵਾਂ ਘਟ ਚੁੱਕੀਆਂ ਹਨ। ਉਨ੍ਹਾਂ ਦੀ ਜਾਨ-ਮਾਲ ਦੇ ਨਾਲ ਉਨ੍ਹਾਂ ਦੇ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ਜੋ ਕੱਟੜਪੰਥੀ ਤਾਕਤਾਂ ਇਹ ਸਭ ਕਰ ਰਹੀਆਂ ਹਨ, ਉਨ੍ਹਾਂ ਨੂੰ ਅੰਤ੍ਰਿਮ ਸਰਕਾਰ ਦਾ ਸਹਿਯੋਗ ਅਤੇ ਸੁਰੱਖਿਆ ਹਾਸਲ ਹੈ। ਅਜਿਹੀਆਂ ਕੁਝ ਤਾਕਤਾਂ ਤਾਂ ਇਸ ਸਰਕਾਰ ਨੂੰ ਆਪਣਾ ਸਮਰਥਨ ਵੀ ਦੇ ਰਹੀਆਂ ਹਨ। ਇਨ੍ਹਾਂ ‘ਚ ਜਮਾਤ-ਏ- ਇਸਲਾਮੀ ਵੀ ਸ਼ਾਮਲ ਹੈ, ਜੋ ਭਾਰਤ ਵਿਰੋਧ ਲਈ ਬਦਨਾਮ ਹੈ। ਭਾਰਤ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੰਗਲਾਦੇਸ਼ ‘ਚ ਜ਼ੁਲਮ ਸਹਿ ਰਹੇ ਹਿੰਦੂਆਂ ਨੂੰ ਲੈ ਕੇ ਉਸ ਵੱਲੋਂ ਜ਼ਾਹਰ ਕੀਤੀ ਜਾ ਰਹੀ ਚਿੰਤਾ ਨਾਲ ਗੱਲ ਬਣਨ ਵਾਲੀ ਨਹੀਂ ਹੈ। ਇਸ ਮਾਮਲੇ ‘ਚ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਸਹਿਯੋਗ ਅਤੇ ਸਮਰਥਨ ਵੀ ਲੈਣਾ ਪਵੇਗਾ।