ਪੰਜਾਬੀ ਦੀ ਜਾਨਦਾਰ ਕਹਾਣੀਕਾਰ ਬਚਿੰਤ ਕੌਰ ਦੀ ਕਹਾਣੀ ‘ਭੁੱਬਲ ਦੀ ਅੱਗ’ ਵਿਚ ਜੀਵਨ ਦੇ ਕਈ ਸੱਚ ਛੁਪੇ ਹੋਏ ਹਨ। ਜਦੋਂ ਇਸ ਕਹਾਣੀ ਦੀ ਰਚਨਾ ਹੋਈ ਸੀ ਤਾਂ ਸਭ ਨੇ ਉਂਗਲਾਂ ਦੰਦਾਂ ਹੇਠ ਦੇ ਲਈਆਂ ਸਨ। ਸਵੈਜੀਵਨੀ ‘ਪਗਡੰਡੀਆਂ’ ਤੋਂ ਇਲਾਵਾ ਲੇਖਕਾ ਦੇ ਕਈ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ ਜਿਨ੍ਹਾਂ ਵਿਚ ‘ਮੰਜ਼ਿਲ’, ‘ਸੂਹਾ ਰੰਗ ਸਿਆਹ ਰੰਗ’, ਭੁੱਬਲ ਦੀ ਅੱਗ’, ‘ਖੁਰੇ ਹੋਏ ਰੰਗ’, ‘ਕਿਆਰੀ ਲੌਂਗਾਂ ਦੀ’, ‘ਮੁਕਲਾਵੇ ਵਾਲੀ ਰਾਤ’ ਤੇ ‘ਪ੍ਰਤੀਬਿੰਬ’ ਸ਼ਾਮਲ ਹਨ। -ਸੰਪਾਦਕ
ਬਚਿੰਤ ਕੌਰ
“ਆਹ ਸੁਣ ਲੈ ਭੈਣ ਬਾਈ ਦੀ ਰਾਤ ਆਲੀ ਕਰਤੂਤ। ਪੈ ਗਿਆ ਦੌਰਾ ਅੱਜ ਫੇ ਉਸ ਨੂੰ।”
“ਕਿਉਂ ਕੀ ਹੋਇਆ?” ਬਚਨੋ ਨੇ ਦੂਰੋਂ ਹੀ ਦੀਪ ਨੂੰ ਪੁੱਛਿਆ ਤੇ ਉਹ ਸੁੱਕੇ ਆਟੇ ਨਾਲ ਲਿਬੜੇ ਹੱਥ ਲਈ ਬਾਹਰ ਵਿਹੜੇ ਵਿਚ ਆਈ ਜਿਥੇ ਉਸ ਦੇ ਕੋਲ ਉਸ ਦੀ ਬਹੂ ਸਿੰਦਰੋ ਮੂੰਹ ਲਟਕਾਈ ਖੜ੍ਹੀ ਸੀ। ਉਸ ਦੀਆਂ ਅੱਖਾਂ ਵਿਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ।
“ਬਾਈ ਕਿੱਥੇ ਏ।”
“ਹੋਊ ਕਿਧਰੇ, ਦਫਾ ਹੋਵੇ ਜਿਧਰ ਮਰਜ਼ੀ।”
“ਮੈਂ ਪੁੱਛਦੀ ਆਂ ਦੀਪ ਹੋਇਆ ਕੀ?”
“ਹੋਣਾ ਕੀ ਸੀ, ਮੇਰੇ ਸਿਰ ਸੁਆਹ ਪਾ’ਤੀ। ਮੈਂ ਤਾਂ ਹੁਣ ਉਮਰ ਭਰ ਸਹੁਰੇ ਪਿੰਡ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ।”
“ਪਰ ਤੂੰ ਦੱਸ ਤਾਂ ਸਹੀ ਹੋਇਆ ਕੀ?”
“ਆ ਚੱਲ ਅੰਦਰ ਮੇਰੇ ਨਾਲ।” ਉਹ ਝੱਟ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਕੇ ਅੰਦਰ ਲੈ ਗਿਆ।
“ਆਹ ਦੇਖ ਬਾਈ ਦੀ ਜੁੱਤੀ, ਅਜੇ ਤੱਕ ਸਿੰਦਰੋ ਦੀ ਚਾਚੀ ਦੇ ਮੰਜੇ ਕੋਲ ਪਈ ਹੈ।”
“ਝੂਠ! ਮੈਂ ਨਹੀਂ ਮੰਨਦੀ ਇਹ ਗੱਲ।”
“ਆਹੋ ਭੈਣ, ਤੈਨੂੰ ਕਾਹਨੂੰ ਸੱਚ ਆਊ ਸਾਡੀ ਗੱਲ ਦਾ। ਅਸੀਂ ਤਾਂ ਜਿਵੇਂ ਬੁੜ੍ਹੇ ਦੇ ਦੁਸ਼ਮਣ ਹੁੰਦੇ ਹਾਂ ਨਾ।”
ਸਿੰਦਰੋ ਆਪਣੀ ਨਣਦ ਮੂਹਰੇ ਹੁਣ ਉਚੀ ਉਚੀ ਬੋਲ ਰਹੀ ਸੀ। ਜਿਉਂ ਜਿਉਂ ਸਿੰਦਰੋ ਤੇ ਦੀਪ ਰਾਤ ਦੀ ਘਟਨਾ ਬਾਰੇ ਉਚੀ ਉਚੀ ਚਰਚਾ ਕਰ ਰਹੇ ਸਨ, ਤਿਉਂ ਤਿਉਂ ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਬਚਨੋ ਸ਼ਰਮ ਦੀ ਮਾਰੀ ਜ਼ਮੀਨ ਵਿਚ ਗੱਡਦੀ ਜਾ ਰਹੀ ਸੀ।
ਉਸ ਨੂੰ ਆਪਣੇ ਗੰਗਾ ਵਰਗੇ ਪਵਿੱਤਰ ਪਿਓ ਉਪਰ ਲਾਏ ਇਸ ਦੂਸ਼ਣ ਦਾ ਭੋਰਾ ਭਰ ਵੀ ਸੱਚ ਨਹੀਂ ਸੀ ਆ ਰਿਹਾ। ਉਸ ਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿਚ ਗੁਜ਼ਾਰੀ ਸੀ। ਬਚਨੋ ਦੀ ਮਾਂ ਦੇ ਮਰਨ ਪਿੱਛੋਂ, ਭਰ ਜਵਾਨੀ ਵਿਚ ਵੀ ਉਸ ਨੇ ਕਦੇ ਕਿਸੇ ਦੀ ਧੀ ਭੈਣ ਵੱਲ ਮੈਲੀ ਨਜ਼ਰ ਨਾਲ ਨਹੀਂ ਸੀ ਦੇਖਿਆ। ਸਾਰਾ ਪਿੰਡ ਜਾਣਦਾ ਸੀ ਕਿ ਕਿਸ਼ਨ ਸਿਉਂ ਫੌਜੀ ਵਰਗਾ ਬੰਦਾ ਇਸ ਪਿੰਡ ਵਿਚ ਫੇਰ ਨਹੀਂ ਸੀ ਪੈਦਾ ਹੋਣਾ।
ਉਹ ਜਦੋਂ ਵੀ ਆਪਣੀ ਫੌਜੀ ਜ਼ਿੰਦਗੀ ਵਿਚੋਂ ਸਾਲ ਭਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਤਾਂ ਉਹ ਪਿੰਡ ਵਿਚ ਬਿਮਾਰਾਂ ਦੀ ਸੇਵਾ ਵਿਚ ਜੁਟਿਆ ਰਹਿੰਦਾ; ਖਾਸ ਕਰ ਕੇ ਜਣੇਪੇ ਵਾਲੀਆਂ ਔਰਤਾਂ ਦੀ ਦਵਾ ਦਾਰੂ ਦਾ ਉਹ ਬਹੁਤ ਧਿਆਨ ਰੱਖਦਾ ਸੀ। ਜਦੋਂ ਕਿਸ਼ਨ ਸਿਉਂ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸ ਦੇ ਕੱਚੇ ਘਰ ਦੀ ਡਿਓਢੀ ਭਰੀ ਹੀ ਰਹਿੰਦੀ। ਸਾਰਾ ਸਾਰਾ ਦਿਨ ਦੀਪ ਤੇ ਬਚਨੋ ਉਸ ਕੋਲ ਬੈਠੇ ਕੋਈ ਨਾ ਕੋਈ ਜੜੀ-ਬੂਟੀ ਕੁੱਟਦੇ ਹੀ ਰਹਿੰਦੇ।
ਹੁਣ ਪਿਛਲੇ ਤਿੰਨਾਂ ਵਰ੍ਹਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਆਇਆ ਸੀ, ਆਪਣੇ ਪੁੱਤ ਦੀਪ ਕੋਲ ਰਹਿੰਦਾ ਹੋਇਆ ਵੀ ਬਿਮਾਰਾਂ ਲਈ ਕੋਈ ਨਾ ਕੋਈ ਦਵਾ-ਦਾਰੂ ਬਣਾਉਂਦਾ ਰਹਿੰਦਾ। ਕਦੇ ਕੌੜ ਤੁੰਮੇ ਦਾ ਚੂਰਨ, ਕਦੇ ਔਲੇ ਬਹੇੜਿਆਂ ਦੀ ਫੱਕੀ, ਕਦੇ ਸੰਤਰਿਆਂ ਦੇ ਛਿਲਕਿਆਂ ਦਾ ਮੁਰੱਬਾ, ਜਾਂ ਫੇਰ ਕਿੱਕਰਾਂ ਦੇ ਤੁੱਕਿਆਂ ਨੂੰ ਇਕੱਠਾ ਕਰ ਕੇ ਕਿਸੇ ਦਵਾਈ ਵਿਚ ਪਾਉਣ ਲਈ ਸੁਕਾਉਂਦਾ ਰਹਿੰਦਾ।
ਉਸ ਦੀ ਧੀ ਬਚਨੋ ਨੂੰ ਵਿਆਹਿਆਂ ਹੁਣ ਪੂਰੇ ਤੇਰਾਂ ਵਰ੍ਹੇ ਹੋ ਗਏ ਸਨ। ਫੇਰ ਵੀ ਉਸ ਦਾ ਬਾਈ ਕੋਈ ਨਾ ਕੋਈ ਦਵਾਈ ਉਸ ਕੋਲ ਕੁੱਟਣ ਲਈ ਭੇਜਦਾ ਰਹਿੰਦਾ।
ਕਿਸ਼ਨ ਸਿਉਂ ਨੇ ਕਦੇ ਕਿਸੇ ਮਰੀਜ਼ ਕੋਲੋਂ ਦਵਾਈ ਦੇ ਪੈਸੇ ਨਹੀਂ ਸਨ ਲਏ। ਕਦੇ ਦਵਾ-ਦਾਰੂ ਦਿੰਦਿਆਂ ਉਚੀ ਨਜ਼ਰ ਕਰ ਕੇ ਨਹੀਂ ਸੀ ਦੇਖਿਆ, ਜਦੋਂ ਕਿ ਇਕ ਖਿਆਲ ਉਸ ਦੇ ਮਨ ਵਿਚ ਵਾਰ ਵਾਰ ਆਉਂਦਾ ਰਿਹਾ ਸੀ ਕਿ ‘ਉਸ ਨੂੰ ਆਪਣਾ ਘਰ ਦੁਬਾਰਾ ਵਸਾ ਲੈਣਾ ਚਾਹੀਦਾ ਹੈ’, ਪਰ ਉਸ ਨੇ ਐਸਾ ਨਹੀਂ ਸੀ ਕੀਤਾ। ਜਦੋਂ ਵੀ ਉਹ ਐਸਾ ਸੋਚਦਾ, ਦੀਪ ਦਾ ਮਾਸੂਮ ਜਿਹਾ ਚਿਹਰਾ ਉਸ ਦੇ ਸਾਹਮਣੇ ਆ ਖੜ੍ਹਾ ਹੁੰਦਾ, ‘ਰੁਲਜੂ ਯਤੀਮ, ਮਤਰੇਈਆਂ ਕਾਹਨੂੰ ਪੁੱਛਦੀਆਂ ਨੇ।’ ਅੱਜ ਉਹ ਹੀ ਦੀਪ ਸੀ ਜਿਸ ਨੇ ਉਸ ਦੀ ਚਿੱਟੀ ਦਾੜ੍ਹੀ ਦਾ ਵਾਲ ਵਾਲ ਕਰ ਰੱਖਿਆ ਸੀ।
ਕਾਲੇ ਦੀ ਛਟੀ ਉਤੇ ਆਏ ਸਾਰੇ ਭਾਈਚਾਰੇ ਵਿਚ ਇਹ ਗੱਲ ਤੜਕੇ ਤੋਂ ਹੀ ਫੈਲ ਚੁੱਕੀ ਸੀ ਤੇ ਸਿੰਦਰੋ ਦੀ ਚਾਚੀ ਮੂੰਹ ਹਨ੍ਹੇਰੇ ਹੀ ਨਮੋਸ਼ੀ ਦੀ ਮਾਰੀ ਪਹਿਲੀ ਮੋਟਰ ਆਪਣੇ ਪਿੰਡ ਮੁੜ ਗਈ ਸੀ।
ਘਰ ਵਿਚ ਆਈਆਂ ਮੇਲਣਾਂ ਵਿਚੋਂ ਕਈਆਂ ਨੇ ਲਾਜੋ ਦੇ ਮੰਜੇ ਕੋਲ ਪਈ ਬੁੜ੍ਹੇ ਦੀ ਜੁੱਤੀ ਸੈਂਦਕ ਦੇਖੀ ਸੀ। ਸਿੰਦਰੋ ਦੇ ਪੇਕਿਉਂ ਆਈਆਂ ਕਈ ਤੀਵੀਆਂ ਵਿਹੜੇ ਵਿਚ ਖੜ੍ਹੀਆਂ ਇਸ ਗੱਲ ਦੀ ਵਾਰੋ ਵਾਰੀ ਚਰਚਾ ਕਰ ਰਹੀਆਂ ਸਨ।
ਪਹਿਲੀ: “ਸਹੁੰ ਭਾਈ ਦੀ, ਝੂਠ ਨੀ ਬੋਲਦੀæææਰੱਬ ਨੂੰ ਜਾਨ ਦੇਣੀ ਹੈ। ਜੁੱਤੀ ਤਾਂ ਬੁੜ੍ਹੇ ਦੀ ਲਾਜੋ ਦੇ ਮੰਜੇ ਕੋਲ ਪਈ ਮੈਂ ਆਪ ਦੇਖੀ ਹੈ।”
ਦੂਜੀ: ਹੁੰਗਾਰਾ ਭਰਦੀ ਹੋਈ, “ਖ਼ਬਰੇ ਬੁੜ੍ਹੇ ਦੀ ਮੱਤ ਨੂੰ ਕੀ ਹੋ ਗਿਆ! ਧੌਲੇ ਝਾਟੇ ਸਿਰ ਸੁਆਹ ਪਾ ਲਈ। ਨਾਲੇ ਦੀਪ ਨੂੰ ਸਾਰੇ ਸ਼ਰੀਕੇ ਵਿਚ ਕਿਤੇ ਆਉਣ ਜਾਣ ਜੋਗਾ ਨੀ ਛੱਡਿਆ।”
ਤੀਜੀ: “ਨੀ ਛੇੜਿਆ ਵੀ ਕੀਹਨੂੰ। ਕੁੜਮਾਂ ਅੱਗੋਂ ਆਈ ਨੂੰ। ਐਵੇਂ ਦੀਪ ਕਹਿੰਦਾ ਰਹਿੰਦਾ ਹੈ ਕਿ ਦੌਰਾ ਪੈਣ ਸਮੇਂ ਬੁੜ੍ਹੇ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ। ਭਲਾ ਇਹ ਗੱਲਾਂ ਕੋਈ ਬੇਸੁਰਤੀ ਦੀਆਂ ਨੇ। ਮੁੰਡਾ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਕਿਤੇ ਵੀ।”
ਬਚਨੋ ਸ਼ਰੀਕੇ ਦੀਆਂ ਔਰਤਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਸੁਣ, ਰੋਣ ਹਾਕੀ ਹੋਈ ਪਈ ਸੀ। ਕੀ ਔਰਤ, ਕੀ ਮਰਦ ਇਸੇ ਘਟਨਾ ਦੀ ਚਰਚਾ ਕਰ ਰਹੇ ਸਨ।
ਪਰ ਬਚਨੋ ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ, ਭਾਵੇਂ ਉਸ ਨੇ ਆਪ ਅੰਦਰ ਜਾ ਕੇ ਲਾਜੋ ਦੇ ਮੰਜੇ ਕੋਲ ਪਈ ਆਪਣੇ ਬਾਈ ਦੀ ਜੁੱਤੀ ਦੇਖੀ ਸੀ। ਉਸ ਨੇ ਕਈ ਵਾਰ ਹੌਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲੋਂ ਸਾਰੀ ਗੱਲ ਪੁੱਛੇ ਪਰ ਧੀ ਪਿਉ ਨੂੰ ਪੁੱਛੇ ਤਾਂ ਕੀ? ਨਾਲੇ ਉਸ ਨੂੰ ਤਾਂ ਮੂੰਹ ਹਨ੍ਹੇਰੇ ਹੀ ਬੇਹੋਸ਼ੀ ਦੀ ਹਾਲਤ ਵਿਚ ਦੀਪ ਬਾਹਰਲੇ ਘਰ ਛੱਡ ਆਇਆ ਸੀ, ਜਿੱਥੇ ਉਹ ਹੁਣ ਬੇਸੁਧ ਪਿਆ ਸੀ। ਕਿਸੇ ਨੇ ਉਸ ਦੀ ਮੁੜ ਕੇ ਬਾਤ ਨਹੀਂ ਸੀ ਪੁੱਛੀ। ਬਚਨੋ ਆਪ ਹਲਵਾਈ ਨਾਲ ਭੱਠੀ ਉਤੇ ਰੁੱਝੀ ਹੋਈ ਸੀ।
ਪਰ ਜੋ ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸਨ, ਬਚਨੋ ਦੇ ਦਿਲ ਵਿਚ ਸੂਲਾਂ ਵਾਂਗ ਚੁੱਭ ਰਹੀਆਂ ਹਨ। ਉਸ ਦੇ ਧਰਮਾਤਮਾ ਪਿਓ ਬਾਰੇ ਅੱਜ ਕੀ ਕੀ ਨਹੀਂ ਸੀ ਕਿਹਾ ਲੋਕਾਂ ਨੇ। ਉਸ ਸ਼ਖ਼ਸ ਬਾਰੇ ਜਿਸ ਨੇ ਜੁਆਨੀ ਤੋਂ ਬੁਢਾਪੇ ਤੱਕ ਦਾ ਸਾਰਾ ਸਫ਼ਰ ਬਿਨਾਂ ਸਾਥੀ ਤੋਂ ਤੈਅ ਕੀਤਾ ਸੀ, ਆਪਣੀਆਂ ਸਾਰੀਆਂ ਇੱਛਾਵਾਂ ਨੂੰ ਉਸ ਨੇ ਭੁੱਬਲ ਦੀ ਅੱਗ ਵਾਂਗ ਦੱਬ ਰੱਖਿਆ ਸੀ।
ਬਚਨੋ ਦੀ ਮਾਂ ਤਾਂ ਦੀਪ ਨੂੰ ਛਿਲੇ ਵਿਚ ਹੀ ਛੀਆਂ ਦਿਨਾਂ ਦਾ ਛੱਡ ਕੇ ਚਲ ਵਸੀ ਸੀ। ਤਾਹੀਓਂ ਬਚਨੋ ਦਾ ਬਾਈ ਜਣੇਪੇ ਵਾਲੀਆਂ ਔਰਤਾਂ ਦਾ ਖਾਸ ਧਿਆਨ ਰੱਖਦਾ ਸੀ। ਜਦੋਂ ਬਚਨੋ ਦੀ ਮਾਂ ਮਰੀ ਤਾਂ ਉਸ ਸਮੇਂ ਬਚਨੋ ਦੇ ਬਾਈ ਦੀ ਉਮਰ ਮਸਾਂ ਬਾਈ ਵਰ੍ਹਿਆਂ ਦੀ ਹੋਊ, ਤੇ ਬਚਨੋ ਉਸ ਸਮੇਂ ਡੂਢ ਵਰ੍ਹੇ ਦੀ ਸੀ।
ਚੌਦਾਂ ਸਾਲ ਕਿਸ਼ਨ ਸਿਉਂ ਦੀ ਫੌਜ ਕਸ਼ਮੀਰ ਦੇ ਬਾਰਡਰ ‘ਤੇ ਰਹੀ। ਫਿਰ ਖਾਸਾ ਚਿਰ ਰਾਜਸਥਾਨ, ਤੇ ਉਸ ਤੋਂ ਪਿੱਛੋਂ ਕਿਸ਼ਨ ਸਿਉਂ ਦੀ ਬਦਲੀ ਦਿੱਲੀ ਦੀ ਹੋ ਗਈ। ਪਿੱਛੋਂ ਸ਼ਰੀਕੇ ਵਿਚੋਂ ਲਗਦੇ ਕਿਸ਼ਨ ਸਿਉਂ ਦੇ ਭਾਈ ਨੇ ਬਚਨੋ ਲਈ ਮੁੰਡਾ ਟੋਲਿਆ ਅਤੇ ਆਉਂਦੀ ਛੁੱਟੀ ਨੂੰ ਉਸ ਦੇ ਹੱਥ ਪੀਲੇ ਕਰ ਉਸ ਨੂੰ ਪਰਾਏ ਘਰ ਤੋਰ ਦਿੱਤਾ। ਫਿਰ ਭੈਣ ਨੇ ਵੀਰ ਲਈ ਜੱਟਾਂ ਦੀ ਇਕ ਬਹੂ ਦੇ ਪੇਕੇ ਪਿੰਡੋਂ ਸਿੰਦਰੋ ਦਾ ਰਿਸ਼ਤਾ ਦੀਪ ਲਈ ਲੈ ਲਿਆ। ਕਿੰਨੇ ਚਾਓ ਕੀਤੇ ਸਨ ਸਿੰਦਰੋ ਦੇ, ਬਚਨੋ ਦੇ ਬਾਈ ਨੇ। ਅੱਜ ਉਹ ਹੀ ਸਿੰਦਰੋ ਉਸ ਦੇ ਬਾਈ ਨੂੰ ਨਾ ਜਾਣੇ ਕੀ ਕੀ ਅਬਾ ਤਬਾ ਬੋਲ ਰਹੀ ਸੀ, ਤੇ ਬਚਨੋ ਸਭ ਕੁਝ ਜਰਦੀ ਹੋਈ ਅੰਦਰੋ-ਅੰਦਰ ਲਹੂ ਦੇ ਘੁੱਟ ਪੀ ਰਹੀ ਸੀ।
ਅੱਜ ਤਾਂ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਸ ਦਾ ਬਾਈ ਜਾਣ ਬੁੱਝ ਕੇ ਅੰਦਰ ਗਿਆ ਸੀ, ਕਿਉਂਕਿ ਸਿੰਦਰੋ ਨੇ ਅੱਗੇ ਵੀ ਕਈ ਇਹੋ ਜਿਹੀਆਂ ਗੱਲਾਂ ਦੀਪ ਨੂੰ ਦੱਸੀਆਂ ਸਨ ਕਿ ਉਸ ਦਾ ਬਾਈ ਆਪਣਾ ਘੜਾ ਛੱਡ ਨੰਦ ਕੁਰ ਦੀ ਝੱਜਰੀ ਵਿਚੋਂ ਕੋਠੇ ਉਤੇ ਪਾਣੀ ਪੀਣ ਜਾਂਦਾ ਹੈ, ਅਤੇ ਦਰਵਾਜ਼ੇ ਜਾ ਕੇ ਉਸ ਨੇ ਲੰਬੜਾਂ ਦੇ ਬੁੜ੍ਹੇ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦਾ ਕਿਤੇ ਹੋਰ ਬਾਨਣੂੰ ਬੰਨ੍ਹਵਾ ਦੇਵੇ। ਦੀਪ ਨੇ ਇਹ ਸਾਰੀਆਂ ਗੱਲਾਂ ਬਚਨੋ ਨੂੰ ਵੀ ਚਿੱਠੀ ਵਿਚ ਲਿਖ ਦਿੱਤੀਆਂ ਸਨ।
ਬਚਨੋ ਨੂੰ ਦੀਪ ਦੀ ਚਿੱਠੀ ਵਿਚ ਲਿਖੀ ਇਹ ਗੱਲ ਵੀ ਚੇਤੇ ਆਈ ਜਿਸ ਵਿਚ ਦੀਪ ਨੇ ਲਿਖਿਆ ਸੀ ਕਿ ‘ਭੈਣ, ਅੱਜਕੱਲ੍ਹ ਬਾਈ ਬਹੁਤ ਲਾ-ਪ੍ਰਵਾਹ ਹੁੰਦਾ ਜਾ ਰਿਹਾ ਸੀ। ਪੈਨਸ਼ਨ ਦੇ ਰੁਪਿਆਂ ਵਿਚੋਂ ਹਰ ਮਹੀਨੇ ਕਈ ਕਈ ਰੁਪਿਆਂ ਦੀ ਲਾਟਰੀ ਪਾ ਆਉਂਦਾ ਹੈ।’
ਜਦੋਂ ਦੀਪ ਦੇ ਮਨ ਵਿਚ ਹੀ ਖਾਈ ਬਣ ਗਈ ਸੀ ਤਾਂ ਭਲਾ ਸਿੰਦਰੋ ਨੇ ਕੀ ਬਾਤ ਪੁੱਛਣੀ ਸੀ!
“ਨਾ ਰੋਟੀ ਦੇਣ ਪਰ ਝੂਠੇ ਦੂਸ਼ਣ ਤਾਂ ਨਾ ਲਾਉਣ।” ਆਹ ਰਾਤ ਵਾਲਾ ਲਾਇਆ ਦੂਸ਼ਣ ਤਾਂ ਜਿਵੇਂ ਬਚਨੋ ਤੋਂ ਸਹਿਆ ਨਹੀਂ ਸੀ ਜਾ ਰਿਹਾ।
ਸੱਚ ਨਿਤਾਰਨ ਲਈ ਸਾਰੇ ਕੰਮ ਛੱਡ ਛੁਡਾ ਉਹ ਭਰੀ ਪੀਤੀ ਬਾਹਰਲੇ ਘਰ ਆਪਣੇ ਬਾਈ ਕੋਲ ਆਈ, ਜਿੱਥੇ ਕੰਧ ਨਾਲ ਢਾਸਣਾ ਲਾਈ ਹੁਣ ਉਸ ਦਾ ਬਾਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ।
ਇਕ ਵਾਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨੋ ਨੂੰ ਦੀਪ ਤੇ ਸਿੰਦਰੋ ਉਤੇ ਬੇਹੱਦ ਗੁੱਸਾ ਆਇਆ ਤੇ ਨਾਲੇ ਉਸ ਕਮਜਾਤ ਲਾਜੋ ‘ਤੇ, ਜਿਸ ਨੇ ਝੂਠਾ ਦੋਸ਼ ਲਾਇਆ ਸੀ ਉਸ ਦੇ ਪਿਓ ਉਤੇ। ‘ਕੇਰਾਂ ਤਾਂ ਬਚਨੋ ਦਾ ਚਿੱਤ ਕੀਤਾ ਕਿ ਉਸ ਨੂੰ ਗੁੱਤੋਂ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ ਪਰ ਉਹ ਤਾਂ ਮੂੰਹ ਹਨ੍ਹੇਰੇ ਹੀ ਆਪਣੇ ਪਿੰਡ ਮੁੜ ਗਈ ਸੀ। ਫਿਰ ਉਸ ਦੇ ਮਨ ‘ਚ ਆਈ ਕਿ ਉਹ ਦੀਪ ਤੇ ਸਿੰਦਰੋ ਨੂੰ ਬੁਲਾ ਕੇ ਚੰਗੀ ਤਰ੍ਹਾਂ ਧਨੇਸੜੀ ਦੇਵੇ ਪਰ ਉਹ ਸਾਰੇ ਗੁੱਸੇ ਨੂੰ ਅੰਦਰੋ-ਅੰਦਰ ਪੀ ਗਈ, ਕਿਉਂਕਿ ਘਰ ਵਿਚ ਉਸ ਦੇ ਭਤੀਜੇ ਦੀ ਛਟੀ ਕਰ ਕੇ ਖੁਸ਼ੀ ਮਨਾਈ ਜਾ ਰਹੀ ਸੀ।
ਪਰ ਉਹ ਆਪਣੇ ਬਾਈ ਉਪਰ ਲੱਗੇ ਦੂਸ਼ਣ ਦਾ ਨਿਤਾਰਾ ਸ਼ਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀ। ਕਿਵੇਂ ਸਿੰਦਰੋ ਨੇ ਖਾਹ-ਮਖਾਹ ਸਾਰੇ ਰਿਸ਼ਤੇਦਾਰਾਂ ਵਿਚ ਭੰਡੀ ਪਾ ਰੱਖੀ ਸੀ। ਉਸ ਨੇ ਬੜੀ ਹਿੰਮਤ ਕਰ ਕੇ ਆਪਣੇ ਬਾਈ ਕੋਲ ਬੈਠਦਿਆਂ ਹੌਲੀ ਜਿਹੇ ਪੁੱਛਿਆ,
“ਬਾਈ ਜੀ ਭਲਾ ਇਹ ਰਾਤæææ”, ਅਜੇ ਗੱਲ ਮੂੰਹ ਵਿਚ ਹੀ ਸੀ ਕਿ ਉਸ ਨੂੰ ਦਿਆਲੋ ਤਾਈ ਦੀ ਕਹੀ ਗੱਲ ਦਾ ਚੇਤਾ ਆ ਗਿਆ।
“ਅੱਜਕੱਲ੍ਹ ਤੇਰਾ ਬਾਈ ਬਹੁਤ ਦੁਖੀ ਹੈ ਧੀਏ। ਮਾੜੀ ਮਾੜੀ ਗੱਲ ‘ਤੇ ਰੋ ਪੈਂਦਾ ਹੈ। ਦੁੱਖ-ਸੁੱਖ ਦੀ ਕੋਈ ਵੀ ਗੱਲ ਸਹਿਣ ਨਹੀਂ ਕਰਦਾ। ਕਈ ਵਾਰ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂ। ਜੇ ਕਿਧਰੇ ਬਿੰਦ-ਝੱਟ ਅੱਖ ਲੱਗ ਹੀ ਜਾਏ ਤਾਂ ਫੇਰ ਝੱਟ ਜਾਗ ਜਾਂਦਾ ਹੈ। ਫਿਰ ਅੱਧੀ ਰਾਤ ਜਿੱਧਰ ਮੂੰਹ ਹੁੰਦਾ ਹੈ, ਉਠ ਤੁਰਦਾ ਹੈ।”
ਬਚਨੋ ਨੂੰ ਡਰ ਹੋ ਗਿਆ, ਕਿਧਰੇ ਉਸ ਦਾ ਬਾਈ ਉਸ ਦੀ ਗੱਲ ਸੁਣ ਕੇ ਰੋਣ ਹੀ ਨਾ ਲੱਗ ਜਾਏ ਪਰ ਥੋੜ੍ਹੀ ਦੇਰ ਇੱਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਝਿਜਕਦਿਆਂ ਝਿਜਕਦਿਆਂ ਫਿਰ ਕਿਹਾ, “ਬਾਈ ਜੀ, ਭਲਾ ਇਹ ਰਾਤ ਤੈਨੂੰ ਦੌਰਾ ਕੇਹਾ ਪੈ ਗਿਆ ਸੀ?”
ਕਿਸ਼ਨ ਸਿਉਂ ਨੇ ਧੀ ਦੀਆਂ ਨਜ਼ਰਾਂ ਵਿਚ ਡੁਲ੍ਹਦੀ ਹਮਦਰਦੀ ਦੇਖ ਕੇ ਹੌਲੀ ਜਿਹੀ ਕਿਹਾ, “ਕੀ ਪੁੱਤæææ”, ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਰ ਆਇਆ।
ਬਚਨੋ ਨੇ ਝੱਟ ਗੱਲ ਪਲਟੀ ਤੇ ਕਿਹਾ, “ਬਾਈ ਜੀ, ਮੈਂ ਤਾਂ ਊਂਈ ਪੁੱਛਦੀ ਹਾਂ ਬਈ, ਤੈਨੂੰ ਇਹ ਬੇਹੋਸ਼ੀ ਦਾ ਦੌਰਾ ਕਿਉਂ ਪੈ ਜਾਂਦਾ ਹੈ। ਤੈਨੂੰ ਕਿਸ ਗੱਲ ਦਾ ਦੁੱਖ ਹੈ ਬਾਈ? ਦੀਪ ਤੇ ਬਹੂ ਜਾਣੋ ਤੈਨੂੰ ਬਹੁਤ ਤੰਗ ਕਰਦੇ ਨੇ।”
“ਨਾ ਪੁੱਤ ਨਾ, ਮੈਨੂੰ ਕਾਸੇ ਦਾ ਵੀ ਭੋਰਾ ਦੁੱਖ ਨੀ। ਕੋਈ ਤੰਗ ਨਹੀਂ ਕਰਦਾ ਮੈਨੂੰ।”
“ਫਿਰ ਇਹ ਮਾੜੀ ਜੀ ਗੱਲ ‘ਤੇ ਤੇਰੀਆਂ ਅੱਖਾਂ ਕਿਉਂ ਭਰ ਆਉਂਦੀਆਂ ਨੇ।”
“ਕੁਛ ਨੀ ਪੁੱਤ, ਮੈਨੂੰ ਕੋਈ ਦੁੱਖ ਤਕਲੀਫ ਨੀ। ਬੈਠੇ ਬਿਠਾਏ ਦੋ ਵਖਤ ਰੋਟੀ ਮਿਲ ਜਾਂਦੀ ਹੈ।”
“ਝੂਠ ਨਾ ਬੋਲ ਬਾਈ, ਮੈਂ ਸਾਰੀ ਗੱਲ ਜਾਣਦੀ ਹਾਂ। ਦੀਪ ਤੇ ਸਿੰਦਰੋ ਨੂੰ ਤੇਰੀ ਰੋਟੀ ਹੁਣ ਚੁਭਦੀ ਹੈ। ਇਸੇ ਕਰ ਕੇ ਤੇਰੀ ਬਦਖੋਈ ਕਰਦੇ ਰਹਿੰਦੇ ਨੇ ਹਰ ਸਮੇਂ, ਪਰ ਬਾਈ ਜੀ, ਮੈਥੋਂ ਤੇਰੀ ਇਹ ਹਾਲਤ ਨਹੀਂ ਦੇਖੀ ਜਾਂਦੀ। ਹਰ ਸਮੇਂ ਉਠਦੇ ਬੈਠਦੇ ਫਿਟਲ੍ਹਾਣਤੀ ਕਰਦੇ ਰਹਿੰਦੇ ਨੇ ਦੋਵੇਂ ਜੀ।”
“ਇਹ ਤਾਂ ਸਮੇਂ ਦਾ ਗੇੜ ਹੈ ਪੁੱਤ।”
“ਪਰ ਤੈਂ ਤਾਂ ਸਾਰੀ ਉਮਰ ਲੋਕਾਂ ਦੀ ਭਲਾਈ ਹੀ ਕੀਤੀ ਹੈ। ਫਿਰ ਇਹ ਲੋਕ ਤੇਰੀਆਂ ਇਹੋ ਜਿਹੀਆਂ ਗੱਲਾਂ ਕਿਉਂ ਬਣਾਉਂਦੇ ਨੇ। ਕਿਉਂ ਝੂਠੀਆਂ ਤੁਹਮਤਾਂ ਲਾਉਂਦੇ ਨੇ ਤੇਰੇ ‘ਤੇ ਹਰ ਸਮੇਂ। ਬਾਈ ਜੀ ‘ਕੇਰਾਂ ਤੂੰ ਮੈਨੂੰ ਇਹ ਰਾਤ ਵਾਲੀ ਗੱਲ ਸੱਚੋ ਸੱਚ ਦੱਸ ਦੇਹ, ਕੀ ਹੋਈ। ਫਿਰ ਮੈਂ ਆਪ ਸੁਲਝ ਲੂੰਗੀ ਸਭ ਨਾਲ।”
“ਗੱਲ ਕੀ ਹੋਈ ਪੁੱਤ?”
“ਮੈਂ ਪੁੱਛਦੀ ਹਾਂ, ਇਹ ਤੇਰੀ ਜੁੱਤੀ ਲਾਜੋ ਕਮਜਾਤ ਦੇ ਮੰਜੇ ਕੋਲ ਕਿਵੇਂ ਆਈ?”
“ਮੇਰੀ ਜੁੱਤੀ ਲਾਜੋ ਦੇ ਮੰਜੇ ਕੋਲ! ਓ ਫੁੱਟੇ ਕਰਮæææ”, ਐਨਾ ਕਹਿੰਦਿਆਂ ਕਹਿੰਦਿਆਂ ਉਸ ਦਾ ਗਲਾ ਭਰ ਆਇਆ, ਤੇ ਝੱਟ ਗਰਮ ਗਰਮ ਹੰਝੂ ਉਸ ਦੀ ਚਿੱਟੀ ਦਾੜ੍ਹੀ ਉਪਰ ਡਿੱਗਣ ਲੱਗ ਪਏ।
ਬਚਨੋ ਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਝੱਟ ਬੇਹੋਸ਼ ਹੋ ਗਿਆ। ਬਚਨੋ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਸ ਨੇ ਭੱਜ ਕੇ ਨਾਲ ਦੇ ਘਰੋਂ ਜੱਟਾਂ ਦੇ ਮੁੰਡੇ ਨੂੰ ਸਾਈਕਲ ਉਪਰ ਭੇਜ ਡਾਕਟਰ ਨੂੰ ਬੁਲਾਇਆ।
ਡਾਕਟਰ ਦੀ ਕਾਫ਼ੀ ਕੋਸ਼ਿਸ਼ ਪਿੱਛੋਂ ਕਿਤੇ ਕਿਸ਼ਨ ਸਿਉਂ ਨੇ ਅੱਖਾਂ ਖੋਲ੍ਹੀਆਂ। ਬੇਹੋਸ਼ੀ ਦੀ ਹਾਲਤ ਸਮੇਂ ਬਚਨੋ ਨੇ ਰੋਂਦਿਆਂ ਰੋਂਦਿਆਂ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ ਕਿ ਉਹ ਸਾਰੀ ਸਾਰੀ ਰਾਤ ਸੌਂਦਾ ਨਹੀਂ, ਤੇ ਰਾਤ ਵਾਲੀ ਸਾਰੀ ਘਟਨਾ ਵੀ ਉਸ ਨੇ ਡਾਕਟਰ ਨੂੰ ਦੱਸ ਦਿੱਤੀ।
ਜਿਉਂ ਹੀ ਮਰੀਜ਼ ਨੂੰ ਕੁਝ ਹੋਸ਼ ਆਈ, ਡਾਕਟਰ ਨੇ ਪੂਰੀ ਤਸੱਲੀ ਦਿੱਤੀ।
“ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਇਹ ਬੇਹੋਸ਼ੀ ਤੁਹਾਨੂੰ ਦਿਮਾਗੀ ਨਾੜੀ ਦੇ ਲਹੂ ਦਾ ਦੌਰਾ ਰੁਕ ਜਾਣ ਕਾਰਨ ਹੁੰਦੀ ਹੈ, ਪਰ ਤੁਸੀਂ ਮੈਨੂੰ ਇਕ ਗੱਲ ਦੱਸੋ।”
“ਕੀ ਡਾਕਟਰ ਸਾਹਿਬ?” ਕਿਸ਼ਨ ਸਿਉਂ ਨੇ ਬੜੀ ਹਲੀਮੀ ਨਾਲ ਪੁੱਛਿਆ।
“ਤੁਸੀਂ ਫੌਜ ਵਿਚ ਰਾਤ ਨੂੰ ਕਿੰਨੇ ਘੰਟੇ ਸੌਂਦੇ ਸੀ? ਹੁਣ ਕਿੰਨੇ ਘੰਟੇ ਸੌਂਦੇ ਹੋ?”
“ਫੌਜ ਵਿਚ ਤਾਂ ਡਾਕਟਰ ਸਾਹਿਬ ਦਾਰੂ ਪੀ ਕੇ ਸਾਰੀ ਸਾਰੀ ਰਾਤ ਸੁੱਤਾ ਰਹਿੰਦਾ ਸੀ, ਪਰ ਹੁਣ ਤਾਂ ਜਿਵੇਂ ਨੀਂਦ ਨੇੜਿਓਂ ਹੀ ਨਹੀਂ ਲੰਘਦੀ।”
ਗੱਲ ਕਰਦਿਆਂ ਕਰਦਿਆਂ ਕਿਸ਼ਨ ਸਿਉਂ ਦੀ ਆਵਾਜ਼ ਬੰਦ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਭਰ ਆਏ। ਫਿਰ ਵੀ ਡਾਕਟਰ ਨੇ ਇਕ ਸਵਾਲ ਹੋਰ ਪੁੱਛ ਲਿਆ, “ਤੁਹਾਨੂੰ ਕੀ ਪ੍ਰੇਸ਼ਾਨੀ ਹੈ? ਤੁਸੀਂ ਰੋ ਕਿਉਂ ਪੈਂਦੇ ਹੋ?”
“ਕੁਛ ਨੀ ਡਾਕਟਰ ਸਾਹਿਬ। ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ। ਮੈਨੂੰ ਸੰਖੀਆ ਦੇ ਦਿਉ ਘੋਲ ਕੇ।” ਔਖੇ ਔਖੇ ਸਾਹ ਲੈਂਦਿਆਂ ਕਿਸ਼ਨ ਸਿਉਂ ਨੇ ਮਸਾਂ ਆਪਣੀ ਗੱਲ ਮੁਕਾਈ, ਤੇ ਫਿਰ ਝੱਟ ਉਸ ਦੀ ਦਿਮਾਗੀ ਨਾੜੀ ਦਾ ਦੌਰਾ ਬੰਦ ਹੋ ਗਿਆ।
ਆਪਣੇ ਬਾਈ ਦੀ ਐਸੀ ਹਾਲਤ ਦੇਖ ਬਚਨੋ ਉਚੀ ਉਚੀ ਰੋਣ ਲੱਗ ਪਈ, ਤੇ ਫੇਰ ਆਪਣੇ ਗੋਡਿਆਂ ਵਿਚ ਸਿਰ ਰੱਖ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ, “ਹਾਏ ਬਾਈ, ਸਾਨੂੰ ਛੱਡ ਕੇ ਨਾ ਜਾਈਂ। ਮੇਰੇ ਬਾਈ ਨੂੰ ਬਚਾਓ ਡਾਕਟਰ ਸਾਹਿਬ।” ਉਸ ਨੇ ਡਾਕਟਰ ਅੱਗੇ ਵਾਸਤਾ ਪਾਇਆ।
“ਤੁਸੀਂ ਮਰੀਜ਼ ਕੋਲ ਰੋਵੋ ਨਾ। ਇੰਦਰੀਆਂ ਦੇ ਭੋਗਾਂ ਨੂੰ ਜਵਾਨੀ ਵਿਚ ਦੱਬ-ਘੁੱਟ ਕੇ ਰੱਖਣ ਨਾਲ ਬੁਢਾਪੇ ਵਿਚ ਐਸੇ ਰੋਗ ਅਕਸਰ ਲੱਗ ਜਾਂਦੇ ਹਨ। ਮਰੀਜ਼ ਬੇਵਸ ਬੇਹੋਸ਼ੀ ਦੀ ਹਾਲਤ ਵਿਚ ਬਹੁਤ ਕੁਝ ਕਰ ਜਾਂਦਾ ਹੈ ਜਿਸ ਦਾ ਉਸ ਨੂੰ ਖੁਦ ਪਤਾ ਨਹੀਂ ਲਗਦਾ।”
“ਤਾਂ ਕੀ ਰਾਤ ਵਾਲੀ ਘਟਨਾ ਸੱਚੀ ਹੋ ਸਕਦੀ ਹੈ ਡਾਕਟਰ ਸਾਹਿਬ!”
“ਇਸ ਵਿਚ ਕੋਈ ਸ਼ੱਕ ਨਹੀਂ।”
ਇਹ ਸੁਣਦਿਆਂ ਹੀ ਬਚਨੋ ਨੇ ਆਪਣੇ ਬਾਈ ਦੁਆਲੇ ਵਲੀਆਂ ਬਾਹਾਂ ਇਕੋ ਵਾਰੀ ਇਉਂ ਪਰ੍ਹਾਂ ਕਰ ਲਈਆਂ ਜਿਵੇਂ ਉਹ ਭਿੱਟੀ ਜਾ ਰਹੀ ਹੋਵੇ, ਤੇ ਉਸ ਨੇ ਝੱਟ ਆਪਣੇ ਗੋਡਿਆਂ ਉਤੋਂ ਬੜੀ ਬੇਰਹਿਮੀ ਨਾਲ ਕਿਸ਼ਨ ਸਿਉਂ ਦਾ ਸਿਰ ਹਟਾ ਕੇ ਭੁੰਜੇ ਰੱਖ ਦਿੱਤਾ।
Leave a Reply