ਬੰਗਲਾ ਦੇਸ਼ ਦੀਆਂ ਘਟਨਾਵਾਂ ਦਿਨੋਂ-ਦਿਨ ਹੋਰ ਚੁਣੌਤੀ ਭਰੀਆਂ ਹੋ ਰਹੀਆਂ ਹਨ।
ਭਾਰਤ ਲਈ ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਬੰਗਲਾਦੇਸ਼ ਵਿਚ ਹਰ ਨਵੇਂ ਦਿਨ ਨਵੀਂ ਘਟਨਾ ਵਾਪਰ ਰਹੀ ਹੈ। ਉੱਥੇ ਦੇ ਭਾਰਤ ਵਿਰੋਧੀ ਕਈ ਇਸਲਾਮਿਕ ਸੰਗਠਨਾਂ ਨੇ ਆਪਣਾ ਜ਼ਹਿਰੀਲਾ ਪ੍ਰਚਾਰ ਹੋਰ ਵੀ ਤੇਜ਼ ਕਰ ਦਿੱਤਾ ਹੈ।
ਪਰ ਇਧਰ ਦਿੱਲੀ ਵਿੱਚ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਬੰਗਲਾ ਦੇਸ਼ ਦੇ ਹਾਈ ਕਮਿਸ਼ਨ ਅੱਗੇ ਕੀਤਾ ਗਿਆ ਭਾਰੀ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤ ਲਈ ਵੀ ਅਜੇਹੀ ਸਥਿਤੀ ਸਹਿਜ ਨਹੀਂ ਹੈ। ਘਟਨਾਕ੍ਰਮ ਦੇ ਪਿਛੋਕੜ ਨੂੰ ਨਿਹਾਰੀਏ ਤਾਂ ਵਿਦਿਆਰਥੀ ਆਗੂ ਉਸਮਾਨ ਹਾਦੀ ਦੀ ਕੁਝ ਨਕਾਬਪੋਸ਼ਾਂ ਵਲੋਂ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਉਥੇ ਹਾਲਾਤ ਹੋਰ ਵੀ ਵਿਗੜ ਗਏ ਸਨ। ਉਸਮਾਨ ਹਾਦੀ ਪਿਛਲੇ ਸਾਲ ਸ਼ੇਖ਼ ਹਸੀਨਾ ਦੇ ਪ੍ਰਸ਼ਾਸਨ ਵਿਰੁੱਧ ਫੈਲੀ ਗੜਬੜ ਦੀ ਅਗਵਾਈ ਕਰਨ ਵਾਲਾ ਵੱਡਾ ਆਗੂ ਮੰਨਿਆ ਜਾਂਦਾ ਸੀ ਅਤੇ ਉਹ ਅੰਦੋਲਨ ਦੌਰਾਨ ਉਸਾਰੇ ਗਏ ਮੰਚ ਦਾ ਬੁਲਾਰਾ ਵੀ ਸੀ| ਆਉਂਦੇ ਸਾਲ ਫਰਵਰੀ ਦੇ ਮਹੀਨੇ ਵਿਚ ਉੱਥੇ ਹੋਣ ਵਾਲੀਆਂ ਚੋਣਾਂ ਲਈ ਵੀ ਉਹ ਉੱਘਾ ਉਮੀਦਵਾਰ ਆਗੂ ਸੀ। ਉਸ ਦੀ ਹੱਤਿਆ ਤੋਂ ਬਾਅਦ ਫੈਲੀ ਹਿੰਸਾ ਦੌਰਾਨ ਬੰਗਲਾ ਦੇਸ਼ ਦੇ ਸ਼ਹਿਰ ਖੁਲਨਾ ਵਿਚ ਵਿਦਿਆਰਥੀ ਅੰਦੋਲਨ ਦੇ ਇਕ ਹੋਰ ਆਗੂ ਮੁਤਾਲਿਬ ਸਿਕੰਦਰ ਜੋ ਕਿ ਨਵੀਂ ਨੈਸ਼ਨਲ ਸਿਟੀਜ਼ਨ ਪਾਰਟੀ ਦਾ ਆਗੂ ਸੀ, ਦੀ ਵੀ ਬੰਦੂਕਧਾਰੀਆਂ ਵਲੋਂ ਹੱਤਿਆ ਕਰ ਦਿੱਤੀ ਗਈ। ਸ਼ੇਖ਼ ਹਸੀਨਾ ਦੇ ਦੇਸ਼ ਛੱਡ ਜਾਣ ਤੋਂ ਬਾਅਦ ਭੜਕੇ ਸਮੂਹਾਂ ਵਲੋਂ, ਜਿਨ੍ਹਾਂ ਵਿਚ ਇਸਲਾਮਿਕ ਸੰਗਠਨ ਅਤੇ ਵਿਦਿਆਰਥੀ ਸ਼ਾਮਿਲ ਹਨ, ਨੇ ਅਸਬਾਈ ਤੌਰ ‘ਤੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਨੂੰ ਸਰਕਾਰ ਦਾ ਕੰਮ ਚਲਾਊ ਮੁਖੀ ਥਾਪ ਦਿੱਤਾ ਸੀ। ਮੁਹੰਮਦ ਯੂਨੁਸ ਨੇ ਇਸ ਗੜਬੜ ਦੌਰਾਨ ਮਿਲੇ ਅਧਿਕਾਰਾਂ ਦੀ ਵਰਤੋਂ ਤਾਂ ਕੀ ਕਰਨੀ ਸੀ, ਸਗੋਂ ਉਸ ਦੇ ਪ੍ਰਸ਼ਾਸਨ ਵਿਚ ਇਕ ਤਰ੍ਹਾਂ ਨਾਲ ਕੱਟੜਪੰਥੀ ਸੰਗਠਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ, ਜਿਸ ਕਰਕੇ ਪਿਛਲੇ 16 ਮਹੀਨਿਆਂ ਤੋਂ ਘੱਟ ਗਿਣਤੀ ਹਿੰਦੂਆਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸ ਸਾਰੇ ਸਮੇਂ ਵਿਚ ਘੱਟ ਗਿਣਤੀ ਫਿਰਕੇ ਉੱਥੇ ਬੁਰੀ ਤਰ੍ਹਾਂ ਸਹਿਮੇ ਰਹੇ ਹਨ। 1971 ਵਿਚ ਬੰਗਲਾ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉੱਥੇ 18 ਕੁ ਫ਼ੀਸਦੀ ਦੇ ਲਗਭਗ ਹਿੰਦੂ ਭਾਈਚਾਰੇ ਦੇ ਲੋਕ ਵਸੇ ਹੋਏ ਸਨ, ਜਿਨ੍ਹਾਂ ਦੀ ਗਿਣਤੀ ਹੁਣ 8 ਫ਼ੀਸਦੀ ਦੇ ਲਗਭਗ ਹੀ ਰਹਿ ਗਈ ਹੈ। ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇੱਥੇ ਵੀ ਘੱਟ ਗਿਣਤੀਆਂ ਦਾ ਹਸ਼ਰ ਪਾਕਿਸਤਾਨ ਵਰਗਾ ਹੀ ਹੋਵੇਗਾ। ਕੱਟੜਪੰਥੀਆਂ ਵਲੋਂ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਅਤੇ ਹਾਲਤ ਨੂੰ ‘ਦੇਖਦਿਆਂ ਚਟਗਾਓਂ ਵਿਚ ਆਪਣੀਆਂ ਵੀਜ਼ਾ ਸੇਵਾਵਾਂ ਵੀ ਰੋਕ ਦਿੱਤੀਆਂ ਹਨ। ਅਜਿਹੇ ਹਾਲਾਤ ਵਿਚ ਉੱਥੇ ਸ਼ਾਂਤਮਈ ਚੋਣਾਂ ਹੋਣ ਦੀ ਸੰਭਾਵਨਾ ‘ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਨਜ਼ਰ ਆਉਂਦਾ ਹੈ। ਪਿਛਲੇ ਸਮੇਂ ਵਿਚ ਬੰਗਲਾਦੇਸ਼ ‘ਚ ਪਾਕਿਸਤਾਨ ਅਤੇ ਚੀਨ ਵਧੇਰੇ ਸਰਗਰਮ ਦਿਖਾਈ ਦਿੱਤੇ ਹਨ। ਕਈ ਇਸਲਾਮਿਕ ਸੰਗਠਨਾਂ ਦੀ ਇਹ ਨੀਅਤ ਵੀ ਹੈ ਕਿ ਉੱਥੇ ਚੋਣਾਂ ਹੋਣ ਹੀ ਨਾ ਦਿੱਤੀਆਂ ਜਾਣ। ਵੱਡੀ ਪਾਰਟੀ ਆਵਾਮੀ ਲੀਗ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ ਅਤੇ ਦੂਸਰੀ ਵੱਡੀ ਪਾਰਟੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਨੂੰ ਵੀ ਜਮਾਤ-ਏ-ਇਸਲਾਮੀ ਵਰਗੇ ਸੰਗਠਨਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। 1971 ਵਿਚ ਜਦੋਂ ਪੂਰਬੀ ਪਾਕਿਸਤਾਨ ਆਜ਼ਾਦ ਹੋਇਆ ਸੀ ਤਾਂ ਪਾਕਿਸਤਾਨੀ ਫ਼ੌਜ ਨੇ ਉੱਥੇ ਆਜ਼ਾਦੀ ਲਈ ਸੰਘਰਸ਼ ਕਰਦੇ ਲੱਖਾਂ ਹੀ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਅਜਿਹੇ ਸਮੇਂ ਭਾਰਤ ਹੀ ਬੰਗਲਾ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਨਾਲ ਖੜ੍ਹਾ ਹੋਇਆ ਸੀ, ਜਿਸ ਕਰਕੇ ਉਸ ਨੂੰ ਆਜ਼ਾਦੀ ਮਿਲੀ ਸੀ। ਪਿਛਲੇ ਦਿਨੀਂ ਇਨ੍ਹਾਂ ਇਸਲਾਮਿਕ ਸੰਗਠਨਾਂ ਵਲੋਂ ਪਾਕਿਸਤਾਨ ਅਤੇ ਚੀਨ ਦੇ ਇਸ਼ਾਰੇ ‘ਤੇ ਇਹ ਵੀ ਧਮਕੀ ਦਿੱਤੀ ਗਈ ਸੀ ਕਿ ਭਾਰਤ ਦੇ ਉੱਤਰ ਪੂਰਬੀ ਖਿੱਤੇ ‘ਤੇ ਕਬਜ਼ਾ ਕਰਕੇ ਉੱਤਰ-ਪੂਰਬੀ ਰਾਜਾਂ ਨੂੰ ਇਸ ਨਾਲੋਂ ਕੱਟ ਦਿੱਤਾ ਜਾਏਗਾ। ਬੰਗਲਾਦੇਸ਼ ਦੀ ਭਾਰਤ ਨਾਲ ਸੀਮਾ 4 ਹਜ਼ਾਰ ਕਿਲੋਮੀਟਰ ਦੇ ਲਗਭਗ ਲਗਦੀ ਹੈ, ਜਿੱਥੇ ਲਗਾਤਾਰ ਸ਼ਰਨਾਰਥੀਆਂ ਦਾ, ਪਸ਼ੂਆਂ ਦਾ ਅਤੇ ਨਸ਼ਿਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਅਜਿਹੀਆਂ ਧਮਕੀਆਂ ਦੇ ਮੱਦੇਨਜ਼ਰ ਭਾਰਤ ਨੂੰ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਕਰਕੇ ਭਾਰਤ ਲਈ ਇਕ ਹੋਰ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ।
